ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ (Anti-Dasam Garanth)
ਕਿਸੇ ਵੀ ਗਲ ਦੀ ਨਿੰਦਾ ਕਰਨੀ ਅਤੇ ਵਿਰੋਧ ਕਰਨਾ ਸੌਖਾ ਹੁੰਦਾ ਹੈ ਜਦੋਂ ਜਜ਼ਬਾਤ, ਸ਼ਰਧਾ, ਅਗਿਆਨਤਾ, ਨਾਸਮਝੀ ਲਾਈਲੱਗ ਵਿਚਾਰਧਾਰਾ ਜੀਵ ਤੇ ਭਾਰੀ ਹੋ ਜਾਵੇ। ਦਸਮ ਬਾਣੀ ਦਾ ਵਿਰੋਧ ਹੀ ਨਹੀਂ ਬਲਕੇ ਨਾਨਕ ਪਾਤਿਸ਼ਾਹ ਤੋਂ ਹੀ, ਅਤੇ ਪੰਜਵੇਂ ਪਾਤਸ਼ਾਹ ਤੋਂ ਤਕਰੀਬਨ ਹਰ ਗੁਰੂ ਦਾ ਹੀ ਸਿੱਧਾ ਤੇ ਖੁੱਲ ਕੇ ਵਿਰੋਧ ਹੋਇਆ ਹੈ। ਕਦੇ ਨਾਨਕ ਪਾਤਿਸ਼ਾਹ ਦੇ ਨਾਮ ਹੇਠ ਬਾਣੀ ਲਿਖ ਦੇਣਾ, ਕਦੇ ਗੁਰੂ ਤੇ ਗੋਲੀ ਚਲਾ ਦੇਣਾ, ਦੁਰਪ੍ਰਚਾਰ ਕਰਨਾ, ਮੁਗਲ ਹੁਕਮਰਾਨ ਦੇ ਕੰਨ ਭਰਨਾ। ਇਹ ਬਹੁਤ ਸਮੇ ਤੋਂ ਹੁੰਦਾ ਆਇਆ ਹੈ। ਕੁੱਝ ਸ਼ਰਾਰਤੀ ਲੋਗ ਭੁਲੇਖਾ ਪਾ ਰਹੇ ਨੇ ਹਮੇਸ਼ਾ ਤੋਂ, ਦਸਮ ਵਿਰੋਧੀ ਰਹੇ ਨੇ ਬਾਕੀ ਜਿਹੜੇ ਬਾਣੀ ਪੜ੍ਹਦੇ ਵਿਚਾਰਦੇ ਨਹੀਂ ਭੇਡਾਂ ਵਾਂਗ ਲਾਈਲੱਗ ਹਨ। ਸੁਣੀ ਸੁਣਾਈ ਗਲ ਮੰਨ ਲੈਂਦੇ ਨੇ ਜਾਂ ਲੋਕ ਪਚਾਰੇ ਵਿੱਚ ਵੇਖਦੇ ਨੇ ਆਸ ਪਾਸ ਸਾਰੇ ਕੀ ਕਰ ਰਹੇ ਨੇ ਕਿੱਦਾਂ ਦੀ ਸੋਚ ਰੱਖਦੇ ਨੇ ਬਸ ਅੱਖਾਂ ਬੰਦ ਕਰ ਮਗਰ ਲੱਗ ਜਾਂਦੇ ਨੇ ਤੇ ਉਹਨਾਂ ਵਾਂਗ ਹੀ ਸਿਰ ਪਟਕਣ ਜਾਂ ਰੱਟਣ ਲਾਉਣ ਲੱਗ ਜਾਂਦੇ ਨੇ।
ਅਜ ਦਾ ਵਿਸ਼ਾ ਦਸਮ ਬਾਣੀ ਦੇ ਵਿਰੋਧ ਦਾ ਹੈ। ਦਸਮ ਬਾਣੀ ਦੇ ਵਿਰੋਧੀ ਉਹੀ ਲੋਗ ਹਨ ਜੋ ਖਾਲਸੇ ਦੀ ਵਿਚਾਰਧਾਰਾ ਨੂੰ ਸਮਝਦੇ ਨਹੀਂ। ਦਸਮ ਵਿਰੋਧੀ ਇਹ ਦਲੀਲ ਦਿੰਦੇ ਹਨ ਕਿ “ਚਲੋ ਆਪਾਂ ਮੰਨ ਵੀ ਲਈਏ ਕਿ ਚਰਿੱਤਰੋ ਪਾਖਿਆਨ (ਤ੍ਰੀਯਾ ਚਰਿੱਤਰ) ਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਪਰ ਇਹ ਦੱਸੋ ਕਿ ਇਹਦੇ ਵਿੱਚੋਂ ਉਪਦੇਸ਼ ਕੀ ਮਿਲਦਾ ਹੈ? ਸਿੱਖਿਆ ਕੀ ਪ੍ਰਾਪਤ ਹੁੰਦੀ ਹੈ?
ਦੂਜੀ ਗੱਲ ਕਿ ਚਰਿੱਤਰਾਂ ਵਿੱਚ ਤਾਂ ਜੀ ਔਰਤ ਦੇ ਅਸ਼ਲੀਲ ਅੰਗਾਂ ਦਾ ਨਾਮ ਲਿਆ ਗਿਆ ਤੇ ਇਹਨਾਂ ਅੰਗਾਂ ਦੇ ਅਰਥ ਧੀਆਂ ਭੈਣਾਂ ਵਿੱਚ ਨਹੀਂ ਕੀਤੇ ਜਾ ਸਕਦੇ”
ਦੋਨੋ ਤਰਕਾਂ ਦੇ ਜਵਾਬ ਇਹ ਚਰਿੱਤਰੋ ਪਾਖਿਆਨ ਗੁਰਬਾਣੀ ਆਪ ਦਿੰਦੀ ਹੈ
ਪਹਿਲੀ ਤਰਕ: ਕੀ ਉਪਦੇਸ਼ ਜਾਂ ਸਿੱਖਿਆ ਮਿਲਦੀ ਹੈ ਇਸ ਵਿਚ?
ਉਹਦੇ ਲਈ ਹੇਠਾਂ ਲਿਖਿਆ ਸ਼ਬਦ ਪੜ੍ਹੋ। ਇਹ ਚਰਿੱਤਰਾਂ ਦਾ ਹੀ ਇਕ ਸ਼ਬਦ ਹੈ (ਉਦਾਂ ਹੋਰ ਵੀ ਐਸੇ ਬਿਅੰਤ ਸ਼ਬਦ ਹਨ)
ਛੰਦ
ਜਨਨਿ ਜਠਰ ਮਹਿ ਆਇ, ਪੁਰਖ ਬਹੁਤੋ ਦੁਖ ਪਾਵਹਿ॥
ਮਾਤਾ ਦੀ ਗਰਭ ਵਿੱਚ ਆਣ ਕੇ ਜਨਮ ਤੋਂ ਪਹਿਲਾਂ ਪੁਰਸ਼ ਬਹੁਤ ਦੁੱਖ ਪਾਂਉਦਾ ਹੈ
ਮੂਤ੍ਰ ਧਾਮ ਕੌ ਪਾਇ, ਕਹਤ ਹਮ ਭੋਗ ਕਮਾਵਹਿ॥
ਇਸਤਰੀ ਦੇ ਮੂਤਰ ਤਿਆਗਣ ਵਾਲੇ ਅੰਗ/ਯੋਨੀ ਨੂੰ ਪ੍ਰਾਪਤ ਕਰ ਕੇ ਬੜੇ ਉਲਾਸ ਨਾਲ ਕਹਿੰਦਾ ਹੈ ਕਿ ਮੈਂ ਭੋਗ ਰਸ ਕਮਾਇਆ ਹੈ
ਖੂਕ ਤ੍ਰੀਯਾ ਕੌ ਚਾਟਿ ਕਹਤ ਅਧਰਾਮ੍ਰਿਤ ਪਾਯੋ॥
ਕਾਮ ਵਿੱਚ ਅੰਨ੍ਹਾ ਹੋਇਆ ਇਸਤਰੀ ਦੀ ਥੁੱਕ ਵੀ ਚਟਦਾ ਹੈ ਤੇ ਸਮਝਦਾ ਹੈ ਮੈਂ ਉਹਦੇ ਬੁੱਲਾਂ ਦਾ ਅੰਮ੍ਰਿਤ ਪਾ ਲਿਆ ਹੈ
ਬ੍ਰਿਥਾ ਜਗਤ ਮੈ ਜਨਮ, ਬਿਨਾ ਜਗਦੀਸ ਗਵਾਯੋ॥੪੯॥
ਜਗਦੀਸ਼ ਦੇ ਭਜਨ ਤੋਂ ਵਾਂਝਾ ਹੋ ਕੇ ਇਸ ਜਗਤ ਵਿਚ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾਉਂਦਾ ਹੈ
ਬਾਣੀ: ਚਰਿੱਤਰੋ ਪਾਖਿਆਨ ਤ੍ਰੀਆ। ਚਰਿੱਤਰ ਨੰ ਇਕਿਆਸੀ॥ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਦਸਮ ਗ੍ਰੰਥ ਸਾਹਿਬ, ੯੧੨
ਆਹ ਉਪਦੇਸ਼ ਤੇ ਸਿੱਖਿਆ ਇਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਆਪਣੇ ਪੁੱਤਰ ਖਾਲਸੇ ਨੂੰ ਹੋਰ ਕੌਣ ਦੇ ਸਕਦਾ ਜਾ ਦੱਸੋ ਕਿਸ ਹੋਰ ਨੇ ਦਿੱਤਾ?
ਦੂਜੀ ਤਰਕਃ ਚਰਿੱਤਰਾਂ ਵਿੱਚ ਆਉਣ ਵਾਲੇ ਇਸਤਰੀ ਦੇ ਅੰਗਾਂ ਦੇ ਅਰਥ ਧੀਆਂ ਭੈਣਾਂ ਵਿੱਚ ਨਹੀਂ ਕੀਤੇ ਜਾ ਸਕਦੇ”
ਕਿਉਂ ਭਾਈ ਕਿਉਂ ਨਹੀਂ ਕੀਤੇ ਜਾ ਸਕਦੇ?
ਅਰਥ ਕਰਨ ਦਾ ਸਹੀ ਤਰੀਕਾ ਆਉਣਾ ਚਾਹੀਦਾ ਅਰਥ ਕਰਨ ਵਾਲੇ ਨੂੰ। ਜੇ ਕਿਸੇ ਨੂੰ *ਕੁੱਤਾ* ਕਹੋ ਤਾਂ ਗਾਲ੍ ਹੈ ਤੇ ਜੇ ਜਾਨਵਰ ਦਾ ਨਾਂ ਦੱਸਣ ਵੱਜੋਂ ਕਹੀਏ ਤਾਂ ਕੋਈ ਗਾਲ੍ ਨਹੀਂ। ਓਸੇ ਤਰ੍ਹਾਂ ਚਰਿੱਤਰਾਂ ਦੀ ਕਥਾ ਵਿੱਚ *ਭਗ* ਤੇ *ਭੋਗ* ਸ਼ਬਦ ਆਂਉਦਾ ਹੈ ਉਹ ਤਾਂ ਆਦਿ ਗ੍ਰੰਥ ਸਾਹਿਬ ਜੀ ਵਿੱਚ ਵੀ ਆਂਉਦਾ ਹੈ।
ਅਵਰ ਮਰਨ ਮਾਇਆ ਮਨੁ ਤੋਲੇ, ਤਉ “ਭਗ” ਮੁਖਿ ਜਨਮ ਵਿਗੋਇਆ ਹੋਰਾਂ ਦੀ ਮੌਤ ਨੂੰ ਵੇਖ ਵੇਖ ਪ੍ਰਾਣੀ ਆਪਣੇ ਮਨ ਵਿਚ ਆਪਣੀ ਜਮਾਂ ਕੀਤੀ ਸੰਪਤੀ ਨੂੰ ਮਰੇ ਹੋਏ ਮਨੁੱਖ ਦੇ ਧਨ ਨਾਲ ਤੋਲਦਾ ਹੈ। ਤੇ ਇਸਤਰੀ ਦੇ ਮੂਤਰ ਧਾਮ ਦੇ ਬਾਰੇ ਸੋਚ ਸੋਚ ਜਨਮ ਗਵਾ ਬੈਠਦਾ ਹੈ
ਜੇ ਲਖ ਇਸਤਰੀਆ ਭੋਗ ਕਰਹਿ ਨਵਖੰਡ ਰਾਜੁ ਕਮਾਹਿ॥ (ਅਰਥ ਸਪਸ਼ਟ ਹਨ)
ਹੁਣ ਕੋਈ ਵੀ ਅਰਥ ਕਰ ਲਵੇ ਇਸ ਦੇ। ਤੇ ਜੇ ਅਰਥ ਕਰਨ ਵਾਲਾ ਬਸ ਭਗ ਭਗ ਹੀ ਕਹੀ ਜਾਵੇ ਜਾਂ ਭੋਗ ਭੋਗ ਹੀ ਕਹੀ ਜਾਵੇ ਤਾਂ ਜ਼ਾਹਿਰ ਹੈ ਧੀਆਂ ਭੈਣਾਂ ਜਿਨਾਂ ਦੀ ਉਹ ਅਵਸਥਾ ਨਹੀਂ, ਉਹਨਾਂ ਨੂੰ ਸ਼ਾਇਦ ਸ਼ਰਮ ਆਵੇ ਇਹ ਸ਼ਬਦ ਸੁਣ ਕੇ। ਪਰ ਜੇ ਕੋਈ ਸਿਆਣਾ ਕਥਾ ਵਾਚਕ ਜਿਨਾਂ ਇਹ ਚਰਿੱਤਰਾਂ ਉਤੇ ਕਥਾ ਕੀਤੇ ਹੈ ਉਹ ਇਹਨਾਂ ਸ਼ਬਦਾਂ ਦੇ ਅਰਥ ਸੰਗਤ ਨੂੰ ਇਕ ਸਮਾਜਿਕ ਲੋਕ ਬੋਲੀ ਵਿੱਚ ਕਰ ਕੇ ਸੁਣਾਵੇਗਾ ਯਾਨੀ *ਭਗ* ਨੂੰ ਯੋਨੀ ਮਾਰਗ ਯਾਂ ਜਨਮ ਮਾਰਗ ਅਤੇ *ਭੋਗ* ਸ਼ਬਦ ਨੂੰ ਇਸਤਰੀ ਪੁਰਸ਼ ਦਾ ਸੰਗਮ ਇਤਿਆਦੀ ਨਾਂਵਾ ਨਾਲ ਸੰਬੋਧਨ ਕਰ ਕੇ ਦੱਸੇਗਾ।
ਗੱਲ ਸਾਰੀ ਤਰੀਕੇ ਦੀ ਹੈ। ਫਿਰ ਵੀ ਜੇ ਬਹੁਤੇ ਪ੍ਰਮਾਣਾਂ ਦੀ ਲੋੜ ਹੈ ਤਾਂ ਆਪਾਂ ਇਹਨਾਂ ਸ਼ਬਦਾਂ, ਭਗ ਤੇ ਭੋਗ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅਪਣੇ ਵਿਚਾਰ ਸੁਣਾ ਦਿੰਦੇ ਹਾਂ ਸੱਚ ਕਈਆਂ ਨੂੰ ਚੁਭੇਗਾ ਪਰ ਸੱਚ ਨੂ ਕੋਈ ਝੁਠਲਾ ਨਹੀ ਸਕਦਾ
ਦਸਮ ਵਿਰੋਧੀ ਆਖਦੇ ਹਨ ਇਹ ਭਗ ਸ਼ਬਦ/ਅੰਗ ਬੜਾ ਅਸ਼ਲੀਲ ਹੈ ਜੀ.. ਗੰਦਾ ਹੈ ਜੀ.. ਅਪਵਿੱਤਰ ਤੇ ਨਾਪਾਕ ਹੈ
ਆਓ ਚਰਿੱਤਰਾਂ ਚੋ ਹੀ ਜਾਣੀਏ ਇਹਦੇ ਬਾਰੇ
ਛੰਦ
ਰਿਖਿ ਯਾਹੀ ਤੇ ਭਏ, ਨ੍ਰਿਪਤਿ ਯਾਹੀ ਉਪਜਾਏ॥
ਇਸੀ ਤੋਂ ਰਿਸ਼ੀ ਅਤੇ ਰਾਜੇ ਪੈਦਾ ਹੋਇ ਹਨ
ਬਯਾਸਾਦਿਕ ਸਭ ਚਤੁਰ। ਇਹੀ ਮਾਰਗ ਹੁਐ ਆਏ॥
ਬੇਦ ਬਿਆਸ ਆਦਿ ਚਤੁਰ ਸਿਆਣੇ ਪੁਰਖ ਇਸੇ ਮਾਰਗ ਤੋਂ ਆਏ ਹਨ
ਪਰਸੇ ਯਾ ਕੇ ਬਿਨਾ ਕਹੋ ਜਗ ਮੈ ਕੋ ਆਯੋ॥
ਇਸ ਨੂੰ(ਜਨਮ ਮਾਰਗ) ਛੋਹੇ ਤੋਂ ਬਿਨ੍ਹਾਂ, ਇਸ ਵਿੱਚੋਂ ਲੰਘੇ ਤੋਂ ਬਿਨ੍ਹਾਂ ਦੱਸੋ ਕੌਣ ਇਸ ਜਗਤ ਵਿੱਚ ਆਇਆ ਹੈ?
ਪ੍ਰਥਮ ਐਤ ਭਵ ਪਾਇ, ਬਹੁਰ ਪਰਮੇਸੁਅਰ ਪਾਯੋ॥੫੦॥ ਪਹਿਲਾਂ ਇਸੇ ਰਸਤੇ ਤੋਂ ਜਨਮ ਪ੍ਰਾਪਤ ਕਰਨ ਤੋਂ ਉਪਰੰਤ, ਮਨੁੱਖ ਭਗਤੀ ਰਾਹੀਂ ਪਰਮੇਸ਼ਰ ਨੂੰ ਪਾਂਉਦਾ ਹੈ
ਬਾਣੀ: ਚਰਿੱਤਰੋ ਪਾਖਿਆਨ ਤ੍ਰੀਆ ਚਰਿੱਤਰ ਨੰ ਇਕਿਆਸੀ, ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਦਸਮ ਗ੍ਰੰਥ ਸਾਹਿਬ, ੯੧੨
ਹੁਣ ਗੁਰੂ ਗੋਬਿੰਦ ਸਿੰਘ ਜੀ ਹੋਰ ਕਿਸ ਤਰ੍ਹਾਂ ਸਮਝਾਉਣ ??
ਗੁਰੂ ਸਾਹਿਬ ਤਾਂ ਕਹਿ ਰਹੇ ਨੇ ਕਿ ਇਕ ਗਿਆਨੀ ਵਿਦਵਾਨ ਰੱਬ ਦੀ ਭਗਤੀ ਵਿਚ ਰੱਤੇ ਹੋਏ ਲਈ ਤਾਂ ਇਹ ਅੰਗ *ਜਨਮ ਮਾਰਗ* ਹੈ ਉਹ ਜਾਣਦਾ ਹੈ ਜਨਮ ਮਿਲਿਆ ਤਾਂਹੀ ਮੁਕਤ ਵੀ ਹੋਵਾਂਗਾ।
ਤੇ ਇਕ ਵਿਕਾਰੀ ਪੁਰਸ਼ ਦੀ ਦੁਰਦਸ਼ਾ ਵੀ ਦੱਸ ਰਹੇ ਹਨ ਕਿ ਉਹ ਪੁਰਸ਼ 9 ਮਹੀਨੇ ਮਾਤਾ ਦੇ ਉਦਰ ਦੀ ਭਿਅੰਕਰ ਗਰਮੀ ਨੂੰ ਝਲਦਾ ਹੋਇਆ ਜਿਸ ਮਾਰਗ ਰਾਂਹੀ ਓਸ ਅੱਗ ਵਿੱਚੋਂ ਨਿਕਲ ਕੇ ਏਸ ਸੰਸਾਰ ਵਿੱਚ ਆਇਆ, ਵੱਡਾ ਹੋ ਕੇ ਪਰਮੇਸ਼ਰ ਨੂੰ ਵਿਸਾਰ ਦਿੰਦਾ ਹੈ ਤੇ ਇਸਤਰੀ ਦੇ ਓਸੇ ਅੰਗ ਦੀ ਪ੍ਰਾਪਤੀ ਲਈ ਕੀ ਕੀ ਯਤਨ ਕਰਦਾ ਹੈ ਓਸ ਮੂਤਰ ਤਿਆਗਣ ਵਾਲੇ ਅੰਗ ਨੂੰ ਪਾ ਕੇ ਬੜਾ ਮਾਨ ਮਹਿਸੂਸ ਕਰਦਾ ਹੈ ਅੰਤ ਜਗਦੀਸ਼ ਦੀ ਭਗਤੀ ਤੋਂ ਬਿਨ੍ਹਾਂ ਆਪਣਾ ਜਨਮ ਗਵਾਂਉਦਾ ਹੈ
ਵੀਰੋ, ਅਸੀਂ ਗੁਰੂ ਕੇ ਸਿੱਖਾਂ ਦੀ ਮਾਨਸਿਕਤਾ ਐਨੀ ਨੀਵੀਂ ਹੋ ਗਈ ਹੈ ਕੇ ਆਪਾਂ ਨੂੰ ਇਕ ਭਗ ਸ਼ਬਦ ਗੁਰੂ ਦੀ ਬਾਣੀ ਤੇ ਸ਼ੰਕਾ ਕਰਾ ਦਿੰਦਾ ਹੈ। ਸਾਡੇ ਸਿੱਖਾਂ ਨਾਲੋ ਤਾਂ ਚੰਗੇ ਹਸਪਤਾਲਾਂ ਦੇ ਡਾਕਟਰ ਨੇ ਜਿਨਾਂ ਸ਼ਾਇਦ ਗੁਰੂ ਨਾਨਕ ਨੂੰ ਗੁਰੂ ਤਾਂ ਨਹੀ ਧਾਰਿਆ ਪਰ ਫਿਰ ਭੀ ਉਹਨਾਂ ਦੀ ਮਾਨਸਿਕਤਾ ਐਸੀ ਹੈ ਕੇ ਰੋਜ਼ ਹੀ ਕਿੰਨਿਆਂ ਬੱਚਿਆਂ ਦੇ ਜਨਮ ਕਰਾਉਂਦੇ ਆ ਸਭ ਕੁਝ ਵੇਖਦੇ ਛੂੰਹਦੇ ਆ ਪਰ ਬੰਦਾ ਹੋਵੇ ਜਾਂ ਜ਼ਨਾਨੀ ਦੋਹਾਂ ਦੇ ਸਰੀਰ ਨੂੰ ਇਕ ਬਿਮਾਰ ਸਰੀਰ ਕਰ ਕੇ ਹੀ ਜਾਣਦੇ ਹਨ ਜਾਂ ਮਾਸ ਦਾ ਟੁਕੜਾ।
*ਨਿਚੋੜ::*
ਚਰਿੱਤਰਾਂ ਵਿੱਚ ਸਿੱਖਿਆ ਵੀ ਭਰਪੂਰ ਹੈ ਤੇ ਅਰਥ ਵੀ ਕੀਤੇ ਜਾ ਸਕਦੇ ਹਨ ਕਥਾ ਸੁਣਾਉਣ ਲਈ *ਵਕਤਾ* ਤੇ ਸੁਣਨ ਲਈ *ਸ੍ਰੋਤਾ* ਉੱਤਮ ਹੋਣਾ ਚਾਹੀਏ
ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਜਿੰਨਾਂ ਨੂੰ ਅਸ਼ਲੀਲ ਲਗਦੀ ਉਹਨਾਂ ਨੂੰ ਆਦਿ ਬਾਣੀ ਦਾ ਕੌਡੀ ਜਿੰਨਾਂ ਵੀ ਗਿਆਨ ਨਹੀਂ ਹੋਇਆ। ਇਹ ਨਹੀਂ ਸਮਝ ਆਇਆ ਕੇ ਗੁਰਮਤਿ ਗਿਆਨ ਵਿੱਚ ਪੁਰਖ ਵਾਚਕ ਨਾਮ ਸਾਰੇ ਜਿਵੇਂ ਕਾਲ, ਹਰਿ, ਰਾਮ ਇਹ ਸਾਰੇ ਪ੍ਰਭ ਲਈ ਅਕਾਲ ਲਈ ਵਰਤੇ ਹਨ। ਅਤੇ ਇਸਤ੍ਰੀ ਵਾਚਕ ਨਾਮ ਮੀਰਾ, ਦੁਹਾਗਣ, ਸੁਹਾਗਣ, ਸੀਤਾ ਆਦੀ ਬੁੱਧ ਲਈ ਵਰਤੇ ਗਏ ਹਨ। ਜੋ ਬੁੱਧ ਅਕਾਲ, ਪ੍ਰਭ, ਹਰਿ ਦਾ ਗਿਆਨ ਰੱਖਦੀ ਹੈ ਵਿਕਾਰਾਂ ਤੋ ਮੁਕਤ ਹੈ ਉਹ ਸੁਹਾਗਣ ਹੈ, ਤੇ ਜੋ ਗੁਰਮਤਿ ਤੋਂ ਵਾਂਝੀ ਹੈ ਉਹ ਦੁਹਾਗਣ। ਹੁਣ ਇਹ ਗਲ ਸਮਝਾਉਣ ਲਈ ਆਦਿ ਬਾਣੀ ਦਸਮ ਬਾਣੀ ਨੇ ਹਜਾਰਾਂ ਉਦਾਹਰਣ ਦਿੱਤੇ ਹਨ। ਸਾਨੂੰ ਤੱਤ ਗਿਆਨ ਤੋਂ ਵਾਂਝਾ ਰੱਖਣ ਵਾਲੇ ਮਾਰਿਆ ਦੇ ਪੁਜਾਰੀ ਹਨ ਤੇ ਅਸੀਂ ਸ਼ਰਧਾ ਵੱਸ ਭੁਲੇਖਾ ਖਾ ਜਾਂਦੇ ਹਾਂ। ਦਸਮ ਬਾਣੀ ਕੇਵਲ ਖਾਲਸੇ ਲਈ ਹੈ। ਖਾਲਸਾ ਉਹ ਜੋ ਬਾਣੀ ਵਿਚਾਰ ਕੇ ਸਮਝ ਕੇ ਬੂਝ ਕੇ ਆਪਣੇ ਆਸਾਂ ਦੇ ਹੜ ਤੇ ਕਾਬੂ ਪਾ ਚੁੱਕਾ, ਜੋ ਆਪਣੇ ਵਿਕਾਰ ਗਿਆਨ ਨਾਲ ਖਤਮ ਕਰ ਚੁੱਕਾ ਹੈ। ਜੋ ਨਾਮ (ਗੁਰਮਤਿ ਗਿਆਨ ਦੀ ਸੋਝੀ/ਅੰਮ੍ਰਿਤ) ਵਿੱਚ ਭਿੱਜਾ ਹੋਇਆ ਪੂਰਨ ਬੈਰਾਗੀ ਹੈ। ਗੁਣਾਂ ਨੂੰ ਮੁਖ ਰੱਖਣ ਵਾਲਾ ਗੁਰਮੁਖ ਹੈ। ਦਸਮ ਬਾਣੀ ਖਾਲਸੇ ਨੂੰ ਇਹ ਚੇਤੇ ਰੱਖਣ ਲਈ ਗੁਰੂ ਦੀ ਭੇਂਟ ਹੈ ਕੇ ਮਾਇਆ ਅਤੇ ਵਿਕਾਰ ਕਿਨ ਕਿਨ ਰੂਪਾਂ ਵਿੱਚ ਮੋਹਣ ਦੀ ਚੇਸ਼ਟਾ ਕਰੂ। ਉਸ ਸਮੇ ਦੀਆਂ ਕਥਾ ਕਹਾਣੀਆਂ ਦੀ ਮਦਦ ਨਾਲ ਸਮਝਾਇਆ ਖਾਲਸੇ ਨੂੰ ਉਦਾਹਰਣ ਦੇ ਕੇ। ਜਿਵੇਂ ਡਾਕਟਰ ਰੋਜ ਹਜਾਰਾਂ ਜੀਵਾਂ ਦਾ ਸਰੀਰ ਦੇਖਦਾ ਗੁਪਤ ਅੰਗ ਵੀ ਵੇਖਦਾ ਪਰ ਉਤੇਜਿਤ ਨਹੀਂ ਹੁੰਦਾ। ਜਿਸਨੂੰ ਗਿਆਨ ਨਾ ਹੋਵੇ ਉਹ ਜਾਨਵਰ ਨੂੰ ਵੇਖ ਕੇ ਵੀ, ਨਗਨਤਾ ਨੂੰ ਵੇਖ ਕੇ ਹੀ ਉਤੇਜਿਤ ਹੋ ਜਾਂਦਾ, ਪਰ ਜਿਸਨੂੰ ਗਿਆਨ ਹੋਵੇ ਉਸਦੀਆਂ ਇੰਦ੍ਰੀਆਂ ਵੱਸ ਵਿੱਚ ਹੋਣ ਉਸਨੂੰ ਫਰਕ ਨਹੀਂ ਪੈਂਦਾ ਕੇ ਸਾਹਮਣੇ ਕੀ ਹੈ ਕੌਣ ਹੈ। ਜਿਹਨਾਂ ਨੂੰ ਸ਼ਬਦਾਂ ਵਿੱਚ ਹੀ ਅਸ਼ਲੀਲਤਾ ਦਿਖ ਜਾਵੇ ਉਹਨਾਂ ਦੀ ਮਾਨਸਿਕ ਸਥਿਤੀ ਕੀ ਹੋਣੀ ਇਹ ਸੋਚਣ ਵਾਲੀ ਗਲ ਹੈ। ਹਜੇ ਤਾਂ ਕੁਝ ਸ਼ਬਦ ਆਮ ਵਰਤੋ ਵਿੱਚ ਨਹੀਂ ਹਨ ਤੇ ਟੀਕਿਆਂ ਨੇ ਸਹੀ ਅਰਥ ਲੁਕੋ ਦਿੱਤੇ ਨਹੀਂ ਤਾਂ ਸ਼ਬਦਾਂ ਵਿੱਚ ਅਸ਼ਲੀਲਤਾ ਲੱਬਣ ਵਾਲਿਆਂ ਨੇ ਆਦਿ ਬਾਣੀ ਪੜ੍ਹ ਕੇ ਹੀ ਭਟਕ ਜਾਣਾ ਸੀ। ਇਸ ਲਈ ਪੜ੍ਹ ਕੇ, ਵਿਚਾਰ ਕੇ, ਬੂਝ ਕੇ ਗਿਆਨ ਨੂੰ ਲਾਗੂ ਕਰਨਾ ਕਿਤਨਾ ਜ਼ਰੂਰੀ ਹੈ ਇਹ ਸੋਚ ਲੈਣਾ ਜਿੰਨੀ ਵਾਰ ਵੀ ਕੋਈ ਰੱਟਣ ਕਰਦਾ, ਪਖੰਡ ਕਰਦਾ, ਪੱਥਰ ਪੂਜਾ ਕਰਦਾ, ਤੇ ਸ਼ਬਦਾਂ ਵਿੱਚ ਅਸ਼ਲੀਲਤਾ ਲੱਬਣ ਵਾਲਾ ਦਿੱਖ ਜਾਵੇ।
ਜੇ ਅਜੇ ਵੀ ਗੁਰੂ ਦੀ ਕਹੀ ਗਲ ਸਮਝ ਨਾ ਆਈ ਫੇਰ ਤਾਂ ਗੁਰਬਾਣੀ ਦੀ ਇਹੀ ਤੁਕ ਲਾਗੂ ਹੁੰਦੀ ਕੇ “ਕਬੀਰ ਸਾਚਾ ਸਤਿਗੁਰੁ ਕਿਆ ਕਰੈ, ਜਉ ਸਿਖਾ ਮਹਿ ਚੂਕ॥”
ਕਾਮ ਵਿਕਾਰ ਹੈ ਇਸ ਬਾਰੇ ਕਿਸੇ ਨੂੰ ਸ਼ੰਕਾ ਨਹੀਂ। ਜੇ ਕਾਮ ਦੇ ਵਿਸ਼ੇ ਤੇ ਵਿਚਾਰ ਹੋਵੇਗੀ ਤਾਂ ਕਾਮ ਨਾਲ ਸੰਬੰਧਿਤ ਸਾਰੇ ਲਫਜ਼ ਆਉਣਗੇ। ਆਮ ਦੁਨੀਆ ਨੂੰ ਚਾਹੇ ਉਹ ਅਸ਼ਲੀਲ ਲੱਗਣ। ਜੇ ਅਜਿਹੇ ਲਫਜ਼ ਵਰਤਨ ਤੋਂ ਗੁਰ ਡਰ ਗਿਆ ਤਾਂ ਗਿਆਨ ਕਿਵੇਂ ਦੇਵੇਗਾ? ਇਕ ਪਾਸੇ ਆਮ ਮੰਨਿਆ ਜਾਂਦਾ ਹੈ ਕੀ ਗੁਰ ਪਿਤਾ ਦੇ ਸਮਾਨ ਹੁੰਦਾ ਹੈ, ਜੇ ਪਿਤਾ ਹੈ ਤਾਂ ਸਭ ਪੱਖਾਂ ਤੋਂ ਸੁਚੇਤ ਕਰਨਾ ਉਸ ਦਾ ਧਰਮ ਹੈ। ਕਦੋਂ ਅੱਜ ਦੇ ਸਮੇਂ ਸੈਕਸ ੲਜੁਕੇਸ਼ਨ ਸਕੂਲਾਂ ਵਿੱਚ, ਘਰਾਂ ਵਿੱਚ ਮਾਂ ਬਾਪ ਬੱਚਿਆਂ ਨੂੰ ਸੁਚੇਤ ਕਰਨ ਲਈ ਦੇ ਰਹੇ ਨੇ ਤਾਂ ਗੁਰੂ ਨੇ ਇਹ ਪਹਲ ਖਾਲਸੇ ਲਈ ਪਹਿਲਾਂ ਬਖਸ਼ ਦਿੱਤੀ ਸੀ। ਸ੍ਰੀ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲੇ ਮੀਣਿਆਂ ਦੀ ਸਮਝ ਅਨੁਸਾਰ ਤਾਂ ਸ੍ਰੀ ਆਦਿ ਗ੍ਰੰਥ ਵੀ ਅਸ਼ਲੀਲ ਹੈ। ਸ੍ਰੀ ਦਸਮ ਗ੍ਰੰਥ ਤੋਂ ਬਾਅਦ ਮੀਣਿਆਂ ਦਾ ਨਿਸ਼ਾਨਾ ਸ੍ਰੀ ਆਦਿ ਗ੍ਰੰਥ ਹੈ। ਇਹ ਔਣਗੇ ਤੇ ਖਾਲਸੇ ਨੂੰ ਚੈਲੇਂਜ ਕਰਨਗੇ ਤੇ ਆਦਿ ਬਾਣੀ ਤੇ ਵੀ ਹਮਲਾ ਕਰਨਗੇ। ਆਦਿ ਬਾਣੀ ਦੀਆਂ ਪੰਕਤੀਆਂ ਤੇ ਸਵਾਲ ਕਰਦੇ ਨੇ ਜਿਹਨਾਂ ਦਾ ਅਰਥ ਕੁਪੜ੍ਹੇ ਹੋਏ ਨੂੰ ਅਸਲੀਲ ਜਾਪ ਸਕਦਾ। ਮੰਮਾ, ਭਗ, ਥਣ ਆਦਿਕ ਅਸ਼ਲੀਲ ਲਫਜ਼ ਸ੍ਰੀ ਆਦਿ
ਗ੍ਰੰਥ ਸਾਹਿਬ ਵਿੱਚ ਵੀ ਆਏ ਹਨ।
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ॥ ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਈਆ॥੧॥ ( ਰਾਗੁ ਪ੍ਰਭਾਤੀ ਮਹਲਾ ੧ ਦਖਣੀ, ੧੩੪੪)
ਤਗੁ ਨ ਇੰਦ੍ਰੀ ਤਗੁ ਨ ਨਾਰੀ॥ ( ਰਾਗੁ ਆਸਾ, ਮ ੧, ੪੭੧)
ਮਾਸਹੁ ਬਾਹਰਿ ਕਢਿਆ ਮੰਮਾ ਮਾਸੁ ਗਿਰਾਸੁ॥ (ਰਾਗੁ ਮਲਾਰ, ਸਲੋਕ ਮ ੧, ੧੨੮੯)
ਬਿੰਦੁ ਰਾਖੀ ਜੋ ਤਰੀਐ ਭਾਈ॥ (ਰਾਗੁ ਗਉੜੀ, ਭਗਤ ਕਬੀਰ ਜੀ, ੩੨੪)
ਸਸੁੜੀ ਸੂਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ॥ (ਸਲੋਕ ਵਾਰਾਂ ਤੇ ਵਧੀਕ, ਮ ਤ, ੧੪੧੦)
ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ॥(ਰਾਗੁ ਗਉੜੀ ਪੂਰਬੀ ਛੰਤ, ਮ ੧, ੨੪੨)
ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ (ਰਾਗੁ ਸਿਰੀਰਾਗੁ, ਮ ੩, ੨੬)
“ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥੨॥”
ਕਰੀ ਹੋਰ ਪੰਕਤੀਆਂ ਵੀ ਹਨ।
ਜੇ ਇਨ੍ਹਾਂ ਦੀ ਵਿਆਖਿਆ ਗਲਤ ਹੋਵੇ, ਟੀਕਿਆਂ ਨੇ ਇਹਨਾਂ ਦੀ ਵਿਆਖਿਆ ਗਲਤ ਕੀਤੀ ਬਵੀ ਹੈ, ਬਿਨਾਂ ਤੱਤ ਗਿਆਨ ਦੇ ਹੋਵੇ, ਨਿੱਕੀ ਕੁੜੀ ਯਾ ਮੁੰਡਾ ਪੁੱਛੇ, ਕੇ ਜੀ ਮੰਮਾ, ਭਗ, ਬਿੰਦ, ਥਣ ਕੀ ਹੁੰਦਾ ਤਾਂ ਕਿਂਵੇ ਸਮਝਾਉਂਗੇ ?
ਅੱਜ ਸਾਡੇ ਪ੍ਰਚਾਰਕਾਂ ਦੇ ਕਿਰਦਾਰ ਇਤਨੇ ਹੌਲੇ ਹੋ ਗਏ ਨੇ ਕੇ ਅਸੀਂ “ਟ” ਨੂੰ ਟੱਟਾ ਪੜਨ ਦੀ ਜਗਹ ਟੈਂਕਾ ਪੜਨ ਤੇ ਪੜਾਉਣ ਲਗ ਪਏ। ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ “ਟਟਾ ਬਿਕਟ ਘਾਟ ਘਟ ਮਾਹੀ॥ (ਰਾਗੁ ਗਉੜੀ, ਭਗਤ ਕਬੀਰ ਜੀ, ੩੪੧)”, ਸਾਡੇ ਗੁਰੂਆਂ ਨੇ ਬਾਣੀ ਦਰਜ ਕਰਨ ਲੱਗੇ ਉੰਝ ਹੀ ਲਿਖਿਆ ਜਿਵੇਂ ਭਗਤ ਜੀ ਨੇ ਫੁਰਮਾਇਆ।”ਕ” ਨੂੰ ਕੱਕਾ ਪੜਦੇ, “ਸ” ਨੂੰ ਸੱਸਾ ਪੜਕੇ “ਰ” ਨੂੰ ਰਰਾ, “ਪ” ਨੂੰ ਪੱਪਾ ਪੜਦੇ ਪੜਦੇ ਪਰ “ਟ” ਨੂੰ ਆਪਣੀ ਮਨਮਤਿ ਨਾਲ ਟੈਂਕਾ ਕਰ ਦਿੰਦੇ ਨੇ।
ਖੋਟ ਆਪਣੀ ਨਜਰ ਅਤੇ ਸੋਚ ਵਿੱਚ ਹੈ ਦੋਸ਼ ਬਾਣੀ ਨੂੰ ਦੇਈ ਜਾਂਦੇ। ਆਦਿ ਬਾਣੀ ਵਿਚਾਰੀ ਨਹੀਂ ਦਸਮ ਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ।
ਸੋ ਪਾਖੰਡੀ ਜਿ ਕਾਇਆ ਪਖਾਲੇ॥ ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ॥ ਸੁਪਨੈ ਬਿੰਦੁ ਨ ਦੇਈ ਝਰਣਾ॥ ਤਿਸੁ ਪਾਖੰਡੀ ਜਰਾ ਨ ਮਰਣਾ॥
ਬਾਣੀ ਲਿਖਣ ਦਾ ਕਾਰਣ ਕੀ ਸੀ। ਮਨ ਵਿਕਾਰਾਂ ਦਾ ਅਗਿਆਨਤਾ ਦਾ, ਜਨਮ ਜਨਮ ਦੀ ਮਲ ਦਾ ਨਾਮ ਹੈ ਜਿਸ ਵਿੱਚੋਂ ਵਿਕਾਰ ਪੈਦਾ ਹੁੰਦੇ। ਮਨ ਮਰਣ ਤੋਂ ਬਿਨਾਂ ਕਾਬੂ ਕੀਤੇ ਬਿਨਾਂ ਭਗਤੀ ਨਹੀਂ ਹੁੰਦੀ “ਮਨ ਮਾਰੇ ਬਿਨੁ ਭਗਤਿ ਨ ਹੋਈ ॥੨॥(ਗਉੜੀ ਕਬੀਰ ਜੀ, ੩੨੯)”। ਮਨ ਨੂੰ ਕਾਬੂ ਕਰਨ ਲਈ, ਮਨ ਨੂੰ ਜਿੱਤਣ ਲਈ, ਮਨ ਨਾ ਮੰਨੇ ਤਾਂ ਮਾਰਨ ਲਈ ਗਿਆਨ ਵਾਹੀਦਾ ਹੁੰਦਾ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥”। ਫੇਰ ਪੂਰੀ ਬਾਣੀ ਦਾ ਵਿਸ਼ਾ ਹੀ ਅਗਿਆਨਤਾ ਨੂੰ ਧੋ ਕੇ ਗਿਆਨ ਦੇਣਾ ਹੈ। ਹਰ ਪੱਖ ਤੋਂ ਵਿਕਾਰਾਂ ਦਾ ਗਿਆਨ ਕਰਾ ਕੇ ਜੀਵ ਨੂੰ ਆਪਣੀ ਹੋਂਦ ਦਾ ਗਿਆਨ ਕਰਾਇਆ ਜਾ ਰਹਿਆ ਹੈ ਆਦਿ ਬਾਣੀ ਤੇ ਦਸਮ ਬਾਣੀ ਦੋਹਾਂ ਵਿੱਚ। ਕਿਸੇ ਨੂੰ ਗਲ ਸਿੱਧੀ ਸਮਝ ਆ ਜਾਂਦੀ ਹੈ ਕਿਸੇ ਨੂਂ ਕਥਾ ਕਹਾਣੀਆਂ ਜਾਂ ਉਦਾਹਰਣ ਨਾਲ। ਬਿਨਾਂ ਸਮਝੇ ਮਨੁਖ ਪਸੂ ਢੋਰ ਹੈ। ਇਸ ਲਈ ਵੀਰੋ ਬਾਰ ਬਾਰ ਇਹੀ ਆਖਦਾ ਹਾਂ ਕੇ ਬਾਣੀ ਦੀ ਵਿਚਾਰ ਕਰੋ। ਬਾਣੀ ਤੋਂ ਗਿਆਨ ਪ੍ਰਾਪਤ ਕਰੋ। ਬਾਹਰੀ (ਵਿਰੋਧੀਆਂ ਨਾਲ ਵਿਚਾਰਾਂ ਰਾਹੀਂ) ਅਤੇ ਅੰਦਰਲੀ (ਵਿਕਾਰਾਂ ਨਾਲ) ਜੰਗ ਨਾਲ ਮਨ ਜਿੱਤਿਆ ਜਾਣਾ। ਅੱਜ ਸਿੱਖਾਂ ਦੀ ਤਿਆਰੀ ਘਟ ਹੈ ਇਸ ਲਈ ਕੋਈ ਵੀ ਕੰਨੋੰ ਫੜ ਕੇ ਤੁਹਾਡੇ ਵਿਚਾਰ ਕਿਸੇ ਵੀ ਦਿਸ਼ਾ ਨੂੰ ਮੋੜ ਦਿੰਦੇ ਹਨ। ਜਿਵੇਂ ਸਰਬਲੋਹ ਦੀ ਖੜਗ ਬਾਹਰੀ ਜੰਗ ਲਈ ਹੈ ਖਾਲਸੇ ਨੂੰ ਗਿਆਨ ਖੜਗ ਵੀ ਬਖਸ਼ੀ ਹੈ ਵਿਕਾਰਾਂ ਨਾਲ ਜੰਗ ਲਈ “ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥”।
ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਸਮਝੋ ਭਾਈ। ਕਿਸੇ ਨੇ ਆਖਿਆ ਹੈ ਕੇ ਲਾਈਲਗ ਮੋਮਨ ਨਾਲੋਂ ਖੋਜੀ ਕਾਫ਼ਰ ਚੰਗਾ ਹੁੰਦਾ ਹੈ। ਲਾਈਲੱਗ ਬੰਦਾ ਕੁਝ ਪ੍ਰਾਪਤੀ ਨਹੀਂ ਕਰ ਸਕਦਾ ਪਰ ਖੋਜੀ ਬੰਦੇ ਨੂੰ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਿੱਖ ਤਾਂ ਸਿੱਖਣ ਵਾਲੇ ਦਾ ਧਰਮ ਹੈ। “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥“