ਗੁਰ ਕੀ ਸੇਵਾ ਸਬਦੁ ਵੀਚਾਰੁ ॥ ਸੇਵਾ ਕੀ ਹੈ ?
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ॥ (ਰਾਗੁ ਆਸਾ, ਮ ੫, ੩੮੩)
ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥ – ਅਸਲ ਸੇਵਾ ਕੀ ਹੈ, ਜਿਵੇਂ ਅਸੀਂ ਕਹਿ ਲੈਨੇ ਹਾਂ ਕਿ ਸਪੁਤਰ ਉਹ ਹੈ ਜੋ ਪਿਉ ਦਾਦੇ ਦੇ ਕੰਮ ਹੱਥ ਵਟਾਉਂਦਾ ਹੈ, ਇਵੇਂ ਸੱਚਖੰਡ ਦਾ ਕੰਮ ਹੈ ਨਿਰਗੁਣਾਂ ਨੂੰ ਗੁਣ ਦੇਣੇ, ਤੇ ਜਿਨ੍ਹਾਂ ਕੋਲ ਪਹਿਲਾਂ ਹੀ ਗੁਣ ਹਨ, ਓਹਨਾਂ ਨੂੰ ਹੋਰ ਗੁਣ ਦੇਣੇ, ਲਹਿਣਾ ਗੁਰੂ ਨਾਨਕ ਦੇਵ ਜੀ ਕੋਲ ਗਿਆ, ਗੁਣਵਾਨ ਸੀ,ਗੁਰੂ ਨਾਨਕ ਪਾਤਸਹ ਜੀ ਨੇ ਹੋਰ ਗੁਣ ਦੇ ਦਿੱਤੇ, ਇਹੀ ਸੇਵਾ ਪਰਵਾਣ ਹੈ, ਏਹੋ ਹੈ ਜਨਮ ਤੁਮਾਰੇ ਲੇਖੇ, ਹੁਣ ਅਸੀਂ ਕੀ ਕਰੀਏ? ਪਹਿਲਾਂ ਸ਼ਬਦ ਵਿਚਾਰ ਨਾਲ ਗਿਆਨ ਹਾਸਲ ਕਰਨਾ ਹੈ, ਗੁਣ ਸਿਖਣੇ ਹਨ ਤੇ ਸਾਂਝੇ ਕਰਨੇ ਹਨ, ਨਿਮਰਤਾ ਬਹੁਤ ਵੱਡਾ ਗੁਣ ਹੈ, “ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥” ਗੁਰਬਾਣੀ ਵਾਕ ਹੈ, ਗੁਣਾ ਦੀ ਸਾਂਝ ਕਰੋ, ਅਵਗੁਣ ਛੱਡੋ, ਪਰ ਪਤਾ ਕਿਵੇਂ ਲੱਗੇ ਕਿ ਇਹ ਅਵਗੁਣ ਹੈ। ਸ਼ਬਦ ਵਿਚਾਰ ਨਾਲ ਜਾਂ ਜੋ ਤੁਹਾਡੇ ਤੋਂ ਵੱਧ ਗੁਣਵਾਨ ਹੈ ਓਸਦੀ ਗੱਲ ਮੰਨ ਕੇ ਜਾ ਪੜ੍ਹ ਵਿਚਾਰ ਕੇ, ਪਾਤਿਸ਼ਾਹ ਓਸ ਇਕ ਦੀ ਸ਼ਲਾਘਾ ਕਰਦੇ ਕਹਿੰਦੇ ਨੇ ਕਿ ਹੇ ਨਾਨਕ, ਓਹ ਨਿਰਗੁਣਾਂ ਨੂੰ ਗੁਣ ਦਿੰਦਾ ਹੈ, ਗੁਣਵਾਨਾਂ ਦੇ ਗੁਣ ਹੋਰ ਵਧਾਉਂਦਾ ਹੈ। ਐਸਾ ਮੈਨੂੰ ਹੋਰ ਕੋਈ ਨਹੀਂ ਸੁਝਦਾ ਜੋ ਐਸਾ ਕਰਦਾ ਹੈ, ਸਿਵਾਏ ਓਸ ਇੱਕ ਤੋਂ ਜਾਂ ਉਸ ਦੇ ਹੁਕਮ ਵਿੱਚ ਚੱਲਣ ਵਾਲੇ ਭਗਤਾਂ ਤੋਂ। ਅਸਲ ਸੇਵਾ ਭਗਤਾਂ ਨੇ ਹੀ ਕੀਤੀ ਹੈ ਜਾਂ ਕਰਦੇ ਹਨ। ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ॥, ਗੁਰਬਾਣੀ ਵਾਕ ਹੈ। ਸੱਚਖੰਡ ਦਾ ਹੁਕਮ, ਸ਼ਬਦ ਗੁਰੂ ਦਾਦਾ ਹੈ, ਕਿਉਂਕਿ ਉਸਨੇ ਜਨਮ ਦਿੱਤਾ ਹੈ ਅੰਤਰ ਆਤਮਾ ਨੂੰ। ਅੰਤਰ ਆਤਮਾ ਸਾਡਾ ਪਿਓ ਹੈ। ਓਸ ਤੋਂ ਜਨਮ ਹੈ ਸਾਡਾ, ਹੁਣ ਗੁਰ ਜਾਂ ਭਗਤਾਂ ਨੇ ਹੁਕਮ ਨੂੰ ਆਤਮਾ ਨਾਲ ਸੁਣ ਕੇ ਜ਼ਬਾਨ ਨਾਲ ਬਾਹਰ ਪਰਗਟ ਕੀਤਾ ਓਹ ਹੈ ਪੋਤਾ ਪਰਵਾਣ। ਕਿਉਂਕਿ ਸਚਖੰਡ ਦੇ ਕੰਮ ਵਿੱਚ ਹੱਥ ਵਟਾ ਰਹਿਆ ਹੈ। ਸੱਚਖੰਡ ਦਾ ਕੰਮ ਹੈ ਨਿਰਗੁਣ ਨੂੰ ਗੁਣ ਦੇਣਾ, ਨਿਰਗੁਣ ਰਾਖੁ ਲੀਆ ਸੰਤਨ ਕਾ ਸਦਕਾ॥ ਗੁਣ ਦੇ ਕੇ ਰਖਿਆ। ਇਹ ਸੇਵਾ ਕਰਨ ਤੋਂ ਪਹਿਲਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ, ਗੁਰਬਾਣੀ ਵਿੱਚੋਂ ਬਹੁਤ ਸਾਰੇ ਵਾਕ ਲੱਭ ਕੇ, ਵਿਚਾਰ ਕਰ ਕਰ ਕੇ ਜਦੋਂ ਪਰਪੱਖ ਹੋ ਜਾਵੇ, ਤਾਂ ਹੀ ਓਹ ਵਿਚਾਰ ਅੱਗੇ ਸਾਂਝੀ ਕਰਨ ਦੀ ਸੇਵਾ ਕਰਨੀ ਚਾਹਦੀ ਹੈ। ਆਪਾ ਵਿਰੋਧੀ ਗੱਲਾਂ ਕਰ ਕੇ ਵਿਦਵਾਨ ਆਪ ਵੀ ਉਲਝੇ ਹਨ, ਹੋਰਾਂ ਨੂੰ ਵੀ ਭਟਕਾ ਦਿੱਤਾ ਹੈ, ਪਹਿਲਾਂ ਖੁਦ ਸਿਖੀਏ ਗੁਰਬਾਣੀ ਤੋਂ, ਜੋ ਕਿ ਗੁਣਾਂ ਦਾ ਖਜ਼ਾਨਾ ਹੈ, ਦਰਗਾਹੀ ਹੁਕਮ ਹੈ ।
ਸੇਵਕ ਕੌਣ ਹੈ ? ਸੇਵਕ ਨੂੰ ਸੇਵਾ ਦੇ ਲਾਇਕ ਕੋਣ ਅਤੇ ਕਿਵੇਂ ਬਣਾਉਦਾ ਹੈ?
ਸੇਵਕ ਕਉ ਪ੍ਰਭ ਪਾਲਨਹਾਰਾ ॥ ਸੇਵਕ ਕੀ ਰਾਖੈ ਨਿਰੰਕਾਰਾ ॥
ਜੇ ਸੇਵਕ ਹੈ ਤਾਂ ਠਾਕੁਰ ਪਾਲਣਹਾਰਾ ਹੈ। ਪਾਲਣਹਾਰਾ ਤਾਂ ਸਭ ਦਾ ਹੈ ਪਰ ਸੇਵਕ ਦੀ ਵਿਸ਼ੇਸ਼ ਤੌਰ ਤੇ ਪਾਲਣਾ ਕਰਦਾ ਹੈ। ਜਦ ਉਹਦੇ ਘਰ ਸਭ ਕੁਝ ਹੈ ਤੇ ਉਹ ਪਾਲਣਹਾਰਾ ਹੈ ਤਾਂ ਅਸੀਂ ਕਿਉਂ ਪੰਗਾ ਲੈਣਾ ਹੈ ਮਾਇਆ ਦਾ। ਪਿਉ ਨੇ ਦੇਖਣਾ ਹੈ ਕਿ ਬੱਚੇ ਨੂੰ ਕੀ ਚਾਹੀਦਾ ਹੈ। ਬੱਚੇ ਨੂੰ ਕਾਹਦਾ ਫਿਕਰ? ਰੱਖਿਆ ਨਿਰੰਕਾਰਾ ਹੁਕਮ ਹੈ ਉਹ ਆਪ ਕਰਦਾ ਹੈ। ਹੁਕਮ ਨਾਲ ਖੜ੍ਹੇ ਤਾਂ ਕੌਣ ਮਾਰ ਸਕਦਾ ਹੈ।
ਸੇਵਕ ਉਹ ਹੈ ਜਿਸ ਤੇ ਦਇਆ ਹੋ ਗਈ ਪ੍ਰਭ ਦੀ। ਜਿਸ ਉਪਰ ਦਇਆ ਨਹੀਂ ਹੋਈ ਉਹ ਸੇਵਾ ਕਰ ਹੀ ਨਹੀਂ ਸਕਦਾ, ਕਿਉਂ? ਉਹਨੇ ਕ੍ਰਿਪਾ ਮੰਗੀ ਨੀ ਤੇ ਉਹਨੇ ਕੀਤੀ ਨਹੀਂ, ਉਹਨੇ ਮੰਗਿਆ ਸੀ ਅਹੁਦਾ, ਗ੍ਰੰਥੀ, ਹੈਡ ਗ੍ਰੰਥੀ ਜੱਥੇਦਾਰੀ , ਪ੍ਰਧਾਨਗੀ , ਲੀਡਰੀ ਜਾਂ ਪ੍ਰਬੰਧਕ ਦਾ, ਜਿਸਨੇ ਮਾਇਆ ਹੀ ਮੰਗੀ ਉਹਨੂੰ ਮਾਇਆ ਮਿਲ ਗਈ। ਜਿਸਨੇ ਕ੍ਰਿਪਾ ਮੰਗੀ ਉਸ ਤੇ ਕ੍ਰਿਪਾਲੂ ਹੋ ਗਿਆ ਪ੍ਰਭ, ਕਿਰਪਾ ਐਸੀ ਹੋਈ ਕਿ ਆਪਣਾ ਪੁੱਤਰ ਬਣਾ ਲਿਆ ਸੇਵਕ ਨੂੰ, ਘਨੇਰੀ ਕਿਰਪਾ ਕਰ ਦਿੱਤੀ, ਸੇਵਕ ਬਣਾ ਲਿਆ, ਜੇ ਇੱਛਾ ਹੈ ਸਾਡੀ ਸੇਵਕ ਬਣਨ ਦੀ ਦਿਲੋਂ, ਫੇਰ ਕ੍ਰਿਪਾ ਮੰਗੀਏ ਤਾਂ ਕਰ ਵੀ ਦਿੰਦੈ ਕਿਉਂਕਿ ਸੁਰਤ ਫੇਰ ਭਟਕਦੀ ਹੈ। ਬਿਨਾਂ ਕ੍ਰਿਪਾ ਗੱਲ ਨਹੀਂ ਬਣਦੀ। ਪਰ ਕੋਸ਼ਿਸ਼ ਆਪ ਕਰਨੀ ਪੈਂਦੀ ਹੈ। ਜਦੋਂ ਕ੍ਰਿਪਾ ਹੋ ਗਈ ਤਾਂ ਉਹ ਸੇਵਕ ਸਾਸਿ ਸਾਸਿ ਖੁਦ ਨੂੰ ਸੰਵਾਰਦੈ। ਆਪਣੇ ਔਗੁਣ ਪਛਾਣਦੈ ਤੇ ਛੱਡਦਾ ਰਹਿੰਦੈ। ਖੁਦ ਨੂੰ ਸਮਾਰਦੈ ਸਾਸਿ ਸਾਸਿ, ਕਮੀਆਂ ਦੂਰ ਕਰੇ। ਪਿਛਲੇ 50-60 ਸਾਲ ਤੋਂ ਸੇਵਾ ਦਾ ਗਲਤ ਮਤਲਬ ਕੱਢ ਕੇ ਗੁਰਦਵਾਰੇ ਹੀ ਬਣਾਈ ਗਏ, ਪੱਲੇ ਕੀ ਪਿਆ ਧੜੇਬੰਦੀ, ਆਪਾ ਵਿਰੋਧੀ ਵਿਚਾਰਾਂ, ਹੁਣ ਅਸਲ ਵਿਚਾਰ ਪਤਾ ਚੱਲੇ ਤੇ ਵੀ ਵਿਰੋਧ ਹੁੰਦਾ ਹੈ, ਕਿਉਂ, ਮਨ ਮੱਤਾਂ ਹੀ ਐਨੀਆਂ ਘੁਸੇੜ ਦਿੱਤੀਆਂ, ਇਸ ਖੁਆਰੀ ਦਾ ਇਲਾਜ ਹੈ ਗੁਰਮਤਿ, ਸਿੱਧੇ ਰਾਹ ਤੇ ਆਉਣ ਲਈ ਗੁਰ ਕੀ ਮਤਿ ਲੈਣੀ ਹੀ ਪੈਣੀ ਹੈ , ਇਹੀ ਗੁਰਬਾਣੀ ਦਾ ਫੁਰਮਾਨ ਹੈ। ਗੁਰ ਕੀ ਮਤਿ ਤੂੰ ਲੇਹਿ ਇਆਨੇ ॥ ਭਗਤਿ ਬਿਨਾ ਬਹੁ ਡੂਬੇ ਸਿਆਨੇ ॥
(ਮਹਾਕਾਲ ਕਾਲਕਾ)