Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਜਾਤ ਗੋਤ ਕੁਲ

ਗੁਰਮਤਿ ਵਿੱਚ ਸਿੱਖਾਂ ਲਈ ਜਾਤ ਗੋਤ ਕੁਲ ਵਰਜਿਤ ਹੈ। ਗੁਰਮਤਿ ਬ੍ਰਹਮ ਦਾ ਗਿਆਨ ਹੈ ਤੇ ਸਾਰੇ ਮਨੁੱਖਾਂ ਵਿੱਚ ਏਕ ਜੋਤ (ਸਮਾਨ ਜੋਤ) ਦੇਖਣ ਦਾ ਹੀ ਆਦੇਸ਼ ਹੈ। ਨਾ ਜਾਤ, ਨਾ ਕੁਲ, ਨਾ ਗੋਤ, ਨਾ ਰੰਗ ਨਾ ਹੀ ਕੋਈ ਹੋਰ ਭੇਦ ਭਾਵ ਮੰਨਣ ਦੀ ਮਾੜੀ ਜਹੀ ਵੀ ਛੂਟ ਹੈ। ਪਰ ਅਸੀਂ ਗੁਰੂ ਘਰ ਵੱਖਰੇ ਰੱਖੇ ਹੋਏ ਨੇ ਅਤੇ ਅਸੀਂ ਵੇਖਿਆ ਇੱਕ ਬਹੁੱਤ ਵੱਡੇ ਰਾਗੀ ਜਦੋਂ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦਾ ਸੰਸਕਾਰ ਕਰਨ ਲਈ ਦੋ ਗੱਜ ਜ਼ਮੀਨ ਵੀ ਕਿਸੇ ਨਾ ਦਿੱਤੀ। ਅੱਜ ਵੀ ਬਾਟੇ ਵੱਖਰੇ ਰੱਖੇ ਹੋਏ ਨੇ ਕਈ ਗੁਰਸਿੱਖ ਕਹਾਉਣ ਵਾਲੇ ਧਿੜਿਆਂ ਨੇ। ਜੇ ਪੁੱਛੋ ਤਾਂ ਆਖਦੇ ਨੇ ਕੇ ਰੰਗਰੇਟਿਆਂ ਨੇ ਇੱਕ ਯੁੱਧ ਵਿੱਚ ਧੋਖਾ ਕੀਤਾ ਸੀ ਇਸ ਕਾਰਣ ਉਹਨਾਂ ਦਾ ਉਦੋਂ ਤੋ ਬਾਟਾ ਵੱਖਰਾ ਹੈ। ਭਰੋਸਾ ਨਹੀਂ ਕਰ ਸਕਦੇ। ਤੇ ਮੈਂ ਪੁੱਛਿਆ ਇੱਕ ਗਲਤੀ ਪਿੱਛੇ ਤੁਸੀਂ ਸਾਰਿਆਂ ਦਾ ਬਾਟਾ ਵਖਰਾ ਕਰ ਦਿੱਤਾ? ਭੁੱਲ ਗਏ ਕੇ ਰੰਗਰੇਟਾ ਗੁਰੂ ਕਾ ਬੇਟਾ ਵੀ ਇਤਿਹਾਸ ਵਿੱਚ ਦਰਜ ਹੈ। ਗੁਰਬਾਣੀ ਤੋਂ ਤਾ ਕੋਈ ਇਹ ਭੇਦਭਾਵ ਖਤਮ ਕਰਨ ਦਾ ਫੁਰਮਾਨ ਕੋਈ ਸੁਣਦਾ ਨਹੀਂ। ਆਪਾਂ ਵਿਚਾਰ ਕਰਾਂਗੇ ਕੇ ਗੁਰਬਾਣੀ ਵਿੱਚ ਜਾਤ ਗੋਤ ਕੁਲ ਆਦੀ ਬਾਰੇ ਕੀ ਕਹਿਆ। ਤੇ ਸਿੱਖ ਦੀ ਜਾਤਿ ਕੀ ਹੋਣੀ ਚਾਹੀਦੀ ਗੁਰਮਤਿ ਦੇ ਆਧਾਰ ਤੇ ਇਹ ਵੀ ਸਮਝਾਂਗੇ।

ਜਾਤਿ ਜੁਲਾਹਾ ਮਤਿ ਕਾ ਧੀਰੁ॥ ਸਹਜਿ ਸਹਜਿ ਗੁਣ ਰਮੈ ਕਬੀਰੁ॥” – ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਲਗਦਾ ਕੀ ਕਬੀਰ ਜੀ ਆਪਣੀ ਜਾਤ ਦੱਸ ਰਹੇ ਨੇ। ਇੱਥੇ ਅਲੰਕਾਰ ਦੀ ਵਰਤੋ ਹੈ। ਜੁਲਾਹਾ ਉਹਨਾਂ ਖਾਸ ਕਹਿਆ ਤੇ ਅੱਗੇ ਸਪਸ਼ਟ ਕੀਤਾ ਹੈ ਕੇ ਜੁਲਾਹਾ ਦਾ ਅਰਥ “ਜੋ ਲਾਹਾ” ਲਵੇ ਉਹ ਜੁਲਾਹਾ ਹੈ। ਕਿਵੇਂ “ਓਛੀ ਮਤਿ ਮੇਰੀ ਜਾਤਿ ਜੁਲਾਹਾ॥ ਹਰਿ ਕਾ ਨਾਮੁ ਲਹਿਓ ਮੈ ਲਾਹਾ॥੩॥” ਅਤੇ “ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ॥ ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ॥੮੨॥”। ਉਹ ਤਾਂ ਹਰਿ ਦੇ ਨਾਮ (ਸੋਝੀ) ਦਾ ਲਾਹਾ ਲੈਣ ਦੀ ਗਲ ਕਰਦੇ ਪਏ ਨੇ। “ਨਾਮਾ ਛੀਬਾ ਕਬੀਰੁ ਜੋੁਲਾਹਾ ਪੂਰੇ ਗੁਰ ਤੇ ਗਤਿ ਪਾਈ॥ ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥

ਉਲਟਿ ਜਾਤਿ ਕੁਲ ਦੋਊ ਬਿਸਾਰੀ॥ ਸੁੰਨ ਸਹਜ ਮਹਿ ਬੁਨਤ ਹਮਾਰੀ॥੧॥” – ਕਬੀਰ ਜੀ ਆਖਦੇ ਨੇ ਕੇ ਜਾਤ ਅਤੇ ਕੁਲ ਦੋਨੋਂ ਬਿਸਾਰ ਦਿਤੀਆਂ ਹਨ।

ਜਿਹੜੇ ਮਾਣ ਨਾਲ ਆਪਣੀ ਜਾਤ ਗੋਤ ਕੁਲ ਆਦੀ ਦੱਸਦੇ ਨੇ ਉਹਨਾਂ ਨੂੰ ਗੁਰਮਤਿ ਦਾ ਸੰਦੇਸ਼ ਹੈ ਕੇ ਅੱਗੇ ਦਰਗਾਹ ਵਿੱਚ ਨਾ ਜਾਤ ਨਾ ਦੇਹ ਜਾਣੀ ਉੱਥੇ ਤਾਂ ਕੇਵਲ ਜੋਤ ਨੇ ਜਾਣਾ ਤੇ ਜੋਤ ਦੀ ਕੋਈ ਵੱਖਰੀ ਪਛਾਣ ਨਹੀਂ ਰਹਣੀ। ਪਛਾਣ ਤਾਂ ਸਰੀਰ ਕਾਰਣ ਹੈ ਇੱਥੇ ਹੀ ਰਹੇ ਜਾਣੀ ਸਰੀਰ/ਦੇਹ ਨਾਲ ਸੜ ਜਾਣੀ “ਦੇਹੀ ਜਾਤਿ ਨ ਆਗੈ ਜਾਏ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧਨਵੰਤੇ ਐਥੈ ਓਥੈ ਨਾਮਿ ਸਮਾਵਣਿਆ॥੩॥” ਅੱਗੇ ਤਾਂ ਸੱਚ (ਨਾਮ/ਸੋਝੀ/ਹੁਕਮ/ਗੁਣ) ਹੀ ਨਾਲ ਜਾਣਾ।”ਗੁਰਮੁਖਿ ਜਾਤਿ ਪਤਿ ਸਭੁ ਆਪੇ॥ ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ॥”, “ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥੩॥

ਜਾਤਿ ਵਰਨ ਤੁਰਕ ਅਰੁ ਹਿੰਦੂ॥ ਪਸੁ ਪੰਖੀ ਅਨਿਕ ਜੋਨਿ ਜਿੰਦੂ॥ ਸਗਲ ਪਾਸਾਰੁ ਦੀਸੈ ਪਾਸਾਰਾ॥ ਬਿਨਸਿ ਜਾਇਗੋ ਸਗਲ ਆਕਾਰਾ॥੫॥” – ਮਨੁੱਖ ਨੂੰ ਚੇਤੇ ਕਰਾਇਆ ਜਾ ਰਹਿਆ ਹੈ ਕੇ ਜਾਤਿ ਵਰਨ ਤੁਰਕ ਹਿੰਦੂ ਜੋਨਿ ਸੰਸਾਰ ਪਸਾਰਾ ਇਹ ਸਬ ਬਿਨਸ ਜਾਣਾ ਤੇ ਕੇਵਲ ਜੋਤ ਹੀ ਅਜਰ ਅਮਰ ਹੈ। ਮਾਇਆ ਤੋ ਪਰੇ। “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ॥੧॥”, “ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥ ਸਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ॥

ਨਾਮ (ਗੁਰਮਤਿ ਗਿਆਨ ਦੀ ਸੋਝੀ) ਤੋ ਬਿਨਾਂ ਸਬ ਹੀ ਨੀਵੀਂ ਜਾਤ ਹੈ “ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ॥੭॥”, ਕਈਆਂ ਨੇ ਵਾਹਿਗੁਰੂ ਵਾਹਿਗੁਰੂ ਨਾ ਰੱਟਣ ਵਾਲਿਆਂ ਨੂੰ ਨੀਚੀ ਜਾਤਿ ਸਮਝ ਕੇ ਹੰਕਾਰ ਵਧਾ ਲਿਆ। ਬਿਨਾਂ ਸਮਝੇ ਕੇ ਗੁਰਮਤਿ ਨਾਮ ਕਿਸਨੂੰ ਆਖਦੀ। “ਪਹਿਲੀ ਕਰੂਪਿ ਕੁਜਾਤਿ ਕੁਲਖਨੀ ਸਾਹੁਰੈ ਪੇਈਐ ਬੁਰੀ॥ ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ॥੧॥ ” – ਇਹਨਾਂ ਪੰਕਤੀਆਂ ਵਿੱਚ ਕਿਸੇ ਔਰਤ ਨੂੰ ਕੁਜਾਤਿ ਕੁਲਖਣੀ ਨਹੀਂ ਕਹਿਆ। ਇੱਥੇ ਬੁਧ ਦੀ ਗਲ ਹੋ ਰਹੀ ਹੈ ਜਿਸ ਪਹਿਲੀ ਬੁੱਧ ਨੁੰ ਗਿਆਨ ਨਹੀਂ , ਅਹੰਕਾਰ ਹੈ, ਹੌਮੇ ਹੈ, ਮਾਇਆ ਮਗਰ ਭੱਜ ਰਹੀ ਹੈ, ਸਰੂਪਿ ਸੁਜਾਨ ਸੁਲਖਣੀ ਹੈ ਨਾਮ (ਸੋਝੀ) ਪ੍ਰਾਪਤ ਕਰ ਚੁੱਕੀ ਬੁੱਧ ਜਿਸਨੂੰ ਹੁਕਮ ਦੀ ਸੋਝੀ ਪੈ ਗਈ ਹੈ, ਵਿਕਾਰਾਂ ਦੇ ਰੋਗ ਨਹੀਂ ਹਨ।”ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ॥ ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ॥ ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ॥ ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ॥ ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ॥੧੫॥

ਗੁਰਮੁਖਿ ਜਾਤਿ ਪਤਿ ਸਚੁ ਸੋਇ॥ ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ॥੨॥” – ਗੁਰਮੁਖਿ – ਗੁਣਾਂ ਨੂੰ ਮੁਖ ਰੱਖਣ ਵਾਲਿਆਂ ਦੀ ਜਾਤ ਕੇਵਲ ਸੱਚ ਹੈ, ਸੱਚ ਕੇਵਲ ਨਾਮ/ਸੋਝੀ/ਗਿਆਨ, ਹੁਕਮ, ਅਕਾਲ ਹੈ ਜੋ ਕਦੇ ਨਹੀਂ ਖਰਦਾ। ਗੁਣਾਂ ਨੂੰ ਮੁਖ ਰੱਖਣ ਵਾਲਿਆਂ ਦੀ ਸਖਾਈ (ਦੋਸਤੀ) ਪ੍ਰਭ ਨਾਲ ਹੁੰਦੀ ਹੈ। ਦੋਸਤੀ ਹੁੰਦੀ ਦੋ + ਸਤੀ ਅਰਥ ਦੋ ਸਤਿ ਸਰੂਪਾਂ ਦਾ ਏਕਾ। ਭਗਤ ਜੀ ਤਾਂ ਆਪਣੇ ਆਪ ਨੂੰ ਨੀਚ ਜਾਤ ਆਖਦੇ ਹਨ, ਭਾਵੇਂ ਉਹਨਾਂ ਕੋਲ ਬ੍ਰਹਮ ਦਾ ਗਿਆਨ ਸੀ।

ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ॥ ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ॥੫॥੬॥”,

ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ॥ ਨਾਮੁ ਸਖਾਈ ਸਦਾ ਮੇਰੈ ਸੰਗਿ ਹਰਿ ਨਾਮੁ ਮੋ ਕਉ ਨਿਸਤਾਰੈ॥੧॥

ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ॥ ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ॥

ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ॥

ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ॥” – ਆਖਦੇ ਨੀਚ ਜਾਤ ਸੀ, ਹਰਿ ਜਪਤਿਆ (ਹਰਿ ਦੇ ਨਾਮ ਦੀ ਸੋਝੀ ਲਿਆਂ, ਹਰਿ ਨੂੰ ਪਛਾਣਦਿਆ) ਉਤਮ ਪਦਵੀ ਪਾਈ ਹੈ।

ਤੇ ਸਾਡੇ ਵਿੱਚੋਂ ਕਈ ਵੀਰ ਭੈਣ ਟੇਵੇ ਮਿਲਾ ਰਹੇ ਹੁੰਦੇ ਨੇ ਦੁਨਿਆਵੀ ਜਾਤਿ ਗੋਤ ਆਦੀ ਵੇਖ ਕੇ। ਇਹ ਤਾਂ ਸਪਸ਼ਟ ਹੋ ਰਹਿਆ ਹੈ ਕੇ ਗੁਰੂ ਵਾਲੀ ਸਿੱਖੀ ਦਾ ਪ੍ਰਚਾਰ ਤਾਂ ਅੱਜ ਹੋ ਨਹੀਂ ਰਹਿਆ। ਸਿੱਖੀ ਤਾਂ ਪਰਮੇਸਰ ਨੂੰ “ਅਜਾਤੇ” ਆਖ ਰਹੀ ਹੈ, ਨਾਨਕ ਪਾਤਿਸ਼ਾਹ ਕਹ ਰਹੇ ਨੇ “ਏਕਮ ਏਕੰਕਾਰੁ ਨਿਰਾਲਾ॥ ਅਮਰੁ ਅਜੋਨੀ ਜਾਤਿ ਨ ਜਾਲਾ॥ ਅਗਮ ਅਗੋਚਰੁ ਰੂਪੁ ਨ ਰੇਖਿਆ॥ ਖੋਜਤ ਖੋਜਤ ਘਟਿ ਘਟਿ ਦੇਖਿਆ॥”, ਨਾਨਕ ਪਾਤਿਸ਼ਾਹ ਤਾਂ ਪਰਮੇਸਰ ਨੂੰ ਏਕੰਕਾਰ ਨੂੰ ਘਟ ਘਟ (ਹਰੇਕ ਜੀਵ) ਵਿੱਚ ਦੇਖ ਰਹੇ ਨੇ ਤੇ ਅਸੀਂ ਜਾਤ ਪਾਤ ਛੱਡ ਨਹੀਂ ਪਾ ਰਹੇ। ਮਨੁੱਖਾਂ ਨੂੰ ਜਾਤਿ ਪਾਤਿ ਰੰਗ ਉਹਦਾ ਵੇਖ ਤੇ ਵੰਡ ਰਹੇ ਹਾਂ। “ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ॥੪॥੪॥” ਹੁਣ ਇਹ ਸਾਡੀ ਮਰਜ਼ੀ ਹੈ ਕੇ ਅਸੀਂ ਇਹ ਪੜ੍ਹ ਕੇ ਵੀ ਜਾਤ ਪਾਤ ਮੰਨਣੀ ਹੈ ਜਾਂ ਨਹੀਂ। “ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ॥ ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ॥੨॥

ਆਦਿ ਨਿਰੰਜਨੁ ਪ੍ਰਭੁ ਨਿਰੰਕਾਰਾ॥ ਸਭ ਮਹਿ ਵਰਤੈ ਆਪਿ ਨਿਰਾਰਾ॥ ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ॥੧॥ ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥੨॥

ਇਹ ਗਲ ਉਸਨੂੰ ਹੀ ਸਮਝ ਆਉਣੀ ਹੈ ਜਿਸ ਨੂੰ ਨਾਮ ਸਮਝਾ ਦਿਤਾ ਗੁਰ ਨੇ ਤੇ ਭਰਮ ਕੱਟ ਦਿੱਤਾ ਆਪਣੀ ਮਨੁੱਖ ਹੋਣ ਦੀ ਗਲ ਉਸਨੂੰ ਸਮਝ ਆਉਣੀ ਜਿਸਨੂੰ ਆਪ ਜੋਤ ਸਰੂਪ ਹੋਣ ਦਾ ਪਤਾ ਚਲ ਗਿਆ।

ਹਰੇਕ ਮਨੁੱਖ ਆਪਣੀ ਜਾਤਿ ਨੂੰ ਉੱਤਮ ਦੱਸਦਾ, ਜੱਟ ਆਖਦੇ ਅਸੀਂ ਉੱਤਮ, ਭਾਪੇ, ਤਰਖਾਣ, ਬ੍ਰਾਹਮਣ ਇਹ ਸਬ ਨਾਮ ਮਨੁੱਖ ਦੇ ਦਿੱਤੇ ਹੋਏ ਨੇ। ਪੁੱਛੋ ਤੁਸੀਂ ਉੱਤਮ ਕਿਵੇਂ? ਤੁਹਾਡਾ ਖੂਨ ਲਾਲ ਨਹੀਂ? ਸਿਰ ਤੇ ਕਲਗੀ ਲੈ ਕੇ ਪੈਦਾ ਹੁੰਦੇ? ਤੁਹਾਡੇ ਵਿੱਚ ਲੋਗ ਹੰਕਾਰ ਨਹੀਂ ਕਰਦੇ, ਚੋਰੀ ਠੱਗੀ ਕਤਲ ਨਹੀਂ ਕਰਦੇ? ਲਾਲਚ ਨਹੀਂ ਕਰਦੇ ਜਾਂ ਹੋਰ ਕਿਸੇ ਕਾਰਣ ਆਪਣੇ ਆਪ ਨੂੰ ਉੱਤਮ ਮੰਨੀ ਬੈਠੇ ਹੋਂ? ਇਹੀ ਗਲ ਭਗਤ ਜੀ ਨੇ ਬ੍ਰਾਹਮਣ ਤੋ ਪੁੱਛੀ “ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥੨॥“, ਬ੍ਰਾਹਮਣ ਪ੍ਰਚਾਰ ਕਰਦੇ ਨੇ ਕੇ ਬ੍ਰਾਹਮਣ ਬ੍ਰਹਮਾ ਦੇ ਮੂਹ ਤੋਂ ਜੰਮੇ ਹਨ, ਭਗਤ ਜੀ ਪੁੱਛਦੇ ਜੇ ਤੂੰ ਬ੍ਰਹਮਣੀ ਦਾ ਜਾਇਆ ਹੈ ਤਾਂ ਬ੍ਰਹਮਣੀ ਦੇ ਮੁੱਖ ਤੋਂ ਕਿਉਂ ਨਹੀਂ ਜਨਮਿਆ ਆਮ ਮਨੁੱਖ ਵਾਂਗ ਕਿਉਂ ਪੈਦਾ ਹੋਇਆ।

ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ॥੨॥ ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ॥ ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ॥੩॥” – ਭਗਤ ਜੀ ਨੂੰ ਪਤਿਤ ਜਾਤਿ ਆਖਦੇ ਸੀ, ਆਖਦੇ ਮੈਂ ਤਾਂ ਉੱਤਮ ਹੋ ਗਿਆ ਚਾਰੇ ਵਰਨ ਹੁਨ ਪੈਰਾਂ ਵਿੱਚ ਹਨ ਜਦੋਂ ਤੋਂ ਪ੍ਰੀਤ ਹਰਿ ਨਾਲ ਲੱਗੀ ਭਾਵੇਂ ਲੋਗ ਛੀਪਾ ਕਹਣ। ਮੈਂ ਬ੍ਰਾਹਮਣ ਖਤ੍ਰੀ ਲਈ ਪਿਠ ਫੇਰ ਲਈ ਹੈ ਸਾਰੇ ਛੱਡ ਦਿੱਤੇ ਹਨ ਜਦੋਂ ਤੋਂ ਹਰਿ ਨੂੰ ਹਰਿ ਦੇ ਗੁਣਾਂ ਨੂੰ ਮੁੱਖ (ਅੱਗੇ) ਰੱਖਿਆ ਹੈ ਅਰਥ ਮਾਇਆ ਵਲ ਧਿਆਨ ਛੱਡ ਹੁਕਮ ਦੇ ਗਿਆਨ ਦਾ ਧਿਆਨ ਹੈ। ਹਰਿ ਹੀ ਹਰਿ ਦੇ ਭਗਤ ਦੀ ਜਾਤਿ ਹੁੰਦੀ ਹੈ।

ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ਹਰਿ ਕੈ ਨਾਮਿ ਸਮਾਣੇ ਰਾਮ॥ ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ॥ ਗੁਣ ਅਉਗਣ ਪਛਾਣੈ ਹਰਿ ਨਾਮੁ ਵਖਾਣੈ ਭੈ ਭਗਤਿ ਮੀਠੀ ਲਾਗੀ॥ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਘਰ ਹੀ ਮਹਿ ਬੈਰਾਗੀ॥ ਭਗਤੀ ਰਾਤੇ ਸਦਾ ਮਨੁ ਨਿਰਮਲੁ ਹਰਿ ਜੀਉ ਵੇਖਹਿ ਸਦਾ ਨਾਲੇ॥ ਨਾਨਕ ਸੇ ਭਗਤ ਹਰਿ ਕੈ ਦਰਿ ਸਾਚੇ ਅਨਦਿਨੁ ਨਾਮੁ ਸਮੑਾਲੇ॥੨॥ ”

ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥੧॥ ਰਹਾਉ॥ ਚਾਰੇ ਵਰਨ ਆਖੈ ਸਭੁ ਕੋਈ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥੨॥ ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮੑਾਰਾ॥੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਘਟਿ ਵਧਿ ਕੋ ਕਰੈ ਬੀਚਾਰਾ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥੫॥੧॥“ – ਜਾਤ ਦਾ ਗਰਬ ਕਰਨ ਤੋਂ ਸਾਫ਼ ਹੀ ਮਨਾਹੀ ਹੈ। ਤੇ ਪਾਤਿਸ਼ਾਹ ਆਖਦੇ ਨੇ ਕੇ ਹਰੇਕ ਦੀ ਉਤਮਤੀ ਬ੍ਰਹਮ ਬਿੰਦ ਤੋਂ ਹੋਈ ਹੈ। ਸਬ ਗੋਬਿੰਦ ਹੈ। ਜੋ ਵੀ ਜਾਤ ਦਾ ਗਰਬ ਕਰਦਾ ਹੈ ਮੂਰਖ ਗਵਾਰ ਅਗਿਆਨਤਾ ਵਿੱਚ ਕਰਦਾ ਹੈ। ਸਾਰਿਆਂ ਦੀ ਏਕੋ ਮਿੱਟੀ ਦਾ ਆਕਾਰ ਹੈ ਜਿਵੇਂ ਇੱਕੋ ਮਿਟੀ ਨਾਲ ਘੁਮਾਰ ਵੱਖ ਵੱਖ ਭਾਂਡੇ ਬਣਾਉਂਦਾ ਹੈ ਉੱਦਾਂ ਹੀ ਪ੍ਰਭ ਨੇ ਸਾਰੇ ਜੀਵ ਘੜੇ ਹਨ। ਕੋੜ ਘੱਟ ਹੈ ਕੌਣ ਵੱਧ ਇਸਦਾ ਫੈਸਲਾ ਅਸੀਂ ਕਿਵੇਂ ਕਰ ਸਕਦੇ ਹਾਂ। ਕਿਸਨੂੰ ਜਿਆਦਾ ਪਿਆਰ ਕਰਦਾ ਰੱਬ ਕਿਸਨੂੰ ਘੱਟ ਇਹ ਤਾਂ ਉਸਨੂੰ ਹੀ ਪਤਾ ਹੈ। ਜੇ ਆਪਣੀ ਸੋਚ ਜੇ ਆਪਣੀ ਮਤਿ ਆਪਣੀ ਮੈਂ, ਆਪਣਾ ਸਿਰ ਸੱਚੇ ਦੇ ਗੁਣਾਂ ਨੂੰ ਭੇਂਟ ਨਹੀਂ ਕੀਤਾ ਤਾਂ ਭਵਸਾਗਰ, ਜਮ ਦੇ ਡੰਡ, ਵਿਕਾਰਾਂ ਤੋਂ ਮੁਕਤੀ ਨਹੀਂ ਹੋਣੀ। “ਹਰਿ ਸਿਮਰਨ ਕੀ ਸਗਲੀ ਬੇਲਾ॥ ਹਰਿ ਸਿਮਰਨੁ ਬਹੁ ਮਾਹਿ ਇਕੇਲਾ॥ ਜਾਤਿ ਅਜਾਤਿ ਜਪੈ ਜਨੁ ਕੋਇ॥ ਜੋ ਜਾਪੈ ਤਿਸ ਕੀ ਗਤਿ ਹੋਇ॥੩॥” – ਮਨੁਖ ਦੀ ਅਸਲ ਜਾਤਿ ਹੈ ਨਾਮ (ਸੋਝੀ “ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ॥”), ਤੇ ਪਰਮੇਸਰ ਆਪ ਅਜਾਤ ਹੈ ਜਾਤ ਵਰਨ ਤੋਂ ਬਾਹਰ ਹੈ ਇਹ ਜੋ ਜਾਪ (ਪਛਾਣ) ਲੈਂਦਾ ਹੈ ਸਮਝ ਲੈਂਦਾ ਹੈ ਉਸਦੀ ਹੀ ਗਤਿ ਹੁੰਦੀ ਹੈ। “ਤੁਮੑਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ॥ ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ॥

ਇਨ ਬਿਧਿ ਹਰਿ ਮਿਲੀਐ ਵਰ ਕਾਮਨਿ ਧਨ ਸੋਹਾਗੁ ਪਿਆਰੀ॥ ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ॥੧॥” – ਗੁਰ ਮਤਿ ਸਬਦਿ ਦੀ ਵਿਚਾਰ ਰਾਹੀਂ ਬਰਨ ਕੁਲ ਜਾਤਿ ਦਾ ਸਹਸਾ (ਸ਼ੰਕਾ) ਖਤਮ ਹੋ ਜਾਂਦਾ ਹੈ ਤੇ ਇਹੀ ਹਰਿ ਨੂੰ ਮਿਲਣ ਦਾ ਤਰੀਕਾ ਹੈ। ਜਿਵੇਂ ਕੋਈ ਵਧੂ ਵਰ ਆਪਣਾ ਸੋਹਾਗ ਲੱਭਦੀ ਹੈ, ਜੀਵ ਦੀ ਬੁੱਧ ਦਾ ਸੁਹਾਗ ਹਰਿ ਹੈ। “ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ॥ ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ॥੧॥

ਮਨੁੱਖ ਨੂੰ ਵਿਕਾਰ ਠੱਗਦੇ ਹਨ। ਗੁਰਮਤਿ ਦਾ ਫੁਰਮਾਨ ਹੈ “ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ॥ ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥ ਏਨਾ ਠਗਨਿੑ ਠਗ ਸੇ ਜਿ ਗੁਰ ਕੀ ਪੈਰੀ ਪਾਹਿ॥ ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ॥੨॥” ਪਰ ਇਹ ਗਲ ਸਮਝਣ ਵਾਲੇ ਘੱਟ ਹੀ ਹਨ “ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ॥ ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ॥੭॥

ਨਾਮ (ਗੁਰਮਤਿ ਦੀ ਸੋਝੀ) ਹੀ ਜੀਵ ਦੀ ਅਸਲੀ ਜਾਤ ਹੈ ਪਛਾਣ ਹੈ। ਕਬੀਰ ਜੀ ਆਖਦੇ “ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ॥ ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ॥੨॥” ਇਹ ਜੋ ਨਾਮ ਹੈ ਸੋਝੀ ਹੈ ਇਸਦੇ ਦੁਆਰਾ ਮੈਂ ਸਿਰਜਣਹਾਰ ਜਪਿਓ ਅਰਥ ਜਪ ਲਿਆ ਹੈ ਪਛਾਣ ਲਿਆ ਹੈ। “ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ॥ ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ॥੩॥” ਨਾਮ ਦੀ ਗਿਆਨ ਦੀ ਸੋਝੀ ਦੀ ਪ੍ਰੀਤ ਐਸੀ ਹੈ ਕੇ ਹੁਕਮ, ਗੋਬਿੰਦ, ਪਰਮੇਸਰ ਦੇ ਗੁਣ ਸਮਝ ਆ ਜਾਂਦੇ ਹਨ ਤੇ ਫੇਰ ਕਿਸੇ ਜੀਵ ਨਾਲ ਭੇਦਭਾਵ ਨਹੀਂ ਰਹਿੰਦਾ ਸਾਰਿਆਂ ਵਿੱਚ ਏਕ ਜੋਤ ਏਕ ਨੂਰ ਦਿਸਦਾ ਹੈ। ਪਤਾ ਲੱਗ ਜਾਂਦਾ ਹੈ ਕੇ ਏਕ ਨੂਰ ਤੇ ਹੀ ਸਬ ਜੱਗ ਉਪਜਿਆ ਹੈ ਕੋਈ ਮੰਦਾ ਨਹੀਂ ਕੋਈ ਮਾੜਾ ਨਹੀਂ ਸਬ ਹੁਕਮ ਵਿੱਚ ਹੈ। ਆਖਦੇ “ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ॥ ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ॥੫੭॥” ਫੇਰ ਆਖਦੇ ਜਦੋਂ ਮੈਂ ਮਰ ਗਈ ਮੇਰੀ ਮੇਰੀ ਖਤਮ ਹੋ ਗਈ ਤਾਂ ਕੇਵਲ ਤੂੰ ਹੀ ਤੂੰ ਦਿਸਣ ਲਗ ਪਿਆ। “ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ॥ ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ॥੬੦॥

ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ॥ ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ॥੮੨॥

ਜੇ ਕੋਈ ਆਖੇ ਮੈਂ ਸਿੱਖ ਹਾਂ ਮੈਨੂੰ ਗੁਰਮਤਿ ਨਾਲ ਪਿਆਰ ਹੈ। ਮੈਂ ਗੁਰੂ ਕਾ ਸਿੱਖ ਹਾਂ ਗੁਰੂ ਨਾਲ ਪ੍ਰੇਮ ਕਰਦਾ ਹਾਂ ਤਾਂ ਫੇਰ ਗੁਰੂ ਦੀ ਗੱਲ ਪੜ੍ਹ ਕੇ, ਸਮਝ ਕੇ ਮੰਨਣੀ ਵੀ ਪੈਣੀ ਨਹੀਂ ਤਾਂ ਸਹਸਾ ਨਹੀਂ ਚੂਕਣਾ। ਵਿਕਾਰਾਂ ਨੇ ਖੈੜਾ ਨਹੀਂ ਛੱਡਣਾ। ਗੁਰੂ ਨੂੰ ਪ੍ਰੇਮ ਕਰਨ ਵਾਲੇ ਵੀਰ ਭੈਣ ਬਾਣੀ ਨੂੰ ਸਮਝ ਲੈਣ ਤੇ ਜਾਤ ਪਾਤ ਦੇ ਜੰਜਾਲ ਤੋਂ ਨਿਕਲਣ, ਇਹੀ ਪ੍ਰਚਾਰ ਹੋਣਾ ਚਾਹੀਦਾ।

ਅਕਸਰ ਅਸੀਂ ਨਿਹੰਗ ਸਿੰਘਾਂ ਸੇ ਬੋਲਿਆ ਵਿੱਚ ਸੁਣਦੇ ਹਾਂ

ਚੌਪਈ॥ ਨਾ ਹਮ ਚੂੜ੍ਹਾ ਨਾ ਘੁਮਿਆਰ॥ ਨਾ ਜੱਟ ਅਰ ਨਾਹੀ ਲੁਹਾਰ॥ ਨਾ ਤਰਖਾਣ ਨਾ ਹਮ ਖਤ੍ਰੀ॥ ਹਮ ਹੈਂ ਸਿੰਘ ਭੁਜੰਗਨ ਛਤ੍ਰੀ॥ ਜਾਤ ਗੋਤ ਸਿੰਘਨ ਕੀ ਦੰਗਾ॥ ਦੰਗਾ ਇਨ ਸਤਿਗੁਰ ਤੇ ਮੰਗਾ॥ ਖਾਲਸੋ ਹਮਰੋ ਬਡ ਧਰਮ॥ ਮਨ ਦੰਗੋ ਕਰਨੋ ਹਮਰੋ ਕਰਮ॥ ਮੂਰਖ ਜੋ ਗਰਬ ਜਾਤ ਕਾ ਕਰੈ॥ ਵਹਿ ਭੇਡੂ ਮੇ ਹੈਂ ਭੇਡਨ ਰਰੈ॥ ਜਾਤ ਅਰ ਪਾਤ ਗੁਰੂ ਹਮਰੋ ਮਿਟਾਈ॥ ਜਬ ਪਾਂਚ ਸਿੰਘ ਹਮ ਪਹੁਲ ਪਿਆਈ॥ ਸੀਧੇ ਦਾੜ੍ਹੇ ਹਮਰੋ ਕੂੰਡੇ ਮੂਛਹਿਰੇ॥ ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ॥ ਹਮ ਗੀਦੋਂ ਗੁਰੂ ਸ਼ੇਰ ਬਨਾਇਓ॥ ਜੀਵਣੇ ਕੀ ਹੈ ਰਾਹੁ ਬਤਾਇਓ॥

ਸਤਿ ਗੁਰ ਨੇ ਸਾਨੂੰ ਨਾਮ (ਸੋਝੀ) ਦੀ ਗਿਆਨ ਖੜਗ ਫੜਾਈ ਹੈ। ਇਸੀ ਗਿਆਨ ਖੜ੍ਹਗ ਨਾਲ ਮਨ (ਅਗਿਆਨਤਾ) ਨਾਲ ਲੜਾਈ ਕਰਨੀ ਹੈ ਵਿਕਾਰਾਂ ਨਾਲ ਨਿਤ ਜੰਗ, ਵਿਕਾਰਾਂ ਨਾਲ ਦੰਗਾ /ਦੰਗਲ ਹੁੰਦਾ “ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥੩॥