ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ
“ਸਲੋਕੁ ਮ: ੧ ।।ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ।। ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ।।”
ਸਤਿਗੁਰ ਨਾਨਕ ਦੇਵ ਜੀ , ਗੁਰਬਾਣੀ ਦੀਆਂ ਇਹਨਾਂ ਪੰਗਤੀਆ ਵਿੱਚ ਫਰਮਾਣ ਕਰਦੇ ਹਨ ।
ਕਲਜੁਗ ! ਕਲ = ਕਲਪਨਾ !
ਜੁਗ =ਸਮਾਂ !
ਹੇ ਭਾਈ, ਅੱਜ ਕਲਜੁਗੀ ਸਭਾਉ ਮਾਨੋ ਛੁਰੀ ਹੈ । ਜਿਸ ਦੇ ਕਾਰਣ ਅੱਜ ਰਾਜੇ ਕਸਾਈ ਬਣ ਗਏ ਹਨ । ਆਪਣੇ ਲੋਭ ਲਾਲਚ ਅਤੇ ਝੂਠੀ ਚੋਧਰ ਖ਼ਾਤਰ ਆਪਣੀ ਹੀ ਪਰਜਾ ਦਾ ਗਲਾ ਵੱਢ ਰਹੇ ਹਨ । ਇਨਸਾਫ ਨਹੀਂ ਕਰ ਰਹੇ । ਚਾਰੇ ਪਾਸੇ ਲੁੱਟ ਹਾਹਾਕਾਰ ਮੱਚੀ ਹੋਈ । ਅਤੇ ਧਰਮ ਖੰਭ ਲਾ ਕੇ ਇਹਨਾ ਦੇ ਅੰਦਰੋਂ ਉੱਡ ਗਿਆ ਹੈ ।
ਦੂਜੇ, ਲੋਕੇ ਨੂੰ ਧਰਮ ਦਾ ਪਾਠ ਪੜਾਉਣ ਵਾਲੇ , ਬਾਬੇ,ਗੁਰੂ ਪੀਰ ਵੀ ਕਸਾਈ ਬਣੇ ਹੋਏ ਹਨ । ਇਹ ਵੀ ਲੋਕਾਂ ਨੂੰ ਭਰਮ ਜਾਲ ਵਿੱਚ ਫਸਾ ਕੇ ਲੋਕਾਂ ਦਾ ਗਲਾ ਕੱਟ ਰਹੇ ਹਨ । ਇਹਨਾ ਦਾ ਕੰਮ ਤਾਂ ਲੋਕਾ ਨੂੰ ਸਚ ਦਾ ਗਿਆਨ ਕਰਾਉਣਾ ਸੀ ਪਰ ਇਹ ਰਾਜੇ ਨਾਲ ਮਿਲ ਕੇ ਲੋਕਾਂ ਨੂੰ ਸੱਚ ਦਾ ਉਪਦੇਸ ਦੇਣ ਵਜਾਇ ਲੋਕਾਂ ਨੂੰ ਲੋਭ ਲਾਲਚ ਦੇ ਚੱਕਰ ਵਿੱਚ ਫਸਾ ਕੇ ਆਪੋ ਆਪਣੇ ਧੜੇ ਮਜ਼ਬੂਤ ਕਰਨ ਅਤੇ ਆਪਣੀ ਜ਼ਿੰਦਗੀ ਐਸੋ ਅਰਾਮ ਨਾਲ ਬਤੀਤ ਕਰਨ ਵਿੱਚ ਲੱਗੇ ਹੋਏ ਹਨ । ਮਾਨੋ ਧਰਮ ਇਹਨਾ ਦੇ ਅੰਦਰੋਂ ਵੀ ਖੰਭ ਲਾ ਕੇ ਉਡ ਗਿਆ ਹੈ ।
ਕੂੜ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ।।
ਅੱਜ ਚਾਰੇ ਪਾਸੇ ਲੋਕਾ ਦੇ ਦਿਲਾ ਵਿੱਚ ਕੂੜ ਭਾਵ ਅਗਿਆਨਤਾ ਰੂਪੀ ਮੱਸਿਆ ਦੀ ਰਾਤ ਬਣੀ ਹੋਈ ਹੈ । ਰਾਜੇ , ਬਾਬੇ ,ਗੁਰੂ ਪੀਰ ਅਤੇ ਲੋਕਾਂ ਦੇ ਅੰਦਰ “ਆਤਮਿਕ ਗਿਆਨ ਸੂਝ” ਭਾਵ ਸੱਚ ਚੰਦਰਮਾ ਕਿਸੇ ਦੇ ਵੀ ਅੰਦਰ ਚੜਿਆ ਹੋਇਆ ਨਹੀ ਦਿਸ ਰਿਹਾ ।
ਹਉ ਭਾਲਿ ਵਿਕੁੰਨੀ ਹੋਈ ।। ਆਧੇਰੈ ਰਾਹੁ ਨ ਕੋਈ ।।
ਮੈ ਸੱਚ ਰੂਪੀ ਚੰਦਰਮੇ ਦੀ ਭਾਲ ਵਿੱਚ ਵਿਆਕੁਲ ਹੋ ਰਹੀ ਹਾਂ । ਅਗਿਆਨਤਾ ਹਨੇਰੇ ਰੂਪੀ ਰਾਤ ਵਿੱਚ ਕੋਈ ਨਹੀਂ ਦਿੱਸ ਰਿਹਾ । ਜੋ ਸਚ ਦਾ ਗਿਆਨ ਕਰਾ ਸਕੇ ।
ਵਿਚਿ ਹਉਮੈ ਕਰਿ ਦੁਖੁ ਰੋਈ ।। ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ।।
ਅੱਗੇ ਸਤਿਗੁਰ ਜੀ ਫ਼ੁਰਮਾਣ ਕਰਦੇ ਹਨ । ਕਿ ਸ੍ਰਿਸਟੀ ਵਿੱਚ ਲੋਕ ਆਪਣੀ ਆਪਣੀ ਹਉਮੈ ਦੇ ਕਾਰਣ ਦੁਖੀ ਹੋ ਰਹੇ ਹਨ । ਕੋਈ ਵੀ ਆਪਣੀ ਹਉਮੈ ਛੱਡਣ ਨੂੰ ਤਿਆਰ ਨਹੀਂ ਹੈ । ਹੇ ਨਾਨਕ, ਕਿਸ ਵਿਧੀ ਨਾਲ ਹੁਣ ਲੋਕਾਂ ਦੀ ਖ਼ਲਾਸੀ ਹੋਵੈ । ਭਾਵ ਹਉਮੈ ਤੋ ਛੁਟਕਾਰਾ ਮਿਲੇ ।
ਇਸ ਲਈ ਭਾਈ, ਜੇ ਤੁਸੀ ਘੋਰ ਕਲਜੁਗ ਦੇ ਸਮੇ ਵਿੱਚ ਆਪਣੇ ਅੰਦਰ ਸ਼ਾਂਤੀ ਚਹੁੰਦੇ ਹੋ ਤਾਂ ਗੁਰਬਾਣੀ ਗਿਆਨ ਉਪਦੇਸ ਦੀ ਸਿੱਖਿਆ ਨੂੰ ਆਪਣੇ ਮਨ ਵਿੱਚ ਧਾਰਣ ਕਰਕੇ ਗੁਰ ਦੀ ਮਤਿ ਅਨਸਾਰ ਚਲੋ। ਅਤੇ ਸਬਰ ਸੰਤੋਖ ਰੱਖੋ।