ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦੁ ਬਿਨੁ ਨਹੀਂ ਕੋਈ
ਆਉ ਅੱਜ ਆਪਾ ਗੁਰਮਤਿ ਅਨਸਾਰ ਜਾਣਦੇ ਹਾਂ ਕਿ ਭਗਤ ਨਾਮਦੇਵ ਜੀ ਦੀ ਦ੍ਰਿਸ਼ਟੀ ਵਿੱਚ ਗੋਬਿੰਦੁ ਜੀ ਦਾ ਕਿੱਥੇ ਵਾਸਾ ਹੈ।
੧ਓ ਸਤਿਗੁਰ ਪ੍ਰਸਾਦਿ॥
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ॥
ਏਕ ਅਨੇਕ ਬਿਆਪਕ ਪੂਰਕ ਜਤ ਦੇਖਉਤਤ ਸੋਈ॥
ਭਗਤ ਨਾਮਦੇਵ ਜੀ ਫ਼ੁਰਮਾਣ ਕਰਦੇ ਹਨ ਕਿ ਅਨੇਕਾ ਹਿਰਦਿਆ ਦੇ ਵਿੱਚ ਏਕ ਹੀ ਬਿਆਪਕ ਪੂਰਕ ਭਾਵ ਪੂਰਾ ਕਰਨ ਵਾਲਾ ਆਪ ਹੀ ਹੈ । ਮੈ ਜਿਸ ਦੇ ਹਿਰਦੇ ਵੱਲ ਦੇਖਦਾ ਉਸ ਦੇ ਹਿਰਦੇ ਦੇ ਅੰਦਰ ਓਹ ਆਪ ਹੀ ਹੈ ।
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ॥
ਪਰ ਇਸ ਗੱਲ ਨੂੰ ਕੋਈ ਬਿਰਲਾ ਹੀ ਬੁੱਝਦਾ ਹੈ । ਕਿਉਕੇ ਮਾਇਆ ਭਾਵ ਦਿਸਦਾ ਪਸਾਰਾ ਚਿਤ੍ਰ ਤਾਂ ਹੈ ਪਰ ਬਚਿੱਤਰ ਹੈ। ਕਿੳਕੇ ਜਿ ਆਪਾ ਕਿਸੇ ਦਾ ਚਿੱਤਰ ਬਣਾ ਦੇਈਏ ਤਾਂ ਉਹ ਚਿੱਤਰ ਉਸੇ ਤਰਾਂ ਦਾ ਹੀ ਰਹਿੰਦਾ ਹੈ । ਭਾਵ ਵੱਧਦਾ ਘੱਟਦਾ ਨਹੀਂ।
ਪਰ ਆਹ ਚਿੱਤਰ ਤਾਂ ਰੋਜ ਵੱਧਦਾ ਘੱਟਦਾ ਹੈ। ਕਿਉਕੇ ਇਸ ਚਿਤ੍ਰ ਵਿਚ ਚੇਤਨ ਅਤੇ ਜੜ੍ਹ ਦਾ ਸੁਮੇਲ ਹੈ ।ਇਸ ਲਈ ਜੀਵ ਮਾਇਆ ਨਾਲ ਆਪਣਾ ਮੋਹ ਪੈਦਾ ਕਰ ਲੈਦਾ ਹੈ।
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦੁ ਬਿਨੁ ਨਹੀਂ ਕੋਈ॥
ਭਗਤ ਨਾਮਦੇਵ ਜੀ ਆਖ ਰਹੇ ਹਨ ਕਿ ਮੇਰੀ ਦ੍ਰਿਸਟੀ ਵਿੱਚ ਤਾਂ ਹਰੇਕ ਦੇ ਹਿਰਦੇ ਦੇ ਅੰਦਰ ਹੀ ਗੋਬਿੰਦੁ ਹੈ । ਗੋਬਿੰਦੁ ਤੋ ਬਿਨਾ ਕੋਈ ਹੈ ਹੀ ਨਹੀਂ।
“ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ॥”
ਸੂਤ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥ ਰਹਾਉ॥
ਜਿਵੇ ਕਿ ਸੂਤ ਦੇ ਤਾਗਾ ਹੋਵੇ ਉਸ ਵਿੱਚ ਸੈਂਕੜੇ ਹਜਾਰਾ ਮਣਕੇ ਪਰੋਤੇ ਹੋਏ ਹੋਣ। ਐਵੇ ਹੀ ਪ੍ਰਭੁ ਜੋ ਕਿ ਸਾਡਾ ਮੂਲ ਹੈ ।ਸਾਰਿਆ ਦੇ ਹਿਰਦਿਆ ਦੇ ਅੰਦਰ ਇਸ ਤਰਾਂ ਓਤਿ ਪੋਤਿ ਹੈ। ਭਾਵ ਮਜੂਦ ਹੈ।
ਜਲ ਤਰੰਗ ਅਰੁ ਫੇਨ ਬੁਦਬਦਾ ਜਲ ਤੇ ਭਿੰਨ ਨ ਹੋਈ॥
ਜਿਵੇ ਪਾਣੀ ਵਿਚ ਤਰੰਗ ਝੱਗ ਅਤੇ ਬੁਲਬੁਲਾ ਹੁੰਦੇ ਹੈ ਭਾਵ ਦੇਖਣ ਨੂੰ ਤਾਂ ਇਹ ਪਾਣੀ ਤੋ ਅਲੱਗ ਦਿੱਸਦਾ ਹੈ। ਪਰ ਜੇ ਤੁਸੀ ਹੱਥ ਨਾਲ ਬੁਲਬਲੇ ਨੂੰ ਪਾਣੀ ਤੋ ਅਲੱਗ ਕਰਨ ਦੀ ਕੋਸ਼ਿਸ਼ ਕਰੋ ਤਾਂ ਇਹ ਭਿੰਨ ਨਹੀਂ ਹੁੰਦਾ। ਐਵੇ ਹੀ ਜੀਵ ਅਤੇ ਗੋਬਿੰਦੁ ਹਨ।
ਇਹੁ ਪਰਪੰਚ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ॥
ਇਹ ਪਰਪੰਚ ਸੰਸਾਰ ਜੋ ਹੈ ਇਹ ਪਾਰਬ੍ਰਹਮ ਦੀ ਲੀਲਾ ਭਾਵ ਹੁਕਮ ਕਰਕੇ ਹੀ ਹੈ। ਪਰ ਜੀਵ ਮਨ ਬਾਲਕ ਇੱਥੇ ਆਪਣੀ ਲੀਲਾ ਕਰਣ ਲੱਗ ਜਾਂਦਾ ਹੈ ।ਜਿੰਨਾ ਚਿਰ ਇੱਥੇ ਵਿਚਰਦਾ ਹੈ ਇਹ ਇਸ ਤੋ ਵੱਖਰਾ ਨਹੀਂ ਹੋਣਾ ਚਹੁੰਦਾ। ਭਾਵ ਸੰਸਾਰ ਵਿੱਚ ਪਦਾਰਥਾ,ਰਿਸ਼ਤੇਦਾਰਾ ,ਮਾਤਾ ਪਿਤਾ,ਭੈਣ ਭਰਾਵਾ,ਦੋਸਤਾਂ ਨੂੰ ਸੱਚ ਮੰਨ ਕੇ ਇੱਥੈ ਹੀ ਜੀਅ ਲਾ ਲੈਂਦਾ ਹੈ। ਇਹ ਆਪਣੇ ਮੂਲ (ਹਰਿ)ਗੋਬਿੰਦੁ ਨਾਲ ਨਹੀ ਜੁੜਦਾ। ਅਤੇ ਨਾ ਹੀ ਪਾਰਬ੍ਰਹਮ ਪ੍ਰਭੂ ਦੇ ਹੁਕਮ ਨੂੰ ਬੁੱਝਦਾ ਹੈ।
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ॥
ਐਵੇ ਹੀ ਅਸੀ ਅਗਿਆਨਤਾ ਵਿਚ ਸਭ ਪਦਾਰਥਾਂ ਨੂੰ ਸਤਿ ਕਰਕੇ ਆਪਣਾ ਹੀ ਮੰਨ ਰਹੇ ਹਾਂ। ਪਰ ਸੰਸਾਰ ਇਹ ਇੱਕ ਸੁਪਨੇ ਵਾਂਗ ਹੀ ਹੈ। ਪਰ ਅਸੀ ਅਗਿਆਨਤਾ ਵਿੱਚ ਸੁੱਤੇ ਹੋਏ ਹਾਂ। ਇਸ ਲਈ ਸਾਨੂੰ ਇਹ ਸਭ ਕੁੱਝ ਸੱਚ ਲੱਗ ਰਿਹਾ ਹੈ। ਜਿਵੈ ਸਾਨੂੰ ਰਾਤ ਨੂੰ ਜਦੋ ਸੁਪਨਾ ਅਉਦਾ ਹੈ ਤਾਂ ਸੁਪਨੇ ਵਿੱਚ ਜੋ ਦ੍ਰਿਸ ਦੇਖ ਰਹੇ ਹੁੰਦੇ ਹਾਂ ।ਓਹ ਸੱਚ ਹੀ ਲੱਗਦਾ ਹੈ। ਪਰ ਜਦੋ ਅੱਖ ਖੁੱਲ ਜਾਂਦੀ ਹੈ ਤਾਂ ਸਭ ਕੁਝ ਝੂਠ ਹੀ ਹੁੰਦਾ ਹੈ।
ਐਵੇ ਹੀ ਜਿਸ ਦਿਨ ਅਸੀ ਸਰੀਰ ਛੱਡ ਦੇਣਾ ਉਸ ਸਮੇ ਪਤਾ ਲੱਗਣਾ। ਇਹ ਵੀ ਇੱਕ ਸੁਪਨਾ ਹੀ ਸੀ।
ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡੁ ਮਹਿ ਲਾਗੈ॥
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀਮਨੁ ਮਾਨਿਆ॥
ਜਿਹੜਾ ਮਨੁੱਖ ਗੁਰ ਦੇ ਉਪਦੇਸ ਨਾਲ ਜਾਗ ਪੈਂਦਾ ਹੈ ਤਾਂ ਉਸ ਦੇ ਮਨ ਵਿੱਚ ਤਸੱਲੀ ਹੋ ਜਾਂਦੀ ਹੈ ਕਿ ਸੰਸਾਰ ਵਾਕਿਆ ਹੀ ਸੁਪਨੇ ਦੀ ਤਰਾਂ ਹੈ।
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ॥
ਭਗਤ ਨਾਮਦੇਵ ਜੀ ਫ਼ੁਰਮਾਣ ਕਰਦੇ ਹਨ । ਕਿ ਆਪਣੇ ਹਿਰਦੇ ਵਿੱਚ ਵਿਚਾਰ ਕਰਕੇ ਦੇਖ ਲਉ ਇਹ ਸਭ ਹਰੀ ਦੀ ਰਚਨਾ ਹੀ ਹੈ।
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ॥
ਅਤੇ ਘਟ ਘਟ ਭਾਵ ਹਰੇਕ ਦੇ ਹਿਰਦੇ ਵਿਚ ਇੱਕ ਮੁਰਾਰੀ ਹੀ ਹੈ।