Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਾਨੂੰ ਕੌਣ ਚਲਾ ਰਹਿਆ ਹੈ? ਸਾਡੇ ਤੇ ਕਿਸਦਾ ਹੁਕਮ ਚਲਦਾ?

ਓਹੁ ਅਬਿਨਾਸੀ ਰਾਇਆ॥ ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ॥੧॥ ਰਹਾਉ॥ ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ॥ ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ॥੧॥ ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ॥ ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ॥੨॥ ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ॥ ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ॥੩॥ ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ॥ ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ॥੪॥ ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ॥ ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ॥੫॥੫॥੧੨੬॥ (ਰਾਗੁ ਗਉੜੀ, ਮ ੫, २०६)

ਓਹੁ ਅਬਿਨਾਸੀ ਰਾਇਆ” – ਅਬਿਨਾਸੀ ਹੁੰਦਾ ਜਿਸਦਾ ਨਾਸ ਨਾ ਹੋ ਸਕੇ, ਜੋ ਅਜਰ ਹੋਵੇ ਅਮਰ ਹੋਵੇ। ਅਕਾਲ/ਅੱਲਾਹ ਅਬਿਨਾਸੀ ਹੈ, ਜੀਵ ਦੀ ਜੋਤ (ਜੀਵ ਦਾ ਮੂਲ) ਅਬਿਨਾਸੀ ਹੈ , ਹੁਕਮ ਅਬਿਨਾਸੀ ਹੈ। ਆਦ ਸੱਚ ਹੈ ਤੇ ਜੁਗਾਦ ਵੀ ਸਚ ਹੈ। ਸਮੇ ਚੱਕਰ ਤੋਂ ਪਹਿਲਾਂ ਵੀ ਸੱਚ ਸੀ ਤੇ ਜੁਗਾਦ (ਜੁਗਾਂ ਦੇ ਅੰਤ ਤੋ ਬਾਦ) ਵੀ ਸੱਚ ਰਹਿਣਾ।

“ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ॥੧॥” – ਇੱਥੇ ਸਵਾਲ ਪੁੱਛਿਆ ਜਾ ਰਹਿਆ ਕੇ ਉਹ ਜਿਸਦਾ ਨਾਸ ਨਹੀਂ ਹੋ ਸਕਦਾ ਜੋਤ ਰੂਪ ਵਿੱਚ ਤੇਰੇ ਸੰਗ ਵੱਸਦਾ ਫੇਰ ਤੇਰਾ ਡਰ ਕਿੱਥੋਂ ਆਇਆ। “ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ॥੮੭॥”, “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥”, “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥”। ਬਿਅੰਤ ਉਦਾਹਰਣਾਂ ਨੇ ਗੁਰਬਾਣੀ ਵਿੱਚ ਜੀਵ ਨੂੰ ਉਸਦੀ ਹੋਂਦ ਦਾ ਚੇਤਾ ਕਰਾਉਣ ਲਈ।

ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ॥ ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ॥੧॥ ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ॥ ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ॥੨॥” – ਬਾਹਰ ਮਹਲ ਲੱਬਦਾਂ, ਘਰ, ਗੁਰਦੁਆਰੇ ਤੀਰਥ ਲੱਬਦਾਂ। ਕੋਈ ਕਾਸ਼ੀ ਜਾ ਰਹਿਆ, ਕੋਈ ਮੱਕੇ, ਕੋਈ ਹਰਿਮੰਦਰ। ਗੁਰਮਤਿ ਆਖਦੀ ਅੰਦਰ ਜਿਹੜਾ ਹਰਿ ਦਾ ਮਹਿਲ ਹੈ ਉਹ ਨਹੀਂ ਦਿਸਦਾ “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥੨॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ॥੩॥ ਸਬਦੁ ਚੀਨਿੑ ਸੁਖੁ ਪਾਇਆ ਸਚੈ ਨਾਇ ਪਿਆਰ॥ ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ॥੪॥” ਜਦੋਂ ਜੀਵ ਆਤਮ ਚਿੰਤਨ ਨਾਲ ਗੁਰ (ਗੁਣ) ਲੈ ਕੇ, ਹਰਿਆ ਹੋਇਆ ਇਹ ਘਟ ਅੰਦਰ ਹੀ ਹਰਿ ਦਾ ਮੰਦਰ ਬਣ ਜਾਣਾ। ਗੁਰਮਤਿ ਆਖਦੀ ਬਾਹਰ ਦੀ ਬਦੇਹੀ ਦਿਸਦੀ ਪਰ ਇਸ ਬਦੇਹੀ ਦੇ ਅੰਦਰ ਜੋ ਦੇਹੀ ਹੈ ਘਟ/ਹਿਰਦਾ ਹੈ ਉਹ ਨਹੀਂ ਦਿਸਦਾ। “ਦੇਹੀ ਗੁਪਤ ਬਿਦੇਹੀ ਦੀਸੈ॥”। ਜਦੋਂ ਨਾਮ (ਸੋਝੀ) ਹੋ ਗੀ ਅੰਦਰ ਹੀ ਅੰਮ੍ਰਿਤ (ਸੋਝੀ) ਪ੍ਰਾਪਤ ਹੋਣੀ ਜਿਸ ਨਾਲ ਜੀਵ ਨੇ ਹਰਿਆ ਹੋਣਾ।

“ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ॥ ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ॥੩॥” – ਬਾਹਰ ਦੀ ਬਦੇਹੀ ਤਾਂ ਕਾਠ ਦੀ ਪੁਤਰੀ (ਕੱਠ ਪੁਤਲੀ) ਹੈ ਜਿਸਨੂੰ ਅੰਦਰ ਬੈਠੀ ਜੋਤ, ਅੰਦਰ ਬੈਠਾ ਮੂਲ਼ ਚਲਾ ਰਹਿਆ ਹੈ ਖਿਲਾਵਨਹਾਰ ਹੈ। ਇਹ ਜੇਹੋ ਜਹਿਆ ਬਾਹਰੀ ਭੇਖ ਕਰ ਰਹਿਆ ਗਿਆਨ ਵਿੱਚ ਜਾਂ ਅਗਿਆਨਤਾ ਵਿੱਚ ਵੈਸਾ ਹੀ ਬਾਹਰੀ ਭੇਖ ਬਣਾ ਲੈਂਦੀ ਇਹ ਕੱਠਪੁਤਲੀ।

“ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ॥ ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ॥੪॥” – ਜੀਵ ਦਾ ਮੂਲ ਆਪਣੀ ਮਰਜੀ ਨਾਲ ਕਈ ਭੇਖ ਕਰ ਕਰ ਕੇ ਆਉਂਦਾ ਰਹਿਆ ਹੈ। “ਅਸਥਾਵਰ ਜੰਗਮ ਕੀਟ ਪਤੰਗਾ॥ ਅਨਿਕ ਜਨਮ ਕੀਏ ਬਹੁ ਰੰਗਾ॥੧॥ ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ ਰਾਮ ਗਰਭ ਹੋਇ ਆਏ॥੧॥ ਰਹਾਉ॥ ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ॥੨॥” ਕਬੀਰ ਜੀ ਆਖਦੇ ਇੱਦਾਂ ਦੇ ਘਰ ਅਸੀਂ ਬਥੇਰੇ ਵਸਾਏ ਨੇ, ਕਦੇ ਜਾਨਵਰ, ਕਦੇ ਕੀਟ ਪਤੰਗੇ, ਕਦੇ ਰਾਜੇ ਕਦੇ ਭੇਖਾਰੀ। ਜਦੋਂ ਤਾਂ ਆਪਣੀ ਮਤਿ ਚਲਦੀ ਰਹੀ ਇਹ ਭੇਖ ਧਾਰਣ ਹੁੰਦੇ ਰਹਿਣੇ। ਹੁਕਮ ਨੂੰ ਮੰਨ ਕੇ ਹੀ ਸੁੱਖ ਮਿਲਦਾ।

“ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ॥ ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ॥੫॥੫॥੧੨੬॥” – ਜੋ ਕਰਤਾ ਹੈ ਉਹੀ ਜਾਣਦਾ, ਉਸਦਾ ਹੁਕਮ ਚਲਦਾ। ਉਹ ਜਿਸਨੂੰ ਕੋਈ ਨਹੀਂ ਚਲਾ ਸਕਦਾ ਤੇ ਚਲਾ ਰਹਿਆ ਉਹੀ ਆਪਣੀ ਕੀਤੇ ਦੀ ਕੀਮਤ ਜਾਨਣ ਵਾਲਾ ਹੈ। ੳਸੁਦੲ ਹੁਕਮ ਹੀ ਸਤਿ ਹੈ।