Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਹੁਕਮ ਅਤੇ ਪਾਤਿਸ਼ਾਹ

ਹੁਕਮ ਤਾਂ ਵਰਤ ਰਹਿਆ ਹਰ ਵੇਲੇ। ਇਕ ਭਾਣਾ ਦਰਗਾਹ ਤੋਂ ਆਇਆ ਦੂਜਾ ਸਾਡੇ ਮਨ ਦੀ ਇੱਛਾ ਹੈ “ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥” ਆਪਣੇ ਮਨ ਦੀ ਇੱਛਾ ਜਾਂ ਭਾਣੇ ਤੇ ਚੱਲਣ ਦੀ ਸੋਚ ਜਦੋਂ ਹੁਕਮ ਨਾਲ ਨਹੀਂ ਰਲਦੀ ਤਾਂ ਦੁਖ ਮਿਲਦੇ। ਭਾਣਾ ਜਾਂ ਇੱਛਾ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਅਸੀਂ ਆਖ ਤਾਂ ਦੁੰਦੇ ਹਾਂ ਕੇ ਅਸੀਂ ਭਾਣਾ ਮੰਨ ਰਹੇ ਹਾਂ ਜਾਂ ਹੁਕਮ ਸਮਝ ਲਿਆ ਜਾਂ ਮੰਨਦੇ ਹਾਂ ਪਰ ਪਾਤਸ਼ਾਹ ਆਖਦੇ ਹੁਕਮ ਮੰਨਣ ਨਾਲ ਕੀ ਹੁੰਦਾ “ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥”। ਅਸਲ ਵਿੱਚ ਹੁਕਮ ਮੰਨਣ ਦੀ ਥਾਂ ਅਸੀਂ ਕਰਤਾ ਭਾਵ ਵਿੱਚ ਫਸੇ ਹੋਏ ਹਾਂ ਜਦੋਂ ਤਕ ਸੰਪੂਰਣ ਭਰੋਸਾ ਨਾ ਹੋਵੇ ਕਰਤਾ ਭਾਵ ਖਤਮ ਨਾ ਹੋਵੇ ਉਦੋਂ ਤਕ ਹੁਕਮ ਵਿੱਚ ਰਾਸ ਨਹੀਂ ਰਲੀ। “ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ॥੨॥” ਮਰਕਟ ਮੁਸਟੀ ਅਰਥ ਬਾਂਦਰ ਨੂੰ ਫੜਨ ਲਈ ਇੱਕ ਨਿੱਕੇ ਮੂਹ ਦੇ ਭਾਂਡੇ ਵਿੱਚ ਅਨਾਜ ਪਾ ਕੇ ਰੱਸੀ ਨਾਲ ਭਾਂਡੇ ਨੂੰ ਬੰਨ ਦਿੱਤਾ ਜਾਂਦਾ। ਬਾਂਦਰ ਜਦੌ ਮੁੱਠੀ ਨਾਲ ਅਨਾਜ ਫੜ ਲੈਂਦਾ ਤਾਂ ਭਾਂਡੇ ਵਿੱਚ ਫਸ ਜਾਂਦਾ ਲਾਲਚ ਕਾਰਣ ਹੱਥ ਬਾਹਰ ਨਹੀਂ ਕੱਢ ਸਕਦਾ ਤੇ ਫੇਰ ਮਦਾਰੀ ਬਾਂਦਰ ਨੂੰ ਕਾਬੂ ਕਰ ਲੈਂਦਾ। ਉਸੇ ਤਰਾਂ ਮਨ ਨੇ ਇੱਛਾਂਵਾਂ ਫੜੀਆਂ ਹੋਈਆਂ ਨੇ ਲਾਲਚ ਕਾਰਣ, ਵਿਕਾਰਾਂ ਕਾਰਣ ਛੱਡ ਨਹੀਂ ਰਹਿਆ। ਛੁਟਣ ਨੂੰ ਹੁਣ ਸੰਸਾ (ਸ਼ੰਕਾ confusion) ਪਿਆ, ਜਿਸ ਕਾਰਣ ਬਾਂਦਰ ਨੂੰ ਘਰ ਘਰ ਨੱਚਣਾ ਪੈਂਦਾ। ਉੱਦਾਂ ਹੀ ਕਈ ਸ਼ੋਭਾ, ਲੋਕਾਂ ਵਿੱਚ ਧਰਮੀ ਦਿਸਣ ਦੇ ਲਾਲਚ ਵਿੱਚ, ਲੋਕਾਂ ਵਿੱਚ ਜੱਥੇਦਾਰ, ਲੀਡਰ, ਸੇਵਕ ਦਿਸਣ ਦੀ ਇੱਛਾ ਵਿੱਚ ਫਸ ਜਾਂਦੇ ਨੇ ਤੇ ਘਰ ਘਰ ਨੱਚਦੇ ਫਿਰਦੇ ਨੇ ਅਰਥ ਕਦੇ ਕਿਸੇ ਦੇ ਦੱਸੇ ਰਾਹ ਤੇ ਕਦੇ ਕਿਸੇ ਦੇ ਦੱਸੇ ਰਾਹ ਤੇ ਤੁਰੀ ਜਾਂਦੇ ਨੇ। ਨਿਜ ਘਰ ਦਰਗਾਹ ਦੇ ਰਸਤੇ ਤੋਂ ਦੂਰ ਹੋਈ ਜਾਂਦੇ ਨੇ।

ਹੁਕਮ ਜਦੋਂ ਮੰਨ ਲਿਆ ਤਾ ਪਾਤਿਸਾਹ ਬਣ ਜਾਂਦਾ ਜੀਵ। ਅਸੀਂ ਪਾਤਿਸ਼ਾਹ ਸ਼ਬਦ ਨੂੰ ਨਹੀਂ ਸਮਝੇ। ਬਾਦਸ਼ਾਹ ਹੁੰਦਾ ਹੈ ਬਾਦ (ਵਾਦ/ਵਿਵਾਦ) ਜਿੱਤਣ ਵਾਲਾ ਦੁਨਿਆਵੀ ਰਾਜੇ ਨੂੰ ਆਖ ਸਕਦੇ। ਪਾਤਿ ਹੁੰਦਾ ਰਾਹ, ਪਾਤਿਸ਼ਾਹ ਦਾ ਅਰਥ ਬਣਦਾ ਰਾਹ ਦਾ ਸ਼ਾਹ, ਰਾਹ ਤੇ ਚੱਲਣ ਵਾਲਾ। ਜਿਸਨੂੰ ਦਰਗਾਹ ਦਾ ਰਾਹ (ਰਸਤਾ) ਪਤਾ ਹੋਵੇ ਜਿਸਨੇ ਦਰਗਾਹ ਦਾ ਰਸਤਾ ਜਿੱਤ ਲਿਆ ਹੋਵੇ। “ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥” ਜੋ ਪਾਤਿਸਾਹੀ ਦਾਵੇ ਰੱਖਦੇ ਨੇ ਉਹ ਸਿਰ ਕੇਵਲ ਗੁਰ ਸਤਿਗੁਰ ਅੱਗੇ ਹੀ ਭੇਂਟ ਕਰਦੇ ਨੇ। ਨਾ ਕੇ ਅੱਜ ਕਿਸੇ ਨੂੰ ਭੇਂਟ ਕਰਤਾ, ਚੱਕ ਕੇ ਤੁਰ ਪਏ ਕੱਲ ਕਿਸੇ ਹੋਰ ਨੂੰ ਭੇਂਟ ਕਰਤਾ। ਨਾ ਹੀ ਉਹ ਦੁਨਿਆਵੀ ਸਾਧ, ਸੰਤ, ਗਿਆਨੀ ਮਹਾਪੁਰਖ ਆਦੀ ਕਹਾਉਣ ਵਾਲੇ ਨੂੰ ਸਿਰ ਭੇਂਟ ਕਰਦੇ ਨੇ। ਆਪਣੇ ਤੇ ਗੁਰੂ ਦੇ ਵਿਚਲੇ ਫਾਸਲੇ ਖਤਮ ਕਰਦੇ ਨੇ। ਕੇਵਲ ਗੁਰੂ ਤੋਂ ਆਸ ਰੱਖਦੇ ਗਿਆਨ ਦੀ ਵੀ ਤੇ ਕਿਰਪਾ ਦੀ ਵੀ। ਸਿਰ ਕੇਵਲ ਇੱਕੋ ਵਾਰ ਭੇਂਟ ਹੁੰਦਾ ਬਾਰ ਬਾਰ ਨਹੀਂ। ਜਦੋਂ ਭੇਂਟ ਕਰਤਾ ਫੇਰ ਚੁੱਕਣਾ ਨਹੀਂ ਹੈ। ਸਿਰ ਭੇਂਟ ਕਰਨਾ ਅਰਥ ਆਪਣੀ ਮੈਂ ਮਾਰ ਕੇ ਗੁਰੂ ਨੂੰ ਭੇਂਟ ਕਰ ਦਿੱਤੀ ਹੁਣ ਕੇਵਲ ਗੁਰਮਤਿ (ਗੁਣਾਂ ਦੀ, ਗੁਰੂ ਦੀ ਮਤਿ) ਤੇ ਚਲਣਾ।

ਮੰਨੇ ਹੁਕਮੁ ਸੁ ਪਰਗਟੁ ਜਾਇ॥

ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥

ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥ – ਇੱਥੇ ਬੁੱਧ ਨੇ ਸੁਹਾਗਣ ਹੋਣਾ ਰਾਮ/ਹਰਿ/ਜੋਤ/ਮੂਲ ਦਾ ਹੁਕਮ ਮੰਨ ਕੇ। ਜਦੋਂ ਤਕ ਮਨ (ਅਗਿਆਨਤਾ) ਦਾ ਹੁਕਮ ਮੰਨਦੀ ਦੁਹਾਗਣ ਹੈ।

ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ॥

ਇਸ ਲਈ ਅਸੀਂ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ। ਪਾਤਿ (ਗੁਰ ਦੀ ਦੱਸੀ ਰਾਹ) ਤੇ ਚੱਲਾਂਗੇ ਤਾਂ ਪਾਤਿਸ਼ਾਹੀ ਦਾਵਾ ਮਿਲਣਾ, ਕਹਣ ਮਾਤਰ ਨਾਲ ਗੱਲ ਨਹੀਂ ਬਣਦੀ। ਟਕਰਾਓ ਹੈ ਮਨ ਦੀ ਇੱਛਾ ਕਾਰਣ ਮਨ ਦੇ ਭਾਣੇ ਕਾਰਣ। ਹੁਕਮ ਤਾਂ ਇੱਕੋ ਵਰਤ ਰਹਿਆ “ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ॥੩॥” ਸਾਡੀ ਇੱਛਾ ਸਾਡਾ ਮਨ ਇਸਦੇ ਨਾਲ ਰਾਜੀ ਨਹੀਂ ਹੈ ਇਸ ਕਾਰਣ ਦੁਖ ਭੋਗਦਾ ਕਿਉਂਕੇ ਚਾਹੁੰਦਾ ਤਾਂ ਹੈ ਪਰ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ।

ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ॥ 
ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਨ ਜਾਵੈ॥੧॥ 
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ॥ 
ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਨ ਲਹੀਐ॥੧॥ ਰਹਾਉ॥ 
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ॥ 
ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਨ ਜਮ ਕੀ ਫਾਸੀ॥੨॥ 
ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ॥ 
ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ॥੩॥ 
ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ॥ 
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ॥੪॥੧॥੭॥੫੮॥ (ਰਾਗ ਗਉੜੀ, ਭਗਤ ਕਬੀਰ ਜੀ, ੩੩੬)

Resize text