ਭਲਕਾ, ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ
ਅੱਜ ਸਿੱਖਾਂ ਵਿੱਚ ਕਈ ਭੁਲੇਖੇ ਪਾਏ ਹੋਏ ਨੇ ਪਾਖੰਡ ਭਗਤੀ ਕਰਨ ਕਰਾਉਣ ਵਾਲਿਆਂ ਨੇ ਜਿਹਨਾਂ ਵਿੱਚੋਂ ਇੱਕ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਦਾ ਅਰਥ ਹੁੰਦਾ ਹੈ ਜੋ ਮ੍ਰਿਤ ਨਾ ਹੋਵੇ ਜਾਂ ਜੋ ਮਰੇ ਨਾ, ਸਦੀਵ ਰਹੇ। ਕੋਈ ਆਖਦਾ ੨ ਵਜੇ ਉੱਠੋ, ਕੋਈ ਆਖਦਾ ੪ ਵਜੇ ਅੰਮ੍ਰਿਤ ਵੇਲਾ ਹੁੰਦਾ, ਕੋਈ ਆਖਦਾ ੧੨-੧੨ਃ੩੦ ਸਵੇਰ ਦੇ ਅੰਮ੍ਰਿਤ ਵੇਲਾ ਹੁੰਦਾ। ਪਹਿਲਾਂ ਇਹ ਸਮਝਣਾ ਹੈ ਕੇ ਅੰਮ੍ਰਿਤ ਕੀ ਹੈ “ਅੰਮ੍ਰਿਤੁ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ ॥” – ਅੰਮ੍ਰਿਤ ਤਾਂ ਹਰਿ ਦਾ ਨਾਮ (ਹਰਿ ਦਾ ਗਿਆਨ ਹਰਿ ਦੀ ਸੋਝੀ) ਹੈ।
ਇਹ ਗਲ ਠੀਕ ਹੈ ਕੇ ਸਵੇਰੇ ਉੱਠ ਕੇ ਬਾਣੀ ਪੜ੍ਹ ਕੇ ਛੇਤੀ ਸਮਝ ਆ ਸਕਦੀ ਹੈ ਕਿਉਂਕੇ ਸਰੀਰ ਤੇ ਦਿਮਾਗ ਥੱਕੇ ਨਹੀਂ ਹੁੰਦੇ। ਪਰ ਜੇ ਸਵੇਰ ਦਾ ਸਮਾ ਅੰਮ੍ਰਿਤ ਵੇਲਾ ਹੋਵੇ ਤਾਂ ਕਦੇ ਖਤਮ ਨਾ ਹੋਵੇ ਜਾਂ ਫੇਰ ਉਸ ਸਮੇ ਕਿਸੇ ਦੀ ਮੌਤ ਨਹੀਂ ਹੋਣੀ ਚਾਹੀਦੀ। ਗੁਰਬਾਣੀ ਅੰਮ੍ਰਿਤ ਵੇਲਾ ਸਮਝਾਉਂਦੀ ਹੈ। ਗੁਰਬਾਣੀ ਪਾਠ ਕਰਨ ਦੇ ਸਮੇ ਬਾਰੇ ਕੀ ਆਖਦੀ ਆਓ ਵਿਚਾਰੀਏ।
“ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ॥” – ਹਰ ਉਹ ਵੇਲਾ (ਸਮਾ) ਜਦੋਂ ਸੱਚੇ ਦੇ ਨਾਉ (ਗਿਆਨ/ਸੋਝੀ) ਦੀ ਵਡਿਆਈ ਹੋਵੇ ਵੀਚਾਰੁ ਹੋਵੇ ਉਹ ਸਮਾ ਅੰਮ੍ਰਿਤ ਵੇਲਾ ਹੈ। ਦਿਨ ਦੇ ਕਿਸੇ ਪਹਿਰ ਵਿੱਚ ਗੁਰਬਾਣੀ ਪੜ੍ਹੀ ਸੁਣੀ ਵਿਚਾਰੀ ਜਾਵੇ ਸਮਝੀ ਜਾਵੇ ਉਹ ਸਮਾ ਪਰਵਾਨ ਹੈ ਮਰਦਾ ਨਹੀਂ ਉਹ ਘੜੀਆਂ ਸਫ਼ਲ ਨੇ ਜੋਤ ਦੇ ਨਾਲ ਜਾਣੀਆਂ ਦਰਗਾਹ ਵਿਚ। ਬਾਣੀ ਇਹ ਵੀ ਆਖਦੀ ਕੇ ਜੇ ਸਮੇ ਦੀ ਵਿਚਾਰ ਕਰੀਏ ਤਾਂ ਭਗਤੀ ਨਹੀਂ ਹੋ ਸਕਦੀ। ਦੂਜੇ ਧਰਮਾਂ ਦੇ ਲੋਗ ਸਮਾ ਦੇਖ ਕੇ ਰੱਬ ਦਾ ਨਾਮ ਲੈਂਦੇ ਸੀ ਸਾਡੇ ਵਾਲੇ ਵੀ ਉਹੀ ਕਰ ਰਹੇ ਨੇ। ਜਿਵੇਂ ਮੁਸਲਮਾਨ ਵੀ ਫ਼ਜ਼ਰ ਦੀ ਨਮਾਜ਼ ਸਵੇਰੇ ਪੰਜ ਵਜੇ ਪੜ੍ਹਦੇ ਹਨ ਸਾਡੇ ਵਾਲੇ ਵੀ ਇਹੀ ਕਰਦੇ ਨੇ। ਗੁਰਬਾਣੀ ਦਾ ਫੁਰਮਾਨ ਹੈ ਕੇ
“ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ॥ ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ॥ ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥ ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ॥੧॥”
ਹਰ ਉਹ ਵੇਲਾ ਧੰਨ ਹੈ ਜਦੋਂ ਸੱਚੇ ਦੇ ਗੁਣਾਂ ਦੀ ਵਿਚਾਰ ਕਰੇ ਗੁਣ ਹਾਸਿਲ ਕੀਤੇ ਜਾਣ।
“ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ॥ ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ॥ ਧੰਨੁ ਮੂਰਤ ਚਸੇ ਪਲ ਘੜੀਆ ਧੰਨਿ ਸੁ ਓਇ ਸੰਜੋਗਾ ਜੀਉ॥੧॥”
“ਗੁਰ ਪਰਸਾਦਿ ਕਿਨੈ ਵਿਰਲੈ ਜਾਣੀ॥ ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ॥੧॥“
“ਵੇਲਾ ਵਖਤ ਸਭਿ ਸੁਹਾਇਆ॥ ਜਿਤੁ ਸਚਾ ਮੇਰੇ ਮਨਿ ਭਾਇਆ॥ ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ॥੨॥“
“ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ॥ ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ॥੪॥“
“ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ॥ ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ॥“
“ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ॥“
“ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ॥“
“ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ॥“
“ਸਭੇ ਵਖਤ ਸਭੇ ਕਰਿ ਵੇਲਾ॥ ਖਾਲਕੁ ਯਾਦਿ ਦਿਲੈ ਮਹਿ ਮਉਲਾ॥ ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ॥੭॥“
“ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ॥ ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ॥੩॥” – ਹਰਿ ਦਾ ਨਾਮੁ ਅੰਮ੍ਰਿਤ ਹੈ ਇਹੀ ਗੁਰਮੁਖਾਂ ਦਾ ਬ੍ਰਹਮ ਦੇ ਗਿਆਨਵਾਨ ਦਾ ਭੋਜਨ ਹੈ ਜੋ ਹਰ ਸਮੇ ਮੁਖਿ ਵਿੱਚ ਪਾਉਣਾ ਹੈ “ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥”। ਜਿਵੇਂ ਸਰੀਰ ਦਾ ਭੋਜਨ ਅਸੀਂ ਦਾਲ ਰੋਟੀ ਛਕਦੇ ਹਾਂ ਉਦਾਂ ਹੀ ਮਨੁ ਦਾ ਭੋਜਨ ਗਿਆਨ ਹੈ ਜੋ ਇਸਦਾ ਧਿਆਨ ਇਸਦੀ ਸੁਰਤ ਨੂੰ ਸੋਝੀ ਵਲ ਪਰਮੇਸਰ ਵਲ ਟਿਕਾ ਕੇ ਰਖਦਾ ਹੈ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਂਨੁ ਨ ਹੋਇ ॥੫॥”
ਜੇ ਇੱਕ ਪਲ ਵੀ ਉਹ ਵਿਸਰ ਜਾਵੇ ਉਸਦਾ ਹੁਕਮ ਉਸਦੇ ਗੁਣ ਵਿਸਰ ਜਾਣ ਤਾਂ ਉਹ ਪਲ ਬਿਰਥਾ ਜਾਂਦਾ ਹੈ।
“ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥੫॥“
“ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ॥“
“ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ॥“
ਹੁਣ ਇਹ ਸਾਨੂੰ ਸੋਚਣਾ ਹੈ ਕੇ ਅਸੀਂ ਦਿਨ ਦੇ ਇੱਕ ਸਮੇ ਨੂੰ ਹੀ ਅੰਮ੍ਰਿਤ ਵੇਲਾ ਮੰਨਣਾ ਹੈ ਜਾਂ ਹਰ ਸਮੇ ਹਰ ਪਲ ਹੁਕਮ ਚੇਤੇ ਰੱਖਣਾ ਹੈ। ਗੁਰਮਤਿ ਤਾਂ ਮਨੁਖੀ ਜੀਵਨ ਨੂੰ ਹੀ ਨੀਂਦ ਮੰਨਦੀ ਹੈ ਜਿਸ ਵਿੱਚ ਜੀਵ ਸੰਸਾ (ਸ਼ੰਕਾ), ਅਗਿਆਨਤਾ ਦੀ ਨੀਂਦ ਸੁਤਾ ਮੰਨਦੀ “ਮੇਰਾ ਮੇਰਾ ਕਰਿ ਕਰਿ ਵਿਗੂਤਾ॥ ਆਤਮੁ ਨ ਚੀਨੑੈ ਭਰਮੈ ਵਿਚਿ ਸੂਤਾ॥੧॥”। ਅਤੇ ਗਿਆਨ ਤੋਂ ਪ੍ਰਾਪਤ ਸੋਝੀ ਨੂੰ ਭਲਕਾ ਮੰਨਦੀ ਹੈ ਜਦੋਂ ਥੋੜੀਆਂ ਥੋੜੀਆਂ ਅੱਖਾਂ ਖੁਲਦੀਆਂ ਗੁਰਮਤਿ ਗਿਆਨ ਦੇ ਚਾਨਣੇ ਨਾਲ
”ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥” ਗੁਰਬਾਣੀ ਦਾ ਫੁਰਮਾਨ ਹੈ “ਜਾਗ ਲੇਹੁ ਰੇ ਮਨਾ ਜਾਗ ਲੇਹੁ। ਕਹਾ ਗਾਫਲ ਸੋਇਆ॥”। ਦੀਵਾਨਾ ਹੋਣਾ ਪੈਂਦਾ ਹੈ ਨਾਨਕ ਵਾਂਗ, ਗਿਆਨ ਤੋਂ ਸੋਝੀ ਮਿਲਣ ਲਈ ਗੁਰਮਤਿ ਵਿਚਾਰ ਵਿੱਚ ਭਿੱਜਣਾ ਪੈਂਦਾ ਹੈ।
ਭਲਕਾ – ਭਲਕਾ ਹੈ ਜਦੋਂ ਅਗਿਆਨਤਾ, ਵਿਕਾਰਾਂ ਤੇ ਮਨਮਤਿ ਛੱਡ ਮਨੁੱਖ ਨਾਮ (ਗਿਆਨ ਤੋਂ ਪ੍ਰਾਪਤ ਸੋਝੀ) ਦੇ ਚਾਨਣੇ ਵਿੱਚ ਆਪਣੇ ਨੇਤ੍ਰ (ਅੱਖਾਂ ਬਦੇਹੀ ਤੋਂ ਸੰਸਾਰ ਵੇਖਣ ਲਈ, ਨੇਤ੍ਰ ਭਾਵ ਸੋਝੀ ਜਾਂ ਗਿਆਨ ਅੰਜਨ) ਖੋਲਦਾ ਹੈ। ਜੇ ਭਲਕੇ ਨੂੰ ਦੁਨਿਆਵੀ ਸਵੇਰ ਮੰਨਦੇ ਹਾਂ ਤਾਂ ਅੰਮ੍ਰਿਤ ਸਰੋਵਰ ਜੋ ਘਟ ਵਿੱਚ ਮੌਜੂਦ ਹੈ ਉਹ ਛੱਡ ਕੇ ਬਾਹਰ ਮੰਨਣਾ ਪੈਣਾ ਤੇ ਫੇਰ ਜਿਹੜੇ ਸਿੱਖ ਅਖਾਉਣ ਵਾਲੇ ਅੰਮ੍ਰਿਤਸਰ, ਪੰਜਾਬ ਨਹੀਂ ਰਹਿੰਦੇ ਕਦੇ ਵੀ ਗੁਰਬਾਣੀ ਦਾ ਆਦੇਸ਼ ਨਹੀਂ ਮੰਨ ਸਕਦੇ ਕਿਉਂਕੇ ਗੁਰਬਾਣੀ ਆਖਦੀ ਹੈ “ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥” – ਨਾਵੈ ਦਾ ਅਰਥ ਨਾਮ ਹੁੰਦਾ ਹੈ ਪ੍ਰਮਾਣ “ਵਿਣੁ ਨਾਵੈ ਨਾਹੀ ਕੋ ਥਾਉ॥”। ਅੰਮ੍ਰਿਤ (ਸਦੀਵ ਰਹਿਣ ਵਾਲਾ ਗਿਆਨ ਦਾ) ਸਰੋਵਰ ਘਟ ਅੰਦਰ ਹੀ ਮੰਨਦੀ ਹੈ ਗੁਰਮਤਿ। ਦਸਮ ਪਾਤਿਸ਼ਾਹ ਆਪਣੀ ਸਾਰੀ ਉਮਰ ਹਰਿਮੰਦਿਰ (ਅੰਮ੍ਰਿਤਸਰ, ਪੰਜਾਬ) ਨਹੀਂ ਗਏ ਕਿਉਂਕੇ ਮੀਣਿਆਂ ਦਾ ਕਬਜ਼ਾ ਸੀ ਉੱਥੇ।
”ਭਿੰਨੀ ਰੈਨੜੀਐ ਚਾਮਕਨਿ ਤਾਰੇ॥” – ਜਦੋਂ ਰਾਤ ਦੇ ਹਨੇਰੇ ਵਿੱਚ ਗੁਣ ਤਾਰਿਆਂ ਵਾਂਗ ਦਿਸਣ ਲਗ ਜਾਂਦੇ ਨੇ।
”ਬਾਬੀਹਾ ਭਿੰਨੀ ਰੈਣਿ ਬੋਲਿਆ ਸਹਜੇ ਸਚਿ ਸੁਭਾਇ॥”
ਗੁਰਬਾਣੀ ਦਾ ਫੁਰਮਾਨ ਹੈ ਕੇ ਜੀਵ ਦੇ ਘਟ ਵਿੱਚ ਹੀ ਗਿਆਨ ਦਾ ਅੰਮ੍ਰਿਤ ਭਰਿਆ। ਭਲਕੇ (ਸ਼ੰਕੇ/ਅਗਿਆਨਤਾ ਦੀ ਨੀਂਦ ਤੋਂ) ਜਾਗ ਕੇ ਇਸ ਅੰਮ੍ਰਿਤ ਸਰੋਵਰ ਵਿੱਚ ਸਨਾਨ ਕਰਨਾ ਹੈ ਹੁਕਮ ਦੀ ਸੋਝੀ ਲੈਣੀ ਹੈ।
”ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥”
”ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥੨॥”
”ਘਟ ਅੰਤਰਿ ਅੰਮ੍ਰਿਤੁ ਰਖਿਓਨੁ ਗੁਰਮੁਖਿ ਕਿਸੈ ਪਿਆਈ॥੯॥”
”ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥”
”ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥”
”ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥”
ਜਦੋਂ ਅੰਮ੍ਰਿਤ ਸਮਝ ਆ ਗਿਆ, ਸਮਾ ਸਮਝ ਆ ਗਿਆ ਉਦੋਂ ਪਤਾ ਲੱਗਣਾ ਕੇ ਹਰ ਸਮੇ ਹੀ ਗੁਰਮਤਿ ਤੋਂ ਪ੍ਰਾਪਤ ਸੋਝੀ ਚੇਤੇ ਰੱਖਣੀ ਹੈ।
ਗੁਰਬਾਣੀ ਅੰਦਰ ਮਨੁੱਖੀ-ਜੀਵਨ ਦੀ ਰਾਤ ਨੂੰ ਚਾਰ ਪਹਿਰਿਆਂ ਵਿਚ ਵੰਡਿਆ ਗਿਆ ਹੈ।
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ॥
ਦੂਜੇ ਪਹਿਰੇ।
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ॥
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ॥
ਤੀਜੇ ਪਹਿਰੇ।
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਗਾ ਆਲਿ ਜੰਜਾਲਿ॥
ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਖੁ ਸੰਚੈ ਅੰਧੁ ਅਗਿਆਨੁ॥
ਚੌਥੇ ਪਹਿਰੇ।
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਿਰਧਿ ਭਇਆ ਤਨੁ ਖੀਣੁ॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਚਲਣ ਵੇਲਾ ਆਦੀ॥
ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਦਿਨੁ ਨੇੜੈ ਆਇਆ ਸੋਇ॥
ਗੁਰਬਾਣੀ ਗੁਰਮਤ ਗਿਆਨ ਫਲਸ਼ਫੇ ਅਨੁਸਾਰ ‘ਗੁਰਬਾਣੀ’ ਅੰਦਰ ਕਿਧਰੇ ਵੀ ਅਜੇਹਾ {ਹਠ ਜਪੁ} ਕਰਨ ਲਈ ਨਹੀਂ ਕਿਹਾ ਗਿਆ। ਗੁਰਬਾਣੀ ਸੰਸਾਰੀ ਸਮੇ ਦੇ ਕਿਸੇ ਖ਼ਾਸ ਪਹਿਰੇ ਨੂੰ ਅਹਿਮੀਅਤ ਨਹੀਂ ਦਿੰਦਾ, ਬਲਕਿ ਮਨੁੱਖੀ-ਜੀਵਨ ਕਾਲ ਦੇ ਹਰ ਸਮੇਂ ਨੂੰ ਸਫ਼ਲਾ ਬਨਾਉਂਣ ਦੀ ਹਦਾਇਤ ਕਰਦੀ ਹੈ। ਅੰਮ੍ਰਿਵੇਲੇ, ਦੁਪਹਿਰੇ-ਚੌਪਹਿਰੇ ਕੱਟਣੇ, ਗੁਰਬਾਣੀ ਗੁਰਮੱਤ ਫਲਸ਼ਫੇ ਅਨੁਸਾਰ ਨਹੀਂ ਹਨ। ਇਕ ਭੇਡਚਾਲ ਬਣ ਗਈ ਹੈ। ਆਪਣੀ ਦੁਕਾਨਦਾਰੀ ਚਲਾਉਂਣ ਲਈ ਪਾਖੰਡੀ ਡੇਰੇਦਾਰ ਅਜੇਹੇ ਫਾਲਤੂ ਕੰਮਾਂ ਦਾ ਪ੍ਰਚਾਰ ਬੜੈ ਜ਼ੋਰ-ਸ਼ੌਰ ਨਾਲ ਕਰਦੇ ਹਨ ਅਤੇ ਅਗਿਆਨੀ ਜਨਤਾ ਬੇਵਾਕੂਫ਼ ਬਣ ਜਾਂਦੀ ਹੈ।
“ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥੧॥ ਸੰਤਹੁ ਸਾਗਰੁ ਪਾਰਿ ਉਤਰੀਐ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ॥੧॥ ਰਹਾਉ ॥ ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥ ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥ ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥”
“ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥ ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥ ਕੂੜਿ ਕਪਟਿ ਕਿਨੈ ਨ ਪਾਇਓ ਜੋ ਬੀਜੈ ਖਾਵੈ ਸੋਇ ॥੩॥”
ਦੁਪਹਿਰੇ-ਚੌਪਹਿਰੇ ਕੱਟਣੇ, ਗੁਰਬਾਣੀ ਗੁਰਮਤ ਫਲਸ਼ਫੇ ਅਨੁਸਾਰ ਨਹੀਂ ਹਨ। ਇਕ ਭੇਡਚਾਲ ਬਣ ਗਈ ਹੈ। ਆਪਣੀ ਦੁਕਾਨਦਾਰੀ ਚਲਾਉਂਣ ਲਈ ਪਾਖੰਡੀ ਡੇਰੇਦਾਰ ਅਜੇਹੇ ਫਾਲਤੂ ਕੰਮਾਂ ਦਾ ਪ੍ਰਚਾਰ ਬੜੈ ਜ਼ੋਰ-ਸ਼ੌਰ ਨਾਲ ਕਰਦੇ ਹਨ ਅਤੇ ਅਗਿਆਨੀ ਜਨਤਾ ਬੇਵਾਕੂਫ਼ ਬਣ ਜਾਂਦੀ ਹੈ।
ਧੁੱਪੇ ਬੈਠ ਕੇ ਪਾਠ ਕਰਨ ਨਾਲ ਕੋਈ ਲਾਭ ਨਹੀਂ ਹੋਣ ਵਾਲਾ। ਬਲਕਿ ਤੁਸੀਂ ਬੀਮਾਰ ਜਰੂਰ ਹੋ ਸਕਦੇ ਹੋ। ਅਜੇਹੇ ਫਾਲਤੂ ਪਾਖੰਡਾਂ ਤੋਂ ਤੁਸੀਂ ਆਪ ਬਚਣਾ ਹੈ ਪਾਖੰਡੀ ਸਾਧੜੇ ਤਾਂ ਚਹੂੰਦੇ ਹਨ ਕਿ ਆਮ ਸੰਗਤ ਬੇਵਾਕੂਫ਼ ਬਣੀ ਰਹੇ ਅਤੇ ਉਹਨਾਂ ਦੀ ਜੀ ਹਜ਼ੂਰੀ ਕਰਦੇ ਰਹੇ।
ਗੁਰਬਾਣੀ ਪਾਠ ਕਰਨ ਦਾ ਲਾਹਾ ਲਿਆ ਜਾ ਸਕਦਾ ਹੈ, ਕੇਵਲ ਸਬਦ-ਵਿਚਾਰ ਕਰਕੇ। ਗੁਣਾਂ ਦੀ ਵਿਚਾਰ ਕਰਕੇ।
ਰਹਿਰਾਸ
ਸਿੱਖਾਂ ਵਿੱਚ ਸੰਸਾਰੀ ਸਮੇ ਅਨੁਸਾਰ ਸ਼ਾਮ ਨੂੰ ਕੀਤੇ ਗਏ ਗੁਰਬਾਣੀ ਪਾਠ ਨੂੰ ਰਹਿਰਾਸ ਸਾਹਿਬ ਆਖਦੇ ਹਨ। ਰਹਿਰਾਸ ਦਾ ਅਰਥ ਕਿਸੇ ਨੇ ਵਿਚਾਰਨ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਪਤਾ ਲੱਗੇ ਕੇ ਇਹ ਦੋ ਸ਼ਬਦਾਂ ਦਾ ਮੇਲ ਹੈ। ਰਹਿ ਅਤੇ ਰਾਸ ਅਰਥ ਉਸਦੀ ਰਜਾ ਵਿੱਚ ਰਹਿਣਾ। ਹੁਕਮ ਵਿੱਚ ਰਹਿਣਾ। ਬਾਣੀ ਦੇ ਵਿੱਚ ਹੀ ਦੱਸਿਆ
“ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥”
ਇਸਦਾ ਅਰਥ ਬਣਦਾ ਗੁਰਮਤਿ ਗਿਆਨ/ਸੋਝੀ ਮੇਰੇ ਪ੍ਰਾਣਾਂ ਦੀ ਮਿੱਤਰ (ਸਖਾ) ਹੈ ਅਤੇ ਹਰਿ ਦੀ ਕੀਰਤ ਮੇਰੀ ਰਜਾ ਹੈ। ਹੁਣ ਇਹ ਤਾਂ ਹਰ ਸਮੇ ਹੀ ਹੋਣੀ ਚਾਹੀਦੀ ਹੈ ਨਾ ਕੇ ਸ਼ਾਮ ਦੇ ਸਮੇ ਹੀ। ਰਹਿਰਾਸ ਬਾਰੇ ਬਾਣੀ ਦਾ ਫੁਰਮਾਨ ਹੈ।
“ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥੧॥ “
“ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ॥”
“ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥”
“ਰਹਰਾਸਿ ਹਮਾਰੀ ਗੁਰ ਗੋਪਾਲਾ॥”
“ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥”
ਫੇਰ ਕੁਝ ਧਰਮਾਂ ਵਿੱਚ “ਸੰਧਿਆ” ਕੀਤੀ ਜਾਂਦੀ ਸੀ। ਕੇ ਜੀ ਸੰਦੀਆ ਕਾਲ ਦੀ ਆਰਤੀ ਕਰੋ। ਗੁਰਮਤਿ ਦਾ ਫੁਰਮਾਨ ਹੈ
“ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ॥੧॥”
“ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ॥”
“ਗੁਰਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ॥”
“ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ॥”
“ਪੜਿੑ ਪੁਸ੍ਤਕ ਸੰਧਿਆ ਬਾਦੰ॥ ਸਿਲ ਪੂਜਸਿ ਬਗੁਲ ਸਮਾਧੰ॥ ਮੁਖਿ ਝੂਠੁ ਬਿਭੂਖਨ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥ ਗਲਿ ਮਾਲਾ ਤਿਲਕ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥ ਜੋ ਜਾਨਸਿ ਬ੍ਰਹਮੰ ਕਰਮੰ॥ ਸਭ ਫੋਕਟ ਨਿਸਚੈ ਕਰਮੰ॥ ਕਹੁ ਨਾਨਕ ਨਿਸਚੌ ਧੵਿਾਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥੧॥ “
ਇਸ ਕਾਰਣ ਬਾਣੀ ਸੋਝੀ ਪ੍ਰਾਪਤ ਕਰਨ ਲਈ ਪੜ੍ਹਨੀ ਹੈ ਤੇ ਵਿਚਾਰਨੀ ਹੈ ਜਿਸ ਵਿੱਚ ਸੰਸਾਰੀ ਸਮੇ ਨਾਲੋਂ ਵਿਚਾਰ ਜਿਆਦਾ ਜ਼ਰੂਰੀ ਹੈ।ਸਾਡਾ ਨਿਤ ਦਾ ਨੇਮ ਹੋਵੇ ਅਸੀਂ ਬਾਣੀ ਪੜ੍ਹ ਕੇ ਨਾਲ ਸਮਝੀਏ ਕੇ ਉਪਦੇਸ ਕੀ ਮਿਲ ਰਹਿਆ ਹੈ ਨਹੀਂ ਤਾਂ ਬਾਣੀ ਪੜ੍ਹਨੀ ਵਿਅਰਥ ਹੈ।
ਭਾਵੇਂ ਅਸੀਂ ਰਹਿਰਾਸ ਬਾਣੀ ਪੜ੍ਹਦਿਆਂ ਇਹ ਪੰਕਤੀਆਂ ਨਾ ਪੜ੍ਹੀਏ ਪਰ ਇਹਨਾਂ ਨੂੰ ਸਮਝ ਕੇ ਰਹਿਰਾਸ ਰੱਖਣੀ ਹੈ। ਸਮੇ ਦੀ ਚਿੰਤਾ ਛੱਡ ਕੋਸ਼ਿਸ਼ ਕੀਤੀ ਜਾਵੇ ਕੇ ਜੋ ਬਾਣੀ ਅਸੀਂ ਪੜ੍ਹ ਰਹੇ ਹਾਂ ਉਸਦਾ ਭਾਵ ਸਾਨੂੰ ਸਮਝ ਆਵੇ, ਚੇਤੇ ਰਹੇ ਤੇ ਸਾਡੇ ਹਿਰਦੇ ਵਿੱਚ ਵੱਸ ਜਾਵੇ।
ਇੱਕ ਸੱਜਣ ਮਿੱਤਰ ਨਾਲ ਗਲ ਹੁੰਦੀ ਸੀ ਜਿਸਦੀ ਸੇਹਤ ਦਿਨ ਪਰ ਦਿਨ ਵਿਗੜ ਰਹੀ ਸੀ। ਆਖਦਾ ਅੰਮ੍ਰਿਤ ਵੇਲਾ ਸਾਂਭਣ ਦੀ ਕੋਸ਼ਿਸ਼ ਕਰਦਾ ਹਾਂ। ਡਿਊਟੀ ਕਰੜੀ ਹੈ ਲਗਭਗ ੧੪ ਘੰਟੇ ਕੰਮ ਕਰਦਾ ਹਾਂ, ਰਾਤ ਨੂੰ ਘਰੇ ਮੁੜਦੇ ਹਾਂ, ਨੌਕਰੀ ਛੱਡ ਨਹੀਂ ਸਕਦੇ। ਇੱਕ ਘੰਟਾ ਸਿਮਰਨ ਕਰਨ ਲਈ ਆਖਿਆ ਹੈ ਬਾਬਿਆਂ ਨੇ, ਨਾਲੇ ਅੰਮ੍ਰਿਤ ਵੇਲਾ ਸਾਂਭਣ ਦੇ ਕਾਰਣ ਬਸ ੩-੪ ਘੰਟੇ ਹੀ ਨੀਂਦ ਮਿਲਦੀ ਹੈ। ਜੁਆਕ ਛੋਟੇ ਨੇ ਇਸ ਕਾਰਣ ਸਵੇਰੇ ਉਹਨਾਂ ਨੂੰ ਸਕੂਲ ਵੀ ਛੱਡਣਾ ਹੁੰਦਾ। ਅਗਲੇ ਦੀ ਭਾਵਨਾ ਵੇਖ ਕੇ ਦਿਲ ਖੁਸ਼ ਹੁੰਦਾ ਪਰ ਡਿਗਦੀ ਸਿਹਤ ਵੇਖ ਕੇ ਤਰਸ ਵੀ ਆਉਂਦਾ। ਮਿੱਤਰ ਨੂੰ ਇਹ ਸਮਝਾਇਆ ਗੁਰਬਾਣੀ ਤੋਂ ਉਦਾਹਰਣ ਦਿੱਤੇ ਤੇ ਆਖਿਆ ਭਾਈ ਜੇ ਤੇਰਾ ਪ੍ਰੇਮ ਇਤਨਾ ਹੈ ਤਾਂ ਤੂੰ ਬਾਣੀ ਪੜ੍ਹ ਕੇ ਨਿੱਤ ਦਾ ਨੇਮ (ਨੀਅਮ) ਰੱਖ, ਬਾਣੀ ਵਿਚਾਰ ਪਰ ਸਵੇਰੇ ੨ਃ੩੦ ਵਜੇ ਨਾ ਪਾਠ ਕਰਕੇ ਜੇ ਥੋੜਾ ਲੇਟ ਵੀ ਪੜ੍ਹ ਲਵੇਂਗਾ ਤਾਂ ਤੈਨੂੰ ਕੋਈ ਸਜਾ ਨਹੀਂ ਮਿਲਣੀ। ਉਹ ਇਤਨਾ ਨਿਰਦਈ ਨਹੀਂ ਹੈ ਕੇ ੨ਃ੩੦ ਵਜੇ ਜੇ ਤੂੰ ਉਸਨੂੰ ਨਹੀਂ ਪੂਜਿਆ ਤਾਂ ਉਸਨੇ ਨਾਰਾਜ਼ ਹੋ ਜਾਣਾ। ਬਾਣੀ ਅਸੀਂ ਉਸਨੂੰ ਜਗਾਉਣ ਲਈ ਨਹੀਂ ਪੜ੍ਹਨੀ ਬਲਕੇ ਆਪਣੀ ਸੋਝੀ ਲਈ ਪੜ੍ਹਨੀ ਹੈ। ਤੇਰੇ ਸਵੇਰੇ ਪਾਠ ਕਰਨ ਨਾਲ ਬਾਰ ਬਾਰ ਇੱਕੋ ਸਬਦ ਰੱਟਣ ਨਾਲ ਨਾ ਉਸਨੇ ਵੱਡਾ ਹੋਣਾ ਤੇ ਤੇਰੇ ਨਾ ਪੜ੍ਹਨ ਨਾਲ ਉਸਨੇ ਛੋਟਾ ਨਹੀਂ ਹੋ ਜਾਣਾ “ਵਡਾ ਨ ਹੋਵੈ ਘਾਟਿ ਨ ਜਾਇ ॥੨॥”। ਜਿਹੜੀ ਮਨੁਖਾ ਦੇਹ ਤੈਨੂੰ ਮਿਲੀ ਹੈ ਬਾਣੀ ਆਖਦੀ “ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ॥” ਜੇ ਮਿਲਿਆ ਹੈ ਤਾਂ ਬੂਝਣ ਲਈ ਮਿਲਿਆ ਹੈ “ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥” ਤੇ ਬਾਣੀ ਦੀ ਵਿਚਾਰ ਕਰ, ਬਾਣੀ ਸਮਝ ਬੂਝ ਇਹੀ ਗੁਰ ਦੀ ਸੱਚੀ ਸੇਵਾ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥”। ਜੇ ਜੈਨੀਆਂ ਵਾਂਗ ਸਰੀਰ ਨੂੰ ਕਸ਼ਟ ਦੇ ਕੇ, ਥੋੜਾ ਥੋੜਾ ਕਰਕੇ ਸੀਸ ਵੀ ਕਟਾ ਲਵੇਂਗਾ ਤਾਂ ਵੀ ਹਉਮੈ ਦੀ ਮੈਲ ਨਹੀਂ ਜਾਣੀ “ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ॥” ਧਰਮੀ ਦਿਸਣ ਵਾਲੇ ਪਹਿਰਾਵੇ ਵੀ ਪਾ ਲਏ ਉੁਸਦਾ ਵੀ ਕੋਈ ਲਾਭ ਨਹੀਂ “ਬਹੁ ਭੇਖ ਕੀਆ ਦੇਹੀ ਦੁਖੁ ਦੀਆ॥”। ਧਰਮੀ ਹੋਣ ਦਾ ਭੇਖ ਕੀਤਿਆਂ ਗਲ ਨਹੀਂ ਬਣਨੀ “ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ ॥੧੯॥”। ਧਰਮੀ ਹੋਣ ਦਾ ਭੇਖ ਦਿਖਾ ਕੇ ਲੋਕਾਂ ਨੂੰ ਤਾ ਖੁਸ਼ ਕਰ ਲਵਾਂਗੇ ਪਰ ਦਰਗਾਹ ਵਿੱਚ ਇਸਦਾ ਕੋਈ ਲਾਭ ਨਹੀਂ ਹੋਣਾ “ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ॥ ਅੰਤਿ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ ॥੫੬॥“
ਜੇ ਨੀਅਮ ਰੱਖ ਸਕਦੇ ਹੋਂ ਜਰੂਰ ਰੱਖੋ ਇਹ ਸੇਹਤ ਲਈ ਵੀ ਚੰਗਾ ਹੁੰਦਾ ਹੈ ਪਰ ਜੇ ਤੁਹਾਨੂੰ ਕੋਈ ਵੀ ਕੰਮ ਬੰਧਨ ਬਣ ਜਾਵੇ ਮਜਬੂਰੀ ਬਣ ਜਾਵੇ ਤਾਂ ਉਹ ਨਾ ਸੇਹਤ ਲਈ ਚੰਗਾ ਹੈ ਨਾ ਉਸਨੂੰ ਕਰਨ ਨਾਲ ਗਿਆਨ ਵਿਚ ਵਾਧਾ ਹੋਣਾ। ਉਸਨੂੰ ਤਾਂ ਗਲ ਸਮਝ ਆ ਗਈ ਪਰ ਫੇਰ ਸੋਚਦਾ ਹਾਂ ਕਿਤਨੇ ਹੀ ਹੋਰ ਪ੍ਰਾਣੀ ਹਨ ਜਿੰਨਾਂ ਨੂੰ ਪਖੰਡੀਆਂ ਨੇ ਭੁਲੇਖੇ ਵਿੱਚ ਧੱਕ ਦਿੱਤਾ ਹੈ। ਕਈ ਸਿੱਖਾਂ ਦੀ ਸੇਹਤ ਖਰਾਬ ਰਹਣ ਲੱਗ ਪਈ ਹੈ, ਕਈਆਂ ਨੂੰ ਪੋਸ਼ਣ ਤੱਤਾਂ ਦੀ ਕਮੀਂ ਰਹਿੰਦੀ ਹੈ। ਕਿਸੇ ਦਾ ਆਏਰਨ ਘਟ ਹੈ ਕਿਸੇ ਦਾ ਬੀ-੧੨ ਘਟਿਆ। ਜੋ ਪੰਡਤ ਕਰਦੇ ਸੀ ਸਮਾਜ ਨੂੰ ਕਮਜੋਰ ਰੱਖਣ ਲਈ ਕੇ ਲੋਗ ਰਾਜੇ ਤੇ ਉਹਨਾਂ ਮੁਹਰੇ ਬਗਾਵਤ ਨਾ ਕਰ ਦੇਣ, ਉਹੀ ਕੰਮ ਅੱਜ ਦੇ ਬਾਬੇ ਕਰ ਰਹੇ ਨੇ। ਜਿਹੜਾ ਸਰੀਰ ਦੁਰਲਭ ਦੇਹੀ ਕਹਿਆ ਹੈ ਬਾਣੀ ਵਿੱਚ ਉਸਨੂੰ ਪਰਮੇਸਰ ਤੋਂ ਪਰਾਪਤ ਵਰਦਾਨ ਸਮਝਣ ਦੀ ਥਾਂ ਤਕਲੀਫ਼ ਦੇ ਕੇ ਪਰਮੇਸਰ ਨੂੰ ਹੀ ਖੁਸ਼ ਕਰਨ ਦਾ ਦਾਅਵਾ ਕਰਦੇ। ਖਾਓ ਪੌਸ਼ਟੇਕ ਭੋਜਨ, ਸਿਹਤ ਦਾ ਧਿਆਨ ਰੱਖੋ ਤਾਂ ਕੇ ਦਿਮਾਗ ਤੰਦੁਰੁਸਤ ਰਹੇ ਹੈਲਦੀ ਰਹੇ ਤੇ ਬਾਣੀ ਸਮਝਣੀ ਸੌਖੀ ਹੋਵੇ। ਪਾਖੰਡੀਆਂ ਨੇ ਸਰੀਰ ਦੇ ਭੋਜਨ ਨੂੰ ਮਨੁ ਦੇ ਭੋਜਨ ਨਾਲ ਜੋੜ ਦਿੱਤਾ। ਬਿਮਾਰ ਸਰੀਰ ਤੇ ਮਨ ਬਾਣੀ ਸਮਝਣ ਵਿੱਚ ਧਿਆਨ ਕਿਵੇਂ ਲਾ ਸਕੇਗਾ? ਗੁਰਬਾਣੀ ਤਾਂ ਆਖਦੀ “ਪ੍ਰਭ ਜੀ ਤੂ ਮੇਰੋ ਸੁਖਦਾਤਾ॥ ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ॥”।
ਗੁਰਬਾਣੀ ਸਮਝਣੀ ਸਮਝਾਉਣੀ ਔਖੀ ਹੈ ਜਿਸ ਵਿੱਚ ਸਮਾ ਲਗਦਾ, ਜ਼ੋਰ ਲਗਦਾ। ਜਿਹੜੇ ਆਪ ਨਹੀੰ ਗੁਰਮਤਿ ਨੂੰ ਸਮਝਦੇ ਉਹ ਲੋਕਾਂ ਨੂੰ ਵੀ ਕਰਮ ਕਾਂਡਾਂ ਵੱਲ ਧੱਕ ਦਿੰਦੇ ਹਨ ਤਾ ਕੇ ਨਾ ਕੋਈ ਸਵਾਲ ਕਰੇ ਨਾ ਪੁੱਛੇ। ਮੰਤ੍ਰਾਂ ਵਾਂਗ ਬਾਣੀ ਪੜ੍ਹ ਕੇ, ਇਹ ਸੋਚ ਕੇ ਕੀ ਅਸੀਂ ੨ਃ੩੦ ਵਜੇ ਉੱਠ ਜਾਂਦੇ ਹਾਂ ਇਸ ਲਈ ਧਰਮੀ ਹਾਂ, ਧਾਰਮਿਕ ਕਪੜੇ ਪਾ ਰਹੇ ਹਾਂ ਬਾਣੇ ਦੁਮਾਲੇ ਗਾਤਰੇ ਪਾ ਕੇ ਹੀ ਧਰਮੀ ਹੋ ਗਏ ਹਾ, ਰੋਜ ਕੇਸੀ ਸਨਾਨ ਕਰਦੇ ਹਾਂ ਇਸ ਲਈ ਧਰਮੀ ਹਾਂ, ਕਦੇ ਪੜ੍ਹਿਆ ਨਹੀਂ ਕੇ ਬਾਣੀ ਆਖਦੀ “ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥੨॥”, ਕੀਰਤਨ ਕਰ ਲੈਂਦੇ ਹਾਂ ਇਸ ਕਾਰਣ ਧਰਮੀ ਹਾਂ। ਇਹ ਦੁਨਿਆਵੀ ਲੋਕ ਪਚਾਰੇ ਲਈ ਤਾਂ ਠੀਕ ਹੈ, ਲੋਕਾਂ ਨੂੰ ਮਗਰ ਲੌਣ ਲਈ ਤਾਂ ਠੀਕ ਹੈ ਪਰ ਇਸ ਨਾਲ ਦਰਗਾਹ ਵਿੱਚ ਕੋਈ ਲਾਭ ਨਹੀਂ। ਉੱਥੇ ਤਾਂ ਇਹੀ ਦੇਖਿਆ ਜਾਣਾ ਕੇ ਸੋਝੀ ਕਿਤਨੀ ਹੈ, ਵਿਕਾਰ ਕਿੰਨੇ ਧੋਤੇ, ਗੁਰਮਤਿ ਦਾ ਗਿਆਨ ਅਤੇ ਸੋਝੀ ਕਿਤਨੀ ਲਈ। ਗੁਣ ਕਿਤਨੇ ਹਨ।
ਬਾਣੀ ਪੜ੍ਹੋ, ਨਿਤ ਦਾ ਨੀਅਮ ਵੀ ਰੱਖੋ, ਪਰ ਬਾਣੀ ਨੂੰ ਸਮਝੋ, ਵਿਚਾਰ ਕਰੋ ਤੇ ਗੁਰਉਪਦੇਸ਼ ਨੂੰ ਆਪਣੇ ਜੀਵਨ ਵਿੱਚ ਢਾਲੋ।