ਕਰਾਮਾਤ, ਚਮਤਕਾਰ ਅਤੇ ਸਿੱਧੀ
ਗੁਰਮਤਿ ਵਿੱਚ ਕਰਾਮਾਤ/ਚਮਤਕਾਰ ਦੀ ਕੋਈ ਥਾਂ ਨਹੀਂ ਹੈ। ਗੁਰਮਤਿ ਹੁਕਮ ਸਮਝਣ ਅਤੇ ਮੰਨਣ ਦੀ ਨਸੀਹਤ ਕਰਦੀ ਹੈ। ਸਾਰਾ ਗੁਰਮਤਿ ਉਪਦੇਸ਼ ਜੀਵ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹਿਆ ਹੈ ਕੇ ਹੁਕਮ/ਭਾਣੇ ਤੋਂ ਬਾਹਰ ਕੁੱਝ ਵੀ ਨਹੀਂ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਜਦੋਂ ਹੁਕਮ ਤੋਂ ਬਾਹਰ ਕੋਈ ਨਹੀਂ ਹੈ ਫੇਰ ਸ੍ਰਿਸਟੀ ਦੇ ਨੀਅਮ ਦੇ ਖਿਲਾਫ਼ ਜਾ ਕੇ ਦੁਨਿਆਵੀ ਚਮਤਕਾਰ ਕੋਈ ਕਿਵੇਂ ਕਰ ਸਕਦਾ ਹੈ? ਅੱਜ ਦੀ ਵਿਚਾਰ ਇਸ ਬਾਰੇ ਹੀ ਹੈ। ਜਦੋਂ ਸਾਰੀਆਂ ਮੱਤਾਂ ਕਰਮ ਬਾਰੇ ਗਲ ਕਰਦੀਆਂ ਹਨ, ਚੰਗੇ ਮੰਦੇ ਕਰਮ ਨੂੰ ਮੰਨਦੀਆਂ ਹਨ, ਪਾਪ ਪੁੰਨ ਦੀ ਵਿਚਾਰ ਕਰਦੀਆਂ, ਗੁਰਬਾਣੀ ਨੇ ਆਖ ਦਿੱਤਾ ਕੇ ਪਾਪ ਪੁੰਨ ਵੀ ਸਾਡੇ ਵੱਸ ਨਹੀਂ। ਪੂਰੀ ਗੁਰਮਤਿ ਹੁਕਮ ਮੰਨਣ ਸਮਝਣ ਤੇ ਹੀ ਖੜ੍ਹੀ ਹੈ, ਇਹੀ ਗੁਰਮਤਿ ਨੂੰ ਬਾਕੀ ਮੱਤਾਂ ਤੋਂ ਵੱਖਰਾ ਬਣਾਉਂਦੀ “ਪਾਪ ਪੁੰਨ ਹਮਰੈ ਵਸਿ ਨਾਹਿ॥ ਰਸਕਿ ਰਸਕਿ ਨਾਨਕ ਗੁਣ ਗਾਹਿ॥”
ਗੁਰਬਾਣੀ ਕੇਵਲ ਨਾਮ (ਗੁਰਮਤਿ ਗਿਆਨ ਦੀ ਸੋਝੀ) ਦੁਆਰਾ ਮਨ ਨੂੰ ਮਾਰ ਦੇਣਾ ਮਨ ਨੂੰ ਜਿੱਤ ਲੈਣਾ ਹੀ ਕਰਾਮਾਤ ਮੰਨਦੀ ਹੈ।
ਗੁਰਮਤਿ ਸਿਧੀ ਜਾਂ ਕਰਾਮਾਤ ਕਿਸ ਨੂੰ ਆਖਦੀ ਹੈ?
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥੨॥
ਗੁਰਮੁਖ ਨੇ ਗੁਣਾਂ ਨੂੰ ਮੁੱਖ ਰਖਦਿਆਂ, ਮਨ ਵਿੱਚ ਹਰਿ ਨਾਮੁ (ਤੱਤ ਗੁਰਮਤਿ ਦੇ ਗਿਆਨ ਅਤੇ ਸੋਝੀ) ਦਾ ਵਸਣਾ ਭਾਵ ਸੋਝੀ ਪੈ ਜਾਵੇ ਤਾਂ ਏਹਾ ਸਿਧਿ ਏਹਾ ਕਰਮਾਤਿ ਹੈ। ਮਨ ਸਾਧ ਲੈਣਾ ਕਾਬੂ ਕਰ ਲੈਣਾ ਸਿੱਧੀ ਹੈ।
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
ਕਰਾਮਾਤ ਕੀ ਹੈ ?
੯ ਮਹੀਨੇ ਮਾਂ ਦੇ ਪੇਟ ਵਿੱਚ ਰਹ ਕੇ ਇਕ ਇਕ ਸਰੀਰ ਦਾ ਅੰਗ ਬਣ ਕਿ ੩ ਕਿਲੋ ਦਾ ਬਚਾ ਪੇਟ ਵਿੱਚ ਬਿਨਾ ਸਾਹ ਤੋ ਪਾਲਣਾ, ਸੰਸਾਰ ਵਿੱਚ ਆਈਆ ਮਾਂ ਦੇ ਥਣ ਵਿੱਚ ਦੁਧ ਪੇਹਲਾ ਤਿਆਰ ਸੀ, ਸਾਡੇ ਜਨਮ ਲੈਣ ਤੋ ਫੇਰ ਰੋਟੀ ਖਾਣ ਲਈ ਮੂਹ ਵਿੱਚ ਦੰਦ ਫੂਟੇ ਫੇਰ ਦੇਖੋ ਸਰੀਰ ਦੀ ਹਰ ਇਕ ਹਿੱਸਾ ਪ੍ਰਮੇਸਰ ਦੇ ਹੁਕਮ ਵਿੱਚ ਚਲ ਰਿਹਾ ਹੈ, ਸਾਨੂ ਰੋਟੀ ਖਾਣ ਤੋਂ ਬਾਅਦ ਰੋਟੀ ਹਜਮ ਹੁੰਦੀ ਹੈ, ਅਤੇ ਖੂਨ ਬਣਦਾ ਹੈ, ਹੱਡੀਆਂ ਬਣਦੀਆਂ ਹਨ, ਇਹ ਪਾਰਬ੍ਰਹਮ ਪ੍ਰਮੇਸਰ ਦੇ ਹੁਕਮ ਦੀ ਕਰਾਮਾਤ ਹੈ। ਫੇਰ ਇੱਕ ਦਿਨ ਜਿਤਨੇ ਸਾਹ ਲਿਖੇ ਨੇ ਭੋਗ ਕੇ ਹਰੇਕ ਨੇ ਜਾਣਾ “ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ॥”, “ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥” ਇਸਨੂੰ ਸਮਝ ਕੇ ਮਰਨ ਕਬੂਲ ਕਰ ਲੈਣਾ ਹੀ ਗੁਰਮੁਖ ਦਾ ਮੂਲ ਧਰਮ ਹੈ।
ਤੁਸੀ ਜਦੋਂ ਪੈਦਾ ਹੋਏ ਸੀ ਛੋਟੇ ਸੀ ਅਤੇ ਹੁਕਮ ਨਾਲ ਕੁਦਰਤਿ ਸ਼ਕਤੀ ਨਾਲ ਵੱਡੇ ਹੋਏ ਇਹ ਹੁਕਮ ਦੀ ਕਰਾਮਾਤ ਹੈ, ਇਹਨੂ ਕੋਈ ਰੋਕ ਨਹੀ ਸਕਦਾ, ਪ੍ਰਮੇਸਰ ਦੇ ਹੁਕਮ ਤੋਂ ਵੱਡਾ ਕੋਈ ਨਹੀ ਹੈ, ਸਭ ਕਰਾਮਾਤ ਪਾਰਬ੍ਰਹਮ ਦੇ ਹੁਕਮ ਦੀ ਹੈ, ਸੂਰਜ ਚੰਦ ਧਰਤੀ ਘੁੰਮਦੇ ਹਨ ਟਕਰਾਉਂਦੇ ਨਹੀਂ ਹਨ ਇਹ ਕਰਾਮਾਤ ਹੈ ਹੁਕਮ ਦੀ। ਐਟਮ ਸਬ ਤੋਂ ਛੋਟਾ ਕਣ ਹੈ ਜਿਸ ਵਿੱਚ ਇਲੈਕਟ੍ਰਾਨ ਪ੍ਰੋਟਾਨ ਸਦੀਵ ਘੁੱਮ ਰਹੇ ਹਨ ਟਕਰਾਉਂਦੇ ਨਹੀਂ। ਲੱਕੜ ਵਿੱਚ ਅੱਗ ਹੈ ਲੇਕਿਨ ਜਦੋ ਤੱਕ ਸੇਕ ਨਹੀ ਲੱਗਦਾ ਤਾਂ ਲੱਕੜ ਤੁਹਾਨੂ ਸਾੜਦੀ ਨਹੀ, ਭਾਂਵੇ ਲੱਕੜ ਦੇ ਮੰਜੇ ਤੇ ਬੈਠੇ ਹੋ ਤੁਸੀ, ਲੇਕਿਨ ਉਸੇ ਲੱਕੜ ਵਿੱਚੋ ਜਦੋ ਸੇਕ ਲੱਗਣ ਤੇ ਅੱਗ ਨਿਕਲੇਗੀ ਤਾਂ ਸਾੜ ਦੇਵੇਗੀ, ਇਹ ਅੱਗ ਨੂੰ ਲੱਕੜ ਵਿੱਚ ਬੰਨ੍ਹ ਕੇ ਰੱਖਿਆ ਹੈ ਹੁਕਮ ਦੀ ਸ਼ਕਤੀ ਨੇ , ਇਹ ਅਕਾਲ ਦੀ ਕਰਾਮਾਤ ਹੈ, ਕਿਸੇ ਬੰਦੇ ਵਿੱਚ ਕੋਈ ਕਰਾਮਾਤ ਨਹੀ ਹੈ, ਨਾਂ ਕਿਸੇ ਗੁਰੂ ਨੇ ਤੇ ਭਗਤ ਸਾਹਿਬਾਨ ਨੇ ਦਾਅਵਾ ਕੀਤਾ ਹੈ, ਸਗੋਂ ਉਹਨਾਂ ਨੇ ਹੁਕਮ ਦੇ ਗੁਣ ਹੀ ਗਾਏ ਹਨ, ਉਲਟਾ ਫਟਕਾਰ ਪਾਈ ਹੈ ਉਹਨਾਂ ਨੂੰ ਜੋ ਬੰਦੇ ਦੇ ਕਰਾਮਾਤੀ ਹੋਣ ਦੀ ਗੱਲ ਕਰਦੇ ਹਨ। ਦਸਮ ਪਾਤਸਾਹ ਤਾਂ ਹੁਕਮ ਨੂੰ ਸੰਬੋਧਨ ਕਰਕੇ ਕਹਿੰਦੇ ਅਸੀਂ ਤੇਰੀ ਮਹਿਮਾ ਵੀ ਨਹੀ ਕਹਿ ਸਕਦੇ ਜੇ ਕਹਿਣੀ ਹੋਵੇ, ਅਸੀਂ ਤਾਂ ਕੀਟ ਹਾਂ ਕੀੜੇ ਹਾਂ ਅਕਾਲ ਦੀ ਤੁਲਨਾ ਵਿੱਚ।
“ਕਹਾ ਲਗੈ ਇਹ ਕੀਟ ਬਖਾਨੈ॥ ਮਹਿਮਾ ਤੋਰ ਤੁਹੀ ਪ੍ਰਭ ਜਾਨੈ॥”
ਕਬੀਰ ਜੀ ਕਹਿੰਦੇ ਅਸੀਂ ਕੁਛ ਨਹੀ ਕਰਦੇ ਹਰਿ ਕਰਦਾ ਹੈ ਜੋ ਕਰਦਾ
“ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰ॥ ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ॥”
ਨਾਨਕ ਪਾਤਿਸ਼ਾਹ ਆਖਦੇ “ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ॥ ਨਾਨਕੁ ਬਿਨਵੈ ਤਿਸੈ ਸਰੇਵਹੁ ਜਾ ਕੇ ਜੀਅ ਪਰਾਣਾ॥”। ਆਖਦੇ ਅਸੀਂ ਆਦਮੀ ਹਾਂ ਇੱਕ ਦੱਮ (ਸਾਹ) ਦੇ, ਜੋ ਸਾਹ ਲੈ ਰਹੇ ਹਾਂ ਇਸਦਾ ਹੀ ਪਤਾ ਹੈ ਅਗਲੇ ਕਿੰਨੇ ਸਾਹਾਂ ਦੀ ਮੁਹਲਤ ਹੈ ਇਹ ਨਹੀਂ ਜਾਣਦੇ ਤੇ ਆਖਦੇ ਉਸਦੀ ਸੇਵਾ ਕਰੋ ਜਿਸਦੇ ਹੱਥ ਵਿੱਚ ਸਾਡੇ ਪ੍ਰਾਣਾਂ ਦਾ ਲੇਖਾ ਹੈ। ਅਸੀਂ ਨਾਨਕ ਨੂੰ ਹੀ ਚਮਤਕਾਰੀ ਬਣਾ ਛੱਡਿਆ। ਗੁਰਾਂ ਨੇ ਭਗਤਾਂ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਕੁੱਝ ਕੀਤਾ ਸਬ ਕੁੱਝ ਦਰਜ ਨਹੀਂ ਹੈ ਨਾਂ ਇਤਿਹਾਸ ਵਿੱਚ ਨਾ ਬਾਣੀ ਵਿੱਚ। ਬਿਅੰਤ ਸ਼ਹੀਦੀਆਂ ਹੋਈਆਂ ਹਨ ਸਿੱਖ ਇਤਿਹਾਸ ਵਿੱਚ। ਉਹਨਾਂ ਨੇ ਸਾਨੂੰ ਗੁਰਮਤਿ ਮਾਰਗ ਤੇ ਅਡੋਲ ਰਹਣ ਨੂੰ ਆਖਿਆ ਤੇ ਸਿਖਿਆ ਦਿੱਤੀ ਹੈ। ਬਾਣੀ ਵਿੱਚ ਦਰਜ ਹੈ “ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥ਨਾਨਕ ਗੁਰਮਤਿ ਸਾਚਿ ਸਮਾਵਹੁ॥੨੭॥” ਫੇਰ ਵੀ ਨਿਤ ਨਵੀਆਂ ਕਥਾ ਕਹਾਣੀਆਂ ਸਾਖੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਕੀਰਨੇ ਪਵਾ ਰਹੇ ਨੇ ਕਥਾਵਾਚਕ। ਗੁਰਮਤਿ ਆਖਦੀ “ਪ੍ਰਭ ਭਾਵੈ ਤਾ ਪਾਥਰ ਤਰਾਵੈ॥ ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥” ਤੇ ਸਾਨੂੰ ਆਦੇਸ਼ ਹੈ ਕੇ ਨਾਮ (ਗਿਆਨ ਤੋ ਸੋਝੀ) ਪ੍ਰਾਪਤੀ ਕਰਨੀ ਹੈ। ਭੋਲੀ ਜਨਤਾ ਵੀ ਕਥਾ ਸੁਣ ਅੱਥਰੂ ਵਹਾ ਕੇ, ਗੋਲਕ ਵਿੱਚ ਪੈਸੇ ਪਾ ਕੇ, ਪਰਸਾਦਾ ਪਾਣੀ ਛੱਕ ਕੇ, ਆਪਣੇ ਆਪ ਨੂੰ ਸਾਧ ਸੰਗਤ ਜਾਂ ਸਤਿ ਸੰਗਤ ਅਖਵਾ ਕੇ, ਘਰੇ ਪਰਤ ਜਾਂਦੀ “ਤਰਕੁ ਨ ਚਾ॥ ਭ੍ਰਮੀਆ ਚਾ॥” ਇਹ ਲੋਕਾਂ ਦਾ ਇਕੱਠ ਉਹੀ “ਛਕਊਏ ਕੁਣਕੇ ਕੇ” ਹਨ ਜਿਹੜੇ ਗੁਰੂ ਦੇ ਸਿਰ ਮੰਗਣ ਤੇ ਖੜੇ ਨਹੀਂ ਹੋਏ ਤੇ ਅੱਜ ਵੀ ਬਾਣੀ ਰਾਹੀਂ ਜਦੋਂ ਗੁਰੂ ਸਿਰ ਮੰਗ ਰਹਿਆ (ਮੈਂ ਅਤੇ ਅਹੰਕਾਰ ਮਾਰਨ ਨੂੰ ਆਖ ਰਹਿਆ) ਤਾਂ ਬਾਣੀ ਸਮਝਣ ਵਿੱਚ ਕੋਈ ਧਿਆਨ ਨਹੀਂ। ਜੇ ਸਾਖੀਆਂ ਹੀ ਵਿਚਾਰਨੀਆਂ ਹਨ ਤਾਂ ਸੋਚੋ ਕੇ ਹਜਾਰਾਂ ਦਾ ਇਕੱਠ ਹੋਵੇ, ਛੇਵੇਂ ਪਾਤਿਸਾਹ ਤੋਂ ਲੈਕੇ ਦਸਮ ਪਾਤਸਾਹ ਤੱਕ ਹਜਾਰਾਂ ਸ਼ਹੀਦੀਆਂ ਹੋਣ ਤੋਂ ਬਾਦ, ਕੀਰਤਨ, ਬਾਣੀ ਪੜ੍ਹਨ ਸੁਣਨ ਦੇ ਬਾਦ ਵੀ ਕੇਵਲ ੫ ਹੀ ਰਾਜੀ ਹੋਏ ਸਿਰ ਭੇਂਟ ਕਰਨ ਨੂੰ। ਬਾਕੀ ਜਿਹੜੇ ਭੱਜ ਖੜੇ ਹੋਏ, ਮਾਤਾ ਜੀ ਕੋਲ ਸ਼ਿਕਾਇਤ ਦਰਜ ਕਰਨ ਲਈ ਭੱਜੇ ਜਾਂ ਚੁੱਪ ਰਹੇ ਉਹਨਾਂ ਦੇ ਮਨਾਂ ਵਿੱਚ ਕੀ ਵਲਦਾ ਹੋਣਾ? ਅੱਜ ਉਹ ਕਿੱਥੇ ਨੇ? ਜਿਹੜੇ ਆਨੰਦ ਪੁਰ ਦੇ ਕਿਲੇ ਦੀ ਦਿਵਾਰ ਟੱਪ ਕੇ ਭੱਜੇ ਸੀ ਉਹਨਾਂ ਦੇ ਪਰਿਵਾਰ ਕਿੱਥੇ ਹੋਣੇ, ਜਿਹਨਾਂ ਬੇਦਾਵਾ ਲਿਖਿਆ ਤੇ ਮੁੜੇ ਨਹੀਂ ਉਹ ਕੌਣ ਸੀ ਕੀ ਚਲਦਾ ਸੀ ਉਹਨਾਂ ਦੇ ਮਨ ਵਿੱਚ?
ਪ੍ਰਮੇਸਰ ਦੇ ਹੁਕਮ ਦੀ ਕਰਾਮਾਤ ਹੈ ਉਹ ਕੇ ਕਿਹਨੂ ਰੱਖੇ ਅਤੇ ਕਿਹਨੂ ਨਾਂ ਰੱਖੇ, ਇਸੇ ਲਈ ਖਾਲਸਾ ਫਤਹਿ ਵੀ ਵਾਹਿਗੁਰੂ ਦੀ ਗਜਾਉਦਾ ਹੈ, ਅਤੇ ਖਾਲਸਾ ਵੀ ਵਾਹਿਗੁਰੂ ਦਾ ਹੈ, ਜੰਗ ਵਿੱਚ ਜੂਝ ਕੇ ਨਤੀਜਾ ਕੋਈ ਵੀ ਨਿੱਕਲੇ ਜਿੱਤ ਹੋਵੇ, ਭਾਂਵੇ ਸ਼ਹੀਦੀ ਲੇਕਿਨ ਫਤਹਿ ਵਾਹਿਗੁਰੂ ਦੀ ਹੀ ਹੈ, ਅਤੇ ਪਰਮੇਸਰ ਦੀ ਬਰਾਬਰੀ ਕਰਨ ਵਾਲੇ ਨੂੰ ਗੁਰਬਾਣੀ ਵਿੱਚ ਨਕਾਰਿਆ ਹੋਇਆ ਹੈ। ਦਸਮ ਪਾਤਸਾਹ ਨੇ ਸਖਤ ਹਦਾਇਤ ਕੀਤੀ ਹੈ ਕਿ ਮੈ ਦਾਸ ਹਾਂ ਅਤੇ ਜਿਹੜਾ ਮੈਨੂ ਪਰਮੇਸਰ ਮੰਨੂਗਾ ਉਹ ਸਿੱਧਾ ਨਰਕ ਵਿੱਚ ਡਿੱਗੇਗਾ
“ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਬ ਨਰਕ ਕੁੰਡ ਮਹਿ ਪਰਿਹੈਂ॥ ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥੩੨॥”
ਇਹੀ ਗਲ ਨਾਨਕ ਪਾਤਿਸ਼ਾਹ ਨੇ ਵੀ ਕਹੀ ਹੈ ਕੇ “ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ॥੧॥”।
ਨਾਨਕ ਪਾਤਿਸ਼ਾਹ ਇਹ ਵੀ ਆਖਦੇ “ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ॥” ਆਖਦੇ ਹੇ ਨਾਨਕ ਜਿਹੜਾ ਸੱਚਾ ਪਾਤਿਸ਼ਾਹ ਹੈ ਪਰਮੇਸਰ ਹੈ ਦਰਗਾਹ ਦਾ ਰਾਹ ਦੱਸਣ ਵਾਲਾ ਹੈ ਉਹ ਕਿਸੇ ਨੂੰ ਪੁੱਛ ਕੇ ਵਿਚਾਰ ਕਰਕੇ ਕੰਮ ਨਹੀਂ ਕਰਦਾ”। ਆਖਦੇ “ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ॥” ਜੋ ਲੇਖਾ ਹੈ ਨਹੀਂ ਮਿਟ ਸਕਦਾ। ਉਹਨਾਂ ਨੇ ਅੰਤਰਜਾਮੀ ਹੋਣ ਦਾ ਦਾਅਵਾ ਨਹੀਂ ਕੀਤਾ “ਕਿਆ ਜਾਨਾ ਕਿਆ ਹੋਇਗਾ ਰੀ ਮਾਈ॥ ਹਰਿ ਦਰਸਨ ਬਿਨੁ ਰਹਨੁ ਨ ਜਾਈ॥੧॥” ਨਾ ਹੀ ਭਗਤਾਂ ਨੇ ਇਹ ਦਾਅਵਾ ਕੀਤਾ “ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ॥”। ਫੇਰ ਅਰਦਾਸ ਕੀ ਕਰਨੀ ਹੈ ਮੰਗਣਾ ਕੀ ਹੈ ਵਿਚਾਰਨ ਲਈ ਵੇਖੋ “ਅਰਦਾਸ ਕੀ ਹੈ ਤੇ ਮੰਗਣਾ ਕੀ ਹੈ”
ਨਾਮੁ ਵਿੱਚ ਬ੍ਰਹਮਗਿਆਨ ਵਿੱਚ ਕਰਾਮਾਤ ਹੈ ਕੇ ਜੋ ਇਹ ਗਿਆਨ ਲੈਂਦਾ ਹੈ ਉਹਦਾ ਸੰਸਾਰ ਨਾਲੋ ਮੋਹ ਟੁੱਟ ਜਾਂਦਾ, ਉਹ ਮੁਕਤ ਹੋ ਜਾਂਦਾ, ਜਿਵੇਂ ਕਿ ਗੁਰਬਾਣੀ ਸੰਸਾਰ ਨੂੰ ਝੂਠ ਕਹਿੰਦੀ ਹੈ, ਅਤੇ ਇਹ ਗਿਆਨ ਲੈਣ ਵਾਲੇ ਨੂੰ ਦਰਸ਼ਨ ਹੋ ਜਾਂਦੇ ਹਨ ਕਿ ਸੰਸਾਰ ਝੂਠ ਹੈ, ਸੁਪਨਾ ਹੈ, ਕੂੜ ਹੈ, ਸੱਚ ਨਹੀ ਹੈ, ਅਤੇ ਫਿਰ ਉਹ ਮਰਨ ਕਬੂਲ ਕਰ ਲੈਂਦਾ ਹੈ। ਜਿਵੇਂ ਕਿ ਗੁਰਬਾਣੀ ਕਹਿੰਦੀ ਹੈ ਕਿ ਸੰਸਾਰੀ ਰਿਸ਼ਤੇ ਵੀ ਸਭ ਝੂਠੇ ਹਨ, ਤਾਂ ਗੁਰਬਾਣੀ ਦੇ ਗਿਆਨ ਦੀ ਕਰਾਮਤ ਨਾਲ ਸੋਝੀ ਪੈਂਦੀ ਹੈ ਕਿ ਬਿਲਕੁਲ ਇਹ ਜਿਹਨੂ ਮਾਂ ਕਹਿਨੇ ਹਾਂ ਅਸੀ ਸੰਸਾਰੀ ਇਹ ਸਾਡੀ ਮਾਂ ਹੈ ਹੀ ਨਹੀਂ ਭਾਵੇਂ ਦੁਨਿਆਵੀ ਜਨਮ ਇਸਨੇ ਦਿੱਤਾ ਹੈ, ਜਿਹਨੂ ਪਿਉ ਕਹਿਨੇ ਹਾਂ ਉਹ ਤਾਂ ਪਿੳੇੁ ਹੈਈ ਨਹੀਂ, ਅਸੀ ਤਾਂ ਮੂਰਖ ਹੀ ਰਹੇ ਅਗਿਆਨਤਾ ਵਿੱਚ।
ਕਾ ਕੀ ਮਾਈ ਕਾ ਕੋ ਬਾਪ॥ ਨਾਮ ਧਾਰੀਕ ਝੂਠੇ ਸਭਿ ਸਾਕ॥੧॥ ਕਾਹੇ ਕਉ ਮੂਰਖ ਭਖਲਾਇਆ॥ ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥
ਸਾਨੂੰ ਝੂਠੀਆਂ ਸਾਖੀਆਂ ਰਾਹੀਂ ਦੱਸਿਆ ਗਿਆ ਹੈ ਕੇ ਕਿਸੇ ਭਗਤ ਨੇ ਗਾਂ ਜੀਵਿਤ ਕਰ ਦਿੱਤੀ ਸੀ। ਕਿਸੇ ਗੁਰੂ ਨੇ ਜਾਂ ਗੁਰੂ ਪੁੱਤਰ ਨੇ ਕਿਸੇ ਮਰੇ ਹੋਏ ਨੂੰ ਜੀਵਿਤ ਕਰ ਦਿੱਤਾ ਸੀ ਪਰ ਕਦੇ ਅਸੀਂ ਗੁਰਬਾਣੀ ਤੋਂ ਪੁੱਛਿਆ ਕੀ ਇਹ ਹੋ ਸਕਦਾ ਹੈ ਜਾਂ ਨਹੀਂ। ਇਹ ਪ੍ਰਚਾਰ ਇਸ ਲਈ ਹੋਇਆ ਕਿਉਂਕੇ ਦੂਜੇ ਧਰਮਾਂ ਵਿੱਚ ਚਮਤਕਾਰ ਦੀ ਗਲ ਹੋਈ ਹੈ, ਸਾਡੇ ਪ੍ਰਚਾਰਕ ਕਿਉਂ ਪਿੱਛੇ ਰਹਿੰਦੇ। ਉਹਨਾਂ ਵੀ ਤਾਂ ਆਪਣਾ ਧਰਮ ਲੋਕਾਂ ਨੂੰ ਹੈਰਾਨ ਕਰਕੇ ਸ਼ਰਦਾ ਵਧਾ ਕੇ ਹੀ ਚਲਾਉਣਾ ਸੌਖਾ ਲੱਗਿਆ। ਗੁਰਮਤਿ ਦਾ ਫੁਰਮਾਨ ਹੈ “ਬਿਸਮਿਲਿ ਕੀਆ ਨ ਜੀਵੈ ਕੋਇ॥੩॥” ਅਤੇ “ਮਾਰੈ ਰਾਖੈ ਏਕੋ ਆਪਿ॥ ਮਾਨੁਖ ਕੈ ਕਿਛੁ ਨਾਹੀ ਹਾਥਿ॥ ਤਿਸ ਕਾ ਹੁਕਮੁ ਬੂਝਿ ਸੁਖੁ ਹੋਇ॥ ਤਿਸ ਕਾ ਨਾਮੁ ਰਖੁ ਕੰਠਿ ਪਰੋਇ॥ ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ॥ ਨਾਨਕ ਬਿਘਨੁ ਨ ਲਾਗੈ ਕੋਇ॥੧॥“। ਗੁਰੁ ਨਾਨਕ ਹੀ ਆਖਦੇ ਨੇ “ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ॥” ਕਰਤਾ ਕਰਤਾਰ ਨੂੰ ਆਖਦੇ। ਕਹਿੰਦੇ ਉਹ ਕਰਤਾ ਉਹੀ ਕਰ ਰਹਿਆ ਜੋ ਉਸਨੇ ਭਾਣਾ ਲਿਖਿਆ। ਆਖਦੇ “ਸੋ ਕਿਛੁ ਕਰੈ ਜੁ ਚਿਤਿ ਨ ਹੋਈ॥ ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ॥” ਕੇ ਪਰਮੇਸਰ ਉਹ ਕਰਦਾ ਹੈ ਜੋ ਸਾਡੇ ਚਿੱਤ ਚੇਤੇ ਵੀ ਨਹੀਂ ਹੁੰਦਾ ਸਾਨੂੰ ਅੰਦਾਜਾ ਹੀ ਨਹੀਂ ਹੁੰਦਾ, ਜੋ ਉਸਦਾ ਹੁਕਮ ਹੈ ਉਸਨੂੰ ਕੋਈ ਮੇਟ ਨਹੀਂ ਸਕਦਾ ਕੋਈ ਬਦਲ ਨਹੀਂ ਸਕਦਾ। ਫੇਰ ਸਵਾਲ ਇਹ ਉਠਦਾ ਕੇ ਹੁਕਮ ਦੀ ਨਾਫਰਮਾਨੀ ਕਰਕੇ ਕੌਣ ਹੁਕਮ ਨੂੰ ਬਦਲ ਸਕਦਾ। ਪਰਮੇਸਰ ਨੇ ਸਬ ਨੂੰ ਕਾਲ ਦੇ ਵੱਸ ਵਿੱਚ ਆਪ ਦੱਖਿਆ ਹੈ “ਖੰਡ ਪਤਾਲ ਦੀਪ ਸਭਿ ਲੋਆ॥ ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ॥ ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ॥”। ਜਿਹਨਾ ਨੂੰ ਗੁਰੂ ਦਾ ਵਜੀਰ ਬਣਨਾ ਸੀ ਲੋਕਾਂ ਨੂੰ ਬਾਣੀ ਦਾ, ਨਾਮ ਦਾ ਸੋਝੀ ਦਾ ਪ੍ਰਚਾਰ ਕਰਨਾ ਸੀ ਉਹ ਮਾਇਆ ਦੇ ਲਾਲਚ ਵਿੱਚ ਏਜੈਂਟ ਬਣੇ ਬੈਠੇ ਨੇ ਅਰਦਾਸਾਂ, ਸੰਪਟ ਪਾਠ, ਅਖੰਡ ਪਾਠ ਵੇਚ ਰਹੇ ਨੇ। ਇਹਨਾਂ ਨੂੰ ਲੋਕਾਂ ਦੇ ਅਗਿਆਨਤਾ ਦੀ ਨੂਂਦ ਵਿੱਚ ਸੁੱਤੇ ਰਹਣ ਵਿੱਚ ਫਾਇਦਾ ਦਿਸਦਾ। ਸ਼ਰਦਾ ਦਾ ਭਰਪੂਰ ਵਾਪਾਰ ਕਰ ਰਹੇ ਨੇ।
ਜੇ ਕੋਈ ਪਖੰਡੀ ਤੁਹਾਨੂ ਕਹਿੰਦਾ ਕਿ ਕਰਾਮਤ ਹੁੰਦੀ ਹੈ ਜਾ ਕਰਾਮਾਤ ਹੈ ਉਸਦੇ ਵਿੱਚ। ਕੋਈ ਤੁਹਾਨੂੰ ਫੂਕ ਮਾਰਕੇ ਸੋਨੇ ਦਾ ਹਾਰ ਪ੍ਰਗਟ ਕਰ ਕੇ ਦਿਖਾਉਂਦਾ ਹੈ ਤਾਂ ਗੁਰਬਾਣੀ ਨੇ ਦੱਸਿਆ ਹੈ ਐਸੇ ਪਾਖੰਡੀ ਦਾ ਇਲਾਜ ਕਿਵੇਂ ਕਰਨਾ ਹੈ। ਬਾਣੀ ਪੜ੍ਹ ਸਮਝ ਕੇ ਆਪ ਇਹਨਾਂ ਨੂੰ ਜਵਾਬ ਦੇਵੋ।
“ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ॥ ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ॥੧॥ ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ॥ ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ॥੨॥ ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ॥ ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ॥”
“ਅਮ੍ਰਿਤਾ ਮ੍ਰਿਤ ਹੈਂ ॥” – ਕੌਣ ? ਅਕਾਲ ਪੁਰਖ। ਕੇਵਲ ਅਕਾਲ ਹੀ ਕਾਲ ਤੋਂ ਉੱਪਰ ਹੈ। ਸਦੀਵ ਰਹਣ ਵਾਲਾ, ਬਾਕੀ ਸਾਰੇ ਹੀ ਕਾਲ ਦੇ ਵੱਸ ਹਨ। ਜਿਹੜੇ ਮਨੁਖ ਕਾਲ ਤੇ ਕਾਬੂ ਪਾਣ ਦਾ ਦਾਅਵਾ ਕਰਦੇ ਹਨ ਉਹਨਾਂ ਲਈ ਬਾਣੀ ਆਖਦੀ “ਕੇਤੇ ਕਛ ਮਛ ਕੇਤੇ ਉਨ ਕਉ ਕਰਤ ਭਛ ਕੇਤੇ ਅਛ ਵਛ ਹੁਇ ਸਪਛ ਉਡ ਜਾਹਿਂਗੇ॥ ਕੇਤੇ ਨਭ ਬੀਚ ਅਛ ਪਛ ਕਉ ਕਰੈਂਗੇ ਭਛ ਕੇਤਕ ਪ੍ਰਤਛ ਹੁਇ ਪਚਾਇ ਖਾਇ ਜਾਹਿਂਗੇ॥ ਜਲ ਕਹਾ ਥਲ ਕਹਾ ਗਗਨ ਕੇ ਗਉਨ ਕਹਾ ਕਾਲ ਕੇ ਬਨਾਇ ਸਬੈ ਕਾਲ ਹੀ ਚਬਾਹਿਂਗੇ॥ ਤੇਜ ਜਿਉ ਅਤੇਜ ਮੈ ਅਤੇਜ ਜੈਸੇ ਤੇਜ ਲੀਨ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ॥“
ਕਈ ਪ੍ਰਾਣੀ ਖੰਡੇ ਦੀ ਪਾਹੁਲ ਨੂੰ ਹੀ ਅਮ੍ਰਿਤ ਕਹੀ ਜਾਂਦੇ। ਅੰਮ੍ਰਿਤ ਦਾ ਅਰਥ ਹੁੰਦਾ ਜੋ ਮਰੇ ਨਾ ਜਾ ਜਿਸਨੂੰ ਪੀ ਕੇ ਜਨਮ ਮਰਣ ਦਾ ਗੇੜ ਖਤਮ ਹੋ ਜਾਵੇ। ਗੁਰੂਆਂ ਨੇ ਭਗਤਾਂ ਨੇ ਸਾਨੂੰ ਆਪਣੇ ਮਗਰ ਨਹੀਂ ਲਗਾਇਆ ਬਲਕੀ ਪਰਮੇਸਰ ਪ੍ਰਾਪਤੀ ਦੀ ਜੁਗਤ ਦੱਸੀ, ਅਸੀਂ ਦੀਵੇ ਥੱਲੇ ਹਨੇਰੇ ਵਿੱਚ ਬੈਠੇ ਹਾਂ ਤੇ ਖੁਸ਼ ਹੋ ਰਹੇ ਹਾਂ। ਬਾਣੀ ਵਿਚਾਰ ਕੇ ਰੋਸ਼ਨੀ ਪ੍ਰਾਪਤ ਹੋਣੀ। ਮਨ ਅੰਦਰ ਹੀ ਅੰਮ੍ਰਿਤ ਹੈ ਜੋ ਗਰਪ੍ਰਸਾਦ ਨਾਲ ਮਿਲਨਾ। ਗੁਰਪ੍ਰਸਾਦ ਹੈ ਗੁਰਬਾਣੀ ਵਿੱਚਲਾ ਨਾਮ (ਗਿਆਨ ਤੋਂ ਸੋਝੀ)।
“ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ॥ ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ॥ ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥(ਮ ੩, ਰਾਗੁ ਸੋਰਠਿ, ੬੫੦)”
ਸ਼ਬਦ ਨਾਲ ਮਨ ਮਾਰ ਦੇਣਾ, ਇਸ ਤੋਂ ਵੱਡੀ ਕਰਾਮਾਤ ਕੋਈ ਨਹੀਂ, ਜਿਸ ਭਰਮ ਨੇ ਸੰਸਾਰ ਨੂੰ ਬੰਧਨ ਵਿਚ ਪਾਇਆ, ਉਸ ਦਾ ਸ਼ਬਦ ਦੀ ਚੋਟ ਨਾਲ ਟੁੱਟ ਜਾਣਾ ਕਰਾਮਾਤ ਹੈ। ਹਿਰਦੇ ਵਿਚੋਂ ਭੈ ਖਤਮ ਹੋ, ਨਿਰਭਉ ਪਦ ਪ੍ਰਾਪਤ ਕਰਨਾ ਕਰਾਮਾਤ ਹੈ। ਜੰਗ ਦੇ ਮੈਦਾਨ ਵਿਚ ਸ਼ਸਤਰ ਫੜ ਕੇ ਲੜਦਿਆਂ ਵੀ ਨਿਰਵੈਰ ਰਹਿਣਾ ਕਰਾਮਾਤ ਹੈ। ਨਾਮ ਦਾ ਹਿਰਦੇ ਵਿਚ ਵਾਸ ਹੋਣਾ ਕਰਾਮਾਤ ਹੈ। ਯੋਧਾ ਉਹ ਹੈ ਜੋ ਗੁਰ ਉਪਦੇਸ਼ ਦੇ ਬਲ ਨਾਲ ਮਨ ਨਾਲ ਲੜਕੇ ਮਨ ਨੂੰ ਮਾਰ ਚੁਕਾ ਹੈ। ਸਿਰ ਭੇਟ ਕਰ ਚੁਕਾ ਹੈ। ਖੰਡੇ ਦੀ ਪਾਹੁਲ ਉਸ ਸਿਰ ਦੇ ਚੁਕੇ ਯੋਧੇ ਦਾ ਪ੍ਰਣ ਹੈ ਤੇ ਧਰਮ ਦੇ ਮਾਰਗ ਤੇ ਚਲਦਿਆ ਨਿਰਭਉ ਹੋ ਗੁਰਮਤਿ ਤੇ ਪਹਿਰਾ ਦੇਵੇਗਾ। ਲੋਕਾਂ ਵਿੱਚ ਭੁਲੇਖੇ ਪਾ ਕੇ ਮਗਰ ਲੌਣ ਲਈ ਕਰਾਮਾਤ ਦੀਆਂ ਚਮਤਕਾਰ ਦੀਆਂ ਸਾਖੀਆਂ ਘੜ੍ਹੀਆਂ ਗਈਆਂ ਹਨ। ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਦਾ ਨਾਮ ਦੇ ਕੇ ਪ੍ਰਚਾਰਿਆ ਜਾਣਾ ਗੁਰਮਤਿ ਤੋਂ ਉਲਟ ਹੈ। ਕਿਉਂ – ਕਿਉਂਕੇ ਲੋਕਾਂ ਨੂੰ ਗੁਰਮਤਿ ਸਮਝਾਉਣਾ ਔਖਾ। ਜਾਂ ਤਾਂ ਕਿਸੇ ਨੂੰ ਆਪ ਸਮਝ ਨਹੀ ਆਇਆ ਜਾਂ ਕਿਸੇ ਨੂੰ ਗਲ ਸਮਝ ਤਾਂ ਆ ਗਈ ਪਰ ਅੱਗੇ ਦੱਸਣ ਵਿੱਚ ਫਾਇਦਾ ਨਹੀਂ ਦਿਸਦਾ। ਗੁਰਮਤਿ ਗਿਆਨ ਦਾ ਅੰਮ੍ਰਿਤ ਲੈਕੇ ਲੋਕਾਂ ਮੁਕਤ ਹੋ ਜਾਣਾ ਬੰਧਨ ਤੋਂ ਤੇ ਉਹਨਾਂ ਮਗਰ ਨਹੀਂ ਲੱਗਣਾ ਜੋ ਗੁਰਮਤਿ ਦਾ ਵਾਪਾਰ ਕਰਦੇ ਨੇ ਅਤੇ ਉਹਨਾਂ ਦੀ ਗੋਲਕ ਬੰਦ ਹੋ ਜਾਂਦੀ। ਇਸ ਲਈ ਸ਼ਰਦਾ ਦਾ ਵਾਪਾਰ ਕੀਤਾਂ ਜਾਂਦਾ। ਲੋਕਾਂ ਨੂੰ ਭੁਲੇਖੇ ਵਿੱਚ ਰੱਖਣਾ ਗੋਲਕ ਦੇ ਵਾਪਾਰ ਲਈ ਚੰਗਾ ਹੈ। ਬਾਕੀ ਗੁਰਮਤਿ ਤਾਂ ਵਡਿਆਈ ਨਾਮ (ਸੋਝੀ) ਦੀ ਹੀ ਮੰਨਦੀ। ਤੁਸੀਂ ਕਦੇ ਸੋਚ ਕੇ ਵੇਖਿਓ ਤੁਹਾਡੇ ਤੇ ਗੁਰੂ ਦੇ ਐਨ ਵਿੱਚ ਗੋਲਕ ਕਿਉਂ ਹੈ? ਕੀ ਇਹ ਇੱਕ ਪਾਸੇ ਰੱਖੀ ਹੋਵੇ ਤਾਂ ਲੋਕਾਂ ਗੋਲਕ ਵਿੱਚ ਪੈਸਾ ਨਹੀਂ ਪਾਣਾ? ਤੁਸੀਂ ਗੁਰੂ ਨੂੰ ਮੱਥਾ ਟੇਕ ਰਹੇ ਹੋ ਜਾਂ ਗੋਲਕ ਨੂੰ? ਕੀ ਤੁਹਾਡੀ ਹੌਮੇ ਨੂੰ ਹਵਾ ਨਹੀਂ ਦਿੱਤੀ ਜਾ ਰਹੀ ਕੇ ਅਸੀਂ ਗੁਰੂ ਨੂੰ ਮਾਇਆ ਭੇਂਟ ਕਰ ਰਹੇ ਹਾਂ? ਗੁਰਬਾਣੀ ਤੋਂ ਖੋਜੋ ਕੇ ਅੰਮ੍ਰਿਤ ਕੀ ਹੈ।
“ਸਲੋਕ ਮਹਲਾ ੨॥ ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ ॥੧॥”
“ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ॥੩॥ ਗੁਰ ਕੇ ਭਾਣੇ ਵਿਚਿ ਅੰਮ੍ਰਿਤ ਹੈ ਸਹਜੇ ਪਾਵੈ ਕੋਇ ॥ ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ॥ ਨਾਨਕ ਗੁਰਮੁਖਿ ਨਾਮੁ ਧਿਆਈੲੈ ਸਚਿ ਮਿਲਾਵਾ ਹੋਇ ॥੪॥੧੩॥੪੬॥”
ਅੱਜ ਚਮਤਕਾਰ, ਕਰਾਮਾਤ, ਸਾਖੀਆਂ, ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਕਹ ਕੇ ਲੋਕਾਂ ਨੂੰ ਮਗਰ ਲਾਇਆ ਜਾਂ ਰਹਿਆ ਹੈ। ਖੰਡੇ ਦੀ ਪਾਹੁਲ ਨੂੰ ਭਾਂਵੇ ਅੰਮ੍ਰਿਤ ਕਹਿ ਲਵੋ ਗੁਰਬਾਣੀ ਉਸਨੂੰ ਅੰਮ੍ਰਿਤ ਨਹੀਂ ਮੰਨਦੀ। ਅਸਲੀ ਅੰਮ੍ਰਿਤ ਭਾਣੇ ਵਿੱਚ ਚੱਲਣ ਵਾਲੇ ਨੂੰ ਮਿਲਨਾ ਫਿਰ ਉਸਨੇ ਜਨਮ ਮਰਣ ਦੇ ਗੇੜ ਵਿੱਚੋਂ ਨਿਕਲਣਾ। ਅਮ੍ਰਿਤ ਦਾ ਅਰਥ ਹੈ ਜੋ ਮਰੇ ਨਾ ਖਤਮ ਨਾ ਹੋਵੇ ਇਸ ਕਾਰਣ ਬਾਣੀ ਅੰਮ੍ਰਿਤ ਪਰਮੇਸਰ ਦੇ ਨਾਮ (ਹੁਕਮ / ਗਿਆਨ) ਨੂੰ ਅਮ੍ਰਿਤ ਮੰਨਦੀ “ਅੰਮ੍ਰਿਤ ਹਰਿ ਕਾ ਨਾਮੁ ਹੈ ਵਰਸੈ ਕਿਰਪਾ ਧਾਰਿ॥” ਹਉਮੈ ਤਿਆਗ ਕੇ ਮੈਂ ਮਾਰ ਕੇ ਸੱਚ (ਪਰਮੇਸਰ) ਨਾਲ ਮਿਲਾਵਾ ਹੋਣਾ।
ਹੁਣ ਜ਼ਿਹਨਾਂ ਸਾਨੂੰ ਇਹ ਗਿਆਨ ਦਿੱਤਾ ਉਹਨਾਂ ਚਲਤਕਾਰ/ਕਰਾਮਾਤ ਕੀਤਿ ਹੋਣੀ ਕੇ ਨਹੀਂ ਤੁਹਾਨੂੰ ਆਪ ਸੋਚਣਾ ਹੈ ਕੀ ਉਹ ਆਪਣੇ ਚਰਣ ਧੋਤਾ ਸਾਨੂੰ ਪਾਣੀ/ਜਲ ਪਿਲਾ ਕੇ ਸਿੱਖੀ ਵਿੱਚ ਲਿਆਏ ਹੋਣੇ ਕੇ ਨਹੀਂ? ਉਹ ਤਾਂ ਹੁਕਮ ਨੂੰ ਸਬ ਤੋਂ ਉੱਚਾ ਦਰਜਾ ਦਿੰਦੇ ਹਨ, ਭਾਣਾ ਮੰਨਣ ਤੇ ਦੁੱਖ ਸੁਖ ਵਿੱਚ ਖੁਸ਼ ਰਹਣ ਨੂੰ ਆਖਦੇ ਹਨ ਬਾਣੀ ਵਿੱਚ, ਫੇਰ ਪਰਮੇਸਰ ਦੇ ਹੁਕਮ ਵਿੱਚ ਕਿਸੇ ਮ੍ਰਿਤ ਨੂੰ ਮੁੜ ਜੀਵਿਤ ਕਰਨਗੇ ਤੇ ਹੁਕਮ ਦੇ ਖਿਲਾਫ਼ ਜਾਣਗੇ ਕੇ ਨਹੀਂ ?
ਹੁਕਮ ਮੰਨਣ ਬਾਰੇ ਗੁਰਬਾਣੀ ਦਾ ਫੁਰਮਾਨ ਹੈ
”ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ॥”
”ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥”
“ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥”
”ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥”
”ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ॥”
”ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥”
”ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥੧੨॥”
”ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥੩॥”
”ਹੁਕਮੁ ਮੰਨੇ ਸੋ ਜਨੁ ਪਰਵਾਣੁ ॥”
”ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥”
”ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ॥”
ਨਾ ਵੇਦਾਂ ਵਿੱਚ ਨਾ ਗੁਰਬਾਣੀ ਵਿੱਚ ਕੋਈ ਦੁਨਿਆਵੀ ਚਮਤਕਾਰ ਦੀ ਗਲ ਹੋਈ ਹੈ। ਸਾਨੂੰ ਹੁਕਮ ਮੰਨਣ ਦਾ ਆਦੇਸ਼ ਦੇ ਕੇ ਹੁਕਮ ਭਾਣੇ ਦਾ ਵਿਰੋਧ ਕਰਕੇ ਗੁਰੂ ਜਾਂ ਭਗਤ ਕੋਈ ਦੁਨਿਆਵੀ ਚਮਤਕਾਰ, ਕਰਾਮਾਤ ਜਾਂ ਜਾਦੂ ਕਰਨਗੇ? ਜਾਂ ਇਹ ਸਿੱਖੀ ਭੇਖ ਦੇ ਵਿੱਚ ਆ ਵੜੇ ਪਾਂਡੇ ਦੀ ਚਾਲ ਹੈ? ਗੁਰਬਾਣੀ ਨੂੰ ਪੜ੍ਹੋ, ਸੁਣੋ, ਸਮਝੋ, ਵਿਚਾਰੋ ਤੇ ਹੁਕਮ ਨੂੰ ਸਮਝੋ।