Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸ਼ਰਧਾ, ਕਰਮ, ਤੀਰਥ ਤੇ ਪਰਮੇਸਰ ਪ੍ਰਾਪਤੀ

ਕਈ ਜੀਵ ਸ਼ਰਧਾ ਨਾਲ ਹਜਾਰਾਂ ਤਰੀਕਿਆਂ ਨਾਲ ਪਰਮੇਸਰ ਪ੍ਰਾਪਤੀ ਦੇ ਜਤਨ ਕਰਦੇ ਹਨ। ਕੋਈ ਗਾ ਕੇ, ਕੋਈ ਰੋ ਕੇ, ਕੋਈ ਅੱਖਾਂ ਬੰਦ ਕਰ ਕੇ, ਕੋਈ ਕਾਠ ਦੀ ਰੋਟੀ ਖਾ ਕੇ, ਕੋਈ ਸਰੀਰ ਦੇ ਬੰਦ ਬੰਦ ਕਟਾ ਕੇ, ਕੋਈ ਸੀਸ ਕਟਾ ਕੇ, ਕੋਈ ਤੀਰਥ ਸਨਾਨ ਕਰ ਕੇ ਹੋਰ ਹਜਾਰਾਂ ਜਤਨਾਂ ਰਾਹੀਂ ਮੁਕਤੀ ਪ੍ਰਾਪਤੀ ਦੇ ਜਤਨ ਕਰਦੇ ਰਹੇ ਨੇ ਹਮੇਸ਼ਾ ਤੋਂ ਪਰ ਗੁਰਮਤਿ ਦਾ ਫੁਰਮਾਨ ਹੈ ਕੇ ਬਿਨਾ ਨਾਮ (ਅਰਥ ਗਿਆਨ ਤੋਂ ਪ੍ਰਾਪਤ ਸੋਝੀ) ਦੇ ਬਿਨਾਂ ਗੁਰ (ਗੁਣਾਂ) ਦੀ ਪ੍ਰਾਪਤੀ ਦੇ ਮੁਕਤੀ ਨਹੀਂ ਮਿਲ ਸਕਦੀ ਨਾ ਹੀ ਪਰਮੇਸਰ ਪ੍ਰਾਪਤੀ ਹੋ ਸਕਦੀ। ਦਸਮ ਪਾਤਿਸ਼ਾਹ ਨੇ ਕਈ ਉਦਾਹਰਣ ਦਿੱਤੇ ਨੇ ਇਹਨਾਂ ਜਤਨਾ ਬਾਰੇ ਫੇਰ ਦੱਸਿਆ ਹੈ ਜੇ ਇਹਨਾਂ ਨਾਲ ਕੁਝ ਪ੍ਰਪਾਤੀ ਹੋਣੀ ਜਾ ਨਹੀਂ।

ਇਹ ਭਾਤਿ ਸਰਬ ਛਿਤ ਕੇ ਨ੍ਰਿਪਾਲ॥ ਸੰਨ੍ਯਾਸ ਜੋਗ ਲਾਗੇ ਉਤਾਲ॥ ਇਕ ਕਰੈ ਲਾਗਿ ਨਿਵਲਿ ਆਦਿ ਕਰਮ॥ ਇਕ ਧਰਤ ਧਿਆਨ ਲੈ ਬਸਤ੍ਰ ਚਰਮ॥੧੪੨॥ ਇਕ ਧਰਤ ਬਸਤ੍ਰ ਬਲਕਲਨ ਅੰਗਿ॥ ਇਕ ਰਹਤ ਕਲਪ ਇਸਥਿਤ ਉਤੰਗ॥ ਇਕ ਕਰਤ ਅਲਪ ਦੁਗਧਾ ਅਹਾਰ॥ ਇਕ ਰਹਤ ਬਰਖ ਬਹੁ ਨਿਰਾਹਾਰ॥੧੪੩॥ ਇਕ ਰਹਤ ਮੋਨ ਮੋਨੀ ਮਹਾਨ॥ ਇਕ ਕਰਤ ਨ੍ਯਾਸ ਤਜਿ ਖਾਨ ਪਾਨ॥ ਇਕ ਰਹਤ ਏਕ ਪਗ ਨਿਰਾਧਾਰ॥ ਇਕ ਬਸਤ ਗ੍ਰਾਮ ਕਾਨਨ ਪਹਾਰ॥੧੪੪॥ ਇਕ ਕਰਤ ਕਸਟ ਕਰ ਧੂਮ੍ਰ ਪਾਨ॥ ਇਕ ਕਰਤ ਭਾਤਿ ਭਾਤਿਨ ਸਨਾਨ॥ ਇਕ ਰਹਤ ਇਕ ਪਗ ਜੁਗ ਪ੍ਰਮਾਨ॥ ਕਈ ਊਰਧ ਬਾਹ ਮੁਨਿ ਮਨ ਮਹਾਨ॥੧੪੫॥ ਇਕ ਰਹਤ ਬੈਠਿ ਜਲਿ ਮਧਿ ਜਾਇ॥ ਇਕ ਤਪਤ ਆਗਿ ਊਰਧ ਜਰਾਇ॥ ਇਕ ਕਰਤ ਨ੍ਯਾਸ ਬਹੁ ਬਿਧਿ ਪ੍ਰਕਾਰ॥ ਇਕ ਰਹਤ ਏਕ ਆਸਾ ਅਧਾਰ॥੧੪੬॥ ਕੇਈ ਕਬਹੂੰ ਨੀਚ ਨਹੀ ਕਰਤ ਡੀਠ॥ ਕੇਈ ਤਪਤ ਆਗਿ ਪਰ ਜਾਰ ਪੀਠ॥ ਕੇਈ ਬੈਠ ਕਰਤ ਬ੍ਰਤ ਚਰਜ ਦਾਨ॥ ਕੇਈ ਧਰਤ ਚਿਤ ਏਕੈ ਨਿਧਾਨ॥੧੪੭॥ ਕੇਈ ਕਰਤ ਜਗਿ ਅਰੁ ਹੋਮ ਦਾਨ॥ ਕੇਈ ਭਾਤਿ ਭਾਤਿ ਬਿਧਵਤਿ ਇਸਨਾਨ॥ ਕੇਈ ਧਰਤ ਜਾਇ ਲੈ ਪਿਸਟ ਪਾਨ॥ ਕੇਈ ਦੇਤ ਕਰਮ ਕੀ ਛਾਡਿ ਬਾਨ॥੧੪੮॥ ਕੇਈ ਕਰਤ ਬੈਠਿ ਪਰਮੰ ਪ੍ਰਕਾਸ॥ ਕੇਈ ਭ੍ਰਮਤ ਪਬ ਬਨਿ ਬਨਿ ਉਦਾਸ॥ ਕੇਈ ਰਹਤ ਏਕ ਆਸਨ ਅਡੋਲ॥ ਕੇਈ ਜਪਤ ਬੈਠਿ ਮੁਖ ਮੰਤ੍ਰ ਅਮੋਲ॥੧੪੯॥ ਕੇਈ ਕਰਤ ਬੈਠਿ ਹਰਿ ਹਰਿ ਉਚਾਰ॥ ਕੇਈ ਕਰਤ ਪਾਠ ਮੁਨਿ ਮਨ ਉਦਾਰ॥ ਕੇਈ ਭਗਤਿ ਭਾਵ ਭਗਵਤ ਭਜੰਤ॥ ਕੇਈ ਰਿਚਾ ਬੇਦ ਸਿੰਮ੍ਰਿਤ ਰਟੰਤ॥੧੫੦॥ ਕੇਈ ਏਕ ਪਾਨ ਅਸਥਿਤ ਅਡੋਲ॥ ਕੇਈ ਜਪਤ ਜਾਪ ਮਨਿ ਚਿਤ ਖੋਲਿ॥ ਕੇਈ ਰਹਤ ਏਕ ਮਨ ਨਿਰਾਹਾਰ॥ ਇਕ ਭਛਤ ਪਉਨ ਮੁਨਿ ਮਨ ਉਦਾਰ॥੧੫੧॥ ਇਕ ਕਰਤ ਨਿਆਸ ਆਸਾ ਬਿਹੀਨ॥ ਇਕ ਰਹਤ ਏਕ ਭਗਵਤ ਅਧੀਨ॥ ਇਕ ਕਰਤ ਨੈਕੁ ਬਨ ਫਲ ਅਹਾਰ॥ ਇਕ ਰਟਤ ਨਾਮ ਸਿਆਮਾ ਅਪਾਰ॥੧੫੨॥ ਇਕ ਏਕ ਆਸ ਆਸਾ ਬਿਰਹਤ॥ ਇਕ ਬਹੁਤ ਭਾਤਿ ਦੁਖ ਦੇਹ ਸਹਤ॥ ਇਕ ਕਹਤ ਏਕ ਹਰਿ ਕੋ ਕਥਾਨ॥ ਇਕ ਮੁਕਤ ਪਤ੍ਰ ਪਾਵਤ ਨਿਦਾਨ॥੧੫੩॥ ਇਕ ਪਰੇ ਸਰਣਿ ਹਰਿ ਕੇ ਦੁਆਰ॥ ਇਕ ਰਹਤ ਤਾਸੁ ਨਾਮੈ ਅਧਾਰ॥ ਇਕ ਜਪਤ ਨਾਮ ਤਾ ਕੋ ਦੁਰੰਤ॥ ਇਕ ਅੰਤਿ ਮੁਕਤਿ ਪਾਵਤ ਬਿਅੰਤ॥੧੫੪॥ ਇਕ ਕਰਤ ਨਾਮੁ ਨਿਸ ਦਿਨ ਉਚਾਰ॥ ਇਕ ਅਗਨਿ ਹੋਤ੍ਰ ਬ੍ਰਹਮਾ ਬਿਚਾਰ॥ ਇਕ ਸਾਸਤ੍ਰ ਸਰਬ ਸਿਮ੍ਰਿਤਿ ਰਟੰਤ॥ ਇਕ ਸਾਧ ਰੀਤਿ ਨਿਸ ਦਿਨ ਚਲੰਤ॥੧੫੫॥ ਇਕ ਹੋਮ ਦਾਨ ਅਰੁ ਬੇਦ ਰੀਤਿ॥ ਇਕ ਰਟਤ ਬੈਠਿ ਖਟ ਸਾਸਤ੍ਰ ਮੀਤ॥ ਇਕ ਕਰਤ ਬੇਦ ਚਾਰੋ ਉਚਾਰ॥ ਇਕ ਗਿਆਨ ਗਾਥ ਮਹਿਮਾ ਅਪਾਰ॥੧੫੬॥ ਇਕ ਭਾਤਿ ਭਾਤਿ ਮਿਸਟਾਨ ਭੋਜ॥ ਬਹੁ ਦੀਨ ਬੋਲਿ ਭਛ ਦੇਤ ਰੋਜ॥ ਕੇਈ ਕਰਤ ਬੈਠਿ ਬਹੁ ਭਾਤਿ ਪਾਠ॥ ਕਈ ਅੰਨਿ ਤਿਆਗਿ ਚਾਬੰਤ ਕਾਠ॥੧੫੭॥ ਪਾਧੜੀ ਛੰਦ॥ ਕੇਈ ਭਾਤਿ ਭਾਤਿ ਸੋ ਧਰਤ ਧਿਆਨ॥ ਕੇਈ ਕਰਤ ਬੈਠਿ ਹਰਿ ਕ੍ਰਿਤ ਕਾਨਿ॥ ਕੇਈ ਸੁਨਤ ਪਾਠ ਪਰਮੰ ਪੁਨੀਤ॥ ਨਹੀ ਮੁਰਤ ਕਲਪ ਬਹੁਤ ਜਾਤ ਬੀਤ॥੧੫੮॥ ਕੇਈ ਬੈਠ ਕਰਤ ਜਲਿ ਕੋ ਅਹਾਰ॥ ਕੇਈ ਭ੍ਰਮਤ ਦੇਸ ਦੇਸਨ ਪਹਾਰ॥ ਕੇਈ ਜਪਤ ਮਧ ਕੰਦਰੀ ਦੀਹ॥ ਕੇਈ ਬ੍ਰਹਮਚਰਜ ਸਰਤਾ ਮਝੀਹ॥੧੫੯॥ ਕੇਈ ਰਹਤ ਬੈਠਿ ਮਧ ਨੀਰ ਜਾਇ॥ ਕੇਈ ਅਗਨ ਜਾਰਿ ਤਾਪਤ ਬਨਾਇ॥ ਕੇਈ ਰਹਤ ਸਿਧਿ ਮੁਖ ਮੋਨ ਠਾਨ॥ ਅਨਿ ਆਸ ਚਿਤ ਇਕ ਆਸ ਮਾਨ॥੧੬੦॥ ਅਨਡੋਲ ਗਾਤ ਅਬਿਕਾਰ ਅੰਗ॥ ਮਹਿਮਾ ਮਹਾਨ ਆਭਾ ਅਭੰਗ॥ ਅਨਭੈ ਸਰੂਪ ਅਨਭਵ ਪ੍ਰਕਾਸ॥ ਅਬਯਕਤ ਤੇਜ ਨਿਸ ਦਿਨ ਉਦਾਸ॥੧੬੧॥ ਇਹ ਭਾਤਿ ਜੋਗਿ ਕੀਨੇ ਅਪਾਰ॥ ਗੁਰ ਬਾਝ ਯੌ ਨ ਹੋਵੈ ਉਧਾਰ॥ ਤਬ ਪਰੇ ਦਤ ਕੇ ਚਰਨਿ ਆਨਿ॥ ਕਹਿ ਦੇਹਿ ਜੋਗ ਕੇ ਗੁਰ ਬਿਧਾਨ॥੧੬੨॥(ਸ੍ਰੀ ਦਸਮ ਗ੍ਰੰਥ, ਰੂਦ੍ਰ ਅਵਤਾਰ)

ਲੋਕੀ ਅੱਖਾਂ ਬੰਦ ਕਰ ਕੇ ਧਿਆਨ ਲੌਣ ਦਾ ਦਾਅਵਾ ਕਰਦੇ ਪਰ ਗੁਰਮਤਿ ਆਖੀ “ਸਤ ਸੰਤੋਖ ਕਾ ਧਰਹੁ ਧਿਆਨ॥ ਕਥਨੀ ਕਥੀਐ ਬ੍ਰਹਮ ਗਿਆਨ ॥੧੫॥” ਅਤੇ ਅੱਖਾਂ ਬੰਦ ਕਰਕੇ ਧਿਆਨ ਧਰਣ ਦਾ ਦਾਅਵਾ ਕਰਦੇ ਉਹਨਾਂ ਲਈ ਆਖਦੀ “ਆਂਖ ਮੂੰਦਿ ਕੋਊ ਡਿੰਭ ਦਿਖਾਵੈ॥ ਆਂਧਰ ਕੀ ਪਦਵੀ ਕਹਿ ਪਾਵੈ॥ ਆਂਖਿ ਮੀਚ ਮਗ ਸੂਝ ਨ ਜਾਈ॥ ਤਾਹਿ ਅਨੰਤ ਮਿਲੈ ਕਿਮ ਭਾਈ॥੬੨॥” ਆਦਿ ਬਾਣੀ ਵਿੱਚ ਆਖਦੇ “ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥”.। ਦਸਮ ਪਾਤਿਸ਼ਾਹ ਆਖਦੇ “ਨ ਨੈਨੰ ਮਿਚਾਊਂ॥ ਨ ਡਿੰਭੰ ਦਿਖਾਊਂ॥ ਨ ਕੁਕਰਮੰ ਕਮਾਊਂ॥ ਨ ਭੇਖੀ ਕਹਾਊਂ॥੫੨॥”। ਭਗਤ ਕਬੀਰ ਜੀ ਆਖਦੇ ਨਾ ਮੈ ਜੋਗ ਧਿਆਨ ਚਿਤੁ ਲਾਇਆ॥ ਬਿਨੁ ਬੈਰਾਗ ਨ ਛੂਟਸਿ ਮਾਇਆ॥੧॥ ਕੈਸੇ ਜੀਵਨੁ ਹੋਇ ਹਮਾਰਾ॥ ਜਬ ਨ ਹੋਇ ਰਾਮ ਨਾਮ ਅਧਾਰਾ॥੧॥”

ਕਈ ਇਕ ਸ਼ਬਦ ਦਾ ਰੱਟਨ ਕਰਦੇ ਨੇ। ਮਹਾਰਾਜ ਬਾਣੀ ਵਿੱਚ ਆਖਦੇ “ਜਾਪ ਕੇ ਕੀਏ ਤੇ ਜੋ ਪੈ ਪਾਯਤ ਅਜਾਪ ਦੇਵ ਪੂਦਨਾ ਸਦੀਵ ਤੁਹੀਂ ਤੁਹੀਂ ਉਚਰਤ ਹੈਂ॥” ਆਖਦੇ ਜੇ ਬਾਰ ਬਾਰ ਰੱਟਣ ਨਾਲ ਪਰਮੇਸਰ ਪ੍ਰਾਪਤੀ ਹੋ ਜਾਂਦੀ ਤਾ ਪੂਦਨਾ ਸਾਰਾ ਦਿਨ ਤੂਹੀ ਤੂਹੀ ਪੁਕਾਰਦੀ ਹੈ ਉਸਨੂੰ ਪਰਮੇਸਰ ਪ੍ਰਾਪਤੀ ਹੋ ਜਾਣੀ ਸੀ। ਇੱਦਾਂ ਹੀ ਕਈ ਸਰੀਰ ਨੂੰ ਕਸ਼ਟ ਦਿੰਦੇ ਹਨ ਉਹਨਾਂ ਨੂੰ ਆਖਦੇ “ਤਾਪ ਕੇ ਸਹੇ ਤੇ ਜੋ ਪੈ ਪਾਈਐ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈਂ॥”। ਬਾਣੀ ਵਿੱਚ ਉਹਨਾਂ ਦੱਸਿਆ ਲੋਕਾਂ ਸ਼ਰਦਾ ਦੇ ਨਾਮ ਤੇ ਹੋਰ ਕੀ ਕੀ ਕਰਦੇ “ਨਭ ਕੇ ਉਡੇ ਤੇ ਜੋ ਪੈ ਨਾਰਾਇਣ ਪਾਈਯਤ ਅਨਲ ਅਕਾਸ ਪੰਛੀ ਡੋਲਬੋ ਕਰਤ ਹੈਂ॥ ਆਗ ਮੈ ਜਰੇ ਤੇ ਗਤਿ ਰਾਂਡ ਕੀ ਪਰਤ ਕਰ ਪਤਾਲ ਕੇ ਬਾਸੀ ਕਿਉ ਭੁਜੰਗ ਨ ਤਰਤ ਹੈਂ॥੧੪॥੮੪॥ ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥੧੫॥੮੫॥ ਦੇਹਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥ ਦੇਵਤਾ ਅਦੇਵ ਜਛ ਗੰਧ੍ਰਬ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਉ ਹੈ॥ ਏਕੈ ਨੈਨ ਏਕੈ ਕਾਨ ਏਕੈ ਦੇਹ ਏਕੈ ਬਾਨ ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ॥ ਅਲਹ ਅਭੇਖ ਸੋਈ ਪੁਰਾਨ ਔ ਕੁਰਾਨ ਓਈ ਏਕ ਹੀ ਸਰੂਪ ਸਭੈ ਏਕ ਹੀ ਬਨਾਉ ਹੈ॥੧੬॥੮੬॥”।

ਅੱਜ ਦੇ ਸਿੱਖ ਦੇ ਹਾਲਾਤ ਇਹ ਹਨ ਕੇ ਨਾ ਤਾਂ ਬਾਣੀ ਸਮਝਣਾ ਚਾਹੁੰਦੇ ਨਾ ਵਿਚਾਰਨਾ। ਡਰ ਇਤਨਾ ਹੈ ਮਨ ਵਿੱਚ ਕੇ ਕੋਈ ਤਰਕ ਸੁਣਨਾ ਹੀ ਨਹੀਂ ਚਾਹੁੰਦੇ। ਇਸਨੂੰ ਅੰਗ੍ਰੇਜੀ ਵਿੱਚ fear of missing out ਵੀ ਆਖਦੇ ਨੇ ਕੇ ਪਤਾ ਨਹੀਂ ਦੂਜਾ ਜੋ ਕੰਮ ਕਰ ਰਹਿਆ ਹੈ ਮੈਂ ਨਾ ਕੀਤਾ ਤੇ ਰੱਬ ਮੇਰੇ ਕੋਲੋਂ ਨਾਰਾਜ ਹੀ ਨਾ ਹੋ ਜਾਵੇ। ਬਾਣੀ ਤੋ ਉਦਾਹਰਣ ਦੇਵੋ, ਭਾਵੇੰ ਸਪਸ਼ਟ ਲਿਖਿਆ ਹੋਵੇ ਪਰ ਫੇਰ ਵੀ ਲੋਕ ਪਚਾਰੇ ਵਿੱਚ ਜੋ ਬਾਕੀ ਕਰੀ ਜਾਂਦੇ ਬਸ ਬਿਨਾ ਸੋਚੇ, ਅੱਖਾਂ, ਕੰਨ, ਮੂਹ ਬੰਦ ਕਰਕੇ ਬਸ ਭੇਡ ਚਾਲ ਚੱਲੀ ਜਾਂਦੇ। ਅੱਜ ਜੋ ਵੀ ਭਗਤਾਂ ਨੇ ਗੁਰੂਆਂ ਨੇ ਦੱਸਿਆ ਉਸਤੋਂ ਉਲਟ ਹੀ ਕਰੀ ਜਾਂਦੇ ਨੇ। ਬਾਣੀ ਦਾ ਫੁਰਮਾਨ ਸੀ ਕੇ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ॥” ਅਤੇ ਮੁਸਲਮਾਨ ਅੱਲਾਹ ਅੱਲਾਹ ਕਰਦੇ ਸੀ, ਸਾਡੇ ਵਾਹਿਗੁਰੂ ਵਾਹਿਗੁਰੂ ਰੱਟਣ ਲਗ ਪਏ। ਇਤਨੇ ਸੰਪਟ ਪਾਠ ਕਰਲੋ ਇਤਨੇ ਜਪਜੀ ਸਾਹਿਬ ਕਰਲੋ ਪਰ ਕਦੇ ਬਾਣੀ ਨੂੰ ਪੜ ਕੇ ਵਿਚਾਰਿਆ ਹੀ ਨਹੀਂ ਕੇ ਖਾਲੀ ਪੜ੍ਹਨ ਨਾਲ ਗਲ ਨਹੀਂ ਬਣਦੀ। ਬਾਣੀ ਇਹ ਜਰੂਰ ਆਖਦੀ ਹੈ ਕੇ “ਆਇਓ ਸੁਨਨ ਪੜਨ ਕਉ ਬਾਣੀ॥ ਨਾਮੁ ਵਿਸਾਰਿ ਲਗਹਿ ਅਨ ਲਾਲਚਿ ਬਿਰਥਾ ਜਨਮੁ ਪਰਾਣੀ॥੧॥” ਪਰ ਨਾਲ ਇਹ ਵੀ ਹਿਦਾਇਤ ਕਰਦੀ ਹੈ “ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ ॥੧॥“

ਤੀਰਥ ਸਨਾਨ ਨਾਲ ਮੁਕਤੀ ਦੱਸੀ ਜਾਂਦੇ ਬਾਣੀ ਆਖਦੀ ਸੱਚਾ ਨਾਵਣ ਕੀ ਹੈ “ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥੧॥” ਤੇ ਗੁਰ ਕੀ ਸੇਵਾ ਦੱਸੀ ਹੈ ਗੁਰ ਸਬਦ ਦੀ ਵਿਚਾਰ। ਮਹਾਰਾਜ ਬਾਣੀ ਵਿੱਚ ਆਖਦੇ “ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥੨॥”। ਤੀਰਥ ਕੀ ਹੈ ਫੇਰ “ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ॥ ਗੁਰਿ ਪੂਰੈ ਪੂਰੀ ਮਤਿ ਹੈ ਪੂਰੈ ਸਬਦਿ ਬੀਚਾਰਾ॥ ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ॥੨॥”। ਇਹ ਰੋਜ ਪੜ੍ਹ ਕੇ ਵੀ ਨਹੀਂ ਵਿਚਾਰਿਆ ਕੇ “ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥” ਤੇ ਉਸਨੂੰ ਕਿਹੜੇ ਨਾਵਣ ਨਾਲ ਖੁਸ਼ ਹੋਣਾ? ਬਾਕੀ ਦੁਨਿਆਵੀ ਸਨਾਨ ਬਾਰੇ ਹੋਰ ਕਹਿਆ “ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥੨॥” ਅਤੇ “ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ॥ ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ॥੧॥”। ਮੈਂ ਜੀ ਰੋਜ ਸਵੇਰੇ ਕੇਸੀ ਸਨਾਨ ਕਰਦਾ ਹਾਂ, ਮੈਂ ਜੀ ਦਿਨ ਵਿਛ ਚਾਰ ਵਾਰ ਸਨਾਨ ਕਰਦਾ ਹਾਂ, ਭਾਈ ਦੇਖੀਂ ਕਿਤੇ ਹਉਮੇ ਵਿੱਚ ਵਾਧਾ ਤਾ ਨਹੀਂ ਹੋ ਰਹਿਆ। ਬਾਹਰ ਤੂਮੜੀ ਤਾਂ ਧੋਤੀ ਜਾਂਦੀ ਅੰਦਰ ਵਿਕਤਰਾਂ ਹਉਮੈ ਦਾ ਵਿੱਸ਼ ਤਾਂ ਨਹੀਂ ਕੱਠਾ ਕਰੀ ਜਾਂਦਾ। ਜੀ ਮੈਂ ਸਰੀਰ ਸੁੱਚਾ ਕਰਦਾਂ ਭਗਤ ਜੀ ਨੇ ਬੀਠਲ ਨੂੰ ਸਨਾਨ ਕਰਾਉਣ ਤੋਂ ਮਨਾ ਕਰ ਦਿੱਤਾ ਸੀ ਇਹ ਆਖ ਕੇ “ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥੧॥ ”

ਬਾਣੀ ਦੀ ਵਿਚਾਰ ਤੋਂ ਘਟ ਅੰਦਰ ਹੀ ਅੰਮ੍ਰਿਤ ਦਾ ਸਰੋਵਰ ਮਿਲਣਾ ਜਿਸ ਵਿੱਚ ਸਨਾਨ ਦਾ ਅਰਥ ਹੈ ਸੋਝੀ ਪ੍ਰਾਪਤ ਕਰਨਾ ਨਾਮ ਪ੍ਰਾਪਤ ਕਰਨਾ। ਹੁਕਮ ਬੂਝਣਾ ਛੱਡ ਕੇ ਕਰਮ ਦੇ ਮਗਰ ਪਏ ਨੇ, ਰੋਜ ਪੜੀ ਵੀ ਜਾਂਦੇ ਕੇ “ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥” ਕਪੜਾ ਬਦੇਹੀ ਨੂੰ ਆਖਿਆ “ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ॥” ਜੇ ਆਪਣੇ ਆਪ ਨੂੰ ਕਰਮਵੰਤ ਅਖਾਉਨਾ ਹੈ ਹੁਕਮ ਨੂੰ ਭੁਲਦਾ ਹੈ, ਜੀ ਮੈਂ ਆਹ ਕਰਦਾਂ ਜੀ ਮੈਂ ਸੇਦਾਂ ਸੇਵਾ ਕਰਦਾਂ, ਤਾਂ ਬਾਣੀ ਆਖਦੀ “ਆਪਸ ਕਉ ਕਰਮਵੰਤੁ ਕਹਾਵੈ॥ ਜਨਮਿ ਮਰੈ ਬਹੁ ਜੋਨਿ ਭ੍ਰਮਾਵੈ॥

ਪਰਮੇਸਰ ਪ੍ਰਾਪਤੀ ਦਾ ਕੇਵਲ ਇਹੋ ਮਾਰਗ ਹੈ ਉਹ ਹੈ ਗਿਆਨ ਲੈਣਾ, ਗਿਆਨ ਤੋਂ ਸੋਝੀ ਪ੍ਰਾਪਤ ਕਰਨਾ, ਹੁਕਮ ਵਿੱਚ ਉਸਦੀ ਰਜਾ ਵਿੱਚ ਖੁਸ਼ ਰਹਿਣਾ। ਮਨੁਖ ਬਹੁਤ ਚਲਾਕ ਜੀਵ ਹੈ। ਚਾਹੁੰਦਾ ਹੈ ਕੇ ਮਾਇਆ ਨਾਲ ਮੋਹ ਵੀ ਬਣਿਆ ਰਹੇ ਤੇ ਪਰਮੇਸਰ ਪ੍ਰਾਪਤੀ ਵੀ ਹੋ ਜਾਵੇ। ਬਿਨਾਂ ਸੰਮਪੂਰਣ ਭਰੋਸੇ ਦੇ ਪਰਮੇਸਰ ਪ੍ਰਾਪਤੀ ਨਹੀਂ ਹੁੰਦੀ। ਦੁਖ ਵਿੱਚ ਸੁਖ ਵਿੱਚ ਆਨੰਦ ਚੜ੍ਹਦੀਕਲਾ ਵਿੱਚ ਰਹਿਣਾ। ਭੇਦ ਭਾਵ ਖਤਮ ਕਰਨਾ। ਨਿਰਾਸਾ ਰਹਿਣਾ। ਬਾਣੀ ਪੜ੍ਹੋ, ਵਿਚਾਰੋ, ਗੁਰੂ ਤੇ ਪੂਰਨ ਭਰੋਸਾ ਅਡੋਲ ਭਰੋਸਾ ਰੱਖੋ।