Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੁੱਚਾ ਤੇ ਜੂਠਾ

ਇਹ ਲੇਖ ਲਿਖਣਾ ਪੈ ਰਹਿਆ ਕਿਉਂਕੇ ਇੱਕ ਵੀਰ ਨਾਲ ਵਾਪਰੀ ਘਟਨਾ ਨੇ ਉਸਦੇ ਮਨ ਤੇ ਗਹਿਰਾ ਝਟਕਾ ਲਾਇਆ ਸੀ। ਵੀਰ ਆਖਦਾ ਉਹ ਇੱਕ ਗੁਰੂ ਘਰ ਗਿਆ ਜਿੱਥੇ ਹਰ ਮਨੁੱਖ ਪਹਿਲਾਂ ਨਲਕਾ ਧੋ ਰਹਿਆ ਸੀ ਫੇਰ ਹੱਥ ਪੈਰ ਧੋ ਰਹਿਆ ਸੀ, ਫੇਰ ਨਲਕਾ ਧੋ ਰਹਿਆ ਸੀ। ਜਿਹੜਾ ਇਹ ਨਹੀਂ ਕਰਦਾ ਸੀ ਉੱਥੇ ਦੇ ਦਰਬਾਨ ਡਾਂਟ ਕੇ ਹੱਥ ਪੈਰ ਅਤੇ ਫੇਰ ਨਲਕਾ ਧੋਣ ਨੂੰ ਆਖਦੇ ਸੀ। ਇਹ ਕੰਮ ਜਿੰਨੀ ਵਾਰ ਉਹ ਦਰਸ਼ਨ ਕਰਨ ਜਾ ਰਹੇ ਸੀ ਕਰਦੇ ਸੀ ਫੇਰ ਬਾਹਰ ਨਿਕਲ ਕੇ ਵੀ ਕਰ ਰਹੇ ਸੀ। ਅੰਦਰ ਗਿਆ ਤਾਂ ਇੱਕ ਹੋਰ ਟੂਟੀ ਵੇਖੀ ਜਿਸ ਤੇ ਲਿਖਿਆ ਸੀ ਸੁੱਚੇ ਹੱਥ ਧੋਣ ਦੀ ਥਾਂ। ਫੇਰ ਹੱਥ ਧੋ ਕੇ ਜਦੋਂ ਪਰਸਾਦਾ ਪਾਣੀ ਛਕਣ ਲਈ ਪੰਗਤ ਵਿੱਚ ਬੈਠਿਆ ਫੇਰ ਪਰਸਾਦਾ ਇੱਕ ਫੁੱਟ ਦੂਰੋਂ ਸੁੱਟਿਆ ਗਿਆ ਹੱਥ ਉੱਤੇ ਕੇ ਕਿਤੇ ਵਰਤਾਉਣ ਵਾਲੇ ਦੇ ਹੱਥ ਜੂਠੇ ਨਾ ਹੋ ਜਾਣ। ਇਹ ਸਬ ਦੇਖ ਕੇ ਉਸਦੇ ਮਨ ਵਿੱਚ ਸਵਾਲ ਉੱਠਿਆ ਕੇ ਗੁਰਮਤਿ ਸੁੱਚਾ ਜੂਠਾ ਕਿਸਨੂੰ ਮੰਨਦੀ। ਅੱਜ ਇਸਤੇ ਹੀ ਵਿਚਾਰ ਕਰਾਂਗੇ। ਗੁਰਬਾਣੀ ਦਾ ਫੁਰਮਾਨ ਹੈ ਕੇ

“ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥ ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥ ਇੰਦ੍ਰੀ ਕੀ ਜੂਠਿ ਉਤਰਸਿ ਨਾਹੀ ਬ੍ਰਹਮ ਅਗਨਿ ਕੇ ਲੂਠੇ ॥੨॥ ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ॥ ਜੂਠੀ ਕਰਛੀ ਪਰੋਸਨ ਲਾਗਾ ਜੂਠੇ ਹੀ ਬੈਠਿ ਖਾਇਆ ॥੩॥ ਗੋਬਰੁ ਜੂਠਾ ਚਉਕਾ ਜੂਠਾ ਜੂਠੀ ਦੀਨੀ ਕਾਰਾ ॥ ਕਹਿ ਕਬੀਰ ਤੇਈ ਨਰ ਸੂਚੇ ਸਾਚੀ ਪਰੀ ਬਿਚਾਰਾ ॥੪॥੧॥੭॥(ਰਾਗੁ ਬਸੰਤੁ ਹਿੰਡੋਲੁ ਘਰੁ ੨, ੧੧੯੫)”

ਉਪਰੋਕਤ ਪੰਕਤੀਆਂ ਵਿੱਚ ਤਾਂ ਮਹਾਰਾਜ ਨੇ ਹਰੇਕ ਵਸਤੂ ਨੂੰ ਜੂਠਾ ਆਖ ਦਿੱਤਾ। ਆਖਦੇ ਕੇਵਲ ਗੁਰਮਤਿ ਦੀ ਵਿਚਾਰ ਜੂਠੀ ਨਹੀਂ ਹੈ ਬਾਕੀ ਸਬ ਜੂਠਾ ਹੀ ਹੈ। ਜੇ ਇਤਨੀ ਗਲ ਸਮਝ ਆ ਜਾਵੇ ਕੇ ਪਾਣੀ ਨਾਲ ਪਿੰਡਾ/ਸਰੀਰ/ਬਦੇਹੀ ਨਾਲ ਧੋਣ ਨੂੰ ਗੁਰਮਤਿ ਸੁੱਚਾ ਨਹੀਂ ਮੰਨਦੀ ਹੈ। ਆਓ ਵੇਖੀਏ ਹੋਰ ਕਿਹੜੇ ਉਦਾਹਰਣ ਹਨ ਗੁਰਮਤਿ ਵਿੱਚ

“ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥” – ਗਿਆਨ ਨਾਲ ਵਿਚਾਰ ਨਾਲ ਨਾਮ (ਸੋਝੀ) ਉਸਦੇ ਹੁਕਮ ਨੂੰ ਹਿਰਦੇ ਵਿੱਚ ਵਸਾਉਣਾ ਹੀ ਸੁੱਚਮਤਾ ਹੈ।

“ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ॥ ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ॥੧॥”

”ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥੧॥”

ਜਦੋੰ ਤਕ ਮਨ ਜੂਟਾ ਹੈ, ਨਾਮ (ਗੁਰਮਤਿ ਗਿਆਨ ਵਿਚਾਰ ਤੋਂ ਪ੍ਰਾਪਤ ਸੋਝੀ) ਨਾਲ ਧੋਤਾ ਨਹੀਂ ਗਿਆ ਇਸਦੀ ਮੈਲ ਨਹੀਂ ਉਤਰਨੀ।

”ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ॥”

”ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥ (ਮ ੩, ਰਾਗੁ ਸਿਰੀਰਾਗੁ, ੮੮)”

ਜਿਹੜੇ ਗੁਰਮਤਿ ਗਿਆਨ ਦੀ ਵਿਚਾਰ ਨਹੀਂ ਕਰਦੇ ਉਹ ਸੁੱਚੇ ਨਹੀਂ ਹੋ ਸਕਦੇ। ਸੁਚਮਤਾ ਕੇਵਲ ਗੁਰ ਸਬਦ ਨਾਲ ਹੋਣੀ

“ਅੰਤਰਿ ਜੂਠਾ ਕਿਉ ਸੁਚਿ ਹੋਇ॥ ਸਬਦੀ ਧੋਵੈ ਵਿਰਲਾ ਕੋਇ॥ ਗੁਰਮੁਖਿ ਕੋਈ ਸਚੁ ਕਮਾਵੈ॥ ਆਵਣੁ ਜਾਣਾ ਠਾਕਿ ਰਹਾਵੈ॥੬॥”

ਹੁਣ ਇਸਦਾ ਭਾਵ ਇਹ ਨਹੀਂ ਹੈ ਕੇ ਬਦੇਹੀ ਦੀ ਸੁਚਮਤਾ ਨਹੀਂ ਰੱਖਣੀ। ਸਰੀਰ ਦੀ ਅਰੋਗਤਾ ਲਈ ਸਰੀਰ ਧੋਣਾ ਚੰਗੀ ਗਲ ਹੈ। ਧੋਤੇ ਲੀੜੇ ਪਾਉਣਾ ਚੰਗੀ ਗਲ ਹੈ। ਮਲ ਮਲ ਕੇ ਸਰੀਰ ਦੀ ਮੈਲ ਧੋਣਾ ਅੱਛਾ ਹੈ। ਪਰ ਇਸ ਨਾਲ ਗੁਰਮਤਿ ਗਿਆਨ ਨਹੀਂ ਮਿਲਣਾ ਨਾਮ ਪ੍ਰਾਪਤੀ ਨਹੀਂ ਹੋਣੀ। ਨਾਮ ਪ੍ਰਾਪਤੀ ਲਈ ਮਨ ਧੋਣਾ ਪੈਣਾ। ਪਰ ਇਸ ਨਾਲੋਂ ਸਰੀਰ ਧੋਣਾ ਸੌਖਾ ਇਸ ਕਾਰਣ ਕਈ ਵੀਰ ਭੈਣਾ ਸਰੀਰ ਧੋਣ ਨੂੰ ਹੀ ਧਰਮ ਮੰਨ ਲੈਂਦੇ ਨੇ। “ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ॥ ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ॥ ਮਨਮੁਖ ਜੂਠਿ ਨ ਉਤਰੈ ਜੇ ਸਉ ਧੋਵਣ ਪਾਇ॥ ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ॥੪੫॥”

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥੧॥(ਮ ੧, ਰਾਗੁ ਸੂਹੀ, ੭੨੮)

ਭਾਂਡਾ ਹੈ ਹਿਰਦਾ। ਹਿਰਦੇ ਵਿੱਚੋਂ ਮਨਮਤਿ ਧੋਣੀ ਵਿਕਾਰ ਧੋਣੇ ਨੇ। ਫੇਰ ਬੈਸਿ ਧੂਪੁ ਅਰਥ ਹੈ ਪਵਿੱਤਰ ਕਰਨਾ ਕੇ ਕੁੱਝ ਵਿਕਾਰ/ਵਿਚਾਰ ਮਨਮਤਿ ਦੇ ਅਨਮਤਿ ਦੇ ਰਹਿ ਤਾਂ ਨਹੀਂ ਗਏ। ਜੇ ਗੁਰਮਤਿ ਦੇ ਇਲਾਵਾ ਕੁੱਝ ਹੋਰ ਰਹਿ ਗਿਆ ਤੇ ਭਾਂਡਾ ਜੂਠਾ ਹੀ ਰਹਿ ਜਾਣਾ। ਦੁੱਧ ਨੂੰ ਬਹੁਤ ਪਵਿਤੱਰ ਮੰਨਿਆ ਜਾਂਦਾ। ਪਾਤਸ਼ਾਹ ਆਖਦੇ ਜਿਵੇਂ ਸੁੱਚਾ ਧੋਤਾ ਹੋਇਆ ਭਾਂਡਾ ਲੈ ਕੇ ਦੁੱਧ ਲੈਣ ਜਾਈਦਾ ਗੁਰਮਤਿ ਦੇ ਗਿਆਨ ਦਾ ਅੰਮ੍ਰਿਤ ਭਰਨਾ ਹਿਰਦੇ ਵਿੱਚ ਤਾਂ ਹੀਂ ਸੁਰਤ ਦੇ ਵਿੱਚ ਗਿਆਨ ਜੰਮਣਾ ਜਿਵੇਂ ਦੁੱਧ ਤੋਂ ਦਹੀਂ ਜਮਾਈਦਾ। ਮੈਨੂੰ ਹੋਰ ਕੋਈ ਖਿਆਲ ਮਨ ਵਿੱਚ ਰੱਖਣੇ ਹੀ ਨਹੀਂ ਹਨ ਕੇ ਕੋਈ ਸ਼ੰਕਾ ਪੈਦਾ ਹੋਵੇ। ਪੂਰਣ ਭਰੋਸਾ ਗੁਰਬਾਣੀ ਤੇ ਹੈ ਕੇ ਇੱਸ ਵਿੱਚ ਦਰਗਾਹ ਤੋਂ ਸਿੱਧਾ ਗਿਆਨ ਆਇਆ ਜੋ ਭਗਤਾਂ ਨੇ ਦਰਜ ਕੀਤਾ।

ਦੁੱਧ ਨਾਲ ਗੁਰਦੁਆਰੇ ਧੋ ਰਹੇ ਹਾਂ ਦੁੱਧ ਨੂੰ ਪਵਿੱਤਰ ਜਾਣ ਕੇ, ਫੁੱਲ ਚੜ੍ਹਾ ਰਹੇ ਹਾਂ ਗੁਰੂ ਘਰਾਂ ਵਿੱਚ। ਆਉ ਦੇਖੀਏ ਗੁਰਬਾਣੀ ਵਿੱਚ ਕੀ ਦਰਜ ਹੈ ਇਸ ਬਾਰੇ।

“ਦੂਧੁ ਤ ਬਛਰੈ ਥਨਹੁ ਬਿਟਾਰਿਓ॥ਫੂਲੁ ਭਵਰਿ ਜਲੁ ਮੀਨਿ ਬਿਗਾਰਿਓ॥੧॥ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ॥ ਅਵਰੁ ਨ ਫੂਲੁ ਅਨੂਪੁ ਨ ਪਾਵਉ॥”

ਜਿਸ ਥਣ ਚੋਂ ਦੁੱਧ ਕੱਡ ਰਹੇ ਹਾਂ ਗਾਂ ਦਾ ਉਹ ਤਾਂ ਬਛੜੇ ਨੇ ਪਹਿਲਾਂ ਹੀ ਜੂਠਾ ਕੀਤਾ ਹੈ, ਫੁੱਲ ਭੌਰੇ ਨੇ (ਸੁੰਘ ਕੇ) ਤੇ ਪਾਣੀ ਮੱਛੀ ਨੇ ਖ਼ਰਾਬ ਜੂਠਾ ਕਰ ਦਿੱਤਾ। ਸੋ ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਜੂਠੇ ਨੇ। ਆਖਦੇ ਪਾਣੀ ਨਾਲ ਧੋਣਾ, ਸੁੱਚੇ ਹੱਥ ਵੀ ਧੋ ਧੋ ਕੇ ਟੂਟੀਆਂ ਨੂੰ ਹੀ ਰੱਬ ਧਾਰ ਲਿਆ। ਭਗਤ ਜੀ ਆਖਦੇ

“ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥੧॥ ਰਹਾਉ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ॥੪॥੨॥(ਰਾਗੁ ਆਸਾ, ਭਗਤ ਨਾਮ ਦੇਵ ਜੀ, ”

“ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ॥ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ॥੧॥“ – ਨਾਮਦੇਵ ਜੀ ਨੇ ਤਾਂ ਬੀਠਲ (ਠਾਕੁਰ) ਨੂੰ ਇਸਨਾਨ ਕਰਵਾਉਣ ਤੋਂ ਮਨਾ ਕਰ ਦਿੱਤਾ ਇਹ ਕਹਿ ਕੇ ਕੀ ਬਿਆਲੀ ਲੱਖ ਜੀਵ ਜਿਸ ਦੇ ਵਿੱਚ ਨੇ ਉਸਨਾਲ ਮੈਂ ਬੀਠਲ ਜੂਠਾ/ਮੈਲਾ ਕਿਉਂ ਕਰਾਂ।

”ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ॥੨॥” – ਆਖਦੇ ਮੈਂ ਫੁੱਲ ਤੋੜਕੇ ਲੈ ਆਵਾਂ ਠਾਕੁਰ ਦੀ ਪੂਜਾ ਕਰਨ ਲਈ ਪਰ ਫੁੱਲ਼ ਤੋਂ ਭਵਰੇ ਨੇ ਪਹਿਲਾਂ ਹੀ ਸੁੰਘ ਕੇ ਖੁਸ਼ਬੂ ਜੂਠੀ ਕਰ ਦਿੱਤੀ ਹੈ।

”ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ॥੩॥” – ਗਾਂ ਦਾ ਦੁੱਧ ਚੋ ਕੇ ਲੈ ਆਵਾਂ ਪਰ ਠਾਕੁਰ ਲਈ ਖੀਰ ਬਣਾਉਣ ਲਈ ਪਰ ਉਹ ਵੀ ਬਛੜੇ ਨੇ ਜੂਠਾ ਕਰ ਦਿੱਤਾ ਹੈ ਪਹਿਲਾਂ ਹੀ। ਮੈਂ ਜਿੱਥੇ ਵੇਖਦਾਂ ਹਾਂ ਉੱਥੇ ਹੀ ਮੈਨੂੰ ਬੀਠਲ (ਰੱਬ/ਗੋਬਿੰਦ) ਦਿਸਦਾ।

ਕਹਿਣ ਦਾ ਭਾਵ ਹੈ ਕੇ ਜੇ ਮਨ ਸੁੱਚਾ ਨਹੀਂ ਤਾਂ ਸਬ ਕੁੱਝ ਕੂੜ ਹੈ, ਜੂਠਾ ਹੈ।

“ਦੇਹੀ ਗੁਪਤ ਬਿਦੇਹੀ ਦੀਸੈ॥” – ਜੋ ਦਿੱਖ ਰਿਹਾ ਉਹ ਧੋ ਵੀ ਲਵੇਂਗਾ, ਧੋਣਾ ਦੇਹੀ ਨੂੰ ਹੈ ਮਨ ਨੂੰ ਤੇ ਬੁੱਧ ਨੂੰ ਹੈ ਗਿਆਨ ਨਾਲ, ਬਦੇਹੀ ਨਹੀਂ।

“ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥੨॥” – ਬਾਹਰ ਧੋਤੀ ਹੋਈ ਹੈ ਤੂਮੜੀ (ਚਮੜੀ) ਪਰ ਅੰਦਰ ਤੇਰੇ ਵਿੱਸ਼ (ਵਿਕਾਰ) ਭਰੇ ਹੋਏ ਨੇ। ਅੰਦਰ ਮਾਇਆ ਦਾ ਵਿਸ਼ ਭਰਿਆ ਤੇ ਬਾਹਰਲੀ ਤੂਮੜੀ ਧੋਣ ਲੱਗਿਐ। ਸਾਧ (ਜਿਹਨਾਂ ਮਨ ਸਧਿਆ) ਉਹ ਨਹੀਂ ਪਰਵਾਹ ਕਰਦੇ ਸਰੀਰ ਦੇ ਝੂਠ ਸੁੱਚ ਦੀ।

”ਪੂਜਹੁ ਰਾਮੁ ਏਕੁ ਹੀ ਦੇਵਾ॥ ਸਾਚਾ ਨਾਵਣੁ ਗੁਰ ਕੀ ਸੇਵਾ॥੧॥ ਰਹਾਉ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥੨॥” – ਜੇ ਜਲ ਨਾਲ ਪਿੰਡਾ ਧੋਤਿਆਂ ਪਰਮਗਤਿ ਮਿਲ ਜਾਵੇ ਤਾਂ ਮੇਂਡਕ ਸਾਰੇ ਤਰ ਜਾਣੇ ਚਾ੍ਹਿਦੇ ਸੀ, ਮੱਛੀਆਂ ਸਾਰੀਆਂ ਤਰ ਜਾਣੀਆਂ ਚਾਹੀਦੀਆਂ ਸੀ। ਇਹ ਸਮਝਣ ਵਾਲੀ ਗਲ ਹੈ ਕੇ ਸਾਚਾ ਨਾਵਣ ਗੁਰ ਕੀ ਸੇਵਾ ਹੈ ਤੇ ਗੁਰ ਕੀ ਸੇਵਾ ਸਬਦ ਵੀਚਾਰ ਦੱਸੀ ਹੈ ਬਾਣੀ ਨੇ।

ਜਦੋਂ ਨਾਨਕ ਪਾਤਿਸ਼ਾਹ ਨੇ ਕਹਿਆ “ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥” ਜਿਸਦਾ ਅਰਥ ਹੈ ਤੀਰਥ ਨਾਵਾ ਜੇ ਤੈਨੂੰ ਭਾਵਾਂ, ਸਮਝ ਜਾਣਾ ਚਾਹੀਦਾ ਸੀ ਕੇ ਤੀਰਥ ਨਾਵਣ ਦੀ ਤਾਂ ਪਤਾ ਕਰਨਾ ਪਏਗਾ ਬਾਣੀ ਤੋਂ ਕੇ ਪਰਮੇਸਰ ਨੂੰ ਕਿਵੇਂ ਭਾਵਾਂ (ਚੰਗਾ) ਲੱਗਾਂ। ਗੁਰਬਾਣੀ ਤਾਂ ਆਖਦੀ “ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥” ਤਾਂ ਸਾਨੂੰ ਸਮਝ ਆਉਣੀ ਚਾਹੀਦੀ ਸੀ ਕੇ ਨਾਮ (ਗੁਰਮਤਿ ਦੀ ਸੋਝੀ) ਹੀ ਤੀਰਥ ਹੈ। “ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ॥” – ਮਨ ਹੀ ਮੰਦਰ ਹੈ “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥”, ਘਟ ਅੰਦਰ ਵੱਸਦੇ ਗਿਆਨ ਤੋਂ ਪ੍ਰਾਪਤ ਸੋਝੀ, ਨਾਮ ਦੇ ਅੰਮ੍ਰਿਤ ਸਰੋਵਰ ਵਿੱਚ ਹੀ ਤੀਰਥ ਸਨਾਨ ਹੈ।

ਸੂਤਕ?

ਗੁਰਬਾਣੀ ਦਾ ਫੁਰਮਾਨ ਹੈ “ਮਨ ਕਾ ਸੂਤਕੁ ਦੂਜਾ ਭਾਉ॥ ਭਰਮੇ ਭੂਲੇ ਆਵਉ ਜਾਉ॥੧॥ ਮਨਮੁਖਿ ਸੂਤਕੁ ਕਬਹਿ ਨ ਜਾਇ॥ ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ॥੧॥” – ਦੂਜਾ ਭਾਉ ਹੈ ਗੁਰਮਤਿ ਤੋਂ ਉਲਟ ਸੋਚ। ਮਨਮਤਿ ਜਾਂ ਕਰਮ ਕਾਂਡ ਵਿੱਚ ਫਸੇ ਹੋਣਾ ਹੁਕਮ ਸਮਝਣ ਦੀ ਥਾਂ। ਗੁਰਮਤਿ ਵਿਚਾਰ ਤੋਂ ਭੱਜਣਾ। “ਸਤਿਗੁਰੁ ਸੇਵਿਐ ਸੂਤਕੁ ਜਾਇ॥” ਤੇ ਗੁਰ ਕੀ ਸੇਵਾ ਟੂਟੀ ਧੋਣਾ ਨਹੀਂ ਦੱਸੀ, ਪਿੰਡਾ ਧੋਣਾ ਨਹੀਂ ਦੱਸਿਆ ਬਲਕੇ “ਗੁਰ ਕੀ ਸੇਵਾ ਸਬਦੁ ਵੀਚਾਰੁ॥” ਅਤੇ “ਗੁਰ ਕਾ ਸਬਦੁ ਸਹਜਿ ਵੀਚਾਰੁ॥” ਦੱਸਿਆ।

“ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥”

ਛੂਟਨ ਕੀ ਬਿਧਿ ਗੁਰਮਤਿ ਹੈ, ਜਦ ਸਾਡੇ ਕੋਲ ਛੂਟਨ ਕੀ ਵਿਧਿ ਹੈ ਤੇ ਅਸੀਂ ਹੋਰ ਕਿਓਂ ਫਂਸੀ ਜਾ ਰਹੇ ਹਾਂ ? ਗਲ ਇੱਥੇ ਵੀਚਾਰਨ ਵਾਲੀ ਹੈ ਕੀ ਕਾਰਨ ਹੈ ਕੀ ਮਾਇਆ ਰੂਪੀ ਜਾਲ ਹੋਰ ਵੱਡਾ ਹੋਈ ਜਾ ਰਹਿਆ ਹੈ। ਜੋ ਧਰਮ ਦੇ ਕਰਮ ਅਸੀਂ ਕਰ ਰਹੇ ਆ ਕਿਤੇ ਓਹੀ ਤਾਂ ਕਾਰਨ ਨਹੀਂ ? ਅਸਲ ਵਿੱਚ ਜਿਹੜੇ ਅਸੀਂ ਕਰਨ ਲੱਗੇ ਹੋਏ ਹਾਂ ਓਹ ਪਾਖੰਡ ਦੇ ਕਰਮ ਹਨ, ਇਹ ਉਹ ਨਹੀਂ ਜੋ ਗੁਰਬਾਣੀ ਨੇ ਦੱਸੇ ਹਨ, ਇਸ ਗੱਲ ਦਾ ਭੁਲੇਖਾ ਗੁਰਮਤਿ ਨੇ ਕੱਢਿਆ ਹੈ ।

ਜਿਹੜੀ ਗੱਲ ਗੁਰਬਾਣੀ ਮੰਨਣ ਨੂੰ ਕਹਿ ਰਹੀ ਸੀ ਅਸਲ ਵਿੱਚ ਓਹ ਤਾਂ ਅਸੀਂ ਮੰਨੀ ਹੀ ਨਹੀਂ ਅਤੇ ਆਪਣੀ ਮੱਤ ਅਨੁਸਾਰ ਹੀ ਧਰਮ ਕਰਮ ਵਿੱਚ ਉਲਝ ਗਏ। ਨਤੀਜਾ ਕੀ ਨਿਕਲਿਆ? ਗਿਆਨ ਦਾ ਪਰਗਾਸੁ ਤੇ ਦੂਰ ਅਗਿਆਨ ਅੰਧੇਰ ਹੋਰ ਵੱਧ ਗਿਆ। ਕਦੀ ਅਸੀਂ ਸੋਚਿਆ ਹੀ ਨਹੀਂ ਜੋ ਕੁਝ ਅਸੀਂ ਕਰਣ ਲੱਗੇ ਹੋਏ ਹਾਂ ਕੀ ਗੁਰੂ ਕਹਿੰਦਾ ਵੀ ਹੈ ਓਹ ਕਰਣ ਨੂੰ ਜਾਂ ਅਸੀਂ ਆਪਣੀ ਹੀ ਮਰਜੀ ਨਾਲ ਲੱਗੇ ਹੋਏ ਹਾਂ ? ਬਸ ਇੱਥੇ ਗਲ ਹੈ ਸਾਰੀ ਇਸੇ ਨੂੰ ਹੀ ਗੁਰੂ ਕੁਫਕੜੇ ਲੱਗੇ ਹੋਏ ਕਹਿੰਦਾ। ਹੋਰ ਕੁੱਝ ਨਹੀਂ ਬਸ ਕੁਫਕੜੇ ਲੱਗੇ ਹੋਏ ਹਨ ਅੱਜ ਸਾਰੇ ਹੀ । ਗੁਰੂ ਤੋਂ ਤਾਂ ਪੁੱਛਿਆ ਹੀ ਨਹੀਂ ਕੇ ਕੀ ਕਰਨਾ ਸੀ ਨਤੀਜੇ ਅੱਜ ਤੁਹਾਡੇ ਸਾਹਮਣੇ ਹਨ। ਇਸ ਕਰਕੇ ਜਿਹੜੀ ਛੂਟਨ ਕੀ ਵਿਧਿ ਗੁਰਮਤਿ ਆ ਓਹਨੂੰ ਅਪਨਾਓਣਾ ਕਰੀਏ। ਪਾਤਸ਼ਾਹ ਜੀ ਦਾ ਫੁਰਮਾਨ ਹੈ।

“ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ॥ ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ॥੩॥” – ਬਾਹਰੀ ਸਰੀਰ, ਮਾਇਆ ਦੀ ਦੇਹ ਨੂੰ ਧੋਣ ਤੇ ਸਵਾਰਣ ਤੇ ਪੂਰਾ ਜੋਰ ਲੱਗਾ ਜਿਵੇਂ ਹਾਥੀ ਨੂੰ ਨਵਾ ਰਹੇ ਹੋਈਏ। “ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥” ਨਾ ਪੜ੍ਹਿਆ ਨਾ ਸਮਝਿਆ ਨਾ ਧੋਣ ਦਾ ਕੋਈ ਜਤਨ ਹੈ।

“ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥”

“ਗਗਾ ਗੁਰ ਕੇ ਬਚਨ ਪਛਾਨਾ ॥ ਦੂਜੀ ਬਾਤ ਨ ਧਰਈ ਕਾਨਾ॥”

ਸੋ ਭਾਈ ਸੌਖਾ ਤਰੀਕਾ ਹੈ ਤਨ ਨੂੰ ਧੋ ਕੇ ਖੁਸ਼ ਹੋਈ ਜਾਵੋ, ਭਾਵੇਂ ਦਿਨ ਵਿੱਚ ਵਾਰ ਵਾਰ ਕੇਸੀ ਸਨਾਨ ਕਰ ਲਵੋ, ਮਨ ਦੀ ਮੈਲ, ਸੂਤਕ ਤਾਂ ਗਿਆਨ ਨਾਲ ਹੀ ਧੋਤੀ ਜਾਣੀ। ਮਨ ਨਿਰਮਲ (ਨਿਰ+ਮਲ/ ਮਲ ਰਹਿਤ) ਨਾਮ (ਸੋਝੀ) ਨਾਲ ਹੀ ਹੋਣਾ।ਬਾਣੀ ਪੜ੍ਹੀ ਚੱਲੋ ਤੇ ਨਾਲ ਵਿਚਾਰ ਕਰੋ। ਕੋਈ ਸ਼ੰਕਾ ਹੋਵੇ ਤਾਂ ਗੁਰਮਤਿ ਵਿੱਚੋਂ ਖੋਜ ਲਵੋ। ਕੇਵਲ ਅਰਦਾਸ ਨਹੀਂ ਕਰਨੀ “…ਖੋਜ ਸ਼ਬਦ ਮੈਂ ਲੇਹੋ” ਖੋਜਣਾ ਵੀ ਹੈ।