Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ

“ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮਿ੍ਤ ਬਾਣੀ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ॥”

ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥” – ਤ੍ਰੈ ਗੁਣ ਮਾਰਿਆ ਦੇ ਹਟਦਿਆਂ ਨਿਰਮਲ (ਮਲ ਰਹਿਤ ਵਿਕਾਰ ਰਹਿਤ) ਹੋਣਾ।

”ਤ੍ਰੈ ਗੁਣ ਮੇਟੇ ਖਾਈਐ ਸਾਰੁ॥ ਨਾਨਕ ਤਾਰੇ ਤਾਰਣਹਾਰੁ॥”

”ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ॥ ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ॥ ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ॥”

”ਸੋ ਨਿਹਕਰਮੀ ਜੋ ਸਬਦੁ ਬੀਚਾਰੇ॥ ਅੰਤਰਿ ਤਤੁ ਗਿਆਨਿ ਹਉਮੈ ਮਾਰੇ॥ ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ॥੨॥”

”ਪੂਰੈ ਸਤਿਗੁਰਿ ਸਬਦੁ ਸੁਣਾਇਆ॥ ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ॥ ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ॥”

ਤਿੰਨ ਗੁਣ, ਤਿਹੀ ਗੁਣ “ਰਜ ਗੁਣ”, “ਤਮ ਗੁਣ”, “ਸਤ ਗੁਣ” ਕਹੀਐ ਇਹ ਤੇਰੀ ਸਭ ਮਾਇਆ, ਤਿੰਨ ਗੁਣ ਰਜੋ ਤਮੋ ਸਤੋ, ਇਹਨਾਂ ਨੂੰ ਮਾਇਆ ਮੰਨਦੀ ਹੈ ਗੁਰਬਾਣੀ ਤੇ ਸੰਸਾਰ ਇਹਨਾਂ ਵਿੱਚ ਸਸਿਹਨਾਂ ਕਾਰਣ ਸੁੱਤਾ ਪਿਆ ਹੈ। ਦਸਮ ਪਾਤਿਸ਼ਾਹ ਵੀ ਇਹ ਗੱਲ ਦਸਮ ਬਾਣੀ ਵਿੱਚ ਲਿਖਦੇ ਹਨ, ਖੁਲਾਸਾ ਕਰਦੇ ਹਨ,

ਰਜੋ ਗੁਣ – ਰਾਜ ਦੀ, ਪੈਸੇ ਦੀ, ਮਾਇਆ ਦੀ ਭੁੱਖ। ਮਾਇਆ ਸੰਸਾਰ ਵਿੱਚ ਰਹਿਣ ਨੂੰ ਚਾਹੀਦੀ ਹੈ ਇਸ ਕਾਰਣ ਗੁਣ ਹੈ ਪਰ ਇਸਦਾ ਲਾਲਚ, ਮੋਹ ਮਨੁਖ ਨੂੰ ਪਰਮੇਸਰ ਤੋਂ ਦੂਰ ਕਰਦਾ। ਜੋ ਜੋ ਦਿਸ ਰਹਿਆ ਹੈ ਉਹ ਮਾਇਆ ਹੈ ਤਾਂ ਸਰੀਰ ਸਾਡਾ ਮਾਇਆ ਦਾ, ਖਾਂਦੇ ਅਸੀਂ ਮਾਇਆ, ਪਹਨਦੇ ਮਾਇਆ ਹਾਂ ਫੇਰ ਤਾਂ ਸਬ ਤਿਆਗਣਾ ਪੈਣਾ। ਜੇ ਧਨ ਪਦਾਰਥ ਮਾਇਆ ਹੈ ਤਾਂ ਗੋਲਕ ਵਿੱਚ ਮਾਇਆ ਕਿਉਂ ਪੌਣ ਨੂੰ ਆਖਦੇ। ਆਪਣੀ ਕਮੀਂ ਨੂੰ ਵਿਕਾਰਾਂ ਨੂੰ ਅਸੀਂ ਮਾਇਆ ਮੰਨਦੇ ਨਹੀਂ। ਰਾਜ ਕੇਵਲ ਸੱਚ ਦਾ ਹੈ। “ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥”, ਤਪੋ ਰਾਜ ਰਾਜੋ ਨਰਕ…। ਨਾਨਕ ਪਾਤਸਾਹ ਨੇ ਸਚੁ ਦਾ ਅਬਿਨਾਸੀ ਰਾਜ ਚਲਾਇਆ। ਗੁਰਮਤਿ ਦੁਨਿਆਵੀ ਰਾਜ ਨੂੰ ਰੇਤੇ ਦੀ ਕੰਧ ਸਮਝਦੀ। “ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ॥ ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ॥੧॥”। ਜੀਵ ਤਾਂ ਦਰਗਾਹ ਦਾ ਰਾਜਾ ਸੀ ਭਰਮ ਦੀ ਨੀਂਦ ਵਿੱਚ ਸੁੱਤਾ ਪਿਆ ਆਪਣੇ ਆਪ ਨੂੰ ਬਿਖਾਰੀ ਸਮਝ ਰਹਿਆ ਹੈ ਦੁਨਿਆਵੀ ਰਾਜ ਤੇ ਧਨ ਮੰਗਦਾ “ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ॥”। ਕਬੀਰ ਜੀ ਆਖਦੇ ਆਹ ਧਨ ਦੌਲਤ ਕੱਠੀ ਕਰੀ ਜਾਂਦਾ ਕਦੇ ਨਾਲ ਵੀ ਕੋਈ ਲੈਕੇ ਗਿਆ “ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ॥ ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ॥”। ਸਾਨੂੰ ਤਾਂ ਇਤਨਾ ਵੀ ਸਮਝ ਨਹੀਂ ਲੱਗਿਆ ਕੇ “ਘਰ ਮਹਿ ਧਰਤੀ ਧਉਲੁ ਪਾਤਾਲਾ॥ ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ॥ ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ॥੨॥” ਜਿੱਥੇ ਘਰ = ਘਟ = ਹਿਰਦਾ = ਭੰਡੁ ਹੈ।

ਸਤੋ ਗੁਣ – ਸਚਿਆਰਾ ਹੋਣਾ ਸੀ। ਹੁਕਮ ਮੰਨਣਾ ਸੀ। ਸਤ (ਸੱਚ) ਦਾ ਝੰਡਾਬਰਦਾਰ ਹੋਣਾ ਸੀ ਇਸ ਲਈ ਇਸਨੂੰ ਗੁਣ ਕਹਿਆ ਪਰ ਸਤੋ ਗੁਣ ਵਿਕਾਰ ਹੈ ਜਦੋਂ ਆਪਣੇ ਆਪ ਨੂੰ ਸੰਤ, ਮਹਾਪੁਰਖ, ਗਿਆਨੀ, ਵਿਦਵਾਨ ਕਹਾਉਣ ਦਾ ਚਾ ਪੈ ਗਿਆ ਲਾਲਚ ਹੋ ਗਿਆ। ਲੋਗ ਮੈਨੂੰ ਧਰਮੀ ਸਮਝਣ। ਲੀੜੇ ਪਾ ਕੇ, ਬਾਣੇ ਪਾ ਕੇ, ਚੋਲੇ ਪਾ ਕੇ ਆਪਣੇ ਆਪ ਨੂੰ ਲੋਕਾਂ ਤੋਂ ਉੱਚਾ ਸਮਝਣਾ। ਦੂਜਿਆਂ ਨੂੰ ਨੀਵਾਂ ਸਮਝੀ ਜਾਣਾ। ਸਤੋਂ ਗੁਣ ਜਦੋਂ ਅਹੰਕਾਰ ਦਾ ਰੂਪ ਲੈ ਲਵੇ। ਸਾਡੀ ਪਰਮੇਸਰ ਨਾਲ ਲਿਵ ਛੁੱਟੀ ਤਾਂ ਸਾਡਾ ਜਨਮ ਹੋਇਆ, ਜਨਮਤ ਮਾਇਆ ਨੇ ਆਪਣੇ ਮੋਹ ਵਿੱਚ ਫਸਾ ਲਿਆ। “ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ॥”। ਕੇਵਲ ਧਰਮੀ ਦਿਸਣ ਨਾਲ ਜਾਂ ਕਰਮ ਕਾਂਡ ਨਾਲ ਧਰਮੀ ਨਹੀਂ ਹੋ ਜਾਂਦੇ। ਇਸ ਨਾਲ ਲੋਕਾਂ ਨੂੰ ਤਾ ਮੂਰਖ ਬਣਾਇਆ ਜਾ ਸਕਦਾ ਹੈ ਅਕਾਲ ਨੂੰ ਨਹੀਂ।

ਤਮੋ ਗੁਣ – ਕਾਮ ਗਲਤ ਨਹੀਂ ਹੈ। ਇਸਨਾਲ ਸ੍ਰਿਸ਼ਟੀ ਚਲਦੀ ਹੈ। ਗੁਰਾਂ ਦੇ ਭਗਤਾਂ ਦੇ ਨਿਆਣੇ ਵੀ ਹੋਏ ਨੇ। ਇਹ ਸੰਸਾਰ ਦੇ ਵਿੱਚ ਵਿਚਰਣ ਲਈ ਪਰਮੇਸਰ ਦਾ ਰਚਿਆ ਤਰੀਕਾ ਹੈ। ਇਸ ਲਈ ਘਰ ਬਾਰ ਛੱਡ ਕੇ ਜੰਗਲਾਂ ਨੂੰ ਜਾਣ ਦੀ ਮਨਾਹੀ ਹੈ ਸਿੱਖੀ ਵਿੱਚ। ਬਾਣੀ ਆਖਦੀ “ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥੩॥” ਜੇ ਬਿੰਦ ਰੱਖਣ ਨਾਲ ਬ੍ਰਹਮਚਾਰੀ ਰਹਣ ਨਾਲ ਪਾਰ ਉਤਾਰਾ ਹੁੰਦਾ ਤਾਂ ਖੁਸਰੇ ਪਰਮਗਤ ਪਾ ਜਾਣੇ ਚਾਹੀਦੇ ਸੀ। ਪਰ ਜਦੋਂ ਇਹ ਸਰੀਰ ਦੀ ਭੁਖ ਵਾਸ਼ਨਾ ਬਣ ਜਾਵੇ, ਸਰੀਰ ਨਾਲ ਮੋਹ ਕਾਰਣ ਕੋਈ ਮੋਟਾ ਪਤਲਾ ਦਿਸੇ, ਗੋਰੇ ਕਾਲੇ ਦਾ ਫਰਕ ਆਪਣੇ ਪਰਾਏ ਦਾ ਫਰਕ ਦਿਸੇ ਤਾਂ ਇੱਹ ਤਮੋ ਗੁਣ ਵਿਕਾਰ ਬਣ ਜਾਂਦਾ ਹੈ ਬੰਧਨ ਬਣ ਜਾਂਦਾ ਹੈ। “ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ॥ ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ॥੩॥” – ਸਾਡਾ ਸਰੀਰ ਜਿਸ ਪਿੱਛੇ ਕਵਲੇ ਹੋਏ ਫਿਰਦੇ ਹਾਂ ਇਸਨੂੰ ਜਰਾ ਰੋਗ ਹੈ, ਸਰੀਰ ਜਰਦਾ ਹੈ ਨਸਟ ਹੋ ਜਾਂਦਾ ਹੈ। ਜਵਾਨੀ ਹਮੇਸ਼ਾ ਨਹੀਂ ਰਹਣੀ, ਹਰਿ ਦੀ ਸੋਝੀ ਲੈ। ਗਿਆਨ ਲੈ ਉਮਰ ਤੇਰੀ ਲੰਘੀ ਜਾਂਦੀ।

ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥

ਸੱਚ ਕਿਸੇ ਇੱਕ ਦਾ ਸਕਾ ਨਹੀਂ ਜੇ ਕੋਈ ਥਿੜਕਿਆ ਹੈ ਸੱਚ ਤੋ, ਪਰ ਸੱਚ ਸਭ ਦਾ ਸਕਾ ਹੈ ਜੋ ਸੱਚ ਤੇ ਖੜ੍ਹਾ ਹੈ ਪਹਿਰਾ ਦੇ ਰਿਹਾ ਹੈ। ਗੱਲ ਕੀ ਹੋ ਰਹੀ ਹੈ, ਕੂੜ ਹੈ ਤਿੰਨ ਗੁਣ ਮਾਇਆ, ਜੋ ਮਾਇਆ ਤੋਂ ਬਾਹਰ ਹੈ ਓਹ ਹੈ ਸੱਚ, ਹੈ ਤਾਂ ਅਸੀਂ ਸਾਰੇ ਹੀ ਸੱਚ ਦੇ, ਸੱਚ ਖਸਮ ਹੈ ਸਭ ਦਾ, ਪਰ ਜੋ ਮਾਇਆ ਵਿੱਚ ਫਸੇ ਹਨ, ਮਨੋਂ ਵਿਸਾਰੇ ਹੋਏ ਨੇ ਸੱਚ ਨੇ, ਸੁੱਤੇ ਪਏ ਨੇ, ਜੀਵਨ ਬਤੀਤ ਹੋ ਰਹੇ ਨੇ, ਪਰ ਜਾ ਰਹੇ ਨੇ ਵਿਨਾਸ਼ ਵੱਲ, ਦੋ ਘਟ ਗਿਆਨ ਅੰਦਰ ਜਾਵੇ ਤਾਂ ਅੱਖ ਖੁੱਲ੍ਹ ਸਕਦੀ ਹੈ। “ਨੀਂਦ ਵਿਆਪਿਆ   ਕਾਮਿ ਸੰਤਾਪਿਆ  ਮੁਖਹੁ ਹਰਿ ਹਰਿ ਕਹਾਵੈ॥ ਬੈਸਨੋ ਨਾਮੁ ਕਰਮ ਹਉ ਜੁਗਤਾ   ਤੁਹ ਕੁਟੇ ਕਿਆ ਫਲੁ ਪਾਵੈ॥” – ਮਨ ਦੀ ਬੇਹੋਸ਼ੀ ਯਾ ਅਗਿਆਨਤਾ ਵਾਲੀ ਨੀਂਦ, ਕਿਸੇ ਅੱਖਰ ਰਟਣ ਨਾਲ ਨਹੀਂ ਟੁੱਟ ਸਕਦੀ। ਕੇਵਲ ਓਚੇ ਦਰਜੇ ਦੀ ਲਗਾਤਾਰ ਹੋਣ ਵਾਲੀ ਸਬਦ ਵੀਚਾਰ ਹੀ, ਮਨ ਨੂੰ ਇਸ ਗਹਿਰੀ ਨੀਂਦ ਵਿਚੋਂ ਜਗਾ ਸਕਦੀ ਹੈ।

ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ॥” ਇਹ ਤੱਤ ਗਿਆਨ ਕੌਣ ਪਾ ਸਕਦਾ ਹੈ, ਸਿੰਮਰਤੀਆਂ ਮੰਨਣ ਵਾਲੇ ਨਹੀਂ, ਵਿਦਵਾਨਾਂ ਨਹੀਂ, “ਰਾਜ ਕਰੇਗਾ ਖਾਲਸਾ” ਕਹਣ ਵਾਲੇ ਨਹੀਂ, ਇਹਨਾਂ ਵਿੱਚੋਂ ਕੋਈ ਵੀ ਨਹੀਂ, ਓਹ ਪਾਵੇਗਾ ਜਿਸ ਨੂੰ ਅਨਦਿਨ (ਹਰ ਵਕਤ) ਹਿਰਦੇ ਵਿੱਚ ਮੂਲ ਨਾਲ ਲਿਵ ਲੱਗ ਜਾਵੇ, ਦੀਵਾਨਾ ਹੋ ਗਿਆ ਹੈ ਸ਼ਬਦ ਵਿਚਾਰ ਦਾ, ਗੁਰਬਾਣੀ ਦੇ ਹੀਰੇ ਰਤਨਾਂ ਦੀ ਭੁਖ ਹੈ, ਭਰਮ ਮਿਟਾ ਰਿਹਾ ਹੈ ਸ਼ਬਦ ਵਿਚਾਰ ਨਾਲ ਜਾਗ ਕੇ, ਪਹਿਲਾਂ ਤਿੰਨ ਗੁਣਾਂ ਵਿੱਚ ਸੁੱਤਾ ਸੀ, ਹੁਣ ਉਠ ਗਿਆ, “ਤਿ੍ਗੁਣ ਅਤੀਤ ਹੋ ਗਏ“, ਜਾਗਿਆ ਹੋਇਆ ਜੀ ਰਿਹਾ ਹੈ, ਸੱਚ ਬੋਲੇਗਾ ਜੋ ਬੋਲੇਗਾ, ਜਗਾ ਵੀ ਸਕਦਾ ਹੈ ਹੋਰਾਂ ਨੂੰ “ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ॥” ਪਰ ਸੁਤੇ ਹੋਏ ਲੋਕ ਉਸਨੂੰ ਪਾਗਲ ਹੀ ਕਹਿੰਦੇ ਹਨ। ਗੁਰਬਾਣੀ ਦਾ ਫੁਰਮਾਨ ਹੈ “ਜਾਗ ਲੇਹੁ ਰੇ ਮਨਾ   ਜਾਗ ਲੇਹੁ।  ਕਹਾ ਗਾਫਲ ਸੋਇਆ॥”। ਦੀਵਾਨਾ ਹੋਣਾ ਪੈਂਦਾ ਹੈ ਨਾਨਕ ਵਾਂਗ,

ਗੁਰਮੁਖਿ ਜਾਗੈ ਨੀਦ ਨ ਸੋਵੈ॥

ਗਿਆਨ ਹੋਣਾ ਜਾਗਣਾ ਹੈ, ਮਨ ਮਾਰ ਦੇਣਾ ਜਾਗਣਾ ਹੈ। ਭਰਮ ਦੀ ਨੀਂਦ ਅਗਿਆਨਤਾ ਦੀ ਨੀਂਦ ਹੈ। ਪਰ ਗੁਰਮੁਖ ਗੁਣਾਂ ਨੂੰ ਮੁੱਖ ਰੱਖਣ ਵਾਲਾ ਜਾਗਦਾ ਹੈ ਜੀਵਨ ਭਰ, ਜੋ ਸੌਦਾ ਲੈਣ ਆਇਆ ਹੈ ਓਹੀ ਕਮਾਈ ਕਰਦਾ ਰਹਿੰਦਾ ਹੈ,

ਜਾ ਕਉ ਆਏ ਸੋਈ ਬਿਹਾਝਉ॥”

ਤਿੰਨ ਗੁਣਾ ਵਾਲਾ ਬਜ਼ਾਰ ਹੀ ਤਿਆਗ ਦਿੱਤਾ, ਪੈਰਾਂ ਵਿਚ ਰੁਲ ਰਿਹਾ ਹੈ ਉਹਦੇ ਜੋ ਪਹਿਲਾਂ ਸਿਰ ਤੇ ਬੋਝ ਸੀ,

ਇਆ ਸੰਸਾਰੁ ਸਗਲ ਹੈ ਸੁਪਨਾ॥

ਸੁਪਨਾ ਤਾਂ ਸੁਤਿਆਂ ਵਾਸਤੇ ਹੈ, ਜਾਗੇ ਵਾਸਤੇ ਨਹੀਂ। ਸੁੱਤੇ ਨੂੰ ਸੁਪਨਾ ਸੱਚ ਲੱਗ ਰਿਹਾ ਸੀ, ਕੁਝ ਕੁ ਦੀ ਅੱਖ ਖੁੱਲ੍ਹ ਰਹੀ ਹੈ ਗਿਆਨ ਦੀ ਬੂੰਦ ਨਾਲ, ਕੁਝ ਜਾਗ ਪਏ ਹਨ,

ਦੇਖੌ ਭਾਈ ਗ੍ਪਾਨ ਕੀ ਆਈ ਆਂਧੀ॥

ਗਿਆਨ ਦੀ ਤੇਜ਼ ਹਵਾ ਨੀਂਦ ਉਡਾ ਲੈ ਗਈ। ਮਾਇਆ ਦੀ ਕੋਠੀ ਤੋਂ ਸਿਰ ਬਾਹਰ ਕੱਢੋ, ਗਿਆਨ ਦੀ ਆਂਧੀ ਤਾਂ ਵਗ ਹੀ ਰਹੀ ਹੈ॥

ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ॥

ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ॥

ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ॥

ਤਿਹੀ ਗੁਣੀ = ਤ੍ਰੈ ਗੁਣ ਮਾਇਆ (ਰਜੋ, ਤਮੋ, ਸਤੋ)। ਦਰਗਾਹ ਦੇ ਨਰਪਤਿ (ਰਾਜੇ) ਤ੍ਰੈ ਗੁਣ ਮਾਇਆ ਦੀ ਨੀਂਦ ਵਿੱਚ ਸੁੱਤੇ ਪਏ ਹਾਂ ਅਸੀਂ ਸਾਰੇ।

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ॥੩॥ ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ॥ ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ॥੪॥ ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ॥ ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥” –

ਤਿਲ ਨਾ ਤਮਾਏ – ਤਿਲ ਸਮਾਨ (ਮਾੜੀ ਜਹੀ ਵੀ) ਤਮੋ ਨਾ ਹੋਵੇ। “ਵਡਾ ਦਾਤਾ ਤਿਲੁ ਨ ਤਮਾਇ॥” ਵੱਡਾ ਹੈ ਦਾਤਾ, ਉਸ ਵਿੱਚ ਤਿਲ ਸਮਾਨ ਵੀ ਤਮਾ ਨਹੀਂ ਹੈ।

ਲਖ ਇਸਤਰੀਆ ਭੋਗ = ਦੁਨਿਆਵੀ ਵਿੱਦਿਆ ਤੇ ਮੱਤਾਂ ਲੈਣਾ, ਕਿਤਾਬਾਂ ਪੜ੍ਹ ਲੈਣਾ। ਗੁਰਬਾਣੀ ਵਿੱਚ ਇਸਤਰੀ ਬੁੱਧ ਲਈ ਵਰਤਿਆ ਗਿਆ ਹੈ। ਲਖ ਦਾ ਅਰਥ (lakh 1,00,000) ਨਹੀਂ ਹੁੰਦਾ। ਇਹ ਸ਼ਬਦ ਅੰਗ੍ਰੇਜਾਂ ਦੇ ਸਮੇ ਤੋਂ ਪ੍ਰਚਲਿਤ ਹੋਇਆ। ਗੁਰਮਤਿ ਵਿੱਚ ਲਖ ਦਾ ਅਰਥ ਲਾਹਾ ਲੈਣਾ ਹੈ।

ਨਵ ਖੰਡ ਰਾਜ = ਮਾਇਆ ਤੇ ਜਿੱਤ, ਰਾਜ ਪਾਟ ਲੈਣਾ, ਮਕਾਨ ਬਣਾ ਲੈਣਾ, ਪੈਸਾ ਕਮਾ ਲੈਣਾ।

ਨਾਮ ਲੈ = ਗੁਰਮਤਿ ਗਿਆਨ ਲੈ

ਪੂਰੇ ਤਾਲ ਨਿਹਾਲੇ ਸਾਸ॥ ਵਾ ਕੇ ਗਲੇ ਜਮ ਕਾ ਹੈ ਫਾਸ ॥੩॥

ਉਹ ਦੁਨਿਆਵੀ ਤਾਲ ਮੇਲ ਵੀ ਚਲਾਉਂਦਾ ਤੇ ਨਾਲੇ ਬੰਦੇ ਦੇ ਸਾਹਾਂ ਦੀ ਗਿਣਤੀ ਵੀ ਰਖਦਾ ਹੈ।

“ਪ੍ਰਥਮੇ ਤਿਆਗੀ ਹਉਮੈ ਪ੍ਰੀਤਿ॥ ਦੁਤੀਆ ਤਿਆਗੀ ਲੋਗਾ ਰੀਤਿ॥ ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ॥ ਤੁਰੀਆ ਗੁਣੁ ਮਿਲਿ ਸਾਧ ਪਛਾਨੇ॥੨॥ ਸਹਜ ਗੁਫਾ ਮਹਿ ਆਸਣੁ ਬਾਧਿਆ॥ ਜੋਤਿ ਸਰੂਪ ਅਨਾਹਦੁ ਵਾਜਿਆ॥ ਮਹਾ ਅਨੰਦੁ ਗੁਰਸਬਦੁ ਵੀਚਾਰਿ॥ ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ॥੩॥(ਰਾਗੁ ਆਸਾ, ਮ ੫, ੩੭੦)”

ਸਭ ਤੋਂ ਪਹਿਲਾ ਜੋ ਹਉਮੈ ਸੀ ਕੇ ਸ਼ਾਇਦ ਮੈਂ ਹੀ ਵਡਾ ਗਿਆਨੀ ਹਾਂ, ਮੇਰੇ ਕੀਤਾ ਹੀ ਸਭ ਠੀਕ ਹੈ, ਉਸ ਨੂੰ ਤਿਆਗਿਆ, ਫਿਰ ਲੋਗਾ ਰੀਤ, ਭਾਵ ਜੋ ਲੋਕ ਕਰਦੇ ਨੇ ਮੈਂ ਵੀ ਓਹੀ ਕਰਾਂਗਾ, ਉਸ ਸੋਚ ਨੂੰ ਤਿਆਗਿਆ, ਫਿਰ ਰਜ ਗੁਣ, ਤਮ ਗੁਣ, ਸਤ ਗੁਣ ਦੀ ਸੋਚ ਤਿਆਗੀ – ਗੁਣਾਂ ਨੂੰ ਮੁਖ ਰੱਖਦਿਆ ਜੋਤ ਦੇ ਅਕਾਲ ਦੇ, ਕਾਲ ਦੇ ਗੁਣ ਕਿਹੜੇ ਹਨ ਸਮਝਿਆ, ਓਹਨਾ ਤੁਰੀਆ ਗੁਣਾ ਨੂੰ ਪਹਿਚਾਣਿਆ। ਫਿਰ ਸਹਿਜ ਗੁਫਾ ਵਿਚ ਮਨ ਨੂੰ ਬਿਠਾ ਦਿੱਤਾ – ਇਸੇ ਨੂੰ ਸਹਿਜ ਜੋਗ ਕਹਿੰਦੇ ਹਨ – ਇਸੇ ਅਵਸਥਾ ਵਿਚ ਅਨਹਦ ਬਾਣੀ ( ਨਾਮ / ਗਿਆਨ ਤੋਂ ਸੋਝੀ ) ਪ੍ਰਗਟ ਹੁੰਦੀ। ਇਹ ਅਨੰਦ ਦੀ ਅਵਸਥਾ ਦਾ ਗੁਰ ਸ਼ਬਦ, ਗੁਰ ਉਪਦੇਸ਼ ਦੀ ਵਿਚਾਰ ਨਾਲ ਪਤਾ ਲਗਦਾ ਹੈ – ਇਸੇ ਸ਼ਬਦ ਨਾਲ ਬੁੱਧ ਰਚੀ ਹੁੰਦੀ ਅਨੰਦ ਮਾਣਦੀ ਹੈ।

ਅਕਾਲ ਦੇ ਗੁਣਾਂ ਨੂੰ ਸਮਝਿਆ ਕੇ

ਨਮਸਤੰ ਅਨਾਮੇ ॥ਨਮਸਤੰ ਅਠਾਮੇ ॥੩॥੪॥

ਨਮਸਕਾਰ ਕਰੋ ਓਸ ਪਾਰਬ੍ਰਹਮ ਪ੍ਰਮੇਸਰ ਨੂ ਜਿਸ ਦਾ ਕੋਈ ਨਾਂ ਨਹੀਂ ਹੈ ਓਹ ਅਨਾਮੇ ਹੈ। ਨਮਸਕਾਰ ਹੈ ਓਹ ਬਿਨਾ ਨਾਂ ਤੌ ਬਿਨਾ ਥਾਂ ਤੌ ਜੋ ਆਠਾਮੇ ਜਿਸ ਕੋਈ ਪਤਾ ਟਿਕਾਣਾ ਨਹੀ ਓਸ ਦਾ ਕੋਈ ਨਾਂ ਕੋਈ ਥਾ ਨਹੀਂ। ਓਸ ਦੇ ਰਹਣ ਦਾ ਕੋਈ ਪਕਾ ਪਤਾ ਨਹੀਂ ਦਸ ਸਕਿਆ। “ਨਮਸਤ੍ਵੰ ਅਰੂਪੇ॥“, ਜਿਸ ਦਾ ਕੋਈ ਬਾਹਰ ਰੂਪ ਨ੍ਹੀ, ਬਿਨਾ ਸਰੀਰ ਤੌ ਅਜੂਨੀ ਹੈ, ਨਾ ਓਸ ਦਾ ਰੰਗ਼ ਰੂਪ ਰੇਖ ਅਕਾਰ ਹੈ, ਓਹ “ਤ੍ਰੈ ਗੁਣ ਤੇ ਪ੍ਰਭ ਭਿੰਨ“ ਹੈ, ਓਹ ਸੰਸਾਰ ਤੇ ਤਿੰਨੇ ਗੁਣਾ ਤੌ ਰਜ ਗੁਣ ਤਮ ਗੁਣ ਸਤ ਗੁਣ ਦੇ ਵਿਚ ਨਹੀਂ ਹੈ, ਜਿਸ ਦਾ ਅਕਾਰ ਦਿਤਨਾ ਵਿਰਾਟ ਹੈ, ਕਿ ਤਿਨ ਲੋਕ ਓਸ ਦੇ ਵਿਚ ਨੇ, “ਨਮਸਤ੍ਵੰ ਅਕਾਲੇ॥” ਨਮਸਕਾਰ ਹੈ, ਓਸ ਪ੍ਰਭੂ ਨੂੰ, ਜੋ ਅਕਾਲ ਹੈ, ਕਾਲ ਦੇ ਸਮੇ ਦੇ ਚਕਰ ਵਿੱਚ ਨਹੀ ਹੈ, “ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿੰਜੇ॥” ਤੌ ਅਲਗ ਹੈ ਨਿਰਲੇਪ ਹੈ, ਤਿਨ ਲੋਕ ਵਿੱਚ ਜੋ ਚਕਰ ਚਲ ਰਿਹਾ ਹੈ, ਓਸ ਤੌ ਪਰੇ ਹੈ, ਜਾਤਿ ਔਰ ਪਾਤਿ ਤੌ ਦੂਰ ਜਨਮ ਮਰਨ ਦੇ ਵਿਚ ਨਹੀਂ ਹੈ, ਓਹ, “ਨਮਸਤੰ ਅਪਾਰੇ ॥੭॥੮॥ਨਮਸਤੰ ਅਗਾਧੇ ॥੬॥੭॥” ਓਹ ਅਪਾਰ ਹੈ ਅਗਾਧ ਹੈ ਜਿਸ ਦਾ ਪਾਰ ਨਹੀ ਪਾਈਆ ਜਾ ਸਕਦਾ ਪਕਡ ਤੌ ਪਰੇ ਹੈ ਓਹ ਸਾਡਿ ਬੁਧਿ ਓਸ ਦਾ ਵਰਨਣ ਨਹੀਂ ਕਰ ਸਕਦੀ, “ਨਮਸਤੰ ਨ੍ਰਿਦੇਸੇ॥” ਕੋਈ ਦੇਸ਼ ਨਹੀ ਹੈ ਓਸ ਦਾ, ਕੇ ਅਸੀ ਵੀਜ਼ਾ ਲਵਾ ਕੇ, ਓਸ ਪਾਰਬ੍ਰਹਮ ਦੇ ਦੇਸ਼ ਚਲੇ ਜਵਾਂਗੇ, “ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤਿ ਕਿਹ ॥” ਅਸਲ ਵਿੱਚ ਓਸ ਬਾਰੇ ਬਿਆਨ ਨਹੀ ਕੀਤਾ ਜਾ ਸਕਦਾ ਓਸ ਦਾ ਕੋਈ ਭੇਖ ਨਹੀ ਹੈ ਓਹ ਅਭੇਖ ਹੈ ਸਾਡੇ ਵਰਗਾ ਸਰੀਰ ਰੂਪ ਰੰਗ਼ ਰੇਖ ਨਹੀ ਹੈ, ਓਸ ਬਾਰੇ ਕੁਛ ਨਹੀ ਕਿਹਾ ਜਾ ਸਕਦਾ, “ਕਿ ਸਰਬਤ੍ ਦੇਸੈ॥ ਕਿ ਸਰਬਤ੍ ਭੇਸੈਕਿ ਸਰਬਤ੍ ਕਾਲੈ॥ ਕਿ ਸਰਬਤ੍ ਪਾਲੈ॥” ਉਹ ਹੈ ਸਾਰੇ ਹੀ ਦੇਸ਼ ਓਸ ਦੇ ਨੇ, ਸਾਰੇ ਹੀ ਭੇਸ ਓਸ ਦੇ ਨੇ, ਓਹ ਸਭ ਦਾ ਕਾਲ ਹੈ, ਜਿਸ ਨੇ ਅਕਾਲ ਪੈਦਾ ਕੀਤਾ ਅਕਾਲ ਦਾ ਵੀ ਮਹਾਕਾਲ਼ ਹੈ, “ਕਾਲ ਅਕਾਲ ਖਸ਼ਮ ਕਾ ਕੀਨਾ॥”, ਓਹ ਪਾਰਬ੍ਰਹਮ ਆਪ ਮਹਾਕਾਲ਼ ਹੈ ਖਸਮ ਹੈ ਜਿਸ ਨੇ ਕਾਲ (ਹੁਕਮ) ਪੈਦਾ ਕੀਤਾ ਹੋਇਆ, ਜੋ ਸਭ ਦੀ ਪਾਲਣਾ ਕਰਦਾ ਹੈ, “ਸਿਵ ਸਕਤਿ ਆਪਿ ਉਪਾਇਕੈ ਕਰਤਾ ਆਪੇ ਹੁਕਮ ਵਰਤਾਹੈ॥(ਰਾਮਕਲੀ ਮ:੩ ਆਨੰਦ)“, ਸ਼ਿਵ ਕੋਈ ਆਦਮੀ ਨਹੀ ਹੁਕਮ ਹੈ ਪਾਰਬ੍ਰਹਮ ਪ੍ਰਮੇਸਰ ਦਾ, ਜੋ ਸ਼ਕਤੀ ਹੈ ਤਿਨ ਲੋਕ ਵਿੱਚ ਹੁਕਮ ਚਲ ਰਿਹਾ ਹੈ, ਸੰਸਾਰ ਇਹੋ ਜਿਹਾ ਕੋਈ ਬੰਦਾ ਨਹੀਂ ਹੋ ਸਕਦਾ ਜਿਸ ਦਾ ਤਿਨ ਲੋਕ ਵਿੱਚ ਹੁਕਮ ਚਲਦਾ ਹੋਵੇ, “ਦੇਹਿ ਸ਼ਿਵਾ ਬਰ ਮੋਹਿ ਇਹੈ” ਜਿਸ ਤੌ ਦਸਮ ਪਾਤਸਹ ਵਰ ਮੰਗ ਰਹੇ ਨੇ ਓਹੀ ਸ਼ਿਵ ( ਹੁਕਮ) ਹੈ ਪਾਰਬ੍ਰਹਮ ਪ੍ਰਮੇਸਰ ਦਾ।

”ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ॥੨॥” – ਅਰਥ ਤ੍ਰੈ ਗੁਣ ਮਾਇਆ ਬਿਨਾਸ ਦਾ ਕਾਰਣ ਬਣਦੀ ਹੈ ਤੇ ਜੀਵ ਬੇਤਾਲਾ (ਭਟਕਿਆ) ਫਿਰਦਾ ਹੈ।

ਮਾਇਆ ਮੋਹੁ ਜਗਤੁ ਸਬਾਇਆ॥ ਤ੍ਰੈ ਗੁਣ ਦੀਸਹਿ ਮੋਹੇ ਮਾਇਆ॥ਗੁਰਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ॥੧॥” – ਮਾਇਆ ਧਨ ਦੌਲਤ ਨਹੀਂ ਹੈ। ਆਪਣੇ ਆਪ ਵਿੱਚ ਖੀਸੇ ਵਿੱਚ ਪਏ ਪੈਸੇ ਨਿਰਜੀਵ ਹਨ, ਸੋਨਾ, ਚਾਂਦੀ ਘਟ ਘੋੜਾ ਗੱਡੀ ਸੱਬ ਆਪਣੇ ਆਪ ਵਿੱਚ ਮਾਇਆ ਨਹੀਂ ਹੈ। ਮਾਇਆ ਹੈ ਮਨ ਦਾ ਵਿਕਾਰ, ਇਹਨਾਂ ਨਾਲ ਜੁੜਾਵ, ਇਹਨਾਂ ਵਸਤੂਆਂ ਨਾਲ ਪ੍ਰੇਮ। ਮਨ ਦੀ ਖੇਡ ਹੈ ਆਪਣੇ ਉੱਪਰ ਦੋਸ਼ ਨਹੀਂ ਲੈਣਾ ਚਾਹੁੰਦਾ ਇਸ ਲਈ ਵਸਤੂਆਂ ਨੂੰ ਦੋਸ਼ ਦਿੰਦਾ ਹੈ। ਨਾਲ ਕੁੱਝ ਲੈਕੇ ਨਹੀਂ ਆਏ ਸੀ “ਯਾ ਜੁਗ ਮਹਿ ਏਕਹਿ ਕਉ ਆਇਆ॥ ਜਨਮਤ ਮੋਹਿਓ ਮੋਹਨੀ ਮਾਇਆ॥” ਆਏ ਸੀ ਏਕ (ਏਕ ਮਤਿ) ਹੋਣ ਲੋਈ ਪਰ ਫਸ ਗਏ ਲਾਲਚ ਵਿੱਚ। ਲਾਲਚ ਮਨ (ਅਗਿਆਨਤਾ) ਦਾ ਸੁਭਾਵ ਹੈ। ਜਦੋਂ ਮਨ ਨੂੰ ਗਿਆਨ ਖੜਗ ਨੇ ਮਾਰ ਦਿੱਤਾ ਤਾਂ ਮਾਇਆ ਵਿੱਚ ਰਹਿੰਦਿਆਂ ਨਿਰਲੇਪ ਹੋ ਜਾਣਾ “ਕਹੈ ਨਾਨਕੁ ਗੁਰਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥੨੯॥”, ਜਿਹਨਾਂ ਨੂੰ ਗੁਰਬਾਣੀ ਤੋਂ ਸੋਝੀ (ਗੁਰਪ੍ਰਸਾਦ) ਮਿਲ ਗਿਆ ਉਹਨਾਂ ਦੀ ਲਿਵ ਪਰਮੇਸਰ ਦੇ ਹੁਕਮ ਨਾਲ ਲੱਗਣੀ ਫੇਰ ਉਹਨਾਂ ਮਾਇਆ ਵਿੱਚ ਰਹਿੰਦਿਆਂ ਪਰਮੇਸਰ ਪ੍ਰਾਪਤੀ ਕਰ ਲੈਣੀ। ਸਨਾਤਨ ਮਤ ਵਿੱਚ ਮਾਇਆ ਦਾ ਤਿਆਗ ਕਰਨ ਨੂੰ ਕਹਿਆ ਪਰ ਇਹਨਾਂ ਨਾਲ ਗਲ ਨਹੀਂ ਬਣਦੀ। “ਏਊ ਜੀਅ ਬਹੁਤੁ ਗ੍ਰਭ ਵਾਸੇ॥ ਮੋਹ ਮਗਨ ਮੀਠ ਜੋਨਿ ਫਾਸੇ॥ ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ॥

ਗੁਰਬਾਣੀ ਦਾ ਫੁਰਮਾਨ ਹੈ

ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥ ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ॥੪॥ ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥ ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ॥ ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥੫॥

ਕੰਚਨ (ਸੋਨੇ) ਦੇ ਕੋਟ (ਮਹਲ) ਭਾਵੇਂ ਕਿਤਨੇ ਵੀ ਦਾਨ ਕਰਦੇ, ਗਉਆਂ, ਭੂਮੀ ਤਾਂ ਵੀ ਤੇਰੇ ਅੰਦਰੋਂ ਦਾਨੀ ਹੋਣ ਦਾ ਗੁਮਾਨ (ਹੰਕਾਰ) ਨਹੀਂ ਜਾਣਾ। ਰਾਮ ਨਾਮ (ਰਾਮ ਦੇ ਗਿਆਨ) ਨੇ ਹੀ ਮਨੁ ਨੂੰ ਭੇਦਣਾ ਮਾਰਨਾ ਹੈ। ਕੋਈ ਮਨਹਠ ਨਾਲ ਪਰਮੇਸਰ ਪ੍ਰਾਪਤੀ ਦਾ ਦਾਅਵਾ ਕਰਦੇ ਨੇ ਕਿਸੇ ਨੂੰ ਮਨਹਠ ਨਾਲ ਪ੍ਰਾਪਤੀ ਨਹੀਂ ਹੁੰਦੀ। “ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ॥

ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ॥ ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ॥ ਪੁੰਨ ਦਾਨੁ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ॥ ਬਿਨੁ ਸਤਿਗੁਰੂ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ॥

ਮਨਮੁਖ ਚਤੁਰਾਈ ਕਰਦੇ ਫਿਰਦੇ ਨੇ, ਪੁੰਨ ਦਾਨ ਬੀਜਦੇ ਨੇ ਅਰਥ ਦਾਨ ਕਰਕੇ ਬਦਲੇ ਵਿੱਚ ਆਸ ਰੱਖਦੇ ਨੇ ਉਹ ਸਬ ਜਮਾਂ (ਵਿਕਾਰਾਂ) ਦੇ ਪਟੇ ਭੋਗਦੇ ਨੇ। ਸਤਿਗੁਰੂ (ਸੱਚੇ ਦੇ ਗਿਆਨ) ਤੋਂ ਬਿਨਾਂ ਜਮ ਕਾਲ ਨਹੀਂ ਛੁਟਦਾ। ਤੇ ਸੱਚੇ ਦੇ ਗੁਣ ਹਾਸਲ ਹੁੰਦੇ ਨੇ ਬਾਣੀ ਦੀ ਵਿਚਾਰ ਤੋਂ।

“ਰਾਗੁ ਕੇਦਾਰਾ ਬਾਣੀ ਕਬੀਰ ਜੀਉ ਕੀ ੴ ਸਤਿਗੁਰ ਪ੍ਰਸਾਦਿ॥ ਉਸਤਤਿ ਨਿੰਦਾ ਦੋਊ ਬਿਬਰਜਿਤ  ਤਜਹੁ ਮਾਨੁ ਅਭਿਮਾਨਾ॥ ਲੋਹਾ ਕੰਚਨੁ ਸਮ ਕਰਿ ਜਾਨਹਿ । ਤੇ ਮੂਰਤਿ ਭਗਵਾਨਾ॥੧॥ ਤੇਰਾ ਜਨੁ ਏਕੁ ਆਧੁ ਕੋਈ॥ ਕਾਮੁ  ਕ੍ਰੋਧੁ  ਲੋਭੁ ਮੋਹੁ ਬਿਬਰਜਿਤ  ਹਰਿ ਪਦੁ ਚੀਨ੍ਹ੍ਹੈ ਸੋਈ॥੧॥ ਰਹਾਉ ॥ ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ॥ ਚਉਥੇ ਪਦ ਕਉ ਜੋ ਨਰੁ ਚੀਨ੍ਹ੍ਹੈ  ਤਿਨ੍ਹ੍ਹ ਹੀ ਪਰਮ ਪਦੁ ਪਾਇਆ॥੨॥ ਤੀਰਥ    ਬਰਤ    ਨੇਮ  ਸੁਚਿ ਸੰਜਮ   ਸਦਾ ਰਹੈ ਨਿਹਕਾਮਾ॥ ਤ੍ਰਿਸਨਾ ਅਰੁ ਮਾਇਆ ਭ੍ਰਮੁ ਚੂਕਾ  ਚਿਤਵਤ ਆਤਮ ਰਾਮਾ॥੩॥ ਜਿਹ ਮੰਦਰਿ ਦੀਪਕੁ ਪਰਗਾਸਿਆ  ਅੰਧਕਾਰੁ ਤਹ ਨਾਸਾ॥ ਨਿਰਭਉ ਪੂਰਿ ਰਹੇ ਭ੍ਰਮੁ ਭਾਗਾ   ਕਹਿ ਕਬੀਰ ਜਨ ਦਾਸਾ ॥੪॥੧॥”

ਰਾਜ, ਪੈਸਾ, ਸੋਨਾ ਚਾਂਦੀ, ਸਰੀਰ ਦੀ ਭੁਖ, ਜੀਭ ਦਾ ਸੁਆਦ ਇਹ ਸਬ ਰਸ ਹਨ। ਇਹਨਾਂ ਦਾ ਵਿਕਾਰ ਵਿੱਚ ਬਦਲਣਾ ਕੋਈ ਵੱਡੀ ਗਲ ਨਹੀਂ ਹੈ। ਇਹਨਾਂ ਨੂੰ ਤਿਆਗ ਕੇ ਜੰਗਲ ਵਲ ਨੂੰ ਨਹੀਂ ਨਿਕਲਣਾ ਪਰ ਆਪਣੇ ਮਨ ਨੂੰ ਗਿਆਨ ਨਾਲ ਬੰਨਣਾ ਹੈ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥”। ਜੇ ਭਰੋਸਾ ਹੋਵੇ ਤਾਂ ਉਸਨੇ ਜੋ ਦੇਣਾ ਆਪ ਦੇ ਦੇਣਾ ਜੋ ਸੈਲ ਪੱਥਰ ਵਿੱਚ ਜੰਤ ਨੂੰ ਰਿਜਕ ਬਖਸ਼ ਦਿੰਦਾ ਹੈ। ਬਾਣੀ ਆਖਦੀ “ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥” – ਸਮੁੰਦਰ ਵਿੱਚ ਜਲ ਵਿੱਚ ਵੀ ਜੰਤ ਉਪਾਏ ਹਨ ਪਰਮੇਸਰ ਨੇ। ਉੱਥੇ ਕਿਹੜਾ ਹਟੁ (ਹਾਟ / ਦੁਕਾਨਾਂ / ਬਾਜਾਰ) ਲੱਗੇ ਜਿੱਥੇ ਜਾ ਕੇ ਜੀਵਾਂ ਨੂੰ ਭੋਜਨ ਖਰੀਦਨਾ ਪੈਂਦਾ ਨਾ ਕਿਸੇ ਨੂੰ ਕਿਰਸ (ਖੇਤੀ) ਕਰਨੀ ਪੈਂਦੀ ਹੈ।

ਤ੍ਰੈ ਗੁਣ ਮਾਇਆ ਦਾ ਅਸਰ ਜੀਵ ਤੇ ਭਰੋਸੇ ਦੀ ਕਮੀਂ ਨਾਲ ਹੁੰਦਾ ਹੈ। ਜੀਵ ਨੂੰ ਲਗਦਾ ਕਲ ਪਤਾ ਨਹੀਂ ਕੀ ਹੋਣਾ ਕਲ ਲਈ ਪੈਸੇ ਜੋੜ ਲਵੋ, ਭਰੋਸੇ ਦੀ ਕਮੀਂ ਨਾਲ ਸੋਚਦਾ ਹੋਰ ਕੱਠਾ ਕਰ ਲਵਾਂ। ਕਦੇ ਰੱਜ ਨਹੀਂ ਆਉਂਦਾ। ਜੀਭ ਦਾ ਸਵਾਦ, ਪੈਸੇ ਦਾ ਲਾਲਚ। ਜਿਤਨੇ ਵੀ ਅਵਗੁਣ ਨੇ ਅਗਿਆਨਤਾ ਵੱਲ ਧੱਕਦੇ ਰਹਿੰਦੇ ਹਨ ਜੀਵ ਨੂੰ। ਜਿਹੜੇ ਪਰਮੇਸਰ ਨੇ ਗੁਣ ਸਾਨੂੰ ਆਪਸ ਵਿੱਚ, ਸੰਸਾਰ ਵਿੱਚ ਵਿਚਰਣ ਨੂੰ ਦਿੱਤੇ ਸੀ ਉਹ ਕਦੋਂ ਤ੍ਰੈ ਗੁਣ ਮਾਇਆ ਬਣ ਜਾਂਦੇ ਹਨ, ਮਲ (ਮਨ ਦੀ ਮੈਲ) ਬਣ ਜਾਂਦੀ ਹੈ ਜੀਵ ਨੂੰ ਪਤਾ ਹੀ ਨਹੀਂ ਲਗਦਾ। ਗੁਰਬਾਣੀ ਵਿਚਾਰ ਨਾਲ ਇਹ ਮਲ ਉਤਰਦੀ ਹੈ, ਭਰੋਸਾ ਵੱਧਦਾ ਹੈ, ਡਰ ਮੁੱਕਦਾ ਹੈ, ਪਰਮੇਸਰ ਨਾਲ ਪ੍ਰੇਮ, ਦੂਜਿਆਂ ਨਾਲ ਪ੍ਰੇਮ ਵੱਧਦਾ ਹੈ। ਸਾਰਿਆਂ ਵਿੱਚ ਏਕ ਖੁਦਾ ਦਿਸਦਾ ਹੈ। ਵੈਰ ਵਿਰੋਧ ਖਤਮ ਹੁੰਦੇ ਹਨ। ਇਸ ਲਈ ਜਤਨ ਕਰੋ ਬਾਣੀ ਵਿਚਾਰਨ ਦੀ। ਗੁਣਾਂ ਦੀ ਸਾਂਝ ਗੁਣਾਂ ਦੀ ਵਿਚਾਰ ਰਾਹੀਂ ਹੀ ਮੁਕਤੀ ਹੁੰਦੀ ਹੈ। ਗੁਰ ਸਿੱਖਾਂ ਨੂੰ ਆਦੇਸ਼ ਹੈ

”ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ॥ ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ॥ ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ॥ ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ॥ ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ॥੧੧॥”