Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਿੱਖੀ ਅਤੇ ਪਖੰਡ

ਜਦੋਂ ਤੋ ਇਸ ਦੁਨੀਆ ਵਿੱਚ ਇਨਸਾਨ ਦਾ ਆਗਮਨ ਹੋਇਆ ਹੈ ਉਦੋਂ ਤੋਂ ਹੀ ਕਿਸੇ ਨਾ ਕਿਸੇ ਡਰ ਜਾਂ ਭਰਮ ਕਾਰਨ ਇਨਸਾਨ ਨੂੰ ਪਖੰਡ ਦਾ ਸਹਾਰਾ ਲੈਣਾ ਪਿਆ ਹੈ। ਆਪਣੇ ਤੋਂ ਵੱਡੇ ਜਾਨਵਰ ਜਾਂ ਦੁਸ਼ਮਨ ਨੂੰ ਡਰਾਉਣ ਲਈ ਕਦੇ ਡਰਾਵਨੇ ਮੁਖੌਟੇ ਪੌਣਾ, ਕਦੇ ਸਿਰ ਉੱਤੇ ਦੂਜੇ ਜਾਨਵਰ ਦਾ ਸਿਰ ਲਗਾ ਲੈਣਾ ਜਾਂ ਖੰਬ ਲਗਾ ਲੈਣਾ ਤਾਂ ਕੇ ਜਾਨਵਰਾਂ ਨੂੰ ਦੁਸ਼ਮਨ ਨੂੰ ਡਰਾ ਕੇ ਬਚ ਸਕੀਏ। ਫੇਰ ਆਪਣੇ ਆਪ ਨੂੰ ਅਮੀਰ ਦੱਸਣ ਲਈ ਗਹਣੇ ਪਾ ਲੈਣਾ, ਵੰਨ ਸੁਵੰਨੇ ਕਪੜੇ ਪਹਰਾਵਾ ਕਰਨਾ, ਖੁੰਖਾਰ ਜਾਨਵਰ ਦੀ ਖੱਲ ਬੰਨ ਲੈਣਾ ਇਹ ਸਬ ਭੇਖ ਦੂਜੇ ਨੂੰ ਲੁਭੌਣ ਨੂੰ ਕੀਤੇ ਜਾਂਦੇ ਰਹੇ ਨੇ। ਅੱਜ ਵੀ ਧਰਮੀ ਦਿਸਣ ਦੇ ਕੁੱਝ ਖਾਸ ਬਸਤਰ ਬਣੇ ਹੋਏ ਨੇ। ਜੇ ਤੁਹਾਨੂੰ ਇਹ ਬਾਹਰੀ ਭੇਖ ਦੇਖ ਕੇ ਕੋਈ ਅਮੀਰ, ਗਰੀਬ, ਨਿਮਾਣਾ, ਆਪਣੇ ਤੋਂ ਵੱਡਾ, ਛੋਟਾ ਜਾਂ ਫੇਰ ਧਰਮੀ ਦਿਸਦਾ ਇਸਦਾ ਅਰਥ ਹੈ ਤੁਸੀਂ ਭਰਮ ਵਿੱਚ ਫਸੇ ਹੋਏ ਹੋੰ। ਇੱਦਾਂ ਹੀ ਕੁਝ ਕਰਮ ਕਾਂਡ ਹਨ ਜੋ ਪਹਿਲਾਂ ਕਿਸੇ ਕਾਰਣ ਵਰਤੇ ਜਾਂਦੇ ਸੀ, ਫੇਰ ਰਿਵਾਜ ਬਣ ਗਏ ਅੱਜ ਬਿਨਾਂ ਗਿਆਨ ਦੇ ਪਖੰਡ ਬਣ ਚੁੱਕੇ ਹਨ। ਜਿਵੇਂ ਹਵਨ ਵਿੱਚ ਬਾਲਣ ਵਾਲੀ ਅੱਗ ਜਾਨਵਰ ਨੂੰ ਦੂਰ ਰੱਖਣ ਲਈ ਸੀ, ਧੂਪ ਮੱਛਰਾਂ ਤੋਂ ਬਚਣ ਲਈ ਬਾਲੀ ਜਾਂਦੀ ਸੀ ਅੱਜ ਧਰਮ ਦੇ ਕਰਮ ਬਣ ਗਏ ਨੇ। ਇਨਸਾਨ ਦੇ ਪਸੀਨੇ ਦੀ ਬੋ ਨਾਲ ਮੱਛਰ ਪੈਂਦੇ ਸੀ ਤਾਂ ਧੂਪ ਦੇ ਧੂਏਂ ਦੇ ਕਾਰਣ ਅਤੇ ਖੁਸ਼ਬੋ ਕਾਰਣ ਮੱਛਰ ਨਹੀਂ ਸੀ ਲੜਦਾ। ਪਹਿਲਾਂ ਲੋਕਾਂ ਨੂੰ ਇਹ ਸਮਝ ਸੀ, ਗਿਆਨ ਦੀ ਵਰਤੋ ਕਰ ਮੱਛਰਾਂ ਤੋ ਬਚ ਜਾਂਦੇ ਸੀ। ਅੱਜ ਧਰਮ ਦੇ ਨਾਮ ਤੇ ਡਰ ਵਿੱਚ ਇਹ ਕੰਮ ਕਰਦੇ ਹਨ। ਦੀਵਾ ਬਾਲਦੇ ਸੀ ਹਨੇਰੇ ਵਿੱਚ ਚਾਨਣਾ ਕਰਮੇ ਪੜ੍ਹਨ ਲਈ, ਕੰਮ ਕਰਨ ਲਈ, ਬਹ ਕੇ ਵਿਚਾਰ ਕਰਨ ਲਈ ਅੱਜ ਘਿਓ ਦੇ ਦੀਵੇ ਬਾਲਦੇ ਨੇ ਰੱਬ ਨੂੰ ਖੁਸ਼ ਕਰਨ ਲਈ। ਗੁਰਬਾਣੀ ਵਿਚਾਰੀ ਹੋਵੇ ਤਾਂ ਪਤਾ ਲੱਗੇ ਕੇ ਗੁਰਮਤਿ ਤਾਂ ਦੀਵਾ ਗਿਆਨ ਨੂੰ ਮੰਨਣੀ ਹੈ “ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥੧॥” ਅਤੇ ਗਿਆਨ ਦਾ ਦੀਵਾ ਬਾਲਣ ਤੇ ਇਹ ਹਨੇਰਾ ਜਾਣਾ “ਦੀਵਾ ਬਲੈ ਅੰਧੇਰਾ ਜਾਇ॥”, “ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥੨॥”। ਪੁੱਛੋ ਆਪਣੇ ਆਪ ਨੂੰ ਸਾਰੀ ਸ੍ਰਿਸਟੀ ਜਿਸਨੇ ਰਚੀ ਹੋਵੇ? ਹਰ ਪ੍ਰਕਾਰ ਦੀ ਖੁਸ਼ਬੋ ਜਿਸਦੇ ਵਸ ਹੋਵੇ ਉਸਨੂੰ ਤੁਹਾਡੀ ਧੂਪ ਬੱਤੀ ਦੀ ਕੀ ਲੋੜ ਹੈ? ਤੁਹਾਡੇ ਦੀਵੇ ਦੀ ਕੀ ਲੋੜ ਹੈ? ਜੇ ਇਹ ਧੂਪ/ਬੱਤੀ, ਬਲੀ, ਹਵਨ ਨਾ ਕੀਤਾ ਤਾਂ ਰੱਬ ਨੇ ਨਾਰਾਜ਼ ਹੋ ਜਾਣਾ? ਕੀ ਰਿਹ ਸਬ ਕਰਨ ਨਾਲ ਰੱਬ ਨੇ ਜਿਆਦਾ ਖੁਸ਼ ਹੋ ਜਾਣਾ? ਉਸਨੂੰ ਤੁਹਾਡੀ ਧੂਪ, ਹਵਨ, ਬਲੀ ਦੀ ਕੀ ਲੋੜ ਹੈ? ਅੱਜ ਲੋੜ ਹੈ ਫੇਰ ਸੋਚਣ ਦੀ ਕੇ ਨਾਨਕ ਪਾਤਿਸ਼ਾਹ ਨੇ ਉਦਾਸੀਆਂ ਦੌਰਾਨ, ਆਪਣੀ ਬਾਣੀ ਰਾਹੀਂ, ਉਪਦੇਸ਼ਾਂ ਰਾਹੀਂ ਲੋਕਾਂ ਦੇ ਕਿਹੜੇ ਭਰਮ ਤੋੜੇ, ਭਗਤਾਂ ਨੇ ਕਿਹੜੇ ਕੰਮਾਂ ਕਾਰਨ ਪਾਂਡੇ ਨੂੰ, ਧਰਮ ਦੇ ਠੇਕੇਦਾਰਾਂ ਨੂੰ ਲਤਾੜਿਆ ਸੀ। ਜਿਹਨਾਂ ਨੂੰ ਧਰਮ ਦੇ ਕਰਮ ਆਖ ਕੇ ਕਰਦੇ ਸੀ, ਗੁਰੂਆਂ ਨੇ ਰੋਕਿਆ ਤੇ ਕੀ ਅਸੀਂ ਫੇਰ ਉਹੀ ਤਾ ਨਹੀਂ ਕਰ ਰਹੇ?

ਇੱਕ ਸਮਾ ਇਹੋ ਜਹਿਆ ਵੀ ਸੀ ਕੇ ਸ਼ਰਮਨ ਬ੍ਰਾਹਮਣ ਮੁਕਤੀ ਦੀ ਆਸ ਰਣਖਣ ਵਾਲੇ ਮਨੁਖਾਂ ਦੇ ਸਿਰ ਕੱਟ ਦਿੰਦੇ ਸੀ ਤੇ ਪ੍ਰਚਾਰਦਾ ਸੀ ਕੇ ਬ੍ਰਾਹਮਣ ਹੱਥੀਂ ਮੌਤ ਹੋਣ ਤੇ ਮੁਕਤੀ ਮਿਲ ਜਾਂਦੀ ਹੈ। ਖੂਹ ਵਿੱਚ ਆਰੇ ਲਾਏ ਹੁੰਦੇ ਸੀ ਤੇ ਮੁਕਤੀ ਦੀ ਆਸ ਰੱਖਣ ਵਾਲੇ ਨੂੰ ਖੂਹ ਵਿੱਚ ਛਾਲ ਮਰਵਾ ਦਿੰਦੇ ਸੀ। ਬਾਣੀ ਵਿੱਚ ਦਰਜ ਹੈ “ਜਾਪ ਤਾਪ ਗਿਆਨ ਸਭਿ ਧਿਆਨ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ॥ ਜੋਗ ਅਭਿਆਸ ਕਰਮ ਧ੍ਰਮ ਕਿਰਿਆ॥ ਸਗਲ ਤਿਆਗਿ ਬਨ ਮਧੇ ਫਿਰਿਆ॥ ਅਨਿਕ ਪ੍ਰਕਾਰ ਕੀਏ ਬਹੁ ਜਤਨਾ॥ ਪੁੰਨ ਦਾਨ ਹੋਮੇ ਬਹੁ ਰਤਨਾ॥ ਸਰੀਰੁ ਕਟਾਇ ਹੋਮੈ ਕਰਿ ਰਾਤੀ॥ ਵਰਤ ਨੇਮ ਕਰੈ ਬਹੁ ਭਾਤੀ॥ ਨਹੀ ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ॥੧॥” ਅਤੇ “ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ॥ ਹਰਿ ਕੇ ਨਾਮ ਸਮਸਰਿ ਕਛੁ ਨਾਹਿ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ॥੨॥” – ਜੇ ਨਿਮਖ ਨਿਮਖ (ਥੋੜਾ ਥੋੜਾ) ਕਰਕੇ ਵੀ ਸਰੀਰ ਕਟਾ ਲਵੇਂਗਾ ਤਾਂਵੀ ਤੇਰੀ ਮੈਲ ਨਹੀਂ ਜਾਣੀ। ਹਰਿ ਦਾ ਗਿਆਨ ਲਏ ਬਿਨਾਂ ਗਲ ਨਹੀਂ ਬਣਦੀ। ਜਪ ਬਾਣੀ ਵਿੱਚ ਮਹਾਰਾਜ ਆਖਦੇ ਨੇ “ਆਖਣਿ ਜੋਰੁ ਚੁਪੈ ਨਹ ਜੋਰੁ॥ ਜੋਰੁ ਨ ਮੰਗਣਿ ਦੇਣਿ ਨ ਜੋਰੁ॥ ਜੋਰੁ ਨ ਜੀਵਣਿ ਮਰਣਿ ਨਹ ਜੋਰੁ॥ ਜੋਰੁ ਨ ਰਾਜਿ ਮਾਲਿ ਮਨਿ ਸੋਰੁ॥ ਜੋਰੁ ਨ ਸੁਰਤੀ ਗਿਆਨਿ ਵੀਚਾਰਿ॥ ਜੋਰੁ ਨ ਜੁਗਤੀ ਛੁਟੈ ਸੰਸਾਰੁ॥ ਜਿਸੁ ਹਥਿ ਜੋਰੁ ਕਰਿ ਵੇਖੈ ਸੋਇ॥ ਨਾਨਕ ਉਤਮੁ ਨੀਚੁ ਨ ਕੋਇ॥” ਸੰਸਾਰ ਤੋਂ ਛੁੱਟਣ ਦੀ ਕੋਈ ਜੁਗਤ ਨਹੀਂ ਹੈ ਤੇ ਕਿਸੇ ਨੂੰ ਜੋਰ ਨਾਲ ਗਿਆਨ ਵਿਚਾਰ ਵੀ ਨਹੀਂ ਦੇ ਸਕਦੇ। ਗੁਰਮਤਿ ਹੁਕਮ ਮੰਨਣ ਦੀ ਗਲ ਕਰਦੀ ਹੈ।

ਸਿੱਖੀ ਵਿੱਚ ਪਖੰਡ ਅਤੇ ਪਖੰਡ ਭਗਤੀ ਦੀ ਕੋਈ ਥਾਂ ਨਹੀਂ। ਗੁਰਮਤਿ ਦਾ ਸਪਸ਼ਟ ਫੁਰਮਾਨ ਹੈ ਕੇ “ਆਚਾਰੀ ਨਹੀ ਜੀਤਿਆ ਜਾਇ॥ ਪਾਠ ਪੜੈ ਨਹੀ ਕੀਮਤਿ ਪਾਇ॥” । ਕਿਸੇ ਖਾਸ ਆਚਰਣ ਨਾਲ ਪਰਮੇਸਰ ਪ੍ਰਾਪਤੀ ਨਹੀਂ ਹੁੰਦੀ ਨਾ ਹੀ ਕੋਈ ਪਾਠ ਪੜ੍ਹਨ ਨਾਲ ਉਸਦੀ ਕੀਮਤ ਪਾਈ ਜਾਂਦੀ ਹੈ। ਉਸਦੀ ਭਗਤੀ ਬੜਾ ਸਿੱਧਾ ਤਰੀਕਾ ਦੱਸਿਆ ਹੈ, ਉਸਦੀ ਪ੍ਰਾਪਤੀ ਦਾ ਮਾਰਗ ਦੱਸਿਆ ਹੈ ਹੁਕਮ ਮੰਨਣ ਨਾਲ “ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥”, ਗੁਰਬਾਣੀ ਨੇ ਬਾਕੀ ਸਬ ਕਰਮ ਕਾਂਡ ਰੱਦ ਕਰਤੇ। ਨਾ ਤੀਰਥ ਯਾਤ੍ਰਾ, ਨਾ ਅੱਖਾਂ ਬੰਦ ਕਰਕੇ ਧਿਆਨ ਲੌਣ ਨਾਲ, ਨਾ ਰੱਟਣ ਨਾਲ, ਨਾ ਮੱਥੇ ਰਗੜਨ ਨਾਲ ਨਾ ਅਰਦਾਸਾਂ ਨਾਲ, ਨਾ ਹੀ ਨੱਚਣ ਟੱਪਣ ਨਾਲ, ਨਾ ਭੁੱਖੇ ਰਹ ਕੇ, ਨਾ ਬਿੰਦ ਰੱਖ ਕੇ(ਕੁਵਾਰੇ ਰਹ ਕੇ ਜਾਂ ਗ੍ਰਹਸਤ ਜੀਵਨ ਦਾ ਤਿਆਗ ਕਰਕੇ), ਨਾ ਸਹੀਦੀਆਂ ਪ੍ਰਾਪਤਾ ਕਰਕੇ, ਨਾ ਦਾਨ ਕਰਕੇ, ਨਾ ਲੰਗਰ ਵਰਤਾਏ। ਹਾਂ ਇਹਨਾਂ ਵਿੱਚੋਂ ਕੁੱਝ ਸੰਸਾਰੀ ਕੰਮ ਇਨਸਾਨੀਅਤ ਦਾ ਫਰਜ ਹੋ ਸਕਦੇ ਹਨ। ਗਲਤ ਨਹੀਂ ਹਨ। ਕੁਝ ਕਰਮਾਂ ਕਰਕੇ ਸੰਸਾਰ ਵਿੱਚ ਰਹਿਣਾ ਭਾਵੇਂ ਸੌਖਾ ਲਗਦਾ ਹੋਵੇ ਪਰ ਹੁਕਮ ਰਜਾਈ ਚਲਣਾ ਹੀ ਸਿੱਖ ਦਾ ਇੱਕੋ ਧਰਮ ਹੈ। ਉਸਦੇ ਹੁਕਮ ਉਸਦੀ ਰਜਾ ਮੰਨ ਲੈਣਾ ਦਾਸ ਦੀ ਇੱਕੋ ਅਰਦਾਸ ਹੈ।

ਮਹਾਰਾਜ ਆਖਦੇ “ਕਿਸੂ ਨ ਭੇਖ ਭੀਜ ਹੋਂ॥” ਅਤੇ “ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ ॥੧੯॥” ਫੇਰ ਬਾਹਰੀ ਭੇਖ ਨਾਲ ਧਰਮੀ ਦਿਸਣ ਨਾਲ ਲੋਕਾਂ ਨੂੰ ਮੂਰਖ ਬਣਾ ਸਕਦਾ ਹੈਂ ਅਕਾਲ ਨੂੰ ਨਹੀਂ।

“ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ॥ ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ॥੩॥ ਬੇਦ ਪੁਰਾਨ ਸਿੰਮ੍ਰਿਤਿ ਸਭ ਖੋਜੇ ਕਹੂ ਨ ਊਬਰਨਾ॥ ਕਹੁ ਕਬੀਰ ਇਉ ਰਾਮਹਿ ਜੰਪਉ ਮੇਟਿ ਜਨਮ ਮਰਨਾ॥੪॥੫॥ ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ॥੧॥”

ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥” – ਸਾਰਾ ਸੰਸਾਰ ਭਰਮ ਦੀ, ਅਗਿਆਨਤਾ ਦੀ ਕਾਮਨਾਵਾਂ ਦੀ ਨੀਂਦ ਸੁੱਤਾ ਪਿਆ ਹੈ। ਤੇ ਜਿਸਨੂੰ ਪਰਮੇਸਰ ਦਾ, ਹਰਿ ਦਾ ਗਿਆਨ, ਤੱਤ ਗਿਆਨ ਪ੍ਰਾਪਤ ਹੋਣਾ ਉਸਨੇ ਹੀ ਜਾਗਣਾ। ਇਹ ਇੱਕ ਸਬਦ ਦੀ ਰੱਟਣ ਨਾਲ ਨਹੀਂ ਹੋਣਾ। “ਨੀਂਦ ਵਿਆਪਿਆ   ਕਾਮਿ ਸੰਤਾਪਿਆ  ਮੁਖਹੁ ਹਰਿ ਹਰਿ ਕਹਾਵੈ॥ ਬੈਸਨੋ ਨਾਮੁ ਕਰਮ ਹਉ ਜੁਗਤਾ   ਤੁਹ ਕੁਟੇ ਕਿਆ ਫਲੁ ਪਾਵੈ॥” – ਮਨ ਦੀ ਬੇਹੋਸ਼ੀ ਯਾ ਅਗਿਆਨਤਾ ਵਾਲੀ ਨੀਂਦ, ਕਿਸੇ ਅੱਖਰ ਰਟਣ ਨਾਲ ਨਹੀਂ ਟੁੱਟ ਸਕਦੀ। ਕੇਵਲ ਓਚੇ ਦਰਜੇ ਦੀ ਲਗਾਤਾਰ ਹੋਣ ਵਾਲੀ ਸਬਦ ਵੀਚਾਰ ਹੀ, ਮਨ ਨੂੰ ਇਸ ਗਹਿਰੀ ਨੀਂਦ ਵਿਚੋਂ ਜਗਾ ਸਕਦੀ ਹੈ।

ਨਾਮ (ਸੋਝੀ) ਪ੍ਰਾਪਤ ਕਰਨਾ ਔਖਾ। ਕੌਣ ਪੜ੍ਹੇ ਸਮਝੇ ਤੇ ਵਿਚਾਰ ਕਰੇ, ਲੋਕ ਦਲਿੱਦਰ ਵਸ ਸੌਖਾ ਰਸਤਾ ਲੱਭਦੇ ਇਸ ਲਈ ਪਖੰਡ ਵਿੱਚ ਛੇਤੀ ਫਸ ਜਾਂਦੇ ਨੇ। ਅਤੇ ਪਾਂਡੇ, ਠੱਗ, ਗੋਲਕ ਦੇ ਲਾਲਚੀ, ਭੇਖੀ, ਦੁਨਿਆਵੀ ਪਾਖੰਡੀ ਸਾਧ, ਡੇਰੇਦਾਰ ਲੋਕਾਂ ਨੂੰ ਹੋਰ ਭਰਮ ਵਿੱਚ ਧੱਕ ਦਿੰਦੇ ਨੇ। ਉਹਨਾਂ ਨੂੰ ਆਪ ਤਾਂ ਇਹ ਬਾਣੀ ਦੀਆਂ ਪੰਕਤੀਆਂ ਚੇਤੇ ਨਹੀਂ ਹੁੰਦੀਆਂ ਕੇ “ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥ ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ॥” ਤੇ ਦੂਜਿਆਂ ਨੂੰ ਵੀ ਨਹੀਂ ਸਮਝਾਉੰਦੇ। ਦੁਨੀਆਂ ਵਿੱਚ ਮਨੁਖਾਂ ਤੋਂ ਖੱਟੀਆਂ ਹੋਈਆਂ ਵਡਿਆਇਆਂ ਕਿਤੇ ਨਾਲ ਨਹੀਂ ਜਾਂਦੀਆਂ ਅਤੇ ਨਾਲ (ਸੋਝੀ) ਨੂੰ ਵਿਸਾਰ ਕੇ ਫੇਰ ਵਿਕਾਰਾਂ ਵਲ ਹੀ ਲੈ ਕੇ ਜਾਂਦੀਆਂ ਨੇ।

ਆਓ ਵੇਖਦੇ ਹਾਂ ਗੁਰਬਾਣੀ ਪਖੰਡ ਭਗਤੀ ਕਿਸਨੂੰ ਆਖਦੀ ਤੇ ਭਗਤੀ ਕਿਹੜੀ ਪਰਵਾਨ ਹੈ।

”ਨ ਨੈਨੰ ਮਿਚਾਊਂ॥ ਨ ਡਿੰਭੰ ਦਿਖਾਊਂ॥ ਨ ਕੁਕਰਮੰ ਕਮਾਊਂ॥ ਨ ਭੇਖੀ ਕਹਾਊਂ॥੫੨॥”

ਕਲ ਮਹਿ ਰਾਮ ਨਾਮੁ ਸਾਰੁ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥੧॥” – ਅੱਖਾਂ ਬੰਦ ਕਰਕੇ ਨਾਟਕ ਕਰਦਾਂ ਲੋਕਾਂ ਨੂੰ ਧਰਮੀ ਦਿਸਣ ਲਈ। ਕਲਯੁਗ ਵਿੱਚ ਕੇਵਲ ਰਾਮ ਨਾਮ (ਰਾਗ ਦਾ ਗਿਆਨ ਰਾਮ ਦੀ ਸੋਝੀ) ਹੀ ਸਾਰ ਹੈ। ਗੁਰਮਤਿ ਤਾਂ ਗਿਆਨ ਦੇ ਚਾਨਣ ਨਾਲ ਅੱਖਾਂ ਖੋਲਦੀ ਹੈ। “ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ॥”, “ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ॥੩॥”। ਅੱਖਾਂ ਬੰਦ ਕਰਕੇ ਧਿਆਨ ਲੌਣਾ ਜੋਗ ਮਤਿ ਦਾ ਕੰਮ ਸੀ। ਪਾਤਸ਼ਾਹ ਆਖਦੇ ਜੋ ਹਰ ਜਗਹ ਹੈ, ਜਿਸਦਾ ਕੋਈ ਰੂਪ ਰੰਗ ਨਹੀਂ ਉਸਦਾ ਧਿਆਨ ਅੱਖਾਂ ਬੰਦ ਕਰਕੇ ਨਹੀਂ ਸੋਝੀ ਨਾਲ ਗਿਆਨ ਨਾਲ ਹੁਕਮ ਮੰਨ ਕੇ ਲਗਦਾ।

ਧਿਆਨ ਕੀ ਹੈ? ਅੱਜ ਦਾ ਸਿੱਖ ਆਖਦਾ ਅੱਖਾਂ ਬੰਦ ਕਰਕੇ ਧਿਆਨ ਲਗਦਾ। ਮੈਂ ਉਦਾਹਰਣ ਨਾਲ ਸਮਝਾਉਂਦਾ ਹਾਂ ਕੇ ਅੱਖਾਂ ਬੰਦ ਕਰਨਾ ਧਿਆਨ ਨਹੀਂ ਹੈ। “ਸਚੋ ਸਚਾ ਆਖੀਐ ਸਚੇ ਸਚਾ ਥਾਨੁ॥ ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ॥ ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥੪॥(ਮ ੧, ਰਾਗੁ ਸਿਰੀਰਾਗੁ, ੫੫)”। ਜਦੋਂ ਅਸੀੰ ਕਿਸੇ ਸਫ਼ਰ ਤੇ ਜਾਂਦੇ ਨੂੰ ਆਖਦੇ ਹਾਂ ਧਿਆਨ ਨਾਲ ਜਾਈਂ ਧਿਆਨ ਰੱਖੀਂ ਤਾਂ ਕੀ ਉਸਦਾ ਅਰਥ ਹੁੰਦਾ ਕੀ ਅੱਖਾਂ ਬੰਦ ਕਰ ਕੇ ਬੈਠੀਂ ਯਾ ਅੱਖਾਂ ਬੰਦ ਕਰ ਕੇ ਗੱਡੀ ਚਲਾਈਂ, ਫੇਰ ਅੱਖਾਂ ਬੰਦ ਕਰ ਕੇ ਧਿਆਨ ਕਿਦਾਂ ਲੱਗਣਾ ਮਨ ਤਾਂ ਕਦੇ ਚੁੱਪ ਹੋਣਾ ਹੀ ਨਹੀੰ “ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥”। ਧਿਆਨ ਦਾ ਅਰਥ ਹੁੰਦਾ ਹਰ ਵੇਲੇ ਸੁਰਤ ਵਿੱਚ ਏਕਾਗਰਤਾ ਰੱਖਣੀ ਹੈ। ਗੁਰਬਾਣੀ ਵਿੱਚ ਦਰਜ ਹੈ ਕਿਵੇਂ ਧਿਆਨ ਰੱਖਣਾ।

”ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ॥੧॥ ਮਨੁ ਰਾਮ ਨਾਮਾ ਬੇਧੀਅਲੇ॥ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ॥੧॥ ਰਹਾਉ॥ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ॥ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ॥ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ॥੩॥ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ॥ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ॥੪॥੧॥ (ਭਗਤ ਕਬੀਰ ਜੀ, ਰਾਗੁ ਰਾਮਕਲੀ, ੯੭੨)”

ਉਪਰੋਕਤ ਸ਼ਬਦ ਵਿੱਚ ਦੱਸਿਆ ਜਿਵੇਂ ਗੋਪੀਆਂ ਮਟਕੇ ਵਿੱਚ ਪਾਣੀ ਭਰ ਕੇ ਸਿਰ ਤੇ ਰੱਖ ਕੇ ਤੁਰੀਆਂ ਜਾਂਦੀਆਂ ਗੱਲਾਂ ਕਰਦੀਆਂ ਵੀ ਹਰ ਵੇਲੇ ਧਿਆਨ ਮਟਕੀ ਵੱਲ ਹੁੰਦਾ, ਮਟਕੇ ਤੇ ਮਟਕਾ ਵੀ ਰੱਖਿਆ ਹੋਵੇ ਡਿੱਗਦਾ ਨਹੀਂ। ਫੇਰ ਦੂਜਾ ਉਦਾਹਰਣ ਹੈ ਗਉ ਨੂੰ ਚਰਨ ਲਈ ਛੱਡ ਦੇਵੋ, ਪੰਜ ਕੋਸ ਦੂਰ ਵੀ ਚਰਦੀ ਹੋਵੇ ਉਸਦਾ ਧਿਆਨ ਬਛਰੇ ਵੱਲ ਹੁੰਦਾ। ਕੀ ਉਹ ਅੱਖਾਂ ਬੰਦ ਕਰਕੇ ਬਛੜੇ ਵਲ ਧਿਆਨ ਰੱਖਦੀ ਹੈ। ਅਸੀਂ ਜਦੋਂ ਗੱਡੀ ਚਲਾ ਰਹੇ ਗੱਲਾਂ ਕਰ ਰਹੇ ਹੁੰਦੇ ਹਾਂ ਧਿਆਨ ਸੜਕ ਤੇ ਹੁੰਦਾ, ਗੱਢੀ ਚਲਾਉਂਦੇ ਸਮੇ ਸੁਰਤ ਵਿੱਚ ਗਿਆਨ ਹੋਣ ਕਾਰਣ ਆਪੇ ਕਲੱਚ ਬ੍ਰੇਕ ਸਹਜੇ ਹੀ ਵਰਤਦੇ ਉਹਨਾਂ ਨੂੰ ਦੇਖਣ ਦੀ ਲੋੜ ਨਹੀਂ ਪੈਂਦੀ ਜਾਂ ਕਲਚ ਬ੍ਰੇਕ ਦਾ ਧਿਆਨ ਅੱਖਾਂ ਬੰਦ ਕਰਕੇ ਨਹੀਂ ਰਖਦੇ। ਇੱਸੇ ਤਰਹ ਗੁਰਮਤਿ ਗਿਆਨ ਤੋਂ ਮਿਲੀ ਸੋਝੀ ਹਰ ਵੇਲੇ ਧਿਆਨ ਵਿੱਚ ਰੱਖਣੀ। ਸੱਤ ਸੰਤੋਖ ਹੁਕਮ ਦੀ ਸੋਝੀ ਮਾਇਆ ਤੋਂ ਧਿਆਨ ਹਟਾ ਕੇ ਪਰਮੇਸਰ ਦੇ ਗੁਣਾਂ ਵਲ ਰੱਖਣਾਂ। ਗੁਣ ਧਾਰਣ ਕੀਤੇ ਬਿਨਾਂ ਗਲ ਨਹੀਂ ਬਣਦੀ “ਬਿਨੁ ਗੁਰ ਕਿਨੈ ਨ ਪਾਇਓ ਹਰਿ ਨਾਮੁ ਹਰਿ ਸਤੇ॥ ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ॥੧੯॥”

”ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ॥ ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ॥ ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ॥੨॥ ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ॥ ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ॥ ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ॥੩॥”

”ਅੰਤਰਿ ਕਪਟੁ ਭਗਉਤੀ ਕਹਾਏ॥ ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ॥ ਪਰ ਨਿੰਦਾ ਕਰੇ ਅੰਤਰਿ ਮਲੁ ਲਾਏ॥ ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ॥ ਸਤਸੰਗਤਿ ਸਿਉ ਬਾਦੁ ਰਚਾਏ॥ ਅਨਦਿਨੁ ਦੁਖੀਆ ਦੂਜੈ ਭਾਇ ਰਚਾਏ॥ ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ॥ ਪੂਰਬ ਲਿਖਿਆ ਸੁ ਮੇਟਣਾ ਨ ਜਾਏ॥ ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ॥੩॥” – ਅਤੇ ਗੁਰ ਕੀ ਸੇਵਾ ਕੀ ਹੈ? “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥੭॥“

ਕਈ ਵੀਰ ਭੈਣ ਅੱਥਰੂ ਟੇਰ ਚੀਕਾਂ ਮਾਰ ਮਾਰ ਨਾਟਕ ਕਰਦੇ ਨੇ ਬਾਣੀ ਦੀ ਇੱਕ ਖਾਸ ਪੰਕਤੀ ਔਣ ਤੇ, ਗੁਰਮਤਿ ਆਖਦੀ “ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ॥ ਹਰਿ ਸੋਹਿਲਾ ਤਿਨੑ ਸਦ ਸਦਾ ਜੋ ਹਰਿ ਗੁਣ ਗਾਵਹਿ॥ ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ॥ ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ॥ ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ॥ ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ॥੨॥”

”ਬੇਦੁ ਬਾਦੁ ਨ ਪਾਖੰਡੁ ਅਉਧੂ ਗੁਰਮੁਖਿ ਸਬਦਿ ਬੀਚਾਰੀ॥੧੯॥ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ॥੨੦॥”

”ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ॥੧੨॥ ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ॥੧੩॥ ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ॥੧੪॥ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ॥੧੫॥”

ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥ ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ॥੪॥” – ਪੈਸੇ ਗੋਲਕ ਵਿੱਚ ਪਾ ਕੇ ਹੰਕਾਰ ਕਰਨ ਵਾਲੇ ਸੁਣ ਲੈਣ ਬਾਣੀ ਕੀ ਆਖਦੀ। ਕੰਚਨ ਕੇ ਕੋਟ ਅਰਥ ਸੋਨੇ ਦੇ ਮਹਲ, ਭੂਮ (ਜਮੀਨ) ਦਾਨ, ਗਊ, ਪਸੂ ਮੱਝਾਂ ਘੋੜੇ ਆਦੀ, ਇਹਨਾਂ ਨਾਲ ਵੀ ਮੁਕਤੀ ਨਹੀਂ ਮਿਲਣੀ। ਗੁਮਾਨ (ਹੰਕਾਰ) ਨਹੀਂ ਮੁੱਕਣਾ।

”ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥” – ਤੀਰਥ ਕਰਨ ਵਾਲੇ, ਸਪੈਸ਼ਲ ਥਾਂ ਗੁਰੂ ਘਰ ਜਾਕੇ ਮੱਥਾ ਟੇਕਣ ਵਾਲੇ ਸੁਣ ਲੈਣ ਕੇ ਗੁਰਮਤਿ ਤੀਰਥ ਹਰਿ ਕਾ ਨਾਮ (ਸੋਝੀ) ਨੂੰ ਆਖਦੀ ਪਈ ਹੈ। “ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ॥ ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ॥੧॥”

ਵੈਸੇ ਤਾਂ ਕੀਰਤਨ ਦੀ ਗੁਰਮਤਿ ਪਰਿਭਾਸ਼ਾ ਕੁਝ ਹੋਰ ਹੈ ਪਰ ਆਮ ਤੌਰ ਤੇ ਗੁਰਬਾਣੀ ਗਾਇਨ ਨੂੰ ਕੀਰਤਨ ਆਖ ਦਿੰਦੇ ਹਨ। ਇੱਕ ਜਗਹ ਕੀਰਤਨ ਚਲਦਾ ਸੀ ਤਾਂ ਅਚਾਨਕ ਇੱਕ ਮਾਤਾ ਜੀ ਚੀਕਾਂ ਮਾਰ ਦਿੰਦੇ ਸੀ। ਆਸ ਪਾਸ ਬੈਠੇ ਲੋਕਾਂ ਤੋ ਪੁੱਛਿਆ ਤਾ ਆਖਦੇ ਮਾਤਾ ਜੀ ਨੂੰ ਬੈਰਾਗ ਉਠਦਾ ਗੁਰਬਾਣੀ ਸੁਣ ਕੇ। ਮੈਂ ਸੋਚਿਆ ਗੁਰਬਾਣੀ ਤਾਂ ਆਖਦੀ “ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ॥ ਹਰਿ ਸੋਹਿਲਾ ਤਿਨੑ ਸਦ ਸਦਾ ਜੋ ਹਰਿ ਗੁਣ ਗਾਵਹਿ॥ ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ॥ ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ॥ ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ॥ ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ॥੨॥”- ਅਸਲ ਬੈਰਾਗ ਤਾਂ ਮੋਹ ਮਾਇਆ ਤਿਆਗ ਕੇ ਹੁਕਮ ਮੰਨ ਕੇ ਹੋਣਾ। ਲੋਕਾਂ ਨੂੰ ਢਿੰਬ ਕਰਕੇ ਵਿਖਾਉਂਦੇ ਨੇ ਕਈ ਲੋਗ। ਮਨ ਨਹੀਂ ਮਾਰਿਆ ਜਾਂਣਾ ਕਾਬੂ ਕੀਤਾ ਜਾਂਦਾ ਤੇ ਪਖੰਡ ਨੂੰ ਹੀ ਬੈਰਾਗ ਕਹੀ ਜਾਂਦੇ ਨੇ “ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥”। ਵੇਖਦਾ ਰਹਿਆ ਥੋੜੀ ਦੇਰ ਬਾਦ ਉਹੀ ਚੁਗਲੀਆਂ ਪਈ ਕਰਦੇ ਸੀ ਲੰਗਰ ਛਕਦੇ ਛਕਦੇ।

ਅਨੇਕਾਂ ਪ੍ਰਕਾਰ ਦੇ ਪਖੰਡ ਕਰਦੇ ਹਨ ਕੋਈ ਬਿਹੰਗਮ ਰਹਣ ਦਾ ਦਾਅਣਾ ਕਰਦੇ ਨੇ ਤੇ ਪਾਤਿਸ਼ਾਹ ਨੇ ਇੳ ਬਾਰੇ ਵੀ ਕਹਿਆ “ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮ ਗਤਿ ਪਾਈ॥੩॥”

ਕਈ ਵੀਰ ਭੈਣ ਖਾਣ ਪੀਣ ਦਾ ਬਿਬੇਕ ਕਰਦੇ ਹਨ। ਬਿਬੇਕ ਭੋਜਨ ਦਾ ਕਰਨਾ ਸੀ ਜਾਂ ਗੁਰਮਤਿ ਬਿਬੇਕ ਕੁਝ ਹੋਰ ਦੱਸਦੀ ਹੈ? “ਹਉਮੈ ਕਰੈ ਨਿਹਕਰਮੀ ਨ ਹੋਵੈ॥ ਗੁਰਪਰਸਾਦੀ ਹਉਮੈ ਖੋਵੈ॥ ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰਸਬਦੀ ਗੁਣ ਗਾਵਣਿਆ॥੩॥”, “ਕਰਨ ਕਰਾਵਨ ਸਭੁ ਕਿਛੁ ਏਕੈ॥ ਆਪੇ ਬੁਧਿ ਬੀਚਾਰਿ ਬਿਬੇਕੈ॥ ਦੂਰਿ ਨ ਨੇਰੈ ਸਭ ਕੈ ਸੰਗਾ॥ ਸਚੁ ਸਾਲਾਹਣੁ ਨਾਨਕ ਹਰਿ ਰੰਗਾ॥੮॥੧॥”, “ ਮਨ ਤਨ ਰੰਗਿ ਰਤੇ ਰੰਗ ਏਕੈ॥ ਨਾਨਕ ਜਨ ਕੈ ਬਿਰਤਿ ਬਿਬੇਕੈ॥੫॥”, “ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥ ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ॥ ਪਵਿਤੁ ਪਾਵਨੁ ਪਰਮ ਬੀਚਾਰੀ॥”, “ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ॥ ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ॥ ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ॥੯॥” ਬੁਧ ਬਿਬੇਕੀ ਰੱਖਣੀ ਸੀ ਅਸੀਂ ਭੋਜਨ ਦਾ ਬਿਬੇਕ ਰੱਖ ਕੇ ਖੁਸ਼ ਹੋਈ ਜਾਂਦੇ। ਆਖਦੇ ਅਸੀਂ ਕਿਸੇ ਦੇ ਹੱਥ ਦਾ ਬਣਿਆ ਨਹੀਂ ਛਕਦੇ। ਭਾਈ ਫੇਰ ਪਾਣੀ ਵੀ ਆਪਣਾ ਆਪ ਕੱਢੋ, ਅਨਾਜ ਆਪਣਾ ਬੀਜੋ, ਖਾਦ ਆਪਣੀ ਤਿਆਰ ਕਰੋ, ਹਵਾ ਵੀ ਜੂਠੀ ਹੈ ਤੁਹਾਡੇ ਸਾਮਣੇ ਕਿਸੇ ਦੇ ਸਰੀਰ ਤੋਂ ਨਿਕਲ ਕੇ ਵਾਤਾਵਰਣ ਵਿੱਚ ਮਿਲੀ ਹੈ। ਕਪੜੇ ਲਈ ਕਪਾਹ ਵੀ ਆਪ ਬੀਜੋ, ਕਪੜਾ ਆਪਣਾ ਬਣਾਓ ਤੇ ਪਹਿਰੋ। ਬਾਣੀ ਤੋਂ ਗਿਆਨ ਵਲ ਧਿਆਨ ਦੇਵੋ ਬੁਧ ਬਿਬੇਕੀ ਆਪ ਹੋ ਜਾਣੀ। “ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥”, “ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ॥”, “ਸੋਈ ਗਿਆਨੀ ਜਿ ਸਿਮਰੈ ਏਕ॥ ਸੋ ਧਨਵੰਤਾ ਜਿਸੁ ਬੁਧਿ ਬਿਬੇਕ॥ ਸੋ ਕੁਲਵੰਤਾ ਜਿ ਸਿਮਰੈ ਸੁਆਮੀ॥ ਸੋ ਪਤਿਵੰਤਾ ਜਿ ਆਪੁ ਪਛਾਨੀ॥੨॥ ”

ਲੇਟ ਲੇਟ ਕੇ ਬਾਰ ਬਾਰ ਥਾਂ ਥਾਂ ਤੇ ਮੱਥੇ ਟੇਕਣ ਵਾਲਿਆਂ ਲਈ ਲਿਖਿਆ ਭਾਈ ਹਿਰਦਾ ਸੁੱਧ ਕਰੇ ਬਿਨਾਂ ਗਲ ਨਹੀਂ ਬਣਨੀ “ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ॥ ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ॥੧॥”

”ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ ਕੋਈ ਸੇਵੈ ਗੁਸਈਆ ਕੋਈ ਅਲਾਹਿ॥੧॥ ਕਾਰਣ ਕਰਣ ਕਰੀਮ॥ ਕਿਰਪਾ ਧਾਰਿ ਰਹੀਮ॥੧॥ ਰਹਾਉ॥ ਕੋਈ ਨਾਵੈ ਤੀਰਥਿ ਕੋਈ ਹਜ ਜਾਇ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥੨॥ ਕੋਈ ਪੜੈ ਬੇਦ ਕੋਈ ਕਤੇਬ॥ ਕੋਈ ਓਢੈ ਨੀਲ ਕੋਈ ਸੁਪੇਦ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥੫॥੯॥”

ਗਲ ਸਾਰੀ ਹੁਕਮ ਮੰਨਣ ਦੀ ਸੀ “ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ॥” ਪਰ ਇਹ ਔਖਾ ਇਸ ਕਰਕੇ ਪਖੰਡ ਦਾ ਰਸਤਾ ਫੜਦਾ ਮਨੁਖ। ਸਾਰੀ ਦੁਨੀਆਂ ਦੀ ਮਾਇਆ, ਪਦਾਰਥ, ਧਨ ਮੰਗਦਾ ਪਰ ਗੁਰਮਤਿ ਤੋਂ ਇਹ ਨਹੀਂ ਸਮਝਣਾ ਚਹੁੰਦਾ ਕੇ ਆਇਆ ਕੀ ਕਰਣ ਸੀ। ਕਿਸ ਕਾਰਣ ਜਗ ਤੇ ਭੇਜਿਆ ਗਿਆ ਸੀ। “ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ॥੧॥ ਰਹਾਉ॥ ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ॥ ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ॥ ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ॥੨॥”

ਅੱਜ ਦਾ ਸਿੱਖ ਬਾਣੀ ਦੀ ਵਿਚਾਰ ਨਹੀਂ ਕਰਦਾ। ਮੰਤ੍ਰਾਂ ਵਾਂਗ ਬਾਣੀ ਨੂੰ ਪੜ੍ਹਦਾ ਹੈ, ਜੀ ਮੈਂ ਇਤਨੇ ਸਹਜ ਪਾਠ ਕਰ ਲਏ, ਜੀ ਮੈੰ ਇਤਨੇ ਅਖੰਡ ਪਾਠ ਲਰ ਲਏ। ਨਿਤ ਨੇਮ ਨਿਤ ਦਾ ਨੀਅਮ ਸੀ ਤਆ ਕੇ ਬਾਣੀ ਦਾ ਭਾਵ ਤੱਤ ਗਿਆਨ ਚੇਤੇ ਰਹੇ ਪਰ ਅੱਜ ਸਿੱਖ ਸਵੇਰੇ ਉੱਠ ਕੇ ਬਸ ਜਲਦੀ ਜਲਦੀ ਪੜ੍ਹ ਕੇ ਹੀ ਕੰਮਾਂ ਨੂੰ ਤੁਰ ਪੈਂਦਾ ਹੈ। ਜੀ ਮੈਨੂੰ ੫ ਬਾਣੀਆਂ ਕੰਠ ਹੋ ਗਈਆਂ ਮੈਨੂੰ ਦਸ ਬਾਣੀਆਂ ਕੰਠ ਹੋ ਗਈਆਂ। ਕਿਤਨੀ ਬਾਣੀ ਸਮਝ ਆਈ ਕਿਤਨੀ ਸੋਝੀ ਮਿਲੀ ਇਸ ਦਾ ਪਤਾ ਹੀ ਨਹੀਂ। ਲੋਕਾਂ ਨੂੰ ਪ੍ਰਭਾਵਿਤ ਕਰਨ ਦਾ ਜੋਰ ਹੈ ਬਸ। ਕੀ ਇਹ ਪਖੰਡ ਨਹੀਂ? “ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ॥ ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ॥ ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ॥ ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ॥ ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ॥” ਅਤੇ ਬਾਣੀ ਦਾ ਫੁਰਮਾਨ ਹੈ “ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥੧॥”। ਬਾਣੀ ਤਾਂ ਆਖਦੀ ਸਹਜੇ ਪੜ੍ਹੋ ਅਤੇ ਵਿਚਾਰ ਕਰੋ ਪੜ੍ਹ ਪੜ੍ਹ ਗੱਡੀ ਨਾ ਲੱਦੀ ਜਾਓ ਕੋਈ ਫਾਇਦਾ ਨਹੀਂ।

”ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥੧॥ ਲਿਖਿ ਲਿਖਿ ਪੜਿਆ॥ ਤੇਤਾ ਕੜਿਆ॥ ਬਹੁ ਤੀਰਥ ਭਵਿਆ॥ ਤੇਤੋ ਲਵਿਆ॥ ਬਹੁ ਭੇਖ ਕੀਆ ਦੇਹੀ ਦੁਖੁ ਦੀਆ॥ ਸਹੁ ਵੇ ਜੀਆ ਅਪਣਾ ਕੀਆ॥ ਅੰਨੁ ਨ ਖਾਇਆ ਸਾਦੁ ਗਵਾਇਆ॥ ਬਹੁ ਦੁਖੁ ਪਾਇਆ ਦੂਜਾ ਭਾਇਆ॥ ਬਸਤ੍ਰ ਨ ਪਹਿਰੈ॥ ਅਹਿਨਿਸਿ ਕਹਰੈ॥ ਮੋਨਿ ਵਿਗੂਤਾ॥ ਕਿਉ ਜਾਗੈ ਗੁਰ ਬਿਨੁ ਸੂਤਾ॥ ਪਗ ਉਪੇਤਾਣਾ॥ ਅਪਣਾ ਕੀਆ ਕਮਾਣਾ॥ ਅਲੁ ਮਲੁ ਖਾਈ ਸਿਰਿ ਛਾਈ ਪਾਈ॥ ਮੂਰਖਿ ਅੰਧੈ ਪਤਿ ਗਵਾਈ॥ ਵਿਣੁ ਨਾਵੈ ਕਿਛੁ ਥਾਇ ਨ ਪਾਈ॥ ਰਹੈ ਬੇਬਾਣੀ ਮੜੀ ਮਸਾਣੀ॥ ਅੰਧੁ ਨ ਜਾਣੈ ਫਿਰਿ ਪਛੁਤਾਣੀ॥ ਸਤਿਗੁਰੁ ਭੇਟੇ ਸੋ ਸੁਖੁ ਪਾਏ॥ ਹਰਿ ਕਾ ਨਾਮੁ ਮੰਨਿ ਵਸਾਏ॥ ਨਾਨਕ ਨਦਰਿ ਕਰੇ ਸੋ ਪਾਏ॥ ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ॥੨॥”

ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ॥” – ਜੇ ਨਾਮ (ਸੋਝੀ) ਨਹੀਂ ਹੈ ਰੱਟਣ ਹੈ ਬਾਰ ਬਾਰ ਉਚਾਰਨਾ ਹੈ ਤਾਂ ਖੋਜਣ ਦੀ ਗਲ ਕਿਉਂ ਕੀਤੀ ਗੁਰਬਾਣੀ ਨੇ ਰਾਮ (ਮੂਲ) ਦਾ ਨਾਮ (ਸੋਝੀ) ਤੱਤ ਸਾਰ ਹੈ ਜੀਵ ਲਈ। ਮੁਡਲਾ ਗਿਆਨ ਹੈ ਨਹੀਂ ਤਾਂ ਪਹਿਲਾਂ ਹੀ ਲੋਗ ਰੱਟਣ ਕਰਦੇ ਸੀ ਜਿਸ ਕਾਰਣ ਗੁਰਬਾਣੀ ਨੇ ਕਹਿਆ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥” ਅਤੇ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥੨॥

ਨਾਦੀ – ਜਿਹੜੇ ਨਾਦ ਵਜਾ ਕੇ ਪਰਮੇਸਰ ਨੂੰ ਪੁਕਾਰਦੇ ਜਾਂ ਯਾਦ ਕਰਦੇ ਨੇ ਪਰਮੇਸਰ ਪ੍ਰਾਪਤੀ ਲਈ।
ਬੇਦੀ – ਜਿਹੜੇ ਬੇਦ (ਵੇਦ/ਗ੍ਰੰਥ/ਪੋਥੀਆਂ/ਕਿਤਾਬਾਂ) ਪੜ੍ਹਦੇ ਤਾ ਹਨ ਪਰ ਵਿਚਾਰ ਨਹੀਂ ਕਰਦੇ। ਗਿਆਨ ਰਸ ਤੇ ਸੋਝੀ ਨਹੀਂ ਪ੍ਰਾਪਤ ਕਰਦੇ। ਨਾਮ (“ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥”) ਤੋਂ ਭੱਜਦੇ ਨੇ।
ਸਬਦੀ – ਜਿਹੜੇ ਇੱਕ ਸਬਦ ਨੂੰ ਮੰਤਰਾਂ ਵਾਂਗ ਬਾਰ ਬਾਰ ਰਟ ਕੇ ਪਰਮੇਸਰ ਪ੍ਰਾਪਤੀ ਦਾ ਦਾਵਾ ਕਰਦੇ ਹਨ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥” ਤੇ ਇੰਜ ਹੀ ਵਾਹਿਗੁਰੂ ਵਾਹਿਗੁਰੂ ਕਹਣ ਮਾਤਰ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ।
ਮੋਨੀ – ਜਿਹੜੇ ਮੌਨ ਧਾਰਣ ਕਰਕੇ ਪਰਮੇਸਰ ਨੂੰ ਖੁਸ਼ ਕਰਨ ਦਾ ਦਾਵਾ ਕਰਦੇ ਨੇ।

ਮਨ ਨੂੰ ਅਗਿਆਨਤਾ ਦਾ ਸੂਤਕ ਲੱਗਿਆ ਹੈ “ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥” । ਇਸ ਸੂਤਕ ਨੂੰ ਪਖੰਡ ਨਾਲ ਨਹੀਂ ਧੋਤਾ ਜਾ ਸਕਦਾ। “ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥” – ਗਿਆਨ ਲੈਣ ਦਾ ਕੋਈ ਸੌਖਾ ਰਸਤਾ ਨਹੀਂ ਹੁੰਦਾ ਕੋਈ ਪਖੰਡ ਗਿਆਨ ਪ੍ਰਦਾਨ ਨਹੀਂ ਕਰ ਸਕਦਾ।

ਇਸ ਕਰਕੇ ਭਾਈ ਬਾਹਰੀ ਭੇਖ ਨਾਲੋ, ਬਾਹਰੀ ਮਲ ਧੋਣ ਨਾਲੋਂ, ਬਾਹਰੀ ਭੱਜ ਨੱਠ, ਪਖੰਡ ਨਾਲੋ ਗੁਰਮਤਿ ਦੀ ਵਿਚਾਰ ਕਰਿਆ ਕਰੋ। ਬਾਣੀ ਨੂੰ ਸਹਜੇ ਪੜ੍ਹ ਕੇ ਸਮਝ ਕੇ, ਬਾਣੀ ਦੇ ਅਰਥ ਬਾਣੀ ਤੋਂ ਹੀ ਲੱਭ ਕੇ ਵਿਚਾਰ ਕਰੋ। ਬਾਣੀ ਆਪਣੇ ਆਪ ਵਿੱਚ ਆਪਣੇ ਭੇਦ ਆਪਣੇ ਅਰਥ ਸਮਝਾਉਣ ਲਈ ਸੰਪੂਰਨ ਗਿਆਨ ਹੈ। ਗੁਰਮਤਿ ਦਾ ਫੁਰਮਾਨ ਹੈ “ਬਿਸਟਾ ਅਸਤ ਰਕਤੁ ਪਰੇਟੇ ਚਾਮ॥ ਇਸੁ ਊਪਰਿ ਲੇ ਰਾਖਿਓ ਗੁਮਾਨ॥੩॥ ਏਕ ਵਸਤੁ ਬੂਝਹਿ ਤਾ ਹੋਵਹਿ ਪਾਕ॥ ਬਿਨੁ ਬੂਝੇ ਤੂੰ ਸਦਾ ਨਾਪਾਕ॥੪॥” – ਬਿਨਾਂ ਗੁਰਮਤਿ ਨੂੰ ਸਮਝੇ, ਬਿਨਾਂ ਗਿਆਨ ਦੇ ਸਦਾ ਹੀ ਨਾਪਾਕ ਰਹਿਣਾ ਮਨੁਖ ਨੇ।

ਇਕ ਸ਼ਬਦੁ ਹੈ ਨਾਨਕ ਪਾਤਿਸ਼ਾਹ ਦਾ ਜੋ ਕਈ ਵੀਰ ਭੈਣ ਬਾਰਾਤ ਔਣ ਤੇ ਜਾਂ ਕਿਸੇ ਦੇ ਘਰੇ ਔਣ ਤੇ ਐਵੇਂ ਹੀ ਗਾ ਦਿੰਦੇ ਹਨ। ਇਸਨੂੰ ਹੌਲੀ ਹੌਲੀ ਪੜਝ ਕੇ ਵਿਚਾਰੋ ਇੱਕ ਵਾਰ

”ੴ ਸਤਿਗੁਰ ਪ੍ਰਸਾਦਿ॥ ਹਮ ਘਰਿ ਸਾਜਨ ਆਏ॥ ਸਾਚੈ ਮੇਲਿ ਮਿਲਾਏ॥ ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ॥ ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ॥ ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ॥ ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥੧॥ ਆਵਹੁ ਮੀਤ ਪਿਆਰੇ॥ ਮੰਗਲ ਗਾਵਹੁ ਨਾਰੇ॥ ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ॥ ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ॥ ਗਿਆਨ ਮਹਾ ਰਸੁ ਨੇਤ੍ਰੀ ਅੰਜਨੁ । ਤ੍ਰਿਭਵਣ ਰੂਪੁ ਦਿਖਾਇਆ॥ ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ॥੨॥ ਮਨੁ ਤਨੁ ਅੰਮ੍ਰਿਤਿ ਭਿੰਨਾ॥ ਅੰਤਰਿ ਪ੍ਰੇਮੁ ਰਤੰਨਾ॥ ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ॥ ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ॥ ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ॥ ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ॥੩॥ ਆਤਮ ਰਾਮੁ ਸੰਸਾਰਾ॥ ਸਾਚਾ ਖੇਲੁ ਤੁਮੑਾਰਾ॥ ਸਚੁ ਖੇਲੁ ਤੁਮੑਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ॥ ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ॥ ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ॥ ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ॥੪॥੧॥੨॥ (ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨, ੭੬੪)”।

ਸ਼ਬਦੁ ਨੂੰ ਪੜ ਕੇ ਵਿਚਾਰਿਓ ਕੇ ਸਾਜਣ ਕੌਣ, ਸਖੀ ਕੌਣ, ਪੰਚ ਕੌਣ, ਨਾਰੇ ਕੌਣ? ਅਨਹਦ ਧੁਨ ਕਿਹੜੀ ਹੈ? ਵਿਚਾਰਿਓ ਜਰੂਰ।

(Update 5, 1/4/2024)