Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰਮਤਿ ਵਿੱਚ ਬਿਬੇਕ ਦੇ ਅਰਥ ਕੀ ਹਨ?

ਅੱਜ ਦਾ ਵਿਸ਼ਾ ਬੇਬੇਕ ਦਾ ਹੈ। ਗੁਰਮਤਿ ਬਿਬੇਕ ਕਿਸਨੂੰ ਮੰਨਦੀ ਹੈ ਇਹ ਵੇਖਾਂਗੇ ਉਸਤੋਂ ਪਹਿਲਾਂ ਆਮ ਪ੍ਰਚਲਿਤ ਬਿਬੇਕੀਆਂ ਦਾ ਇੱਕ ਕਿਸਾ ਵੇਖਦੇ ਹਾਂ ਅਤੇ ਦੂਜੇ ਧਰਮਾਂ ਵਿੱਚਲਾ ਬਿਬੇਕ ਵੀ ਸਮਝਾਂਗੇ।

ਕੁਝ ਸਾਲ ਪਹਿਲਾਂ ਦੀ ਗਲ ਹੈ ਇੱਕ ਕੀਰਤਨੀ ਜੱਥਾ ਸਾਡੇ ਸ਼ਹਿਰ ਆਇਆ। ਅਸੀਂ ਬੜੇ ਮਾਣ ਨਾਲ, ਚਾ ਨਾਲ ਉਹਨਾਂ ਨੂੰ ਗੁਰੂ ਘਰ ਵਿੱਚ ਲੈਕੇ ਆਏ। ਕਮਰੇ ਤਿਆਰ ਰੱਖੇ ਸੀ, ਲੰਗਰ ਪਾਣੀ ਦਾ ਪ੍ਰਬੰਧ ਗੁਰੂ ਘਰ ਵਿੱਚ ਹੀ ਕੀਤਾ ਸੀ। ਉਹਨਾਂ ਵਿੱਚੋਂ ਕੁਝ ਜੀ ਆਪਣੇ ਆਪ ਨੂੰ ਬਿਬੇਕੀ ਆਖਦੇ ਸੀ। ਉਹਨਾਂ ਗੁਰੂ ਘਰ ਵਿੱਚ ਬਣਿਆ ਲੰਗਰ ਛਕਣ ਤੋਂ ਮਨਾ ਕਰ ਦਿੱਤਾ। ਜਦੋਂ ਪੁੱਛਿਆ ਤਾਂ ਆਖਦੇ ਜੀ ਅਸੀਂ ਕੇਵਲ ਅਮ੍ਰਿਤਧਾਰੀ ਸਿੰਘਾਂ ਦੇ ਹੱਥੋਂ ਹੀ ਬਣਿਆ ਭੋਜਨ ਛਕਦੇ ਹਾਂ। ਗੁਰੂ ਘਰ ਵਿੱਚ ਕਈ ਪ੍ਰੇਮੀ ਵੀਰ ਭੈਣਾ ਬੜੇ ਪ੍ਰੇਮ ਨਾਲ ਸੇਵਾ ਕਰਦੇ ਹਨ ਅਸੀਂ ਕਦੇ ਨਹੀਂ ਪੁੱਛਿਆ ਸੀ ਕੇ ਅੰਮ੍ਰਿਤ ਛਕਿਆ ਕੇ ਨਹੀਂ। ਫੇਰ ਆਖਦੇ ਸਾਨੂੰ ਭਾਂਡੇ ਤੇ ਰਸਦ ਵਖਰੀ ਦੇ ਦੇਵੋ ਅਸੀਂ ਆਪ ਬਣਾ ਲਵਾਂਗੇ। ਅਸੀਂ ਪੁੱਛਿਆ ਕੇ ਲੰਗਰ ਦਾ ਭੋਜਨ ਤਾਂ ਅਰਦਾਸ ਕਰ ਕੇ ਹੀ ਵਰਤਾਉਂਦੇ ਹਾਂ, ਤਾ ਆਖਦੇ ਤੁਹਾਨੂੰ ਕਿਵੇਂ ਪਤਾ ਗੁਰੂ ਨੇ ਪਰਵਾਨ ਕੀਤਾ ਕੇ ਨਹੀਂ। ਇਹ ਬੜੀ ਵੱਡੀ ਗਲ ਸੀ ਉਸ ਸਮੇ ਮੇਰੇ ਲਈ। ਦਿਲ ਤੇ ਗਹਿਰੀ ਚੋਟ ਕੀਤੀ ਸੀ। ਕਈ ਸਾਲ ਇਹ ਗਲ ਮੈਨੂੰ ਵਿਚਲਿਤ ਕਰਦੀ ਰਹੀ ਹੈ। ਹੁਣ ਗੁਰਬਾਣੀ ਵਿੱਚੋਂ ਖੋਜਣਾ ਲਾਜ਼ਮੀ ਹੋ ਗਿਆ ਕੇ ਬਿਬੇਕ ਗੁਰਮਤਿ ਨੇ ਕਿਸਨੂੰ ਮੰਨਿਆ ਹੈ। ਕਿਸੇ ਦੇ ਹੱਥੋਂ ਬਣਿਆ ਭੋਜਨ ਨਾ ਛਕਣਾ ਗੁਰਮਤਿ ਅਤੇ ਬ੍ਰਹਮ ਗਿਆਨ ਕਿਵੇਂ ਹੈ? ਭਾਂਡੇ ਜਿਸਨੇ ਬਣਾਏ ਵੇਚੇ ਦੁਕਾਨ ਤੋ ਲੈਕੇ ਆਇਆ ਉਹ ਸਾਰੇ ਅੰਮ੍ਰਿਤਧਾਰੀ ਸੀ ਜਾ ਨਹੀਂ ਇਹ ਉਹਨਾਂ ਬਿਬੇਕੀਆਂ ਨੇ ਨਹੀਂ ਪੁੱਛਿਆ। ਜਿਸ ਪਾਣੀ ਨਾਲ ਭਾਂਡੇ ਮਾਂਜਣੇ ਉਸਨੂੰ ਗੁਰੂਘਰ ਤਕ ਲਿਆਉਣ ਲਈ ਕਾਰੀਗਰ ਅੰਮ੍ਰਿਤਧਾਰੀ ਸੀ ਜਾਂ ਨਹੀਂ ਇਹ ਨਹੀਂ ਪੁੱਛਿਆ। ਜੋ ਰਸਦ ਹੈ ਉਹ ਉਗਾਉਣ ਵਾਲੇ ਵੇਚਣ ਵਾਲੇ ਗੁਰੂਘਰ ਤਕ ਲੈਕੇ ਆਉਣ ਵਾਲੇ ਵੀ ਅੰਮ੍ਰਿਤਧਾਰੀ ਸੀ ਇਹ ਨਹੀਂ ਪੁੱਛਿਆ। ਚਲੋ ਅਸੀਂ ਉਹਨਾਂ ਨਾਲ ਬਹਸ ਨਾ ਕੀਤੀ ਤੇ ਰਸਦ ਭਾਂਡੇ ਦੇ ਦਿਤੇ। ਸ਼ਾਮ ਨੂੰ ਉਹਨਾਂ ਵਿੱਚੋਂ ਹੀ ਇੱਕ ਸਿੰਘ ਨੇ ਕੋਕਾ ਕੋਲਾ ਦੀ ਬੋਤਲ ਖੋਲ ਲਈ ਤੇ ਚਿਪਸ ਦਾ ਪੈਕੇਟ ਵੀ ਖੋਲ ਲਿਆ। ਹੁਣ ਪੁੱਛਣ ਦਾ ਦਿਲ ਤਾਂ ਬੜਾ ਕੀਤਾ ਕੇ ਇਹ ਕੋਕ ਦੀ ਬੋਤਲ ਤੇ ਚਿਪਸ ਬਣਾਉਣ ਵਾਲੇ, ਵੇਚਣ ਵਾਲੇ ਅੰਮ੍ਰਿਤਧਾਰੀ ਸੀ ਇਹ ਚੈਕ ਕੀਤਾ? ਆਪਣਾ ਖੇਤ ਆਪ ਜੋਤ ਕੇ, ਆਪਣਾ ਭੋਜਨ ਆਪ ਖੇਤੀ ਕਰਕੇ ਉਗਾ ਕੇ ਵੀ ਤੁਸੀਂ ਭੋਜਨ ਵਾਲੇ ਪੂਰਨ ਬਿਬੇਕੀ ਨਹੀਂ ਬਣ ਸਕਦੇ ਕਿਉਂਕੇ ਕੁੱਝ ਨਾ ਕੁੱਝ ਤਾਂ ਤੁਹਾਨੂੰ ਬਾਹਰੋ ਲੈਣਾ ਵੀ ਪੈਣਾ। ਗੁਰਬਾਣੀ ਨੂੰ ਸਮਝਣ ਤੇ ਪਤਾ ਲੱਗਾ ਕੇ ਭੋਜਨ ਵਾਲਾ ਬਿਬੇਕ ਗੁਰਮਤਿ ਵਾਲਾ ਬਿਬੇਕ ਹੈ ਹੀ ਨਹੀਂ।

ਬਿਬੇਕ ਬਾਰੇ ਖੋਜਦੇ ਪਤਾ ਲੱਗਾ ਕੇ ਯਹੂਦੀ ਆਪਣੇ ਆਪ ਨੂੰ ਸਬ ਤੋਂ ਵੱਡੇ ਬਿਬੇਕੀ ਮੰਨਦੇ ਹਨ। ਉਹ ਆਪਣੀ ਰਸੋਈ ਪਹਿਲਾਂ ਚੰਗੀ ਤਰਹ ਧੋ ਕੇ ਫੇਰ ਉਸਦੇ ਵਿੱਚ ਵੀ ਜਗਹ ਜਗਹ ਫੋਇਲ ਲਾ ਕੇ ਢੱਕ ਦਿੰਦੇ ਹਨ ਹਰ ਕੋਨਾ ਉਹਨਾਂ ਨੇ ਕਵਰ ਕਰ ਦੇਣਾ ਫੇਰ ਭੋਜਨ ਬਣਾਉਂਦੇ ਹਨ ਨਹਾ ਧੋ ਕੇ। ਪੰਡਤ ਵੀ ਰਸੋਈ ਨੂੰ ਗੋਬਰ ਨਾਲ ਲੀਪਦੇ ਸੀ। ਜਿਹੜੀ ਔਰਤ ਨੂੰ ਮਹਾਵਾਰੀ ਹੁੰਦੀ ਹੈ ਉਸਨੂੰ ਕਮਰੇ ਵਿੱਚ ਡਕ ਦਿੱਤਾ ਜਾਂਦਾ। ਚੌਕੇ ਤੇ ਨਹੀਂ ਜਾਣ ਦਿੰਦੇ। ਬਾਰ ਬਾਰ ਹੱਥ ਧੋਈ ਜਾਣਗੇ। ਇਸਨੂੰ ਉਹ ਬਿਬੇਕ ਮੰਨਦੇ ਹਨ। ਕਈ ਧਰਮਾਂ ਨੇ ਸਫਾਈ ਦੇ, ਕਿਸੇ ਦੂਜੇ ਦੇ ਹੱਥੋਂ ਬਣਿਆ ਖਾਣਾ ਨਾ ਖਾਣ ਦੇ ਕਈ ਨੀਅਮ ਬਣਾ ਰੱਖੇ ਹਨ। ਜਿਸਨੂੰ ਉਹ ਬਿਬੇਕ ਸਮਝੀ ਜਾਂਦੇ ਨੇ। ਕੁੱਝ ਪੰਡਤ ਬਿਰਤੀ ਦੇ ਲੋਗ ਜਦੌਂ ਸਿੱਖੀ ਵਿੱਚ ਆਏ ਲਗਦਾ ਆਪਣਾ ਭੋਜਨ ਵਾਲਾ ਬਿਬੇਕ ਨਾਲ ਹੀ ਲੈਕੇ ਆਏ ਹਨ। ਇੱਦਾਂ ਹੀ ਸਨਾਤਨ ਮਤਿ ਵਿੱਚ ਲੋਗ ਪੰਡਤਾਂ ਦੀ ਜੂਠ ਛਕਦੇ ਸੀ ਕਿਉਂਕੇ ਉਹਨਾਂ ਨੂੰ ਪ੍ਰਚਾਰਿਆ ਗਿਆ ਸੀ ਕੇ ਪੰਡਤ ਦੀ ਜੂਠ ਛਕਣ ਨਾਲ ਪੰਡਤਾਂ ਦਾ ਗਿਆਨ ਤੇ ਸੋਝੀ ਉਹਨਾਂ ਨੂੰ ਵੀ ਪ੍ਰਾਪਤ ਹੋ ਜਾਣੀ। ਇੱਦਾਂ ਹੀ ਕਈ ਸਨਾਤਨ ਮਤਿ ਤੋ ਪ੍ਰਭਾਵਿਤ ਲੋਗ ਕਿਸੇ ਘਰ ਦੇ ਮੈਂਬਰ ਦੀ ਗੁੜਤੀ/ਜੀਠ ਨਵੇਂ ਜੱਮੇ ਬੱਚੇ ਨੂੰ ਛਕਾ ਕੇ ਸਮਝਦੇ ਨੇ ਕੇ ਬੱਚਾ ਗੁੜਤੀ ਦੇਣ ਵਾਲੇ ਵਰਗਾ ਬਣ ਜਾਵੇਗਾ। ਇਹ ਸਬ ਢੋਂਗ ਹੈ। ਵਿਚਾਰ ਜੂਠ ਨਾਲ ਜਾਂ ਛੋਹ ਨਾਲ ਸੰਚਾਰਿਤ ਨਹੀਂ ਹੁੰਦੇ। ਵਿਚਾਰ ਗਿਆਨ, ਸੋਝੀ ਤੇ ਅਨੁਭਵ ਨਾਲ ਸੰਚਾਰਿਤ ਹੁੰਦੇ ਹਨ।

ਨਿਹੰਗ ਫੌਜਾਂ ਵਿੱਚ ਤੇ ਦੁਨੀਆ ਦੀਆਂ ਕਈ ਫੌਜਾਂ ਵਿੱਚ ਦੂਜੇ ਦੇ ਹੱਥ ਦਾ ਬਣਿਆ ਭੋਜਨ ਇਸ ਕਰਕੇ ਨਹੀਂ ਛਕਦੇ ਕਿਉਂਕੇ ਭੋਜਨ ਵਿੱਚ ਜ਼ਹਿਰ ਮਿਲਾਉਣ ਦਾ ਖਤਰਾ ਹਮੇਸ਼ਾ ਹੁੰਦਾ। ਖੂਹ ਚੋਂ ਟਿੱਬਿਆਂ ਚੋਂ ਪਾਣੀ ਲੈਕੇ ਪਹਿਲਾਂ ਕਿਸੇ ਜਾਨਵਰ ਨੂੰ ਪਿਲਾ ਕੇ ਚੈਕ ਕੀਤਾ ਜਾਂਦਾ ਹੈ। ਪਰ ਇਸਦਾ ਗੁਰਮਤਿ ਨਾਲ ਕੋਈ ਵਾਸਤਾ ਨਹੀਂ ਹੈ। ਇਹ ਫੌਜੀ ਨੀਅਮ ਹੈ। ਨਾਲੇ ਨਿਹੰਗ ਸਿੰਘ ਤਾਂ ਭੋਜਨ ਵਿੱਚ ਸੂਅਰ ਦਾ ਦੰਦ ਘੁਮਾ ਦਿੰਦੇ ਸੀ ਤਾਂ ਕੇ ਕੋਈ ਭੇਖੀ ਜਸੂਸ ਹੋਊ ਉਸਨੇ ਭੋਜਨ ਛਕਣਾ ਨਹੀਂ ਤੇ ਫੜਿਆ ਜਾਣਾ। ਇਹਨਾਂ ਤਰੀਕਿਆਂ ਨੂੰ ਕਦੇ ਵੀ ਨਿਹੰਗਾਂ ਨੇ ਬਿਬੇਕ ਕਹਿ ਕੇ ਨਹੀਂ ਪ੍ਰਚਾਰਿਆ। ਜੇ ਭੋਜਨ ਦੇ ਬਿਬੇਕੀਆਂ ਨੂੰ ਇਹ ਲਗਦਾ ਕੇ ਕਿਸੇ ਦੂਜੇ ਦੇ ਹੱਥ ਦਾ ਬਣਿਆ ਭੋਜਨ ਖਾਣ ਨਾਲ ਉਹ ਅਪਵਿੱਤਰ ਹੋ ਜਾਣਗੇ ਜਾਂ ਦੂਜੇ ਦੇ ਹੱਥ ਦੇ ਬਣੇ ਭੋਜਨ ਨਾਲ ਦੂਜਿਆਂ ਦੇ ਵਿਚਾਰ ਉਹਨਾਂ ਵਿੱਚ ਆ ਜਾਣਗੇ ਤਾਂ ਉਸੇ ਲਾਜਿਕ ਨਾਲ ਦੂਜਿਆਂ ਨੂੰ ਵੀ ਭੋਜਨ ਦੇ ਬਿਬੇਕੀਆਂ ਤੋਂ ਦੂਰ ਰਹਿਣਾ ਚਾਹੀਦਾ ਕਿਉਂਕੇ ਇਹਨਾਂ ਬਿਬੇਕੀਆਂ ਦਾ ਅਹੰਕਾਰ ਦੂਜਿਆ ਵਿੱਚ ਵੀ ਤਾਂ ਆ ਸਕਦਾ ਹੈ।

ਬਿਬੇਕ (ਵਿਵੇਕ / विवेक / vivek) ਦਾ ਅਰਥ ਹੁੰਦਾ ਹੈ ਸੋਝੀ, ਚੰਗੀ ਮਾੜੀ ਗੱਲ ਦਾ ਪਤਾ ਹੋਣਾ, ਸਮਝ, discretion, good sense, good judgement, wisdom, conscience)

ਖਾਣ ਪੀਣ ਦਾ ਬਿਬੇਕ ਕੇਵਲ ਬਾਹਰੀ ਢੋਂਗ ਹੈ “ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ॥”। ਗੁਰਮਤਿ ਇਹਨਾਂ ਕਰਮ ਧਰਮ ਦੀਆਂ ਜੁਗਤਾਂ ਨੂੰ ਰੱਦ ਕਰਦੀ ਹੈ। ਇਹ ਮਨ ਨੂੰ ਖੁਸ਼ ਕਰਨ ਦੇ ਢੰਗ ਹਨ। ਆਓ ਵਿਚਾਰ ਕਰਦੇ ਹਾਂ ਤੇ ਗੁਰਮਤਿ ਵਿੱਚੋਂ ਖੋਜਦੇ ਹਾਂ ਬਿਬੇਕ ਬਾਰੇ ਗੁਰਮਤਿ ਦਾ ਕੀ ਫ਼ੁਰਮਾਨ ਹੈ।

ਗੁਰਮਤਿ ਵਿੱਚ ਬਿਬੇਕ ਕਿਸਨੂੰ ਆਖਿਆ ਹੈ?

ਹੁਣ ਵਿਚਾਰ ਕਰਦੇ ਹਾਂ ਕੇ ਗੁਰਮਤਿ ਵਿੱਚ ਬਿਬੇਕ ਕਿਸਨੂੰ ਆਖਿਆ ਗਿਆ ਹੈ।

ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ॥ (ਮ ੩, ਰਾਗੁ ਗਉੜੀ, ੩੧੭) – ਗੁਣਾ ਨੂੰ ਮੁਖ ਰੱਖਦੇ ਹੋਏ ਗਿਆਨ ਨਾਲ ਬਿਬੇਕ ਬੁੱਧ ਹੋਣੀ।

ਗੁਰਬਾਣੀ ਵਿੱਚ ਜੇ ਬਿਬੇਕ ਬਾਰੇ ਖੋਜੀਏ ਤਾਂ ਸਾਰੇ ਸ਼ਬਦ ਬੁੱਧ ਦੇ ਬਿਬੇਕ ਦੇ ਹੀ ਮਿਲਦੇ ਨੇ। ਭੋਜਨ ਦੇ ਬਿਬੇਕ ਦੀ ਗਲ ਕਿਤੇ ਵੀ ਨਹੀਂ ਹੋਈ। ਗੁਰਬਾਣੀ ਨੇ ਤਾਂ ਇਹ ਕਹਿ ਦਿੱਤਾ ਕੇ “ਆਚਾਰੀ ਨਹੀ ਜੀਤਿਆ ਜਾਇ॥” ਜਿਸਦਾ ਅਰਥ ਹੈ ਕੇ ਆਚਰਣ ਰੱਖੇ, ਅਸੀਂ ਕਿੱਦਾਂ ਵਿਚਰਦੇ ਹਾਂ ਉਸ ਨਾਲ ਪਰਮੇਸਰ ਨਹੀਂ ਜਿਤਿਆ ਜਾਂਦਾ। ਕੇਵਲ ਗਿਆਨ ਹੈ ਸੋਝੀ ਹੈ ਜੋ ਪਾਰ ਲੰਘਾ ਸਕਦਾ ਹੈ ਜੀਵ ਨੂੰ। ਨਾਲੇ ਖਾਣ ਪੀਣ ਦਾ ਬਿਬੇਕ ਸੋਚਣ ਵਾਲੇ ਇਹ ਕਿਉਂ ਨਹੀਂ ਵਿਚਾਰਦੇ “ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥”। ਅੱਗੇ ਵਿਚਾਰਦੇ ਹਾਂ।

ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ॥ ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ॥ ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ॥੨॥” – ਜਿਹੜੇ ਪਾਖੰਡੀਆਂ ਦੇ ਮਗਰ ਲੱਗ ਕੇ ਭੋਜਨ ਦਾ ਬਿਬੇਕ ਮੰਨਦੇ ਨੇ ਉਹਨਾਂ ਨੇ ਕਦੇ ਗੁਰਮਤਿ ਨਹੀਂ ਵਿਚਾਰੀ ਤੇ ਜੇ ਵਿਚਾਰੀ ਹੁੰਦੀ ਤਾਂ ਪਤਾ ਹੁੰਦਾ ਕੇ ਉਹ ਭੇਡਾਂ ਵਾਂਗ ਕਿਸੇ ਦੇ ਮਗਰ ਲੱਗਣ ਦੀ ਥਾਂ ਵਿਚਾਰਾਂ ਪੱਖੋਂ ਬਿਬੇਕੀ ਹੋਣੇ ਸੀ। ਗੁਰਬਾਣੀ ਦੀ ਵਿਚਾਰ ਤੋਂ ਵਿਕਾਰ ਕਾਬੂ ਹੁੰਦੇ ਹਨ। ਭਰੋਸਾ ਵੱਧਦਾ ਹੈ। ਡਰ ਘਟਦਾ ਹੈ। ਭੋਜਨ ਦੇ ਬਿਬੇਕੀ ਬਾਣੀ ਵਿਚਾਰਨ ਦੀ ਥਾਂ ਬਸ ਇਹੀ ਦੇਖ ਰਹੇ ਹੁੰਦੇ ਨੇ ਕੇ ਕੁੱਝ ਜੂਠਾ ਤਾ ਨਹੀਂ, ਪੈਕੇਟ ਤੇ ਲੱਗੇ ਲੇਬਲ ਧਿਆਨ ਨਾਲ ਪੜ੍ਹਦੇ ਨੇ, ਬਸ ਇਹੀ ਸੋਚੀ ਜਾਣਗੇ ਕੇ ਕਿਸਦੇ ਹੱਥ ਦਾ ਖਾਣਾ ਕਿਸਦੇ ਨਹੀਂ। ਗੁਰਬਾਣੀ ਤਾਂ ਹਰੇਕ ਜੀਵ ਦੇ ਵਿੱਚ ਪਰਮੇਸਰ ਦੀ ਜੋਤ ਮੰਨਦੀ ਹੈ ਭੇਦਭਾਵ ਨਹੀਂ ਕਰਦੀ “ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ॥ ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ॥ ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ॥੪॥” ਸਵਾਲ ਉਠਦਾ ਫੇਰ ਬਿਬੇਕ ਕਰਨਾ ਕਿਵੇਂ ਹੈ। ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ “ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ॥ ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ॥੨॥” – ਹਿਰਦੇ ਵਿੱਚ ਖੋਜ ਕੀਤਿਆਂ, ਹਰਿ ਵੇਖਦਿਆਂ ਬਿਬੇਕ ਹੋਣਾ ਤੇ ਹੋਣਾ ਬੁੱਧ ਦਾ ਬਿਬੇਕੀ ਸੀ। ਆਹ ਖਾਣ ਪੀਣ ਦੇ ਬਿਬੇਕ ਦਾ ਢੋਂਗ ਸਨਾਤਨ ਮਤਿ ਤੋਂ ਆਇਆ ਹੈ ਤੇ ਪਾਤਿਸ਼ਾਹ ਆਖਦੇ ਸਨਾਤਨ ਮੱਤ ਨਾਮ ਤੋਂ ਵਾਂਝਾ ਹੈ “ਨਾਨਕ ਨਾਵੈ ਬਾਝੁ ਸਨਾਤਿ॥” ਅਤੇ “ਅਬ ਮਨੁ ਉਲਟਿ ਸਨਾਤਨੁ ਹੂਆ॥ ਤਬ ਜਾਨਿਆ ਜਬ ਜੀਵਤ ਮੂਆ॥”। ਕਈ ਪ੍ਰਕਾਰ ਦੇ ਢੋਂਗ ਹਨ ਤੇ ਲੋਕਪਚਾਰਾ ਅਤੇ ਲੋਕਾਂ ਨੂੰ ਧਰਮੀ ਹੋਣ ਦਾ ਮਗਰ ਲੌਣ ਦਾ ਹੀ ਕੰਮ ਹੈ ਭੋਜਨ ਦੇ ਬਿਬੇਕ ਵਾਲੇ ਢੋਂਗ ਦਾ। “ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ॥” । ਭੋਜਨ ਦਾ ਬਿਬੇਕ ਰੱਖਣ ਵਾਲਿਆਂ ਵਿੱਚ ਤਾਂ ਹੌਮੇ ਹੀ ਇਤਨੀ ਜਿਆਦਾ ਹੈ ਕੇ ਅਸੀਂ ਕਿਸੇ ਦੇ ਹੱਥ ਦਾ ਪੱਕਿਆ ਨਹੀਂ ਖਾਂਦੇ, ਇਹ ਗੁਰ ਉਪਦੇਸ਼ ਤੋਂ ਉਲਟ ਹੈ “ਹਉਮੈ ਕਰੈ ਨਿਹਕਰਮੀ ਨ ਹੋਵੈ॥ ਗੁਰਪਰਸਾਦੀ ਹਉਮੈ ਖੋਵੈ॥ ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰਸਬਦੀ ਗੁਣ ਗਾਵਣਿਆ॥੩॥”।

ਪਾਤਿਸ਼ਾਹ ਆਖਦੇ ਵਿਰਲੇ ਹੀ ਹਨ ਜੋ ਪਰਪੰਚ ਨਹੀਂ ਕਰਦੇ, ਬੁੱਧ ਦੇ ਬਿਬੇਕੀ ਹਨ ਤੇ ਨਾਮ (ਗੁਸਮਤਿ ਗਿਆਨ ਦੀ ਸੋਝੀ) ਜਿਹਨਾਂ ਦਾ ਵਿਸ਼ਾ ਹੈ। ਐਸਾ ਕੋਈ ਵਿਰਲਾ ਹੈ ਬਿਬੇਕੀ ਜੋ ਤੇਰੀ ਨਿਰਗੁਣ ਕਥਾ ਸੁਣਾ ਸਕੇ “ਤੇਰੀ ਨਿਰਗੁਨ ਕਥਾ ਕਾਇ ਸਿਉ ਕਹੀਐ ਐਸਾ ਕੋਇ ਬਿਬੇਕੀ ॥” ਸਾਰੇ ਤਾਂ ਕਿਸੇ ਨਾ ਕਿਸੇ ਪਰਪੰਚ ਵਿੱਚ ਫਸੇ ਹੀ ਹੋਏ ਹਨ।

ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ॥ ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ॥ ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ॥ ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ॥ ਜਨਮ ਮਰਣ ਬਹੁ ਜੋਨਿ ਭ੍ਰਮਣ ਕੀਨੇ ਕਰਮ ਅਨੇਕ॥ ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ॥ ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ॥ ਨਾਨਕ ਬਿਰਲੇ ਪਾਈਅਹਿ ਜੋ ਨ ਰਚਹਿ ਪਰਪੰਚ॥੫॥

ਜਿਸ ਨੇ ਨਾਮ (ਗੁਰਮਤਿ ਦੀ ਸੋਝੀ) ਨੂੰ ਮੁਖ ਰੱਖਿਆ ਹੈ ਉਸਤੇ ਹੀ ਪ੍ਰਭ ਦਿਆਲ ਹੋਣਾ ਤੇ ਬੁੱਧ ਦਾ ਬਿਬੇਕ ਪ੍ਰਾਪਤ ਹੋਣਾ “ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ॥ ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ॥੧॥

ਮਹਾਰਾਜ ਬਾਣੀ ਵਿੱਚ ਲਿਖਦੇ ਹਨ ਕੇ “ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥੧॥ ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥” – ਆਖਦੇ ਪਾਠ ਵੀ ਪੜ੍ਹ ਲਏ ਬੇਦਾਂ ਦੀ ਤੇ ਗੁਰਬਾਣੀ ਦੀ ਵਿਚਾਰ ਵੀ ਕਰ ਲਈ, ਸਰੀਰ ਸਾਧ ਲਿਆ, ਪਰ ਜੇ ਵਿਕਾਰਾਂ ਦਾ ਸੰਗ ਨਹੀਂ ਛੁੱਟਿਆ ਤੇ ਅਹੰਕਾਰ ਵਿੱਚ ਵਾਧਾ ਹੋਇਆ ਹੈ ਤਾਂ ਪ੍ਰਭ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਇਸ ਬਿਧੀ ਨਾਲ ਪਰਮੇਸਰ ਨੂੰ ਮਿਲਣ ਨਹੀਂ ਜਾਈਦਾ। ਸੰਪੁਰਣ ਸਮਰਪਣ ਹੁਕਮ ਨੂੰ ਕੀਤਿਆਂ ਹੁਕਮ ਮੰਨਿਆ ਹੀ ਬਿਬੇਕ ਬੁੱਧ ਦੀ ਆਸ ਕੀਤੀ ਜਾ ਸਕਦੀ ਹੈ।

ਮਾਧੋ ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ॥੧॥ – ਗੁਰਮਤਿ ਛੱਡ ਕੇ ਮਨਮਤਿ ਧਾਰਣ ਕਰਨਾ, ਅਬਿਦਿਆ ਲੈਣਾ ਹੀ ਬਿਬੇਕ ਤੋਂ ਦੂਰ ਜਾਣਾ ਹੈ। ਦੱਸੋ ਭੋਜਨ ਦਾ ਬਿਬੇਕ ਬਿਦਿਆ ਜਾਂ ਗੁਰਮਤਿ ਦਾ ਦੀਪ ਹਿਰਦੇ ਵਿੱਚ ਕਿਵੇਂ ਜਲਾਊ। ਇਸਦੇ ਉਲਟ ਗੁਰਮਤਿ ਨੇ ਹੀ ਬਿਬੇਕ ਬੁਧ ਦੇਣੀ ਹੈ ਜਿਸਦੀ ਚਰਚਾ ਜਿਸਦੀ ਵਿਚਾਰ ਤੋਂ ਸਿੱਖ ਦੂਰ ਭੱਜ ਰਹੇ ਨੇ “ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥”। ਭਾਈ ਸਮਝੋ ਤਾਂ ਸਹੀਂ ਗੁਰਮਤਿ ਬਿਬੇਕ ਕਿਸਨੂੰ ਆਖ ਰਹੀ ਹੈ “ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ॥ ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ॥ ਜਿਸੁ ਅੰਦਰਿ ਬੁਧਿ ਬਿਬੇਕੁ ਹੈ ਹਰਿ ਨਾਮੁ ਮੁਰਾਰੀ॥ ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ॥ ਸਭੁ ਆਤਮ ਰਾਮੁ ਪਸਾਰਿਆ ਗੁਰ ਬੁਧਿ ਬੀਚਾਰੀ॥੯॥”। ਗੁਰਮਤਿ ਦੀ ਵਿਚਾਰ ਤੋਂ ਗੁਣਾਂ ਤੋਂ ਬੇਮੁਖ ਹੋਣ ਵਾਲਿਆਂ ਦਾ ਹਾਲ ਕੀ ਹੁੰਦਾ ਗੁਰਮਤਿ ਦਾ ਫੁਰਮਾਨ ਹੈ ਬਿਬੇਕੀਆਂ ਨੂੰ ਪਤਾ ਹੁੰਦਾ “ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥“ ਤੇ ਭੋਜਨ ਦੇ ਬਿਬੇਕੀਆਂ ਨੂੰ ਜਾ ਕੇ ਜੇ ਪੁੱਛੀਏ ਤਾਂ ਇਤਨਾ ਵੀ ਨਹੀਂ ਪਤਾ ਹੁੰਦਾ ਕੇ ਮੁਕਤੀ ਹੁੰਦੀ ਕੀ ਹੈ ਗੁਰਮਤਿ ਦੇ ਆਧਾਰ ਤੇ।

ਕਸੂਰ ਭੋਜਨ ਦਾ ਬਿਬੇਕ ਰੱਖਣ ਵਾਲਿਆਂ ਦਾ ਵੀ ਨਹੀਂ ਹੈ। ਪ੍ਰਚਾਰਕਾਂ ਨੇ ਗੁਰਮਤਿ ਵਿਚਾਰਣ ਤੋਂ ਦੂਰ ਕਰਤਾ ਸਿੱਖਾਂ ਨੂੰ ਤੇ ਗੋਲਕ ਮਗਰ ਲਾ ਦਿੱਤਾ, ਆਸਾਂ ਦਾ ਹੜ ਮਨ ਵਿੱਚ ਪੈਦਾ ਕਰ ਦਿੱਤਾ ਲੋਕਾਂ ਦੇ। ਅੱਜ ਦਾ ਸਿੱਖ ਗੁਰਮਤਿ ਮੰਤ੍ਰਾਂ ਵਾਂਗ ਪੜ੍ਹ ਪੜ੍ਹ ਕੇ ਨਾਮ (ਸੋਝੀ) ਤੋ ਸੱਖਣਾ ਰਹਿ ਗਿਆ। “ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ॥” ਅੰਦਰਲੇ ਹਰਿ ਨੇ ਜਦੋਂ ਵਾਜ ਮਾਰੀ ਜਦੋਂ ਗੁਰਮਤਿ ਦੀ ਸੋਝੀ ਲੈਣ ਦਾ ਚਾ ਉੱਠਿਆ ਤਾਂ ਕਿਤੇ ਜਾ ਕੇ ਕਿਸੇ ਨੇ ਗੁਰਮਤਿ ਦੀ ਸੋਝੀ ਲੈ ਕੇ ਬੁੱਧ ਦਾ ਬਿਬੇਕੀ ਹੋਣਾ। ਸਾਚਾ ਨੇਹ (ਪਿਆਰ) ਜਦੋਂ ਪਿਆ ਗੁਰਮਤਿ ਨਾਲ, ਨਾਮ (ਸੋਝੀ) ਨਾਲ, ਪਰਮੇਸਰ ਨਾਲ ਤਾਂ ਕਿਤੇ ਜਾ ਕੇ ਬੁੱਧ ਬਿਬੇਕੀ ਹੋਣੀ “ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ॥ ਹਉ ਤਿਸੁ ਸੇਵੀ ਦਿਨੁ ਰਾਤਿ ਮੈ ਕਦੇ ਨ ਵੀਸਰੈ ਜੀਉ॥ ਕਦੇ ਨ ਵਿਸਾਰੀ ਅਨਦਿਨੁ ਸਮੑਾਰੀ ਜਾ ਨਾਮੁ ਲਈ ਤਾ ਜੀਵਾ॥ ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ॥ ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ॥ ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ॥੨॥” ਅਤੇ “ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ॥

ਕੇਵਲ ਭੋਜਨ ਦਾ ਬਿਬੇਕ ਰੱਖਣ ਵਾਲੇ ਹਮੇਸ਼ਾ ਦੁਬਿਧਾ ਵਿੱਚ ਹੀ ਦਿਸਦੇ, ਨਾ ਡਰ ਗਿਆ ਨਾ ਹੋਰ ਵਿਕਾਰ ਤੇ ਨਾਲ ਅਹੰਕਾਰ ਵਿੱਚ ਵਾਧਾ ਹੀ ਹੋਇਆ ਦੂਜਿਆਂ ਤੋਂ ਬਿਹਤਰ ਹੋਣ ਦਾ ਭੁਲੇਖਾ ਰੱਖਿਆਂ। ਜੇ ਸੱਚਾ ਸੁੱਖ ਚਾਹੀਦਾ ਤਾਂ ਗੁਰਮਤਿ ਦਾ ਫੁਰਮਾਨ ਹੈ ਬੁੱਧ ਬਿਬੇਕੀ ਰੱਖਣੀ ਪੈਣੀ। ਅਰਥ ਹੁਕਮ ਨਾਲ ਪ੍ਰੇਮ ਹੁਕਮ ਮੰਨਣਾ ਪੈਣਾ ਜਿਸ ਨਾਲ ਹਿਰਦੇ ਵਿੱਚ ਨਾਮ (ਸੋਝੀ) ਦਾ ਪਰਗਾਸ ਹੋਣਾ “ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ ਗੁਰਮਤਿ ਨਾਮਿ ਪ੍ਰਗਾਸਾ॥ ਹਰਿ ਹਰਿ ਅਨਦੁ ਭਇਆ ਦਿਨੁ ਰਾਤੀ ਨਾਨਕ ਹਰਿ ਮੀਠ ਲਗਾਏ॥ ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਏ॥”। ਬੁੱਧ ਦੇ ਬਿਬੇਕੀ ਦੀ ਨਜਰ ਵਿੱਚ ਕੋਈ ਵੱਡਾ ਛੋਟਾ ਚੰਗਾ ਮਾੜਾ ਨਹੀਂ ਹੁੰਦਾ “ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ॥ ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ॥ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ॥ ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ॥” – ਬਿਬੇਕ ਤਾਂ ਅੰਤਰ ਨਿਰਮਲ (ਨਿਰ+ ਮਲ – ਮਲ ਰਹਿਤ) ਹੋਣਾ ਹੈ। ਅਗਿਆਨ ਕੱਟਣ ਨਾਲ ਗੁਰਮਤਿ ਗਿਆਨ ਲੈਣ ਨਾਲ ਸੱਚਾ ਬਿਬੇਕ ਹੋਣਾ।

ਕਈ ਵੀਰ ਭੈਣ ਤਾਂ ਲੋਭ ਵੱਸ, ਕੁੱਛ ਪ੍ਰਾਪਤੀ ਹੇਤ ਭੋਜਨ ਦਾ ਬਿਬੇਕ ਰੱਖਦੇ ਨੇ। ਜੇ ਕੋਈ ਵੀ ਆਸ ਰੱਖੀ ਹੈ, ਲੋਕ ਪਚਾਰਾ ਹੈ, ਅਗਿਆਨਤਾ, ਦਲਿੱਦਰ, ਹੰਕਾਰ, ਵਿਕਾਰ ਹਨ ਤਾਂ ਬੋਜਨ ਦੇ ਬਿਬੇਕ ਨਾਲ ਗਲ ਨਹੀਂ ਬਣਦੀ “ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ॥੧॥”। ਗੁਰਮੁਖਾਂ ਦਾ ਸ਼ਨ ਦਾ ਨਾਮ (ਸੋਝੀ) ਹੈ ਗੁਰਮਤਿ ਦੀ। ਇਸਦੀ ਵੀ ਆਸ ਨਹੀਂ ਰੱਖਦੇ ਭਗਤ। ਭਗਤ ਤਾ ਹੁਕਮ ਦੀ ਸੋਝੀ ਲੈਕੇ ਨਿਰਾਸਾ (ਆਸ ਰਹਿਤ) ਹੋ ਜਾਂਦੇ ਹਨ “ਹੁਕਮੈ ਬੂਝੈ ਨਿਰਾਸਾ ਹੋਈ ॥”॥ ਕੇਵਲ ਹੁਕਮ ਮੰਨਦੇ ਹਨ। ਤੇ ਪਾਤਿਸ਼ਾਹ ਨੇ ਆਖਿਆ ਹੈ “ਸੋਈ ਗਿਆਨੀ ਜਿ ਸਿਮਰੈ ਏਕ॥ ਸੋ ਧਨਵੰਤਾ ਜਿਸੁ ਬੁਧਿ ਬਿਬੇਕ॥ ਸੋ ਕੁਲਵੰਤਾ ਜਿ ਸਿਮਰੈ ਸੁਆਮੀ॥ ਸੋ ਪਤਿਵੰਤਾ ਜਿ ਆਪੁ ਪਛਾਨੀ॥”। ਜਿਹਨਾਂ ਨੂੰ ਕੀ ਖਾਣਾ ਕੀ ਨਹੀਂ ਖਾਣਾ ਦੀ ਚਿੰਤਾ ਲੱਗੀ ਹੋਈ ਹੈ ਉਹ ਗੁਰਮਤਿ ਵਾਲੇ ਬਿਬੇਕੀ ਨਹੀਂ ਹੋ ਸਕਦੇ। ਪੈਕੇਟ ਪੜ੍ਹ ਪੜ੍ਹ ਕੇ ਖਾਣ ਵਾਲੇ, ਜੂਠ ਸੁੱਚ ਦੀ ਹਰ ਵੇਲੇ ਚਿੰਤਾ ਕਰਨ ਵਾਲਿਆ ਦਾ ਹਿਰਦਾ ਸੁੱਧ ਨਹੀਂ ਹੋ ਸਕਦਾ “ਅਚਿੰਤ ਹਮਾਰੈ ਮਨੁ ਪਤੀਆਨਾ॥ ਨਿਹਚਲ ਧਨੀ ਅਚਿੰਤੁ ਪਛਾਨਾ॥ ਅਚਿੰਤੋ ਉਪਜਿਓ ਸਗਲ ਬਿਬੇਕਾ॥ ਅਚਿੰਤ ਚਰੀ ਹਥਿ ਹਰਿ ਹਰਿ ਟੇਕਾ॥੭॥”, “ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ॥” – ਬਿਬੇਕ ਬੁੱਧ ਅਗਿਆਨਤਾ ਦੇ ਹਨੇਰੇ ਨੂੰ ਨਾਮ (ਗੁਰਮਤਿ ਗਿਆਨ ਦੀ ਸੋਝੀ) ਦੇ ਚਾਨਣੇ ਨਾਲ ਨਿਰਮਲ ਕਰਨ ਦਾ ਹੀ ਨਾਮ ਹੈ।

”ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥”

”ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ॥੧॥”

”ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ॥ ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ॥”

”ਗੁਰਮੁਖਿ ਬੁਢੇ ਕਦੇ ਨਾਹੀ ਜਿਨੑਾ ਅੰਤਰਿ ਸੁਰਤਿ ਗਿਆਨੁ॥ ਸਦਾ ਸਦਾ ਹਰਿ ਗੁਣ ਰਵਹਿ ਅੰਤਰਿ ਸਹਜ ਧਿਆਨੁ॥ ਓਇ ਸਦਾ ਅਨੰਦਿ ਬਿਬੇਕ ਰਹਹਿ ਦੁਖਿ ਸੁਖਿ ਏਕ ਸਮਾਨਿ॥ ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ॥੪੪॥”

”ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ॥ ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ॥ ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ॥” – ਸਤਿ ਗੁਰ ਦੀ ਸੇਵਾ ਕਿਵੇਂ ਲੱਗਣਾ? ਇਸਦਾ ਖੁਲਾਸਾ ਵੀ ਬਾਣੀ ਕਰਦੀ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥੭॥“

ਜਿਹਨਾਂ ਦੇ ਪੇਟ ਭਰੇ ਨੇ, ਲੋਕ ਪਚਾਰੇ ਵਿੱਚ ਫਸੇ ਨੇ, ਸੌਖਾ ਰਸਤਾ ਲੱਭ ਰਹੇ ਨੇ, ਪਾਖੰਡੀਆਂ ਦੇ ਮਗਰ ਲੱਗੇ ਨੇ ਉਹਨਾਂ ਨੇ ਤਾਂ ਨਹੀਂ ਮੰਨਣਾ। ਬਾਣੀ ਦਾ ਕਹਿਆ ਨਹੀਂ ਸੁਣਨਾ। ਕਦੇ ਕਿਸੇ ਪੈਸੇ ਪੱਖੋਂ ਗਰੀਬ ਨੂੰ ਜਾ ਕੇ ਕਹੋ ਕੇ ਭਾਈ ਬੋਜਨ ਦਾ ਬਿਬੇਕ ਰੱਖ ਉਹ ਦੱਸੂ ਭੋਜਨ ਦੀ ਕੀਮਤ ਕੀ ਹੈ। ਪਰਮੇਸਰ ਦਾ ਸ਼ੁਕਰ ਮਨਾਓ ਕੇ ਤੁਹਾਡਾ ਪੇਟ ਭਰਿਆ ਹੈ, ਗੁਰਮਤਿ ਸਮਝਣ ਦਾ ਸਮਾ ਤੇ ਮੌਕਾ ਮਿਲ ਰਹਿਆ ਹੈ। ਬਾਣੀ ਨਾਲ ਪ੍ਰੇਮ ਹੋਵੇ ਤਾਂ ਬਾਣੀ ਨੂੰ ਪੜ੍ਹ ਕੇ ਬੂਝ ਕੇ ਸੋਝੀ ਲਈਦੀ ਹੈ। ਬਾਣੀ ਪੜ੍ਹ ਕੇ ਵਿਚਾਰੋ ਗੁਰਮਤਿ ਆਖਦੀ “ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥” ਸਰੀਰ ਦਾ ਭੋਜਨ ਪਵਿੱਤਰ ਹੈ ਜੋ ਦਿੱਤਾ ਗਿਆ ਹੈ ਰਿਜਕ ਦੇ ਰੂਪ ਵਿੱਚ, ਹਰ ਖਾਣ ਵਾਲੀ ਵਸਤੂ ਸਰੀਰ ਨੂੰ ਪੌਸ਼ਟਿਕ ਪਦਾਰਥ ਸਰੀਰ ਚਲਾਉਣ ਲਈ ਪਰਮੇਸਰ ਦੇ ਦਿੱਤੀ ਹੋਈ ਹੈ। ਇਹਨਾਂ ਨੂੰ ਸਰੀਰ ਤਕ ਹੀ ਰੱਖੋ, ਮਨ ਦਾ ਭੋਜਨ ਗਿਆਨ ਹੈ ਜੋ ਮਨ ਨੂੰ ਬੰਨ ਕੇ ਰੱਖਦਾ। ਸਰੀਰ ਦੇ ਭੋਜਨ ਲਈ ਕਿੰਤੂ ਪਰੰਤੂ ਕਰਨਾ ਗੁਰਮੁਖਾਂ ਦਾ ਕੰਮ ਨਹੀਂ ਹੈ। ਗੁਰਮੁਖ ਉਹ ਹੈ ਜੋ ਗੁਣਾਂ ਨੂੰ ਮੁੱਖ ਰੱਖਦਾ ਹੈ। ਬਾਣੀ ਆਪ ਵਿਚਾਰੋ ਵੇਖੋ ਕੇ ਗੁਰਮਤਿ ਬਿਬੇਕ ਕਿਸ ਨੂੰ ਕਹਿ ਰਹੀ ਹੈ “ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥”। ਲੋਕਾਂ ਦੇ ਮਗਰ ਲੱਗ ਕੇ ਜੋ ਮਨੁਖਾ ਜੀਵਨ ਲਾਹਾ ਲੈਣ ਨੂੰ, ਨਾਮ (ਗਿਆਨ/ਸੋਝੀ) ਲੈਣ ਲਈ ਮਿਲਿਆ ਹੈ ਇਸਨੂੰ ਵਿਅਰਥ ਨਾ ਗਵਾਓ। ਧਿਆਨ ਗੁਰਮਤਿ ਗਿਆਨ ਵਲ ਰੱਖੋ। ਇਹੀ ਆਸ ਰੱਖੋ ਕੇ ਹੁਕਮ ਮੰਨੀਏ ਤੇ ਗੁਰਮਤਿ ਦਾ ਗਿਆਨ ਗੁਰਮਤਿ ਦੀ ਸੋਝੀ ਪ੍ਰਾਪਤ ਹੁੰਦੀ ਰਹੇ। ਸਰੀਰ ਦੇ ਭੋਜਨ ਬਾਰੇ ਪਹਿਲਾਂ ਹੀ ਬਹੁਤ ਵਿਚਾਰ ਇਸ ਸਾਈਟ ਤੇ ਮੌਜੂਦ ਹਨ। ਸਰਚ ਦੀ ਵਰਤੋ ਕਰਕੇ ਖੋਜ ਸਕਦੇ ਹੋਂ ਕੇ ਗੁਰਮਤਿ ਦਾ ਭੋਜਨ ਬਾਰੇ ਕੀ ਫ਼ੁਰਮਾਨ ਹੈ।

”ਜਾਗੁ ਰੇ ਮਨ ਜਾਗਨਹਾਰੇ॥ ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ॥”