Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

Death ਮਰਨਾ ਕੀ ਹੈ

ਅਬ ਕੈਸੇ ਮਰਉ ਮਰਨ ਮਨ ਮਾਨਿਆ॥

ਮਰਿ ਮਰਿ ਜਾਤੇ ਜਿਨ ਰਾਮ ਨ ਜਾਨਿਆ।।

ਘਟ ਅੰਦਰਲੀ ਜੋਤ ਦਾ ਮਰਨ ਨਹੀਂ ਹੁੰਦਾ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥” ਹਰ ਜੀਵ ਭਾਵੇਂ ਉਹ ਅੰਡੇ ਤੋਂ ਪੈਦਾ ਹੋਵੇ, ਜਰਾਸੀਮ ਹੋਵੇ, ਭਾਵੇਂ ਮਾਤ ਗਰਬ ਤੋਂ ਪੈਦਾ ਹੋਵੇ ਜਾਂ ਜਮੀਨ ਤੋਂ ਉਗਣ ਵਾਲੇ ਪੇੜ ਪੌਧੇ ਹੋਣ ਸਾਰਿਆਂ ਵਿੱਚ ਪਰਮੇਸਰ ਦੀ ਜੋਤ ਹੈ। ਪਰ ਮਨ ਇਹ ਭੁੱਲ ਗਿਆ ਤਾਂ ਹੀ ਭਟਕਿਆ ਫਿਰਦਾ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥੫॥”। ਬਦੇਹੀ ਜਾਂ ਸਰੀਰ ਤਾਂ ਆਤਮਾ ਦਾ ਕਪੜਾ ਹੈ ਇਹ ਜਦੋ ਪਤਾ ਲਗਾ ਤਾ ਕਬੀਰ ਜੀ ਵਿਚਾਰ ਕਰ ਰਹੇ ਨੇ ਕਿ ਮੇਰਾ ਮਨ ਤਾਂ ਹੁਣ ਮੰਨ ਗਿਆ ਹੈ, ਮਰਨ ਲਈ, ਕਿਸ ਤਰੀਕੇ ਨਾਲ ਮਰਾਂ। ਹੁਣ ਅੰਦਿਰ ਸ਼ਬਦ ਗੁਰੂ ਪਰਗਟ ਹੋ ਗਿਆ, ਫਿਰ ਹੁਣ ਪਤਾ ਲੱਗ ਗਿਆ ਕੇ ਤੂੰ ਨਹੀਂ ਮਰਦਾ ਤੂੰ ਜੋਤ ਹੈਂ ਤੂੰ ਅਮਰ ਹੈਂ। ਸਹਿਜ ਅਵਸਥਾ ਪ੍ਰਾਪਤ ਹੋ ਕਿ ਮਨ ਦਾ ਤੁਰਨਾ ਫਿਰਨਾ ਬੰਦ ਹੋ ਜਾਂਦਾ, ਮਨ ਕਲਪਨਾ ਕਰਨੀ ਬੰਦ ਕਰ ਦਿੰਦਾ ਹੈ ਤੇ ਬਿਬੇਕ ਬੁਧਿ ਜਾਗ ਪੈਂਦੀ ਹੈ। ਅੰਦਰੋ ਨਾਦ ਵਜਦਾ ਫਿਰ ਅਵਾਜ਼ ਔਂਦੀ ਹੈ “ਮਰਿ ਮਰਿ ਜਾਤੇ ਜਿਨ ਰਾਮ ਨ ਜਾਨਿਆ”  ਮਰਦੇ ਉਹ ਨੇ ਜਿਨ੍ਹਾ ਨੇ ਰਾਮ ਨਹੀਂ ਜਾਨਿਆ, ਗੁਰ (ਗੁਣਾਂ) ਨੂੰ ਮੁਖਿ ਰੱਖਣ ਵਾਲੇ ਗੁਰਮੁਖਾਂ ਲਈ ਤਾਂ “ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ॥”  ਜੀਵਤ ਮ੍ਰਿਤਕ ਹੋਣ ਵਾਲਾ ਤਾਂ ਅਮਰ ਹੋ ਜਾਂਦਾ, “ਮਰਨੋ ਮਰਨੁ ਕਹੈ ਸਭੁ ਕੋਈ” ਹਰ ਕੋਈ ਆਖ ਰਿਹਾ ਮਰਨੋ ਮਰਨ ਤੇ ਸੰਸਾਰ ਵਿੱਚ ਕੋਈ ਥਿਰ ਨਹੀਂ ਪਰ ਜੇ ਇਹ ਅਪਣੇ ਮੂਲ ਦਾ ਗਿਆਨ ਲੈ ਲਵੇ ਤਾ ਮਨ (ਅਗਿਆਾਨਤਾ) ਦਾ ਮਰਨ ਹੋਣ ਤੇ ਪਿੱਛੇ ਘਟ ਵਿੱਚ ਜੋਤ ਰਹ ਜਾਂਦੀ ਜੋ ਆਪ ਅਜਰ ਹੈ ਅਖਰ ਹੈ ਅਮਰ ਹੈ ਫੇਰ “ਸਹਜੇ ਮਰੇ ਅਮਰੁ ਹੋਇ ਸੋਇ” ਗੁਰਮੁਖਿ ਤਾ ਅਮਰ ਹੋ ਜਾਂਦਾ, ਸੰਸਾਰ ਵਿੱਚ ਮੁਕਤ ਜੋ ਸਹਿਜੇ ਮਨ ਦਾ ਚਲਣਾ ਫਿਰਨਾ ਬੰਦ ਹੋ ਜਾਂਦਾ ਮਨ ਦੀ ਲਹਿਰਾਂ ਮਰ ਜਾਂਦਿਆ ਨੇ।

ਕਹੁ ਕਬੀਰ ਮਨਿ ਭਇਆ ਅਨੰਦਾ॥

ਗਇਆ ਭਰਮੁ ਰਹਿਆ ਪਰਮਾਨੰਦਾ॥

“ਕਹੁ ਕਬੀਰ ਮਨਿ ਭਇਆ ਅਨੰਦਾ” ਜਦੋ ਮਨ ਵਿੱਚ ਗੁਰਬਾਣੀ ਦੇ ਗਿਆਨ ਨਾਲ ਸੰਸਾਰੀ ਪਦਾਰਥਾ ਤੌ ਮੁਕਤ ਹੋ ਗਿਆ ਮਨ ਨੇ ਸੋਚਣਾ ਬੰਦ ਕਰ ਦਿਤਾ ਮਾਈਆ ਦੇ ਪਦਾਰਥਾਂ ਬਾਰੇ ਫਿਰ ਅਨੰਦ ਦੀ ਅਵਸਥਾ ਪ੍ਰਾਪਤ ਹੋਣੀ , “ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ”  ਜਿਸੁ ਮਰਨ ਤੋ ਜਗ ਡਰਦਾ ਹੈ ਮੇਰੇ ਮਨ ਚ ਆਨੰਦ ( ਗਿਆਨ ਨਾਲ ਟਿਕ ਗਿਆ ) ਪੈਦਾ ਹੋ ਗਿਆ, ਗੁਰਬਾਣੀ ਨੇ ਤਾਂ ਕਹਿਆ ਹੈ ਮਨ ਜੋਤਿ ਸਰੂਪ ਹੈ। ਕੋਈ ਮਰਦਾ ਨਹੀਂ ਜੋਤ ਦੇ ਪੱਧਰ ਤੇ, ਜੋ ਮਰਦਾ ਹੈ ਉਹ ਸਰੀਰ ਹੈ “ਕਉਨੁ ਮੂਆ ਰੇ ਕਉਨੁ ਮੂਆ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ ਇਹੁ ਤਉ ਚਲਤੁ ਭਇਆ॥੧॥”, “ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ॥ ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ॥ ਆਗਿਆਕਾਰੀ ਧਾਰੀ ਸਭ ਸ੍ਰਿਸਟਿ॥“। ਜੀਵ ਨੇ ਹੀ ਅਪਣੇ ਮੂਲ ਦੀ ਪੇਹਚਾਨ ਕਰਨੀ ਹੈ। ਜਦੋ ਇਹ ਨਿਰਮਲ (ਨਿਰ + ਮਲ = ਮਲ ਰਹਿਤ) ਹੋ ਗਿਆ ਤਾ, ਅਸੀਂ ਇਸਨੂੰ ਚਿਤ ਵੀ ਕਹ ਸਕਦੇ ਹਾਂ। ਮਰਿਆ ਹੋਇਆ ਮਨ ਚਿਤ ਹੈ ਜਿਸ ਵਿਚ ਸੰਸਾਰੀ ਪਦਾਰਥਾ ਦੀ ਕੋਈ ਆਸ ਨਹੀ ਰਹੇ। ਮਨ ਦੇ ਮਰਨ ਤੇ ਮੁਕਤੀ ਹੋਣੀ, ਸਰੀਰ ਦੇ ਮਰਨ ਤੇ ਜੀਵ ਮੁਕਤ ਨਹੀਂ ਹੁੰਦਾ “ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥”। ਮਨ ਨੇ ਚਿਤ (ਮਰ) ਕੇ ਸ਼ੁੱਧ ਹੋ ਜਾਣਾ ਨਿਰਮਲ ਹੋ ਜਾਣਾ ਫੇਰ ਵਿਕਾਰ ਪੈਦਾ ਹੀ ਮਹੀਂ ਹੋਣੇ “ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥੬॥”, “ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ॥ ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ॥ ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ॥ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ॥੨॥”। ਮਨ ਨੇ ਅਪਣੇ ਮੂਲ ਗੁਰੁ ਵਿੱਚ ਮਿਲ (ਸਮਾ) ਜਾਣਾ ਜਦ ਗਿਆਨ ਦਾ ਪਰਗਾਸ ਹੋ ਜਾਵੇ। ਸੰਸਾਰ ਚੋ ਸੁਰਤ ਪੁਟਿ ਜਾਣੀ। ਉਹ ਮਰਨ ਕਬੂਲ ਲਵੇਗਾ ਸਰੀਰ ਵਿੱਚ ਰਹਿੰਦੇ ਹੋਏ। ਸਿੱਖੀ ਦਾ ਪਹਿਲਾ ਪਾਠ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ, ਬਦੇਹੀ ਦਾ ਮੋਹ ਛਡਾਉਣ ਵਾਸਤੇ ਕਹਿਆ ਹੋਇਆ ਹੈ। ਗੁਰਬਾਣੀ ਉਪਦੇਸ ਕਰ ਰਹੀ ਹੈ, ਕਿਉਂਕੇ ਓਸ ਵਕਤ ਸਿਧ ( ਸਾਧ ) ਤਾਂ ਬਦੇਹੀ ਨਾਲ ਲੈ ਜਾਣ ਦਾ ਉਪਦੇਸ਼ ਕਰਦੇ ਸੀ, ਗੁਰਬਾਣੀ ਬਿਨਸਣ ਹਾਰ ਕਹ ਰਹੀ ਬਦੇਹੀ ( ਸਰੀਰ ਨੂੰ) ਸਰੀਰ ਤਾਂ ਰਹਿਣਾ ਨਹੀ, ਇਹਨੂ ਭਰਮੁ ਹੈ ਕੇ ਇਹ ਸਰੀਰ ਹੈ “ਗਇਆ ਭਰਮੁ ਰਹਿਆ ਪਰਮਾਨੰਦਾ” ਜਦੋ ਇਹ ਮਨ ਦਾ ਭਰਮ ਨਿਕਲ ਗਿਆ ਕਿ ਇਹ ਤੇ ਸ਼ਕਤੀ ਹੈ ਆਤਮਾ ਹੈ ਇਹ ਤੇ ਕਦੇ ਮਰਿਆ ਹੀ ਨਹੀਂ, ਮਰਨ ਤੇ ਸਰੀਰ ਦਾ ਹੈ ਫਿਰ ਅੰਦਰ ਭਰਮ ਭਉ ਡਰ ਜਾਂਦਾ ਰਿਹਾ, ਮਨ ਦੇ ਮਰਨ ਤੇ ਪਰਮਾਨੰਦ ਪੈਦਾ ਹੋ ਜਾਣਾ ਹੈ ਅੰਦਰ “ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ” ਮਨ ਦਾ ਹੁਕਮ ਬੰਦ ਹੋ ਜਾਣਾ ਹੀ ਮਨ ਦਾ ਮਰਨ ਹੈ, ਪੂਰਨ ਗਿਆਨ ਹੋਣ ਤੇ ਹੀ ਪੂਰਨ ਪ੍ਰਮਾਨੰਦ ਦੀ ਪ੍ਰਾਪਤੀ ਹੋ ਸਕਦੀ ਹੈ।

ਜਉ ਤ੍ਰਿਭਵਣ ਤਨ ਮਾਹਿ ਸਮਾਵਾ ॥

ਤਉ ਤਤਹਿ ਤਤ ਮਿਲਿਆ ਸਚੁ ਪਾਵਾ ॥

“ਜਉ ਤ੍ਰਿਭਵਣ ਤਨ ਮਾਹਿ ਸਮਾਵਾ” ਜਉ ਤਿੰਨੇ ਭਵਣਾਂ ਦਾ ਗਿਆਨ ਹੋ ਕਿ ਬਾਹਰ ਨਿਕਲ ਪਾਰ ਹੋ ਗਿਆ ਬ੍ਰਹਮ, ਜੋਤਿ ਸਰੂਪ ਵੱਡਾ ਹੋ ਗਈਆ ਅਗਿਆਨਤਾ ਦੂਰ ਹੋ ਗਈ ਫੇਰ ਤਿੰਨੇ ਭਵਣ ਬ੍ਰਹਮ ਨੂੰ ਆਪਣੇ ਦੇਹ ਤਨ ਨਿਰਾਕਾਰੀ ਸਰੀਰ ਦੇ ਵਿੱਚ ਲਗਣਗੇ, ਜਦੋਂ ਸਮਝ ਆ ਗਿਆ ਕੇ “ਦੇਹੀ ਗੁਪਤ ਬਿਦੇਹੀ ਦੀਸੈ॥” ਦੇਹੀ ਤਾਂ ਘਟ /ਹਿਰਦੇ ਵਿੱਚ ਜੋਤ ਸਰੂਪ ਗੁਪਤ ਹੈ ਤੇ ਬਦੇਹੀ ਕੇਵਲ ਹਾਡ ਮਾਸ ਦਾ ਸਰੀਰ ਹੈ, “ਤਉ ਤਤਹਿ ਤਤ ਮਿਲਿਆ ਸਚੁ ਪਾਵਾ” ਜਦ ਜੋਤਿ ਨਾਲ ਜੋਤੀ ਮਿਲ ਗਈ ਮਨ ਚਿਤ ੧ ਇਕ ਹੋ ਗਇਆ ਤਤਹਿ ਨੇ ਤਤ ਚ ਸਮਾ ਗਿਆ ਫਿਰ ਇਸ ਨੂੰ ਸਚ ਮਿਲਣਾ ੧ ਹੋਏ ਤੇ ਸੱਚ ਮਿਲਦਾ ਹੈ ਜਾਗ ਜਾਂਦਾ ਹੈ ਪਤਾ ਚੱਲ ਜਾਂਦਾ ਹੈ ਕਿ ਮੈਂ ਕੌਣ ਹਾਂ, ਫੇਰ ਸੱਚਖੰਡ ਵਿੱਚ ਹੋਣ ਦਾ ਪਰਮ ਪਦ ਅਹਿਸਾਸ ਹੁੰਦਾ ਹੈ, ਜਦ ਹੁਕਮ ਨੂੰ ਬੁਝ ਲੈਂਦਾ ਹੈ।

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥

ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥

ਜਿਹੜੇ ਮਰਨ ਤੋ ਜਗ ਡਰਦਾ ਹੈ  ਉਹ ਮਰਨਾ ਕਬੂਲ ਕਰਨਾ ਹੈ। ਇਹ ਸਮਝ ਲੈਣਾ ਹੈ ਕੇ ਬਦੇਹੀ, ਸਰੀਰ ਦਾ ਮਰਨਾ ਕੇਵਲ ਬਾਹਰ ਤੂਮੜੀ ਦਾ ਮਰਨਾ ਹੈ ਤੇ ਜੋਤ ਕਦੇ ਨਹੀਂ ਮਰਦੀ।

ਧਰਮ ਧਾਰਣ ਕਰਨ ਵੇਲੇ  ਇਹ ਉਪਦੇਸ਼ ਹੈ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ, ਬਦੇਹੀ ਦਾ ਮੋਹ  ਛਡਾਉਣ ਵਾਸਤੇ ਹੈ  ਇਹ ਉਪਦੇਸ਼  ਕਿਉ ਕਿ ਸਿਧ ਤਾਂ ਬਦੇਹੀ  ਨਾਲ ਲੈ ਜਾਣ ਦਾ ਉਪਦੇਸ਼ ਕਰਦੇ ਸੀ ਪਰ ਉਸਤੇ ਕਬੀਰ ਜੀ ਸਵਾਲ ਕਰਦੇ ਨੇ ਕੇ

ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥

ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ॥

ਬਦੇਹੀ  ਤਾਂ ਰਹਿਣੀ ਨਹੀ ਕਹਿੰਦੇ ਜੋ ਮਰਜੀ ਉਪਾਵ ਕਰੋ। ਅਤੇ  ਮੁਸਲਮਾਨ ਮਤਿ ਕਹਿੰਦੀ ਹੈ ਕਿ ਬਾਰ ਬਾਰ ਜੂਨੀ ਵਿੱਚ ਨਹੀ ਆਉਂਦਾ, ਗੁਰਮਤਿ ਤਾਂ ਇਹ ਕਹਿੰਦੀ ਹੈ।

ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰ ਫਰਿ ਜੂਨੀ ਅਵਹਿਗਾ॥

ਜਿਹਨੇ ਮਰਨ ਕਬੂਲ ਕਰ ਲਿਆ ਉਹ ਤਾਂ ਪੁੱਛੇਗਾ

ਅਬ ਕੈਸੇ ਮਰਉ ਮਰਨ ਮਨ ਮਾਨਿਆ॥

ੳੱਤਰ ਨਾਲ ਹੀ ਮਿਲਿਆ ਉਹਨੂੰ

ਹੁਣ ਨਹੀਂ ਮਰਦਾ, ਮਰਦੇ ਉਹ ਨੇ 

ਜਿਸਨੇ ਰਾਮ ਨੀ ਜਾਨਿਆ, ਮਰਿ ਮਰਿ ਜਾਤੇ ਜਿਨ ਰਾਮ ਨ ਜਾਨਿਆ॥। ਇਹ ਮਰਨਾ ਸਰੀਰ ਦਾ ਮਰਨਾ ਹੈ ਅਗਿਆਨਤਾ ਦਾ ਮਰਨਾ ਹੈ। ਜੋਤ ਨਹੀਂ ਮਰਦੀ ਜੀਵ ਨਹੀਂ ਮਰਦਾ ਆਵਾਨ ਜਾਣਾ ਕਰਦਾ ਹੈ ਬਸ “ਨਹ ਕਿਛੁ ਜਨਮੈ ਨਹ ਕਿਛੁ ਮਰੈ॥ ਆਪਨ ਚਲਿਤੁ ਆਪ ਹੀ ਕਰੈ॥”ਅਤੇ ਜੀਵਤ ਮ੍ਰਿਤਕ ਹੋਣ ਵਾਲਾ ਤਾਂ ਅਮਰ ਹੋ ਜਾਂਦਾ, ਜੋ ਸਹਿਜ ਵਿੱਚ ਆ ਜਾਂਦਾ ਮਰ ਜਾਂਦਾ, ਸਹਜੇ ਮਰੇ ਅਮਰੁ ਹੋਇ ਸੋਇ॥ ਅਤੇ ਜਿਸਨੇ ਬਦੇਹੀ ਨੂੰ ਸੱਚ ਮੰਨ ਰੱਖਿਆ ਉਹਦਾ ਕੀ ਬਣਦਾ ਇਹ ਵੀ ਦੱਸਿਆ ਕਿ ਫਿਰ ਜਦੋ ਜਮ ਦਾ ਡੰਡਾ ਮੂੰਡ ਵਿੱਚ ਲੱਗੂ ਉਦੋ ਜਾਗੇਂਗਾ।

ਕਹੁ ਕਬੀਰ ਤਬ ਹੀ ਨਰੁ ਜਾਗੈ॥

ਜਮ ਕਾ ਡੰਡ ਮੂੰਡਮਹਿ ਲਾਗੈ॥

ਸੰਸਰੀ ਰਾਮ ਹੈ ਪੰਡਤ ਦਾ,  ਉਸਨੂੰ ਕਿਹਾ ਸੀ ਕਿ ਜੇ ਤੇਰੇ ਵਾਲਾ ਰਾਮ ਅਜੂਨੀ ਹੈ  ਮਰਦਾ ਨੀ ਤਾਂ ਫਿਰ ਕੌਸ਼ਲਿਆ ਦੀ ਕੁੱਖ ਵਿੱਚੋ ਕਿਉ ਪੈਦਾ ਹੋਇਆ।

ਜੌ ਕਹੌ ਰਾਮ ਅਜੌਨਿ ਅਜੂ ਅਤਿ ਕਾਹੇ ਕੌ ਕੋਸ਼ਲ ਕੁੱਖ ਜਯੋ ਜੂ॥

ਹਉਮੈ ਵਿੱਚ ਜੋ ਮਰਦਾ ਉਹ ਚਾਹੇ ਔਲੀਆਂ ਅੰਬੀਆ ਹੋਵੇ,  ਕੋਈ ਨਹੀਂ ਬਚਿਆ ਕਾਲ ਦੀ ਜਾੜ੍ਹ ਹੇਠਾਂ ਆਉਂਦਾ ਹੀ ਆਉਂਦਾ ਹੈ।

ਜਿਤੇ ਔਲੀਆ ਅੰਬੀਆ ਗੌਸ ਹ੍ਵੈਹੈਂ ॥

ਸਭੈ ਕਾਲ ਕੇ ਅੰਤ ਦਾੜਾ ਤਲੈਂ ਹੈ॥

ਜਿਹੜੀ ਸੋਚ ਹੈ ਮ੍ਰਿਤਕ ਨਾ ਹੋਣ ਵਾਲਾ ਉਹ ਨਿਰਾਕਾਰੀ ਸੂਖਮ ਸਰੂਪ ਦਾ ਹੈ।

ਉਹ ਤਾਂ ਨਿਰੰਕਾਰ ਹੈ। ਉਸੇ ਨਿੱਜ ਸਰੂਪ ਦੀ ਸੋਝੀ ਹੋਣੀ ਹੈ, ਅਤੇ ਇਹ ਬਦੇਹੀ ਜਿਹਨੂ ਸੱਚ ਮੰਨਿਆ ਹੋਇਆ ਹੈ ਇਸਨੇ ਸਦਾ ਨਹੀ ਰਹਿਣਾ। ਇਸ ਦੀ ਮੌਤ ਨੂੰ ਯਾਦ ਰੱਖਣ ਵਾਲਾ ਹੀ ਸਦੀਵੀ ਰਹਿਣ ਵਾਲੇ ਨਾਲ ਜੁੜੇਗਾ। ਜੰਮਣ ਮਰਨ ਦਾ ਭਰਮ ਟੁਟਣਾ ਹੈ। ਲੇਕਿਨ ਬਦੇਹੀ ਤਾਂਵੀ ਮਰੇਗੀ “ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥੫੨॥” ਨਿੱਜ ਸਰੂਪ ਦੀ ਸੋਝੀ ਹੋਣੀ ਜਦੋ ਉਦੋ ਪਤਾ ਲੱਗਣਾ ਆਪਣੇ ਆਪ ਦਾ।

ਜਦੋ ਗੋਬਿੰਦ ਨਾਲ ਲਿਵ ਲੱਗਣੀ ਆ ਫਿਰ ਪਤਾ ਲੱਗਣਾ ਜਨਮ ਮਰਨ ਦਾ। “ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ॥ ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥੧॥” ਫਿਰ ਇਹ ਵੀ ਪਤਾ ਲੱਗਣਾ ਕਿ

ਮਨ  ਮਹਿ ਆਪ ਮਨ ਅਪਨੇ ਮਾਹਿ॥

ਫਿਰ ਕਈ ਆਖਦੇ ਮਨ ਖਾਲਸਾ ਹੈ।

ਜਦੋ ਮਨ ਹੀ ਮਨ ਕਹਿਂਦਾ ਕਿ ਮਨ ਵਰਗਾ ਤਾਂ ਮਿਲਿਆ ਨਹੀਂ ਕੋਈ। 

ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥

ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥

ਇਹ ਸ਼ਕਤੀ ਹੈ ਮਨ ਇਸਦਾ ਫਿਰ ਦਰਸ਼ਣ ਹੋਣਾ ਜਦੋ ਤਾਂਹੀ ਕਹੂ “ਇਹੁ ਮਨੁ ਸਕਤੀ ਇਹੁ ਮਨੁ ਸੀਉ ॥ਇਹੁ ਮਨੁ ਪੰਚ ਤਤ ਕੋ ਜੀਉ॥

ਹਾਲੇ ਤਾਂ ਤਨ ਤਿੰਨਾ ਲੋਕਾਂ ਵਿੱਚ ਸਮਾਇਆ ਹੈ। ਜਦੋ ਤਿਨੇ ਲੋਕ ਤਨ ਵਿੱਚ ਸਮਾਂ ਜਾਣ ਫਿਰ ਹੋਣਾ “ ਬ੍ਰਹਮਗਿਆਨੀ ਕੇ ਮਨ ਪਰਗਾਸ  ਜੈਸੇ  ਧਰ ਉਪਰ ਅਕਾਸ॥” ਮਨ ਨੇ ਚਿੱਤ ਹੋ ਕੇ ਹੁਕਮ ਅੱਗੇ ਹਾਰ ਕੇ ਮਨੁ ਹੋਣਾ ਏਕੇ ਵਿੱਚ ਆਉਣਾ ਹੁਕਮ ਦੇ ਨਾਲ।

ਜਉ ਤ੍ਰਿਭਵਣ ਤਨ ਮਾਹਿ ਸਮਾਵਾ॥ ਤਉ ਤਤਹਿ ਤਤ ਮਿਲਿਆ ਸਚੁ ਪਾਵਾ॥” ਜਦੋਂ ਤਿੰਨੇ ਭਵਣਾਂ ਦਾ ਗਿਆਨ ਹੋ ਗਿਆ, ਜੋਤ ਦੀ ਸੋਝੀ ਹੋ ਗਈ, ਅਗਿਆਨਤਾ ਦੂਰ ਹੋ ਗਈ, ਫੇਰ ਤਿੰਨੇ ਭਵਣ ਬ੍ਰਹਮ ਦੇ ਵਿੱਚੇ ਨੇ ਤੇ ਸੱਚ ਦੀ ਪ੍ਰਾਪਤੀ ਹੋਣੀ। ਜਾਗ ਜਾਂਦਾ ਹੈ ਜੀਵ। ਪਤਾ ਚੱਲ ਜਾਂਦੈ ਕਿ ਮੈਂ ਕੌਣ ਹਾਂ। ਫੇਰ ਸੱਚਖੰਡ ਵਿੱਚ ਹੋਣ ਦਾ ਪਰਮ ਅਹਿਸਾਸ ਹੁੰਦਾ ਹੈ। ਜਦੋਂ ਤਕ ਜਾਗਦਾ ਨਹੀਂ ਮਰਿਆ ਹੋਇਆ ਹੈ ਜਾਂ ਸੁੱਤਾ ਪਿਆ ਹੈ “ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥”, “ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥“। ਪਰਮੇਸਰ ਪ੍ਰੇਮ ਮਾਰਗ ਤੇ ਸਿਰ ਤਲੀ ਤੇ ਧਰ ਕੇ ਜਾਣਾ ਪੈਂਦਾ ਅਰਥ ਮੈਂ ਮਾਰਨੀ ਪੈਂਦੀ “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥੨੦॥” ਕਬੀਰ ਜੀ ਨੇ ਸੂਰਮਾਂ ਵੀ ਉਸਨੂੰ ਹੀ ਮੰਨਿਆ ਹੈ ਜੋ ਦੀਨ/ਧਰਮ ਲਈ ਵਿਕਾਰਾਂ ਨਾਲ ਜੰਗ ਕਰੇ ਤੇ ਵਿਚਾਰ ਤੋਂ ਇਸ ਜੰਗ ਤੋਂ ਭੱਜੇ ਨਾਂ “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥੨॥”। ਜਿਸਨੂੰ ਇਹ ਸਮਝ ਆ ਗਿਆ ਕੇ ਸਰੀਰ ਦਾ ਮਰਨਾ ਮਰਨਾ ਨਹੀਂ ਹੈ, ਘਟ ਅੰਦਰਲੀ ਜੋਤ ਅਮਰ ਅਜਰ ਹੈ ਫੇਰ ਉਹ ਗਿਆਨ ਖੜਗ ਲੈ ਕੇ ਪਹਿਲਾਂ ਮਨ ਨਾਲ ਲੜਦਾ ਹੈ ਵਿਕਾਰ ਕਾਬੂ ਕਰਦਾ ਹੈ ਨਾਮ (ਸੋਝੀ) ਨਾਲ “ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥੩॥”। ਸੰਸਾਰੀ ਜੀਵਨ ਦੀ ਆਸ ਛੱਡ ਉਹੀ ਪਰਮ ਯੋਦਾ, ਸੂਰਮਾ ਬਣਦਾ ਹੈ ਫੇਰ ਭਾਵੇਂ ਹਾਥੀ ਦੇ ਪੈਰ ਥੱਲੇ ਸਿਰ ਹੋਵੇ, ਤੱਤੀ ਤਵੀ ਹੋਵੇ ਯਾਂ ਨੀਹਾਂ ਦੇ ਵਿੱਚ ਚਿਣਿਆ ਜਾ ਰਹਿਆ ਹੋਵੇ। ਡਰ ਮੁੱਕ ਜਾਂਦਾ ਸਰੀਰ ਦੇ ਮਰਨ ਦਾ ਭੈ ਨਹੀਂ ਰਹਿੰਦਾ।

ਅਗਿਆਨਤਾ ਵਿੱਚ ਸੁੱਤੇ ਨੂੰ ਵੀ ਮਰਿਆ ਹੋਇਆ ਮੰਨਿਆ ਹੈ ਗੁਰਮਤਿ ਨੇ “ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥” – ਸੱਚੇ ਦੇ ਗੁਣਾਂ ਦੀ ਜਦੋਂ ਤਕ ਵਿਚਾਰ ਨਹੀਂ ਕਰਦਾ, ਜਦੋਂ ਤਕ ਗਿਆਨ ਨਹੀਂ ਹੈ ਉਦੋਂ ਤਕ ਮਰਿਆ ਹੀ ਹੋਇਆ ਹੈ। “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥” ਇਹ ਨਹੀਂ ਮੰਨਦੇ ਨਾ ਕਰਦੇ ਤੇ ਵਿਚਾਰ ਤੋਂ ਭੱਜਦੇ ਨੇ। ਅਨੇਕਾਂ ਉਦਾਹਰਣ ਨੇ ਗੁਰਬਾਣੀ ਵਿੱਚ ਜਿਵੇਂ

”ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ॥੧॥”

”ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ॥ ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ॥੨॥ ”

”ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ॥ ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ॥੫॥ ”

“ਸੰਗਿ ਹੋਵਤ ਕਉ ਜਾਨਤ ਦੂਰਿ॥ ਸੋ ਜਨੁ ਮਰਤਾ ਨਿਤ ਨਿਤ ਝੂਰਿ॥੨॥”

ਇਸ ਕਾਰਣ ਗੁਣਾਂ ਦੀ ਵਿਚਾਰ, ਗੁਰਮਤਿ ਦੀ ਵਿਚਾਰ ਤੋਂ ਬਿਨਾਂ, ਗਿਆਨ/ਨਾਮ/ਸੋਝੀ ਤੋਂ ਬਿਨਾਂ ਮਨੁੱਖ ਮਰੇ ਹੋਏ ਬਰਾਬਰ ਹੈ। ਸੁੱਕਾ ਹੈ ਤੇ ਗਿਆਨ ਨੇ ਹਰਿਆ ਕਰਨਾ ਇਸਨੂੰ। ਜੀਵਿਤ ਕਰਨਾ। ਭਾਈ ਗੁਰਮਤਿ ਲਵੋ। ਬਾਣੀ ਨੂੰ ਪੜ੍ਹੋ ਸਾਰੇ ਅਰਥ ਬਾਣੀ ਵਿੱਚੋਂ ਹੀ ਮਿਲਦੇ ਨੇ। ਬਾਣੀ ਆਪਣੇ ਆਪ ਵਿੱਚ ਸਮਰੱਥ ਹੈ ਅਰਥ ਦੱਸਣ ਲਈ। ਗੁਰਬਾਣੀ ਦਰਜ ਕਰਨ ਵਾਲੇ ਭਗਤ ਸੀ ਦਾਸ ਸੀ ਜਿਹਨਾਂ ਨੂੰ ਧੁਰੋਂ ਬਾਣੀ ਦਾ ਪਰਗਾਸ ਹੋਇਆ। ਇਸ ਬਾਣੀ ਨੂੰ ਆਪਣੀ ਆਪਣੀ ਮਤਿ ਲਗਾ ਕੇ ਦੁਨਿਆਵੀ ਅਰਥ ਟੀਕਿਆਂ ਵਿੱਚ ਲਿਖੇ ਹਨ। ਅਨੇਕ ਟੀਕੇ ਹਨ ਜਿਹਨਾਂ ਦੀ ਸੋਚ ਇੱਕ ਦੂਜੇ ਨਾਲ ਨਹੀਂ ਮਿਲਦੀ। ਹੁਕਮ ਨਹੀਂ ਬੂਝ ਸਕਦੇ ਟੀਕਿਆਂ ਰਾਹੀਂ। ਗੁਰਮਤਿ ਹੁਕਮ ਦੀ ਸੋਝੀ ਕਰਾਉਂਦੀ ਹੈ ਤੇ ਆਖਦੀ ਹੈ ਕੇ “ਹੁਕਮੁ ਬੂਝੈ ਸੋਈ ਪਰਵਾਨੁ॥”। ਇਸ ਲਈ ਜੇ ਬਾਣੀ ਨਾਲ ਪ੍ਰੇਮ ਹੈ ਗੁਰ ਦੀ ਮਤਿ ਲੈਣ ਦੀ ਇੱਛਾ ਹੈ ਤਾਂ ਬਾਣੀ ਪੜ੍ਹ ਕੇ ਵਿਚਾਰੋ ਤੇ ਸ਼ਬਦਾਂ ਦੇ ਅਰਥ ਬਾਣੀ ਵਿੱਚੋਂ ਹੀ ਲਵੋ।

ਅਸੀਂ ਗੁਰਬਾਣੀ ਨੂੰ ਪ੍ਰੇਮ ਬਹੁਤ ਕਰਦੇ ਹਾਂ। ਗੁਰਬਾਣੀ ਦੀ ਬੇ-ਅਦਬੀ ਲਈ ਮਰਨ ਮਾਰਨ ਲਈ ਤਿਆਰ ਰਹਿੰਦੇ ਹਾਂ। ਜਦੋਂ ਗਲ ਗੁਰਬਾਣੀ ਦੇ ਮੰਨਣ ਦੀ ਆ ਜਾਵੇ ਵਿਚਾਰ ਕਰਨ ਦੀ ਆ ਜਾਵੇ ਤਾਂ ਸਿਖ ਕੋਈ ਨਹੀਂ ਲਭਦਾ। ਸਿਖੀ ਦੇ ਨਾਂ ਜਥੇਬੰਦੀਆਂ ਆਪਸ ਵਿੱਚ ਹੀ ਲੜਦੀਆਂ ਨਜ਼ਰ ਆਉਂਦੀਆਂ ਹਨ। ਜਦੋਂ ਕੋਈ ਸਿੱਖ ਨਹੀਂ ਰਹਿਆ, ਵਿਚਾਰ ਨਹੀਂ ਕਰ ਰਹਿਆ ਤਾਂ ਗੁਰਬਾਣੀ ਦੀ ਸਿਖਿਆ ਕਿਸਨੇ ਲੈਣੀ ਹੈ? ਗੁਰਬਾਣੀ ਤਾਂ ਆਤਮ ਗਿਆਨ ਦੀ ਗਲ ਕਰਦੀ ਹੈ। ਗੁਰਬਾਣੀ ਤਾਂ ਵਿਚਾਰ ਕਰਨ ਨੂੰ ਕਹਿ ਰਹੀ ਹੈ “ਸਿਖੀ ਸਿਖਿਆ ਗੁਰ ਵੀਚਾਰਿ ॥”

ਗੁਰਬਾਣੀ ਅੰਦਰ ਕਿਸੇ ਕੌਮ ਦਾਰਾਜ ਦਾ ਤਾਂ ਕੋਈ ਜਿਕਰ ਹੀ ਨਹੀਂ। ਗੁਰਬਾਣੀ ਅੰਦਰ ਕਿਸੇ ਮਰਿਆਦਾ ਦੀ ਵੀ ਕੋਈ ਗਲ ਨਹੀਂ ਸਾਡੇ ਲਈ ਫੁਰਮਾਨ ਹੈ ਕੇ ”ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ॥”

To continue…