Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਉਦਮ

ਉਦਮੁ ਦਾ ਅਰਥ ਹੁੰਦਾ ਕੋਸ਼ਿਸ਼। ਗੁਰਮਤਿ ਅਨੁਸਾਰ ਮਨੁੱਖ ਦੀ ਸੋਚ ਹੀ ਉਦਮ ਹੈ ਕੋਸ਼ਿਸ਼ ਹੈ ਜਤਨ ਹੈ। ਮਨੁੱਖ ਕਈ ਪ੍ਰਕਾਰ ਦੇ ਉਦਮ/ਜਤਨ ਨਿਤ ਕਰਦਾ। ਮਾਇਆ ਦੀ ਪ੍ਰਾਪਤੀ ਲਈ। ਵਿਕਾਰਾਂ ਕਾਰਣ। ਵਿਕਾਰ ਮਨ ਵਿੱਚ ਉਠਦੀਆਂ ਲਹਿਰਾਂ ਹਨ। ਬਿਅੰਤ ਹਨ। ਅਨੇਕਾਂ ਉਦਾਹਰਣ ਦੇ ਕੇ ਪਾਤਿਸ਼ਾਹ ਸਮਝਾਉਂਦੇ ਹਨ ਕੇ ਸੋਚਣ ਨਾਲ ਕੁੱਝ ਨਹੀਂ ਹੁੰਦਾ। ਗੁਰਮਤਿ ਕਰਮ (ਕੰਮ/ਕੋਸ਼ਿਸ਼) ਦੀ ਥਾਂ ਹੁਕਮ ਦੀ ਗਲ ਕਰਦੀ ਮਨ ਵਿੱਚ ਉੱਠਣ ਵਾਲੀਆਂ ਅਨੇਕਾਂ ਤਰੰਗਾਂ ਨੂੰ ਸ਼ਾਂਤ ਕਰਨ ਦੇ ਤਰੀਕੇ ਦੱਸਦੀ। ਜਦੋਂ ਕਹਿਆ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥” ਤਾਂ ਇਹੀ ਸਮਝਾਇਆ ਹੈ ਕੇ ਤੇਰੇ ਸੋਚਣ ਨਾਲ ਕੁੱਝ ਨਹੀਂ ਹੋਣਾ ਕੇਵਲ ਟੈਂਸ਼ਨ ਹੀ ਵਧਣੀ। ਕਿਉਂਕੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥”। ਪਰ ਮਨੁੱਖ ਨੂੰ ਇਹੀ ਉਦਮ ਸੌਖੇ ਲਗਦੇ ਹਰਿ ਦਾ ਗਿਆਨ ਲੈਣ ਨਾਲੋਂ “ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ॥੨॥”, “ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ॥ ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ॥੧॥ “

ਮਨ ਉਦਮ ਨਹੀਂ ਛੱਡਦਾ “ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥” ਮਹਾਰਾਜ ਆਖਦੇ ਤੂੰ ਉਦਮ ਬਾਰੇ ਸੋਚਣਾ ਬੰਦ ਕਰ ਜਿਸਨੇ ਸੈਲ ਪੱਥਰ ਦੇ ਵਿੱਚ ਰਿਜਕ ਪਹੁੰਚਾਣਾ ਉਹ ਤੇਰਾ ਵੀ ਧਿਆਨ ਰੱਖਦਾ। ਅਸਲ ਗਲ ਹੈ ਕੇ ਮਨੁੱਖ ਨੂੰ ਇਸ ਗਲ ਦਾ ਭਰੋਸਾ ਨਹੀਂ ਕੇ ਉਸਦੇ ਕੀਤਿਆਂ ਕੁਝ ਨਹੀਂ ਹੁੰਦਾ ਜੋ ਹੁੰਦਾ ਹੁਕਮ ਵਿੱਚ ਹੁੰਦਾ। ਜੇ ਉਦਮ ਕਰਨਾ ਹੀ ਹੈ ਤਾਂ ਹਰਿ ਦਾ ਗਿਆਨ ਹਰਿ ਦੀ ਸੋਝੀ ਲੈਣ ਦਾ ਉਦਮ ਕਰ “ਸਗਲ ਉਦਮ ਮਹਿ ਉਦਮੁ ਭਲਾ॥ ਹਰਿ ਕਾ ਨਾਮੁ ਜਪਹੁ ਜੀਅ ਸਦਾ॥”। ਪਰ ਅੱਜ ਦਾ ਸਿੱਖ ਗੁਰਮਤਿ ਦੀ ਵਿਚਾਰ ਤੋਂ ਖੋਜ ਤੋਂ ਦੂਰ ਭੱਜਦਾ। ਪਖੰਡ ਕਰ ਲਊ, ਮੱਥੇ ਰਗੜ ਲਊ, ਹੋਰ ਬਹੁਤ ਕੁੱਝ ਕਰ ਲਊ ਪਰ ਜਿਸਨੂੰ ਆਪਣਾ ਇਸ਼ਟ ਦੱਸਦਾ ਉਸਦੀ ਗਲ ਸੁਣ ਕੇ ਸਮਝ ਕੇ ਮੰਨਣ ਨੂੰ ਤਿਆਰ ਨਹੀਂ। ਅਸਲ ਵਿੱਚ ਹਰਿ ਦਾ ਗਿਆਨ ਲੈਣ ਦਾ ਉਦਮ ਵੀ ਮਨੁਖ ਦੇ ਆਪਣੇ ਵੱਸ ਨਹੀਂ ਇਹ ਕੇਵਲ ਸਮਝਾਉਣ ਲਈ ਕਹਿਆ ਕੇ ਜੇ ਉਦਮ ਕਰਨਾ ਤੇ ਹਰਿ ਦੀ ਸੋਝੀ ਲੈਣ ਦਾ ਕਰ। ਇਹ ਉਸਦੇ ਕਰਮ (ਨਦਰ), ਗੁਰ ਪ੍ਰਸਾਦ ਨਾਲ ਹੀ ਹੋਣਾ ਨਹੀਂ ਤਾਂ ਕਈ ਵਾਰ ਬੇਸ਼ਕੀਮਤੀ ਵਸਤੂ ਸਾਮਣੇ ਪਈ ਹੋਵੇ ਲੋਕ ਅਨਦੇਖਾ ਕਰਕੇ ਲੰਘ ਜਾਂਦੇ ਹਨ। ਗੁਰਮਤਿ ਗਿਆਨ ਦਾ ਖਜਾਨਾ ਸਾਡੇ ਸਾਮਣੇ ਹੁੰਦਾ ਅਸੀਂ ਕੇਵਲ ਸ਼ਰਦਾ ਨਾਲ ਮੱਥਾ ਟੇਕ ਕੇ ਗਾਹਾਂ ਲੰਘ ਜਾਂਦੇ ਹਾਂ।

“ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥” ਫੇਰ ਮਹਾਰਾਜ ਆਖਦੇ ਤੂੰ ਸਤਿ ਦੀ ਸੰਗਤ ਕਰ। ਸੱਚ/ਸਤਿ ਦੀ ਸੰਗਤ ਕੀਤਿਆਂ ਹੀ ਜੀਵ ਤਰਦਾ। ਸੱਚ ਗੁਰਮਤਿ ਕੇਵਲ ਅਕਾਲ/ਜੋਤ/ਪ੍ਰਭ/ਹੁਕਮ ਨੂੰ ਮੰਨਦੀ ਜੋ ਅਖਰ ਹੈ ਖਰਦਾ ਨਹੀਂ ਅਮਰ ਹੈ ਮਰਦਾ ਨਹੀਂ, ਅਜਰ ਹੈ ਜਰਦਾ ਨਹੀਂ, ਘੱਟ ਵੱਧ ਨਹੀਂ ਹੁੰਦਾ, ਬਿਨਸਦਾ ਨਹੀਂ ਸਦੀਵ ਰਹਿਣ ਵਾਲਾ ਹੈ। ਮੰਨਣ ਨੂੰ ਤਿਆਰ ਨਹੀਂ ਕੇ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥”। ਮਾਇਆ ਝੂਠ ਹੈ ਜਗ ਰਚਨਾ ਸਬ ਝੂਠ ਹੈ ਬਾਰੂ (ਰੇਤੇ) ਦੀ ਕੰਧ ਵਾਂਗ ਹੈ ਕਿਉਂਕੇ ਅੱਜ ਹੈ ਕੱਲ ਨਹੀਂ ਰਹਿਣਾ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥”। ਸੱਚ ਦੀ ਸੰਗਤ ਕਿਵੇਂ ਹੁੰਦੀ? ਹੁਕਮ ਦਾ ਗਿਆਨ ਲੈਕੇ। ਨਾਮ (ਸੋਝੀ) ਪ੍ਰਾਪਤ ਕਰਕੇ।ਜਦੋਂ ਘਟ ਅੰਦਰਲੀ ਜੋਤ ਦਾ ਆਪਣੇ ਮੂਲ ਦਾ ਗਿਆਨ ਹੋ ਜਾਵੇ ਉਹ ਸੱਚ ਦੀ ਸੰਗਤ ਹੈ ਸਤਿਸੰਗਤ ਹੈ ਨਾ ਕੇ ਲੋਕਾਂ ਦਾ ਇਕੱਠ ਸਤਿਸੰਗਤ ਹੈ। ਗਿਆਨ ਚਰਚਾ ਵੀ ਸਤਿ ਸੰਗਤ ਨਹੀਂ ਹੈ, ਸਤਿ ਦੀ ਸੋਝੀ ਹੋਣ ਤੇ ਹੀ ਸਤਿ ਸੰਗਤ ਹੋਣੀ।

“ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥” – ਗੁਰ ਪ੍ਰਸਾਦ ਅਰਥ ਗੁਣਾਂ ਦੀ ਸੋਝੀ, ਜੋਤ ਦੇ ਗੁਣਾਂ ਦੀ ਸੋਝੀ ਹੋਣ ਤੇ ਹੀ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਤੇ ਅਗਿਆਨਤਾ ਵਿੱਚ ਸੁੱਕੇ ਮਨੁਖ ਦੀ ਬਿਰਤੀ/ਬੁਧ ਨੂੰ ਨਾਮ/ਗਿਆਨ/ਸੋਝੀ ਦੇ ਅੰਮ੍ਰਿਤ ਨਾਲ ਹਰਿਆ ਕਰਦੀ ਹੈ। ਨਾਮ (ਸੋਝੀ) ਨਾਲ ਹੀ ਮਨ ਦੀ ਹੋਂਦ ਖਤਮ ਹੋਕੇ ਹਰਿਆ ਹੋਣਾ ਹਰਿ ਦੀ ਪ੍ਰਾਪਤੀ ਘਟ ਅੰਦਰ ਹੀ ਹੋਣੀ। “ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥”

“ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ॥ ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥” – ਜਨਿਨ (ਮਾਤ ਲੋਕ ਵਿੱਚ ਪੈਦਾ ਕਰਣ ਵਾਲੀ ਮਾਂ), ਪਿਤਾ, ਲੋਕ (ਦੁਨੀਆਂ ਦੇ ਵਸਨੀਕ ਪ੍ਰਾਣੀ), ਸੁਤ (ਧੀ/ਪੁੱਤਰ), ਬਨਿਤਾ (ਵੁਹਟੀ/ਘਰਵਾਲੀ) ਕੋਈ ਨਹੀਂ ਕੁਝ ਕਰ ਸਕਦਾ, ਜੇ ਤੇਰੇ ਵੱਸ ਵਿੱਚ ਕੁਝ ਨਹੀਂ ਤਾਂ ਉਹਨਾਂ ਦੇ ਵੱਸ ਵਿਛ ਕੁੱਝ ਨਹੀਂ। ਸਿਰ ਸਿਰ ਰਿਜਕ (ਹਰੇਕ ਜੀਵ) ਦਾ ਰਿਜਕ ਠਾਕੁਰ(ਪ੍ਰਭ/ਕਾਲ/ਹੁਕਮ) ਆਪ ਸਾਂਭਦਾ ਤੂੰ ਭੈ ਕਿਉਂ ਰੱਖਿਆ। ਅਸਲ ਵਿੱਚ ਜੀਵ ਨੂੰ ਹਮੇਸ਼ਾ ਡਰ ਲੱਗਿਆ ਰਹਿੰਦਾ ਹੈ ਕੇ ਕਲ ਭੋਜਨ ਮਿਲੂ ਕੇ ਨਹੀਂ, ਘਰ ਬਣੂ ਕੇ ਨਹੀਂ, ਨੌਕਰੀ ਰਹੂ ਜਾਂ ਨਹੀਂ। ਮਾਨ ਅਪਮਾਨ, ਲਾਭ ਹਾਨੀ, ਜੀਵਨ ਮਰਨ ਦੇ ਭੈ ਹਨ। ਹਰ ਪਲ ਕੋਈ ਨਾ ਕੋਈ ਭੈ ਲੱਗਿਆ ਰਹਿੰਦਾ ਕਿਉਂਕੇ ਮਨੁੱਖ ਨੂੰ ਭਰੋਸਾ ਨਹੀਂ। ਗੁਰਮਤਿ ਇਹੀ ਡਰ ਮਨੁੱਖ ਦਾ ਖਤਮ ਕਰਦੀ ਹੁਕਮ ਦੀ ਸੋਝੀ ਦੇ ਕੇ। ਭੈ/ਡਰ ਇੱਕ ਵੱਡਾ ਵਿਕਾਰ ਹੈ। ਮਨੁੱਖ ਦੇ ਸਿਰ ਤੇ ਭਾਰ ਹੈ “ਆਲ ਜਾਲ ਮਾਇਆ ਜੰਜਾਲ॥ ਹਉਮੈ ਮੋਹ ਭਰਮ ਭੈ ਭਾਰ॥ ਦੂਖ ਸੂਖ ਮਾਨ ਅਪਮਾਨ ॥”

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥ – ਇਥੇ ਉਦਾਹਰਣ ਹੈ ਸੈ ਕੋਸਾ ਪੰਛੀ ਦਾ ਜੋ ਉੱਡ ਕੇ ਹਜਾਰਾਂ ਕੋਸ ਦੂਰ ਚਲੇ ਜਾਂਦੇ ਨੇ। ਪਾਤਿਸ਼ਾਹ ਪੁੱਛਦੇ ਨੇ ਉਹਨਾਂ ਦੇ ਉੱਡ ਜਾਣ ਮਗਰੋਂ ਉਹਨਾਂ ਦੇ ਦਿੱਤੇ ਆਂਡਿਆਂ ਦੀ ਰਾਖੀ ਕੌਣ ਕਰਦਾ। ਉਹਨਾਂ ਵਿੱਚੋਂ ਬੱਚੇ ਨਿਕਲ ਵੀ ਜਾਂਦੇ ਨੇ ਪਲ ਵੀ ਜਾਂਦੇ ਨੇ। ਆਖਦੇ ਤਿਨ ਕਵਣ ਖਿਲਾਵੈ, ਉਹਨਾਂ ਨੂੰ ਕੌਣ ਖਿਲਾਉਂਦਾ ਹੈ ਕੌਣ ਪਾਲਦਾ ਹੈ। ਜਿਸਨੇ ਪੈਦਾ ਕੀਤੇ ਨੇ ਚਿੰਤਾ ਉਸਦੀ ਹੈ ਤੁਸੀਂ ਕਿਸ ਵਾਸਤੇ ਚਿੰਤਾ ਕਰਦੇ ਹੋਂ।

ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥ ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੫॥ – ਸਭਿ ਨਿਧਾਨ (ਜਿਤਨੇ ਖਜਾਨੇ ਨੇ) ਜੋ ਦਿਸਦੇ ਹਨ, ਦਸ ਅਸਟ ਸਿਧਾਨ – ੧੮ ਸਿੱਧੀਆਂ ਇਹ ਮਨੁਖ ਦੇ ਕਬਜੇ ਜਾਂ ਕਾਬੂ ਵਿੱਚ ਨਹੀਂ ਹਨ। ਇਹ ਮਨੁੱਖ ਦਾ ਭੁਲੇਖਾ ਹੈ ਕੇ ਉਹ ਖਜਾਨੇ ਸਿਧਿਆਂ ਆਦੀ ਤੇ ਕਾਬੂ ਕਰ ਸਕਦਾ ਹੈ। ਠਾਕੁਰ ਕਰ ਤਲ ਧਰਿਆ – ਇਹ ਸਬ ਠਾਕੁਰ ਦੇ ਤਲੀ (ਹੱਥ) ਵਿੱਚ ਧਰਿਆ ( ਕਾਬੂ) ਵਿੱਚ ਹਨ, ਉਸਦੇ ਹੁਕਮ ਵਿੱਚ ਹਨ ਤੇ ਸਾਨੂੰ ਠਾਕੁਰ ਨਹੀਂ ਦਿਸਦਾ। ਨਾਨਕ ਪਾਤਿਸ਼ਾਹ ਆਪਣੇ ਆਪ ਨੂੰ ਜਨ ਕਹ ਰਹੇ ਨੇ ਉਸਨੂੰ ਬਲਿਹਾਰ ਜਾਂਦੇ ਨੇ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਹੁਕਮ ਦੀ ਸੋਝੀ ਹੋਣ ਨਾਲ ਉਦਮੁ ਖਤਮ ਹੋ ਜਾਂਦੇ ਹਨ, ਮਨ ਵਿੱਚ ਉਠਣ ਵਾਲੀਆਂ ਵਿਕਾਰਾਂ ਦੀਆਂ ਲਹਿਰਾਂ ਸ਼ਾਂਤ ਹੋ ਜਾਂਦੀਆਂ ਹਨ। ਭਰੋਸਾ ਵੱਧਦਾ ਹੈ ਤੇ ਮਨੁੱਖ ਦਾਸ ਬਣ ਜਾਂਦਾ ਹੈ। ਇਹੀ ਡਰ ਜਦੋੰ ਖਤਮ ਹੋ ਜਾਂਦਾ ਹੈ ਵਿਕਾਰਾਂ ਤੇ ਕਾਬੂ ਹੋ ਜਾਂਦਾ ਹੈ ਤਾਂ ਆਨੰਦ ਦੀ ਅਵਸਥਾ ਬਣ ਜਾਂਦੀ ਹੈ।

ਦਾਸ ਬਣਕੇ ਹੁਕਮ ਮੰਨਕੇ ਫਿਰ ਇਹੀ ਆਸ ਰਹਿ ਜਾਂਦੀ ਹੈ ਕੇ “ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ॥ ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ॥੧॥”

”ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ॥ ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ॥੧॥ ਹਮਰੇ ਪਿਤਾ ਗੋਪਾਲ ਦਇਆਲ॥ ਜਿਉ ਰਾਖੈ ਮਹਤਾਰੀ ਬਾਰਿਕ ਕਉ ਤੈਸੇ ਹੀ ਪ੍ਰਭ ਪਾਲ॥੧॥ ਰਹਾਉ॥ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ॥ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ॥”

”ਜੋ ਜਨੁ ਭਗਤੁ ਦਾਸੁ ਨਿਜੁ ਪ੍ਰਭ ਕਾ ਸੁਣਿ ਜੀਵਾਂ ਤਿਸੁ ਸੋਇ॥ ਉਦਮੁ ਕਰਉ ਦਰਸਨੁ ਪੇਖਨ ਕੌ ਕਰਮਿ ਪਰਾਪਤਿ ਹੋਇ॥੧॥ ਗੁਰਪਰਸਾਦੀ ਦ੍ਰਿਸਟਿ ਨਿਹਾਰਉ ਦੂਸਰ ਨਾਹੀ ਕੋਇ॥ ਦਾਨੁ ਦੇਹਿ ਨਾਨਕ ਅਪਨੇ ਕਉ ਚਰਨ ਜੀਵਾਂ ਸੰਤ ਧੋਇ॥”

”ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ॥ ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ॥੧॥ ਹਮ ਹਰਿ ਸੁਆਮੀ ਪ੍ਰੀਤਿ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ॥ ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ॥੨॥”

”ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ॥ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ॥੧॥ ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ॥ ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ॥੧॥”

To be continued…