Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰੋਗ ਅਤੇ ਔਸ਼ਧੀ

ਹਾਡ ਮਾਸ ਦੇ ਬਣੇ ਸਰੀਰ ਦੇ ਰੋਗ ਤੇ ਮਨ ਦੇ ਰੋਗ ਵੱਖਰੇ ਹਨ। ਗੁਰੂ ਸਾਹਿਬਾਂ ਨੇ ਤਾਂ ਸਰੀਰ ਦੇ ਰੋਗ ਦੂਰ ਕਰਨ ਲਈ ਕਈ ਦਵਾਖਾਨੇ ਖੋਲੇ ਸੀ ਪਰ ਅੱਜ ਪਖੰਡੀਆਂ ਨੇ ਉਹਨਾਂ ਗੁਰੂਆਂ ਦਾ ਨਾਮ ਵਰਤ ਕੇ ਲੋਕਾਂ ਨੂੰ ਕੁਰਾਹੇ ਹੀ ਪਾਇਆ ਹੈ। ਧਰਮ ਦੇ ਨਾਮ ਤੇ ਪਖੰਡ ਦਾ ਵਪਾਰ ਕਰ ਰਹੇ ਨੇ। ਧਾਰਮਿਕ ਸਥਾਨ ਰੱਖੇ ਹੋਏ ਨੇ ਪਖੰਡੀਆਂ ਨੇ ਸਰੀਰ ਦੇ ਰੋਗਾਂ ਦਾ ਇਲਾਜ ਕਰਨ ਦਾ ਦਾਅਵਾ ਕਰਦੇ ਨੇ ਜਿਵੇਂਃ

ਅੱਖਾਂਃ ਅੱਖਾਂ ਦੇ ਰੋਗਾਂ ਲਈ ਨੈਣਾ ਦੇਵੀ,
ਲਕਬਾਂ ਮੂੰਹ ਵੀਂਗਾ ਹੋਣਾ : ਗੁਰੂਦਵਾਰਾ ਦਮ ਦਮਾ ਸਾਹਿਬ ਤਲਵੰਡੀ ਸਾਬੋ ,
ਮਾਨਸਿਕ ਰੋਗੀ: ਡੇਰਾ ਵਡਭਾਗ ਸਿੰਘ ,
ਹੱਡੀ, ਚਮੜੀ ਦੇ ਰੋਗ : ਗੁਰੂਦਵਾਰਾ ਮਾਲੜੀ ਸਾਹਿਬ ਨਕੋਦਰ, ਬਾਬਾ ਸਿੱਧ ਸਰਸਾਈ।
ਕੋਹੜ ਦਾ ਰੋਗ : ਸਰੋਵਰ ਦਰਬਾਰ ਸਾਹਿਬ ਅੰਮ੍ਰਿਤਸਰ,
ਬੱਚੇ ਨਾ ਹੋਣਾ ਮੁੱਖ ਤੌਰ ਤੇ ਮੁੰਡੇ : ਗੁਰੂਦਵਾਰਾ ਬੀੜ ਬਾਬਾ ਬੁੱਢਾ ਸਾਹਿਬ , ਤੇ ਗੁਰੂਦਵਾਰਾ ਭਾਈ ਸਾਲ੍ਹੋ ਜੀ ,
ਬੁਖਾਰ: ਗੁਰੂਦਵਾਰਾ ਤਈਆ ਤਾਪ ਸਾਹਿਬ ਪਿੰਡ ਡੱਲਾ ਜਿਲ੍ਹਾ ਕਪੂਰਥਲਾ ਅਤੇ ਗੁਰਦੁਆਰਾ ਦੁੱਖ ਨਿਵਾਰਨ, ਲੁਧਿਆਣਾ।
ਸਿਹਤ ਦੀ ਕਮਜ਼ੋਰੀ ਤੇ ਕੱਦ ਨਾ ਵੱਧਣਾ : ਗੁਰੂਦਵਾਰਾ ਨਾਨਕਸਰ ਵੇਰਕਾ ਜਿੱਥੇ ਭੜੋਲੀ ਤੇ ਡਾਂਗ ਸੁੱਖੀ ਜਾਂਦੀ ਹੈ।
ਮੱਝ ਤੇ ਗਾਵਾਂ ਦੇ ਸਪੈਸ਼ਲਿਸਟ : ਬਾਬਾ ਸ਼ੇਖ਼ ਫੱਤਾ।

ਪਾਖੰਡੀ ਸਾਧ, ਪ੍ਰਚਾਰਕ, ਡੇਰੇਦਾਰ, ਗਿਆਨੀ ਲੋਕਾਂ ਨੂੰ ਮੱਥੇ ਟੇਕ ਕੇ, ਤੀਰਥ ਜਾ ਕੇ, ਝੂਠਾ ਖੁਆ ਕੇ ਤੇ ਕਿਸੀ ਸ਼ਬਦ ਰਾਹੀਂ ਠੀਕ ਕਰਨ ਦਾ ਦਾਅਵਾ ਕਰਦੇ ਨੇ ਤੇ ਜਦੋਂ ਆਪਣੇ ਮਾੜੀ ਜਹੀ ਪੀੜ ਹੁੰਦੀ ਹੈ ਤਾ ਹਸਪਤਾਲ ਪਹੁੰਚੇ ਹੁੰਦੇ ਨੇ। ਲੋਕਾਂ ਨੂੰ ਸ਼ਰੇਆਮ ਮੂਰਖ ਬਣਾਇਆ ਜਾ ਰਹਿਆ ਹੈ ਗੁਰਮਤਿ ਦਾ ਨਾਮ ਵਰਤ ਕੇ, ਤੇ ਜੇ ਇਹੀ ਕੰਮ ਈਸਾਈ ਪਾਸਟਰ ਕਰਨ ਤੁਹਾਡੀ ਦੇਖਾ ਦੇਖੀ ਤਾਂ ਉਹਨਾਂ ਨੂੰ ਪਖੰਡੀ ਆਖ ਦਿੰਦੇ ਨੇ। ਇਹ ਨਹੀਂ ਸਮਝ ਆ ਰਹਿਆ ਕੇ ਸਾਡੇ ਧਰਮੀ ਅਖੌਣ ਵਾਲਿਆਂ ਦੇ ਕੀਤੇ ਪਖੰਡ ਦੇ ਕਾਰੋਬਾਰ ਕਾਰਨ ਹੀ ਪਾਸਟਰਾਂ ਤੇ ਡੇਰਿਆਂ ਦਾ ਕੰਮ ਸੌਖਾ ਹੋਇਆ ਹੈ। ਲੋਕਾਂ ਨੂੰ ਜਿੱਥੇ ਵੱਡਾ ਲਾਲਚ ਦਿਸਦਾ ਹੈ ਉਧਰ ਤੁਰ ਪੈਂਦੇ ਹਨ। ਪਾਖੰਡ ਬਾਰੇ ਸਾਡਾ ਲੇਖ ਪੜ੍ਹੋ “ਸਿੱਖੀ ਅਤੇ ਪਖੰਡ

ਫੇਰ ਗੁਰਮਤਿ ਦਾ ਨਾਂ ਵਰਤ ਕੇ ਇੱਕ ਪੰਕਤੀ “ਸਰਬ ਰੋਗ ਕਾ ਅਉਖਦੁ ਨਾਮੁ॥” ਵਰਤ ਕੇ ਲੋਕਾਂ ਨੂੰ ਵਾਹਿਗੁਰੂ ਵਾਹਿਗੁਰੂ ਰੱਟਣ ਲਾ ਦਿੱਤਾ ਇਹ ਕਹ ਕੇ ਕੀ “ਵਾਹਿਗੁਰੂ” ਹੀ ਨਾਮ ਹੈ। ਸਾਰਿਆਂ ਰੋਗਾਂ ਦੀ ਅਉਖਦ (ਔਸ਼ਦੀ/ਦਵਾਈ) ਨਾਮ (ਸੋਝੀ) ਹੈ ਪਰ ਰੱਟਣ ਨਹੀਂ ਹੈ। ਜਿਵੇਂ ਪਾਂਡਿਆਂ ਨੇ ਆਖਿਆ ਸੀ ਅਸੀਂ ਮੰਤਰ ਫੂਕਾਂਗੇ ਤੇ ਸਾਰੇ ਤੁਰਕ ਅੰਨੇ ਹੋ ਜਾਣਗੇ ਪਰ ਕੋਈ ਨਹੀਂ ਹੋਇਆ, ਕਿਉਂਕੇ ਮੰਤ੍ਰਾਂ ਨਾਲ ਕਦੇ ਵੀ ਗਲ ਨਹੀਂ ਬਣਦੀ, ਨਾਮ (ਗਿਆਨ ਤੇ ਸੋਝੀ ) ਨਾਲ ਅੰਦਰਲੇ ਤੇ ਬਾਹਰਲੇ ਦੋਵੇਂ ਦੁਸ਼ਟਾਂ ਨਾਲ ਮੁਕਾਬਲਾ ਕਰਨ ਦੀ ਜਾਂਚ ਮਿਲਦੀ ਹੈ। ਸਮਝਣ ਲਈ ਕੇ ਗੁਰਮਤਿ ਅਨੁਸਾਰ ਨਾਮ ਕੀ ਹੈ ਪੋਸਟ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਰੋਗ

ਗੁਰਮਤਿ ਆਧਾਰ ਤੇ ਸਮਝਦੇ ਹਾਂ ਕੇ ਗੁਰਮਤਿ ਕਿਹੜੇ ਰੋਗਾਂ ਦੀ ਗਲ ਕਰਦੀ ਹੈ। ਬਿਨਾਂ ਰੋਗ ਸਮਝੇ ਇਹ ਨਹੀਂ ਸਮਝਿਆ ਜਾ ਸਕਦਾ ਕੇ ਨਾਮ (ਸੋਝੀ) ਅਉਖਦੁ (ਔਸ਼ਧੀ / ਦਵਾਈ) ਕਿਸਦੀ ਹੈ।

”ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ॥”

”ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥”

”ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥”

”ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ॥੨॥”

”ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥੨॥”

”ਜਨਮ ਮਰਣ ਰੋਗ ਸਭਿ ਨਿਵਾਰੇ ॥”

”ਮਨਮੁਖੁ ਰੋਗੀ ਹੈ ਸੰਸਾਰਾ॥ ਸੁਖਦਾਤਾ ਵਿਸਰਿਆ ਅਗਮ ਅਪਾਰਾ॥ ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ॥੬॥”

”ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥੧॥”

”ਦੂਖੁ ਰੋਗੁ ਕਛੁ ਭਉ ਨ ਬਿਆਪੈ॥”, “ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥”

”ਵਡੇ ਵਡੇ ਜੋ ਦੀਸਹਿ ਲੋਗ॥ ਤਿਨ ਕਉ ਬਿਆਪੈ ਚਿੰਤਾ ਰੋਗ॥੧॥”

”ਰੋਗੁ ਭਰਮੁ ਭੇਦੁ ਮਨਿ ਦੂਜਾ॥ ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ॥ ਆਦਿ ਪੁਰਖ ਗੁਰ ਦਰਸ ਨ ਦੇਖਹਿ॥ ਵਿਣੁ ਗੁਰਸਬਦੈ ਜਨਮੁ ਕਿ ਲੇਖਹਿ॥੫॥”

”ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥”

”ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥੧॥”

”ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥”

”ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ॥ ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ॥੨॥ ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ॥ ਹਉਮੈ ਬਿਆਪਿਆ ਸਬਦੁ ਨ ਚੀਨੑੈ ਫਿਰਿ ਫਿਰਿ ਜੂਨੀ ਆਵੈ॥੩॥”

”ਸੋਗ ਰੋਗ ਬਿਪਤਿ ਅਤਿ ਭਾਰੀ॥”

”ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ॥੨੧॥”

”ਜੀਅਹੁ ਮੈਲੇ ਬਾਹਰਹੁ ਨਿਰਮਲ॥ ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ॥ ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ॥ ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ॥ ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ॥੧੯॥ ”

”ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ॥ਪ੍ਰਭ ਬਿਸਰਤ ਮਹਾ ਦੁਖੁ ਪਾਇਓ ਇਹੁ ਨਾਨਕ ਤਤੁ ਬੀਚਾਰਿਓ॥”

”ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ॥ ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ॥੧॥ ਮੇਰੇ ਪ੍ਰੀਤਮ ਕਰਿ ਕਿਰਪਾ ਦੇਹੁ ਬੁਝਾਈ॥ ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ॥੧॥”

ਗੁਰਮਤਿ ਨੇ ਤਾਂ ਬਿਅੰਤ ਉਦਾਹਰਣ ਦੇ ਕੇ ਸਮਝਾਇਆ ਹੈ ਕੇ ਦੇਹੀ, ਕਾਇਆ, ਮਨ, ਘਟ ਦੇ ਰੋਗ ਹਉਮੇ, ਡਰ, ਭਰਮ, ਅਗਿਆਨਤਾ, ਦੁਰਮਤਿ ਦਲਿੱਦਰ, ਸਹਸਾ (ਸ਼ੰਕਾ) ਹਨ, ਬਾਰ ਬਾਰ ਜੋਨੀ ਵਿੱਚ ਆਉਣਾ ਜੰਮਣਾ ਮਰਨਾ ਵੀ ਰੋਗ ਹਨ। ਮਾਨ ਅਪਮਾਨ ਦਾ ਫਰਕ, ਲਾਭ ਹਾਨੀ ਦੀ ਚਿੰਤਾ, ਜੀਵਨ ਮਰਨ ਦੀ ਚਿੰਤਾ ਮਨ ਦੇ ਰੋਗ ਹਨ। ਤੇ ਬਦੇਹੀ, ਹਾਡ ਮਾਸ ਦੇ ਬਣੇ ਝੂਠ/ਬਿਨਸ ਜਾਣ ਵਾਲੇ ਸਰੀਰ ਦੇ ਰੋਗ ਗੁਰਮਤਿ ਦਾ ਵਿਸ਼ਾ ਨਹੀਂ ਹੈ। ਆਣਾ ਜਾਣਾ ਇਹ ਤਾਂ ਖੇਲ ਬਣਾਇਆ ਹੈ ਪਰਮੇਸਰ ਨੇ। ਸਰੀਰ ਦੇ ਰੋਗਾਂ ਲਈ ਗੁਰੂਆਂ ਨੇ ਦਵਾਖਾਨੇ ਖੋਲੇ ਤੇ ਮਨ ਦੇ ਰੋਗਾਂ ਲਈ ਗੁਰਮਤਿ ਬਖਸ਼ੀ ਸਾਨੂੰ। ਜੇ ਰੋਗ ਦਾ ਪਤਾ ਹੋਵੇ ਤਾਂ ਵੈਦ ਦੇ ਦਵਾਈ ਵੀ ਰੋਗ ਦੇ ਹਿਸਾਬ ਨਾਲ ਲੱਭਣੀ ਪੈਂਦੀ ਹੈ। ਸਮਝਣ ਦਾ ਵਿਸ਼ਾ ਹੈ ਕੇ “ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥” । ਮਨ ਦੇ ਰੋਗਾਂ ਨੂੰ ਦੂਰ ਕਰਨ ਦਾ ਤਰੀਕਾ ਦੱਸਿਆ ਹੈ ਕੇ ਮੈਂ ਮੇਰਾ ਤੇਰਾ ਛੱਡ ਗੁਰਮਤਿ ਗਿਆਨ ਲੈ “ਰੋਗੁ ਗਇਆ ਪ੍ਰਭਿ ਆਪਿ ਗਵਾਇਆ ॥” – ਆਪ ਗਵਾਇਆਂ ਹੀ ਪ੍ਰਭ ਦੀ ਪ੍ਰਾਪਤੀ ਹੁੰਦੀ ਹੇ ਤੇ ਰੋਗ ਜਾਂਦਾ ਹੈ।

“ਹਉਮੈ ਮਮਤਾ ਰੋਗੁ ਨ ਲਾਗੈ॥ ਰਾਮ ਭਗਤਿ ਜਮ ਕਾ ਭਉ ਭਾਗੈ॥ ਜਮੁ ਜੰਦਾਰੁ ਨ ਲਾਗੈ ਮੋਹਿ॥ ਨਿਰਮਲ ਨਾਮੁ ਰਿਦੈ ਹਰਿ ਸੋਹਿ॥੩॥” – ਜਿਸਦੇ ਹਿਰਦੇ ਵਿੱਚ ਨਾਮ (ਗੁਰਮਤਿ ਗਿਆਨ ਤੋਂ ਪ੍ਰਾਪਤ ਸੋਝੀ) ਉਸਨੂੰ ਰੋਗ ਨਹੀਂ ਲਗਦਾ।

ਔਸ਼ਧੀ/ ਅਉਖਦ

ਸਰੀਰ ਦੇ ਰੋਗਾਂ ਲਈ ਦਵਾ ਖਾਨੇ ਜਾਵੋ। ਮਨ ਦੀ ਅਰੋਗਤਾ ਲਈ ਔਸ਼ਧੀ/ਅਉਖਦ ਹੈ ਹਰਿ ਦਾ ਨਾਮ (ਸੋਝੀ)। “ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥ ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ॥ ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ॥”।

”ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥”

”ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥”

”ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ॥ ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨੑੀ ਦਾਤਿ॥੧॥ ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ॥ ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ॥੧॥ ਰਹਾਉ॥ ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ॥ ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ॥”

”ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥”

”ਰੈਣਿ ਦਿਨਸੁ ਜਪਉ ਹਰਿ ਨਾਉ॥ ਆਗੈ ਦਰਗਹ ਪਾਵਉ ਥਾਉ॥ ਸਦਾ ਅਨੰਦੁ ਨ ਹੋਵੀ ਸੋਗੁ॥ ਕਬਹੂ ਨ ਬਿਆਪੈ ਹਉਮੈ ਰੋਗੁ॥੧॥”

”ਹਉਮੈ ਮਮਤਾ ਰੋਗੁ ਨ ਲਾਗੈ॥ ਰਾਮ ਭਗਤਿ ਜਮ ਕਾ ਭਉ ਭਾਗੈ॥ ਜਮੁ ਜੰਦਾਰੁ ਨ ਲਾਗੈ ਮੋਹਿ॥ ਨਿਰਮਲ ਨਾਮੁ ਰਿਦੈ ਹਰਿ ਸੋਹਿ॥੩॥”

”ਗੁਰਮੁਖਿ ਸਮਝੈ ਰੋਗੁ ਨ ਹੋਈ॥ ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ॥ ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ॥੧੩॥”

ਇਸ ਲਈ ਪਖੰਡ ਤੇ ਪਖੰਡੀਆਂ ਦਾ ਸੰਗ ਛੱਡ ਕੇ ਗੁਰਮਤਿ ਵਿਚਾਰ ਕਰਿਆ ਕਰੋ। ਨਾਮ (ਗੁਰਮਤਿ ਦੀ ਸੋਝੀ) ਤੋਂ ਬਿਨਾਂ ਦੁੱਖ ਰੋਗ ਨਹੀਂ ਜਾਂਦੇ। ਚਿੰਤਾ ਅਤੇ ਹੋਰ ਵਿਕਾਰ ਘੇਰ ਕੇ ਰੱਖਦੇ ਨੇ। ਸੱਚੇ ਦੇ ਗੁਣ ਧਾਰਣ ਹੋਣ ਨਾਲ ਨਾਮ ਪ੍ਰਾਪਤੀ ਹੋਣ ਨਾਲ ਗੁਰਮਤਿ ਅਨੁਸਾਰ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ।

”ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥ ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ॥ ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ॥ ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ॥ ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ॥ ਜਿਤਾ ਜਨਮੁ ਅਪਾਰੁ ਆਪੁ ਪਛਾਨਿਆ॥ ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ॥ ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ॥”

ਸੋ ਜਦੋਂ ਨਾਮ (ਸੋਝੀ) ਦੀ ਪ੍ਰਾਪਤੀ ਹੋ ਜਾਵੇ ਤਾਂ ਰੋਗ ਦੂਰ ਹੋ ਜਾਂਦਾ ਹੈ ਤੇ ਫੇਰ ਦੁਬਾਰਾ ਨਹੀਂ ਲਗਦਾ। ਇਸ ਕਰਨਾ ਕੀ ਹੈਃ

੧. ਪਰਮੇਸਰ ਦੇ ਗੁਣਾਂ ਦੀ ਵਿਚਾਰ ਕਰਨੀ ਹੈ “ਗੁਣ ਵੀਚਾਰੇ ਗਿਆਨੀ ਸੋਇ ॥”, ਇਹ ਗਿਆਨ ਲੈਣ ਦਾ ਤਰੀਕਾ ਦਸਿਆ। ਪਰਮੇਸਰ ਦੇ ਗੁਣ ਆਦਿ ਬਾਣੀ ਵਿੱਚ ਹਨ, ਦਸਮ ਬਾਣੀ ਵਿੱਚ ਹਨ। ਜਪ ਤੇ ਜਾਪ ਬਾਣੀ ਵਿੱਚ ਗੁਣ ਹਿ ਦੱਸੇ ਹਨ। ਉਹਨਾਂ ਦੀ ਵਿਚਾਰ ਕਰਨੀ ਹੈ ਤੇ ਉਦਮ ਕਰਨਾ ਹੈ ਕੇ ਉਹ ਗੁਣ ਸਮਝ ਆਵੇ “ਸਗਲ ਉਦਮ ਮਹਿ ਉਦਮੁ ਭਲਾ॥ ਹਰਿ ਕਾ ਨਾਮੁ ਜਪਹੁ ਜੀਅ ਸਦਾ॥” ਇਸਦੇ ਇਲਾਵਾ ਕੋਈ ਉਦਮ ਸਾਡੇ ਵੱਸ ਵਿੱਚ ਨਹੀਂ ਹੈ ਹੁਕਮ ਬੱਧ ਹੈ।
੨. ⁠ਧੀਰਜ ਰੱਖਣਾ ਹੈ, ਹੁਕਮ ਭਾਣੇ ਨੂੰ ਕਬੂਲ ਕਰਨਾ ਹੈ। ਜੋ ਹੋ ਰਹਿਆ ਹੈ ਉਹ ਹੁਕਮ ਵਿੱਚ ਹੋ ਰਹਿਆ ਹੈ। ਹੁਕਮ ਤੋਂ ਬਾਹਰ ਕੁਝ ਨਹੀਂ। ਮਨ ਨੂੰ ਸਿਹ ਸਮਝਾਉਣ ਲਈ ਬਾਣੀ ਆਪ ਪੜੋ ਤੇ ਵਿਚਾਰੋ। ਹੌਲੀ ਹੌਲੀ ਪ੍ਰੇਮ ਨਾਲ ਸਹਜ ਨਾਲ ਭਰੋਸੇ ਨਾਲ। ਬਾਣੀ ਦੇ ਅਰਥ ਬਾਣੀ ਵਿੱਚੋਂ ਹੀ ਲੱਭਣੇ ਹਨ। “ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥੫॥”, “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥”।