Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੰਤੋਖ

ਸੰਤੋਖ ਦਾ ਸ਼ਬਦੀ ਅਰਥ ਹੈ ਸੰਤੁਸ਼ਟੀ ( satisfaction)। ਸ੍ਰਿਸਟੀ ਦੇ ਸਾਰੇ ਹੀ ਜੀਵ ਇਨਸਾਨ ਤੋਂ ਜਿਆਦਾ ਸੰਤੋਖ ਰੱਖਦੇ ਹਨ। ਉਤਭੁਜ ਸ਼੍ਰੇਣੀ ਦੇ ਜੀਵ ਜਿਵੇਂ ਪੇੜ ਪੌਦੇ ਆਪਣੀ ਜਗਹ ਤੇ ਖੜੇ ਰਹਿੰਦੇ ਹਨ, ਜਦੋਂ ਅਕਾਲ ਦਾ ਹੁਕਮ ਹੋਇਆ ਮੀਂਹ ਪਿਆ ਤਾਂ ਪਾਣੀ ਮਿਲ ਗਿਆ ਹਰਿਆ ਹੋ ਗਿਆ ਨਹੀਂ ਮਿਲਿਆ ਤਾਂ ਵੀ ਕੋਈ ਗੱਲ ਨਹੀਂ। ਦੂਜਿਆਂ ਨੂੰ ਫਲ ਦੇਣਾ, ਛਾਂ ਦੇਣਾ, ਲੱਕੜ ਦੇ ਰੂਪ ਵਿੱਚ ਅੱਗ ਦੇਣਾ ਜਾਰੀ ਰੱਖਦੇ। ਅੰਡਜ ਸ਼੍ਰੇਣੀ ਦੇ ਜੀਵ ਅਰਥ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਬੱਚਿਆਂ ਲਈ ਤੜ੍ਹਫ਼ਦੇ ਨਹੀਂ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਉੱਡ ਜਾਂਦੇ ਹਨ ਤੇ ਪੰਛੀ ਕੁਰਲਾਉੰਦੇ ਨਹੀਂ। ਪੰਛੀ ਕਦੇ ਵੀ ਲੋੜ ਤੋਂ ਜਿਆਦਾ ਕੱਠਾ ਨਹੀਂ ਕਰਦੇ। ਜੇ ਖਾਣ ਨੂੰ ਕੁੱਝ ਲੱਭ ਜਾਵੇ ਠੀਕ ਹੈ ਨਹੀਂ ਤਾਂ ਸ਼ਾਮ ਨੂੰ ਘਰੇ ਮੁੱੜ ਆਉਂਦਾ। ਜੇਰਜ ਸ਼੍ਰੇਣੀ ਦੇ ਜੀਵ ਯਾਨੇ ਜਰਾਸੀਮ ਜਿਹਨਾਂ ਨੂੰ ਅੰਗ੍ਰੇਜੀ ਵਿੱਚ ਜਰਮ ਵੀ ਆਖਦੇ ਹਨ, ਹੁਕਮ ਵਿੱਚ ਵਿਚਰਦੇ ਹਨ। ਸੇਤਜ ਸ਼੍ਰੇਣੀ ਦੇ ਜੀਵ ਅਰਥ ਮਾਤ ਗਰਭ ਤੋਂ ਜੱਮਣ ਵਾਲੇ ਜੀਵ ਬੱਚਿਆਂ ਨੂੰ ਪਾਲਦੇ ਹਨ ਮੋਹ ਨਹੀਂ ਰੱਖਦੇ, ਵੱਡੇ ਹੋਣ ਤੇ ਆਪਣੇ ਆਪ ਤੋਂ ਅਲਗ ਕਰ ਦਿੰਦੇ ਹਨ। ਲੋੜ ਤੋਂ ਜਿਆਦਾ ਨਹੀਂ ਖਾਂਦੇ। ਕਾਮ ਵਾਸਨਾ ਵੀ ਨਹੀਂ ਹੁੰਦੀ ਹੈ। ਫੇਰ ਵੀ ਮਨੁਖ ਜਨਮ ਨੂੰ ਸ੍ਰੇਸ਼ਟ ਮੰਨਿਆ ਗਿਆ ਹੈ “ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ॥” ।ਮਨੁੱਖ ਦਾ ਬੱਚਾ ਵੀ ਜਦੋਂ ਪੈਦਾ ਹੁੰਦਾ ਹੈ ਤਾਂ ਮਾਇਆ ਵਿੱਚ ਫਸਿਆ ਨਹੀਂ ਹੁੰਦਾ। ਹਜਾਰਾਂ ਲੱਖਾਂ ਰੁਪਿਆ, ਕਈ ਕਿੱਲੋ ਸੋਨਾ ਵੀ ਪਿਆ ਹੋਵੇ ਉਸਨੇ ਵੇਖਣਾ ਵੀ ਨਹੀਂ। ਜਿਉਂ ਜਿਉਂ ਵੱਡਾ ਹੁੰਦਾ ਹੈ ਉਸਦਾ ਮੋਹ ਵੀ ਵੱਡਾ ਹੁੰਦਾ ਰਹਿੰਦਾ ਹੈੱ ਵਿਕਾਰ ਹਾਵੀ ਹੋਣ ਲਗਦੇ ਹਨ ਸੰਸਾਰ ਵਿੱਚ ਦੂਜਿਆਂ ਨੂੰ ਮਾਇਆ ਮਗਰ ਭੱਜਦੇ ਵੇਖਦਿਆਂ। ਹੁਕਮ ਨੂੰ ਭੁੱਲ ਜਾਂਦਾ ਹੈ ਤੇ ਕਰਤਾ ਭਾਵ ਆ ਜਾਂਦਾ ਹੈ। ਸਬਰ ਸੰਤੋਖ ਘੱਟ ਹੋ ਜਾਂਦਾ ਹੈ। ਬਾਣੀ ਆਖਦੀ “ਯਾ ਜੁਗ ਮਹਿ ਏਕਹਿ ਕਉ ਆਇਆ॥ ਜਨਮਤ ਮੋਹਿਓ ਮੋਹਨੀ ਮਾਇਆ॥”। ਇਸ ਜਨਮ ਵਿੱਚ ਪਰਮੇਸਰ ਦੇ ਹੁਕਮ ਨਾਲ ਏਕੇ ਲਈ ਆਇਆ ਸੀ ਪਰ ਮਾਇਆ ਨੇ ਮੋਹ ਲਿਆ।

“ਸਾਧੋ ਗੋਬਿੰਦ ਕੇ ਗੁਨ ਗਾਵਉ॥ ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ॥”

”ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ॥”

”ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ॥ ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ॥”

”ਭਜਹੁ ਗੋੁਬਿੰਦ ਭੂਲਿ ਮਤ ਜਾਹੁ॥ ਮਾਨਸ ਜਨਮ ਕਾ ਏਹੀ ਲਾਹੁ॥੧॥”

”ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ॥”

”ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ॥ ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ॥੧॥”

”ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥੩੦॥”

ਉਪਰੋਕਤ ਪੰਕਤੀਆਂ ਵਿੱਚ ਗੋਬਿੰਦ ਅਤੇ ਸੇਵਾ ਦੀ ਗਲ ਹੋਈ ਹੈ। ਕਦੇ ਸੋਚਿਆ ਕੀ ਸੇਵਾ ਕੀ ਹੈ? “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥” ਪੂਰੀ ਸ੍ਰਿਸਟੀ ਹੀ ਗੋਬਿੰਦ ( ਗੋ ਅਰਥ ਪਰਮੇਸਰ ਬਿੰਦ ਅਰਥ ਬੀਜ ਹੈ) ਅਤੇ ਗੁਰ ਕੀ ਸੇਵਾ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥੭॥“

”ਸੁਖੁ ਨਾਹੀ ਬਹੁਤੈ ਧਨਿ ਖਾਟੇ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ॥ ਸੁਖੁ ਨਾਹੀ ਬਹੁ ਦੇਸ ਕਮਾਏ॥ ਸਰਬ ਸੁਖਾ ਹਰਿ ਹਰਿ ਗੁਣ ਗਾਏ॥੧॥ ਸੂਖ ਸਹਜ ਆਨੰਦ ਲਹਹੁ॥ ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ॥੧॥”

”ਸੁਖੁ ਮਾਂਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥“

ਗੁਰਮਤਿ ਸਾਨੂੰ ਸਮਝਾਉਂਦੀ ਹੈ ਕੇ ਸੰਤੋਖ ਕਿਵੇਂ ਹੋਵੇ। ਸੱਚਾ ਸੰਤੋਖ ਕੀ ਹੈ। ਘਰ ਲੈ ਲੈਣਾ, ਪੈਸਾ ਹੋਣਾ, ਪੇਟ ਭਰਿਆ ਹੋਣਾ ਸੱਚ ਸੰਤੋਖ ਨਹੀਂ। ਦੁਨਿਆਵੀ ਪਦਾਰਥਾ ਦੀ ਪ੍ਰਾਪਤੀ ਨਾਲ ਰੱਜ ਕਦੇ ਵੀ ਨਹੀਂ ਆਉਂਦਾ। ਮਨ ਨੂੰ ਵਿਕਾਰਾਂ ਕਾਰਣ ਹਰ ਸਮੇ ਅਸੰਤੋਖ ਰਹਿੰਦਾ, ਭੁੱਖ ਰਹਿੰਦੀ ਹੇ ਆਸ ਰਹਿੰਦੀ ਹੈ। ਅਸੀਂ ਤਾਂ ਅਰਦਾਸ ਵਿੱਚ ਵੀ ਦੁਨਿਆਵੀ ਪਦਾਰਥ ਮੰਗਦੇ ਹਾਂ, ਮਹਾਰਾਜ ਗੱਡੀ ਦੇ ਦੇਵੋ, ਘਰ ਦੇ ਦੇਵੋ, ਰਾਜ ਦੇ ਦੇਵੋ, ਨੌਕਰੀ ਦੇ ਦੇਵੋ ਗੁਰਮਤਿ ਤਾਂ ਆਖਦੀ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥” ਅਰਥ ਰਾਜ ਨਹੀਂ ਮੰਗਦਾ ਮੁਕਤੀ ਵੀ ਨਹੀਂ ਮੰਗਦਾ ਬਸ ਆਪਣੇ ਚਰਣਾਂ ਵਿੱਚ ਆਪਣੇ ਹੁਕਮ ਵਿੱਚ ਰੱਖ। ਗੁਰਬਾਣੀ ਆਖਦੀ “ਸਤੁ ਸੰਤੋਖੁ ਹੋਵੈ ਅਰਦਾਸਿ॥ ਤਾ ਸੁਣਿ ਸਦਿ ਬਹਾਲੇ ਪਾਸਿ ॥੧॥“ ਜਿਸਦਾ ਅਰਥ ਸਪਸ਼ਟ ਹੈ ਕੇ ਜੇ ਸੱਚੇ ਸੰਤੋਖ ਦੀ ਅਰਦਾਸ ਹੋਵੇ ਤਾਂ ਉਸਨੇ ਆਪਣੇ ਨੇੜੇ ਰੱਖਣਾ। ਗੁਰਮਤਿ ਆਖਦੀ “ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥” ਜਿਸਦਾ ਅਰਥ ਹੈ ਮੈਨੂੰ ਨਾਮ (ਸੋਝੀ) ਬਖਸ਼ੋ ਕੇ ਤੁਹਾਡੇ ਇਲਾਵਾ ਮੈਂ ਹੋਰ ਕੁੱਝ ਇੱਛਾ ਨਾ ਕਰਾਂ। ਨਾਮ (ਗਿਆਨ/ਸੋਝੀ) ਨਾਲ ਹੀ ਸੰਤੋਖ ਅਰਥ ਸੰਤੁਸ਼ਟੀ ਮਿਲਨੀ ਤੇ ਮਨ ਕੀ ਭੁੱਖ ਮਿਟੇ। ਤਾਹੀਂ ਆਖਿਆ “ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥

ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ॥ ਨਰਕ ਸੁਰਗ ਫਿਰਿ ਫਿਰਿ ਅਉਤਾਰਾ॥੩॥” – ਤ੍ਰੈ ਗੁਣ ਮਾਇਆ ਰਜੋ (ਰਾਜ/ਧਨ ਦੀ ਇੱਛਾ) ਸਤੋ (ਧਰਮੀ ਦਿਸਣ ਦੀ ਇੱਛਾ) ਤਮੋ (ਸਰੀਰ ਦੀ/ਕਾਮ ਵਾਸਨਾ) ਕਾਰਣ, ਹਉਮੈ, ਮੋਹ ਭਰਮ ਤੇ ਭੈ ਕਾਰਣ ਭਾਰ ਸਿਰ ਤੇ ਲੈਕੇ ਤੁਰਦਾ ਹੈ ਮਨੁੱਖ। ਗੁਰਮਤਿ ਦਾ ਫੁਰਮਾਨ ਹੈ “ਬਿਨਾ ਸੰਤੋਖ ਨਹੀ ਕੋਊ ਰਾਜੈ॥”, ਸੰਤੋਖ ਤੋਂ ਬਿਨਾਂ ਰੱਜ ਨਹੀਂ ਆਉਂਦਾ। ਤੇ ਰੱਜ ਆਉਂਦਾ ਸੰਤੋਖ ਆਉਂਦਾ ਨਾਮ (ਗਿਆਨ/ਸੋਝੀ) ਨਾਲ “ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥ ਅਨਿਕ ਭੋਗ ਬਿਖਿਆ ਕੇ ਕਰੈ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ॥ ਬਿਨਾ ਸੰਤੋਖ ਨਹੀ ਕੋਊ ਰਾਜੈ॥ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ॥ ਨਾਮ ਰੰਗਿ ਸਰਬ ਸੁਖੁ ਹੋਇ॥ ਬਡਭਾਗੀ ਕਿਸੈ ਪਰਾਪਤਿ ਹੋਇ॥ ਕਰਨ ਕਰਾਵਨ ਆਪੇ ਆਪਿ॥ ਸਦਾ ਸਦਾ ਨਾਨਕ ਹਰਿ ਜਾਪਿ॥”। ਬਿਅੰਤ ਉਦਾਹਰਣ ਨੇ ਗੁਰਬਾਣੀ ਵਿੱਚ ਸੰਤੋਖ ਦੀ ਪ੍ਰਾਪਤੀ ਸਮਝਾਈ ਹੈ ਗੁਰਮਤਿ ਨੇ।

”ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ॥ ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ॥ ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥“ – ਜੇ ਸੱਚ ਦੀ ਸਮਝ ਆ ਜਾਵੇ ਸਮਝ ਆ ਜਾਵੇ ਕੇ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥“ ਤਾਂ ਕਾਮਾਵਾਂ ਤੇ ਬੰਨ ਪੈ ਜਾਂਦਾ। ਤਾਂ ਸੱਚਾ ਸੰਤੋਖੀ ਹੁੰਦਾ ਮਨੁ। ਇਹ ਹੁੰਦਾ ਕਿਵੇ? “ਸੁਣਿਐ ਸਤੁ ਸੰਤੋਖੁ ਗਿਆਨੁ॥” ਗੁਰਮਤਿ ਸੁਣਨ ਸਮਝਣ ਉਪਰੰਤ। “ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ॥” – ਹਰਿ (ਮਨ ਜਦੋਂ ਗਿਆਨ ਤੇ ਸੋਝੀ ਨਾਲ ਹਰਿਆ ਹੋ ਜਾਂਦਾ, ਏਕੈ (ਏਕਤਾ ਦੇ) ਭਾਇ (ਭਾਵਨਾ) ਨੂੰ ਜਪਿ (ਪਛਾਣ) ਕੇ। ਮਨੁਖ ਦੇ ਘਟ ਅੰਦਰਲੀ ਜੋਤ ਆਪਣੇ ਮੂਲ ਪ੍ਰਭ ਤੋਂ ਟੁੱਟੀ ਹੋਈ ਹੈ। ਇਸਦਾ ਦਰਗਾਹ ਤੋਂ ਨਿਕਾਲਾ ਹੋਇਆ ਹੈ, ਜਦੋਂ ਇਹ ਦਰਗਾਹੀ ਹੁਕਮ ਨੂੰ ਮੰਨ ਲਵੇਗਾ ਭਾਣੇ ਵਿੱਚ ਰਹਿਣਾ ਸਿੱਖ ਜਾਣਾ ਉਦੋਂ ਇਸਨੂੰ ਸੱਚਾ ਸੰਤੋਖ ਪ੍ਰਾਪਤ ਹੋ ਜਾਣਾ ਫੇਰ ਕਹੂ “ਅਨਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥” ਮਾਏ ਇੱਥੇ ਮਤਿ/ਬੁੱਧੀ ਲਈ ਵਰਤਿਆ ਗਿਆ ਹੈ। “ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ॥” – ਨਾਨਕ ਪਾਤਿਸ਼ਾਹ ਦੱਸ ਰਹਿ ਨੇ ਕੇ “ਨਾਮਿ ਸੰਤੋਖੀਆ” ਨਾਮ (ਸੋਝੀ) ਦੁਆਰਾ ਸੰਤੋਖੀ ਹੋਣਾ ਜਦੋਂ “ਜੀਉ ਪਿੰਡ ਪ੍ਰਭ ਪਾਸ” ਜਦੋਂ ਧਿਆਨ ਜਦੋਂ ਏਕਾਗਰਤਾ ਪ੍ਰਭ ਨਾਲ ਹੋਣੀ ਉਸਦੇ ਹੁਕਮ ਨਾਲ ਹੋਣੀ। ਇਸ ਗਲ ਦੀ ਪੁਸ਼ਟੀ ਫੇਰ ਕਰਦੇ ਨੇ “ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ॥” ਨਾਮ (ਸੋਝੀ) ਦੀ ਸਿਫ਼ਤ ਹੈ ਜੋ ਗੁਰ ਦਾ ਰੰਗ ਉਸਦੇ ਸਬਦੁ (ਹੁਕਮ) ਦੁਆਰਾ ਸੰਤੋਖ ਦਾ ਰੰਗ ਚੜ੍ਹਨਾ।

ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥੧॥” – ਗੁਰੁ (ਗੁਣਾਂ ਦਾ ਧਾਰਣੀ) ਸੰਤੋਖ ਦੇ ਰੁੱਖ (ਪੇੜ) ਵਰਗਾ ਹੈ ਜਿਸਤੇ ਧਰਮੁ ਫੁੱਲ ਹੁੰਦਾ ਹੈ ਤੇ ਗਿਆਨ ਦਾ ਫਲ ਲਗਦਾ। ਇਹ ਸੋਝੀ ਦੇ ਰਸ ਨਾਲ ਰਸਿਆ ਹੋਣ ਕਾਰਣ ਹਮੇਸ਼ਾ ਹਰਿਆ ਰਹਿੰਦਾ। ਇਹੀ ਗਲ ਆਖੀ “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥” ਹਰਿ ਦੇ ਨਾਮ (ਸੋਝੀ) ਨੂੰ ਧਿਆਇ (ਧਿਆਨ ਰੱਖੇ) ਕੇ ਹਰਿਆ ਹੋਣਾ ਹੈ। ਇਹੀ ਗਲ ਸਮਝਾਈ ਜਦੋਂ ਕਹਿਆ ਹੈ ਕੇ “ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥” – ਸਤਿ ਦੀ ਸੰਗਤ ਹੈ ਹੁਕਮ ਦੀ ਗੁਰਮਤਿ ਗਿਆਨ ਦੀ, ਮੂਲ/ਪ੍ਰਭ/ਜੋਤ ਦੀ ਸੰਗਤ। ਗੁਰ ਪ੍ਰਸਾਦਿ ਹੈ ਗੁਣਾਂ ਦੀ ਗਿਆਨ ਦੁਆਰਾ ਵਿਚਾਰ ਦੁਆਰਾ ਪ੍ਰਾਪਤ ਨਾਮ (ਸੋਝੀ) ਦਾ ਅੰਮ੍ਰਿਤ ਜਿਸ ਨਾਲ ਮਨ ਨੇ ਹਰਿਆ ਹੋਣਾ। ਅਗਿਆਨਤਾ ਕਾਰਣ, ਮਨਮਿਤ ਕਾਰਣ ਮਨ ਸੂਕਾ ਹੈ (ਸੁੱਕਾ ਪਇਆ ਹੈ)। ਨੀਚੇ ਦਿੱਤੀਆਂ ਪੰਕਤੀਆਂ ਨੂੰ ਧਿਆਨ ਨਾਲ, ਪ੍ਰੇਮ ਨਾਲ ਹੌਲੌ ਹੌਲੀ ਸਮਝ ਕੇ ਪੜ੍ਹੋ।

”ਮਾਇਆ ਤਪਤਿ ਬੁਝਿਆ ਅੰਗਿਆਰੁ॥ ਮਨਿ ਸੰਤੋਖੁ ਨਾਮੁ ਆਧਾਰੁ॥ ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ॥ ਜਤ ਪੇਖਉ ਤਤ ਅੰਤਰਜਾਮੀ॥੩॥”

”ਚਉਦਸਿ ਚਉਦਹ ਲੋਕ ਮਝਾਰਿ॥ ਰੋਮ ਰੋਮ ਮਹਿ ਬਸਹਿ ਮੁਰਾਰਿ॥ ਸਤ ਸੰਤੋਖ ਕਾ ਧਰਹੁ ਧਿਆਨ॥ ਕਥਨੀ ਕਥੀਐ ਬ੍ਰਹਮ ਗਿਆਨ॥੧੫॥”

”ਕਿਸ ਕਉ ਕਹਹਿ ਸੁਣਾਵਹਿ ਕਿਸ ਕਉ ਕਿਸੁ ਸਮਝਾਵਹਿ ਸਮਝਿ ਰਹੇ॥ ਕਿਸੈ ਪੜਾਵਹਿ ਪੜਿ ਗੁਣਿ ਬੂਝੇ ਸਤਿਗੁਰ ਸਬਦਿ ਸੰਤੋਖਿ ਰਹੇ॥੧॥”

”ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ॥ ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ॥”

”ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ॥ ਜਿਨੑੀ ਸੋ ਸਾਲਾਹਿਆ ਪਿਆਰੇ ਹਉ ਤਿਨੑ ਬਲਿਹਾਰੈ ਜਾਉ॥ ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲਿ ਮਿਲਾਉ॥੭॥”

”ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ॥ ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ॥੨॥”

”ਕੋਟਿ ਜਤਨ ਸੰਤੋਖੁ ਨ ਪਾਇਆ॥ ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ॥੩॥” – ਗੁਰ ਕਿਵੇਂ ਗਾਣੇ ਹਨ, ਨਾਮ ਕੀ ਹੈ, ਅੰਮ੍ਰਿਤ ਕੀ ਹੈ, ਇਸ ਬਾਰੇ ਪਹਿਲਾਂ ਹੀ ਇਸ ਸਾਈਟ ਤੇ ਲਿਖਿਆ ਗਿਆ ਹੈ। ਸਾਈਟ ਤੇ ਖੋਜ ਕੇ ਪਸਕਦੇ ਹੋੰ।

”ਹਰਿ ਕਾ ਜਸੁ ਨਿਧਿ ਲੀਆ ਲਾਭ॥ ਪੂਰਨ ਭਏ ਮਨੋਰਥ ਸਾਭ॥ ਦੁਖੁ ਨਾਠਾ ਸੁਖੁ ਘਰ ਮਹਿ ਆਇਆ॥ ਸੰਤ ਪ੍ਰਸਾਦਿ ਕਮਲੁ ਬਿਗਸਾਇਆ॥੨॥ ਨਾਮ ਰਤਨੁ ਜਿਨਿ ਪਾਇਆ ਦਾਨੁ॥ ਤਿਸੁ ਜਨ ਹੋਏ ਸਗਲ ਨਿਧਾਨ॥ ਸੰਤੋਖੁ ਆਇਆ ਮਨਿ ਪੂਰਾ ਪਾਇ॥ ਫਿਰਿ ਫਿਰਿ ਮਾਗਨ ਕਾਹੇ ਜਾਇ॥੩॥”

”ਸਾਚੀ ਸੰਗਤਿ ਥਾਨੁ ਸਚੁ ਸਚੇ ਘਰ ਬਾਰਾ॥ ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ॥ ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ॥੬॥” – ਬਾਣੀ ਦੀ ਵਿਚਾਰ ਕੀਤਿਆਂ ਹੀ ਨਾਮ (ਸੋਝੀ) ਦੀ ਪ੍ਰਾਪਤੀ ਹੋਣੀ, ਹੁਕਮ ਦੀ ਸਮਝ ਹੋਣੀ। ਇਸਨੂੰ ਹੋਰ ਸਮਝਾਉਣ ਲਈ ਮਹਾਰਾਜ ਆਖਦੇ “ਸਤ ਸੰਤੋਖੀ ਸਤਿਗੁਰੁ ਪੂਰਾ॥ ਗੁਰ ਕਾ ਸਬਦੁ ਮਨੇ ਸੋ ਸੂਰਾ॥ ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ॥”

”ਸਚ ਬਿਨੁ ਸਤੁ ਸੰਤੋਖੁ ਨ ਪਾਵੈ॥ ਬਿਨੁ ਗੁਰ ਮੁਕਤਿ ਨ ਆਵੈ ਜਾਵੈ॥ ਮੂਲ ਮੰਤ੍ਰੁ ਹਰਿ ਨਾਮੁ ਰਸਾਇਣੁ ਕਹੁ ਨਾਨਕ ਪੂਰਾ ਪਾਇਆ॥੫॥”

ਗੁਰਮਤਿ ਵਿੱਚੋੰ ਗਿਆਨ ਲੈਣਾ, ਸੋਝੀ ਲੈਣ ਨਾਲ ਆਤਮਿਕ ਆਨੰਦ ਤੇ ਸਚ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਸਿੱਖ ਨੂੰ ਇਹ ਸਮਝ ਆ ਜਾਵੇ ਤਾਂ ਉਹ ਪਖੰਡ ਭਗਤੀ ਛੱਡ ਗੁਰੂ ਦੀ ਸ਼ਰਣ ਵਿੱਚ ਆ ਜਾਵੇਗਾ। ਸਾਰੇ ਧਰਮ, ਸਾਰੀਆਂ ਮੱਤਾਂ, ਸਾਰੇ ਧਿੜੇ ਕਰਮ (ਜੋਰ ਲਾਏ, ਕੁੱਝ ਕੀਤਿਆਂ ਪ੍ਰਾਪਤੀ) ਦੀ ਗੱਲ ਕਰਦੇ ਹਨ ਤੇ ਗੁਰਬਾਣੀ ਹੀ ਹੁਕਮ ਦੀ ਸੋਝੀ ਦੇ ਕੇ ਮਨੁੱਖ ਨੂੰ ਵਿਕਾਰਾਂ ਤੇ ਕਾਬੂ ਕਰਨਾ ਸਿਖਾਉਂਦੀ ਹੈ। ਪਰਮੇਸਰ ਤੇ ਪੂਰਨ ਭਰੋਸਾ, ਆਤਮਿਕ ਆਨੰਦ ਦੀ ਪ੍ਰਾਪਤੀ ਦਾ ਕੇਵਲ ਇੱਕੋ ਮਾਰਗ ਹੈ ਨਾਮ (ਗਿਆਨ/ ਸੋਝੀ) । ਇਸ ਲਈ ਭਾਈ ਗੁਰਬਾਣੀ ਦੀ ਵਿਚਾਰ ਕਰੋ। ਇਹ ਗਿਆਨ ਦਾ ਖਜਾਨਾ ਸਾਨੂੰ ਬਖ਼ਸ਼ਿਆ ਗਿਆ ਹੈ ਬੰਧਨ ਮੁਕਤ ਹੋਣ ਲਈ, ਆਤਮਿਕ ਆਨੰਦ ਲਈ।

ਕਬੀਰ ਜੀ ਆਖਦੇ “ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ॥ ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ॥” – ਸਾਧੂ (ਸਾਧਿਆ ਹੋਇਆ ਮਨ) ਦੀ ਸੰਗਤ ਨਹੀਂ ਛੱਡਣੀ ਭਾਵੇਂ ਜਉ ਦੀ ਭੂਸੀ ਖਾ ਕੇ ਗੁਜ਼ਾਰਾ ਕਰਨਾ ਪਵੇ। ਜੋ ਹੋਣਾ ਹੋਈ ਜਾਣਾ ਪਰ ਸਾਕਤ (ਅਗਿਆਨਤਾ ਕਾਰਣ ਵਿਕਾਰਾਂ ਵਿੱਚ ਭਟਕਦਾ ਮਨ) ਦੇ ਨਾਲ ਨਹੀਂ ਜਾਣਾ। ਜਿਹੜੇ ਮਾਇਆ ਦੀਆਂ ਅਰਦਾਸਾਂ ਕਰਦੇ ਉਹਨਾਂ ਨੂੰ ਸੰਤੋਖ ਕਦੇ ਵੀ ਨਹੀਂ ਹੋ ਸਕਦਾ। ਜਿਹੜਾ ਸੰਤੋਖੀ ਹੁੰਦਾ ਉਹ ਤਾਂ ਆਖਦਾ “ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥“