ਟਕਸਾਲ
ਟਕਸਾਲ ਦਾ ਸ਼ਬਦੀ ਅਰਥ ਹੁੰਦਾ ਹੈ ਪਾਠਸ਼ਾਲਾ, ਸਕੂਲ, ਵਿਦਿਆਲਾ। ਗੁਰਮਤਿ ਉਪਦੇਸ਼ ਹੈ ਕੇ ਮਨੁੱਖ ਨੇ ਆਪਣੇ ਘਟ/ਹਿਰਦੇ ਅੰਦਰ ਨਾਮ (ਗਿਆਨ/ਸੋਝੀ) ਦੀ ਟਕਸਾਲ ਸਜਾਉਣੀ ਹੈ ਸਥਾਪਿਤ ਕਰਨੀ ਹੈ।
ਗੁਰਬਾਣੀ ਵਿੱਚ ਸ਼ਬਦ ਹੈ “ਘੜੀਐ ਸਬਦੁ ਸਚੀ ਟਕਸਾਲ॥” ਸੱਚ ਦਾ ਅਰਥ ਹੁੰਦਾ ਸਦੀਵ ਰਹਣ ਵਾਲਾ ਜੋ ਕਦੇ ਨਹੀਂ ਖਰਦਾ, ਕਦੇ ਨਹੀਂ ਬਦਲਦਾ। ਬਾਕੀ ਜਗ ਰਚਨਾ ਨੂੰ ਗੁਰਮਤਿ ਨੇ ਝੂਠ ਕਹਿਆ ਹੈ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥੪੯॥“। ਗੁਰਮਤਿ ਅਕਾਲ ਨੂੰ, ਜੋਤ ਨੂੰ, ਉਸਦੇ ਹੁਕਮ ਉਸਦੇ ਗਿਆਨ ਨੂੰ ਸੋਝੀ ਨੂੰ ਸੱਚ ਮੰਨਦੀ ਹੈ ਜੋ ਸਦੀਵ ਰਹਣ ਵਾਲਾ ਹੈ। ਕਦੇ ਨਹੀਂ ਖਰਦਾ, ਅਖਰ (ਨਾ ਖਰਨ) ਵਾਲਾ ਹੈ। ਸਬਦ ਹੈ ਗਿਆਨ, ਸਬਦੁ ਹੈ ਏਕੇ ਦਾ ਗਿਆਨ। ਗੁਰਬਾਣੀ ਵਿੱਚ ਦਰਜ ਹੈ ਜਦੋਂ ਨਾਨਕ ਪਾਤਿਸ਼ਾਹ ਸਾਧਾਂ ਨੂੰ ਮਿਲੇ ਉਹਨਾਂ ਪੁੱਛਿਆ “ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥” ਉਹਨਾਂ ਜਵਾਬ ਦਿੱਤਾ “ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥” ਅਤੇ ਗੁਰਬਾਣੀ ਵਿੱਚ ਦਰਜ ਹੈ “ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥” ਅਰਥ ਗਿਆਨ ਗੁਰੂ ਹੈ ਆਤਮ (ਬ੍ਰਹਮ/ਮੂਲ/ਘਟ ਅੰਦਰਲੀ ਜੋਤ) ਨੂੰ ਉਪਦੇਸ ਹੈ ਤੇ ਨਾਮ (ਸੋਝੀ) ਦੀ ਬਿਭੂਤ ਆਪਣੀ ਹੋਂਦ ਨੂੰ ਲਾਉਣੀ ਹੈ। ਇਸ ਨਾਲ ਇਹ ਸਿੱਧ ਹੁੰਦਾ ਹੈ ਕੇ ਪਵਣ = ਸਬਦ = ਗਿਆਨ। ਕਿਉਂਕੇ ਗਿਆਨ ਕਈ ਪ੍ਰਕਾਰ ਦਾ ਹੋ ਸਕਦਾ ਹੈ (ਦੁਨਿਆਵੀ ਗਿਆਨ, ਵਿਗਿਆਨ ਆਦੀ) ਇਸ ਲਈ ਸਬਦੁ ਵਿੱਚ ਔਕੜ ਲਾ ਕੇ ਇਸਨੂੰ ਏਕੇ ਦਾ ਸਬਦ ਏਕੇ ਦਾ ਗਿਆਨ ਕਹਿਆ ਗਿਆ ਹੈ।
“ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ॥੩੮॥” – ਜਤੁ = ਨਾਮੁ (ਸੋਝੀ “ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ॥”) ਜਿਵੇਂ ਸੁਨਿਆਰ ਧੀਰਜ ਰੱਖਦਿਆਂ ਸੱਟ ਮਾਰ ਕੇ ਸੋਨਾ ਢਾਲਦਾ ਹੈ, ਅਹਰਣਿ = ਲੋਹੇ ਦਾ ਟੁਕੜਾ ਜਿਸ ਨੂੰ ਗਰਮ ਕਰ ਸੱਟ ਮਾਰੀ ਜਾਂਦੀ ਹੈ। ਜਿਵੇਂ ਅਹਰਣ ਤੇ ਸਟ ਮਾਰੀ ਜਾਂਦੀ ਹੈ ਸਾਡੀ ਮਤ ਉੱਤੇ ਗਿਆਨ ਦੀ ਸੱਟ ਮਾਰਨੀ। ਅਗਿਆਨਤਾ ਕਾਰਣ ਇਹ ਲੋਹੇ ਵਾਂਗ ਹੋ ਚੁੱਕਿਆ ਹੈ ਇਸਨੂੰ ਏਕੇ ਦੇ ਨਾਮ (ਗਿਆਨ/ਸੋਝੀ) ਦੀ ਸੱਟ ਨਾਲ ਕੰਚਨ (ਸੋਨੇ) ਵਾਂਗ ਕਰਨਾ ਹੈ। ਨਿਰਮਲ ਦਾ ਅਰਥ ਹੁੰਦਾ ਮਲ ਰਹਿਤ। ਮਨ ਨੂੰ ਜਨਮ ਜਨਮ ਦੀ ਮਲ ਲੱਗੀ ਹੈ “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥”। ਸੁਨਿਆਰ ਖੱਲ ਦੇ ਬਣੇ ਯੰਤਰ ਨਾਲ ਹਵਾ ਕਰਦਾ ਅੱਗ ਭਭਕਦੀ ਰਵੇ ਉਵੇਂ ਭਉ ਦੀ ਖੱਲ ਬਣਾ ਅੱਗ ਬਲਦੀ ਰੱਖਣੀ ਮਨ ਵਿੱਚ। ਫੇਰ ਭਾਓ ਦਾ ਭਾਂਡਾ ਗਿਆਨ ਨਾਲ ਢਾਲਣਾ ਹੈ। ਗੁਰਮਤਿ ਗਿਆਨ ਸਬਦ ਨਾਲ ਸੱਚੀ ਟਕਸਾਲ ਘਟ ਅੰਦਰ ਢਾਲਣੀ ਹੈ। ਪਰਮੇਸਰ ਦੀ ਨਦਰ ਜਿਸ ਤੇ ਹੋਵੇ ਜਿਸਤੇ ਕਰਮ ਹੋਵੇ ਉਸਨੂੰ ਪ੍ਰਾਪਤ ਹੋਣਾ ਇਹ ਉਸੀ ਨੂੰ ਨਦਰ ਨਾਲ ਨਿਹਾਲ ਕਰਨਾ। ਘਟ ਅੰਦਰ ਹਿਰਦੇ ਅੰਦਰ ਸੱਚ (ਅਕਾਲ/ਹੁਕਮ/ਗੁਰਮਤਿ ਗਿਆਨ) ਦੀ ਟਕਸਾਲ ਸਥਾਪਿਤ ਕਰਨ ਦੀ ਗਲ ਕੀਤੀ ਹੈ ਪਾਤਿਸ਼ਾਹ ਨੇ।
ਫੇਰ ਮਹਾਰਾਜ ਆਖਦੇ “ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ॥ ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ॥੧॥ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ॥ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ॥” ਇਹਨਾਂ ਪੰਕਤੀਆਂ ਨੂੰ ਸਮਝਣ ਤੋ ਪਹਿਲਾਂ ਵੇਖਦੇ ਹਾਂ ਧਰਤੀ ਕੀ ਹੈ ਪਾਣੀ ਕੀ ਹੈ ਬ੍ਰਹਮ ਗਿਆਨ ਵਿੱਚ। ਇੱਥੇ ਅਲੰਕਾਰ ਦੀ ਵਰਤੋ ਹੈ। ਜਿਵੇਂ ਕੋਈ ਕਵੀ ਆਪਣੀ ਕਵਿਤਾ ਵਿੱਚ ਆਪਣੇ ਪ੍ਰੇਮਿਕਾ ਦੀ ਤੁਲਨਾ ਚੰਦ ਨਾਲ ਕਰਦਾ ਹੈ ਉੱਦਾਂ ਹੀ ਗੁਰਬਾਣੀ ਵਿੱਚ ਅਲੰਕਾਰ ਦੀ ਵਰਤੋ ਹੋਈ ਹੈ।
ਧਰਤੀ – ਗੁਰਮਤਿ ਨੇ ਕਰਮ ਨੂੰ ਧਰਤੀ ਮੰਨਿਆ ਹੈ “ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥”, “ਗੁਰਮੁਖਿ ਧਰਤੀ ਗੁਰਮੁਖਿ ਪਾਣੀ॥”, “ਘਰ ਮਹਿ ਧਰਤੀ ਧਉਲੁ ਪਾਤਾਲਾ॥ ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ॥”, “ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥” – ਅਸਲ ਵਿੱਚ ਧਰਤੀ ਮਨੁੱਖ ਦਾ ਹਿਰਦਾ ਹੈ ਜਿਸ ਵਿੱਚ ਨਾਮ (ਸੋਝੀ) ਦਾ ਬੀਜ ਬੋਣਾ ਦੀ ਗਲ ਕੀਤੀ ਹੈ ਗੁਰਬਾਣੀ ਵਿੱਚ। ਜਦੋਂ ਕਹਿਆ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥” – ਘਟ ਵਿੱਚ ਧਰਤ ਇਹੀ ਧਰਤੀ ਦੀ ਗਲ ਹੋਈ ਹੈ।
ਪਾਣੀ – ਪਾਣੀ ਹੈ ਨਾਮ (ਗਿਆਨ ਤੋਂ ਪ੍ਰਾਪਤ ਸੋਝੀ) “ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥”, ਜਦੋਂ ਮਹਾਰਾਜ ਨੇ ਆਖਿਆ “ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥” ਤਾਂ ਇਹ ਅਰਥ ਨਹੀਂ ਕੇ ਮਨਮੁਖ ਬਿਨਾਂ ਪਾਣੀ ਦੇ ਪਿਆਸੇ ਮਰ ਜਾਣੇ, ਇਸਦਾ ਅਰਥ ਹੈ ਪਾਣੀ (ਗਿਆਨ/ਸੋਝੀ) ਤੋਂ ਬਿਨਾਂ ਮੁਏ (ਅਗਿਆਨਤਾ ਵਿੱਚ ਸੁੱਤੇ ਆਵਣ ਜਾਣ ਦੇ ਗੇੜ ਵਿੱਚ) ਰਹਣਗੇ। ਇਸ ਪਾਣੀ ਦਾ ਅਰਥ ਸੋਝੀ ਵੀ ਹੈ ਜਿਸ ਨਾਲ ਸੂਕੇ ਘਟ ਵਿੱਚ ਹਰਿਆਲੀ ਹੋਣੀ, ਅਗਿਆਨਤਾ ਤੋਂ ਗਿਆਨ ਦਾ ਰੁਖ ਹਰਿਆ ਹੋਣਾ। ਮਨਮੁਖ ਨੂੰ ਗਿਆਨ ਨਹੀਂ ਅੰਧਾ ਹੈ ਜੋ ਇਸ ਸੋਝੀ ਤੋਂ ਵਾਂਝਾ ਹੋਣ ਕਾਰਣ ਬਿਨਾਂ ਪਾਣੀ ਦੇ ਡੁਬਿਆ ਹੋਇਆ ਹੈ ਅਗਿਆਨਤਾ ਵਿੱਚ। ਤਾਹੀਂ ਕਹਿਆ ਕੇ ਗੁਰ (ਗੁਣਾਂ) ਨੂੰ ਮੁਖ ਰਖਿਆਂ ਗੁਣਾਂ ਦੀ ਵਿਚਾਰ ਕੀਤਿਆਂ ਸੋਝੀ ਹੋਣੀ ਹਿਰਦੇ ਦੀ ਧਰਤੀ ਉੱਤੇ “ਗੁਰਮੁਖਿ ਧਰਤੀ ਗੁਰਮੁਖਿ ਪਾਣੀ॥”।
ਜਦੋਂ ਧਰਤੀ (ਘਟ/ਹਿਰਦਾ) ਅਤੇ ਪਾਣੀ (ਸੋਝੀ) ਦਾ ਮੇਲ ਹੋਣਾ ਉਹੀ ਹੈ “ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ॥ ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ॥” ਤੇ ਮਨ ਇਕਾਗਰ ਹੋਇਆ ਸੋਝੀ ਨਾਲ ਤਾਂ ਸੱਚੀ ਟਕਸਾਲ ਦੀ ਸਧਾਪਨਾ ਹੋਣੀ ਘਟ ਵਿੱਚ। “ਸਗਲ ਭਵਨ” ਜਿਤਨੇ ਭਵਨ ਹਨ ਯਾਨੀ ਘਟ ਹਨ, ਜੀਵ ਹਨ ਉਹਨਾਂ ਦੀ ਮੂਰਤ ਉਹਨਾਂ ਦੀ ਰਚਨਾ ਏਕਾ (ਏਕਤਾ) ਹੈ। ਇਸਦਾ ਅਰਥ ਹੈ ਕੇ ਜਿਤਨੇ ਜੀਵ ਹਨ ਉਹਨਾਂ ਸਾਰਿਆਂ ਵਿੱਚ ਜੋਤ ਸਮਾਨ ਹੈ ਜੋ ਸਰੀਰ ਕਰਕੇ ਮਾਇਆ ਕਰਕੇ, ਅਗਿਆਨਤਾ ਕਾਰਣ ਏਕ ਨਹੀਂ ਹਨ। ਜਦੋਂ ਗਿਆਨ ਹੋ ਗਿਆ ਆਪਣੇ ਮੂਲ ਦਾ ਸਾਰਿਆਂ ਵਿੱਚ ਏਕਾ ਜੋਤ ਹੈ ਸੋਝੀ ਹੋ ਗਈ ਤਾਂ ਘਟ ਅੰਦਰਲੀ ਨਾਮ (ਸੋਝੀ) ਦੀ ਟਕਸਾਲ ਸਥਾਪਿਤ ਹੋਣੀ ਜਿਸ ਵਿੱਚ ਕੇਵਲ ਗੁਣਾਂ ਦੀ ਵਿਚਾਰ ਹੋਣੀ।
”ਗੁਰਮੁਖਿ ਸੇਵਾ ਘਾਲ ਜਿਨਿ ਘਾਲੀ॥ ਤਿਸੁ ਘੜੀਐ ਸਬਦੁ ਸਚੀ ਟਕਸਾਲੀ॥੨॥” – ਗੁਰਮੁਖਿ ਅਰਥ ਗੁਣਾਂ ਨੂੰ ਮੁੱਖ/ਅੱਗੇ ਰੱਖਿਆਂ, ਗੁਣਾਂ ਦੀ ਵਿਚਾਰ ਕੀਤਿਆਂ ਜਿਸਨੇ ਸੇਵਾ ਕੀਤੀ “ਗੁਰ ਕੀ ਸੇਵਾ ਸਬਦੁ ਵੀਚਾਰੁ॥” ਉਸਦੇ ਘਟ ਵਿੱਚ ਹੀ ਇਹ ਸੱਚ ਦੀ ਟਕਸਾਲ ਸਥਾਪਿਤ ਹੋਣੀ। ਇਸ ਟਕਸਾਲ ਵਿੱਚੋਂ ਹੀ ਮਨੁੱਖ ਨੇ ਗਿਆਨੀ ਬਣਨਾ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥ ਗੁਣਦਾਤਾ ਵਿਰਲਾ ਸੰਸਾਰਿ॥ ਸਾਚੀ ਕਰਣੀ ਗੁਰ ਵੀਚਾਰਿ॥” ਪਰ ਇਹ ਟਕਸਾਲ ਹਿਰਦੇ ਵਿੱਚ ਸਥਾਪਿਤ ਕਰਨ ਵਾਲਾ, ਗੁਣਾਂ ਦੀ ਵਿਚਾਰ ਕਰਨ ਵਾਲਾ ਸੰਸਾਰ ਵਿੱਚ ਵਿਰਲਾ ਹੀ ਕੋਈ ਹੁੰਦਾ ਹੈ।
”ਮਨ ਜਾਪਹੁ ਰਾਮ ਗੁਪਾਲ॥ ਹਰਿ ਰਤਨ ਜਵੇਹਰ ਲਾਲ॥ ਹਰਿ ਗੁਰਮੁਖਿ ਘੜਿ ਟਕਸਾਲ॥ ਹਰਿ ਹੋ ਹੋ ਕਿਰਪਾਲ॥੧॥” – ਮਨ ਜਾਪਹੁ (ਪਛਾਣ ਕਰੋ) “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥”। ਗੋਪਾਲ ਦਾ ਅਰਥ ਹੈ ਪਾਲਣ ਕਰਨ ਵਾਲਾ। ਜੋਤ ਆਪ ਅਕਾਲ ਰੂਪ ਹੈ ਆਪਣੇ ਮੂਲ ਦਾ ਗਿਆਨ ਕਰਨ ਨਾਲ ਰਾਮ (ਰਮਿਆ ਹੋਇਆ), ਹਰਿ (ਸੋਝੀ ਦੇ ਅੰਮ੍ਰਿਤ/ਪਾਣੀ ਨਾਲ ਹਰਿਆ ਹੋਇਆ) ਘਟ ਅੰਦਰ ਹੀ ਪ੍ਰਾਪਤ ਹੁੰਦਾ ਹੈ। ਹਰਿ (ਗਿਆਨ/ਸੋਝੀ) ਨਾਲ ਹਰਿਆ ਹੋਣ ਤੇ ਹੀ ਘਟ ਅੰਦਰ ਇਹ ਸੱਚ ਦੀ ਟਕਸਾਲ ਘੜੀ ਜਾਂਦੀ ਹੈ ਜਦੋਂ ਹਰਿ (ਮੂਲ) ਕਿਰਪਾਲ ਹੋਵੇ ਤਾਂ।
ਅਸੀਂ ਟਕਸਾਲ ਬਾਹਰ ਮੰਨੀ ਬੈਠੇ ਹਾਂ, ਹਰਿਮੰਦਰ ਬਾਹਰ ਮੰਨੀ ਬੈਠੇ ਹਾਂ ਪਰ ਗੁਰਮਤਿ ਟਕਸਾਲ ਘਟ/ਹਿਰਦੇ ਵਿੱਚ ਹੀ ਘੜਨ ਨੂੰ ਆਖਦੀ ਹੈ। ਹਰਿਮੰਦਰ ਬਾਰੇ ਗੁਰਬਾਣੀ ਦਾ ਫੁਰਮਾਨ ਹੈ “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥੨॥“ ਜਿਸਦਾ ਅਰਥ ਬਣਦਾ ਕੇ ਘਟ/ਸਰੀਰ ਹੀ ਹਰਿ ਦਾ ਮੰਦਰ ਹੈ ਜੋ ਗਿਆਨ ਦੇ ਰਤਨ ਨਾਲ ਪਰਗਟ ਹੁੰਦਾ ਹੈ ਸੋਝੀ ਨਾਲ ਪਰਗਟ ਹੁੰਦਾ ਹੈ ਗੁਣਾਂ ਦੀ ਵਿਚਾਰ, ਗਿਆਨ ਅਤੇ ਸੋਝੀ ਨਾਲ ਪਰਗਟ ਹੁੰਦਾ ਹੈ। ਜੋ ਮਨ ਮਰਜੀ ਕਰਦਾ ਹੈ ਮਨ (ਅਗਿਆਨਤਾ/ਵਿਕਾਰਾਂ) ਨੂੰ ਮੁਖ ਰਖਦਾ ਹੈ ਉਹ ਅਗਿਆਨਤਾ ਵਿਛ ਸੂਕਾ ਹੋਣ ਕਾਰਣ ਉਸਦਾ ਹਿਰਦਾ ਹਰਿ ਦਾ ਮੰਦਰ ਨਹੀਂ ਹੁੰਦਾ।
ਅਸੀਂ ਹਰ ਵਸਤੂ ਬਾਹਰ ਲੱਭਦੇ ਹਾਂ ਗੁਰਬਾਣੀ ਆਖਦੀ ਦਿਲ ਵਿੱਚ ਖੋਜ “ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥੨॥”। ਕਬੀਰ ਜੀ ਆਖਦੇ “ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ॥੮੭॥”। ਕੋਈ ਤੀਰਥਾਂ ਵਿੱਚ ਜਾ ਕੇ ਲੱਬਦਾ ਕੋਈ ਮੰਦਰਾਂ ਗੁਰੂਘਰਾਂ ਵਿੱਚ ਲੱਭਦਾ ਗੁਰਬਾਣੀ ਆਖਦੀ “ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥”। ਅਸਲ ਗਲ ਇਹ ਹੈ ਕੇ ਮਨੁਖ ਦਾ ਧਿਆਨ ਅੰਦਰ ਨਾ ਜਾਵੇ ਇਸ ਕਾਰਣ ਬਹੁਤ ਸਾਰੀਆਂ ਦੁਨਿਆਵੀ/ਸ਼ੰਸਾਰੀ ਵਸਤੂਆਂ ਦੇ ਨਾਮ ਬਦਲ ਕੇ ਗੁਰਮਤਿ ਵਿੱਚੋਂ ਲਏ ਗਏ ਸ਼ਬਦਾਂ ਨਾਲ ਬਦਲ ਦਿੱਤੇ ਗਏ ਤਾਂ ਕੇ ਜਦੋਂ ਕੋਈ ਭੁੱਲ ਭੁਲੇਖੇ ਗੁਰਬਾਣੀ ਪੜ੍ਹ ਕੇ ਵਿਚਾਰ ਕਰਨ ਲੱਗੇ ਤਾਂ ਉਸਦੇ ਮਨ ਵਿੱਚ ਸੰਸਾਰੀ ਥਾਂ ਜਾਂ ਵਸਤੂ ਦਾ ਧਿਆਨ ਹੀ ਆਵੇ। ਇਸਦੇ ਕੇਝ ਉਦਾਹਰਣ ਹਨ ਹੇਮ ਕੁੰਟ, ਹਰਿਮੰਦਰ, ਅੰਮ੍ਰਿਤ, ਦੁਰਗਾ, ਚੰਡੀ, ਭਗਉਤੀ ਆਦੀ। ਗੁਰਬਾਣੀ ਵਿਚਾਰ ਕਰੀਏ ਤਾਂ ਇਹ ਸਾਰੇ ਘਟ ਅੰਦਰ ਯਾਨੀ ਅੰਤਰੀਵ ਭਾਵ ਹੀ ਦਿਸਣੇ।
ਗੁਰਬਾਣੀ ਅਧਿਆਤਮ, ਆਤਮਿਕ ਗਿਆਨ ਹੈ, ਬ੍ਰਹਮ ਗਿਆਨ ਹੈ। ਆਪਣੇ ਮੂਲ ਨੂੰ ਆਪਣੇ ਆਪ ਨੂੰ ਪਛਾਣ ਕੇ ਗੁਣ ਧਾਰਣ ਕਰਨ ਦੀ ਜੁਗਤ ਹੈ। ਇਸ ਲਈ ਬਾਣੀ ਆਪ ਪੜ੍ਹੋ ਵਿਚਾਰ ਤੇ ਆਪਣੇ ਜਵਾਬ ਗੁਰਬਾਣੀ ਦੁਆਰਾ ਹਿਰਦੇ/ ਘੱਟ ਵਿੱਚ ਹੀ ਖੋਜੋ। ਗੁਰਬਾਣੀ ਧੁਰ ਕੀ ਬਾਣੀ ਹੈ ਇਸਦੀ ਵਿਚਾਰ ਰਾਹੀਂ ਅਵਗੁਣ ਮੇਟੇ ਜਾਣੇ।