Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਹਰਿ

ਅੱਜ ਸਿੱਖਾਂ ਵਿੱਚ ਦੁਬਿਧਾ ਹੈ ਤੇ ਬਹੁਤੇ ਵੀਰ ਭੈਣਾਂ ਗੁਰਮਤਿ ਵਿੱਚ ਦੱਸੇ ਰਾਮ ਅਤੇ ਹਰਿ ਬਾਰੇ ਨਹੀਂ ਜਾਣਦੇ। ਕਈ ਸਵਾਲ ਖੜੇ ਹੁੰਦੇ ਹਨ ਕੇ ਅੱਜ ਦੇ ਸਿੱਖਾਂ ਨੂੰ ਪੜ੍ਹ ਕੇ ਵੀ ਪਤਾ ਨਹੀਂ ਲੱਗ ਰਹਿਆ ਕੇ ਗੁਰਮਤਿ ਵਿੱਚ ਦੱਸਿਆ ਹਰਿ ਜਾਂ ਰਾਮ ਕੌਣ ਹੈ ਤੇ ਕਿੱਥੇ ਵੱਸਦਾ ਹੈ। ਕੁੱਝ ਸਮੇ ਪਹਿਲਾਂ ਗੁਰਮਤਿ ਵਿੱਚ ਦੱਸੇ ਰਾਮ ਬਾਰੇ ਪੋਸਟ ਲਿਖੀ ਸੀ ਜਿਸਦਾ ਲਿੰਕ ਹੈ “ਗੁਰਮਤਿ ਵਿੱਚ ਰਾਮ”, ਅੱਜ ਇਸ ਪੋਸਟ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕੇ ਹਰਿ ਕੌਣ ਹੈ। ਗੁਰਮਤਿ ਅਨੁਸਾਰ ਹਰਿ ਜੀਵ ਦੇ ਅੰਦਰ ਪਰਮੇਸਰ ਦੀ ਜੋਤ ਹੈ ਜੋ ਖਰਦੀ ਨਹੀਂ, ਕਦੇ ਨਹੀਂ ਮਰਦੀ। ਇਹ ਜੋਤ ਅਕਾਲ ਰੂਪ ਹੈ ਜਿਵੇਂ “ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥” ਜਿਵੇਂ ਜਲ ਵਿੱਚੋਂ ਬੂੰਦ ਉਠਦੀ ਹੈ ਫੇਰ ਜਲ ਵਿੱਚ ਹੀ ਸਮਾ ਜਾਂਦੀ ਹੈ ਉਦਾਂ ਹੀ ਮਹਾਰਾਜ ਆਖਦੇ “ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ॥ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥“ ਹਰਿ ਤੇ ਹਰਿ ਜਨ ਵਿੱਚ ਕੋਈ ਫ਼ਰਕ ਨਹੀਂ ਹੈ। ਸਾਡਾ ਮਨ (ਅਗਿਆਨਤਾ) ਜਾਂ ਵਿਕਾਰਾਂ ਦੀ ਮੈਲ ਕਾਰਣ ਇਸ ਜੋਤ ਨੂੰ ਨਹੀਂ ਜਾਣਦਾ। ਗੁਰਮਤਿ ਦਾ ਫੁਰਮਾਨ ਹੈ “ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ॥ ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ॥੨॥” ਜਦੋਂ ਤਕ ਮੇਰਾ ਤੇਰਾ ਦੀ ਵਿਚਾਰ ਕਰਦਾ ਹੈ ਵਯਕਤੀਗਤ (ਮੈਂ/ਮੇਰਾ/ਤੇਰਾ/ਉਸਦਾ) ਦੀ ਸੋਚ ਹੈ, ਉਦੋਂ ਤੱਕ ਮਾਇਆ ਵਿੱਚ ਫਸਿਆ ਹੈ ਬੰਧਨ ਵਿੱਚ ਹੈ। ਗੁਰਮਤਿ ਮਨ ਨੂੰ ਮਨਾਉਣ ਲਈ ਸਮਝਾਉਣ ਲਈ ਗੁਰ (ਗੁਣ) ਦੀ ਵਿਚਾਰ ਨੂੰ ਆਖਦੀ ਹੈ। ਕਿਉਂਕੇ ਜੀਵ ਦੀ ਜੋਤ ਅਕਾਲ ਰੂਪ ਹੈ ਇਸਨੂੰ ਅਕਾਲ ਦੇ ਗੁਰ (ਗੁਣ) ਵਿਚਾਰਣ ਦਾ ਆਦੇਸ਼ ਹੈ। “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥“ । ਇਸ ਗੁਣਾਂ ਦੀ ਵਿਚਾਰ ਤੋਂ ਪ੍ਰਾਪਤ ਹੋਏ ਗਿਆਨ ਨਾਲ ਅਗਿਆਨਤਾ ਦਾ ਨਾਸ ਹੋਣਾ। ਜਦੋਂ ਇਹ ਗੁਰੁ (ਗੁਣਾਂ ਦਾ ਧਾਰਣੀ) ਹੋ ਜਾਣਾ ਗੁਣਾਂ ਦੇ ਦੁਆਰਾ ਅਗਿਆਨਤਾ ਕੱਟੀ ਗਈ ਤਾਂ ਇਸ ਨੇ ਆਪਣੇ ਨਿਜ ਘਰ (ਦਰਗਾਹ) ਨੂੰ ਮੁੜਨਾ। ਗੁਰਬਾਣੀ ਦਾ ਫੁਰਮਾਨ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥”। ਮਨ ਦਾ ਸੁਭਾਅ ਹੈ ਕੇ ਇਹ ਟਿਕਦਾ ਨਹੀਂ ਪਾਪ ਪੁੰਨ ਦੀ ਵਿਚਾਰ, ਜੀਵਨ ਮਰਨ ਦੀ ਵਿਚਾਰ, ਲਾਭ ਹਾਨੀ ਦੀ ਵਿਚਾਰ, ਮਾਨ ਅਪਮਾਨ ਦੀ ਵਿਚਾਰ ਵਿੱਚ ਹਰ ਵੇਲੇ ਲੱਗਿਆ ਰਹਿੰਦਾ ਹੈ। ਇਸਨੂੰ ਅਗਿਆਨਤਾ ਕਾਰਣ ਟਿਕਾ ਹੈ ਹੀ ਨਹੀਂ।। ਇਸਨੂੰ ਆਪਣੇ ਕਰਤਾ ਹੋਣ ਦਾ ਆਭਾਸ ਹੈ। ਇਸ ਮਾਇਆ ਦੀ ਖਿੱਚ ਕਾਰਣ ਇਹ ਜਨਮ ਮਰਨ ਦੇ ਗੇੜ ਵਿੱਚ ਫਸਿਆ ਹੋਇਆ ਹੈ। ਰੋਜ ਮਰਦਾ ਹੈ ਜਦੋਂ ਅਗਿਆਨਤਾ ਵੱਸ ਆਪਣੀ ਹੋਂਦ ਦੋ ਭੱਜਦਾ ਹੈ ਨਕਾਰਦਾ ਹੈ। ਗੁਰਮਤਿ ਜੀਵ ਨੂੰ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਮੰਨਦੀ ਹੈ। ਜਦੋਂ ਭਰੋਸਾ ਟੁੱਟਦਾ ਹੈ ਉਸਨੂੰ ਮਰਨਾ ਮੰਨਦੀ ਹੈ। ਇਸ ਬਾਰੇ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕੇ ਮਰਨਾ ਕੀ ਹੈ ਤੇ ਅਗਿਆਨਤਾ ਦੀ ਨੀਂਦ ਕੀ ਹੈ। “ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ ॥੧॥”। ਜਪ ਅਤੇ ਜਾਪ ਬਾਣੀ ਵਿੱਚ ਅਕਾਲ ਦੇ ਗੁਣ ਦੱਸੇ ਹਨ ਤਾਂ ਕੇ ਅਸੀਂ ਇਹਨਾਂ ਗੁਣਾਂ ਨੂੰ ਜਾਪ (ਪਛਾਣ) ਸਕੀਏ ਤੇ ਪੂਰੀ ਬਾਣੀ ਇਹਨਾਂ ਗੁਣਾਂ ਦੀ ਹੀ ਵਿਚਾਰ ਹੈ। ਪਰ ਜਿਹੜੇ ਪ੍ਰਸਿੱਧੀ ਦੇ ਲਾਲਚ ਵਿੱਚ, ਮਾਇਆ ਦੇ ਲਾਲਚ ਵਿੱਚ ਫਸੇ ਨੇ ਜਿਹਨਾਂ ਨੇ ਧਰਮ ਨੂੰ ਧੰਦਾ ਬਣਾ ਲਿਆ ਹੈ ਉਹ ਇਸ ਗਲ ਦਾ ਸਹੀ ਪ੍ਰਚਾਰ ਨਹੀਂ ਕਰਦੇ।

ਬਿਨਾਂ ਨਾਮ (ਗਿਆਨ/ਸੋਝੀ) ਦੇ ਅੰਮ੍ਰਿਤ ਤੋਂ ਮਨ ਸੂਕਾ (ਸੁਕਿਆ) ਪਿਆ ਹੈ। ਸੁੱਕੇ ਹੋਏ ਪੇੜ ਵਾਂਗ ਹੈ। ਇਸਨੇ ਹਰਿਆ ਕਿਵੇਂ ਹੋਣਾ ਇਹ ਬਾਣੀ ਨੇ ਦੱਸਿਆ ਹੈ “ਜਨਮ ਜਨਮ ਕਾ ਵਿਛੁੜਿਆ ਮਿਲਿਆ॥ ਸਾਧ ਕ੍ਰਿਪਾ ਤੇ ਸੂਕਾ ਹਰਿਆ॥ ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ॥੩॥” – ਸਾਧ ਕ੍ਰਿਪਾ ਤੇ ਨਾਮ ਮਿਲਨਾ। ਸਾਧ ਬਾਹਰ ਨਹੀਂ ਹੁੰਦੇ ਮਨ ਹੀ ਸਾਧ ਬਣਨਾ ਕਿਵੇਂ “ਮਨੁ ਅਸਾਧੁ ਸਾਧੈ ਜਨੁ ਕੋਇ॥” ਮਨ ਸਾਡਾ ਅਸਾਧ ਹੈ, ਜੰਗਲੀ ਘੋੜੇ ਵਰਗਾ, ਮਾਇਆ ਦੇ ਮਗਰ ਭੱਜਦਾ। ਮਨ ਹੀ ਅਗਿਆਨਤਾ ਦਾ ਰੂਪ ਹੈ ਅਤੇ “ਮਨ ਅੰਤਰਿ ਬੋਲੈ ਸਭੁ ਕੋਈ॥ ਮਨ ਮਾਰੇ ਬਿਨੁ ਭਗਤਿ ਨ ਹੋਈ॥੨॥ ਕਹੁ ਕਬੀਰ ਜੋ ਜਾਨੈ ਭੇਉ॥ ਮਨੁ ਮਧੁਸੂਦਨੁ ਤ੍ਰਿਭਵਣ ਦੇਉ॥੩॥੨੮॥” ਗੌਰ ਨਾਲ ਵੇਖੀਏ ਤਾਂ ਇਹਨਾਂ ਪੰਕਤੀਆਂ ਵਿੱਚ “ਮਨ” (ਨ ਮੁਕਤਾ) ਅਤੇ “ਮਨੁ”( ਨ ਔਕੜ ਨਾਲ) ਦੋਹਾਂ ਦੀ ਵਰਤੋ ਹੋਈ ਹੈ। ਮਨ ਹੈ ਅਗਿਆਨਤਾ, ਦੁਭਿਧਾ, ਮਾਇਆ ਦੀ ਭੁੱਖ ਜਿਸਨੇ ਮਰਨਾ ਹੈ ਤੇ “ਮਨੁ” (ਮੰਨ ਜਾਣਾ / ਏਕੇ ਦਾ ਗਿਆਨ ਹੋ ਜਾਣਾ) ਬਣ ਜਾਣਾ ਅਤੇ ਮਨ ਸਾਧਿਆ ਜਾਣਾ “ਪ੍ਰਭ ਜੀ ਕੋ ਨਾਮੁ ਮਨਹਿ ਸਾਧਾਰੈ॥ ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ॥੧॥” ਜਦੋੰ ਪ੍ਰਭ ਦਾ ਨਾਮ (ਗਿਆਨ/ਸੋਝੀ) ਪ੍ਰਾਪਤ ਹੋ ਜਾਵੇ ਮਨ ਸਾਧਿਆ ਜਾਂਦਾ। ਸਾਧ ਬਣ ਜਾਂਦਾ। ਇਸਨੂੰ ਗਿਆਨ ਹੋ ਜਾਂਦਾ ਕੇ ਜੋ ਹੋ ਰਹਿਆ ਹੈ ਉਹ ਹੁਕਮ ਵਿੱਚ ਹੋ ਰਹਿਆ ਹੈ। ਇਸ ਜੁਗਤ ਲਈ ਆਪਾ ਵਾਰਨਾ ਪੈਂਦਾ, ਮੈਂ ਤਿਆਗਣੀ ਪੈਂਦੀ “ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ॥”, ਨਹੀਂ ਤਾਂ ਕਈ ਲੱਗੇ ਨੇ ਨਾਮ ਨੂੰ ਖੋਜਣ ਕਈ ਵੇਦ ਪੜ੍ਹ ਰਹੇ ਨੇ, ਕਈ ਰਾਮ ਰਾਮ ਉਚਾਰਣ ਲੱਗੇ ਨੇ, ਕਈ ਅੱਲਾਹ ਅੱਲਾਹ ਉਚਾਰਦੇ ਪਏ ਨੇ ਤੇ ਅੱਜ ਸਾਡੇ ਵੀਰ ਵਾਹਿਗੁਰੂ ਵਾਹਿਗੁਰੂ ਕਰਨ ਲਗ ਪਏ। ਪਰ ਪ੍ਰਾਪਤੀ ਦੀ ਜੁਗਤ ਗੁਰਮਤਿ ਦੱਸਦੀ ਹੈ “ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ॥”। ਗੁਰਬਾਣੀ ਨੇ ਕਹਿਆ ਹੈ ਕੇ ਅੰਮ੍ਰਿਤ ਬਾਹਰ ਨਹੀਂ ਹੁੰਦਾ ਅੰਮ੍ਰਿਤ ਤਾਂ ਘਟ ਅੰਦਰ ਹੀ ਹੈ ਤੇ ਗੁਰ (ਗੁਣਾਂ) ਦੇ ਪ੍ਰਸਾਦ (ਪ੍ਰਾਪਤੀ) ਤੋਂ ਮਿਲਣਾ “ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੑੀ ਪੀਤਾ ਰੰਗ ਸਿਉ ਜਿਨੑ ਕਉ ਲਿਖਿਆ ਆਦਿ॥੧॥”। ਪ੍ਰਾਪਤ ਕਿਸਨੂੰ ਹੋਣਾ ਜਿਸਨੂੰ ਧੁਰੋਂ ਆਦੇਸ਼ ਹੋ ਗਿਆ। ਬਾਕੀਆਂ ਨੇ ਪੜ੍ਹ ਕੇ ਵੀ ਨਹੀਂ ਵਿਚਾਰਨਾ। ਇਸੀ ਨਾਮ (ਸੋਝੀ) ਦੇ ਅੰਮ੍ਰਿਤ ਬਾਰੇ ਪਾਤਿਸ਼ਾਹ ਨੇ ਆਖਿਆ ਹੈ “ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ॥”। ਕ੍ਰਿਪਾ ਜਲ ਹੈ ਗੁਰ ਪ੍ਰਸਾਦ, ਅੰਮ੍ਰਿਤ ਕਦੇ ਨਾ ਮਰਨ ਵਾਲਾ, ਕਦੇ ਨਾ ਖਤਮ ਹੋਣ ਵਾਲਾ ਨਾਮ (ਸੋਝੀ)। ਇਹੀ ਨਾਮ ਦਾ ਅੰਮ੍ਰਿਤ “ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ॥” ਹਰਿ ਦਾ ਗਿਆਨ ਦ੍ਰਿੜ ਕਰਵਾਉਂਦਾ ਹੈ।

ਹਰਿ ਕੌਣ?

ਹਰਿ ਘਟ ਦੀ ਉਹ ਅਵਸਥਾ ਹੈ ਜੋ ਨਾਮ/ਗਿਆਨ ਦਾ ਅੰਮ੍ਰਿਤ ਪ੍ਰਾਪਤ ਕਰਕੇ ਹਰਿਆ ਹੋ ਗਿਆ। ਉਦਾਹਰਣ

”ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥੧॥ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ॥੧॥” – ਸਤਿ ਦੀ ਸੰਗਤ ਕੀਤਿਆਂ ਸਤਿ ਦੀ ਸੰਗਤ ਮਿਲਣ ਨਾਲ ਤਰ ਜਾਣਾ। ਸਤਿ ਸੰਗਤ ਲੋਕਾਂ ਦਾ ਇਕੱਠ ਨਹੀਂ ਹੈ। ਕੋਈ ਝੂਠ ਬੋਲਦਾ, ਕੋਈ ਚੋਰੀ ਠੱਗੀ ਕਰਦਾ। ਕੋਈ ਜਨਾਨੀ ਨਿਆਣੇ ਕੁੱਟਦਾ, ਵਿਕਾਰਾਂ ਨਾਲ ਭਰਿਆ ਹੋਇਆ ਮਨੁੱਖ ਇਕੱਠ ਵਿੱਚ ਆ ਕੇ ਸਚ ਨਹੀਂ ਹੋ ਜਾਂਦਾ ਸਤਿ ਨਹੀਂ ਹੋ ਜਾਂਦਾ। ਸੱਚ ਗੁਰਮਤਿ ਅਨੁਸਾਰ ਉਹ ਹੈ ਜੋ ਕਦੇ ਨਾ ਖਰੇ। ਸਦੀਵ ਰਹੇ। ਬਾਕੀ ਜਗ ਰਚਨਾ, ਮਨੁੱਖੀ ਦੇਹ ਸਬ ਬਿਨਸ ਜਾਣੀ ਇਸ ਕਾਰਣ ਮਾਇਆ ਦਾ ਸਰੀਰ, ਹਰੇਕ ਵਸਤੂ ਨੂੰ ਗੁਰਮਤਿ ਨੇ ਝੂਠ ਕਹਿਆ ਹੈ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥੪੯॥

ਨਾਮੁ ਜਪਤ ਮਨੁ ਤਨੁ ਸਭੁ ਹਰਿਆ॥ ਕਲ ਮਲ ਦੋਖ ਸਗਲ ਪਰਹਰਿਆ॥੧॥” – ਨਾਮੁ (ਏਕੇ ਦੀ ਸੋਝੀ) ਨੂੰ ਜਪਤ (ਪਛਾਨਣ ਉਪਰੰਤ) ਮਨੁ (ਸਾਧਿਆ ਹੋਇਆ ਮਨ), ਤਨ (ਘਟ/ਦੇਹੀ) ਸਭ ਹਰਿਆ (ਹਰਿਆਵਲੀ) ਹੋ ਗਈ। ਕਲ (ਕਲਜੁਗ – ਅਗਿਆਨਤਾ), ਮਲ (ਵਿਕਾਰਾਂ ਦੀ ਮੈਲ), ਸਾਰੇ ਹੀ ਦੂਰ ਹੋ ਗਏ। ਇਹੀ ਮਨ ਦਾ ਸੂਤਕ ਹੈ ਜਿਸ ਬਾਰੇ ਕਹਿਆ ਹੈ “ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥” ਅਤੇ ਇਹ ਸੂਤਕ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਨਹੀਂ ਉਤਰਨਾ, ਇਹ ਉਤਰਨਾ “ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥” ਇਹ ਗਿਆਨ ਨਾਲ ਉਤਰਨਾ।

ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ॥ ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ॥” – ਜਿਸਦਾ ਮਨੁ ਹਰਿਆ ਹੋਇਆ ਗਿਆਨ ਨਾਲ, ਜਿਸ ਉੱਤੇ ਇਹ ਦਇਆ ਹੋਈ ਉਸਤੇ ਹੀ ਉਹ ਪ੍ਰਸੰਨ (ਖੁਸ਼) ਹੁੰਦਾ ਹੈ।

ਪਿਛਲੀ ਪੋਸਟ ਵਿੱਚ ਵਿਚਾਰਿਆ ਸੀ ਕੇ ਕਿਵੇਂ ਗੁਰਮਤਿ ਵਿੱਚ “ਪਾਣੀ” ਗਿਆਨ ਨੂੰ ਆਖਿਆ ਹੈ। ਜਿਸਨੂੰ ਜਪ ਬਾਣੀ ਦੇ ਅੰਤ ਵਿੱਚ ਪਿਤਾ ਵੀ ਕਹਿਆ ਹੈ। ਪਾਤਿਸ਼ਾਹ ਆਖਦੇ ਇਹੀ ਪਾਣੀ (ਗਿਆਨ) ਨੇ ਮਨ ਨੂੰ ਹਰਿਆ ਕਰਨਾ ਹੈ “ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥”। ਗੁਰਮਤਿ ਅਲੰਕਾਰ ਦੀ ਭਾਸ਼ਾ ਹੈ ਕਵਿਤਾ ਰੂਪ ਵਿੱਚ ਰਾਗਾਂ ਵਿੱਚ ਲਿਖੀ ਹੈ। ਇਸ ਲਈ ਸਮਝਾਉਣ ਖਾਤਰ ਉਦਾਹਰਣ ਦਿੱਤੇ ਨੇ ਬਾਣੀ ਵਿੱਚ।

ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ॥ ਗੁਰਮੁਖਿ ਜਲੁ ਪਾਵੈ ਸੁਖ ਸਹਜੇ ਹਰਿਆ ਭਾਇ ਸੁਭਾਈ॥੨॥” – ਇਹ ਗਿਆਨ ਰੂਪੀ ਅੰਮ੍ਰਿਤ, ਪਾਣੀ ਦੀ ਇੱਥੇ ਫੇਰ ਗਲ ਕਰ ਰਹੇ ਨੇ। ਆਖਦੇ ਜਿਵੇਂ ਚਾਤ੍ਰਿਕ (ਪਪੀਹਾ) ਜਲ ਤੋਂ ਬਿਨਾਂ ਬਿਲਲਾਉਂਦਾ ਹੈ ਤੜਫਦਾ ਹੈ ਉੱਦਾਂ ਹੀ ਗਰਮੁਖ (ਗੁਣਾਂ ਨੂੰ ਮੁੱਖ ਰੱਖਣ ਵਾਲਾ) ਗਿਆਨ ਮੰਗਦਾ ਹੈ “ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥”। ਗੁਣਾਂ ਦੀ ਵਿਚਾਰ ਕਰਨ ਵਾਲੇ ਨੂੰ, ਗੁਣਾਂ ਨੂੰ ਧਿਆਨ ਰੱਖਣ ਵਾਲੇ ਨੂੰ ਹੀ ਇਹ ਕ੍ਰਿਪਾ ਜਲ, ਇਹ ਅੰਮ੍ਰਿਤ ਰੂਪੀ ਗਿਆਨ ਮਿਲਦਾ ਹੈ। ਫੇਰ ਨਾਮ (ਸੋਝੀ) ਦਾ ਅੰਮ੍ਰਿਤ ਮਿਲਨ ਉਪਰੰਤ ਉਸਨੂੰ ਸਹਜ ਸੁਭਾਅ ਦੀ ਪ੍ਰਾਪਤੀ ਹੁੰਦੀ ਹੈ ਮਨੁ ਹਰਿਆ ਹੁੰਦਾ ਹੈ। “ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ॥

ਗੁਣਾਂ ਦੀ ਵਿਚਾਰ ਰਾਹੀਂ, ਗਿਆਨ ਦੇ ਅੰਮ੍ਰਿਤ ਨਾਲ ਹੀ ਸਬ ਮਨ ਤਨ ਹਰਿਆ ਹੋਣਾ, ਇਸਨੂੰ ਹੋਰ ਸਪਸ਼ਟ ਕੀਤਾ ਹੈ “ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ॥ ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ॥ ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ॥ ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ॥ ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ॥੧॥“ – ਹੁਣ ਇਹ ਪੜ ਕੇ ਫੇਰ ਵਿਚਾਰ ਲਵੋ ਕੇ ਇੱਕੋ ਸ਼ਬਦ ਦੇ ਰੱਟਣ ਨਾਲ ਗਿਆਨ ਕਿਵੇਂ ਮਿਲ ਜਾਣਾ। ਸੋਚੋ ਕਿਤੇ ਤੁਹਾਨੂੰ ਮਗਰ ਲਾਉਣ ਲਈ ਕਿਸੇ ਨੇ ਗਿਆਨ ਤੋਂ ਹਟਾਉਣ ਲਈ ਤਾਂ ਨਹੀਂ ਰੱਟਣ ਲਾਇਆ। ਫੇਰ ਇੱਕ ਵਾਰ ਹੌਲੀ ਹੌਲੀ ਪੜ੍ਹ ਕੇ ਵਿਚਾਰ ਲਵੋ “ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ॥ ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ॥ ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ॥ ਸਚੁ ਅਲਖ ਵਿਡਾਣੀ ਤਾ ਕੀ ਗਤਿ ਕਹੀ ਨ ਜਾਏ॥ ਕਹੈ ਨਾਨਕੁ ਅੰਮ੍ਰਿਤ ਨਾਮੁ ਸੁਣਹੁ ਪਵਿਤ੍ਰ ਹੋਵਹੁ ਸਾਚੈ ਸੁਨਣੈ ਨੋ ਪਠਾਏ॥੩੭॥

ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ॥ ਸੂਕੇ ਤੇ ਹਰਿਆ ਥੀਆ ਨਾਨਕ ਜਪਿ ਭਗਵੰਤ॥੨॥” – ਸੰਤ ਬਾਹਰ ਨਹੀਂ ਹੁੰਦੇ, ਮਨੁ ਨੇ ਗਿਆਨ ਲੈਕੇ ਸੰਤ ਹੋਣਾ ਹੈ। ਭਗਵੰਤ ਨੂੰ ਜਾਪਣ ਤੇ, ਜਾਪਣ ਉਪਰੰਤ ਸੂਕਾ ਹਰਿਆ ਹੋਣਾ। ਉੱਪਰ ਆਪਾਂ ਵਿਚਾਰ ਕੀਤਾ ਕੀ ਕਿਵੇਂ ਗਿਆਨ ਨਾਲ ਹਰਿਆ ਹੋਣਾ।

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥੨॥ ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ॥ ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ॥੩॥” – ਗੁਰਬਾਣੀ, ਗੁਰੂ ਦੀ ਮਤਿ ਦਾ ਆਦੇਸ਼ ਹੈ ਕੇ ਸਾਡਾ ਸਰੀਰ (ਘਟ), ਸਾਡੀ ਦੇਹੀ (“ਦੇਹੀ ਗੁਪਤ ਬਿਦੇਹੀ ਦੀਸੈ॥” – ਘਟ ਦੇਹੀ ਹੈ ਬਾਹਰ ਤੂਮੜੀ ਹਾਡ ਮਾਸ ਦਾ ਸਰੳਿਰ ਬਦੇਹੀ ਹੈ) ਹਰਿ ਦਾ ਮੰਦਰ ਹੈ ਜਿਸਨੇ ਗਿਆਨ ਦੇ ਰਤਨ ਦੁਆਰਾ ਪ੍ਰਗਟ ਹੋਣਾ। ਜੋ ਮਨਮੁਖ ਹੈ ਮਨ ਦੀ ਮਰਜੀ ਕਰਣ ਵਾਲਾ ਹੈ, ਗਿਆਨ ਤੋਂ, ਵਿਚਾਰ ਤੋਂ, ਗੁਣਾਂ ਤੋਂ ਭੱਜਦਾ ਹੈ ਉਸ ਮਨਮੁਖ ਨੂੰ ਇਹ ਕਦੇ ਵੀ ਸਮਝ ਨਹੀਂ ਲੱਗਣਾ। ਹਰਿ ਗਿਆਨ ਦੁਆਰਾ ਪ੍ਰਗਟ ਹੋਣਾ ਮਨੁ ਦੇ ਅੰਦਰ ਹੀ ਕਿਰਪਾ ਦੇ ਜਲ ਨਾਲ। ਜਦੋਂ ਹੁਕਮ ਮੰਨਣ ਲਗ ਪਿਆ। ਸੋਝੀ ਲੈ ਲਈ ਤਾਂ।

ਅਸੀਂ ਬਸੰਤ ਰੁਤ ਵੀ ਬਾਹਰ ਮੰਨੀ ਬੈਠੇ ਹਾਂ। ਗੁਰਮਤਿ ਆਖਦੀ ਜਦੋਂ ਮਨ ਵਿੱਚ ਗਿਆਨ ਦੀ ਪ੍ਰਾਪਤੀ ਦੀ ਇੱਛਾ ਹੁੰਦੀ ਗਿਆਨ ਦਾ ਚਾਨਣਾ ਹੋਣ ਦਾ ਚਾ ਹੁੰਦਾ ਉਦੋਂ ਬਸੰਤ ਰੁਤ ਹੈ। ਇਸ ਬਸੰਤ ਰੁਤ ਵਿੱਚ ਕੀ ਹੁੰਦਾ ਵੇਖਦੇ ਹਾਂ “ਰਾਗੁ ਬਸੰਤੁ ਮਹਲਾ ੩॥ ਬਸੰਤੁ ਚੜਿਆ ਫੂਲੀ ਬਨਰਾਇ॥ ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ॥੧॥ ਇਨ ਬਿਧਿ ਇਹੁ ਮਨੁ ਹਰਿਆ ਹੋਇ॥ ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ॥੧॥ ਰਹਾਉ॥ ਸਤਿਗੁਰ ਬਾਣੀ ਸਬਦੁ ਸੁਣਾਏ॥ ਇਹੁ ਜਗੁ ਹਰਿਆ ਸਤਿਗੁਰ ਭਾਏ॥੨॥ ਫਲ ਫੂਲ ਲਾਗੇ ਜਾਂ ਆਪੇ ਲਾਏ॥ ਮੂਲਿ ਲਗੈ ਤਾਂ ਸਤਿਗੁਰੁ ਪਾਏ॥੩॥ ਆਪਿ ਬਸੰਤੁ ਜਗਤੁ ਸਭੁ ਵਾੜੀ॥ ਨਾਨਕ ਪੂਰੈ ਭਾਗਿ ਭਗਤਿ ਨਿਰਾਲੀ॥੪॥੫॥੧੭॥“ – ਹੁਣ ਜਿਹੜੀ ਬਿਧੀ ਨਾਲ ਮਨ ਦੇ ਹਰਿਆ ਹੋਣ ਦੀ ਗਲ ਕੀਤੀ ਹੈ, ਜਿਸ ਬਸੰਤ ਦੀ ਗਲ ਕੀਤੀ ਹੈ ਪੜ੍ਹ ਕੇ ਵਿਚਾਰੋ ਕੇ ਉਹ ਮਨੁ ਦੇ ਬਾਗ ਵਿੱਚ ਸੋਝੀ ਦੇ ਅੰਮ੍ਰਿਤ ਨਾਲ ਨਾਮ/ਸੋਝੀ/ਗਿਆਨ ਦੇ ਫੁਲ ਲੱਗਣ ਕਾਰਣ ਹੋਈ ਹੈ ਜਾਂ ਬਾਹਰੀ ਮੌਸਮ ਕਾਰਣ ਦੁਨਿਆਵੀ ਬਸੰਤ ਰੁੱਤ ਦੀ ਗਲ ਹੈ। ਜੇ ਹੁਣੇ ਵੀ ਸਹਸਾ ਹੈ ਸ਼ੰਕਾ ਹੈ ਫੇਰ ਇਹ ਪੜੋ “ਮਨੁ ਤਨੁ ਮਉਲਿਓ ਅਤਿ ਅਨੂਪ॥ ਸੂਕੈ ਨਾਹੀ ਛਾਵ ਧੂਪ॥ ਸਗਲੀ ਰੂਤੀ ਹਰਿਆ ਹੋਇ॥ ਸਦ ਬਸੰਤ ਗੁਰ ਮਿਲੇ ਦੇਵ॥੩॥ ਬਿਰਖੁ ਜਮਿਓ ਹੈ ਪਾਰਜਾਤ॥ ਫੂਲ ਲਗੇ ਫਲ ਰਤਨ ਭਾਂਤਿ॥ ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ॥ ਜਨ ਨਾਨਕ ਹਰਿ ਹਰਿ ਹਰਿ ਧਿਆਇ॥” – ਗੁਰਬਾਣੀ ਤਾਂ ਗੁਰ (ਗੁਣ) ਮਿਲਣ ਤੇ ਬਸੰਤ ਹੋਈ ਹੈ ਕਹ ਰਹੀ ਹੈ ਤੇ ਸਾਡੇ ਪ੍ਰਚਾਰਕ ਦੁਨਿਆਵੀ ਰੁੱਤਾਂ ਪ੍ਰਚਾਰੀ ਜਾ ਰਹੇ ਨੇ। “ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ॥ ਨਾਨਕ ਨਾਮੁ ਨ ਵੀਸਰੈ ਜਿਨਿ ਸਿਰਿਆ ਸਭੁ ਕੋਇ॥੬੦॥ ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ॥ ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ॥੬੧॥

ਗੁਰਬਾਣੀ ਤਾਂ ਆਖਦੀ “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ॥ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ॥ ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ॥ ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ॥ ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ॥” – ਹਰਿ ਦੇ ਨਾਮ (ਸੋਝੀ) ਦਾ ਧਿਆਨ ਰੱਖਣ ਨਾਲ ਹੀ ਮਨ ਹਰਿਆ ਹੋਣਾ। ਕਈ ਆਖਦੇ ਧਿਆਨ ਲੌਣਾ ਅੱਖਾਂ ਬੰਦ ਕਰ ਕੇ ਜਿਸ ਨਿਰਾਕਾਰ ਨੂੰ ਕਦੇ ਨਹੀਂ ਦੇਖਿਆ, ਜੋ ਮਾਇਆ ਤੋ ਪਰੇ ਹੈ ਉਸ ਬਾਰੇ ਸੋਚਣਾ ਉਸਨੂੰ ਦੇਖਣ ਦੀ ਕੋਸ਼ਿਸ਼ ਕਰਨੀ ਹੈ। ਧਿਆਏ ਦਾ ਅਰਥ ਹੁੰਦਾ ਹੈ ਧਿਆਨ ਰੱਖਣਾ। ਗਿਆਨ ਗੁਰੂ ਦਾ ਧਿਆਨ ਲੌਣਾ ਉਸਦੇ ਗਿਆਨ ਨੂੰ ਹਮੇਸ਼ਾ ਚੇਤੇ ਰੱਖਣਾ ਹੈ। ਜਿਵੇਂ ਮਾਂ ਬੱਚੇ ਨੂੰ ਬਾਹਰ ਭੇਜਣ ਲੱਗੇ ਆਖਦੀ ਹੈ ਪੁੱਤਰ ਧਿਆਨ ਨਾਲ ਜਾਈਂ, ਉਦੋਂ ਮਾਂ ਬੱਚੇ ਨੂੰ ਅੱਖਾਂ ਬੰਦ ਕਰਕੇ ਜਾਣ ਨੂੰ ਨਹੀਂ ਆਖਦੀ। ਮਾਂ ਦਾ ਕਹਣ ਦਾ ਭਾਵ ਹੁੰਦਾ ਹੈ ਪੁੱਤਰ ਸੁਚੇਤ ਰਹੀਂ। ਗੁਰਮਤਿ ਦਾ ਆਦੇਸ਼ ਵੀ ਧਿਆਨ ਰੱਖਣ ਦਾ ਅਰਥ ਸੁਚੇਤ ਰਹਿਣਾ ਹੀ ਹੈ। ਨਾਨਕ ਪਾਤਿਸ਼ਾਹ ਏਕੁ ਨਾਮ (ਏਕੇ ਦੀ ਮਤਿ) ਨੂੰ ਚੇਤੇ ਰੱਖਣ ਲਈ ਆਖ ਰਹੇ ਨੇ। ਏਕੇ ਦੀ ਮਤਿ ਹੈ ਕੇ ਚੇਤਾ ਰਹੇ ਸਾਰਿਆਂ ਜੀਵਾਂ ਵਿੱਚ ਏਕ ਜੋਤ ਹੈ। ਜਲ ਤੋਂ ਉਪਜਣ ਵਾਲੀ ਕੋਈ ਬੂੰਦ ਵੱਖਰੀ ਨਹੀਂ ਹੈ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥”।

”ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ॥”

ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥੧॥” – ਤਰਸ ਪਿਆ, ਜਦੋਂ ਭਾਣਾ ਹੋਇਆ, ਹੁਕਮ ਹੋਇਆ, ਮਿਹਰਾਮਤਿ ਹੋਈ, ਪਰਮੇਸਰ ਦੀ, ਸਤਿਗੁਰੁ (ਸੱਚੇ ਦਾ ਗੁਣ) ਮਿਲਿਆ, ਨਾਮੁ (ਸੋਝੀ/ਗਿਆਨ) ਦੀ ਪ੍ਰਾਪਤੀ ਹੋਈ ਤਾਂ ਜੀਵਾਂ, ਤਨ (ਘਟ) ਮਨੁ (ਕਾਬੂ ਮਨ/ ਇੱਛਾਵਾਂ) ਹਰਿਆ ਹੋਣਾ।

ਸੋ ਮਨ ਹੀ ਹਰ ਹੈ, ਆਪਣੇ ਮੂਲ ਨੂੰ ਭੁੱਲ ਕੇ ਅਗਿਆਨਤਾ, ਵਿਕਾਰਾਂ ਦਾ ਰੂਪ ਲੈਕੇ ਵਿੱਛੜ ਚੋਟਾ ਖਾ ਰਹਿਆ ਹੈ। ਇਸ ਮਨ ਦੇ ਮਰਨ, ਕਾਬੂ ਹੋਣ ਉਪਰੰਤ ਮਨੁ ਹੋਣਾ, ਰਾਮ (ਰਮਿਆ ਹੋਇਆ), ਹਰਿ (ਨਾਮ/ਸੋਝੀ ਦੇ ਅੰਮ੍ਰਿਤ) ਨਾਲ ਹਰਿਆ ਹੋਣਾ।

ਇਸ ਲਈ ਭਾਈ ਗੁਰਬਾਣੀ ਦੀ ਵਿਚਾਰ ਕਰੋ, ਗੁਣਾਂ ਦੀ ਵਿਚਾਰ ਕਰੋ। ਗੁਣ ਧਾਰਣ ਹੋਣ। ਗੁਣ ਸਾਡੇ ਤੇ ਦਿਆਲ ਹੋਣ। ਗਿਆਨ ਗੁਰੂ ਦੀ ਗਲ ਸਾਨੂੰ ਸਮਝ ਆਵੇ। ਸਾਡੇ ਘਟ ਵਿੱਚ ਗਿਆਨ ਦਾ ਚਾਨਣਾ ਹੋਵੇ। ਭਰੋਸਾ ਹਵੇ। ਬਾਣੀ ਤੇ ਭਰੋਸਾ ਰੱਖ ਬਾਣੀ ਵਿੱਚੋਂ ਹੀ ਬਾਣੀ ਦੇ ਅਰਥ ਖੋਜੋ।

ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥