ਧਰਮ
ਗੁਰਬਾਣੀ ਅਨੁਸਾਰ ਧਰਮ ਕੀ ਹੈ? ਸਬ ਤੋਂ ਸ੍ਰੇਸ਼ਟ / ਉੱਤਮ ਧਰਮ ਕਿਹੜਾ ਹੈ? ਸਿੱਖ ਦਾ ਧਰਮ ਕੀ ਹੈ? ਧਰਮ ਅਤੇ religion ਵਿੱਚ ਕੋਈ ਫਰਕ ਹੈ ਜਾਂ ਦੋਵੇਂ ਇੱਕੋ ਹੀ ਹਨ? ਧਰਮ ਦੇ ਨਾਮ ਤੇ ਲੜਾਈ ਕਿਉਂ ਹੁੰਦੀ? ਇਹਨਾਂ ਬਾਰੇ ਗੁਰਮਤਿ ਤੋਂ ਖੋਜ ਕਰੀਏ।
Religion ਦੀ ਪਰਿਭਾਸ਼ਾ ਹੈ “the belief in and worship of a superhuman power or powers, especially a God or gods. a particular system of faith and worship.“, ਰਿਲਿਜਨ ਤਾ ਬਿਲੀਫ ਸਿਸਟਮ ਹੈ, ਵਿਸ਼ਵਾਸ ਜਾਂ ਸ਼ਰਧਾ ਦਾ ਵਿਸ਼ਾ ਹੈ। ਮਨੁੱਖ ਨੇ ਜਿਸਨੂੰ ਦੇਖਿਆ ਨਹੀਂ, ਜਾਣਦਾ ਨਹੀਂ ਸਮਝਦਾ ਨਹੀਂ ਅੰਨੀ ਸ਼ਰਧਾ ਵਿੱਚ ਉਹ ਕੰਮ ਕਰਦਾ ਹੈ ਜੋ ਉਸਨੂੰ ਗਿਆਨ ਤੋਂ, ਸੋਝੀ ਤੋਂ ਦੂਰ ਰੱਖਦੇ ਹਨ। ਵੱਖ ਵੱਖ ਸ਼ਰਧਾ ਕਾਰਣ ਲੋਕਾਂ ਨੇ ਮਾਰਗ ਵੱਖਰੇ ਵੱਖਰੇ ਬਣਾ ਲਏ। ਜਿਤਨੀ ਤਰਹ ਦੀ ਸ਼ਰਧਾ ਉਤਨੇ ਵੱਖਰੇ ਮਾਰਗ, ਫੇਰ ਧਿੜੇ ਬੰਦੀਆਂ, ਜੱਥੇ, ਜਿਹਨਾਂ ਵਿੱਚ ਵੀ ਹੋਰ ਨਿੱਕੇ ਨਿੱਕੇ ਜੱਥੇ ਤੇ ਗ੍ਰੁਪ ਬਣੀ ਜਾਂਦੇ ਨੇ। ਮੁਸਲਮਾਨ ਮੁਸਲਮ ਇਮਾਨ = ਇਮਾਨ ਦਾ ਪੱਕਾ ਹੋਣ ਦਾ ਮਾਰਗ ਸੀ ਉਹਨਾਂ ਵਿੱਚ ਵੰਡ ਹੈ ਸ਼ਰਧਾ ਕਾਰਣ। ਇਸਾਈ ਮਤਿ ਵਿੱਚ ਸੈਕੜਿਆ ਧਿੜੇ ਬਣ ਗਏ, ਹਿਦੂਆਂ ਵਿੱਚ ਵੀ ਕਈ ਧਿੜੇ ਬਣ ਗਏ, ਸਿੱਖ (ਸਿੱਖਣ) ਵਾਲੇ ਤੋਂ ਕਦੋਂ ਰਿਲਿਜਨ ਬਣ ਗਿਆ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਿਆ ਤੇ ਕਦੋਂ ਇਸ ਵਿੱਚ ਕਈ ਧਿੜੇ ਬਣ ਗਏ ਤੇ ਬਣੀ ਜਾ ਰਹੇ ਨੇ ਇਸਦਾ ਪਤਾ ਹੀ ਨਹੀਂ ਲਗ ਰਹਿਆ। ਸਾਰਿਆਂ ਵਿੱਚ ਇੱਕ ਹੋੜ ਹੈ ਆਪਣੇ ਨੰਮਬਰ ਆਪਣੀ ਗਿਣਤੀ ਵਧਾਉਣ ਦੀ।
ਕਿਆ ਧਰਮ ਦੀ ਵੀ ਇਹੀ ਪਰਿਭਾਸ਼ਾ ਹੈ। ਜੇ ਹੈ ਤਾਂ ਪੁਤ੍ਰ ਧਰਮ, ਪਤੀ ਧਰਮ, ਇਸਤ੍ਰੀ ਧਰਮ, ਰਾਜ ਧਰਮ ਦੀ ਗਲ ਹੁੰਦੀ ਰਹੀ ਹੈ ਉਹ ਕਿਉਂ? ਧਰਮ ਦੇ ਵਿੱਚ ਸ਼ਰਧਾ ਦੀ ਥਾਂ ਨਹੀਂ ਹੁੰਦੀ। ਧਰਮ ਦਾ ਅਰਥ ਹੁੰਦਾ ਫ਼ਰਜ਼। ਜੇ ਰਾਜ ਕਰਨਾ ਹੈ ਤਾਂ ਰਾਜ ਕਿਵੇਂ ਕਰਿਆ ਜਾਂਦਾ ਹੈ ਸਿੱਖਣਾ ਪੈਣਾ ਹੋਰ ਕੋਈ ਰਾਹ ਨਹੀਂ। ਪੁੱਤਰ ਨੂੰ ਆਪਣੇ ਫ਼ਰਜ਼ ਪੂਰੇ ਕਰਨ ਲਈ ਸਮਝਣਾ ਪੈਣਾ ਕੇ ਮਾਂ ਬਾਪ ਨੂੰ ਕੀ ਚਾਹੀਦਾ ਤੇ ਸੇਵਾ ਕਿਵੇਂ ਕਰਨੀ ਹੈ। ਅੱਖਾਂ ਬੰਦ ਕਰਕੇ, ਧੂਫ਼ ਬੱਤੀ ਕਰਕੇ ਨਾ ਰਾਜ ਚਲਣਾ, ਨਾ ਘਰ, ਨਾ ਗ੍ਰਹਸਤੀ ਜੀਵਨ। ਇਹ ਸਬ ਦੁਨਿਆਵੀ ਆਚਾਰ ਬਿਉਹਾਰ ਹੈ। ਸੰਸਾਰ ਵਿੱਚ ਵਿਚਰਣ ਦੀ ਵਿਧੀ ਤਾਂ ਕੇ ਸੰਸਾਰੀ ਕਾਰਜ ਬਖੂਬੀ ਚਲਦੇ ਰਹਣ।
ਮਨੁਖਾ ਧਰਮ ਇਹਨਾਂ ਸਾਰਿਆਂ ਧਰਮਾਂ ਤੋਂ ਉੱਪਰ ਹੈ। ਸੰਸਾਰ ਵਿੱਚ ਸਾਰੇ ਕਾਰਜ ਕਰਦਿਆਂ ਸਹੀ ਦਿਸ਼ਾ ਵਿੱਚ ਸੁਖੀ ਜੀਵਨ ਚਲਦਾ ਰਹੇ ਆਨੰਦ ਦੀ ਅਵਸਥਾ ਬਣੀ ਰਹੇ ਇਸ ਲਈ ਕਿਹੜਾ ਧਰਮ ਹੈ? ਗੁਰਮਤਿ ਦੀ ਦ੍ਰਿਸਟੀ ਵਿੱਚ ਧਰਮ ਕੀ ਹੈ? ਅਧਿਆਤਮ ਦੇ ਮਾਰਗ ਤੇ ਪੂਰੀ ਮਨੁੱਖ ਜਾਤੀ ਦਾ ਇੱਕੋ ਧਰਮ ਹੈ ਉਹ ਕਿਹੜਾ ਹੈ?
”ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” – ਇਹ ਗੁਰਮਤਿ ਦਾ ਬ੍ਰਹਮ ਗਿਆਨ ਦਾ ਫੁਰਮਾਨ ਹੈ ਕੇ ਸਬ ਤੋਂ ਵੱਡਾ ਧਰਮ ਹੈ ਹਰਿ ਦਾ ਨਾਮ (ਗਿਆਨ/ਸੋਝੀ) ਜਪਿ – ਜਪਦਿਆਂ (ਪਹਚਾਨ ਕਰਦਿਆ ਸਮਝਦਿਆ) ਆਪਣੇ ਕਰਮ ਨਿਰਮਲ ( ਨਿਰ ਮਲ – ਮਲ ਰਹਿਤ) ਵਿਕਾਰ ਰਹਿਤ ਕਰਨਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦ੍ਵੇਸ਼ ਝੂਠ ਨਿੰਦਾ ਚੁਗਲੀ ਆਦੀ ਵਿਕਾਰ ਛੱਡ ਹੁਕਮ ਦੀ ਸੋਝੀ ਲੈਣਾ। ਇਹ ਪੂਰੀ ਮਾਨਵਤਾ ਨੂੰ ਆਦੇਸ਼ ਹੈ। ਏਕ (ਏਕਤਾ) ਦੇ ਸੂਤ ਵਿੱਚ ਪਰੋ ਕੇ ਸਾਰਿਆਂ ਨੂੰ ਸਮਾਨ ਸਮਝਣਾ। “ਊਠਤ ਬੈਠਤ ਹਰਿ ਜਾਪੁ॥ ਬਿਨਸੈ ਸਗਲ ਸੰਤਾਪੁ॥ ਬੈਰੀ ਸਭਿ ਹੋਵਹਿ ਮੀਤ॥ ਨਿਰਮਲੁ ਤੇਰਾ ਹੋਵੈ ਚੀਤ॥੨॥ ਸਭ ਤੇ ਊਤਮ ਇਹੁ ਕਰਮੁ॥ ਸਗਲ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਸਿਮਰਨਿ ਤੇਰਾ ਹੋਇ ਉਧਾਰੁ॥ ਜਨਮ ਜਨਮ ਕਾ ਉਤਰੈ ਭਾਰੁ॥੩॥ ਪੂਰਨ ਤੇਰੀ ਹੋਵੈ ਆਸ॥ ਜਮ ਕੀ ਕਟੀਐ ਤੇਰੀ ਫਾਸ॥ ਗੁਰ ਕਾ ਉਪਦੇਸੁ ਸੁਨੀਜੈ॥ ਨਾਨਕ ਸੁਖਿ ਸਹਜਿ ਸਮੀਜੈ॥” – ਗਿਆਨ, ਸੋਝੀ ਅਰਥ ਨਾਮ ਦੀ ਪ੍ਰਾਪਤੀ ਤਾਂ ਸਾਰੇ ਸੰਤਾਪ ਸਾਰੇ ਦੁੱਖ ਦੂਰ ਕਰਦੀ ਹੈ। ਹੁਕਮ ਦੀ ਸੋਝੀ ਸਾਰਿਆਂ ਵਿੱਚ ਏਕ ਜੋਤ ਦਾ ਆਭਾਸ ਸਾਰਿਆਂ ਨੂੰ ਆਪਣੇ ਮੀਤ ਬਣਾ ਦਿੰਦੀ ਹੈ। ਇਹੀ “ਅਮੁਲੁ ਧਰਮੁ” ਧਰਮ ਹੈ ਨਾਨਕ ਪਾਤਿਸ਼ਾਹ ਦਾ ਦੱਸਿਆ ਮਾਰਗ। ਇਹੀ ਸਮਝਾਇਆ ਹੈ “ਧਰਮ ਖੰਡ ਕਾ ਏਹੋ ਧਰਮੁ॥ ਗਿਆਨ ਖੰਡ ਕਾ ਆਖਹੁ ਕਰਮੁ॥”
”ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥” – ਹੁਣ ਇਸਤੋਂ ਸਪਸ਼ਟ ਹੋਰ ਕੀ ਹੋ ਸਕਦਾ ਹੈ।
ਪਰ ਮਨੁੱਖ ਗਿਆਨ ਛੱਡ ਕੀ ਕਰਦਾ? ਸ਼ਰਧਾ ਵਿੱਚ ਆਪਣੇ ਮਨ ਦੀ ਮਰਜੀ ਕਰਨ ਲੱਗ ਪੈਂਦਾ, ਗਿਆਨ ਤੋਂ ਭੱਜਦਾ। “ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ॥ ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ॥ ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ॥”। ਅੰਮ੍ਰਿਤ ਕੀ ਹੈ ਨਹੀਂ ਜਾਣਦਾ “ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ॥”। ਗੁਰ ਦੀ ਸੇਵਾ ਨਹੀਂ ਕਰਦਾ ਤੇ ਸੱਚ ਧਰਮ ਗਵਾ ਲੈਂਦਾ ਹੈ ਹਰਿ ਦਾ ਨਾਮ ਨਹੀਂ ਜਪਦਾ (ਪਛਾਣਦਾ) ਹਉਮੇ ਵਿੱਚ ਵਾਧਾ ਕਰਦਾ। “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ ॥੭॥“
ਜਿਹਨਾਂ ਦਾ ਵਿੱਸ਼ਾ ਅਧਿਆਤਮ ਹੈ spirituality ਹੈ ਉਹਨਾਂ ਲਈ ਕਹਿਆ “ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ॥ ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ॥੨॥”
ਪਾਤਿਸ਼ਾਹ ਆਖਦੇ “ਮੈ ਬਧੀ ਸਚੁ ਧਰਮ ਸਾਲ ਹੈ॥ ਗੁਰਸਿਖਾ ਲਹਦਾ ਭਾਲਿ ਕੈ॥” – ਸਚੁ ਦੀ ਧਰਮਸਾਲ ਹੈ ਹੁਕਮ ਦੇ ਗਿਆਨ ਦੀ ਸਿਖਿਆ ਦੇਣ ਵਾਲੀ ਪਾਠਸ਼ਾਲਾ। ਜਗ ਰਚਨਾ ਝੂਠ ਹੈ ਬਿਨਸ ਜਾਂਦੀ ਹੈ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥੪੯॥“ – ਜਗ ਰਚਨਾ ਰੇਤੇ ਦੀ ਕੰਧ ਵਾਂਗ ਹੈ ਬਿਨਸ ਜਆਦੀ ਹੈ। ਸਚ ਹੈ ਸਦੀਵ ਰਹਣ ਵਾਲਾ ਪਰਮੇਸਰ ਦਾ ਨਾਮ (ਗਿਆਨ), ਉਸਦਾ ਹੁਕਮ। ਇਹ ਸੱਚ ਧਰਮ ਦੀ ਧਰਮਸਾਲ, ਗੁਣਾਂ ਨੂੰ ਮੁੱਖ ਰੱਖਣ ਵਾਲਾ ਲੱਭ ਲੈਂਦਾ ਹੈ।
”ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ॥੧॥” – ਗੁਰ ਦਾ ਅਰਥ ਹੁੰਦਾ ਗੁਣ, ਗੁਰੁ ਗੁਣਾਂ ਦਾ ਧਾਰਣੀ, ਗੁਰੂ ਗੁਣ ਦੇਣ ਵਾਲਾ। ਸੰਤੋਖ ਦਾ ਧਾਰਣੀ ਗੁਰੁ ਹੈ, ਜੋ ਧਰਮ (ਸੱਚ) ਦੇ ਰੁਖ ਵਾਂਗ ਹੈ ਜਿਸਤੇ ਗਿਆਨ ਦੇ ਫੁਲ ਫਲ ਲਗਦੇ ਹਨ। ਇਸ ਵਿੱਚ ਨਾਮ (ਸੋਝੀ) ਦਾ ਅੰਮ੍ਰਿਤ ਰਸ ਭਰਿਆ ਹੁੰਦਾ ਤੇ ਪੱਕਣ ਤੇ ਦ੍ਰਿੜ ਹੋਣ ਤੇ ਕਰਮ (ਪਰਮੇਸਰ ਦੀ ਦਯਾ) ਨਾਲ ਹੁਕਮ ਵਲ ਧਿਆਨ ਰਹਿੰਦਾ ਹੈ।
”ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ॥ ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ॥ ਆਪਿ ਤਰੈ ਸਗਲੇ ਕੁਲ ਉਧਾਰਾ॥੩॥ ਇਸੁ ਕਲਿਜੁਗ ਮਹਿ ਕਰਮ ਧਰਮੁ ਨ ਕੋਈ॥ ਕਲੀ ਕਾ ਜਨਮੁ ਚੰਡਾਲ ਕੈ ਘਰਿ ਹੋਈ॥ ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ॥“
”ਜੋ ਤੁਧੁ ਭਾਵੈ ਸੋ ਨਿਰਮਲ ਕਰਮਾ॥ ਜੋ ਤੁਧੁ ਭਾਵੈ ਸੋ ਸਚੁ ਧਰਮਾ॥ ਸਰਬ ਨਿਧਾਨ ਗੁਣ ਤੁਮ ਹੀ ਪਾਸਿ॥ ਤੂੰ ਸਾਹਿਬੁ ਸੇਵਕ ਅਰਦਾਸਿ॥੩॥” – ਨਿਰਮਲ ਕਰਮ, ਨਿਰਮਲ ਹੁੰਦਾ ਮਲ ਰਹਿਤ, ਵਿਕਾਰ ਰਹਿਤ, ਪ੍ਰਭ ਨੂੰ ਕੀ ਭਾਉਂਦਾ ਹੈ? ਜੋ ਉਸਨੂੰ ਭਾਉਂਦਾ ਹੈ ਉਸਦੇ ਅਨੁਸਾਰ ਉਹ ਹੁਕਮ ਕਰਦਾ ਹੈ। ਸੋ ਜੋ ਉਸਦਾ ਹੁਕਮ ਹੈ ਉਹੀ ਸੱਚ ਹੈ ਤੇ ਉਹੀ ਹੋਣਾ ਕਿਉਂਕੇ ਸਾਨੂੰ ਪਤਾ ਹੈ ਕੇ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਫੇਰ ਆਹ ਦੁਨਿਆਵੀ ਧਰਮ ਜੋ ਅਸੀਂ ਮੰਨੇ ਬੈਠੇ ਹਾਂ ਉਹ ਸੱਚ ਧਰਮ ਨਹੀਂ ਹੋ ਸਕਦੇ। ਤਾਹੀਂ ਗੁਰਮਤਿ ਦਾ ਆਦੇਸ਼ ਹੈ ਕੇ ਸਾਰੇ ਭਰਮ ਨਾਸ ਹੋਣ ਮਨੁੱਖ ਦੇ ਨਾਮ (ਸੋਝੀ) ਹੋਵੇ ਹੁਕਮ ਦਾ ਤਾਂ ਹੀ ਸਚ ਧਰਮ ਅਟਲ ਹੈ “ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ॥ ਕਹੁ ਨਾਨਕ ਅਟਲ ਇਹੁ ਧਰਮੁ॥”। ਦੁਨਿਆਵੀ ਮੰਨੇ ਹੋਏ ਧਰਮ ਸ਼ਰਧਾ ਕੇਵਲ ਮਨੁੱਖ ਦੇ ਘੜੇ ਹੋਏ ਨੇ “ਕਰਮ ਧਰਮ ਨੇਮ ਬ੍ਰਤ ਪੂਜਾ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ॥” ਨਾ ਨਾਨਕ ਪਾਤਿਸ਼ਾਹ ਨੇ ਸਿੱਖੀ ਧਰਮ ਬਣਾਇਆ, ਸਿੱਖਣ ਦਾ ਧਰਮ ਤਾਂ ਆਦਿ ਤੋਂ ਹੈ ਭਗਤ ਜਨ, ਕੇਤੇ ਪ੍ਰਹਲਾਧ ਜਨ ਹੋਏ ਨੇ ਸਾਰੇ ਹੀ ਸਿੱਖ ਸਨ, ਨਾ ਮੁਹੱਮਦ ਜੀ ਨੇ ਇਸਲਾਮ/ ਮੁਸਲਮਾਨ ਧਰਮ ਚਲਾਇਆ ਮਨੁੱਖ ਨੂੰ ਇਮਾਨ ਦਾ ਮੁਸੱਲਮ /ਮੁਕੱਮਲ/ ਪੂਰੲ ਹੋਣਾ ਤਾਂ ਆਦਿ ਤੋਂ ਹੀ ਆਦੇਸ਼ ਹੈ ਅੱਲਾਹ ਦਾ, ਯਹੂਦੀ, ਇਸਾਈ ਆਦਿ ਜਿਤਨੇ ਵੀ ਅੱਜ ਮੰਨੇ ਜਾਣ ਵਾਲੇ ਧਰਮ ਹਨ ਇਹਨਾਂ ਦੇ ਪੀਰ ਪੈਗੰਬਰ ਕੇਵਲ ਸੱਚ ਦੇ ਰਾਹ ਤੇ ਚੱਲਣ ਨੂੰ ਹੀ ਆਖਦੇ ਰਹੇ ਨੇ। ਉਹਨਾਂ ਦੇ ਜਾਣ ਤੋਂ ਬਾਦ ਹੀ ਦੁਨਿਆਵੀ ਲੋਕਾਂ ਨੇ ਦੂਜਿਆਂ ਨੂੰ ਇਹਨਾਂ ਪੈਗੰਬਰਾਂ ਦਾ, ਅੱਲਾਹ ਦੇ ਪੁੱਤਰਾਂ ਦਾ ਨਾਮ ਵਰਤ ਕੇ ਭੀੜ ਹੀ ਕੱਠੀ ਕਰਨ ਦਾ ਕੰਮ ਕੀਤਾ ਹੈ ਗੋਲਕ ਲਈ, ਪਰ ਉਹਨਾਂ ਦਾ ਸੰਦੇਸ਼ ਸੱਚ ਦੇ ਰਾਜ ਦਾ, ਸੱਚ ਧਰਮ ਦਾ ਭੁੱਲ ਹੀ ਗਏ ਹਨ।
”ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ॥ ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ॥੩॥”
”ਬਿਨੁ ਗੁਰ ਗਰਬੁ ਨ ਮੇਟਿਆ ਜਾਇ॥ ਗੁਰਮਤਿ ਧਰਮੁ ਧੀਰਜੁ ਹਰਿ ਨਾਇ॥ ਨਾਨਕ ਨਾਮੁ ਮਿਲੈ ਗੁਣ ਗਾਇ॥”
”ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ॥ ਪੂਰੈ ਗੁਰਿ ਸਭ ਸੋਝੀ ਪਾਈ॥ ਐਥੈ ਅਗੈ ਹਰਿ ਨਾਮੁ ਸਖਾਈ॥੧॥”
”ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ॥੪॥ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ॥੫॥”
“ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ॥ ਸਤਿਗੁਰੁ ਗੁਰੁ ਪੂਰਾ ਆਰਾਧਹੁ ਸਭਿ ਕਿਲਵਿਖ ਪਾਪ ਗਵਾਇਆ॥ ਸਹਜ ਅਨੰਦੁ ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ॥ ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ॥੧॥“ – ਵੇਦ ਧਰਮ ਦ੍ਰਿੜ ਕਰਣ ਦਾ ਆਦੇਸ਼ ਸੀ। ਵੇਦ ਧਰਮ ਸਚ ਧਰਮ ਹੈ। ਵੇਦ ਦਾ ਅਰਥ book, ਕਿਤਾਬ ਜਾਂ ਉਹ ਥਾਂ ਜਿੱਥੇ ਗਿਆਨ ਹੋਵੇ। ਇਹੀ ਹਰਿ ਦਾ ਨਾਮ, ਨਾਮ (ਸੋਝੀ) ਹੋਣਾ ਹੀ ਧਰਮ ਦ੍ਰਿੜ ਕਰਨਾ ਹੈ। ਸਿਮ੍ਰਿਤ ਦਾ ਅਰਥ ਹੁੰਦਾ ਆਪਣੀ ਸੁਰਤ ਵਿੱਚ ਚੇਤੇ ਰਖਣਾ। ਚੇਤੇ ਰਖਣਾ ਹੀ ਨਾਮ (ਸੋਝੀ) ਦ੍ਰਿੜ ਕਰਨਾ ਹੈ ਜਿਸ ਨਾਲ ਸਹਜ ਅਨੰਦ ਦੀ ਪ੍ਰਾਪਤੀ ਹੁੰਦੀ ਹੈ।
ਧਰਮ ਨੂੰ ਧੰਦਾ, ਧਰਮ ਦੇ ਨਾਮ ਤੇ ਮਾਇਆ ਦਾ ਵਾਪਾਰ, ਧਰਮ ਨੂੰ ਲੋਕਾਂ ਨੂੰ ਵੰਡਣ ਦੀ ਥਾਂ ਸੱਚ ਧਰਮ ਦਾ ਪ੍ਰਚਾਰ ਕਿਸੇ ਨੇ ਨਹੀਂ ਕਰਨਾ। ਗੁਰਮਤਿ ਦਾ ਨਾਮ ਵਰਤ ਕੇ ਵੀ ਕਿਹੜਾ ਧਰਮ ਚੰਗਾ ਕਿਹੜਾ ਮੰਦਾ ਬਸ ਇਹੀ ਵੀਚਾਰ ਕਰਦੇ ਅੱਜ ਸਾਰੇ। ਜੇ ਗੁਰਮਤਿ ਦੀ ਵਿਚਾਰ ਹੋਵੇ ਤਾਂ ਸਾਰੇ ਹੀ ਆਪਣੇ ਦਿਸਣੇ। ਕੋਈ ਧਰਮ ਚੰਗਾ ਮਾੜਾ ਨਹੀਂ ਦਿਸਣਾ ਤੇ ਸਾਰਿਆਂ ਨਾਲ ਪ੍ਰੇਮ ਭਾਵਨਾ ਪੈਦਾ ਹੋਣੀ। ਇਸ ਲਈ ਜ਼ਰੂਰੀ ਹੈ ਕੇ ਗੁਰਮਤਿ ਦੀ ਵਿਚਾਰ ਕੀਤੀ ਜਾਵੇ। ਭਗਤਾਂ ਨੇ ਗੁਰੁਆਂ ਨੇ ਇਹੀ ਕੀਤਾ ਤਾਂ ਹੀ ਸਾਰੇ ਦੁਨਿਆਵੀ ਧਰਮਾਂ ਨੂੰ ਮੰਨਣ ਵਾਲੇ ਗੁਰੁਆਂ ਦੇ ਨਾਲ ਪ੍ਰੇਮ ਕਰਦੇ ਸੀ, ਨਾਲ ਜੰਗਾਂ ਵੀ ਲੜੀਆਂ। ਜਿਹੜੇ ਧਰਮ ਦਾ ਵਾਪਾਰ ਕਰਦੇ ਸੀ ਉਹ ਹਮੇਸ਼ਾ ਵਿਰੋਧ ਕਰਦੇ ਰਹੇ। ਸੱਚ ਧਰਮ ਨੂੰ ਪਛਾਣਨ ਵਾਲੇ ਵਿਰਲੇ ਹੀ ਰਹੇ ਨੇ।
ਪਰਮੇਸਰ ਦਾ ਹੁਕਮ, ਪਰਮੇਸਰ ਦਾ ਗਿਆਨ ਹੀ ਸੱਚ ਧਰਮ ਹੈ “ਜੋ ਤੁਧੁ ਭਾਵੈ ਸੋ ਨਿਰਮਲ ਕਰਮਾ॥ ਜੋ ਤੁਧੁ ਭਾਵੈ ਸੋ ਸਚੁ ਧਰਮਾ॥ ਸਰਬ ਨਿਧਾਨ ਗੁਣ ਤੁਮ ਹੀ ਪਾਸਿ॥ ਤੂੰ ਸਾਹਿਬੁ ਸੇਵਕ ਅਰਦਾਸਿ॥੩॥” ਜੋ ਉਸਨੂੰ ਭਾਉਂਦਾ ਹੈ ਉਹ ਉਹੀ ਹੁਕਮ ਚਲਾਉਂਦਾ ਹੈ। ਦੁਨਿਆਵੀ ਪਾਖੰਡ ਤਾਂ ਛੱਡਣ ਦਾ ਆਦੇਸ਼ ਹੈ ਗੁਰਮਤਿ ਵਿੱਚ “ਕਰਮ ਧਰਮ ਨੇਮ ਬ੍ਰਤ ਪੂਜਾ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ॥੨॥”। ਇਹ ਸਬ ਛੱਡ ਕੇ ਨਾਮ(ਸੋਝੀ) ਦੀ ਗਲ ਕਰਦੇ ਨੇ ਪਾਤਿਸ਼ਾਹ “ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ॥ ਪੂਰੈ ਗੁਰਿ ਸਭ ਸੋਝੀ ਪਾਈ॥ ਐਥੈ ਅਗੈ ਹਰਿ ਨਾਮੁ ਸਖਾਈ॥੧॥”
”ਨਾਹਿਨ ਗੁਨੁ ਨਾਹਿਨ ਕਛੁ ਬਿਦਿਆ ਧਰਮੁ ਕਉਨੁ ਗਜਿ ਕੀਨਾ॥ ਨਾਨਕ ਬਿਰਦੁ ਰਾਮ ਕਾ ਦੇਖਹੁ ਅਭੈ ਦਾਨੁ ਤਿਹ ਦੀਨਾ॥”
”ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ॥ ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ॥”
”ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ॥ ਪੂਰੈ ਗੁਰਿ ਸਭ ਸੋਝੀ ਪਾਈ॥ ਐਥੈ ਅਗੈ ਹਰਿ ਨਾਮੁ ਸਖਾਈ॥੧॥”
ਅਸੀਂ ਦਾਨ, ਭੋਜਨ ਦੇ ਲੰਗਰ ਲੌਣ, ਸੋਨਾ ਦਾਨ ਕਰਨ ਨੂੰ ਸਿੱਖੀ ਮੰਨ ਲਿਆ ਇਸ ਬਾਰੇ ਪਾਤਿਸ਼ਾਹ ਆਖਦੇ “ਧਨਵੰਤਾ ਹੋਇ ਕਰਿ ਗਰਬਾਵੈ॥ ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ॥ ਬਹੁ ਲਸਕਰ ਮਾਨੁਖ ਊਪਰਿ ਕਰੇ ਆਸ॥ ਪਲ ਭੀਤਰਿ ਤਾ ਕਾ ਹੋਇ ਬਿਨਾਸ॥ ਸਭ ਤੇ ਆਪ ਜਾਨੈ ਬਲਵੰਤੁ॥ ਖਿਨ ਮਹਿ ਹੋਇ ਜਾਇ ਭਸਮੰਤੁ॥ ਕਿਸੈ ਨ ਬਦੈ ਆਪਿ ਅਹੰਕਾਰੀ॥ ਧਰਮ ਰਾਇ ਤਿਸੁ ਕਰੇ ਖੁਆਰੀ॥ ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ॥ ਸੋ ਜਨੁ ਨਾਨਕ ਦਰਗਹ ਪਰਵਾਨੁ॥੨॥”, “ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ॥”
“ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ॥ ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ॥ ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ॥੧॥”
”ਤੀਰਥ ਨਾਇ ਨ ਉਤਰਸਿ ਮੈਲੁ॥ ਕਰਮ ਧਰਮ ਸਭਿ ਹਉਮੈ ਫੈਲੁ॥ ਲੋਕ ਪਚਾਰੈ ਗਤਿ ਨਹੀ ਹੋਇ॥ ਨਾਮ ਬਿਹੂਣੇ ਚਲਸਹਿ ਰੋਇ॥”
”ਨਿਉਲੀ ਕਰਮ ਭੁਇਅੰਗਮ ਭਾਠੀ॥ ਰੇਚਕ ਕੁੰਭਕ ਪੂਰਕ ਮਨ ਹਾਠੀ॥ ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰਸਬਦ ਮਹਾ ਰਸੁ ਪਾਇਆ॥”
”ਜਿਨਿ ਆਤਮ ਤਤੁ ਨ ਚੀਨਿੑਆ॥ ਸਭ ਫੋਕਟ ਧਰਮ ਅਬੀਨਿਆ॥ ਕਹੁ ਬੇਣੀ ਗੁਰਮੁਖਿ ਧਿਆਵੈ॥ ਬਿਨੁ ਸਤਿਗੁਰ ਬਾਟ ਨ ਪਾਵੈ॥੫॥੧॥” – ਸੱਚੇ ਦੇ ਗੁਣਾਂ ਨੂੰ ਵਿਚਾਰੇ, ਪ੍ਰਾਪਤ ਕੀਤੇ ਬਿਨੇ ਬਾਟ ਨਾ ਪਾਵੇ, ਸਹੀ ਰਾਹ ਦਾ ਪਤਾ ਨਹੀਂ ਲੱਗਣਾ।
”ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ॥ ਕੂੜੁ ਕਮਾਵੈ ਕੂੜੁ ਸੰਘਰੈ ਕੂੜਿ ਕਰੈ ਆਹਾਰੁ॥ ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤਿ ਹੋਇ ਸਭੁ ਛਾਰੁ॥ ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ॥ਨਾਨਕ ਮਨਮੁਖਿ ਜਿ ਕਮਾਵੈ ਸੁ ਥਾਇ ਨ ਪਵੈ ਦਰਗਹ ਹੋਇ ਖੁਆਰੁ॥”
ਅਸੀਂ ਚਿੱਟੇ ਕਪੜਿਆਂ ਨੂੰ, ਪੱਗ, ਦੁਮਾਲੇ ਬਾਣੇ ਨੂੰ ਧਰਮ ਮੰਨ ਲਿਆ। ਸਵੇਰੇ ਉੱਠ ਕੇ ਹੀ ਪਾਠ ਕਰਨ ਨੂੰ ਧਰਮ ਮੰਨ ਲਿਆ ਪਰ ਗਿਆਨ ਤੋਂ ਭੱਜਦੇ ਰਹੇ, ਬਾਣੀ ਦਾ ਫੁਰਮਾਨ ਹੈ “ਆਚਾਰੀ ਨਹੀ ਜੀਤਿਆ ਜਾਇ॥ ਪਾਠ ਪੜੈ ਨਹੀ ਕੀਮਤਿ ਪਾਇ॥ ਅਸਟ ਦਸੀ ਚਹੁ ਭੇਦੁ ਨ ਪਾਇਆ॥ ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ॥”, ਸਤਿ ਗੁਰ (ਸੱਚੇ ਦੇ ਗਿਣ) ਨੇ ਹੀ ਬ੍ਰਹਮ ਦਿਖਾਉਣਾ ਘਟ ਵਿੱਚ ਹੀ ਹਰਿ ਦੀ ਮੂਰਤ ਜੋਤ ਦਿਖਾਉਣੀ।
”ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ॥ ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ॥੨॥” – ਨਾਮ ਆਚਾਰ ਹੁੰਦਾ ਸੋਝੀ, ਗਿਆਨ ਦਾ ਆਚਰਣ। ਦੁਨਿਆਵੀ ਆਚਰੱ ਕੰਮ ਨਹੀਂ ਆਉਂਦਾ। ਲੋਕਾਂ ਨੂੰ ਦਿਖਾਵਾ ਕਰਕੇ ਆਚਰਣ ਰੱਖਿਆਂ ਮਗਰ ਲਾਇਆ ਜਾ ਸਕਦਾ ਪਰ ਪਰਮੇਸਰ ਨੂੰ ਨਹੀਂ। ਪੰਚਮ ਪਾਤਿਸ਼ਾਹ ਆਖਦੇ “ਮਾਈ ਮੇਰੇ ਮਨ ਕੀ ਪ੍ਰੀਤਿ॥ ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ॥ ਰਹਾਉ॥ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ॥”
ਗੁਰਮੁਖ ਨੇ ਧਰਤੀ (ਹਿਰਦੇ) ਵਿੱਚ ਅੰਮ੍ਰਿਤ (ਨਾਮ/ ਸੋਝੀ/ਗਿਆਨ) ਦਾ ਬੂਟਾ ਲਾਉਣਾ ਹੈ “ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ॥ ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ॥ ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ॥ ਇਕਨੑਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ॥”। ਮਨੁੱਖ ਦਾ ਹਿਰਦਾ ਹੀ ਸਚ ਧਰਮ ਹੈ “ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ॥” ਜਿਸ ਵਿੱਚ ਜੋਤ, ਪਰਮੇਸਰ ਦਾ ਬਿੰਦ ਵੱਸਦਾ। ਹਿਰਦੇ ਨੂੰ ਹੀ ਮੰਦਰ ਬਣਾ ਕੇ ਗਿਆਨ ਦੀ ਮੂਰਤ ਘੜਨੀ ਸੀ “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥” ਜਿਸ ਨਾਲ ਸੱਚ ਧਰਮ ਸਾਲ ਹਿਰਦੇ ਵਿੱਚ ਹੀ ਬਣ ਸਕੇ। ਪਰ ਸਾਡਾ ਧਿਆਨ ਸਾਰਾ ਬਾਹਰ ਨੂੰ ਹੈ।
ਸੱਚ (ਹੁਕਮ/ਸੋਝੀ) ਧਰਮ ਆਦਿ ਤੋਂ ਚਲ ਰਹਿਆ ਹੈ ਜੋ ਅਕਾਲ ਨੇ ਆਪ ਥਾਪਿਆ “ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥”, ਸੱਚ ਦੇ ਇਲਾਵਾ ਕੁੱਝ ਵੀ ਹੋਰ ਧਰਮ ਮੰਨਣਾ ਹੀ ਮਨੁੱਖ ਲਈ ਦੋਜ਼ਖ (ਨਰਕ) ਹੈ। ਵਿਕਾਰਾਂ ਦੀ ਅੱਗ ਹੈ।
”ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ॥ ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ॥੨॥ ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ॥ ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ॥੩॥”
”ਹਰਿ ਹਰਿ ਕਰਤ ਮਿਟੇ ਸਭਿ ਭਰਮਾ॥ ਹਰਿ ਕੋ ਨਾਮੁ ਲੈ ਊਤਮ ਧਰਮਾ॥ ਹਰਿ ਹਰਿ ਕਰਤ ਜਾਤਿ ਕੁਲ ਹਰੀ॥ ਸੋ ਹਰਿ ਅੰਧੁਲੇ ਕੀ ਲਾਕਰੀ॥੧॥” – ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਕਈਆਂ ਨੂੰ ਲੱਗਣਾ ਕੇ ਹਰਿ ਹਰਿ ਹੀ ਉਚਾਰੀ ਜਾਣ ਨੂੰ ਕਹਿਆ ਗਿਆ ਹੈ। ਪਰ ਇੱਥੇ ਹਰਿ ਦੇ ਗਿਆਨ ਨੂੰ ਸਮਝਣ ਦੀ ਗਲ ਹੋ ਰਹੀ ਹੈ।
”ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ॥ ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ॥ ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ॥ ਨਾਮਿ ਤੇਰੈ ਜੋਇ ਰਾਤੇ ਨਿਤ ਚੜਹਿ ਸਵਾਇਆ॥ ਇਕੁ ਕਰਮੁ ਧਰਮੁ ਨ ਹੋਇ ਸੰਜਮੁ ਜਾਮਿ ਨ ਏਕੁ ਪਛਾਣੀ॥ ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ॥੩॥”
”ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ॥ ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ॥” – ਉਹੀ ਸੁਹਾਗਣ ਜੋ ਨਾਮ/ ਗਿਆਨ/ਸੋਝੀ ਦੀ ਧਾਰਣੀ ਹੰਕਾਰ ਅਤੇ ਵਿਕਾਰ ਰਹਿਤ ਬੁੱਧ ਹੈ ਸਫਲ ਹੈ ਪ੍ਰਭ (ਹਰਿ) ਨੂੰ ਭਾਉਂਦੀ ਹੈ ਜਿਸਨੇ ਸਤੁ (ਹੁਕਮ ਦੀ ਸੋਝੀ), ਸੰਤੋਖ (ਇਹ ਸਮਝ ਕੇ ਸੰਤੁਸ਼ਟੀ ਹੈ ਕੇ ਸਬ ਹੁਕਮ ਵਿੱਚ ਹੋ ਰਹਿਆ), ਦਇਆ ਦੇ ਧਰਮ ਨੂੰ ਸਿਗਾਰ ਬਣਾਇਆ ਹੈ।
ਗੁਰਮਤਿ ਦਾ ਆਦੇਸ਼ ਹੈ ਕੇ ਹੁਕਮ ਮੰਨ ਕੇ ਸੱਚ ਧਰਮ ਨੂੰ ਪਠਾਪਤ ਕੀਤਾ ਜਾਵੇ। ਗੁਰਮਤਿ ਵਿਚਾਰ ਰਾਹੀਂ। ਗੁਰਬਾਣੀ ਪੜ੍ਹਦਿਆਂ ਸਮਝਦਿਆਂ ਸਾਨੂੰ ਸਚ ਧਰਮ ਅਰਥ ਹੁਕਮ ਦੀ ਸੋਝੀ ਪ੍ਰਾਪਤ ਹੋਣੀ ਜਿਸ ਨਾਲ ਸਾਡਾ ਜੀਵਨ ਸੁਖੀ ਕਿਵੇਂ ਹੋਵੇ ਪਤਾ ਲੱਗੇ। ਬਾਣੀ ਪੜ੍ਹੋ ਸਮਝੋ ਵਿਚਾਰੋ ਤੇ ਸੱਚ ਧਰਮੀ ਬਣੋ। “ਨਿਰਗੁਣੁ ਮੁਗਧੁ ਅਜਾਣੁ ਅਗਿਆਨੀ ਕਰਮ ਧਰਮ ਨਹੀ ਜਾਣਾ॥ ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ॥”