Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੈ?

ਸਿੱਖਾਂ ਵਿੱਚ ਦੁਬਿਧਾ ਹੈ ਕੇ ਅਦਿ ਬਾਣੀ ਦੇਵੀ ਦੀ ਪੂਜਾ ਨਹੀਂ ਕਰਦੀ ਪਰ ਦਸਮ ਗ੍ਰੰਥ ਵਿੱਚ ਦੇਵੀ ਦੇਵਤਿਆਂ ਤੇ ਦੇਹਧਾਰੀ ਮਨੁਖਾਂ ਦੀ ਉਸਤਤ ਹੋਈ ਹੈ। ਜਿਹਨਾਂ ਨੇ ਗੁਦਬਾਣੀ ਨਹੀਂ ਪੜ੍ਹੀ ਸਮਝੀ ਤੇ ਵਿਚਾਰੀ ਉਹਨਾਂ ਨੂੰ ਸ਼ੰਕਾ ਛੇਤੀ ਹੁੰਦੀ ਹੈ। ਅਸੀਂ ਪਹਿਲਾਂ ਹੀ ਦਸਮ ਬਾਣੀ, ਭਗੌਤੀ ਅਤੇ ਹੋਰ ਕਈ ਵਿਸ਼ਿਆਂ ਬਾਰੇ ਗਲ ਕੀਤੀ ਹੈ। ਦੇਵੀ ਦੇਵਤਿਆਂ ਦੀ ਪੂਜਾ ਦੇ ਵਿਸ਼ੇ ਤੋਂ ਪਹਿਲਾਂ ਅਸੀਂ ਆਸ ਰੱਖਦੇ ਹਾਂ ਕੇ ਤੁਸੀਂ ਆਹ ਨੀਚੇ ਦੱਸੇ ਪੋਸਟ ਪੜ੍ਹੇ ਹੋਣਗੇ।

ਚੰਡੀ ਅਤੇ ਕਾਲਕਾ

ਭਗਉਤੀ ਕੌਣ/ਕੀ ਹੈ ?

ਕੀ ਭਗਤ ਨਾਮਦੇਵ ਜੀ ਮੂਰਤੀ ਪੂਜਕ ਸੀ?

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਵਿਰੋਧ (Anti-Dasam Garanth)

ਆਦਿ ਬਾਣੀ ਅਤੇ ਦਸਮ ਬਾਣੀ ਦੋਹਾਂ ਵਿੱਚ ਦੇਵੀ ਦੇਵਤਿਆਂ ਦੇ ਨਾਮ ਆਏ ਜਾਪਦੇ ਨੇ ਜੇ ਗਿਆਨ ਨਾ ਹੋਵੇ ਤਾਂ। ਰਾਮ, ਸੀਤਾ, ਲਖਮਣ, ਲਛਮਣ, ਹਰਿ, ਅਲਾਹ, ਕਾਲੀ, ਬੀਠਲ, ਕ੍ਰਿਸਨ, ਸ਼ਿਵ (ਸਿਵ) ਆਦੀ, ਆਦਿ ਬਾਣੀ ਵਿੱਚ ਵੀ ਵਰਤੇ ਨੇ ਪਰ ਇਹ ਹਿੰਦੂ ਦੇਵੀ ਦੇਵਤਿਆਂ ਲਈ ਨਹੀਂ ਵਰਤੇ। ਜਿਵੇਂ

ਰਾਮ – ਰਮਿਆ ਹੋਇਆ ਮਨ। ਮੰਨਿਆ ਹੋਇਆ ਮਨ (ਮਨੁ ਹੋ ਚੁੱਕਾ)। ਹੁਕਮ ਦੇ ਨਾਲ ਸਹਮਤੀ, ਏਕਾ ਹੋਣ ਉਪਰੰਤ। “ਰਾਮ ਰਾਮ ਰਾਮ ਰਮੇ ਰਮਿ ਰਹੀਐ॥”।

ਹਰਿ – ਨਾਮ (ਗਿਆਨ ਤੋਂ ਪ੍ਰਾਪਤ ਸੋਝੀ) ਦੇ ਅੰਮ੍ਰਿਤ ਨਾਲ ਹਰਿਆ ਹੋਇਆ। “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ॥”। ਜਿਸਨੇ ਸਬਦ ਦੁਆਰਾ ਗੁਰੂ ਨੂੰ ਪਛਾਨ ਲਿਆ ਉਹੀ ਹਰਿ ਹੈ “ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ॥

ਸੀਤਾ – ਬੁੱਧ (ਰਾਮ) ਦੀ ਪਛਾਣ ਕਰਨ ਵਾਲੀ। ਗਿਆਨ ਕਾਰਣ ਸੁਹਾਗਣ ਮਤਿ। “ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ॥”, “ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ॥ ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ॥ ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ॥”। ਮਨ ਬਾਂਦਰ ਹੈ, ਵਿਕਾਰ ਉਸਦੀ ਸੈਨਾ (ਫੌਜ) ਹੈ। ਲਖਮਣ/ ਲਛਮਣ ਵੀ ਮਨ ਲਈ ਵਰਤਿਆ। ਛੇਤੀ ਗੁੱਸਾ ਆ ਜਾਂਦਾ ਹੈ, ਸੀਤਾ ਲ਼ਛਮਣ ਰਾਮ ਤੋਂ ਵਿਛੜੇ ਹੋਣ ਕਾਰਣ ਹੀ ਮਨ ਭਟਕਿਆ ਫਿਰਦਾ। “ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥

ਅਲਾਹ – ਅਕਾਲ। “ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥”, ਪਾਤਿਸ਼ਾਹ ਆਖਦੇ ਅੱਲਾਹ ਸਬ ਤੋਂ ਪਾਕ ਹੈ, ਮੈਂ ਸ਼ਕ ਤਾਂ ਕਰਾਂ ਜੇ ਕੋਈ ਹੋਰ ਹੋਵੇ। “ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ॥

ਸਿਵ (ਸ਼ਿਵ) – ਜੋਤ, ਅਕਾਲ, ਪ੍ਰਭ ਲਈ ਵਰਤਿਆ ਹੈ। ਜੀਵ ਅੰਦਰ ਦੀ ਜੋਤ ਅਕਾਲ ਰੂਪ ਹੈ ਕਦੇ ਖਰਦੀ ਨਹੀਂ ਅਖਰ ਹੈ। ਕਦੇ ਮਰਦੀ ਨਹੀਂ। “ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ॥ ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ॥ ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ॥ ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ॥ ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ॥”, “ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ॥

ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ॥ ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ॥” ਇਸ ਜੋਤ ਰੂਪੀ ਸਿਵ ਦੀ ਸ਼ਕਤੀ ਕਿਸਨੇ ਉਪਾਈ ਇਸਦਾ ਜਵਾਬ ਦਸਮ ਬਾਣੀ ਵਿੱਚ ਮਿਲਦਾ ਹੈ ਕੇ ਕਰਤਾ ਕੌਣ ਹੈ? “ਕੇਵਲ ਕਾਲਈ ਕਰਤਾਰ॥ ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ॥੧॥”, ਜਿਹੜੀ ਬਾਣੀ ਕਾਲ ਨੂੰ ਕਰਤਾਰ ਆਖੇ ਉਹ ਬਾਣੀ ਦੇਵੀ ਦੇਵਤਿਆਂ ਦੀ ਪੂਜਾ ਕਿਉਂ ਕਰੇ ਇਹ ਸੂਝਵਾਨ ਸਿੱਖਾਂ ਨੂੰ ਵਿਚਾਰਨਾ ਚਾਹੀਦਾ ਹੈ। ਆਦਿ ਬਾਣੀ ਵਿੱਚ ਕਬੀਰ ਜੀ ਨੇ ਸਮਝਾਇਆ ਹੈ ਕੇ ਕਾਲ ਨੂੰ ਥਾਪਣ ਵਾਲਾ ਅਕਾਲ ਹੈ। ਕਾਲ ਅਕਾਲ ਦੀ ਇੱਛਾ ਸ਼ਕਤੀ ਦਾ ਨਾਮ ਹੈ ਤੇ ਹੁਕਮ ਕਾਲ ਦਾ ਵਰਤਾਰਾ ਹੈ “ਕਾਲੁ ਅਕਾਲੁ ਖਸਮ ਕਾ ਕੀਨ੍ਹਾ”।

ਬੀਠਲ – ਜੋਤ ਲਈ ਵਰਤਿਆ ਹੈ। “ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥੪॥”, ਹਉਮੇ ਛੱਡ ਘਟ/ਹਿਰਦੇ ਅੰਦਰ ਹੀ ਬੀਠਲ ਦੇ ਦਰਸ਼ਨ ਹੁੰਦੇ ਹਨ। ਭਗਤ ਜੀ ਨੂੰ ਹਰ ਜੀਵ ਵਿੱਚ ਬੀਠਲ ਦਿਸਦਾ ਸੀ ਤਾ ਹੀ ਆਂਖਦੇ “ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥

ਭਗੌਤੀ/ ਭਗਉਤੀ – ਉਤਮ ਭਗਤੀ। ਭਗਤੀ ਵਾਲੀ ਬੁੱਧ ਜਿਸਨੂੰ ਭਗਵੰਤ/ਪ੍ਰਭ ਦਾ ਗਿਆਨ ਹੈ।”ਸੋ ਭਗਉਤੀ ਜੋੁ ਭਗਵੰਤੈ ਜਾਣੈ ॥”, “ਭਗਉਤੀ ਭਗਵੰਤ ਭਗਤਿ ਕਾ ਰੰਗੁ ॥”, “ਭਗਉਤੀ ਰਹਤ ਜੁਗਤਾ॥” – ਭਗਉਤੀ, ਭਗਤੀ ਵਾਲੀ ਉੱਤਮ ਬੁਧ ਹੀ ਰਹਤ ਦਾ ਮਾਰਗ ਦੱਸਦੀ। ਇਸੀ ਉਤਮ ਭਗਤੀ ਵਾਲੀ ਬੁੱਧ ਨੂਮ ਦਸਮ ਬਾਣੀ ਨੇ ਪ੍ਰਿਥਮ ਧਿਆਉਣ (ਵਿਚਾਰਨ) ਲਈ ਕਹਿਆ ਹੈ “ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈ ਸਹਾਇ॥” ਗੁਰ ਨਾਨਕ ਪਾਤਿਸ਼ਾਹ ਨੇ ਵੀ ਇਹੀ ਧਿਆਈ (ਧਿਆਨ ਵਿੱਚ ਰੱਖੀ) ਤੇ ਗੁਰ ਅਮਰਦਾਸ ਅਤੇ ਰਾਮਦਾਸ ਪਾਤਿਸਾਹ ਲਈ ਵੀ ਸਹਾਈ ਹੋਈ ਹੈ। ਫੇਰ ਅੱਗੇ ਆਖਦੇ “ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ॥ ਤੇਗ ਬਹਾਦਰ ਸਿਮਰੀੲੈ ਘਰ ਨਉ ਨਿਧਿ ਆਵੈ ਧਾਇ॥ ਸਭ ਥਾਈਂ ਹੋਇ ਸਹਾਇ॥” ਇਹੀ ਭਗੌਤੀ ਗੁਰੁ ਹਰਿਕ੍ਰਿਸ਼ਨ ਮਹਾਰਾਜ ਨੇ ਵੀ ਧਿਆਈ ਹੈ ਅਤੇ ਗੁਰ ਤੇਗ ਬਹਾਦਰ ਸਾਹਿਬ ਨੇ ਵੀ ਸਿਮਰੀ ਹੈ। ਕਈ ਇਸ ਬਾਣੀ ਨੂੰ ਪੜ ਕੇ ਸਮਝਦੇ ਹਨ ਕੇ ਗੁਰੁਆਂ ਨੇ ਬਾਣੀ ਰਾਹੀਂ ਲੋਕਾਂ ਨੂੰ ਅਕਾਲ ਦੇ, ਪਰਮੇਸਰ ਦੇ ਲੜ ਨਹੀਂ ਆਪਣੇ ਮਗਰ ਲਾਇਆ ਹੈ। ਇਸ ਗਲ ਨੂੰ ਆਦਿ ਬਾਣੀ ਅਤੇ ਦਸਮ ਬਾਣੀ ਵਿੱਚ ਪਾਤਿਸ਼ਾਹ ਆਪ ਰੱਦ ਕਰਦੇ ਹਨ “ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥” ਅਤੇ ਆਦਿ ਬਾਣੀ ਵਿੱਚ ਆਖਦੇ ਹਨ “ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥

ਜਿਵੇਂ ਆਦਿ ਬਾਣੀ ਵਿੱਚ ਦੇਵੀ ਦੇਵਤਿਆਂ, ਦੇਹਧਾਰੀ ਮਨੁਖਾਂ ਦੀ, ਮੂਰਤੀ ਪੁਜਾ, ਪੱਥਰ ਪੂਜਾ ਨਹੀਂ ਹੋਈ ਤੇ ਜਿਹੜੇ ਆਮ ਪ੍ਰਚਲਿਤ ਨਾਮ ਸੀ, ਵਰਤ ਕੇ ਅਕਾਲ, ਕਾਲ, ਹੁਕਮ, ਸੋਝੀ ਦੀ ਗਲ ਹੋਈ ਹੈ ਉੱਦਾਂ ਹੀ ਦਸਮ ਬਾਣੀ ਵਿੱਚ ਵੀ ਇੱਦਾਂ ਦੇ ਨਾਮ ਮਨ, ਬੁੱਧ ਦੇ ਸੋਝੀ ਦੀ ਅਵਸਥਾ ਨੂੰ ਦਰਸਾਉਣ ਲਈ ਵਰਤੇ ਹਨ। ਪਹਿਲੀ ਗਲ ਤਾਂ ਇਹ ਹੈ ਕੇ ਦਸਮ ਗ੍ਰੰਥ ਦੀ ਬਾਣੀ ਆਮ ਲੋਕਾਂ ਲਈ ਹੈ ਹੀ ਨਹੀਂ ਖਾਸ ਉਹਨਾਂ ਲਈ ਤਾਂ ਬਿਲਕੁਲ ਨਹੀਂ ਜਿਹਨਾਂ ਨੂੰ ਲਿਖਤ ਪੜ੍ਹ ਕੇ ਹੀ ਕਾਮ ਵਾਸ਼ਨਾ ਕਾਬੂ ਕਰ ਲਵੇ। ਗੁਰਮੁਖਾਂ ਲਈ ਹੈ ਜਿਹਨਾਂ ਨੇ ਗੁਣ ਵਿਚਾਰੇ ਹਨ ਤੇ ਗੁਣਾਂ ਨੂੰ ਮੁਖ ਰੱਖ ਕੇ ਚਲਦੇ ਹਨ ਤੇ ਜਿਹਨਾਂ ਨੂੰ ਆਦਿ ਬਾਣੀ ਦੀ ਪੂਰਨ ਸਮਝ ਹੈ। ਮਨ ਅਤੇ ਵਿਕਾਰਾਂ ਤੇ ਗਿਆਨ ਅਤੇ ਨਾਮ (ਸੋਝੀ) ਕਾਰਣ ਕਾਬੂ ਹੈ। ਉੱਪਰ ਦਿੱਤੇ ਦਸਮ ਗ੍ਰੰਥ ਵਾਲੇ ਪੋਸਟ ਵਿੱਚ ਬਹੁਤ ਵਿਸਥਾਰ ਨਾਲ ਕਈ ਉਧਾਰਹਰਣ ਦਿੱਤੇ ਹਨ। ਦਸਮ ਪਾਤਿਸ਼ਾਹ ਨੇ ਦਸਮ ਬਾਣੀ ਵਿੱਚ ਵੀ ਬਾਕੀ ਗੁਰੁਆਂ ਭਗਤਾਂ ਵਾਂਗ ਆਮ ਪ੍ਰਚਲਿਤ ਨਾਮ ਵਰਤ ਕੇ ਹੀ ਲੋਕਾਂ ਨੂੰ ਬ੍ਰਹਮ ਗਿਆਨ ਦੀ ਗਲ ਸਮਝਾਈ ਹੈ॥ ਦਸਮ ਗ੍ਰੰਥ ਵਿੱਚ ਆਉਣ ਵਾਲੇ ਕੁਝ ਦੇਵੀ ਦੇਵਤਿਆਂ ਦੇ ਲੱਗਣ ਵਾਲੇ ਨਾਮ ਤੇ ਉਹਨਾਂ ਦੇ ਸਹੀ ਅਰਥ ਹਨ।

ਚੰਡੀ – ਚੰਡੀ ਹੋਈ ਬੁੱਧ ਜਿਸਨੂੰ ਹੁਕਮ ਦੀ ਸੋਝੀ ਹੈ। ਜੋ ਦਾਨਵ (ਵਿਕਾਰਾਂ) ਨਾਲ ਜੰਗ ਕਰਕੇ ਜੀਵ ਦੇ ਹਿਰਦੇ ਵਿੱਚ ਸੁੱਚਮਤਾ ਰੱਖਦੀ ਹੈ। ਚੰਡੀ ਦੀ ਵਾਰ ਦੀ ਪਹਿਲੀ ਪੰਕਤੀ ਹੈ “ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ॥” – ਜੇ ਅਭੇਖ ਹੋਵੇ ਤਾਂ ਇਹ ਇਸਤ੍ਰੀ ਜਾਂ ਦੇਵੀ ਲਈ ਕਿਵੇਂ ਹੋ ਸਕਦਾ ਹੈ। ਅਪਾਰ ਦੇਵੀ ਕਿਵੇਂ ਹੋ ਸਕਦੀ ਹੈ। ਚੰਡੀ ਚਰਿਤ੍ਰ ਪੜ੍ਹ ਕੇ ਸਮਝਣ ਲਈ ਪਹਿਲਾਂ ਆਦਿ ਬਾਣੀ ਤੋਂ ਗੁਰਮਤਿ ਗਿਆਨ ਗੁਰ ਬਾਣੀ ਤੋਂ ਸੁਹਾਗਣ ਬੁਧ ਦਾ ਗਿਆਨ ਹੋਵੇ ਤਾਂ ਕਿਤੇ ਚੰਡੀ ਸਮਝ ਆਵੇ। ਤਾਂ ਹੀ ਤਾਂ ਵਿਕਾਰ ਰੂਪੀ ਦੈਤਾਂ ਦਾ ਸੰਘਾਰ ਕਰੇ। ਕਥਾ ਕਹਾਣੀਆਂ ਰਾਹੀ ਗਲ ਸਮਝਾਈ ਗਈ ਹੈ, ਲੋਕਾਂ ਦਾ ਵਿਕਾਰਾਂ ਤੇ ਕਾਬੂ ਹੈ ਨਹੀਂ ਤੇ ਲਿਖੇਂ ਸ਼ਬਦਾਂ ਵਿੱਚ ਹੀ ਕਾਮ ਦਿਸਣ ਲਗ ਪੈਂਦਾ। ਕਿੰਤੂ ਪਰੰਤੂ ਕਰਨ ਵਾਲਿਆਂ ਨੇ ਆਦਿ ਬਾਣੀ ਵੀ ਨਹੀਂ ਵਿਚਾਰੀ ਨਹੀਂ ਤਾਂ ਉਹਨਾਂ ਨੂੰ ਆਦਿ ਬਾਣੀ ਦੀਆਂ ਕੁੱਝ ਪੰਕਤੀਆਂ ਪੜ੍ਹ ਕੇ ਅਸ਼ਲੀਲਤਾ ਦਿਖਣੀ ਸੀ।

ਕਾਲਕਾ – ਕਾਲ ਨੂੰ ਪਛਾਨਣ ਵਾਲੀ। ਚੰਡੀ ਹੋਈ ਬੁੱਧ ਦਾ ਹੀ ਨਾਮ ਕਾਲਕਾ ਹੈ ਜੋ ਦੁਬਿਧਾ ਦੂਰ ਕਰ ਸਕੇ। ਦੁਬਿਧਾ ਅਰਥ ਸ਼ੰਕਾ। “ਵਹੈ ਕਾਲਕਾ ਅਸੁਰ ਖਪਾਏ॥ ਮਾਰਿ ਦੁਬਹਿਯਾ ਧੂਰਿ ਮਿਲਾਏ॥ ਪੁਨਿ ਪੁਨਿ ਉਠੈ ਪ੍ਰਹਾਰੈ ਬਾਨਾ॥ ਤਿਨ ਤੇ ਧਰਤ ਅਸੁਰ ਤਨ ਨਾਨਾ॥੬੪॥

ਅਸੁਰ/ਦੈਤ/ਰਾਕਸ/ਦੁਸਟ – ਜਿਹਨਾਂ ਦਾ ਸੁਰ ਵਿਗੜਿਆ। ਹੁਕਮ ਤੋਂ ਬਾਗੀ ਹੈ ਜਿਹਨਾਂ ਦੀ ਸੋਚ। ਮਨ ਮੈਲਾ ਹੋਣ ਕਾਰਣ ਮਨ ਵਿੱਚ ਸੰਕਾ ਹੈ। ਬਾਣੀ ਆਖਦੀ ਜੀਵ ਜੰਤੁ, ਪੂਰੀ ਸ੍ਰਿਸਟੀ ਏਕ ਧੁਨ ਏਕ ਰਾਗ ਅਲਾਪ ਰਹੀ ਹੈ, ਪਰਮੇਸਰ ਦੇ ਗੁਣ ਗਾ ਰਹੀ ਹੈ। ਮਨੁਖ ਦੁਬਿਧਾ ਕਾਰਣ ਵਿਕਾਰਾਂ ਕਾਰਨ ਹੁਕਮ ਦਾ ਵਿਰੋਧ ਕਰਦਾ। ਹੁਕਮ ਨਾ ਮੰਨਣ ਵਾਲੀ ਸੋਚ, ਮਨੁੱਖ ਦੇ ਮਨ ਅੰਦਰ ਉਠਣ ਵਾਲੇ ਫੁਰਨੇ ਹੀ ਅਸੁਰ ਹਨ। ਇਹਨਾਂ ਦਾ ਸੰਘਾਰ ਕਾਲਕਾ, ਨਾਮ (ਸੋਝੀ) ਦੀ ਧਾਰਣੀ ਬੁੱਧ/ਕਾਲਕਾ ਕਰਦੀ ਹੈ।

ਸੀਤਲਾ – ਗੁਰ ਅਤੇ ਗਿਆਨ ਦੀ ਧਾਰਣੀ ਬੁੱਧ ਜੋ ਗਿਆਨ ਕਾਰਣ ਸੀਤਲ ਹੈ, ਜਿਸ ਕਾਰਣ ਮਨ ਵਿੱਚ ਵਿਕਾਰਾਂ ਦੀ ਅੱਗ ਦਾ ਤਾਪ ਨਹੀਂ ਲਗਦਾ। “ਕੇਤੇ ਉਪਜ ਸੀਤਲਾ ਮਰੇ॥ ਕੇਤੇ ਅਗਿਨਿ ਬਾਵ ਤੇ ਜਰੇ॥ ਭਰਮ ਚਿਤ ਕੇਤੇ ਹ੍ਵੈ ਮਰੇ॥ ਉਦਰ ਰੋਗ ਕੇਤੇ ਅਰਿ ਟਰੇ॥੨੪੧॥”, ਚੌਪਈ ਬਾਣੀ ਵਿੱਚ ਜਿਹੜੇ “ਹਮਰੇ ਦੁਸਟ ਸਭੈ ਤੁਮ ਘਾਵਹੁ॥” ਇਹ ਪਤਾ ਹੋਵੇ ਕਿਹੜੇ ਹਨ ਹਮਰੇ ਦੁਸਟ (ਵਿਕਾਰ) ਤਾਂ ਇਹਨਾਂ ਦੁਸਟਅ ਦਾ ਵਿਕਾਰਾਂ ਦਾ ਸੰਘਾਰ ਸੀਤਲਾ ਕਰਦੀ ਹੈ। “ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ॥ ਪਰਾ ਪਸਟਣੀ ਪਾਰਬਤੀ ਦੁਸਟ ਹਰਤਾ॥ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ॥ ਨਮੋ ਕਾਰਤਿਕ੍ਰਯਾਨੀ ਸਿਵਾ ਸੀਤਲਾਯੰ॥”, ਆਦਿ ਬਾਣੀ ਵਿੱਚ ਨਾਮ (ਸੋਝੀ) ਸੀਤਲ ਕਰਦੀ ਹੈ ਦੱਸਿਆ ਹੈ “ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ॥ ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ॥੧॥

ਦੁਰਗਾ – ਸਾਡਾ ਘਟ/ਹਿਰਦਾ/ਮਨ ਦੁਰਗ ਹੈ। ਦੁਰਗ ਹੁੰਦਾ ਕਿਲਾ। ਕਬੀਰ ਜੀ ਦੀ ਬਾਣੀ ਵਿੱਚ ਇਸਨੂੰ ਗੜ੍ਹ ਵੀ ਕਹਿਆ ਆਦਿ ਬਾਣੀ ਵਿੱਚ। ਦੁਰਗ ਉਸ ਬੁੱਧ ਦਾ ਗਿਆਨ ਦਾ ਨਾਮ ਹੈ ਜੋ ਮਨ ਰੂਪੀ ਗੜ, ਦੁਰਗ ਤੇ ਕਬਜ਼ਾ/ਰਾਜ ਹੋਵੇ। “ਦੁਰਗਾ ਸਭ ਸੰਘਾਰੇ ਰਾਕਸਿ ਖੜਗ ਲੈ॥”, ਰਾਕਸ ਹਨ ਵਿਕਾਰ। ਖੜਗ ਕਿਹੜੀ? ਗਿਆਨ ਦੀ ਖੜਗ “ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥

ਭੈਰੋਂ – ਮਨ ਹੈ ਜਿਸ ਵਿੱਚੋਂ ਵਿਕਾਰ ਰੂਪੀ ਦਾਨਵ, ਪਿਸਾਚ, ਆਦੀ ਪੈਦਾ ਹੁੰਦੇ ਹਨ।

ਮਹਾ ਕਾਲ – ਕੁਝ ਲੋਗ ਸਮਝਦੇ ਹਨ ਕੇ ਮਹਾਕਾਲ ਪਾਤਿਸ਼ਾਹ ਨੇ ਸਨਾਤਨ ਮਤਿ ਦੇ ਸ਼ਿਵ ਨੂੰ ਆਖਿਆ ਹੈ। ਦਸਮ ਬਾਣੀ ਪੜ੍ਹ ਕੇ ਵਿਚਾਰਦੇ ਤਾਂ ਪਾਤ ਲਗਦਾ ਕੇ “ਮਹਾ ਕਾਲ ਹੀ ਕੋ ਗੁਰੂ ਕੈ ਪਛਾਨਾ॥”। ਅਕਾਲ ਦੀ ਉਸਤਤਿ ਲਿਖਦਿਆਂ ਆਖਦੇ ਹਨ “ਗਿਆਨ ਹੂੰ ਕੇ ਗਿਆਤਾ ਮਹਾਂ ਬੁਧਿਤਾ ਕੇ ਦਾਤਾ ਦੇਵ ਕਾਲ ਹੂੰ ਕੇ ਕਾਲ ਮਹਾ ਕਾਲ ਹੂੰ ਕੇ ਕਾਲ ਹੈਂ ॥”। ਫੇਰ ਆਖਦੇ ਹਨ ਕੇ ਜਿਸ ਕਾਲ ਨੂੰ ਅਕਾਲ ਨੇ ਥਾਪਿਆ ਮੈਂ ਕੇਵਲ ਉਸਨੂੰ ਮੰਨਦਾ ਹਾਂ ਤੇ ਕੋਈ ਹੋਰ ਰੂਦ੍ਰ ਦੇਵ ਆਦੀ ਸਿਵ ਸੁਵ ਨੂੰ ਮੈਂ ਨਹੀਂ ਮੰਨਦਾ “ਏਕੈ ਮਹਾ ਕਾਲ ਹਮ ਮਾਨੈ॥ ਮਹਾ ਰੁਦ੍ਰ ਕਹ ਕਛੂ ਨ ਜਾਨੈ॥ ਬ੍ਰਹਮ ਬਿਸਨ ਕੀ ਸੇਵ ਨ ਕਰਹੀ॥ ਤਿਨ ਤੇ ਹਮ ਕਬਹੂੰ ਨਹੀ ਡਰਹੀ॥”।

ਦਸਮ ਪਾਤਿਸ਼ਾਹ ਨੇ ਨਾਮ (ਸੋਝੀ) ਪ੍ਰਾਪਤ ਬੁੱਧ ਨੂੰ ਚੰਡੀ, ਕਾਲਕਾ ਕਹਿ ਕੇ ਸੰਬੋਧਨ ਕੀਤਾ ਹੈ ਤੇ ਖਾਲਸੇ ਵੀ ਇਹੀ ਬੁੱਧ (ਚੰਡੀ, ਕਾਲਕਾ) ਦੀ ਅਰਾਧਣਾ ਕਰਦਾ ਹੈ ਆਦਿ ਬਾਣੀ ਅਤੇ ਦਸਮ ਬਾਣੀ ਰਾਹੀਂ। ਭੈਰੋਂ, ਸੀਤਲਾ, ਦੁਰਗਾ ਸਬ ਗਿਆਨ ਤੇ ਮਨ ਦੀਆਂ ਅਵਸਥਾਵਾਂ ਹਨ ਤੇ ਅਲੰਕਾਰ ਪੱਖੋਂ ਵਰਤੇ ਹੋਏ ਨਾਮ ਹਨ। ਜਦੋਂ ਸਨਾਤਨ ਮਤਿ ਚੰਡੀ ਦੇਵੀ ਨੂੰ ਆਖਦੀ ਸੀ ਪਾਤਿਸ਼ਾਹ ਨੇ ਬੁੱਧ ਨੂੰ ਗਿਆਨ ਖੜਗ ਨੂੰ ਚੰਡੀ ਹੈ ਸਮਝਾਉਣ ਲਈ ਚੰਡੀ ਕੀ ਵਾਰ ਉਚਾਰੀ ਤੇ ਸਿਖਾਂ ਲਈ ਬਾਣੀ ਲਿਖ ਕੇ ਚੰਡੀ ਪ੍ਰਕਟ ਕੀਤੀ ਜਿਸਦੀ ਅੱਗ ਵਿੱਚ ਅੱਜ ਵੀ ਵਿਕਾਰ ਸੜ ਜਾਂਦੇ ਹਨ ਜੇ ਸਮਝ ਆ ਜਾਵੇ ਤਾਂ। ਸਾਡੇ ਵਿੱਚ ਕਈ ਹਨ ਜਿਨਾਂ ਨੂੰ ਗੱਲ ਹੀ ਸਮਝ ਨਹੀਂ ਲੱਗੀ ਤੇ ਚੱਡੀ, ਸੀਤਲਾ, ਦੁਰਗਾ ਔਰਤ ਨੂੰ ਦੱਸੀ ਜਾਂਦੇ ਹਨ ਤੇ ਦਸਮ ਬਾਣੀ ਬਿਨਾਂ ਪੜ੍ਹੇ ਅਤੇ ਵਿਚਾਰੇ ਹੀ ਕਿੰਤੂ ਪਰੰਤੂ ਕਰਨ ਲਗ ਜਾਂਦੇ ਹਨ। ਭਾਈ ਆਦਿ ਬਾਣੀ ਨਾਲ ਜੇ ਪ੍ਰੇਮ ਹੈ ਤਾਂ ਇਹੀ ਸਮਝ ਲੈਂਦੇ ਪਹਿਲਾਂ “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥”, ਨਾ ਆਦਿ ਬਾਣੀ ਬੂਝਦੇ ਨਾ ਦੳਮ ਬਾਣੀ ਬਸ ਰੌਲਾ ਪਾਇਆ ਹੋਇਆ ਹੈ।

ਜੇ ਸੋਝੀ ਨਾ ਹੋਵੇ ਤਾਂ ਆਦਿ ਬਾਣੀ ਵਿੱਚੋਂ ਵੀ ਦੇਵੀ ਦੇਵਤਿਆਂ ਦੇ ਨਾਮ ਪੜ੍ਹ ਕੇ ਭੁਲੇਖੇ ਹੋਣੇ ਕੇ ਆਦਿ ਬਾਣੀ ਵੀ ਸਨਾਤਨੀ ਦੇਵੀ ਦੇਵਤਿਆਂ ਨੂੰ ਮੰਨ ਰਹੀ ਹੈ। ਝਗੜਾ ਨਾਸਮਝੀ ਤੇ ਬੇਅਕਲੀ ਕਾਰਣ ਹੋ ਸਕਦਾ ਹੈ ਪਰ ਆਪਣੀ ਘੱਟ ਅਕਲ ਕਾਰਣ ਬਾਣੀ ਨੂੰ ਹੀ ਰੱਦ ਕਰ ਦੇਣਾ ਮੂਰਖਾਂ ਦਾ ਕੰਮ ਹੈ ਪਾਤਿਸ਼ਾਹ ਤਾਂ ਦੂਜੇ ਧਰਮਾਂ ਦੇ ਗ੍ਰੰਥ ਪੜ੍ਹ ਕੇ ਵਿਚਾਰਨ ਦਾ ਆਦੇਸ਼ ਕਰਦੇ ਹਨ ਤਾਂ ਕੇ ਉਹਨਾਂ ਦੀ ਗਲ ਸਮਝ ਕੇ ਜੋ ਗੁਰਬਾਣੀ ਵਿੱਚ ਉਦਾਹਰਣ ਹਨ ਛੇਤੀ ਸਮਝ ਆਉਣੇ “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥” ਬਿਨਾਂ ਬਿਚਾਰ ਕੀਤੇ ਬਿਨਾਂ ਬੂਝੇ ਦੇ ਪਾਰ ਨਹੀਂ ਪਾਇਆ ਜਾਣਾ “ਬਿਨੁ ਬੂਝੇ ਕੈਸੇ ਪਾਵਹਿ ਪਾਰੁ॥”। ਮੀਣਿਆਂ ਨੇ ਮਸੰਦਾਂ ਨੇ ਆਦਿ ਬਾਣੀ ਵਿੱਚ ਆਉਣ ਵਾਲੇ ਨਾਮਾਂ ਨੂੰ ਸਨਾਤਨ ਮਤਿ ਦੇ ਦੇਵੀ ਦੇਵਤੇ ਆਖ ਕੇ ਸਨਾਤਨ ਮਤਿ ਨਾਲ ਹਾਂ ਵਿੱਚ ਹਾਂ ਮਿਲਾਂ ਦੇਣੀ ਤੇ ਦਸਮ ਬਾਣੀ ਦੇ ਖਿਲਾਫ਼ ਤਾਂ ਉਹ ਗੁਰੁਆਂ ਦੇ ਸਮੇ ਤੋਂ ਹੀ ਰਹੇ ਹਨ। ਇਸ ਨਾਲ ਲੋਕਾਂ ਦਾ ਸ਼ਿਆਨ ਬਾਦ ਬਿਬਾਦ ਵਿੱਚ ਲੱਗਿਆ ਰਹਿੰਦਾ, ਆਮ ਜਨਤਾ ਗਿਆਨ ਤੋਂ ਦੂਰ ਰਹਿੰਦੀ ਹੈ ਤੇ ਉਹਨਾਂ ਦਾ ਕਾਰੋਬਾਰ ਚਲਦਾ ਰਹਿੰਦਾ। ਧਰਮ ਦਾ ਧੰਦਾ ਕਰਣ ਲਈ ਸਿਆਣੇ, ਸੂਝਵਾਨ, ਗੁਰਮਤਿ ਦੇ ਧਾਰਣੀ ਲੋਗ ਨਹੀਂ ਚਾਹੀਦੇ ਉਹਨਾਂ ਨੂੰ।

ਜੇ ਗੁਰੂ ਨਾਲ ਗੁਰੂ ਦੀ ਬਾਣੀ ਨਾਲ ਪ੍ਰੇਮ ਹੈ। ਸਮਝਣਾ ਹੈ ਕੇ ਭਗਤਾਂ ਨੇ ਗੁਰੁਆਂ ਨੇ ਕੀ ਸਮਝਾਉਣਾ ਚਾਹਿਆ ਹੈ ਤਾਂ ਬਾਣੀ ਪੜ੍ਹ ਕੇ ਵਿਚਾਰ ਕੇ ਸਮਝ ਕੇ ਧਾਰਨ ਕਰਨੀ ਪੈਣੀ। ਸ਼ੰਕਾ ਦਾ ਨਿਵਾਰਣ ਗਲ ਸਮਝ ਕੇ ਹੋਣਾ। ਬਾਣੀ ਦੇ ਅਰਥ ਬਾਣੀ ਤੋਂ ਖੋਜੋ। ਦੂਜਿਆਂ ਦੀ ਸੁਣੀ ਸੁਣਾਈ ਗਲ ਬਿਨਾਂ ਤੱਥ ਦੇ ਬਿਨਾਂ ਖੋਜ ਦੇ ਨਾ ਮੰਨ ਕੇ ਗੁਰੂ ਤੇ ਭਰੋਸਾ ਰੱਖੋ।