ਸੁੰਨ ਸਮਾਧ ਅਤੇ ਸਹਜ ਸਮਾਧ
ਲੋਕਾਂ ਨੂੰ ਲਗਦਾ ਅੱਖਾਂ ਬੰਦ ਕਰਕੇ ਧਿਆਨ ਲੌਣ ਨਾਲ ਸੁੰਨ ਸਮਾਧ ਲਗਦੀ। ਕਿਸੇ ਨੂੰ ਲਗਦਾ ਗੁਫਾ ਜਾਂ ਭੋਰੇ ਵਿੱਚ ਬੈਠਣ ਨਾਲ ਸੁੰਨ ਸਮਾਧ ਜਾਂ ਸਹਜ ਸਮਾਧ ਲਗਦੀ। ਬਾਣੀ ਤੋਂ ਪੜ੍ਹ ਕੇ ਵਿਚਾਰੀਏ ਤਾਂ ਪਤਾ ਲਗਦਾ ਹੈ ਇਹ ਭਗਤ ਦੀ ਉਸ ਅਵਸਥਾ ਦਾ ਨਾਮ ਹੈ ਜਦੋਂ ਭਗਤ ਨੂੰ ਨਾਮ (ਸੋਝੀ) ਪ੍ਰਾਪਤ ਹੋ ਜਾਵੇ ਤੇ ਪਰਮੇਸਰ ਦੇ ਹੁਕਮ ਨਾਲ ਏਕਾ ਹੋ ਜਾਵੇ। ਅੱਖਾਂ ਮੀਟ ਕੇ ਬਹ ਜਾਣ ਨੂੰ ਗੁਰਮਤਿ ਨੇ ਸਮਾਂਧ ਲੌਣ ਨਹੀਂ ਮੰਨਿਆ “ਕਲ ਮਹਿ ਰਾਮ ਨਾਮੁ ਸਾਰੁ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥”, “ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ॥ ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ॥੩॥”, “ਅਖੀ ਮੀਟਿ ਚਲਿਆ ਅੰਧਿਆਰਾ ਘਰ ਦਰੁ ਦਿਸੈ ਨ ਭਾਈ॥ ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ॥” – ਅੱਖਾਂ ਬੰਦ ਕੀਤਿਆਂ ਘਰੁ (ਘਟ ਅੰਦਰਲਾ ਜੋਤ ਦਾ ਨਿਵਾਸ ਸਥਾਨ) ਤੇ ਦਰ (ਦਰਗਾਹ ਜੋਤਾਂ ਦਾ ਏਕਾ) ਨਹੀਂ ਦਿਸਦਾ। ਦਸਮ ਪਾਤਿਸ਼ਾਹ ਆਖਦੇ “ਨ ਨੈਨੰ ਮਿਚਾਊਂ॥ ਨ ਡਿੰਭੰ ਦਿਖਾਊਂ॥ ਨ ਕੁਕਰਮੰ ਕਮਾਊਂ॥ ਨ ਭੇਖੀ ਕਹਾਊਂ॥” ਤੇ ਪ੍ਰਚਾਰਕ ਪ੍ਰਚਾਰ ਕਰੀ ਜਾਂਦੇ ਨੇ ਕੇ ਜੀ ਦਸਮ ਪਾਤਿਸ਼ਾਹ ਨੇ ਪਿਛਲੇ ਜਨਮ ਵਿੱਚ ਅੱਖਾਂ ਬੰਦ ਕਰਕੇ ਤਪ ਕੀਤਾ ਸੀ। ਜੀਵ ਆਪਣੇ ਸਿਰ ਉੱਤੇ ਵਿਕਾਰਾਂ ਦੀ ਪੰਡ ਚੁੱਕੀ ਫਿਰਦਾ ਹੈ “ਆਲ ਜਾਲ ਮਾਇਆ ਜੰਜਾਲ॥ ਹਉਮੈ ਮੋਹ ਭਰਮ ਭੈ ਭਾਰ॥ ਦੂਖ ਸੂਖ ਮਾਨ ਅਪਮਾਨ॥” ਜਦੋਂ ਤੱਕ ਗਿਆਨ ਨਾਲ ਇਹ ਭਾਰ ਖਤਮ ਨਹੀਂ ਹੁੰਦੇ ਉਦੋਂ ਤਕ ਗਲ ਨਹੀਂ ਬਣਦੀ। ਕੇਵਲ ਗਿਆਨ ਤੋਂ ਪ੍ਰਾਪਤ ਸੋਝੀ ਰਾਹੀਂ ਸੁੰਨ ਸਮਾਧ ਤੇ ਸਹਜ ਸਮਾਧ ਲਗਦੀ ਹੈ। ਅੱਖਾਂ ਬੰਦ ਕਰਕੇ ਥੋੜੀ ਦੇਰ ਲਈ ਭਾਵੇਂ ਲੱਗੇ ਕੇ ਧਿਆਨ ਦੁਨੀਆ ਤੋਂ ਹਟ ਗਿਆ ਹੈ ਪਰ ਮਨ ਦੇ ਫੁਰਨੇ ਬੰਦ ਨਹੀਂ ਹੁੰਦੇ। ਮਨ ਸ਼ਾਂਤ ਨਹੀਂ ਹੁੰਦਾ। ਸਹਜ ਵਿੱਚ ਆਉਣ ਨਾਲ ਅੱਖਾਂ ਬੰਦ ਕੀਤੇ ਬਿਨਾਂ ਵੀ ਮਨ ਸ਼ਾਂਤ ਰਹਿੰਦਾ ਹੈ। ਗੁਰਬਾਣੀ ਦੱਸਦੀ ਹੈ ਕੇ ਸਹਜ ਧਿਆਨ ਕਿਵੇਂ ਲਗਦਾ ਹੈ “ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ॥ ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ॥ ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ॥”। ਨਾਮ ਕੀ ਹੈ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”
“ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ॥੧॥” – ਨਾ ਜੀਵਨ ਦੀ ਨਾ ਮੌਤ ਦੀ ਪਰਵਾਹ, ਨਾ ਦੁੱਖ ਨਾ ਸੁੱਖ ਬਿਆਪੈ, ਮਨੁੱਖ ਨੂੰ ਸਬ ਹੁਕਮ ਹੀ ਜਾਪੈ ਉਸ ਅਵਸਥਾ ਦਾ ਨਾਮ ਸੁੰਨ ਸਮਾਧ ਹੈ। ਸੁੰਨ ਸਮਾਧਿ (ਸਮਾਧਿ – ਸਮਾਧ ਅੰਦਰ) ਵਿੱਚ ਭੈਂ ਨਹੀਂ ਹੁੰਦੇ। ਗਿਆਨ, ਨਾਮ (ਸੋਝੀ) ਹੁੰਦੀ ਹੈ। ਜਿਵੇਂ ਕੋਈ ਛਤ੍ਰੀ ਹੋਵੇ ਜਿਸ ਨੂੰ ਗਿਆਨ ਹੋਵੇ ਸ਼ਸਤਰਾਂ ਦਾ ਉਹ ਨਿਰਭੈ ਹੋ ਕੇ ਲੜਦਾ ਹੈ। ਗਿਆਨ ਨਾਂ ਹੋਵੇ ਤਾਂ ਚਿੰਤਾ ਰਹਿੰਦੀ ਹੈ ਕੇ ਦੁਸ਼ਮਨ ਨੇ ਹਾਵੀ ਹੋ ਜਾਣਾ। ਇੱਦਾਂ ਹੀ ਜੀਵ ਨੂੰ ਹੁਕਮ ਦੀ ਸੋਝੀ ਹੋ ਜਾਣ ਤੇ ਵਿਕਾਰਾਂ ਨਾਲ ਲੜਨਾ ਸੌਖਾ ਹੋ ਜਾਂਦਾ ਹੈ, ਜਨਮ ਮਰਨ, ਲਾਭ ਹਾਨੀ, ਨਫ਼ਾ ਨੁਕਸਾਨ ਦੀ ਚਿੰਤਾ ਮਿਟ ਜਾਂਦੀ ਹੈ। ਮਨ ਸਹਜ ਵਿੱਚ ਰਹਿੰਦਾ ਹੈ। ਵਿਕਾਰਾਂ ਤੋਂ ਸੁੰਨ।
“ਜਬ ਧਾਰੀ ਆਪਨ ਸੁੰਨ ਸਮਾਧਿ॥ ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ॥” – ਜਦੋਂ ਜੀਵ ਨੇ ਸੁੰਨ ਸਮਾਧ ਨਾਮ (ਸੋਝੀ) ਪ੍ਰਾਪਤੀ ਨਾਲ ਧਾਰਣ ਕਰ ਲਈ ਉਸਦੇ ਵੈਰ ਵਿਰੋਧ ਕਿਸੇ ਨਾਲ ਨਹੀਂ ਰਹਿੰਦੇ। ਸਾਰਿਆਂ ਵਿੱਚ ਕੇ ਜੋਤ ਦਿਸਦੀ ਤੇ ਜੋ ਹੋ ਰਹਿਆ ਹੈ ਉਹ ਭਾਣਾ, ਪਰਮੇਸਰ ਦਾ ਹੁਕਮ ਜਾਪਦਾ।
“ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ॥” – ਲਿਵ ਦਾ ਅਰਥ ਹੈ ਧਿਆਨ। ਜਦੋਂ ਏਕ (ਪਰਮੇਸਰ) ਨਾਲ ਏਕਾ ਹੋ ਜਾਂਦਾ ਸਬਦ ਵਿਚਾਰ ਰਾਹੀਂ ਗਿਆਨ, ਨਾਮ ਰਾਹੀਂ ਲਿਵ ਲਗਦੀ ਹੈ ਤਾਂ ਸੁੰਨ ਸਮਾਧ ਵਲ ਹੀ ਧਿਆਨ ਰਹਿੰਦਾ ਹੈ।
“ਮਿਲਿ ਜਲੁ ਜਲਹਿ ਖਟਾਨਾ ਰਾਮ॥ ਸੰਗਿ ਜੋਤੀ ਜੋਤਿ ਮਿਲਾਨਾ ਰਾਮ॥ ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ॥ ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ॥ ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ॥ ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ॥”
“ਡਿਗਿ ਨ ਡੋਲੈ ਕਤਹੂ ਨ ਧਾਵੈ॥ ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ॥ ਭ੍ਰਮ ਭੈ ਮੋਹ ਨ ਮਾਇਆ ਜਾਲ॥ ਸੁੰਨ ਸਮਾਧਿ ਪ੍ਰਭੂ ਕਿਰਪਾਲ॥੩॥ ਤਾ ਕਾ ਅੰਤੁ ਨ ਪਾਰਾਵਾਰੁ॥ ਆਪੇ ਗੁਪਤੁ ਆਪੇ ਪਾਸਾਰੁ॥ ਜਾ ਕੈ ਅੰਤਰਿ ਹਰਿ ਹਰਿ ਸੁਆਦੁ॥ ਕਹਨੁ ਨ ਜਾਈ ਨਾਨਕ ਬਿਸਮਾਦੁ॥”
“ਸੁੰਨ ਸਮਾਧਿ ਸਹਜਿ ਮਨੁ ਰਾਤਾ॥ ਤਜਿ ਹਉ ਲੋਭਾ ਏਕੋ ਜਾਤਾ॥ ਗੁਰ ਚੇਲੇ ਅਪਨਾ ਮਨੁ ਮਾਨਿਆ॥ ਨਾਨਕ ਦੂਜਾ ਮੇਟਿ ਸਮਾਨਿਆ॥” – ਸਹਜ ਵਿੱਚ ਆਉਣ ਨਾਲ ਸੁੰਨ ਸਮਾਧ ਲਗਦੀ ਹੈ। ਹਉ (ਹਉਮੈ) , ਲੋਭਾ (ਲੋਭ) ਤਜਿ (ਛੱਡਿਆਂ) ਏਕੋ (ਪਰਮੇਸਰ, ਪਰਵਾਨ ਜੋਤਾਂ ਦਾ ਏਕਾ) ਜਾਤਾ (ਜਾਣਿਆ) ਜਾਂਦਾ ਹੈ। ਅੱਖਾਂ ਬੰਦ ਕਰਕੇ ਇਹ ਅਵਸਥਾ ਪ੍ਰਾਪਤ ਨਹੀਂ ਹੁੰਦੀ। ਇਹ ਤਾਂ ਕੇਵਲ ਨਾਮ (ਗਿਆਨ/ਸੋਝੀ) ਨਾਲ ਹੀ ਪ੍ਰਾਪਤ ਹੁੰਦੀ ਹੈ। ਅਕਸਰ ਅੱਖਾਂ ਬੰਦ ਕਰਕੇ ਬੈਠਣ ਵਾਲੇ, ਧਿਆਨ ਲੌਣ ਦਾ ਦਾਅਵਾ ਕਰਨ ਵਾਲੇ ਹੋਰ ਵੀ ਜਿਆਦਾ ਹਉਮੈ ਦੇ ਸ਼ਿਕਾਰ ਹੁੰਦੇ ਨੇ। ਨਿਰਾਕਾਰ ਅੱਖਾਂ ਬੰਦ ਕਰਕੇ ਨਹੀਂ ਦਿਸਦਾ, ਜਿਸਦਾ ਰੂਪ ਨਾ ਰੰਗ, ਜੋ ਤ੍ਰੈ ਗੁਣ ਮਾਇਆ ਤੋਂ ਭਿੰਨ ਹੈ ਉਸਨੂੰ ਕੇਵਲ ਉਸਦੇ ਗੁਣਾਂ ਰਾਹੀਂ ਦੇਖਿਆ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਜੋ ਅੰਦਰ ਬੈਠਾ ਹੈ ਉਸਨੂੰ ਸਰੀਰ ਦੀਆਂ ਅੱਖਾਂ ਬੰਦ ਕਰਕੇ ਨਹੀਂ ਵੇਖਿਆ ਜਾ ਸਕਦਾ “ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ॥”, “ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥“। ਗਿਆਨ ਅੰਜਨ ਨਾਲ “ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ॥”। ਸਰੀਰ ਦੀਆਂ ਅੱਖਾਂ ਵਖਰੀਆਂ ਨੇ ਕੇਵਲ ਸੰਸਾਰ ਨੂੰ ਵੇਖਣ ਲਈ ਹਨ। ਗਿਆਨ ਅੰਜਨ ਗੁਰ (ਗੁਣ) ਰਾਹੀਂ ਪ੍ਰਾਪਤ ਹੁੰਦਾ ਹੈ।
“ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ॥੧੫॥ ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ॥੧੬॥ ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ॥” – ਅਸਲ ਵਿੱਚ ਮਨ ਹੀ ਜੋਤ ਸਰੂਪ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥” ਪਰ ਅਗਿਆਨਤਾ, ਵਿਕਾਰਾਂ ਅਤੇ ਦਲਿੱਦਰ ਕਾਰਣ ਮੈਲਾ ਹੈ। ਅਸੀਂ ਅਕਸਰ ਆਖ ਦਿੰਦੇ ਹਾਂ ਕੇ ਮੇਰਾ ਮਨ ਨਹੀਂ ਕਰਦਾ ਜਾਂ ਮਨ ਨਹੀਂ ਮੰਨਦਾ। ਮਨ ਕੋਈ ਵੱਖਰੀ ਹਸਤੀ ਨਹੀਂ ਹੈ ਨਾ ਅੰਦਰ ਕੋਈ ਫੌਜ ਬੈਠੀ ਹੈ ਜੀਵ ਵਿੱਚ। ਮਨ ਵੀ ਤੂੰ ਹੈ ਜਦੋ ਅਗਿਆਨਤਾ ਹੈ, ਹਰਿ ਵੀ ਤੂੰ ਹੈਂ ਜਦੋਂ ਗਿਆਨ ਨਾਲ ਹਰਿਆ ਹੋਇਆ, ਰਾਮ ਵੀ ਤੂੰ ਜਦੋਂ ਗੁਣ ਵਿੱਚ ਰਮਿਆ ਗਿਆ। ਵਿਕਾਰ ਵੀ ਤੇਰੇ ਨੇ ਗੁਣ ਵੀ ਤੇਰੇ ਨੇ। ਬਸ ਦੋਸ਼ ਆਪਣੇ ਉੱਤੇ ਨਾ ਲੈਣਾ ਹੋਵੇ ਤਾਂ ਮਨ ਨੂੰ ਅੱਗੇ ਕਰ ਦਿੰਦਾ। ਜਦੋਂ ਇਹ ਅਗਿਆਨਤਾ ਦੂਰ ਹੁੰਦੀ ਹੈ ਤਾਂ ਜੀਵ ਨੂੰ ਆਪਣੀ ਹੋਂਦ ਦਾ ਪਤਾ ਲੱਗਦਾ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥”, “ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥”। ਮਨ ਨੇ ਗਿਆਨ ਨਾਲ ਹੀ ਨਿਰਮਲ (ਮਲ ਰਹਿਤ) ਹੋਣਾ ਹੈ “ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ॥” ਇਸ ਗਿਆਨ ਨਾਲ ਹੀ ਇਸਦੀ ਸੁੰਨ ਸਮਾਧ ਲੱਗਣੀ, ਧਿਆਨ ਹੁਕਮ ਵਲ ਰਹਿਣਾ।
“ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ॥ ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ॥” – ਜਦੋਂ ਮਨ ਹਰਿ ਸਿਉ ਰਾਤਾ , ਹਰਿ ਦੇ ਗੁਣਾਂ ਨੂੰ ਧਾਰਣ ਕਰ ਲਿਆ ਤਾਂ ਸੁੰਨ ਸਮਾਧ ਵਿੱਚ ਸਮਾਉਗੋ।
“ਸਤਿਗੁਰ ਤੇ ਪਾਏ ਵੀਚਾਰਾ॥ ਸੁੰਨ ਸਮਾਧਿ ਸਚੇ ਘਰ ਬਾਰਾ॥ ਨਾਨਕ ਨਿਰਮਲ ਨਾਦੁ ਸਬਦ ਧੁਨਿ ਸਚੁ ਰਾਮੈ ਨਾਮਿ ਸਮਾਇਦਾ॥”
“ਦੇਹੀ ਨਗਰੀ ਊਤਮ ਥਾਨਾ॥ ਪੰਚ ਲੋਕ ਵਸਹਿ ਪਰਧਾਨਾ॥ ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ॥੩॥” – “ਦੇਹੀ ਗੁਪਤ ਬਿਦੇਹੀ ਦੀਸੈ॥”, ਨਿਰਾਕਾਰੀ ਦੇਹੀ (ਘਟ) ਨੂੰ ਊਤਮ ਥਾਨ ਦੱਸਿਆ ਹੈ। ਜਿਸ ਊਪਰ ਏਕੰਕਾਰ (ਪ੍ਰਭ/ਹਰਿ/ਰਾਮ/ਜੋਤ) ਸੰਸਾਰੀ ਧਿਆਨ/ਮਤਿ ਤੋਂ ਦੂਰ ਹੁਕਮ ਨਾਲ ਏਕਾ ਕਰਦਿਆਂ ਸੁੰਨ ਸਮਾਧ ਲਗਾ ਕੇ ਬੈਠਾ ਹੈ।
ਸੁੰਨ ਸਮਾਧ ਉਦੋਂ ਹੈ ਜਦੋਂ ਤ੍ਰੈ ਗੁਣ ਮਾਇਆ, ਸੰਸਰ, ਅਵਗੁਣਾਂ, ਵਿਕਾਰਾਂ ਵੱਲੋਂ ਧਿਆਨ ਹਟ ਕੇ ਗਿਆਨ ਵਲ ਹੋਵੇ। ਜਦੋਂ ਦੁੱਖ ਸੁੱਖ, ਮਾਨ ਅਪਮਾਨ, ਲਾਭ ਹਾਨੀ ਦਾ ਫਰਕ ਨਾ ਪਵੇ। ਜੀਵ ਨੂੰ ਹੁਕਮ ਦੀ ਸੋਝੀ ਹੋ ਜਾਵੇ। ਇਸ ਅਵਸਥਾ ਨੂੰ ਸਹਜ ਵੀ ਆਖਦੇ ਨੇ। ਤੇ ਇਹ ਅਵਸਥਾ ਸੁੱਤੇ ਜਾਗਦੇ, ਬਹਿੰਦੇ ਉਠਦੇ ਹਰ ਸਮੇ ਲਗਾਤਾਰ ਨਿਰੰਤਰ ਰਹਿੰਦੀ ਹੈ। ਇਸ ਅਵਸਥਾ ਲਈ ਜੋਰ ਨਹੀਂ ਲਾਣਾ ਪੈਂਦਾ ਸਹਜੇ ਹੀ ਪ੍ਰਾਪਤ ਤੇ ਬਣੀ ਰਹਿੰਦੀ ਹੈ। ਇਸ ਅਵਸਥਾ ਲਈ ਅੱਖਾਂ ਬੰਦ ਕਰਕੇ ਤਪੱਸਿਆ ਨਹੀਂ ਕਰਨੀ ਪੈਂਦੀ। ਜਿਵੇਂ ਅਪਰੇਸ਼ਨ ਕਰਨ ਵੇਲੇ ਬਲੇਡ ਨਾਲ ਕੱਟਣ ਤੇ ਦਰਦ ਨਾ ਹੋਵੇ ਇਸ ਲਈ ਆਪਰੇਸ਼ਨ ਵਾਲੀ ਥਾਂ ਨੂੰ ਸੁੰਨ ਕਰ ਦਿੰਦੇ ਹਨ ਡਾਕਟਰ ਫੇਰ ਦਰਦ ਨਹੀਂ ਹੁੰਦਾ, ਉਸੇ ਤਰਹ ਹੀ ਦੁੱਖ ਸੁਖ, ਮਾਨ ਅਪਮਾਨ, ਲਾਭ ਹਾਨੀ ਮਨੁੱਖ ਨੂੰ ਏਕੇ ਵੱਲ ਧਿਆਨ ਤੋਂ ਦੂਰ ਵਿਚਲਿਤ ਰੱਖਦੇ ਹਨ ਤੇ ਨਾਮ (ਸੋਝੀ) ਨਾਲ ਜੀਵ ਦਾ ਮਨ ਸੁੰਨ ਹੋ ਕੇ ਇਹਨਾਂ ਵਿਕਾਰਾਂ ਤੋ ਦੂਰ ਰਹਿੰਦਾ ਹੈ।
ਸੁੰਨ ਸਮਾਧ ਦੀ ਪਰਿਭਾਸ਼ਾ ਵਿਦਵਾਨ ਗਲਤ ਕਰਦੇ ਹਨ। ਇਹ ਮਨ ਦੀ ਉਹ ਅਵਸਥਾ ਹੈ ਜਿਸ ਵਿੱਚ ਦੁਰਮਤਿ ਦਾ ਨਾਮੋ ਨਿਸ਼ਾਨ ਹੀ ਨਾ ਹੋਵੇ, ਕਲਜੁਗ ਅਰਥ ਕਲੇਸ਼ ਨਾ ਹੋਣ, ਤੇ ਅਵਗੁਣਾ ਦਾ ਸ਼ੋਰ ਖਤਮ ਹੋ ਜਾਵੇ “ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ॥ ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ॥”
“ਸੁੰਨ ਕਲਾ ਅਪਰੰਪਰਿ ਧਾਰੀ॥ ਆਪਿ ਨਿਰਾਲਮੁ ਅਪਰ ਅਪਾਰੀ॥ ਆਪੇ ਕੁਦਰਤਿ ਕਰਿ ਕਰਿ ਦੇਖੈ ਸੁੰਨਹੁ ਸੁੰਨੁ ਉਪਾਇਦਾ॥੧॥” – ਇਸ ਸੁੰਨ ਸਮਾਧ ਨਾਲ ਹੀ ਨਿਰੰਤਰ ਸੁੰਨ ਸਮਾਧ ਉਪਜਦੀ ਹੈ। “ਸੁੰਨਹੁ ਸੁੰਨੁ ਉਪਾਇਦਾ” ਵਿੱਚ ਸੁੰਨਹੁ ਦਾ ਅਰਥ ਹੈ ਸੁੰਨ ਦੁਆਰਾ ਹੀ, ਅੱਗੇ ਲਗਾਤਾਰ ਸੁੰਨ ਅਵਸਥਾ ਉਪਜਦੀ ਰਹਿੰਦੀ ਹੈ।
ਸਹਜ ਸਮਾਧ
ਸਹਜ ਸਮਾਧ ਨੂੰ ਸਮਝਣ ਤੋ ਪਹਿਲਾਂ ਸਹਜ ਨੂੰ ਸਮਝਣਾ ਜਰੂਰੀ ਹੈ। ਸਹਜ ਹੁੰਦਾ ਹੈ ਠਹਰਾਵ। ਮਨ ਦੇ ਵਿੱਚ ਫੁਰਨੇ ਉਠਣੇ ਬੰਦ ਹੋ ਜਾਣ। ਗੁਰਮਤਿ ਆਖਦੀ “ਭਾਈ ਰੇ ਗੁਰ ਬਿਨੁ ਸਹਜੁ ਨ ਹੋਇ॥ ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ॥” – ਗੁਰ ਦਾ ਅਰਥ ਹੁੰਦਾ ਗੁਣ। ਜਦੋਂ ਸੱਚੇ ਦੇ ਗੁਣ ਵੀਚਾਰ ਲਏ ਸਮਝ ਲਏ ਧਾਰਣ ਕਰ ਲਏ ਤਾਂ ਸਬਦ (ਹੁਕਮ) ਦੀ ਸੋਝੀ ਹੁੰਦੀ ਹੈ। ਸਬਦ ਹੈ ਪਰਮੇਸਰ ਦਾ ਹੁਕਮ, ਜੀਵ ਲਈ ਨਾਮ (ਗਿਆਨ/ਸੋਝੀ)। ਜਦੋਂ ਗੁਣ ਧਾਰਣ ਕਰ ਕੇ ਮਨ ਨੇ ਹਰਿਆ ਹੋਣਾ “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥” ਹਰਿ ਹੋਣਾ ਉਦੋਂ ਸਹਜ ਉਪਜਣਾ। ਉਦੋਂ ਮਨ ਨੂੰ ਆਪਣੇ ਜੋਤ ਸਰੂਪ ਹੋਣ ਦਾ ਭਾਵ ਹੋਣਾ। ਫੇਰ ਜੋ ਹੋ ਰਹਿਆ ਦੁਨਿਆਵੀ ਤੇ ਅੰਤਰੀਵ ਉਹ ਸਬ ਭਾਣੇ ਵਿੱਚ ਹੁੰਦਾ ਦਿਸਣ ਲਗ ਪੈਣਾ। ਮਨ ਦੇ ਚਿੰਤਾ ਰੋਗ ਮਿਟ ਜਾਣੇ। ਜਦੋਂ ਜੀਵ ਨੇ ਗੁਣਾਂ ਨੂੰ ਮੁੱਖ ਰੱਖ ਕੇ ਵਿਚਰਨਾ ਸਿੱਖ ਲਿਆ ਉਦੋਂ ਸਹਜ ਅਵਸਥਾ ਬਣ ਜਾਣੀ “ਗੁਰਮੁਖਿ ਨਾਮੁ ਮਿਲੈ ਮਨੁ ਭੀਜੈ ਸਹਜਿ ਸਮਾਧਿ ਲਗਾਵਣਿਆ॥”, “ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ॥” ਨਾ ਅੱਖਾਂ ਬੰਦ ਕਰ ਕੇ ਬਹ ਜਾਣ ਨਾਲ ਹਉਮੈ ਜਾਂਦੀ ਹੈ ਨਾਂ ਇੱਕ ਸ਼ਬਦ ਨੂੰ ਬਾਰ ਬਾਰ ਰੱਟਣ ਨਾਲ। ਹਉਮੈਂ ਜਾਂਦੀ ਹੈ ਕੇਵਲ ਨਾਮ (ਗਿਆਨ/ਸੋਝੀ) ਨਾਲ।
”ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ਰਾਮ॥ ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਰਾਮ॥ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਅਰੋਗਤ ਭਏ ਸਰੀਰਾ॥ ਅਨਦਿਨੁ ਸਹਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ॥” – ਸਹਜ ਸਮਾਧ ਦਾ ਅਨਦਿਨ, ਲਗਾਤਾਰ ਨਿਰੰਤਰ ਲਗਦੀ ਹੈ। ਹਰਿ ਜਪਿਆਂ (ਪਛਾਣਿਆਂ)। ਜਦੋਂ ਦੇਹੀ ਨੂੰ ਲੱਗੇ ਵਿਕਾਰਾਂ ਦੇ ਰੋਗ ਗਿਆਨ ਤੇ ਸੋਝੀ ਨਾਲ ਖਤਮ ਹੋ ਜਾਣ।
”ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ॥ ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ॥ ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ॥” – ਬੁੱਧ ਜਦੋਂ ਅਗਿਆਨਤਾ ਵਿੱਚ ਫਸੀ ਹੈ, ਵਿਕਾਰਾਂ ਕਾਰਣ ਭੱਜੀ ਫਿਰਦੀ ਹੈ ਦੁਹਾਗਣ ਹੈ ਰਾਂਡ ਹੈ। ਜਦੋਂ ਨਾਮ (ਗਿਆਨ ਤੋਂ ਪ੍ਰਾਪਤ ਸੋਝੀ) ਦੁਆਰਾ ਉਸਨੂੰ ਘਟ ਅੰਦਰ ਹੀ ਰਾਮ (ਗੁਣਾਂ ਵਿੱਚ ਰਮਿਆ ਹੋਇਆ), ਹਰਿ (ਸੋਝੀ ਦੇ ਅੰਮ੍ਰਿਤ ਨਾਲ ਹਰਿਆ ਹੋਇਆ) ਪਿਰ, ਖਸਮ ਹਦੂਰੇ (ਘਟ ਅੰਦਰ) ਵਿਖਣ ਲੱਗ ਜਾਵੇ ਤਾਂ ਉਹ ਸੁਹਾਗਣ ਹੁੰਦੀ ਹੈ। ਫੇਰ ਬੁਧ ਦਾ ਧਿਆਨ ਕਿਤੇ ਨਹੀਂ ਜਾਂਦਾ ਸਹਜ ਸਮਾਧ ਤਾਂ ਲਗਦੀ ਹੈ। “ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ॥ ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ॥”
”ਸਹਜ ਸਮਾਧਿ ਅਨੰਦ ਸੂਖ ਪੂਰੇ ਗੁਰਿ ਦੀਨ॥ ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ॥”
”ਗੁਰ ਕੇ ਚਰਨ ਰਿਦੈ ਉਰਿ ਧਾਰੇ॥ ਅਗਨਿ ਸਾਗਰ ਤੇ ਉਤਰੇ ਪਾਰੇ॥ ਜਨਮ ਮਰਣ ਸਭ ਮਿਟੀ ਉਪਾਧਿ॥ ਪ੍ਰਭ ਸਿਉ ਲਾਗੀ ਸਹਜਿ ਸਮਾਧਿ॥੨॥”
”ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ॥”
”ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ॥ ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ॥”
ਜਦੋਂ ਘਟ ਅੰਦਰ ਗਿਆਨ ਦਾ ਚਾਨਣਾ, ਸਵੇਰਾ ਹੋ ਜਾਵੇ ਜਦੋਂ ਜੀਵ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਜਾਵੇ ਉਹ ਸਹਜ ਅਵਸਥਾ ਹੈ “ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ॥ ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ॥”
ਇਹ ਸਿੱਖਾਂ ਨੂੰ ਸੋਚਣ ਦੀ ਲੋੜ ਹੈ ਕੇ ਪਾਤਿਸ਼ਾਹ ਨੇ ਸਾਨੂੰ ਸੁਤਿਆਂ ਨੂੰ ਜਗਾਇਆ ਹੈ। ਗੁਰਬਾਣੀ ਰਾਹੀਂ ਸਮਝਾਇਆ ਹੈ ਕੇ ਘਟ ਬਾਰ ਛੱਡ ਕੇ ਜੰਗਲ ਵਿੱਚ, ਪਰਬਤਾਂ ਤੇ ਸਮਾਧ ਲਗਾਣ ਲਈ ਭੱਜ ਜਾਣ ਨਾਲ, ਅੱਖਾਂ ਬੰਦ ਕਰਕੇ ਬਹ ਜਾਣ ਨਾਲ ਸਮਾਧ ਨਹੀਂ ਲਗਦੀ, ਧਿਆਨ ਨਹੀਂ ਲਗਦਾ। ਗਿਆਨ ਦੀ ਪ੍ਰਾਪਤੀ ਨਾਲ ਗੁਣਾਂ ਵਲ ਹਰ ਵੇਲੇ ਜੋ ਧਿਆਨ ਰਹੇ, ਚਿੰਤਾ ਮੁੱਕ ਜਾਵੇ, ਮਨ ਵਿੱਚ ਵਿਕਾਰ ਉਠਣੇ ਬੰਦ ਹੋ ਜਾਣ ਨਾਲ, ਹੁਕਮ ਦੀ ਸੋਝੀ ਨਾਲ ਜੋ ਸ਼ਾਂਤ ਅਵਸਥਾ ਮਨ ਦੀ ਬਣਦੀ ਹੈ ਉਹ ਸਹਜ ਤੇ ਸੁੰਨ ਸਮਾਧ ਹੈ। ਇਸ ਲਈ ਬਾਰ ਬਾਰ ਬੇਨਤੀ ਕਰਦੇ ਹਾਂ ਕੇ ਆਪ ਬਾਣੀ ਵਿੱਚੋਂ ਖੋਜੋ। “ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰੜਾਇ॥ ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ॥”
ਗੁਰਬਾਣੀ ਤੋ ਸਿਖਣਾ ਹੈ, ਗੁਰਬਾਣੀ ਗਿਆਨ ਹੈ, ਜੇ ਪੜ੍ਹ ਕੇ ਭਾਵ ਅਰਥ ਨਹੀ ਸਮਝਣੇ ਤਾਂ ਮਤਲਬ ਗਿਆਨ ਨਹੀ ਲੈ ਰਹੇ, ਗੁਰਬਾਣੀ ਸੱਚ ਖੰਡ ਦਾ ਹੁਕਮ ਹੈ, ਅਤੇ ਇਹ ਹੁਕਮ ਸਾਨੂੰ ਕਹਿ ਰਿਹਾ ਕਿ ਗੁਰ ਕੀ ਮਤਿ ਲਵੋ ਨਹੀ ਤਾਂ ਡੁਬ ਜਾਵੋਂਗੇ, ਗੁਰ ਕੀ ਮਤਿ ਹੈ ਗਿਆਨ।
“ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥” – ਗੁਰ ਕੀ ਮਤਿ ਲੈਣਾ ਹੀ ਭਗਤੀ ਹੈ।
ਗੁਰਬਾਣੀ ਸਾਡੇ ਲਈ ਗਿਆਨ ਦਾ, ਨਾਮ ਦਾ ਸੋਝੀ ਦਾ ਬਹੁਤ ਵੱਡਾ ਖਜਾਨਾ ਪਰਮੇਸਰ ਵੱਲੋਂ ਬਖਸ਼ਿਆ ਗਿਆ ਹੈ। ਹਰੇਕ ਸਿੱਖ ਵੀਰ ਭੈਣ ਗੁਰਮਤਿ ਦੀ ਵਿਚਾਰ ਕਰੇ ਤਾ ਕੇ ਸਾਨੂੰ ਇਹ ਸੋਝੀ ਪ੍ਰਾਪਤ ਹੋ ਸਕੇ। ਹਜਾਰਾਂ ਦੁਬਿਧਾ ਸਿਖਾਂ ਦੇ ਮਨ ਵਿੱਚ ਚਲ ਰਹੀਆਂ ਹਨ। ਦੂਜੀਆਂ ਮੱਤਾਂ ਦੀ ਚੰਗੀ ਤਰਹ ਬੁੱਧ ਵਿੱਚ ਖਿਚੜੀ ਬਣੀ ਪਈ ਹੈ, ਉੱਤੋਂ ਮਨ ਵਿੱਚ ਹਜਾਰਾਂ ਖਿਆਲ, ਫ਼ੁਰਨੇ ਉੱਠਦੇ ਰਹਿੰਦੇ ਹਨ। ਸ਼ੋਭਾ ਦੀ ਲਾਲਸਾ ਵੀ ਨਾਲ ਨਾਲ ਚੱਲੀ ਜਾਂਦੀ ਹੈ। ਕਦੇ ਕਿਸੇ ਨੂੰ ਸੁਣ ਲਿਆ ਕਦੇ ਕਿਸੇ ਨੂੰ ਆਪਣਾ ਪ੍ਰੇਰਣਾ ਦਾ ਸਰੋਤ ਮੰਨ ਲਿਆ। ਅਰਥ ਟੀਕਿਆਂ ਵਾਲੇ, ਦੁਨਿਆਵੀ ਜਾਂ ਆਪਣੀ ਮਨਮਤਿ ਤੋਂ ਕਰ ਲਏ। ਕਦੇ ਕਿਸੇ ਨੂੰ ਖੁਸ਼ ਕਰਨ ਲਈ ਹਾਂ ਵਿੱਚ ਹਾਂ ਮਿਲਾ ਦਿੱਤੀ। ਲੋਕਾਚਾਰੀ ਤੇ ਲੋਕ ਪਚਾਰੇ ਵਿੱਚ ਫਸ ਗਏ। ਜੇ ਗੁਰਮਤਿ ਤੋਂ ਕੁੱਝ ਵੀ ਸਿੱਖਿਆ ਨਹੀਂ ਤਾਂ ਫੇਰ ਸਿੱਖ ਅਖੌਣ ਦਾ ਹੱਕ ਹੈ ਸਾਨੂੰ? ਭਾਈ ਗੁਰਮਤਿ ਦਾ ਫੁਰਮਾਨ ਹੈ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ॥”।