ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਵਡਿਆਈ

ਗੁਰਮੁਖ ਲਈ ਦੁਨਿਆਵੀ ਵਡਿਆਈ ਦੀ ਕੋਈ ਕੀਮਤ ਨਹੀਂ। ਗੁਰਮੁਖ ਗੁਣਾਂ ਨੂੰ ਮੁਖ ਰੱਖਦਾ ਤੇ ਵਡਿਆਈ ਉਦੋਂ ਹੈ ਜਦੋਂ ਉਸਨੂੰ ਨਾਮ (ਸੋਝੀ) ਪ੍ਰਾਪਤ ਹੋ ਜਾਵੇ ਤੇ ਭਗਤਾਂ ਨੂੰ ਇਹ ਵਡਿਆਈ ਮਿਲੀ ਹੈ। ਗੁਰਮੁਖ ਕੇਵਲ ਨਾਮ (ਸੋਝੀ/ਗਿਆਨ) ਦੀ ਅਰਦਾਸ ਕਰਦਾ ਹੈ।

ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ “ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ॥” ਇਸ ਸ਼ਬਦ ਵਿੱਚ ਨਾਮ (ਸੋਝੀ) ਦੀ ਵਡਿਆਈ ਦੀ ਗਲ ਹੋ ਰਹੀ ਹੈ ਨਾ ਕੇ ਦੁਨਿਆਵੀ ਵਡਿਆਈਆਂ ਦੀ। ਅਸੀਂ ਸਾਰੇ ਹੀ ਦੁਨਿਆਵੀ ਵਡਿਆਈਆਂ ਵਿੱਚ ਫਸੇ ਹੋਏ ਹਾਂ। ਕਿਸੇ ਨੂੰ ਲਗਦਾ ਮੈਂ ਨਵੀ ਵਿਆਕਰਣ ਦੀ ਕਾਢ ਕੱਢੀ ਹੈ ਤੇ ਲੋਕੀ ਮੰਨਣ ਤੇ ਸਿਫ਼ਤ ਕਰਨ। ਕਿਸੇ ਨੂੰ ਲਗਦਾ ਮੈਂ ਲੋਕਾਂ ਨਾਲ ਵਿਚਾਰ ਕਰਕੇ ਧਰਮੀ ਦਿਸਾਂ ਮੇਰਾ ਨਾਮ ਹੋਵੇ ਲੋਕ ਮੈਨੂੰ ਸਿਆਣਾ, ਗਿਆਨੀ, ਵੱਡਾ ਕਥਾਵਾਚਕ, ਕੀਰਤਨੀਆਂ, ਸੰਤ, ਸਾਧ ਸਮਝਣ ਤੇ ਮਗਰ ਲੱਗਣ। ਜੱਥੇਦਾਰੀਆਂ ਲਈ, ਡੇਰਿਆਂ ਲਈ ਪ੍ਰਧਾਨਗੀ ਲਈ ਪੱਗਾਂ ਤੇ ਹੱਥ ਵੀ ਪਾ ਲੈਂਦੇ ਨੇ। ਧਰਮੀ ਦਿਸਣ ਦੀ ਚਾਹ ਵਿੱਚ ਲੋਗ ਬਾਹਰੀ ਭੇਖ ਰਚਾਉਂਦੇ ਹਨ। ਦੁਨਿਆਵੀ ਵਡਿਆਈਆਂ ਲੋਕਾਂ ਦੀ ਕੀਤੀ ਵਡਿਆਈ ਗੁਰਮੁਖ ਲਈ ਕੋਈ ਮੈਨੇ ਨਹੀਂ ਰੱਖਦੀ “ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ॥ ਏਨੀ ਜਲੀਈਂ ਨਾਮੁ ਵਿਸਾਰਿਆ ਇਕ ਨ ਚਲੀਆ ਨਾਲਿ॥”। ਮਹਾਰਾਜ ਆਖਦੇ “ਚੇਤ ਰੇ ਚੇਤ ਅਚੇਤ ਮਹਾ ਜੜ ਭੇਖ ਕੇ ਕੀਨੇ ਅਲੇਖ ਨ ਪੈ ਹੈ॥”। ਗੁਣਾਂ ਨੂੰ ਮੁੱਖ ਰੱਖਣ ਵਾਲਾ ਤਾਂ ਮਾਨ ਅਪਮਾਨ, ਸੰਸਾਰੀ ਸ਼ੋਭਾ ਦਾ ਲੋਭੀ ਨਹੀਂ ਹੁੰਦਾ “ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ॥”। ਜਿਹੜੇ ਸੰਸਾਰੀ ਸ਼ੋਭਾ ਜਾਂ ਵਡਿਆਈ ਦੀ ਇੱਛਾ ਰੱਖਦੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕੇ ਗੁਰਮਤਿ ਕੀ ਆਖਦੀ ਹੈ ਇਸ ਬਾਰੇ “ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ॥” ਤੇ ਪਰਧਾਨਗੀ ਦੇ ਲਾਲਚ ਬਾਰੇ ਆਖਿਆ “ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ॥ ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ॥ ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ॥

ਅਸਲੀ ਵਡਿਆਈ ਕੀ ਹੈ?

ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ॥” – ਨਾਮ ਦੁਆਰਾ ਹੀ ਵਡਿਆਈ ਮਿਲਦੀ ਹੈ, ਗੁਰ (ਗੁਣ) ਦੇ ਸਬਦ (ਹੁਕਮ) ਦੁਆਰਾ, ਹੁਕਮ ਨੂੰ ਪਛਾਣ ਕੇ। ਨਾਮ ਕੀ ਹੈ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਗੁਰਮੁਖਿ ਨਾਮੁ ਮਿਲੈ ਵਡਿਆਈ॥ ਗੁਰਮੁਖਿ ਗੁਣ ਗਾਵੈ ਸੋਭਾ ਪਾਈ॥ ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ॥” – ਗੁਰਮੁਖਿ (ਗੁਣਾਂ ਨੂੰ ਮੁਖ ਰੱਖਿਆਂ) ਨਾਮ ਦੁਆਰਾ ਵਡਿਆਈ ਮਿਲਣੀ ਹੈ। ਗੁਣ ਗਾਉਣਾ ਕੀ ਹੈ ਸਮਝਣ ਲਈ ਵੇਖੋ “ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ”।

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥

ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ॥

ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ॥ ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ॥੨॥

ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ॥ ਹਰਿ ਜੀਉ ਦਾਤਾ ਭਗਤਿ ਵਛਲੁ ਹੈ ਕਰਿ ਕਿਰਪਾ ਮੰਨਿ ਵਸਾਈ॥ ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ॥

ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ॥ ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ॥ ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ॥੩॥

ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ॥ ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ॥” – ਗੁਰਮਤਿ ਰਾਹੀਂ ਆਪ ਪਛਾਨਣਾ ਸੀ ਸਮਝਣਾ ਸੀ ਕੇ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ । ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥”। ਇਹ ਗਿਆਨ ਹੋਣ ਤੇ ਜੀਵ ਨੇ ਗੁਣਾ ਵਿੱਚ ਰਮ ਜਾਣਾ। ਅੰਦਰ ਹੀ ਰਾਮ ਨੂੰ ਪਛਾਨਣਾ ਰਾਮ ਦਾ ਨਾਮ (ਗਿਆਨ) ਪ੍ਰਾਪਤ ਕੀਤਿਆਂ। ਗੁਰਮਤਿ ਵਿੱਚ ਆਏ ਰਾਮ ਬਾਰੇ ਸਮਝਣ ਲਈ ਪੜ੍ਹੋ “ਗੁਰਮਤਿ ਵਿੱਚ ਰਾਮ

ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥ ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ॥” – ਗੁਰਮਤਿ ਸੱਚ ਕੇਵਲ ਅਕਾਲ ਨੂੰ ਮੰਨਦੀ, ਜੋਤ ਨੂੰ ਸੱਚ ਮੰਨਦੀ ਹੈ। ਤੇ ਸਚਿਆਰੇ ਨੂੰ ਸੱਚ ਦੇ ਖੋਜੀ ਨੂੰ ਹੀ ਨਾਮ ਪ੍ਰਾਪਤੀ ਤੇ ਨਾਮ (ਸੋਝੀ) ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਜੋ ਵੈਰ ਵਿਰੋਧ ਗਵਾ ਦੇਵੇ। ਗੁਰਮਤਿ ਵਿੱਚ ਹਰਿ ਕੀ ਹੈ ਸਮਝਣ ਲਈ ਵੇਖੋ “ਹਰਿ”।

ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ॥ ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ॥” – ਜਿਹੜੇ ਅਹੰਕਾਰ ਵਿੱਚ ਰਹਿੰਦੇ ਹਨ। ਮਨ ਦੀਆਂ ਇੱਛਾਵਾਂ, ਦੁਨਿਆਵੀ ਪਦਾਰਥਾਂ ਦੀਆਂ ਅਰਦਾਸਾਂ ਕਰਦੇ ਹਨ। ਮਨ ਨੂੰ ਮੁਖ ਰੱਖ ਕੇ ਚਲਦੇ ਹਨ ਉਹਨਾਂ ਨੂੰ ਮਿਰਤਕ ਮੰਨਦੀ ਹੈ “ਸਤਿਗੁਰੁ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ॥ ਲਖ ਚਉਰਾਸੀਹ ਫੇਰੁ ਪਇਆ ਮਰਿ ਜੰਮੈ ਹੋਇ ਖੁਆਰੁ॥”। ਹਰਿ ਆਪਣੇ ਭਗਤ ਨੂੰ ਵਡਿਆਈ ਬਖਸ਼ਦਾ ਹੈ। ਨਾਮ (ਸੋਝੀ) ਬਖਸ਼ਦਾ ਹੈ, ਪਾਤਿਸ਼ਾਹੀ ਬਖਸ਼ਦਾ ਹੈ। ਪਾਤਿ ਦਾ ਅਰਥ ਹੁੰਦਾ ਹੈ ਰਾਹ, ਪਾਤਿਸ਼ਾਹ ਉਹ ਹੈ ਜਿਸਨੂੰ ਦਰਗਾਹ ਦਾ ਰਾਹ ਪਤਾ ਹੈ, ਮੁਕਤੀ ਦਾ ਦਰ ਪਤਾ ਹੈ। ਬਾਦਿਸ਼ਾਹ ਦਾ ਅਰਥ ਹੁੰਦਾ ਹੈ ਬਦਿ (ਵਾਦ ਵਿਵਾਦ) ਦਾ ਸ਼ਾਹ। ਹਰਿ ਦੇ ਭਗਤ ਨੂੰ ਵਡਿਆਈ ਮਿਲਦੀ ਹੈ ਕਿਉਂਕੇ ਉਹ ਸੰਸਾਰੀ ਪਦਾਰਥਾਂ ਦੀ ਥਾਂ ਅਧਿਆਤਮਿਕ ਗਿਆਨ ਤੇ ਨਾਮ (ਸੋਝੀ) ਵਲ ਧਿਆਨ ਕਰਦੇ ਹਨ ਤੇ ਗੁਰਮਤਿ ਦਾ ਫੁਰਮਾਨ ਹੈ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ॥”।

ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ॥ ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ॥ ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ॥ ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ॥“ – ਜੋ ਹੁਕਮ ਵਿੱਚ ਰਹੇ, ਭਾਣੇ ਨੂੰ ਮੰਨੇ, ਨਾਮ (ਸੋਝੀ) ਪ੍ਰਾਪਤ ਕਰੇ ਉਸਦੇ ਬਾਰੇ ਗਲ ਹੋ ਰਹੀ ਹੈ। ਗੁਰਬਾਣੀ ਆਖਦੀ “ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ॥ ਸਤਿਗੁਰ ਕੈ ਭਾਣੈ ਜੋ ਚਲੈ ਵਿਚਿ ਬੋਹਿਥ ਬੈਠਾ ਆਇ॥ ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ॥

ਜੀਵਣੁ ਮਰਣਾ ਸਭੁ ਤੁਧੈ ਤਾਈ॥ ਜਿਸੁ ਬਖਸੇ ਤਿਸੁ ਦੇ ਵਡਿਆਈ॥ ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ॥

ਜੋ ਰੰਗਿ ਰਾਤੇ ਕਰਮ ਬਿਧਾਤੇ॥ ਗੁਰ ਸੇਵਾ ਤੇ ਜੁਗ ਚਾਰੇ ਜਾਤੇ॥ ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ॥੩॥

ਸਤਿਗੁਰੁ ਦਾਤਾ ਮਿਲੈ ਮਿਲਾਇਆ॥ ਪੂਰੈ ਭਾਗਿ ਮਨਿ ਸਬਦੁ ਵਸਾਇਆ॥ ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ॥

ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ॥” – ਸੱਚ ਦੀ ਸੇਵਾ ਕੀ ਹੈ? ਗੁਰਬਾਣੀ ਆਖਦੀ “ਗੁਰ ਕੀ ਸੇਵਾ ਸਬਦੁ ਵੀਚਾਰੁ॥ਹਉਮੈ ਮਾਰੇ ਕਰਣੀ ਸਾਰੁ॥

ਸਚਾ ਸਾਹਿਬੁ ਮੈ ਅਤਿ ਪਿਆਰਾ॥ ਪੂਰੇ ਗੁਰ ਕੈ ਸਬਦਿ ਅਧਾਰਾ॥ ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ॥

ਗੁਰਮੁਖਿ ਆਪੇ ਕਰੇ ਕਰਾਏ॥ ਗੁਰਮੁਖਿ ਹਿਰਦੈ ਵੁਠਾ ਆਪਿ ਆਏ॥ ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ॥

ਜਾ ਤਿਸੁ ਭਾਵੈ ਤਾ ਆਪਿ ਮਿਲਾਏ॥ ਗੁਰਸਬਦੀ ਸਹਸਾ ਦੂਖੁ ਚੁਕਾਏ॥ ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ॥

ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ॥ ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ॥

ਇਹ ਕੁਝ ਪੰਕਤੀਆਂ ਆਪਾਂ ਵਿਚਾਰੀਆਂ ਨੇ। ਗੁਰਬਾਣੀ ਵਿੱਚ ਬਹੁਤ ਗਹਿਰਾਈ ਨਾਲ ਸਮਝਾਇਆ ਹੈ ਕੇ ਸੰਸਾਰੀ ਵਡਿਆਈ ਤੇ ਸ਼ੋਭਾ ਕਿਸੇ ਕੰਮ ਨਹੀਂ ਆਉਣੀ। ਜਿਹਨਾਂ ਨੂੰ ਗੁਰਮਤਿ ਤੋਂ ਕੁੱਝ ਸਿੱਖਣ ਦੀ ਇੱਛਾ ਹੈ ਉਹ ਗੁਰਮਤਿ ਵਿੱਚੋਂ ਗਿਆਨ ਦਾ ਅੰਮ੍ਰਿਤ ਛਕਣ। ਸੰਸਾਰੀ ਪਦਾਰਥ ਤਾਂ ਜੋ ਹੁਕਮ ਵਿੱਚ ਮਿਲਣੇ ਹਨ ਉਹ ਮਿਲ ਹੀ ਜਾਣੇ ਹਨ। ਗੁਰਮੁਖ ਨੂੰ ਤਾਂ ਆਦੇਸ਼ ਹੈ ਕੇ “ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥”। ਸਬਦ ਵਿਚਾਰ ਕਰਦੇ ਰਹੋ। ਨਾਮ (ਸੋਝੀ ਸਮਝਣ ਦਾ ਵਿਸ਼ਾ ਹੈ। ਸੰਸਾਰੀ ਵਡਿਆਈ ਦੀ ਆਸ ਛੱਡ ਕੇ ਕੇਵਲ ਗਿਆਨ ਵਲ ਧਿਆਨ ਰਹੇ। ਬਾਣੀ ਪੜ੍ਹ ਕੇ ਸਮਝਣ ਦਾ ਵਿਸ਼ਾ ਹੈ ਸਹਜ ਵਿੱਚ ਆਉਣ ਲਈ। ਅਸੀਂ ਗੁਰੂਆਂ ਤੋਂ ਕੀ ਸਿੱਖਿਆ ਉਹਨਾਂ ਇਤਨੀ ਬਾਣੀ ਦਰਜ ਕੀਤੀ ਹੈ ਆਪਣਾ ਨਾਮ ਨਹੀਂ ਵਰਤਿਆ। ਆਪਣੇ ਤੇ ਬਾਣੀ ਲਿਖਣ ਦਾ ਕੋਈ ਮਾਨ ਨਹੀਂ ਕੀਤਾ। ਕੁਝ ਕੀਰਤਿਨੀਏ ਮਾੜਾ ਜਿਹਾ ਗਾ ਲੈਂਦੇ ਨੇ ਤਾਂ ਕੀਰਤਨ ਕਰਨ ਲੱਗਿਆ ਰੌਲ ਨਾ ਮਿਲੇ ਲੜਨ ਲੱਗ ਜਾਂਦੇ ਹਨ ਜਾਂ ਨਾਰਾਜ਼ ਹੋ ਜਾਂਦੇ ਹਨ। ਮਾੜੇ ਜਹੇ ਪੈਸੇ ਸੋਨਾ ਜਾਂ ਰਸਦ ਚੜ੍ਹਾ ਕੇ ਅਰਦਾਸ ਵਿੱਚ ਨਾਮ ਬੋਲਣ ਨੂੰ ਅਰਦਾਸੀਏ ਨੂੰ ਆਖ ਦਿੰਦੇ ਹਾਂ, ਪੱਖਿਆਂ ਤੇ, ਦਿਵਾਰਾਂ ਤੇ, ਸੰਗਮਰਮਰ ਤੇ ਨਾਮ ਲਿਖਾ ਕੇ ਭੇਟਾਂ ਦੀ ਨੁਮਾਇਸ਼ ਕਰਦੇ ਨੇ। ਇਹ ਤਾਂ ਹੀ ਹੈ ਕੇ ਲੋਕ ਜਾਨਣ ਕਿਸਨੇ ਚੜ੍ਹਾਵਾ ਚੜ੍ਹਾਇਆ। ਇਸ ਨਾਲ ਨਾ ਸੰਸਾਰੀ ਵਡਿਆਈ ਹੈ ਤੇ ਨਾ ਹੀ ਅਧਿਆਤਮਿਕ।

Resize text