ਅਨੰਦ, ਦੁਖ ਅਤੇ ਸੁੱਖ
ਅਨੰਦ ਕੀ ਹੈ? ਕਿਵੇਂ ਮਿਲੇ? ਸਿੱਖਾਂ ਵਿੱਚ ਅਨੰਦ ਬਾਣੀ ਪੜ੍ਹੀ ਜਾਂਦੀ ਹੈ ਜਿਸ ਵਿੱਚ ੪੦ ਪੌੜ੍ਹੀਆਂ ਹਨ, ਕਿਸੇ ਪ੍ਰੋਗਰਾਮ ਦੀ ਸਮਾਪਤੀ ਸਮੇ ੬ ਪੌੜੀਆਂ, ਪਹਲੀ ੫ ਤੇ ਅਖੀਰਲੀ ਪੌੜੀ ਪੜ੍ਹ ਕੇ ਸਮਾਪਤੀ ਕੀਤੀ ਜਾਂਦੀ ਹੈ ਪਰ ਕੇਵਲ ਅਨੰਦ ਬਾਣੀ ਪੜ੍ਹ ਹਾਂ ਸੁਣ ਕੇ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ? ਜਾਂ ਪਾਤਿਸ਼ਾਹ ਇਸ ਬਾਣੀ ਵਿੱਚ ਸਮਝਾ ਰਹੇ ਨੇ ਕੇ ਅਨੰਦ ਕਿਵੇਂ ਪ੍ਰਾਪਤ ਹੋਣਾ? ਜੇ ਕੇਵਲ ਇਹ ਪੜ੍ਹ ਕੇ ਅਨੰਦ ਪ੍ਰਾਪਤ ਹੋ ਜਾਂਦਾ ਹੈ ਤਾਂ ਫੇਰ ਸਿੱਖਾਂ ਵਿੱਚ ਦੁਬਿਧਾ, ਪਰੇਸ਼ਾਨੀ, ਦੁਖ ਹੋਣਾ ਹੀ ਨਹੀਂ ਸੀ। ਬਹੁਤ ਸਾਰੇ ਜੀਵ ਬਾਣੀ ਨੂੰ ਪੜ੍ਹ ਸੁਣ ਤਾਂ ਰਹੇ ਨੇ ਪਰ ਵਿਚਾਰ ਨਹੀਂ ਕਰ ਰਹੇ। ਬਿਨਾਂ ਵਿਚਾਰ, ਬਿਨਾਂ ਸਮਝੇ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ।
ਅਨੰਦ ਪ੍ਰਾਪਤ ਕਿਵੇਂ ਹੋਣਾ? ਗੁਰਬਾਣੀ ਦਾ ਫੁਰਮਾਨ ਹੈ “ਸਹਜ ਸੂਖ ਆਨੰਦ ਨਿਧਾਨ॥ ਰਾਖਨਹਾਰ ਰਖਿ ਲੇਇ ਨਿਦਾਨ॥ ਦੂਖ ਦਰਦ ਬਿਨਸੇ ਭੈ ਭਰਮ॥ ਆਵਣ ਜਾਣ ਰਖੇ ਕਰਿ ਕਰਮ॥੨॥”, ਜੀਵ ਦੇ ਮਨ ਤੇ ਚਾਰ ਭਾਰ ਹਨ “ਹਉਮੈ ਮੋਹ ਭਰਮ ਭੈ ਭਾਰ॥”, ਵਿਕਾਰਾਂ ਕਾਰਣ ਹੀ ਦੁੱਖ ਦੀ ਅਵਸਥਾ, ਚਿੰਤਾ ਦਾ ਰੋਗ ਬਣਦਾ ਹੈ। ਆਨੰਦ ਦੀ ਪ੍ਰਾਪਤੀ ਦਾ ਮਾਰਗ ਸਹਜ ਦੱਸਿਆ ਹੈ ਬਾਣੀ ਵਿੱਚ “ਮੇਰੈ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰਦੇ ਨਾਲਿ ਦਿਖਾਇਆ॥ ਸਹਜ ਅਨੰਦੁ ਭਇਆ ਮਨਿ ਮੋਰੈ ਗੁਰ ਆਗੈ ਆਪੁ ਵੇਚਾਇਆ॥੩॥” ਅਤੇ “ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥” – ਅਰਥ ਅਨੰਦ ਦੀ ਪ੍ਰਾਪਤੀ ਲਈ ਸਤਿਗੁਰੂ ਪ੍ਰਾਪਤ ਕਰਨਾ ਪਏਗਾ, ਸਤਿਗੁਰੁ ਦੀ ਪ੍ਰਾਪਤੀ ਸਹਜ ਮਿਲਣ ਤੇ ਹੋਣੀ। ਸਹਜ ਕੀ ਹੈ? ਸਤਿਗੁਰੂ ਕੌਣ ਹੈ? ਜੋ ਨਿਰਾਕਾਰ ਹੈ ਉਹ ਕਿਵੇਂ ਪ੍ਰਾਪਤ ਹੁੰਦਾ ਇਹ ਸਮਝਣਾ ਪਏਗਾ। ਗੁਰਬਾਣੀ ਵਿੱਚ ਕਬੀਰ ਜੀ ਦਾ ਫੁਰਮਾਨ ਦਰਜ ਹੈ “ਕਿਆ ਪੜੀਐ ਕਿਆ ਗੁਨੀਐ॥ ਕਿਆ ਬੇਦ ਪੁਰਾਨਾਂ ਸੁਨੀਐ॥ ਪੜੇ ਸੁਨੇ ਕਿਆ ਹੋਈ॥ ਜਉ ਸਹਜ ਨ ਮਿਲਿਓ ਸੋਈ॥੧॥” ਜਿਸਦਾ ਅਰਥ ਹੈ ਕੇ ਕੇਵਲ ਪੜ੍ਹਨ ਸੁਣਨ ਨਾਲ ਗਲ ਨਹੀਂ ਬਣਨੀ ਜੇ ਸਹਜ ਨਾ ਪ੍ਰਾਪਤ ਹੋਵੇ। ਇੱਕ ਇੱਕ ਕਰਕੇ ਵਿਚਾਰਦੇ ਹਾਂ ਕੇ ਦੁੱਖ, ਸਹਜ, ਸਤਿਗੁਰੂ ਤੇ ਅਨੰਦ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ।
ਦੁਖ
ਦੁੱਖ ਤਾਂ ਲਗਦਾ ਕਿਉਂਕੇ ਮਨ ਨੂੰ ਟਿਕਾ ਨਹੀਂ ਹੈ। “ਦੁਖੁ ਤਦੇ ਜਾ ਵਿਸਰਿ ਜਾਵੈ॥” – ਜੇ ੲਕ ਪਲ ਲਈ ਵੀ ਉਹ ਵਿਸਰ ਜਾਵੇ ਤਾਂ ਦੁੱਖ ਹੈ। ਮਨ ਮਾਇਆ ਮਗਰ ਭੱਜ ਰਹਿਆ ਹੈ। ਮਾਇਆ ਧਨ, ਪਦਾਰਥ, ਰਾਜ, ਰਿਸ਼ਤੇ, ਸੰਸਾਰ ਆਦੀ ਨਹੀਂ ਹਨ, ਮਾਇਆ ਹੈ ਮਨ ਦਾ ਇਹਨਾਂ ਪਿੱਛੇ ਭੱਜਣਾ, ਇਹਨਾਂ ਨਾਲ ਮੋਹ, ਇਹਨਾਂ ਵਲ ਖਿੱਚ। ਹਜਾਰਾਂ ਮਨ ਸੋਨਾ ਪਇਆ ਹੋਵੇ ਜਵਾਕ ਜਾ ਕਿਸੇ ਜੀਵ ਜਿਸਨੂੰ ਉਸਦੀ ਕੀਮਤ ਨਾ ਪਤਾ ਹੋਵੇ, ਸ਼ਾਇਦ ਉਹ ਉਸਨੂੰ ਹੱਥ ਵੀ ਨਾ ਲਾਉਣ। ਜਿਸਨੂੰ ਪਤਾ ਹੋਵੇ, ਉਸਦੇ ਮਨ ਵਿੱਚ ਚੋਰੀ ਜਾਂ ਪ੍ਰਾਪਤੀ ਦਾ ਵਿਚਾਰ ਜਾਂ ਇੱਛਾ ਪੈਦਾ ਹੋ ਜਾਣੀ। ਸੋ ਸਾਰੀ ਖੇਡ ਮਨ ਦੀ ਹੈ ਜਿਸਨੂੰ ਵਿਕਾਰ ਪ੍ਰਬਲ ਹੋਣ। ਬੁੱਧ ਦੁਹਾਗਣ ਹੋਈ ਪਈ ਹੈ, ਧਿਆਨ ਗਿਆਨ ਦੀ ਥਾਂ ਸੰਸਾਰੀ ਕੰਮਾਂ ਵੱਲ ਭੱਜਦੀ, ਅਗਿਆਨਤਾ ਵੱਲ ਭੱਜਦੀ ਇਸ ਲਈ ਵਿਕਾਰਾਂ ਮਗਰ ਭੱਜਦੀ ਬੁੱਧ ਨੂੰ ਦੁਹਾਗਣ ਕਹਿਆ ਹੈ ਕਿਉਂਕੇ ਘਟ ਵਿੱਚ ਬੈਠੇ ਹਰਿ/ਰਾਮ ਅਰਥ ਪਿਰ ਨੂੰ ਛੱਡ ਕੇ ਬੁੱਧ ਮਨ (ਅਗਿਆਨਤਾ) ਮਗਰ ਭੱਜਦੀ। ਨਾਨਕ ਪਾਤਿਸਾਹ ਇਹ ਸਮਝਾ ਰਹੇ ਨੇ “ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ॥ ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ॥ ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ॥੧॥” – ਦੋਹਾਗਣ ਹੈ ਬੁੱਧ ਜਿਸਨੂੰ ਪਿਰ (ਹਰਿ/ਰਾਮ) ਨਾਲ ਪ੍ਰੇਮ ਨਹੀਂ, ਜਿਹੜੀ ਮਨ ਮਗਰ ਮਨਮਤਿ ਕਰਦੀ ਭਟਕ ਰਹੀ ਹੈ। ਗਿਆਨ ਲੈਕੇ ਬੁੱਧ ਨੇ ਹੀ ਸੁਹਾਗਣ ਹੋਣਾ ਹੈ ਤਾ ਕੇ ਸੁੱਖ ਦੀ ਪ੍ਰਾਪਤੀ ਹੋਵੇ।
ਸੁੱਖ
“ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ॥”, ਹਰਿ ਦੀ ਸੇਵਾ ਹੈ ਸਬਦ ਵਿਚਾਰ। “ਮਨ ਰੇ ਦੂਜਾ ਭਾਉ ਚੁਕਾਇ॥ ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ॥”। ਗੁਰ (ਗੁਣਾਂ) ਦੀ ਸੇਵਾ ਤੇ ਹਰਿ ਦੀ ਸੋਝੀ ਪ੍ਰਾਪਤ ਹੁੰਦੀ ਹੈ “ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ॥” ਤੇ ਗੁਰ ਕੀ ਸੇਵਾ ਹੈ ਸਬਦ ਵੀਚਾਰ “ਗੁਰ ਕੀ ਸੇਵਾ ਸਬਦੁ ਵੀਚਾਰੁ॥ਹਉਮੈ ਮਾਰੇ ਕਰਣੀ ਸਾਰੁ॥”। ਗੁਰਬਾਣੀ ਦਾ ਫੁਰਮਾਨ ਹੈ ਕੇ ਜੇ ਸੁਖ ਲੋਚਦਾ ਹੈਂ ਤਾਂ ਰਾਮ ਦੀ ਸ਼ਰਣ ਲੈ “ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥”। ਰਾਮ ਦੀ ਸ਼ਰਣ ਲੈਣ ਲਈ ਰਾਮ ਕੌਣ ਹੈ ਪਤਾ ਹੋਣਾ ਚਾਹੀਦਾ। ਫੇਰ ਸ਼ਰਣ ਕੀ ਹੈ ਕਿਵੇਂ ਮਿਲਣੀ ਇਹ ਵੀ ਪਤਾ ਹੋਣਾ ਚਾਹੀਦਾ। ਇਹ ਰਾਮ ਦਸ਼ਰਥ ਪੁੱਤਰ ਨਹੀਂ ਬਲਕੀ ਉਹ ਰਾਮ ਹੈ ਜੋ ਘਟ ਘਟ ਵਿੱਚ ਵਸਦਾ ਹੈ। ਜੋ ਗਿਆਨ ਵਿੱਚ ਰਮਿਆ ਹੋਇਆ ਹੈ ਜੋ ਨਾਮ (ਸੋਝੀ) ਦੇ ਅੰਮ੍ਰਿਤ ਨਾਲ ਹਰਿਆ ਹੋਇਆ ਹੈ। ਰਾਮ ਬਾਰੇ ਹੋਰ ਜਾਨਣ ਲਈ ਵੇਖੋ “ਗੁਰਮਤਿ ਵਿੱਚ ਰਾਮ”। ਹਰਿ ਬਾਰੇ ਗੁਰਬਾਣੀ ਵਿੱਚ ਸਮਝਾਇਆ ਹੈ, ਹਰਿ ਕੌਣ ਹੈ, ਕਿੱਥੇ ਵੱਸਦਾ ਹੈ ਪ੍ਰਾਪਤ ਕਿਵੇਂ ਹੁੰਦਾ ਹੈ। ਇਸ ਬਾਰੇ ਵਿਚਾਰ ਸਾਂਝੇ ਕੀਤੇ ਗਏ ਨੇ ਵੇਖੋ “ਹਰਿ”।
ਸੁੱਖ ਲੱਭਦਿਆ ਕਈ ਸੋਚਦੇ ਹਨ ਕੇ ਧਨ, ਰਾਜ ਆਦੀ ਨਾਲ ਸੁੱਖ ਮਿਲ ਜਾਣਾ। ਜੇ ਆਪਣਾ ਰਾਜ ਹੋਊ ਤਾਂ ਦੁੱਖ ਨਹੀਂ ਹੋਣੇ। ਕਈ ਨਿਰਤ ਵੇਖਦੇ ਹਨ, ਨਾਟਕ ਵੇਖਦੇ ਹਨ, ਅੱਜ ਕਲ ਤਾਂ ਇਨਸਟਾਗ੍ਰਾਮ ਤੇ ਫੇਸਬੁਕ ਤੇ ਰੀਲਾਂ ਵੇਖਦੇ ਹਨ। ਇਹ ਦੋ ਚਾਰ ਮਿਨਟ ਦੀ ਖੁਸ਼ੀ ਹੋ ਸਕਦੀ ਹੈ ਪਰ ਸਦਾ ਰਹਣ ਵਾਲਾ ਸੁੱਖ ਨਹੀਂ ਹੈ। ਗੁਰਬਾਣੀ ਦਾ ਫੁਰਮਾਨ ਹੈ “ਸੁਖੁ ਨਾਹੀ ਬਹੁਤੈ ਧਨਿ ਖਾਟੇ॥ ਸੁਖੁ ਨਾਹੀ ਪੇਖੇ ਨਿਰਤਿ ਨਾਟੇ॥ ਸੁਖੁ ਨਾਹੀ ਬਹੁ ਦੇਸ ਕਮਾਏ॥ ਸਰਬ ਸੁਖਾ ਹਰਿ ਹਰਿ ਗੁਣ ਗਾਏ॥੧॥ ਸੂਖ ਸਹਜ ਆਨੰਦ ਲਹਹੁ॥ ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ॥੧॥ ਰਹਾਉ॥ ਬੰਧਨ ਮਾਤ ਪਿਤਾ ਸੁਤ ਬਨਿਤਾ॥ ਬੰਧਨ ਕਰਮ ਧਰਮ ਹਉ ਕਰਤਾ॥ ਬੰਧਨ ਕਾਟਨਹਾਰੁ ਮਨਿ ਵਸੈ॥ ਤਉ ਸੁਖੁ ਪਾਵੈ ਨਿਜ ਘਰਿ ਬਸੈ॥੨॥” – ਸਰਬ ਸੁਖਾ ਤਾਂ ਹਰਿ ਕੇ ਗਿਣ ਗਾਉਣ ਵਿੱਚ ਹੀ ਹੈ। ਗੁਣ ਗਾਉਣਾ ਮੂਹ ਤੋਂ ਗਾਉਣਾ ਨਹੀਂ ਹੈ ਸਾਰੀ ਸ੍ਰਿਸਟੀ ਪਰਮੇਸਰ ਦੇ ਗੁਣ ਗਾ ਰਹੀ ਹੈ ਹੁਕਮ ਮੰਨ ਕੇ। ਕੀਰਤਨ ਵਾਜੇ ਢੋਲਕੀ ਨਾਲ ਗਾਉਣਾ ਨਹੀਂ, ਗੁਣ ਗਾਉਣਾ ਦੀ ਗੁਰਮਤਿ ਪਰਿਭਾਸ਼ਾ ਕੀ ਹੈ ਸਮਝਣਾ ਪਏਗਾ। ਇਸ ਬਾਰੇ ਵਿਚਾਰ ਕੀਤੇ ਹਨ, ਵੇਖੋ “ਕੀਰਤਨੁ ਅਤੇ ਗੁਣ ਕਿਵੇ ਗਉਣੇ ਹਨ” ਚੇਤੇ ਰਹੇ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥”।
“ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ॥ ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ॥੧॥” – ਦੁਖ ਸੁਖ ਤਾਂ ਮਨ ਦੀ ਅਵਸਥਾ ਹੈ। ਜੇ ਗਿਆਨ ਹੋਵੇ ਤਾਂ ਦੁਖ ਕਦੇ ਨਹੀਂ ਲਗਦਾ।
“ਰਸਨਾ ਗੁਣ ਗੋਪਾਲ ਨਿਧਿ ਗਾਇਣ॥ ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ॥” – ਜਦੋਂ ਅੰਤਰ ਮਨ ਵਿੱਚ ਗੋਪਾਲ (ਪਾਲਣ ਵਾਲਾ ਪਰਮੇਸਰ) ਦਾ ਧਿਆਨ ਰਹੇ ਤਾਂ ਮਨ ਵਿੱਚ ਉੱਠਣ ਵਾਲੇ ਫੁਰਨੇ ਥਮ ਜਾਂਦੇ ਹਨ ਤੇ ਸਹਜ ਅਵਸਥਾ ਬਣ ਜਾਂਦੀ ਹੈ, ਸਬ ਹੁਕਮ ਵਿੱਚ ਹੋ ਰਹਿਆ ਜਾਪਦਾ ਹੈ ਤੇ ਮਨ ਵਿੱਚ ਸ਼ਾਤ ਅਵਸਥਾ ਕਾਰਣ ਸਾਰੇ ਦੁਖ ਪਲਾਇਣ ਕਰ ਜਾਂਦੇ ਹਨ ਖਤਮ ਹੋ ਜਾਂਦੇ ਹਨ। ਜਦੋਂ ਤਕ ਨਾਮ (ਸੋਝੀ) ਨਹੀਂ ਹੈ ਉਦੋਂ ਤਕ ਦੁੱਖ ਹੈ, ਜਦੋਂ ਤਕ ਹਉਮੇ ਹੈ ਉਦੋਂ ਤਕ ਨਾਮ ਨਹੀਂ ਮਿਲਦਾ ਕਿਉਂਕੇ “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ॥੧॥”
ਆਨੰਦ
ਗੁਰਬਾਣੀ ਦਾ ਫੁਰਮਾਨ ਹੈ ਕੇ ਆਨੰਦ ਦੀ ਅਵਸਥਾ ਬਹੁਤ ਉੱਚੀ ਅਵਸਥਾ ਹੈ। ਕੇਵਲ ਕਹਣ ਮਾਤਰ ਨਾਲ ਕੇ “ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥” ਨਾ ਤਾ ਸਤਗੁਰੂ ਮਿਲਦਾ ਨਾ ਅਨੰਦ ਮਿਲਦਾ। ਆਨੰਦ ਕਿਵੇਂ ਮਿਲਦਾ ਇਹ ਅਗਲੀ ਪੰਕਤੀ ਵਿੱਚ ਪਤਾ ਲਗਦਾ “ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥” – ਸਤਿਗੁਰੁ ਤਾਂ ਸਹਜ ਸੇਤੀ ਮਿਲਦਾ। ਸਹਜ ਕੀ ਹੈ ਕਿਵੇਂ ਮਿਲਦਾ ਇਸਦੀ ਵਿਚਾਰ ਕੀਤੀ ਗਈ ਹੈ ਵੇਖੋ “ਸੁੰਨ ਸਮਾਧ ਅਤੇ ਸਹਜ ਸਮਾਧ” ਅਤੇ “ਅਖੰਡ ਅਤੇ ਸਹਜ”। ਸੰਖੇਪ ਵਿੱਚ ਜਦੋਂ ਗੁਰਮਤਿ ਗਿਆਨ ਦੇ ਚਾਨਣੇ ਨਾਲ ਮਨ ਨੂੰ ਹੁਕਮ ਦੀ ਸੋਝੀ ਹੋ ਜਾਵੇ, ਪਰਮੇਸਰ (ਸੱਚੇ) ਦੇ ਗੁਰ (ਗੁਣ) ਸਮਝ ਆ ਜਾਣ, ਧਾਰਣ ਹੋ ਜਾਣ, ਅਵਗੁਣ/ਵਿਕਾਰ ਨਾ ਰਹਣ ਉਸ ਅਵਸਥਾ ਨੂੰ ਪ੍ਰਾਪਤ ਕੀਤਿਆਂ ਸਦਾ ਰਹਣ ਵਾਲਾ ਆਨੰਦ ਪ੍ਰਾਪਤ ਹੋਣਾ। ਪੂਰੀ ਇਮਾਨਦਾਰੀ ਨਾਲ ਆਪਣੇ ਕੰਮ ਕੀਤਿਆਂ ਫਲ ਹੁਕਮ ਤੇ ਛੱਡਿਆਂ ਚਿੰਤਾ ਮੁੱਕ ਜਾਣੀ। ਜੀਵ ਦੇ ਘਟ ਤੋਂ ਭਾਰ ਲੱਥ ਜਾਣੇ। ਗੁਰਬਾਣੀ ਆਖਦੀ “ਕੋਊ ਨਰਕ ਕੋਊ ਸੁਰਗ ਬੰਛਾਵਤ॥ ਆਲ ਜਾਲ ਮਾਇਆ ਜੰਜਾਲ॥ ਹਉਮੈ ਮੋਹ ਭਰਮ ਭੈ ਭਾਰ॥ ਦੂਖ ਸੂਖ ਮਾਨ ਅਪਮਾਨ॥ ਅਨਿਕ ਪ੍ਰਕਾਰ ਕੀਓ ਬਖੵਾਨ॥ ਆਪਨ ਖੇਲੁ ਆਪਿ ਕਰਿ ਦੇਖੈ॥ ਖੇਲੁ ਸੰਕੋਚੈ ਤਉ ਨਾਨਕ ਏਕੈ॥੭॥” ਗਿਆਨ ਨਾਲ ਇਹ ਸਮਝ ਆ ਜਾਂਦਾ ਹੈ ਕੇ ਜੋ ਹੋਣਾ ਪਰਮੇਸਰ ਭਾਣੇ ਵਿੱਚ ਹੀ ਹੋਣਾ। ਇਸ ਗਲ ਦਾ ਹਰ ਵੇਲੇ ਚੇਤਾ ਰਹਿਣਾ ਧਿਆਨ ਰਹਿਣਾ ਹੀ ਧਿਆਉਣਾ ਹੈ। ਇਹ ਉਹ ਅਵਸਥਾ ਹੈ ਜਿਸ ਵਿੱਚ ਸੁਪਨੇ ਵਿੱਚ ਵੀ, ਖਿਆਲਾਂ ਵਿੱਚ ਵੀ ਵਿਕਾਰ ਨਹੀਂ ਪੈਦਾ ਹੁੰਦੇ। ਮਨ ਹਰ ਵੇਲੇ ਹਰਿ ਨਾਲ ਰਹਿੰਦਾ “ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ॥ ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ॥” ਫੇਰ ਦੁੱਖ ਵਿਸਰ ਜਾਂਦੇ ਹਨ। “ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ॥ ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ॥” – ਨਾਮ (ਸੋਝੀ) ਮਨ ਵਿੱਚ ਵੱਸ ਜਾਂਦਾ ਹੈ। ਨਾਮ ਕੀ ਹੈ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”
ਸੋ ਜੇ ਮਨੁੱਖ ਨੂੰ ਸਦਾ ਆਨੰਦ ਦੀ ਲੋੜ ਹੈ ਤਾਂ ਗੁਰਮਤਿ ਗਿਆਨ ਨੂੰ ਸਮਝ ਕੇ, ਸਬਦ ਨੂੰ ਸਮਝ ਕੇ, ਹੁਕਮ ਨੂੰ ਸਮਝ ਕੇ ਮਨ ਦਾ ਟਿਕਾ ਹੋਣਾ ਜ਼ਰੂਰੀ ਹੈ। ਸੁਖ, ਦੁਖ, ਮਾਨ, ਅਪਮਾਨ, ਨਫ਼ਾ, ਨੁਕਸਾਨ, ਮੁਕਤੀ, ਬੰਧਨ, ਰਾਜ, ਸਬ ਪਰਮੇਸਰ ਭਾਣੇ ਵਿੱਚ ਹੈ। ਹੁਕਮ ਮੰਨਣ ਨਾਲ, ਸਬ ਕੁਝ ਪਰਮੇਸਰ ਹੱਥ ਹੈ ਸਮਝ ਕੇ ਆਪਣੇ ਕੰਮ ਜੀਵ ਪੂਰੀ ਇਮਾਨਦਾਰੀ ਨਾਲ ਵਿਕਾਰਾਂ ਤੇ ਕਾਬੂ ਕਰ ਜੇ ਕਰੇ ਤਾਂ ਦੁੱਖ ਕਦੇ ਲਾਗੇ ਨਾ ਲੱਗਣ। ਦਾਸ ਨੂੰ ਹਮੇਸ਼ਾ ਮਾਲਿਕ ਤੇ ਪੂਰਣ ਭਰੋਸਾ ਹੁੰਦਾ ਹੈ। ਜੇ ਆਨੰਦ ਬਾਣੀ ਨੂੰ ਸਹਜ ਨਾਲ ਪ੍ਰੇਮ ਨਾਲ ਵਿਚਾਰ ਕੇ ਪੜ੍ਹੀਏ ਤਾਂ ਇਹ ਗਲ ਬਹੁਤ ਚੰਗੀ ਤਰਹ ਸਮਝ ਆ ਜਾਂਦੀ ਹੈ। ਗੁਰਮਤਿ ਤੋਂ ਨਾਮ (ਸੋਝੀ) ਪ੍ਰਾਪਤ ਕਰਨ ਦਾ ਸਹੀ ਡੰਗ ਹੈ ਗੁਰਬਾਣੀ ਦੀ ਵਿਚਾਰ। ਬਿਨਾਂ ਵਿਚਾਰ ਦੇ ਗਿਆਨ ਨਹੀਂ ਉਪਜਦਾ ਤੇ ਜੇ ਗੁਰਮਤਿ ਸੁਣ ਕੇ ਗਿਆਨ ਨਾ ਉਪਜੇ ਤਾਂ ਗਿਰਬਾਣੀ ਦਾ ਫੁਰਮਾਨ ਹੈ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥”। ਇਸ ਲਈ ਭਾਈ ਗੁਰਬਾਣੀ ਦੀ ਵਿਚਾਰ ਕਰੋ ਗੁਰਬਾਣੀ ਵਿੱਚ ਨਾਮ (ਸੋਝੀ) ਸਮਾਇਆ ਹੋਈਆ ਹੈ “ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥”। ਆਪ ਪੜ੍ਹੋ, ਬਾਣੀ ਦੇ ਅਰਥ ਬਾਣੀ ਵਿੱਚੋਂ ਹੀ ਖੋਜੋ। ਬਾਣੀ ਵਿੱਚ ਆਏ ਸ਼ਬਦਾਂ ਦੀ ਦੁਨਿਆਵੀ ਪਰਿਭਾਸ਼ਾ ਲਏ ਗਲ ਸਮਝ ਨਹੀਂ ਆ ਸਕਦੀ। ਗੁਰਬਾਣੀ ਵਿੱਚ ਆਏ ਸ਼ਬਦਾਂ ਦੇ ਗੁਰਮਤਿ ਅਰਥ ਗੁਰਬਾਣੀ ਵਿੱਚੋਂ ਹੀ ਲੱਭਣੇ।
ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ॥ – ਰਾਮ (ਗੁਣਾਂ ਵਿੱਚ ਰਮੇ ਹੋਏ ਦੀ) ਨਾਮ (ਸੋਝੀ) ਦੀ ਰਤਨ ਕੋਠੜੀ ਹੈ ਗੜ (ਘਟ/ਹਿਰਦਾ), ਇਹ ਹਰਿ ਦਾ ਮੰਦਰ ਵੀ ਦੱਸਿਆ ਹੈ ਗੁਰਮਤਿ ਨੇ। ਘਟ ਦੇ ਅੰਦਰ ਹੀ ਲਕੋ ਕੇ ਰੱਖੀਆ ਗਿਆ ਹੈ ਇੱਹ ਖਜਾਨਾ।
ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ॥੧॥ – ਸੱਚੇ ਦੇ ਗੁਣ ਮਿਲਣ ਤਾਂ ਖੋਜਿਆ ਜਾਣਾ ਇਹ ਖਜਾਨਾ। ਜਦੋਂ ਏਕਾ ਹੋ ਗਿਆ ਘਟ ਅੰਦਰਲੀ ਜੋਤ ਦਾ ਪਰਮੇਸਰ ਨਾਲ।
Additional content
ੴ ਸਤਿਗੁਰ ਪ੍ਰਸਾਦਿ॥ ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ॥ ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ॥੧॥ ਮਾਧੋ ਸਾਧੂ ਜਨ ਦੇਹੁ ਮਿਲਾਇ॥ ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ॥੧॥ ਰਹਾਉ॥ ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ॥ ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ॥੨॥ ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ॥ ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ॥੩॥ ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ॥ ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ॥੪॥੧॥੩॥
ਵਿਚਾਰ
“ਮਾਧੋ ਸਾਧੂ ਜਨ ਦੇਹੁ ਮਿਲਾਇ॥” – ਪ੍ਰਭ ਨੂੰ ਇਹੀ ਅਰਦਾਸ ਹੈ ਕੇ ਇਹ ਜੋਤ ਨਾਲ ਜੋਤ ਮਿਲ ਜਾਵੇ।
“ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ॥੧॥ ਰਹਾਉ॥” – ਇਹ ਉੱਚਾ ਦਰਜਾ ਹੈ ਜੋ ਨਿਰਾਕਾਰ ਦੇ ਦਰਸ਼ਨ ਅਰਥ ਗੁਣਾਂ ਨੂੰ ਸਮਝੇ, ਪ੍ਰਾਪਤ ਕਰਨ ਉਪਰੰਤ ਮਿਲਦਾ ਹੈ। ਇਸ ਨਾਲ ਪਾਪ ਪੁੰਨ ਦੀ ਸੋਚ ਖਤਮ ਹੋ ਕੇ ਹੁਕਮ ਦੀ ਸੋਝੀ ਹੁੰਦੀ ਹੈ। ਅਵਗੁਣਾਂ ਦੀ ਮੈਲ ਲੱਥ ਜਾਂਦੀ ਹੈ ਤੇ ਸੋਚ ਪਵਿੱਤਰ ਹੁੰਦੀ ਹੈ।
“ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ॥” – ਪਰ ਪੰਚ (ਉੱਤਮ) ਚੋਰਅਰਥ ਵਿਕਾਰਾਂ ਮਿਲ ਕੇ ਲੱਗੇ ਨੇ ਘਟ/ਨਗਰੀ ਵਿੱਚ ਤੇ ਰਾਮ ਦਾ ਨਾਮ (ਸੋਝੀ) ਮਨੁੱਖ ਤੋਂ ਹਿਰ ਲਈ ਹੈ।
“ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ॥੨॥” – ਗੁਰਮਤਿ ਦੁਆਰਾ, ਗੁਣਾਂ ਦੀ ਮਤਿ ਤੇ ਖੋਜ ਦੁਆਰਾ ਪੰਚ ਚੋਰ ਕਾਬੂ ਆਉਂਦੇ ਹਨ ਤਾਂ ਲੁਕਿਆ ਧਨ (ਗੁਣਾਂ ਦਾ ਖਜਾਨਾ) ਫੇਰ ਉਭਰਦਾ।
“ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ॥” – ਪਾਖੰਡ, ਭਰਮ, ਸਾਰੇ ਉਪਾਵ ਕਰ ਕੇ ਥਕ ਗਏ ਪਰ ਇਹ ਖਜਾਨਾ ਨਹੀਂ ਪ੍ਰਾਪਤ ਹੋਇਆ ਕਿਉਂਕੇ ਹਿਰਦੇ ਅੰਦਰ ਮਾਇਆ ਦਾ, ਸੰਸਾਰੀ ਪਦਾਰਥਾਂ ਦਾ ਲੋਭ ਭਰਿਆ ਪਿਆ।
“ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ॥੩॥” – ਸਾਧੂ (ਸਾਧਿਆ ਹੋਇਆ ਮਨ) ਪੁਰਖ (ਪ੍ਰਭ), ਬੁੱਧ ਦਾ ਪਿਰ (ਪਤਿ) ਪਾਇਆ ਜਦੋਂ ਅਗਿਆਨ ਦਾ ਹਨੇਰਾ ਘਟ ਵਿੱਚੋਂ ਨਾਮ (ਸੋਝੀ) ਨਾਲ ਪ੍ਰਕਾਸ਼ਮਾਨ ਹੋਇਆ।
“ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ॥” – ਜਗੰਨਾਥ (ਜਗਤ ਦਾ ਨਾਥ (ਮਾਲਿਕ), ਜਗਦੀਸ (ਜਗਤ ਦਾ ਈਸ਼ਵਰ), ਗੁਸਾਈ, ਜਦੋਂ ਕਿਰਪਾ ਕਰੇ ਤਾਂ ਸਾਧ (ਸਾਧਿਆ ਹੋਇਆ ਮਨ ਅਰਥ ਰਾਮ, ਹਰਿ) ਘਟ ਅੰਦਰ ਪ੍ਰਾਪਤ ਹੁੰਦਾ। ਇਸਦੇ ਹੁਕਮ ਵਿੱਚ ਹੀ ਉਹ ਪ੍ਰਾਪਤ ਹੁੰਦਾ ਕਿਉਂਕੇ ਸਬ ਹੁਕਮ ਵਿੱਚ ਹੀ ਹਨ ਹੁਕਮ ਤੋਂ ਬਾਹਰ ਨਹੀਂ। ਤੇ ਜੋਰ ਨਾ ਮੰਨਗਣ ਤੇ ਹੈ ਨਾ ਦੇਣ ਤੇ ਹੈ।
“ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ॥੪॥੧॥੩॥” – ਨਾਨਕ ਪਾਤਿਸ਼ਾਹ ਦੱਸ ਰਹੇ ਹਨ ਕੇ ਮਨ ਦੇ ਅੰਦਰ ਵਿਕਾਰਾਂ ਦੇ ਫੁਰਨੇ ਪ੍ਰਭ ਆਗਿਆ ਵਿੱਚ ਹੀ ਸ਼ਾਂਤ ਹੋਣੇ ਤਾਂ ਜੀਵ ਨੇ ਹਰਿ ਦੇ ਗੁਣ ਗਾਉਣੇ ਅਰਥ ਹੁਕਮ ਮੰਨਣਾ।