ਸੱਚਾ ਸੌਦਾ (ਸਚ ਵਾਪਾਰ)
ਗੁਰਬਾਣੀ ਨੇ ਸੱਚ ਦੀ ਪਰਿਭਾਸ਼ਾ ਦੱਸੀ ਹੈ ਜੋ ਕਦੇ ਬਿਨਸੇ ਨਹੀਂ, ਸਦਾ ਰਹਣ ਵਾਲਾ ਤੇ ਜਗ ਰਚਨਾ ਨੂੰ ਝੂਠ ਦੱਸਿਆ ਹੈ ਗੁਰਮਤਿ ਨੇ। ਫੇਰ ਸਾਧਾਂ ਨੂੰ ਭੋਜਨ ਛਕਾਉਣਾ ਸੱਚਾ ਸੌਦਾ ਕਿਵੇਂ ਹੈ? ਭੁੱਖੇ ਨੂੰ ਭੋਜਨ ਛਕਾਉਣਾ ਸਮਾਜਿਕ ਕਰਮ ਹੋ ਸਕਦਾ ਹੈ ਤੇ ਇਨਸਾਨ ਦਾ ਮੂਲ ਫ਼ਰਜ਼ ਹੈ। ਪਰ ਸਚ ਦਾ ਵਾਪਾਰੀ ਤਾਂ ਸੱਚ ਦਾ ਹੀ ਵਪਾਰ ਕਰੇਗਾ। ਨਾਨਕ ਪਾਤਿਸ਼ਾਹ ਨੇ ਨਾ ਕੇਵਲ ਸਾਧਾਂ ਨੂੰ, ਸਿੱਧ ਕਹਾਉਣ ਵਾਲਿਆਂ ਨੂੰ ਗਿਆਨ ਦਾ ਭੋਜਨ ਛਕਾਇਆ ਬਲਕੇ ਗੁਰਮਤਿ ਰਾਹੀਂ ਸੰਸਾਰ ਨੂੰ ਇਹ ਨਾਮ (ਗਿਆਨ/ਸੋਝੀ) ਦਾ ਭੋਜਨ ਬਖਸ਼ਿਆ ਹੈ। ਦਾਲ ਪਰਸਾਦਾ ਤਾਂ ਭਾਵੇਂ ਮੁੱਕ ਵੀ ਜਾਵੇ ਪਰ ਗੁਰਮਤਿ ਗਿਆਨ ਦਾ ਭੋਜਨ ਅਤੁੱਟ ਹੈ “ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ॥”। ਨਾਨਕ ਪਾਤਿਸ਼ਾਹ ਨੇ ਸੱਚਾ ਭੋਜਨ ਦੱਸਿਆ ਹੈ, ਰਾਗੁ ਮਾਝ ਵਿੱਚ ਆਖਦੇ “ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ॥ ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ॥ ਢਾਢੀ ਕਰੇ ਪਸਾਉ ਸਬਦੁ ਵਜਾਇਆ॥ ਨਾਨਕ ਸਚੁ ਸਾਲਾਹਿ ਪੂਰਾ ਪਾਇਆ॥” ਅਤੇ ਰਾਗੁ ਗਉੜੀ ਵਿੱਚ ਆਖਦੇ ਹਨ “ਭੋਜਨੁ ਨਾਮੁ ਨਿਰੰਜਨ ਸਾਰੁ॥”। ਹੋਰ ਵੀ ਉਦਾਹਰਣ ਹਨ
“ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ॥ ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ॥੨॥”।
”ਨਾਮੁ ਜਪੈ ਭਉ ਭੋਜਨੁ ਖਾਇ॥”
”ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ॥”
”ਸਾਚਾ ਹਰਖੁ ਨਾਹੀ ਤਿਸੁ ਸੋਗੁ॥ ਅੰਮ੍ਰਿਤੁ ਗਿਆਨੁ ਮਹਾ ਰਸੁ ਭੋਗੁ॥ ਪੰਚ ਸਮਾਈ ਸੁਖੀ ਸਭੁ ਲੋਗੁ॥੩॥”
”ਭੋਜਨ ਗਿਆਨੁ ਮਹਾ ਰਸੁ ਮੀਠਾ॥ ਜਿਨਿ ਚਾਖਿਆ ਤਿਨਿ ਦਰਸਨੁ ਡੀਠਾ॥ ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ॥੧੬॥”
”ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ॥ ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ॥ ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ॥੧॥”
”ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥”
ਨਾਮ ਦਾ ਅਰਥ ਹੈ ਗਿਆਨ ਤੋਂ ਪ੍ਰਾਪਤ ਸੋਝੀ। ਬੁੱਧ ਦਾ ਭੋਜਨ ਗਿਆਨ ਹੈ,ਜਿਵੇਂ ਸਰੀਰ ਦਾ ਭੋਜਨ ਪਰਸਾਦਾ ਪਾਣੀ। ਗਿਆਨ ਮਨ ਨੂੰ ਬੰਨ ਕੇ ਰੱਖਦਾ, ਵਿਕਾਰੱਾ ਵੱਲ ਨਹੀਂ ਜਾਣ ਦਿੰਦਾ “ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥”। ਨਾਮ ਬਾਰੇ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”। ਸਾਡਾ ਨਾਮ (ਸੋਝੀ),ਵੱਲ ਧਿਆਨ ਨਹੀਂ ਹੈ। ਝੂਠੀਆਂ ਸਾਖੀਆਂ ਸੁਣ ਦੱਸ ਕੇ, ਲੋਕਾਂ ਨੂੰ ਭਾਵੁਕ ਕਰਕੇ ਘਰੇ ਤੁਰ ਪੈਂਦਾ ਹਾਂ। ਗੁਰਬਾਣੀ ਦਾ ਫੁਰਮਾਨ ਹੈ “ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥ਨਾਨਕ ਗੁਰਮਤਿ ਸਾਚਿ ਸਮਾਵਹੁ॥” – ਗੁਰ ਨੇ ਕੀ ਕੀਤਾ ਦੀ ਥਾਂ ਗੁਰ ਨੇ ਕੀ ਸਮਝਾਇਆ ਵਲ ਧਿਆਨ ਦੇਣਾ ਔਖਾ ਹੈ ਤਾਂ ਹੀ ਲੋਕਾਂ ਨੂੰ ਮੂਰਖ ਬਣਾਉਣਾ ਸੌਖਾ ਹੈ ਧਰਮ ਦੇ ਵਾਪਾਰੀਆਂ ਲਈ। ਕਬੀਰ ਜੀ ਨੇ ਆਖਿਆ “ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ॥ ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ॥ ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ॥” – ਜੋ ਬਸਤ (ਬਸਤੂ) (ਨਾਮ/ਸੋਝੀ/ਗਿਆਨ) ਕਭੀਰ ਜੀ ਮਹਾਰਾਜ ਨੂੰ ਗੁਰ ਨੇ ਬਖਸ਼ੀ ਹੈ ਉਹ ਸੰਸਾਰ ਨੂੰ ਉਹਨਾਂ ਅੱਗੇ ਦਿੱਤੀ ਹੈ ਪਰ ਲੈਣੀ ਉਹਨੇ ਹੀ ਹੈ ਜਿਸ ਦੇ ਭਾਗ ਹੋਣ ਨਹੀਂ ਤਾਂ ਮੰਗਣ ਤੇ ਦੇਣ ਤੇ ਜੀਵ ਦਾ ਆਪਣਾ ਜੋਰ ਨਹੀਂ ਹੈ “ਜੋਰੁ ਨ ਮੰਗਣਿ ਦੇਣਿ ਨ ਜੋਰੁ॥”
ਗੁਰਬਾਣੀ ਨੇ ਸੱਚਾ ਸੌਦਾ ਅਰਥ ਸਚ ਵਾਪਾਰ ਵੀ ਸਮਝਾਇਆ ਹੈ।
”ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ॥ ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ॥ ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ॥ ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ॥ ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ॥ ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ॥”
”ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ॥ ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ॥ ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ॥ ਖੰਡਿਤ ਨਿਦ੍ਰਾ ਅਲਪ ਅਹਾਰੰ ਨਾਨਕ ਤਤੁ ਬੀਚਾਰੋ॥”
”ਸਚਾ ਵਖਰੁ ਨਾਮੁ ਹੈ ਸਚਾ ਵਾਪਾਰਾ॥ ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ॥ ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ॥੫॥”
”ਪ੍ਰੇਮ ਪਦਾਰਥੁ ਲਹੈ ਅਮੋਲੋ॥ ਕਬ ਹੀ ਨ ਘਾਟਸਿ ਪੂਰਾ ਤੋਲੋ॥ ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ॥੮॥”
”ਕੰਚਨ ਸਿਉ ਪਾਈਐ ਨਹੀ ਤੋਲਿ॥ ਮਨੁ ਦੇ ਰਾਮੁ ਲੀਆ ਹੈ ਮੋਲਿ॥੧॥” – ਉਸਦਾ ਮੋਲ ਕੰਚਨ (ਸੋਨੇ) ਨਾਲ ਤੋਲ ਕੇ ਨਹੀਂ ਪੈਂਦਾ। ਮਨੁ ਦੇਕੇ ਰਾਮੁ ਲੈਣਾ ਪੈਂਦਾ ਹੈ।
ਇਹ ਹੈ ਸੱਚਾ ਵਾਪਾਰ ਸੱਚਾ ਸੌਦਾ ਜੋ ਨਾਨਕ ਪਾਤਿਸ਼ਾਹ ਨੇ ਕੀਤਾ। ਸੌਦਾ ਜਾਂ ਵਾਪਾਰ ਉਹ ਹੁੰਦਾ ਹੈ ਜਿਸ ਵਿੱਚ ਵੇਚਣ ਵਾਲੇ ਨੂੰ ਤੇ ਖਰੀਦਣ ਵਾਲੇ ਨੂੰ ਦੋਹਾਂ ਨੂੰ ਬਰਾਬਰ ਕੁਝ ਪ੍ਰਾਪਤ ਹੋਵੇ। ਸਾਨੂੰ ਆਪਣਾ ਮਨ ਗੁਰ ਨੂੰ ਕੀਮਤ ਦੇਣੀ ਪੈਂਦੀ ਹੈ ਨਾਮ (ਸੋਝੀ) ਪਰਾਪਤ ਕਰਨ ਲਈ। ਕੀ ਦੇਣਾ ਪੈਣਾ ਨਾਮ ਦੇ ਬਦਲੇ ਇਹ ਵੀ ਸਮਝਾਇਆ ਹੈ
”ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ॥”
”ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ॥ ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ॥੫॥”
”ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ॥ ਗੁਰ ਬਚਨੀ ਮਨੁ ਵੇਚਿਆ ਸਬਦਿ ਮਨੁ ਧੀਰਾ॥”
”ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ॥੨॥”
ਸੋ ਸੱਚਾ ਸੌਦਾ ਹੈ ਅਵਗੁਣ, ਮਨ, ਤਨ, ਵਿਕਾਰ, ਡਰ, ਸੰਸਾ (ਸ਼ੰਕਾ) ਗੁਰ ਨੂੰ ਦੇ ਕੇ ਬਦਲੇ ਵਿੱਚ ਨਾਮ (ਸੋਝੀ) ਲੈਣਾ। ਹੁਕਮ ਨੂੰ ਮੰਨ ਲੈਣਾ। ਆਸਾ ਮਨਸਾ ਗੁਰੂ ਨੂੰ ਦੇ ਕੇ ਬਦਲੇ ਵਿੱਚ ਸਹਜ, ਸੰਜਮ, ਧਰਮ (“ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥”) ਪ੍ਰਾਪਤ ਕਰਨਾ। ਸੰਸਾਰੀ ਪਦਾਰਥਾਂ ਦਾ ਸੌਦਾ ਕਰਨ ਵਾਲੇ ਗੁਰੂ ਨੂੰ ਸੰਸਾਰੀ ਪਦਾਰਥ ਭੇਂਟ ਕਰ ਸੰਸਾਰੀ ਪਦਾਰਥ ਹੀ ਮੰਗਦੇ ਹਨ। ਭਗਤ ਕੇਵਲ ਭਗਵੰਤ ਨਾਲ ਪ੍ਰੀਤ ਮੰਗਦੇ ਹਨ।
ਬਾਣੀ ਨੂੰ ਪੜ੍ਹੋ, ਵਿਚਾਰੋ, ਗੁਰਮਤਿ ਦੀ ਸੋਝੀ ਲਵੋ। ਸੱਚ ਦਾ ਵਾਪਾਰ ਕਰੋ। ਭਗਤਾਂ ਨੇ ਵੀ ਇਹੀ ਕੀਤਾ। ਸੰਸਾਰੀ ਪਦਾਰਥ ਤਾਂ ਉਸਨੇ ਵੈਸੇ ਹੀ ਦੇ ਦੇਣੇ ਨੇ ਜੇ ਉਸਦੀ ਰਜਾ ਹੋਈ।