ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਇਸਤ੍ਰੀ ਪੁਰਖ

ਗੁਰਬਾਣੀ ਵਿੱਚ ਪੁਰਸ਼ ਤੇ ਕੁੱਝ ਇਸਤ੍ਰੀ ਵਾਚਕ ਸ਼ਬਦ ਆਏ ਹਨ ਉਦਾਹਰਣ ਕੁਚੱਜੀ, ਸੁਚੱਜੀ, ਮੀਰਾ, ਰੰਡੀਆ, ਸੁਹਾਗਣ, ਦੁਹਾਗਣ, ਭੰਡ ਆਦੀ ਪਰ ਕੀ ਇਹ ਇਸਤ੍ਰੀ ਲਈ ਵਰਤੇ ਸ਼ਬਦ ਹਨ ਜਾਂ ਇਹਨਾਂ ਦਾ ਗੁਰਮਤਿ ਅਰਥ ਕੁਝ ਹੋਰ ਹੈ? ਜੋ ਮਨੁੱਖ ਸੰਸਾਰੀ ਮਾਇਆ ਵਲ ਧਿਆਨ ਕੇਂਦ੍ਰਿਤ ਰੱਖਦੇ ਹਨ ਉਹਨਾਂ ਨੂੰ ਇਹ ਸਾਰੀ ਗਲ ਸੰਸਾਰੀ ਲਗ ਸਕਦੀ ਹੈ ਪਰ ਜਿੰਨਾਂ ਨੂੰ ਇਹ ਪਤਾ ਹੈ ਕੇ ਗੁਰਮਤਿ ਬ੍ਰਹਮ ਦਾ ਗਿਆਨ ਹੈ ਤੇ ਬ੍ਰਹਮ ਜੀਵ ਦੇ ਘਟ/ਹਿਰਦੇ ਅੰਦਰ ਹੀ ਹੈ ਉਹਨਾਂ ਨੂੰ ਇਹ ਸਮਝ ਛੇਤੀ ਆਉਣਾ ਕੇ ਇਹ ਸਾਰੇ ਉਦਾਹਰਣ ਭਾਵੇਂ ਇਸਤ੍ਰੀ ਵਾਚਕ ਸ਼ਬਦ ਹੋਣ ਜਾਂ ਪੁਰਖ ਵਾਚਕ ਇਹ ਅੰਦਰੂਨੀ ਗੱਲਾਂ ਹਨ “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥੧॥”। ਕਈ ਸਵਾਲ ਹੋਰ ਵੀ ਉਠਦੇ ਰਹੇ ਹਨ ਸਿੱਖਾਂ ਵਿੱਚ ਜਿਵੇਂ ਗੁਰੂ ਜਾਂ ਪੰਜ ਪਿਆਰਿਆਂ ਵਿੱਚੋਂ ਕੋਈ ਵੀ ਇਸਤ੍ਰੀ ਕਿਉਂ ਨਹੀਂ ਹੈ? ਕਈ ਪ੍ਰਚਾਰਕ ਆਖਦੇ ਹਨ ਕੇ ਇਸਤ੍ਰੀ ਦੀ ਮੁਕਤੀ ਨਹੀਂ ਹੋਣੀ। ਕੋਈ ਆਖਦਾ ਕੇ ਇਸਤ੍ਰੀ ਕੋਲ ਦਸ ਦਰਵਾਜੇ ਪਹਿਲਾਂ ਹੀ ਹਨ ਇਸ ਕਾਰਣ ਇਸਤ੍ਰੀ ਦੀ ਮੁਕਤੀ ਨਹੀਂ ਹੈ। ਇਸਤ੍ਰੀ ਨੂੰ ਇੱਕ ਜਨਮ ਹੋਰ ਲੈਣਾ ਪੈਂਦਾ ਮੁਕਤੀ ਲਈ। ਜੇ ਇਸਤ੍ਰੀ ਨੂੰ ਮੁਕਤੀ ਚਾਹੀਦੀ ਤਾਂ ਪਤੀ ਦੀ ਸੇਵਾ ਕਰਨ ਨਾਲ ਮਿਲਣੀ। ਅੱਜ ਇਹਨਾਂ ਸਾਰਿਆਂ ਸਵਾਲਾਂ ਬਾਰੇ ਇਸ ਲੇਖ ਵਿੱਚ ਗੱਲ ਕਰਾਂਗੇ। ਕੀ ਗੁਰਮਤਿ ਵਿੱਚ ਕੋਈ ਫਰਕ ਹੈ ਇਸਤ੍ਰੀ ਪੁਰਖ ਵਿੱਚ? ਇਸਤ੍ਰੀ ਦੀ ਮੁਕਤੀ ਹੋ ਸਕਦੀ ਹੈ ਜਾ ਨਹੀਂ ਇਹ ਵਿਚਾਰਣ ਤੋਂ ਪਹਿਲਾਂ ਸਮਝਣਾ ਪਏਗਾ ਕੇ ਗੁਰਬਾਣੀ ਵਿੱਚ ਇਸਤ੍ਰੀ ਪੁਰਖ ਦਾ ਸੰਸਾਰੀ ਭੇਦ ਨਹੀਂ ਹੈ ਬਾਣੀ ਆਖਦੀ “ਪ੍ਰਭ ਭਾਵੈ ਮਾਨੁਖ ਗਤਿ ਪਾਵੈ॥ ਪ੍ਰਭ ਭਾਵੈ ਤਾ ਪਾਥਰ ਤਰਾਵੈ॥” ਤੇ ਫੇਰ ਜੇ ਇਹ ਕਹਾਂਗੇ ਕੇ ਇਸਤ੍ਰੀ ਦੀ ਮੁਕਤੀ ਨਹੀਂ ਹੈ ਤਾਂ ਸਾਬਿਤ ਕਰਨਾ ਪਏਗਾ ਕੇ ਇਸਤ੍ਰੀ ਮਾਨੁਖ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੀ ਤੇ ਪਾਥਰ ਤੋਂ ਵੀ ਥੱਲੇ ਹੈ। ਜਦੋਂ ਗੁਰਮਤਿ ਨੇ ਆਖ ਦਿੱਤਾ “ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥” “ਹਸਤ ਕੀਟ ਕੇ ਬੀਚ ਸਮਾਨਾ॥ਰਾਵ ਰੰਕ ਜਿਹ ਇਕ ਸਰ ਜਾਨਾ॥” ਸਾਰੀਆਂ ਸ਼੍ਰੇਣੀਆਂ ਦੇ ਜੀਵਾਂ ਵਿੱਚ ਸਮਾਨ ਜੋਤ ਹੈ। ਹਾਥੀ ਤੇ ਚੀਂਟੀ ਵਿੱਚ ਸਮਾਨ ਜੋਤ ਹੈ ਤਾਂ ਉਸਦੀ ਰਜਾ ਉਸਨੇ ਕਿਸ ਨੂੰ ਮੁਕਤ ਕਰਨਾ ਕਿਸ ਨੂੰ ਨਹੀਂ ਅਸੀਂ ਇਹ ਉਸਦਾ ਭਾਣਾ। “ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥੪॥” ਨਾਨਕ ਪਾਤਿਸ਼ਾਹ ਕਹ ਰਹੇ ਨੇ ਕੇ ਸੱਚਾ ਪਾਤਿਸ਼ਾਹ ਕੁੱਝ ਵੀ ਕਰਦਾ ਤਾਂ ਉਸਨੂੰ ਕਿਸੇ ਨਾਲ ਵਿਚਾਰ ਕਰਕੇ ਕਰਨ ਦੀ ਲੋੜ ਨਹੀਂ।

ਜਿੱਥੇ ਵੀ ਇਸਤ੍ਰੀ ਵਾਚਕ ਸ਼ਬਦਾਂ ਦੀ ਵਰਤੋ ਹੈ ਉਹ ਜੀਵ ਦੀ ਬੁੱਧ ਬਾਰੇ ਅਲੰਕਾਰ ਦੀ ਵਰਤੋ ਹੈ ਤੇ ਜੇ ਪੁਰਖ ਵਾਚਕ ਸ਼ਬਦ ਹੈ ਤਾਂ ਉਹ ਮਨ ਦੀ ਅਵਸਥਾ ਲਈ ਵਰਤੇ ਸ਼ਬਦ ਹਨ। ਇਹਨਾਂ ਦੇ ਉਦਾਹਰਣ ਆਪਾਂ ਵਿਚਾਰਾਂਗੇ ਇਸ ਲੇਖ ਵਿੱਚ। ਜੇ ਬੁੱਧ ਦਾ ਧਿਆਨ ਮਾਇਆ ਵਲ ਹੈ, ਵਿਕਾਰਾਂ ਵਿੱਚ ਫਸੀ ਹੈ, ਪਖੰਡ ਕਰ ਰਹੀ ਹੈ, ਬਾਹਰੀ ਭੋਜਨ ਦਾ ਬਿਬੇਕ ਕਰ ਰਹੀ ਹੈ ਬੁੱਧ ਬਿਬੇਕ ਦੀ ਥਾਂ, ਤਾਂ ਬੁੱਧ ਕੁਚੱਜੀ ਹੈ, ਇਸਨੂੰ ਜੀਵਨ ਜਾਂਚ ਜਾਂ ਚੱਜ ਨਹੀਂ ਹੈ। ਜੇ ਧਿਆਨ ਗੁਰਮਤਿ ਵਲ ਹੈ, ਗੁਣਾਂ ਵਲ ਹੈ, ਗੁਣ ਵਿਚਾਰ ਰਹੀ ਹੈ, ਸੱਚੇ ਨਾਲ ਪ੍ਰੇਮ ਹੈ ਤਾਂ ਸੁਚੱਜੀ ਹੈ। ਜੇ ਰਾਮ (ਗੁਰਮਤਿ ਗਿਆਨ ਵਿੱਚ ਰਮਿਆ ਹੋਇਆ ਮਨ) ਵਲ ਧਿਆਨ ਹੈ ਤਾਂ ਸੁਹਾਗਣ ਹੈ ਬੁੱਧ ਤੇ ਜੇ ਮਨ (ਅਗਿਆਨਤਾ) ਤੇ ਵਿਕਾਰਾਂ ਮਗਰ ਭੱਜਦੀ ਹੈ ਮਨਮਤਿ ਵੱਲ ਭੱਜਦੀ ਹੈ, ਦੂਜੀਆਂ ਮਤਾਂ ਜਿਹਨਾਂ ਕੋਲ ਨਾਮ (ਸੋਝੀ) ਨਹੀਂ ਹੈ, ਕੇਵਲ ਨੈਤਿਕਤਾ ਵਲ ਧਿਆਨ ਹੈ, ਪਾਪ ਪੁੰਨ, ਸੁਰਗ ਨਰਕ, ਮਾਸ ਖਾਣਾ ਨਾ ਖਾਣਾ ਦੀ ਵਿਚਾਰ ਵਿੱਚ ਫਸੀ ਹੈ ਤਾਂ ਬੁੱਧ ਦੁਹਾਗਣ ਹੈ। ਬੁੱਧ ਨੂੰ ਕਿਸੇ ਵੀ ਤਰਹ ਦੇ ਬਰਮ ਤੋਂ ਮੁਕਤ ਹੋਣਾ ਹੀ ਮੁਕਤੀ ਹੈ। ਜੇ ਬੁਧ ਕਦੇ ਕਿਸੇ ਪਖੰਡ ਵੱਲ, ਕਦੇ ਕਿਸੇ ਸੰਸਾਰੀ ਸੋਚ ਵਲ ਕਦੇ ਕਿਸੇ ਮਨੁੱਖ ਦੀ ਟੇਕ ਵਲ ਭੱਜਦੀ ਹੈ ਤਾਂ ਰਾਂਡ ਕਹਿਆ। ਗੁਰਬਾਣੀ ਤੋਂ ਉਦਾਹਰਣ ਲੈਂਦੇ ਹਾਂ।

ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ॥ ਸੋਭਾ ਸੁਰਤਿ ਸੁਹਾਵਣੀ ਸਾਚੈ ਪ੍ਰੇਮਿ ਅਪਾਰ॥ ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ॥੬॥” – ਨਾਰੀ (ਬੁੱਧ), ਅੰਦਰਿ (ਦੇਹੀ/ਘਟ ਅੰਦਰ ਹੀ) ਸੋਹਣੀ, ਮਸਤਕਿ (ਮਸਤਕ ਵਿੱਚ) ਹੀ ਮਣੀ ( ਮਨੌਤ, ਪ੍ਰਚਲਿਤ ਧਾਰਣਾਵਾਂ)। ਉਹੀ ਸੁਰਤ (ਧਿਆਨ) ਸੁਹਾਵਣੀ ਅਰਥ ਚੰਗੀ ਹੈ ਜਿਹੜੀ ਸਾਚੈ (ਸੱਚਾ ਕੌਣ ਰਾਮ, ਹਰਿ, ਪ੍ਰਭ, ਠਾਕੁਰ, ਅਕਾਲ) ਨਾਲ ਪ੍ਰੇਮ ਹੋਵੇ। ਬਿਨਾਂ ਪ੍ਰਭ ਦੇ ਹੋਰ ਕਿਸੇ ਨੂੰ ਨਾ ਜਾਣੇ, ਗੁਰ (ਗੁਣਾਂ) ਨਾਲ ਪ੍ਰੇਮ ਹੋਵੇ।

ਸਵਾਲ ਉਠਦੇ ਹਨ ਕੇ ਕੋਈ ਗੁਰੁ ਜਾਂ ਭਗਤ ਇਸਤ੍ਰੀ ਕਿਉਂ ਨਹੀਂ ਹੈ? ਜਾਂ ਪੰਜ ਪਿਆਰਿਆਂ ਵਿੱਚੋਂ ਕੋਈ ਇਸਤ੍ਰੀ ਕਿਉਂ ਨਹੀਂ ਹੈ। ਇਹ ਸਵਾਲ ਖਾਸ ਤੌਰ ਤੇ ਅੱਜ ਦੇ ਬੱਚੇ ਪੁੱਛਦੇ ਹਨ ਕਿਉਂ ਕੇ ਸਕੂਲ ਤੇ ਸਮਾਜ ਵਿੱਚ ਔਰਤ ਦੀ ਬਰਾਬਰੀ ਦਾ ਪਾਠ ਪੜ੍ਹਦੇ ਹਨ। ਸੌਖਾ ਜਵਾਬ ਹੈ ਕੇ ਇਹ ਹੁਕਮ ਹੈ, ਰੱਬ ਦੀ ਮਰਜ਼ੀ ਹੈ। ਪਰਮੇਸਰ ਦੀ ਖੇਡ ਭਾਣਾ ਹੈ ਕੇ ਕੋਈ ਇਸਤ੍ਰੀ ਭਗਤ ਜਾਂ ਗੁਰੂ ਕਿਉਂ ਨਹੀਂ ਹੈ। ਇਹ ਕਈ ਵਾਰ ਸਵਾਲੀ ਨੂੰ ਚੁੱਪ ਕਰਾ ਦਿੰਦੇ ਹਨ ਪਰ ਸ਼ੰਕਾ ਨਿਵਾਰਣ ਨਹੀਂ ਹੁੰਦਾ। ਦਿਲ ਵਿੱਚ ਕਿਤੇ ਨਾ ਕਿਤੇ ਇਹ ਸਵਾਲ ਬਣਿਆ ਹੀ ਰਹਿੰਦਾ। ਜੇ ਗਹਿਰਾਈ ਨਾਲ ਸੋਚੀਏ ਤਾਂ ਸਮਝ ਆਉਂਦਾ ਹੈ ਕੇ ਇਸਦੇ ਪਿੱਛੇ ਸਮਾਜਿਕ ਕਾਰਣ ਅਤੇ ਸਮਾਜਿਕ ਮਾਨਸਿਕਤਾ ਵੀ ਹੋ ਸਕਦੇ ਹਨ। ਕੁੱਝ ਸਮੇ ਪਹਿਲਾਂ ਤਕ ਇਸਤ੍ਰੀ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਸੀ। ਘਰੋਂ ਬਾਹਰ ਨਿਕਲਣ ਤੇ ਕਿਸੇ ਨਾਲ ਵਿਚਾਰ ਦੀ, ਸਵਾਲ ਜਵਾਬ ਦੀ ਇਜਾਜ਼ਤ ਨਹੀਂ ਸੀ। ਭ੍ਰੂਣ ਹੱਤਿਆ, ਅਜਨਮੀ ਧੀ ਨੂੰ ਵੀ ਮਾਰ ਦਿੱਤਾ ਜਾਂਦਾ ਸੀ, ਜਨਮ ਉਪਰੰਤ ਸ਼ੀਸ਼ਾ ਪੀਸ ਕੇ ਖਵਾ ਦਿੰਦੇ ਸੀ ਜਾਂ ਜੀਂਦੀ ਧੀ ਹੀ ਦਫਨ ਕਰ ਦਿੰਦੇ ਸੀ। ਜਿਸ ਸਮਾਜ ਵਿੱਚ ਔਰਤ ਨੂੰ ਜਾਨਵਰ ਤੋਂ ਘਟ ਦਰਜਾ ਦਿੱਤਾ ਜਾਂਦਾ ਰਹਿਆ ਹੋਵੇ ਉਸ ਸਮਾਜ ਨੂੰ ਇਹ ਸਵਾਲ ਪੁੱਛਣ ਦਾ ਹੱਕ ਨਹੀਂ ਹੈ ਕੇ ਇਸਤ੍ਰੀ ਗੁਰੂ ਕਿਉਂ ਨਹੀਂ ਬਣੀ। ਅੱਜ ਵੀ ਕਈ ਸਮਾਜਿਕ ਕੂਰੀਤੀਆਂ ਕਾਰਣ ਇਸਤ੍ਰੀ ਨੂੰ ਨੀਚਾ ਦਰਜਾ ਦਿੱਤਾ ਜਾਂਦਾ ਹੈ। ਘੁੰਡ ਕਰ ਕੇ ਰੱਖੋ, ਆਪਣੀ ਮਰਜ਼ੀ ਨਾਲ ਪੇਕੇ ਨਹੀਂ ਜਾਣਾ, ਨਿਆਣੇ ਜੰਮਣ ਦੀ ਮਸ਼ੀਨ ਤੋਂ ਜਿਆਦਾ ਦਰਜਾ ਅੱਜ ਵੀ ਘੱਟ ਹੀ ਹੈ। ਇਸਤਠੀ ਜਿਸ ਥਾਂ ਤੋਂ ਤਿੰਨ ਕਿੱਲੋ ਦਾ ਬੱਚਾ ਜੱਮ ਲੈਂਦੀ ਹੈ ਸਮਾਜ ਉਸਨੂੰ ਕਮਜੋਰ ਮੰਨਦਾ, ਤੇ ਮਰਦ ਦੇ ਜਿਸ ਥਾਂ ਸੱਟ ਲੱਗੇ ਮੌਤ ਵੀ ਹੋ ਸਕਦੀ ਹੈ ਸ਼ਕਤੀ ਦਾ ਪ੍ਰਤੀਕ ਮੰਨਦਾ ਇਹ ਮੱਕਾਰੀ ਨਹੀਂ ਹੈ ਤਾਂ ਕੀ ਹੈ।ਜਦੋਂ ਮਰਦ ਮਰ ਜਾਵੇ ਸਤੀ ਜੋਰ ਜਬਰ ਨਾਲ ਕੀਤਾ ਜਾਂਦਾ ਰਹਿਆ ਹੋਵੇ, ਜਦੋਂ ਕਿਸੇ ਨੂੰ ਗਿਆਨ ਲੈਣ ਦੀ ਹੀ ਇਜਾਜ਼ਤ ਨਾਂ ਹੋਵੇ, ਰਸੋਈ ਤੋਂ ਬਾਹਰ ਘਰ ਦੇ ਕੰਮ ਤੋਂ ਬਾਹਰ ਕਿਤੇ ਜਾਣ ਦੀ ਤੇ ਕੁਝ ਸੋਚਣ ਦੀ ਇਜਾਜ਼ਤ ਨਾ ਹੋਵੇ, ਤੇ ਕਿਸੇ ਨਾਲ ਗਲ ਕਰਨ ਦੀ ਇਜਾਜ਼ਤ ਨਾ ਹੋਵੇ ਤਾਂ ਸ੍ਵਭਾਵਿਕ ਹੈ ਕੇ ਜੇ ਕੋਈ ਜਾਗਤ ਅਵਸਥਾ ਵਾਲੀ ਇਸਤ੍ਰੀ ਹੋਈ ਵੀ ਹੋਵੇ ਤਾਂ ਉਜਾਗਰ ਨਾ ਹੋਈ ਹੋਵੇ। ਅਸੀਂ ਗੁਰੁ ਮਾਤਾ ਨੂੰ ਭੁੱਲ ਜਾਂਦੇ ਹਾਂ। ਆਪਣੇ ਪਤੀ, ਪੁੱਤਰ, ਪੋਤਰੇ ਵਾਰ ਦੇਣ ਵਾਲੀ ਇਸਤਢੀ ਕਮਜੋਰ ਨਹੀਂ ਹੋ ਸਕਦੀ। ਆਪ ਹੱਥੀਂ ਤਿਆਰ ਕਰਕੇ ਜੰਗ ਵਿੱਚ ਭੇਜਣ ਵਾਲੀ ਮਾਂ ਦਾਦੀ ਕਮਜੋਰ ਨਹੀਂ ਜਾਗਤ ਅਵਸਥਾ ਵਾਲੀ ਹੀ ਹੋ ਸਕਦੀ ਹੈ ਹੁਕਮ/ਭਾਣੇ ਨੂੰ ਕਬੂਲ ਕਰਨ ਵਾਲੀ ਸੁਚੱਜੀ ਮਤਿ ਵਾਲੀ ਮਾਂ। ਜਿਸ ਸਮਾਜ ਵਿੱਚ ਅੱਜ ਵੀ ਧਰਮ ਦੇ ਨਾਮ ਤੇ ਜਾਤ ਪਾਤ ਦੇ ਨਾਮ ਤੇ ਵੰਡ ਹੋਵੇ, ਬਾਟੇ ਗੁਰਦੁਆਰੇ ਵੱਖਰੇ ਹੋਣ ਉਸ ਸਮਾਜ ਤੋਂ ਔਰਤ ਦੀ ਬਰਾਬਰੀ ਦੀ ਆਸ ਬਿਨਾਂ ਸੋਝੀ ਦੇ ਨਹੀਂ ਰੱਖੀ ਜਾ ਸਕਦੀ। ਅਸੀਂ ਗੁਰੁ ਦਾ ਅਰਥ ਹੀ ਨਹੀਂ ਸਮਝੇ ਤੇ ਸਵਾਲ ਕਰਦੇ ਹਾਂ ਕੇ ਕੋਈ ਇਸਤ੍ਰੀ ਗੁਰੁ ਕਿਉਂ ਨਹੀਂ ਹੋਈ। ਗੁਰੁ ਪਰਚਾਰਕ ਹੈ ਗਿਆਨ ਦੀ ਜੋਤ, ਨਾਮ (ਸੋਝੀ) ਸਾਂਝਾ ਕਰਕੇ ਸਮਾਜ ਵਿੱਚ ਚਾਨਣਾ ਕਰਨ ਵਾਲਾ। ਇਸ ਦੇ ਬਾਵਜੂਦ ਇਸੀ ਸਮਾਜ ਵਿੱਚ ਗੁਰੁਆਂ ਦੀ ਸਹੀਦੀ ਵੀ ਹੋਈ ਤੇ ਅਨੇਕਾਂ ਜੰਗਾਂ ਲੜੀਆਂ ਗਈਆਂ ਇਸ ਗਿਆਨ ਦੀ ਰਾਖੀ ਲਈ। ਪੰਜ ਪਿਆਰੇ ਖਾਲਸੇ ਫੌਜ ਦੇ ਮੁਖੀ ਸਨ। ਸਿਰ ਭੇਂਟ ਕੀਤਾ ਸੀ ਉਹਨਾਂ ਨੇ ਆਪਣਾ ਜਿਸਦਾ ਭਾਵ ਹੈ ਆਪਣੀ ਮੈਂ ਛੱਡੀ ਤੇ ਗਿਆਨ ਗੁਰੁ ਨੂੰ ਗਿਆਨ ਨੂੰ ਸੰਪੂਰਨ ਸਮਰਪਿਤ ਹੋਏ। ਛੇਵੇਂ ਪਾਤਿਸ਼ਾਹ ਦੇ ਸਮੇਂ ਤੋਂ ਫੌਜਾਂ ਤਿਆਰਬਰ ਤਿਆਰ ਸੀ ਫੇਰ ਵੀ ਪੰਜ ਜਿਹੜੇ ਖੜੇ ਹੋਏ ਸਿਰ ਦੇਣ ਨੂੰ ਉਹ ਫੌਜ ਦੇ ਵਿੱਚੋੰ ਨਹੀਂ ਸਨ। ਸਿਰ ਦੇਣਾ ਕੋਈ ਆਮ ਗਲ ਨਹੀਂ ਹੈ ਪਰਵਾਹ ਨਹੀਂ ਕਰਨੀ ਕੇ ਜੇ ਸਿਰ ਗੁਰੁ ਨੂੰ ਦੇ ਦਿੱਤਾ ਪਿੱਛੇ ਪਰਿਵਾਰ ਦਾ ਕੀ ਬਣੂ। ਜੰਗ ਦੇ ਮੈਦਾਨ ਵਿੱਚ ਇਸਤ੍ਰੀਆਂ ਨਹੀਂ ਸ਼ਾਮਿਲ ਹੁੰਦੀਆਂ ਸੀ। ਭਾਵੇਂ ਤੁਰਕ ਔਰਤਾਂ ਤੇ ਬੱਚਿਆਂ ਨੂੰ ਚੁਕ ਕੇ ਲੈ ਜਾਂਦੇ ਸੀ, ਜੰਗ ਦੇ ਮੈਦਾਨ ਵਿੱਚ ਇਸਤ੍ਰੀ, ਬੱਚੇ ਜਾਂ ਬਜ਼ੁਰਗ ਨਾਲ ਲੜਨਾ ਸ਼ਾਨ ਦੇ ਖਿਲਾਫ ਮੰਨਦੇ ਸੀ। ਪਰਮੇਸਰ ਨੇ ਸਾਰੇ ਮਨੁਖਾਂ ਨੂੰ ਬੁੱਧ ਦੇ ਪੱਧਰ ਤੇ ਬਰਾਬਰ ਬਣਾਇਆ ਹੈ। ਇਸਤ੍ਰੀ ਨੂੰ ਜਵਾਕ ਪੈਦਾ ਕਰਕੇ ਮਮਤਾ ਨਾਲ ਪਾਲਣ ਪੋਸ਼ਣ ਦਾ ਫ਼ਰਜ਼ ਦਿੱਤਾ ਹੈ। ਇਸ ਵਿੱਚ ਅਦਲਾ ਬਦਲੀ ਨਹੀਂ ਹੋ ਸਕਦੀ। ਚਾਹ ਕੇ ਵੀ ਪੁਰਖ ਬੱਚਾ ਪੈਦਾ ਨਹੀਂ ਕਰ ਸਕਦਾ। ਪੁਰੁਸ਼ ਨੂੰ ਘਰ ਦੀ ਰਾਖੀ ਦਾ। ਅਸਲ ਵਿੱਚ ਔਰਤ ਹੀ ਦੁਅਮਨ ਵੀ ਹੈ , ਸੱਸ ਨੂੰ ਨੂਹ, ਨੂਹ ਨੂੰ ਸੱਸ ਪਸੰਦ ਨਹੀਂ ਹੁੰਦੀ। ਮਾਂ ਆਪ ਪੁੱਤਰ ਬੂੰ ਕਹ ਰਹੀ ਹੁੰਦੀ ਹੈ ਕੇ ਕੁੜੀਆਂ ਵਾਂਗ ਨਾ ਰੋਹ। ਬੱਚੇ ਨੂੰ ਬਚਪਨ ਵਿੱਚ ਹੀ ਸਿਖਾ ਦਿੱਤਾ ਜਾਂਦਾ ਹੈ ਕੇ ਔਰਤ ਕਮਜੋਰ ਹੈ ਤੇ ਉਸ ਨਾਲੋਂ ਘਟ ਹੈ। ਘਰ ਵਿੱਚ ਹੀ ਮਾਂ ਆਪਣੀ ਧੀ ਅਤੇ ਪੁੱਤ ਵਿੱਚ ਫਰਕ ਕਰਦੀ ਫੇਰ ਸਮਾਜ ਵਿੱਚ ਸੁਧਾਰ ਕਿੱਦਾਂ ਹੋ ਸਕਦਾ? ਜੀਵਨ ਵਿੱਚ ਇਸਤ੍ਰੀ ਪੁਰਖ ਦੋਹਾਂ ਨੂੰ ਬਰਾਬਰ ਦਾ ਦਰਜਾ ਸਮਾਜ ਵਿੱਚ ਨਹੀਂ ਹੈ ਪਰ ਕਿਸ ਨੂੰ ਮੁਕਤੀ ਦੇਣੀ, ਕਿਸ ਨੂੰ ਨਹੀਂ, ਕਿਸ ਨੂੰ ਜੰਗ ਦੇ ਮੈਦਾਨ ਵਿੱਚ ਖੜਨਾ ਪੈਣਾ ਇਹ ਪਰਮੇਸਰ ਦੀ ਰਜਾ ਵਿੱਚ ਹੈ। ਇਹ ਸੰਸਾਰੀ ਗਲ ਨਹੀਂ ਅਧਿਆਤਮਿਕ ਗਲ ਹੈ। ਜੇ ਕੋਈ ਇਹ ਕਹੇ ਕੇ ਔਰਤ ਦੀ ਮੁਕਤੀ ਨਹੀਂ ਤਾਂ ਇਸਦਾ ਭਾਵ ਇਹ ਹੈ ਕੇ ਜਾਂ ਤਾਂ ਉਸਨੂੰ ਹੁਕਮ, ਕਰਤੇ, ਗੁਰਮਤਿ ਦਾ ਪੂਰਾ ਗਿਆਨ ਨਹੀਂ ਜਾਂ ਉਹ ਬਿਮਾਰ ਮਾਨਸਿਕਤਾ ਦਾ ਮਾਲਿਕ ਹੈ ਜਿਸ ਨੂੰ ਔਰਤ ਮਰਦ ਤੋ ਘੱਟ ਨਜ਼ਰ ਆਂਦੀ ਹੈ। ਸਾਡੇ ਕੋਲ ਗੁਰ ਇਤਿਹਾਸ ਵਿੱਚ ਬੀਬਿਆਂ ਦੇ ਯੋਗਦਾਨ ਤੇ ਕਿਰਦਾਰ ਦੇ ਬੜੇ ਉੱਚੇ ਉਦਾਹਰਣ ਹਨ। ਬਾਕੀ ਗੁਰਬਾਣੀ ਵਿੱਚ ਆਦੇਸ਼ ਹੈ “ਗੁਰਿ ਕਹਿਆ ਸਾ ਕਾਰ ਕਮਾਵਹੁ॥ ਗੁਰ ਕੀ ਕਰਣੀ ਕਾਹੇ ਧਾਵਹੁ॥” – ਕੀ ਹੋਇਆ, ਕਿਉਂ ਹੋਇਆ ਛੱਡ ਕੇ ਸਾਨੂੰ ਵਿਚਾਰ ਕੇਵਲ ਗੁਰਮਤਿ ਦੀ ਹੀ ਕਰਨੀ ਹੈ। ਇਸ ਲਈ ਆਓ ਅੱਗੇ ਵਿਚਾਰੀਏ ਇਸਤ੍ਰੀ ਵਾਚਕ ਸ਼ਬਦ ਤੇ ਪੁਰੁਸ਼ ਵਾਚਕ ਸ਼ਬਦਾਂ ਨੂੰ।

ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ॥ ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ॥ ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ॥ ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ॥ ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ॥” – ਇਹਨਾਂ ਪੰਕਤੀਆ ਦੀ ਵਿਆਖਿਆ ਕਰਦੇ ਲਗਭਗ ਹਰ ਟੀਕਾਕਾਰ ਨੇ ਔਰਤ ਦੇ ਕਿਰਦਾਰ ਨਾਲ ਜੋੜਿਆ ਹੈ ਜਦ ਕੇ ਇਹਨਾਂ ਪੰਕਤੀਆਂ ਦਾ ਅਰਥ ਬਣਦਾ ਹੈ ਕੇ ਜਿਸ ਨੂੰ ਸਤਿ (ਸੱਚੇ) ਦੇ ਗੁਰ (ਗੁਣ) ਪ੍ਰਾਪਤ ਹੋਣ ਉਸਦੀ ਭਾਵਨਾ ਜੁੜਦੀ ਹੈ ਕਰਤਾਰ ਨਾਲ ਤੇ ਉਹ ਬੁੱਧ ਕੁਲਵੰਤੀ ਨਾਰ ਹੈ। ਕੁਲਵੰਤ ਕੌਣ – “ਸੋ ਕੁਲਵੰਤਾ ਜਿ ਸਿਮਰੈ ਸੁਆਮੀ॥” ਇੱਥੇ ਕੁਲ ਦੁਨਿਆਵੀ ਜਾਤ ਜਾਂ ਕੁਲ ਨਹੀਂ ਹਨ। ਕੁਲ ਦਾ ਅਰਥ ਰਘੁਬੰਸ ਕਹਿਆ ਹੈ, ਰਾਮ (ਗੁਣਾਂ ਵਿੱਚ ਰਮੇ) ਹੋਏ ਦੀ ਕੁਲ ਅਰਥ ਭਗਤ ਕੁਲ। ਇਸ ਬੁੱਧ ਨੂੰ ਹੁਕਮ ਦੀ ਸੋਝੀ ਹੁੰਦੀ ਹੈ ਤੇ ਕਰਤਾਰ (ਕਾਲ “ਕੇਵਲ ਕਾਲਈ ਕਰਤਾਰ॥“) ਦੀ ਕਿਰਪਾ ਹੁੰਦੀ ਹੈ। ਤੇ ਉਹ ਕੁਚੱਜੀ ਕੁਲੱਖਣੀ ਬੁਧ ਹੈ ਜਿਸਨੇ ਭਾਤਾਰ (ਹੁਕਮ – “ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ॥”) ਨੂੰ ਤਿਆਗਿਆ/ਛੋੜਿਆ ਹੈ। ਨਿਰਮਲ ਦਾ ਅਰਥ ਹੁੰਦਾ ਮਲ ਰਹਿਤ ਵਿਕਾਰ ਰਹਿਤ। ਸਰੀਰ ਪੰਚ ਭੂਤਕ ਮਾਇਆ ਦਾ ਸਰੀਰ ਨਹੀਂ ਘਟ ਨੂੰ ਆਖਿਆ। ਬਾਹਰ ਬਦੇਹੀ ਦਿਸਦੀ ਪਰ ਦੇਹੀ ਅਰਥ ਘਟ ਕਿਸੇ ਵਿਰਲੇ ਨੂੰ ਸੋਝੀ ਹੁੰਦੀ ਹੈ। ਮਨ ਨਿਰਮਲ, ਵਿਕਾਰ ਰਹਿਤ ਹੁੰਦੀ ਹੈ “ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ॥”, ਘਟ ਅੰਦਰ ਗਿਆਨ ਦਾ ਚਾਨਣਾ ਹੁੰਦਾ ਹੈ ਜਦੋਂ ਗੁਣੀ ਗਹੀਰ ਪ੍ਰਬ ਨੂੰ ਜਪ (ਜਾਣ/ਪਛਾਣ) ਕਰ ਲੈਂਦਾ ਹੈ ਮਨੁੱਖ। ਔਰਤ ਮਰਦ ਦਾ ਕੋਸੀ ਫਰਕ ਗੁਰਬਾਣੀ ਨੇ ਨਹੀਂ ਕੀਤਾ। ਇਹ ਸੰਸਾਰੀ ਸੋਚ ਹੈ ਜੋ ਇਸਤ੍ਰੀ ਪੁਰਖ ਵਿੱਚ ਬਦੇਹੀ ਦੇ ਗੁਣਾਂ ਨੂੰ ਵੇਖ ਕੇ ਫਰਕ ਕਰਦਾ। ਆਪਣੀ ਬੁੱਧ ਤੇ ਨਜ਼ਰ ਦੀ ਖੋਟ ਨੂੰ ਗੁਰਮਤਿ ਦਾ ਨਾਮ ਦਿੰਦਾ ਮਨੁੱਖ।

ਜਦੋਂ ਗੁਰਮਤਿ ਆਖਦੀ “ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥“ ਥਾਂ ਅਸੀਂ ਕਦੇ ਇਹ ਸਵਾਲ ਨਹੀਂ ਪੁੱਛਿਆ ਕੇ ਜੇ ਇਹ ਬਾਹਰੀ ਗਲ ਹੈ ਤਾਂ ਮਾੜੇ ਬੱਚੇ ਕਾਰਣ ਸੰਸਾਰੀ ਮਾਂ ਨੂੰ ਬਾਂਝ ਕਰਕੇ ਕੀ ਹੋ ਜਾਣਾ ਜਵਾਕ ਤਾਂ ਜੰਮ ਦਿੱਤਾ ਪਹਿਲਾਂ ਅਸੀਂ ਕਦੇ ਨਹੀ ਧਿਆਨ ਦਿੱਤਾ ਕੇ ਗੁਰਮਤਿ ਇਹ ਵੀ ਆਖਦੀ ਕੇ “ਮਾਤਾ ਮਤਿ ਪਿਤਾ ਸੰਤੋਖੁ॥” ਭਾਵ ਮਤਿ ਨੂੰ ਬੁੱਧ ਨੂੰ ਮਾਤਾ ਕਹਿਆ ਗੁਰਮਤਿ ਨੇ ਜਿਸ ਵਿੱਚ ਵਿਕਾਰ ਰੂਪੀ ਅਵਗੁਣ ਹਮੇਸ਼ਾ ਪੈਦਾ ਹੁੰਦੇ ਰਹਿੰਦੇ। ਇਸ ਮਾਤਾ ਨੂੰ ਬਾਂਝ ਕਰਣ ਨਾਲ ਮਤਿ ਵਿੱਚ ਵਿਕਾਰ ਪੈਦਾ ਹੋਣੇ ਬੰਦ ਹੋਣੇ। ਸਾਡਾ ਸਾਰਾ ਧਿਆਨ ਮਾਇਆ ਵਲ ਬਾਹਰ ਮੁਖੀ ਹੋਇਆ ਪਿਆ ਹੈ। ਗੁਰਬਾਣੀ ਆਖਦੀ “ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ॥ ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ॥੩੩॥” – ਇਸਦੀ ਪਰਿਭਾਸ਼ਾ ਟੀਕਿਆਂ ਨੇ ਇਸਤ੍ਰੀ ਨਾਲ ਕੀਤੀ ਹੈ। ਆਖਦੇ ਜਿਹੜੀ ਇਸਤ੍ਰੀ ਨਹਾ ਧੋ ਕੇ ਬੇਫਿਕ੍ਰ ਹੋ ਕੇ ਸੋ ਗਈ ਉਸਦੀ ਸੁਗੰਧੀ ਉਡ ਗਈ ਹੁਣ ਪਿੱਛੇ ਬਦਬੂ ਰਹਿ ਗਈ। ਸੋਚਣ ਵਾਲੀ ਗਲ ਹੈ ਕੇ ਗੁਰਮਤਿ ਬ੍ਰਹਮ ਗਿਆਨ ਹੈ। ਬ੍ਰਹਮ ਘਟ/ਹਿਰਦੇ ਵਿੱਚ ਬੈਠਾ “ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ॥” ਤੇ ਫੇਰ ਟੀਕਿਆਂ ਦੀ ਇਸ ਵਿਆਖਿਆ ਨਾਲ ਸਾਨੂੰ ਬ੍ਰਹਮ ਗਿਆਨ ਕੀ ਮਿਲਿਆ? ਸਿੱਖਣ ਨੂੰ ਕੀ ਮਿਲਿਆ? ਇਹਨਾਂ ਪੰਕਤੀਆਂ ਦਾ ਸਹੀ ਗੁਰਮਤਿ ਭਾਵ ਹੈ ਕੇ ਜਿਹੜੀ ਬੁੱਧ ਗਿਆਨ ਸਰੋਵਰ ਵਿੱਚ ਇਸ਼ਨਾਨ ਕਰਕੇ ਅਰਥ ਗੁਰਮਤਿ ਸੁਣ ਕੇ ਵੀ ਸਮਝੇ ਨਾ, ਜਾਗੇ ਨਾ, ਜਿਵੇਂ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥”, ਉਸ ਬੁੱਧ ਨੂੰ ਹਿੰਗ ਦੀ ਦੁਰਗੰਧ ਵਾਂਗ, ਤੇ ਮਾਇਆ ਦੀ ਬੇੜੀ ਪਈ ਰਹਿੰਦੀ ਹੈ ਜੋ ਕਸਤੂਰੀ (ਗੁਰਮਤਿ) ਦੀ ਗੰਧ (ਨਾਮ/ਸੋਝੀ) ਨੂੰ ਲੁਕਾ ਦਿੰਦੀ ਹੈ। ਇਹੀ ਸਿੱਖਾਂ ਨਾਲ ਅੱਜ ਹੋ ਰਹਿਆ ਹੈ। ਸਾਰਾ ਧਿਆਨ ਬਾਹਰ ਨੂੰ ਹੈ, ਬਾਹਰ ਦੇ ਕਰਮ ਕਾਂਡ ਨੂੰ ਸੇਵਾ ਮੰਨ ਲਿਆ, ਸਮਝੇ ਹੀ ਨਹੀਂ ਕੇ “ਗੁਰ ਕੀ ਸੇਵਾ ਸਬਦੁ ਵੀਚਾਰੁ॥” ਇਸ ਲਈ ਗੁਰਮਤਿ ਦੀ ਸੋਝੀ ਕਸਤੂਰੀ ਨੂੰ ਹਿੰਗ ਦੀ ਦੁਰਗੰਧ ਮਨਮਤਿ ਲੁਕੋ ਦਿੰਦੀ ਹੈ।

ਸਹੁ ਤੇ ਸੁਹਾਗਣਿ – ਸਹੁ ਦਾ ਦੁਨਿਆਵੀ ਅਰਥ ਖਸਮ, ਪਤੀ, husband ਹੁੰਦਾ ਤੇ ਸੁਹਾਗਣ ਉਹ ਇਸਤ੍ਰੀ ਹੁੰਦੀ ਜਿਸਦਾ ਪਤੀ ਜੀਵਤ ਹੋਵੇ। ਗੁਰਮਤਿ ਸਹੁ ਮੰਨਦੀ ਪ੍ਰਭ, ਰਾਮ, ਹਰਿ, ਘਟ ਅੰਦਰ ਵਸਦੇ ਮੂਲ ਨੂੰ ਮੰਨਦੀ ਹੈ। ਅਤੇ ਸੁਹਾਗਣਿ ਉਸ ਬੁੱਧ ਨੂੰ ਆਖਦੀ ਹੈ ਜਿਸਨੂੰ ਆਪਣੇ ਖਸਮ ਦਾ ਗਿਆਨ ਹੋਵੇ। ਗੁਰਬਾਣੀ ਆਖਦੀ “ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ॥ ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ॥ ਹੁਕਮੁ ਭੀ ਤਿਨੑਾ ਮਨਾਇਸੀ ਜਿਨੑ ਕਉ ਨਦਰਿ ਕਰੇਇ॥ ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ॥੧॥” – ਗੌਰ ਕਰਨ ਵਾਲੀ ਗਲ ਹੈ “ਸਭਨਾ ਕਾ ਸਹੁ ਏਕੁ ਹੈ” ਇਹ ਏਕ ਸਹੁ, ਏਕ ਖਸਮ ਸਾਰਿਆਂ ਦਾ ਜੋ ਹੈ ਉਹ ਹੈ ਪਰਮੇਸਰ ਹੈ। ਇਹੀ ਗਲ ਕਹੀ ਹੈ “ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥” ਫੇਰ ਇਹ ਗਲ ਸੰਸਾਰੀ ਕਿਵੇਂ ਹੋ ਸਕਦੀ ਹੈ। ਜੇ ਸੰਸਾਰੀ ਹੋਵੇ ਤਾਂ ਮਰਦ ਇੱਕੋ ਹੀ ਹੋਵੇ ਤੇ ਬਾਕੀ ਸਾਰੀਆਂ ਨਾਰਾਂ ਹੀ ਹੋਣੀਆਂ ਸੀ। ਖਸਮ ਹੈ ਪ੍ਰਭ ਤੇ ਸਗਲੀ ਨਾਰ ਹੈ ਵੱਖ ਵੱਖ ਤਰਹ ਦੀ ਮਤਿ। ਪ੍ਰਭ ਨੂੰ ਕੇਵਲ ਗੁਰਮਤਿ ਭਾਉਂਦੀ ਹੈ “ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ॥”। ਜੇ ਬੁੱਧ ਵਿੱਚ ਗੁਰਮਤਿ ਹੋਵੇ ਤਾਂ ਪ੍ਰਭ ਨਾਲ ਮੇਲ ਹੋਣਾ। ਜੇ ਇਹ ਸਮਝ ਆ ਜਾਵੇ ਤਾਂ ਇਹਨਾਂ ਪੰਕਤੀਆਂ ਦਾ ਭਾਵ ਤੁਹਾਨੂੰ ਆਪ ਸਮਝਣਾ ਸੌਖਾ ਹੋ ਜਾਂਦਾ “ਸਾ ਧਨ ਬਾਲੀ ਧੁਰਿ ਮੇਲੀ ਮੇਰੈ ਪ੍ਰਭਿ ਆਪਿ ਮਿਲਾਈ ਰਾਮ॥ ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ॥ ਪ੍ਰਭੁ ਰਵਿ ਰਹਿਆ ਸਭ ਥਾਈ ਮੰਨਿ ਵਸਾਈ ਪੂਰਬਿ ਲਿਖਿਆ ਪਾਇਆ॥ ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸਚੁ ਸੀਗਾਰੁ ਬਣਾਇਆ॥ ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ॥ ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ॥

ਸੁਚੱਜੀ, ਕੁਚੱਜੀ, ਕੁਲਵੰਤ ਇਹ ਔਰਤ ਨਾਲ ਜੋੜ ਕੇ ਅਸੀਂ ਗੁਰਮਤਿ ਦੀ ਅਦਬ ਨਹੀਂ ਕਰ ਰਹੇ। ਇਹ ਬੁੱਧ ਦੀ, ਗਿਆਨ ਦੀ, ਅਕਲ ਦੀ ਅਵਸਥਾ ਹੈ ਹਰੇਕ ਮਨੁੱਖ ਦੀ ਭਾਵੇਂ ਔਰਤ ਹੋਵੇ ਭਾਵੇਂ ਮਰਦ। ਇੱਦਾਂ ਹੀ ਦਸਮ ਬਾਣੀ ਵਿੱਚ ਭਗੌਤੀ, ਚੰਡੀ, ਦੁਰਗਾ ਆਦੀ ਨੂੰ ਦੇਵੀ ਤੇ ਔਰਤ ਸਮਝ ਕੇ ਗਲਤੀ ਕਰਦੇ ਤਾ ਹੀ ਦਸਮ ਦਾ ਵਿਰੋਧ ਹੁੰਦਾ। ਇਹਨਾਂ ਬਾਰੇ ਜਾਨਣ ਲਈ ਪੜ੍ਹੋ “ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੈ?

ਇਸ ਲਈ ਭਾਈ ਬਾਣੀ ਦੇ ਅਰਥ ਬਾਣੀ ਵਿੱਚੋਂ ਕਰੋ। ਸਮਝੋ ਕੇ ਜਿੱਥੇ ਵੀ ਇਸਤ੍ਰੀ ਵਾਚਕ ਨਾਮ ਹਨ ਉਹ ਔਰਤ ਲਈ ਹਨ ਜਾਂ ਬੁੱਧ ਲਈ। ਜਿੱਥੇ ਪੁਰਸ਼ ਵਾਚਕ ਨਾਮ ਹਨ ਉੱਥੇ ਮਨ ਹੈ ਜਾਂ ਬੰਦੇ ਲਈ ਵਰਤੇ। ਚੇਤੇ ਰਹੇ ਗੁਰਮਤਿ ਬ੍ਰਹਮ ਦਾ ਗਿਆਨ ਹੈ। ਬਾਣੀ ਨੂੰ ਆਪ ਵਿਚਾਰੋ, ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚੋਂ ਖੋਜੋ। ਕਿਸੇ ਮਨੁੱਖ ਦੀ ਟੇਕ ਨਹੀਂ ਕਰਨੀ ਕੇਵਲ ਬਾਣੀ ਦੀ ਟੇਕ ਹੀ ਰੱਖਣੀ ਹੈ।

ਸ਼ਬਦ ਵੀਚਾਰ

ਰਾਗੁ ਵਡਹੰਸੁ ਮਹਲਾ ੩ ਛੰਤ॥ ੴ ਸਤਿਗੁਰ ਪ੍ਰਸਾਦਿ॥ ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ॥ ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ॥ ਸਚੈ ਭਾਇ ਪਿਆਰੀ ਕੰਤਿ ਸਵਾਰੀ ਹਰਿ ਹਰਿ ਸਿਉ ਨੇਹੁ ਰਚਾਇਆ॥ ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ॥ ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ॥ ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ॥੧॥ ਨਿਰਗੁਣਵੰਤੜੀਏ ਪਿਰੁ ਦੇਖਿ ਹਦੂਰੇ ਰਾਮ॥ ਗੁਰਮੁਖਿ ਜਿਨੀ ਰਾਵਿਆ ਮੁਈਏ ਪਿਰੁ ਰਵਿ ਰਹਿਆ ਭਰਪੂਰੇ ਰਾਮ॥ ਪਿਰੁ ਰਵਿ ਰਹਿਆ ਭਰਪੂਰੇ ਵੇਖੁ ਹਜੂਰੇ ਜੁਗਿ ਜੁਗਿ ਏਕੋ ਜਾਤਾ॥ ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ॥ ਜਿਨਿ ਹਰਿ ਰਸੁ ਚਾਖਿਆ ਸਬਦਿ ਸੁਭਾਖਿਆ ਹਰਿ ਸਰਿ ਰਹੀ ਭਰਪੂਰੇ॥ ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ॥੨॥ ਸੋਹਾਗਣੀ ਜਾਇ ਪੂਛਹੁ ਮੁਈਏ ਜਿਨੀ ਵਿਚਹੁ ਆਪੁ ਗਵਾਇਆ॥ ਪਿਰ ਕਾ ਹੁਕਮੁ ਨ ਪਾਇਓ ਮੁਈਏ ਜਿਨੀ ਵਿਚਹੁ ਆਪੁ ਨ ਗਵਾਇਆ॥ ਜਿਨੀ ਆਪੁ ਗਵਾਇਆ ਤਿਨੀ ਪਿਰੁ ਪਾਇਆ ਰੰਗ ਸਿਉ ਰਲੀਆ ਮਾਣੈ॥ ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ॥ ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ॥ ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ॥੩॥ ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ॥ ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ॥ ਨਿਜ ਘਰਿ ਵਾਸਾ ਪਾਏ ਸਬਦੁ ਵਜਾਏ ਸਦਾ ਸੁਹਾਗਣਿ ਨਾਰੀ॥ ਪਿਰੁ ਰਲੀਆਲਾ ਜੋਬਨੁ ਬਾਲਾ ਅਨਦਿਨੁ ਕੰਤਿ ਸਵਾਰੀ॥ ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ॥ ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ॥੪॥੧॥

ਉਪਰੋਕਤ ਸ਼ਬਦ ਵਿੱਚ ਪਾਤਿਸ਼ਾਹ ਆਖਦੇ “ਆਪਣੇ ਪਿਰ ਕੈ ਰੰਗਿ ਰਤੀ ਮੁਈਏ ਸੋਭਾਵੰਤੀ ਨਾਰੇ॥” ਆਪਣੇ ਪਿਰ (ਖਸਮ ਪ੍ਰਭ ਹਰਿ ਰਾਮ) ਦੇ ਰੰਗ (ਨਾਮ/ਸੋਝੀ/ਗਿਆਨ) ਰਤੀ (ਭਿੱਜੀ) ਮੁਈਏ (ਡੁੱਬੀ, ਜਿਵੇਂ ਪ੍ਰੇਮ ਨਾਲ ਆਖਦੇ ਨੇ ਮਰਜਾਣੀ, ਜਿਸਨੇ ਆਪ ਗਵਾ ਦਿੱਤੀ ਹੋਵੇ, ਮੈਂ ਮਾਰ ਦਿੱਤੀ ਹੋਵੇ) ਸੋਭਾ ਪ੍ਰਾਪਤ ਨਾਰ (ਬੁਧ)। “ਸਚੈ ਸਬਦਿ ਮਿਲਿ ਰਹੀ ਮੁਈਏ ਪਿਰੁ ਰਾਵੇ ਭਾਇ ਪਿਆਰੇ॥” – ਸੱਚੇ ਸਾਹਿਬ ਨੂੰ (ਜੋ ਕਦੇ ਮਰਦਾ ਨਹੀਂ, ਖਰਦਾ ਨਹੀਂ ਸਦੀਵ ਰਹਿਣ ਵਾਲਾ ਸੱਚ ਹੈ) ਸਬਦਿ ਅਰਥ ਸਬਦ (ਹੁਕਮ) ਦੁਆਰਾ ਮਿਲ ਰਹੀ ਹੈ, ਹੁਣ ਪਿਰ ਰਾਵੈ (ਘਟ ਵਿੱਚ ਪ੍ਰਕਾਸ਼ਮਾਨ ਹੈ) ਤੇ ਹੁਣ ਇਸ ਸੋਭਾਵੰਤੀ ਨਾਰ (ਬੁੱਧ) ਨੂੰ ਆਪਣੇ ਪਿਰ ਦੇ ਨਾਲ ਪ੍ਰੇਮ ਭਾਵਨਾ ਪੈਦਾ ਹੋਈ ਹੈ। ਸੋਨਇਸ ਤਰਹ ਇਸ ਸ਼ਬਦ ਦਾ ਭਾਵ ਅੰਤਰੀਵ ਹੈ ਗਲ ਬੁੱਧ ਤੇ ਮਨ ਦੀ ਹੋ ਰਹੀ ਹੈ, ਘਟ ਵਿੱਚ ਗਿਆਨ ਦੇ ਚਾਨਣੇ ਦੀ ਹੋ ਰਹੀ ਹੈ। ਇਹੀ ਬ੍ਰਹਮ ਬਿੱਦਿਆ ਹੈ ਜਿਸਦੀ ਵਿਚਾਰ ਕਰਨੀ ਹੈ ਘਟ/ਹਿਰਦੇ ਵਿੱਚ ਨਾਮ (ਸੋਝੀ) ਦੇ ਚਾਨਣੇ ਲਈ। ਇਹ ਗੱਲਾਂ ਸੰਸਾਰੀ ਔਰਤ ਮਰਦ ਜਾਂ ਇਸਤ੍ਰੀ ਪੁਰਖ ਦਾ ਫਰਕ ਜਾਂ ਵਿਤਕਰੇ ਨਾਲ ਸਮਝ ਨਹੀਂ ਲੱਗਣੀਆਂ।

Resize text