ਠਾਕੁਰ ਅਤੇ ਪ੍ਰਭ
ਗੁਰਬਾਣੀ ਵਿੱਚ ਠਾਕੁਰ ਲਫ਼ਜ਼ ਬਹੁਤ ਵਾਰ ਆਇਆ ਹੈ ਪਰ ਕੀ ਅਸੀਂ ਜਾਣਦੇ ਹਾਂ ਕੇ ਠਾਕੁਰ ਕੌਣ ਹੈ? ਕਿੱਥੇ ਵਸਦਾ? ਅੱਜ ਗੁਰਬਾਣੀ ਤੋਂ ਇਸਦੀ ਖੋਜ ਕਰਾਂਗੇ।
”ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ॥੧॥” – ਹਰਿ ਹੀ ਰਾਮ, ਹਰਿ ਹੀ ਠਾਕੁਰ ਹੈ ਤੇ ਹਰਿ ਸੇਵਕ ਵੀ ਕਹਿਆ ਹੈ ਇਹਨਾਂ ਪੰਕਤੀਆਂ ਵਿੱਚ। ਹਰਿ ਅਤੇ ਰਾਮ ਕੌਣ ਹਨ ਅਸੀਂ ਵਿਸਥਾਰ ਵਿੱਚ ਇਸ ਬਾਰੇ ਲਿਖਿਆ ਹੈ ਵੇਖੋ “ਹਰਿ” ਅਤੇ “ਗੁਰਮਤਿ ਵਿੱਚ ਰਾਮ” । ਫੇਰ ਇਸਦਾ ਭਾਵ ਇਹ ਬਣਿਆ ਕੇ ਠਾਕੁਰ ਕੋਈ ਦੁਨਿਆਵੀ ਮਨੁੱਖ ਜਾਂ ਕੋਈ ਦੇਵੀ ਦੇਵਤਾ ਨਹੀਂ। ਇਹ ਅਕਾਲ ਰੂਪ ਗਿਆਨ ਦੀ ਜਾਗਦੀ ਜੋਤ ਘਟ ਅੰਦਰ ਵੱਸਦੀ ਜੀਵ ਦੀ ਆਪਣੀ ਹੋਂਦ ਹੈ। ਇਹੀ ਪੁਰਖ ਨਿਰੰਜਨ ਹੈ “ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ॥” ਭਾਵ ਇਹ ਮਾਇਆ, ਮਮਤਾ ਹਉਮੈ (ਮੈਂ) ਤੋਂ ਪਰੇ ਅਕਾਲ (ਕਾਲ ਤੋਂ ਪਰੇ) ਹੈ। ਜਿਵੇਂ ਸਮੁੰਦਰ ਦੀ ਬੂੰਦ ਵੱਖ ਵੱਖ ਕਰਕੇ ਵੇਖੀਏ। ਸਮੁੰਦਰ ਦੀ ਹਰ ਬੂੰਦ ਸਮੁਂਦਰ ਹੀ ਹੈ। ਠਾਕੁਰ ਸਾਰਿਆਂ ਵਿੱਚ ਸਮਾਇਆ ਹੋਇਆ ਹੈ ਇਸਦਾ ਇੱਕ ਹੋਰ ਪਰਮਾਣ ਗੁਰਬਾਣੀ ਵਿੱਚ ਮਿਲਦਾ ਹੈ “ਠਾਕੁਰੁ ਸਰਬੇ ਸਮਾਣਾ॥ ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ॥੧॥”, “ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ॥” – ਅਭਿਨਾਸੀ ਜਿਸਦਾ ਕਦੇ ਨਾਸ ਨਹੀਂ ਹੁੰਦਾ ਉਹ ਘਟ ਅੰਦਰ ਹੀ ਹਮੇਸ਼ਾ ਸੰਗ ਹੈ। ਇਹ ਗਿਆਨ ਦੀ ਅਡੋਲ ਅਵਸਥਾ ਵੀ ਹੈ ਜੋ ਗੁਣਾਂ ਨੂੰ ਮੁਖ ਰੱਖਿਆ ਨਾਮ (ਗੁਰਮਤਿ ਗਿਆਨ ਤੋਂ ਮਿਲੀ ਸੋਝੀ) ਦੀ ਪ੍ਰਾਪਤੀ ਤੋਂ ਘਟ (ਬੁੱਧ, ਹਿਰਦੇ) ਅੰਦਰ ਹੀ ਬਣਨੀ ਹੈ “ਮੇਰੇ ਠਾਕੁਰ ਪੂਰੈ ਤਖਤਿ ਅਡੋਲੁ॥ ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ॥੧॥”। ਇਸ ਠਾਕੁਰ ਨੂੰ ਹੀ ਮਨ ਵਿੱਚ ਵਸਾ ਕੇ ਰੱਖਣਾ ਹੈ “ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ॥ ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ॥੧॥”
ਠਾਕੁਰ ਸ਼ਬਦ ਠਾਕ ਤੋਂ ਬਣਿਆ ਹੈ। ਠਾਕ ਦਾ ਅਰਥ ਹੁੰਦਾ ਹੈ ਰੁਕਾਵ। ਵਿਕਾਰ ਮਨੁੱਖ ਦੀ ਖੁਸ਼ੀ, ਅਨੰਦ, ਮੁਕਤੀ (ਵਿਕਾਰਾਂ ਤੋਂ) ਵਿੱਚ ਰੁਕਾਵਟ ਹਨ। ਠਾਕੁਰ ਇਹਨਾਂ ਰੁਕਾਵਟਾਂ ਨੂੰ ਦੂਰ ਕਰਕੇ ਮੁਕਤੀ ਦੀ ਰਾਹ ਦੱਸਦਾ ਹੈ। ਜਪ ਬਾਣੀ ਵਿੱਚ ਮੰਨੈ ਦੀਆਂ ਪੰਕਤੀਆਂ ਹਨ ਜਿਹਨਾਂ ਦਾ ਭਾਵ ਹੈ ਮੰਨ ਲੈਣ ਉਪਰੰਤ। ਗੁਰਮਤਿ ਮਨ ਨੂੰ ਸਮਝਾਉਣ ਲਈ ਗਿਆਨ ਹੈ ਕੇ ਮਨ ਆਪ ਹੀ ਜੋਤ ਸਰੂਪ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥੫॥“, ਜਦੋਂ ਮਨ ਨੇ ਮੰਨ ਲਿਆ ਫੇਰ ਆਖਦੇ “ਮੰਨੈ ਮਾਰਗਿ ਠਾਕ ਨ ਪਾਇ॥” ਮੰਨਣ ਉਪਰੰਤ ਮੁਕਤੀ (ਆਨੰਦ ਦੀ ਅਵਸਥਾ) ਦੇ ਮਾਰਗ ਤੇ ਕੋਈ ਵਿਕਾਰ ਠਾਕ (ਰੋਕ) ਨਹੀਂ ਸਕਦਾ। “ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ॥ ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ॥੧॥”। ”ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ॥ ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ॥” – ਜਦੋਂ ਠਾਕੁਰ (ਰੁਕਾਵਟ ਹਟੌਣ ਵਾਲਾ) ਭਾਵ ਗਿਆਨ ਦੀ ਜੋਤ ਦੀ ਕਿਰਪਾ ਭਾਵ ਗੁਰਪ੍ਰਸਾਦ ਪ੍ਰਾਪਤ ਹੁੰਦਾ ਹੈ ਤਾਂ ਆਵਣ ਜਾਣਾ, ਜੀਵਨ ਮਰਨ ਦਾ ਭੈ ਮੁੱਕ ਜਾਂਦਾ ਹੈ “ਮੇਰਾ ਠਾਕੁਰੁ ਸਚੁ ਦ੍ਰਿੜਾਏ॥ ਗੁਰਪਰਸਾਦੀ ਸਚਿ ਚਿਤੁ ਲਾਏ॥ ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ॥੩॥” ਤੇ ਗੁਰਬਾਣੀ ਨੇ ਸੱਚ ਸਮਝਾਇਆ ਹੈ “ਸੱਚਾ ਸੌਦਾ (ਸਚ ਵਾਪਾਰ)”। ਗੁਰ (ਗੁਣ) ਮਿਲਣ ਤੇ ਹੀ ਪਾਰਬ੍ਰਹਮ ਦੀ ਪਛਾਣ ਹੁੰਦੀ ਹੈ। ਵੇਖੋ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”।
”ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ॥ ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ॥ ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ॥੩॥“ – ਮਨ (ਜੀਵ ਦੀ ਅਗਿਆਨਤਾ) ਵੀ ਆਪ ਹੀ ਜੋਤ ਸਰੂਪ ਹੈ ਪਰ ਅਗਿਆਨਤਾ ਵੱਸ ਭੁੱਲਾ ਬੈਠਾ ਤਾ ਹੀ ਮਨ ਹੈ। ਜਦੋਂ ਇਹ ਸੇਵਕ ਬਣ ਗਿਆਨ ਲੈਂਦਾ ਹੈ ਤਾਂ ਵਿਕਾਰ ਘਟਦੇ ਜਾਂਦੇ ਹਨ ਤੇ ਇਹ ਆਪ ਸੇਵਕ ਤੋਂ ਠਾਕੁਰ ਹੋ ਜਾਂਦਾ ਹੈ ਮਨੁ (ਮੰਨ) ਜਾਂਦਾ ਹੈ। ਜੋ ਗਿਆਨ ਜੋ ਸੋਝੀ ਠਾਕੁਰ ਦੀ ਹੈ ਉਹੀ ਸੇਵਕ ਦੀ ਹੈ। ਘਟ ਅੰਦਰ ਗਿਆਨ/ਸੋਝੀ ਭਾਵ ਨਾਮ ਹੀ ਖਜਾਨਾ ਹੈ। “ਅਪੁਨੈ ਠਾਕੁਰਿ ਜੋ ਪਹਿਰਾਇਆ॥ ਬਹੁਰਿ ਨ ਲੇਖਾ ਪੁਛਿ ਬੁਲਾਇਆ॥ ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ॥” ਅਗਲੀਆਂ ਪੰਕਤੀਆਂ ਹਨ “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥੧॥” – ਅਸਲ ਵਿੱਚ ਅਸੀਂ ਸਾਰੇ ਜੀਵ ਘਟ ਅੰਦਰ ਗਿਆਨ ਸੋਝੀ ਨਾਮ ਲੱਭਣ ਦੀ ਥਾਂ ਸੰਸਾਰ (ਬਾਹਰ) ਵਸਤੂਆਂ ਭਾਲਦੇ ਹਾਂ ਇਸ ਲਈ ਵਿਕਾਰਾਂ ਭਰਮਾਂ ਵਿੱਚ ਫਸਦੇ ਹਾਂ।
ਹਰਿ, ਰਾਮ, ਠਾਕੁਰ, ਪ੍ਰਭ, ਗੋਪਾਲ, ਸੱਚਾ ਸਾਹਿਬ ਇਹ ਸਾਰੇ ਹੀ ਗਿਆਨ ਰੂਪ ਘਟ ਅੰਦਰ ਜਗਦੀ ਜੋਤ ਦੇ ਹੀ ਨਾਮ ਹਨ ਜੋ ਜੀਵ ਨੂੰ ਮਾਰਗ ਦਰਸ਼ਕ ਬਣ ਸਹਾਈ ਹੁੰਦੇ ਹਨ। ਜਿਵੇਂ ਜਿਵੇਂ ਗੁਣ ਪ੍ਰਭਾਸ਼ਿਤ ਹੋਏ ਨੇ ਉੱਦਾਂ ਸੇ ਨਾਮ ਵਰਤੇ ਗਏ ਹਨ “ਜੇਤਾ ਕੀਤਾ ਤੇਤਾ ਨਾਉ॥”, ਜੇ ਹਰਿ ਦਾ ਨਾਮ ਧਿਆ ਕੇ (ਧਿਆਨ ਵਿੱਚ ਰੱਖ ਕੇ) ਹਰਿਆ ਹੋਣ ਦੀ ਗਲ ਹੋਈ ਤਾਂ ਹਰਿ ਵਰਤਿਆ। ਜੇ ਗੁਣਾਂ ਵਿੱਚ ਰਮੇ ਹੋਏ ਦੀ ਗਲ ਹੋਈ ਤਾਂ ਰਾਮ “ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ॥ ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ॥”। ਜੇ ਸਾਚੇ ਮਾਰਗ ਤੇ ਜਾਂਦਿਆ ਰੁਕਾਵਟ ਠਾਕੇ ਤਾਂ ਠਾਕੁਰ। ਪ੍ਰਿਤਪਾਲ ਕਰੇ ਤਾਂ ਪ੍ਰਭ। ਜੇ ਪਾਲਣਾ ਕਰੇ ਤਾਂ ਗੋਪਾਲ। ਜੇ ਦਾਤਾਂ ਦੇਵੇ ਤਾਂ ਦਾਤਾ। ਜੇ ਕੁੱਝ ਦੇਵੇ ਤਾਂ ਦੇਵਤਾ। ਇਹ ਸਾਰੇ ਹੀ ਅਲੰਕਾਰ ਵਰਤੇ ਗਏ ਹਨ ਗੁਰ (ਗੁਣਾਂ) ਤੋਂ ਪ੍ਰਾਪਤ ਨਾਮ (ਸੋਝੀ) ਦੇ, ਅੰਮ੍ਰਿਤ ਦੇ, ਗਿਆਨ ਦੇ ਘਟ/ਹਿਰਦੇ/ਦੇਹੀ ਵਿੱਚ ਪ੍ਰਕਾਸ਼ ਦੇ। “ਮਨੁ ਤਨੁ ਤੇਰਾ ਧਨੁ ਭੀ ਤੇਰਾ॥ ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ॥ ਜੀਉ ਪਿੰਡੁ ਸਭੁ ਰਾਸਿ ਤੁਮਾਰੀ ਤੇਰਾ ਜੋਰੁ ਗੋਪਾਲਾ ਜੀਉ॥੧॥”। ਗੁਰਬਾਣੀ ਵਿੱਚ ਹੋਰ ਵੀ ਪਰਮਾਣ ਮੌਜੂਦ ਹਨ ਜਿਵੇਂ “ਜਾ ਕੀ ਸਰਣਿ ਪਇਆ ਗਤਿ ਪਾਈਐ॥ ਸਾਸਿ ਸਾਸਿ ਹਰਿ ਨਾਮੁ ਧਿਆਈਐ॥ ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ॥੩॥ ਤੇਰਾ ਮਾਣੁ ਤਾਣੁ ਪ੍ਰਭ ਤੇਰਾ॥ ਤੂੰ ਸਚਾ ਸਾਹਿਬੁ ਗੁਣੀ ਗਹੇਰਾ॥ ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ॥”। ਹੁਣ ਇਹ ਗਲ ਮੈਂ ਛੱਡ ਕੇ ਸਮਝ ਆਉਂਦੀ ਹੈ ਪਰ ਜੀਵ ਮੈਂ ਛੱਡਣ ਤੋਂ ਭਜਦਾ ਹੈ, ਹੰਕਾਰ ਨਹੀਂ ਛੱਡਣਾ ਚਾਹੁੰਦਾ ਗਿਆਨ ਲੈਣ ਲਈ ਸਿਰ ਬੇਚਣਾ ਪੈਂਦਾ ਬਦਲੇ ਵਿੱਚ ਨਾਮ (ਸੋਝੀ) ਦਾ ਸੌਦਾ ਲੈਣ ਲਈ “ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ॥ ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ॥” ਅਤੇ “ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ॥”। ਸਿਰ ਬੇਚਣਾ ਹੀ ਸੱਚਾ ਵਾਪਾਰ ਹੈ। ਵਾਪਾਰ ਦਾ ਅਰਥ ਹੀ ਲੈਣ ਦੇਣ ਹੈ। ਅਸੀਂ ਕੁੱਝ ਦਿੰਦੇ ਹਾਂ ਬਦਲੇ ਵਿੱਚ ਕੁੱਝ ਮਿਲਦਾ ਹੈ। ਦੇਣੀ ਮੈਂ ਹੈ, ਮਨ, ਅਗਿਆਨਤਾ। ਤੇ ਮਿਲਣਾ ਹੈ ਨਾਮ (ਗਿਆਨ/ਸੋਝੀ/ਗੁਰ/ਗੁਣ)। “ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ॥ ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ॥” – ਜਦੋਂ ਘਟ ਅੰਦਰ ਵਸਦੇ ਠਾਕੁਰ ਦੀ ਕਿਰਪਾ ਹੋਈ ਤਾਂ ਪਾਪ ਪੁੰਨ, ਸੁਰਗ ਨਰਕ ਦੀ ਚਿੰਤਾ ਮੁੱਕ ਜਾਣੀ। ਗੁਣਾਂ ਨੂੰ ਮਿਲ ਕੇ ਪ੍ਰਾਪਤ ਕਰਕੇ ਹੀ ਪਾਰਬ੍ਰਹਮ ਦੀ ਪਛਾਣ ਹੋਣੀ। ਹੋਰ ਸਮਝਣ ਲਈ ਵੇਖੋ “ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ”
”ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ॥ ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ॥੨॥” – ਸਤਿ ਹੈ ਸੱਚ (ਨਾਮ/ਸੋਝੀ/ਗਿਆਨ) ਜੋ ਕਦੇ ਨਹੀਂ ਬਦਲਦਾ, ਖਤਮ ਹੁੰਦਾ ਕਿਉਂਕੇ ਸੱਚ ਕਾਲ ਤੋਂ ਪਰੇ ਹੈ। ਗੁਰੂ ਕੇ ਪਾਵ ਗੁਰੂ ਕੇ ਚਰਣ ਹਨ ਉਸਦੇ ਗੁਣ। ਜਦੋਂ ਗੁਰੂ ਨੂੰ ਨਿਰੰਜਨ, ਅਕਾਲ ਮੂਰਤ ਦੱਸਿਆ ਤੇ ਕਹਿਆ “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥” ਤਾਹੀਂ ਉਸਦੀ ਬਦੇਹੀ (ਹਾਡ ਮਾਸ ਤੋੰ ਬਣਿਆ ਸਰੀਰ) ਨਹੀਂ ਹੈ ਨਾਂ ਹੀ ਉਹ ਪੱਥਰ ਦੀ ਮੂਰਤੀ ਵਿੱਚ ਵਸਦਾ। ਸੋ ਭਾਵ ਬਣਦਾ ਹਮਰਾ ਠਾਕੁਰ ਭਾਵ ਮੇਰਾ ਠਾਕੁਰ, ਸਤਿਗੁਰ ਪੂਰਾ ਭਾਵ ਸੱਚੇ ਦੇ ਗੁਣ ਪੂਰੇ ਹਨ। ਮਨੁ (ਮੰਨ) ਗੁਰ (ਗੁਣ) ਕੀ ਕਾਰ (ਕਹਿਆ) ਕਮਾਵੈ (ਪ੍ਰਾਪਤ ਕਰੇ)। “ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ॥ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ॥” – ਭਾਵ ਠਾਕੁਰ ਦਾ ਨਾਮ (ਸੋਝੀ) ਪਤਿਤ ਪਾਵਨ ਨਿਰਮਲ (ਮਲ ਰਹਿਤ) ਹੈ ਵਿਕਾਰ ਰਹਿਤ ਹੈ।
”ਰਾਗੁ ਗਉੜੀ ਮਹਲਾ ੫॥ ਸਹਜਿ ਸਮਾਇਓ ਦੇਵ॥ ਮੋ ਕਉ ਸਤਿਗੁਰ ਭਏ ਦਇਆਲ ਦੇਵ॥੧॥ ਰਹਾਉ॥ ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ॥ ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ॥੧॥ ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ॥ ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ॥੨॥ ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ॥ ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ॥੩॥ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ॥ ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ॥੪॥੧੫॥੧੩੬॥” – ਦੇਵ ਦਾ ਭਾਵ ਹੁੰਦਾ ਹੈ ਦੇਣ ਵਾਲਾ। ਜੋ ਕੁਝ ਦੇਵੇ। ਗੁਰਮਤਿ ਨੇ ਘਟ ਅੰਦਰ ਵਸਦੇ ਗਿਆਨ ਦੀ ਜੋਤ ਠਾਕੁਰ ਨੂੰ, ਪ੍ਰਭ ਨੂੰ ਹਰਿ, ਰਾਮ ਨੂੰ ਹੀ ਦੇਵ ਮੰਨਿਆ ਹੈ। ਜਦੋਂ ਸਤਿਗੁਰ ਭਾਵ ਸੱਚੇ ਦੇ ਗੁਣ ਪ੍ਰਾਪਤ ਹੋ ਗਏ ਗੁਣ ਵਿਚਾਰ ਕੇ ਸਮਝ ਕੇ ਧਿਆ (ਧਿਆਨ ਵਿੱਚ ਰੱਖ) ਕੇ ਉਦੋਂ ਸਹਜ ਅਵਸਥਾ ਬਣ ਜਾਣੀ। ਫੇਰ ਜਿਹੜੀ ਵਿਕਾਰਾਂ ਦੀ, ਭੈ ਦੀ ਡਰ ਦੀ ਜੇਵਰੀ ਮਨੁੱਖ ਦੇ ਪੈਰਾਂ ਵਿੱਚ ਬੰਨੀ ਹੋਈ ਹੈ ਕੱਟੀ ਜਾਂਦੀ ਤੇ ਜੀਵ ਦਾਸ ਬਣ ਜਾਂਦਾ। ਦਾਸ ਉਹ ਹੁੰਦਾ ਹੈ ਜੋ ਬਿਨਾਂ ਸਵਾਲ ਕੀਤਿਆਂ ਹੁਕਮ ਨੂੰ ਮੰਨੇ। ਜਿਹੜਾ ਏਕ (ਏਕਾ, ਏਕਤਾ ਅਕਾਲ ਨਾਲ) ਦਾ ਪੁਜਾਰੀ (ਚਾਹ ਵਾਨ, ਖੋਜੀ) ਸੀ ਉਸਨੂੰ ਸੱਚ ਦਾ ਮਾਰਗ ਦਿਖਾਇਆ। ਉਸ ਦਾਸ ਨੇ ਹੀ ਅੰਮ੍ਰਿਤ (ਸਦੀਵ ਰਹਿਣ ਵਾਲਾ) ਨਾਮ (ਗਿਆਨ/ਸੋਝੀ) ਪ੍ਰਾਪਤ ਕਰਨੀ। ਠਾਕੁਰ ਨੇ ਆਗਿਆ (ਹੁਕਮ) ਮੰਨ ਇਹ ਅਵਸਥਾ ਅੰਦਰੋਂ ਹੀ ਬਣਾਉਣੀ। ਠਾਕੁਰ ਨੇ ਹੀ ਸਦਾ ਰਹਿਣ ਵਾਲੇ ਆਨੰਦ ਦੀ ਅਵਸਥਾ ਬਣਾਉਣੀ। ਫੇਰ ਇਹ ਸਮਝ ਆਉਣਾ ਕੇ ਬਾਹਰੀ ਬਦੇਹੀ, ਸਰੀਰ ਕੱਪੜ ਰੂਪ ਹੈ ਪਰ ਜੋਤ ਅਮਰ ਹੈ ਜਿਸਦਾ ਕਦੇ ਨਾਸ ਨਹੀਂ ਹੁੰਦਾ। ਨਾ ਕੁਝ ਆਉਂਦਾ ਹੈ ਨਾ ਕੁੱਝ ਜਾਂਦਾ ਹੈ ਇਹ ਤਾਂ ਹਰਿ ਦਾ ਰਚਿਆ ਖੇਲ ਹੈ। ਇਹ ਸਮਝ ਕਿਵੇਂ ਆਉਂਦੀ ਇਸਦੇ ਗੁਰਬਾਣੀ ਵਿੱਚ ਕਈ ਪਰਮਾਣ ਹਨ ਜਿਵੇਂ “ਮਾਇਆ ਮੋਹੁ ਸਰਬ ਜੰਜਾਲਾ॥ ਮਨਮੁਖ ਕੁਚੀਲ ਕੁਛਿਤ ਬਿਕਰਾਲਾ॥ ਸਤਿਗੁਰੁ ਸੇਵੇ ਚੂਕੈ ਜੰਜਾਲਾ॥ ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ॥੬॥ ਗੁਰਮੁਖਿ ਬੂਝੈ ਏਕ ਲਿਵ ਲਾਏ॥ ਨਿਜ ਘਰਿ ਵਾਸੈ ਸਾਚਿ ਸਮਾਏ॥ ਜੰਮਣੁ ਮਰਣਾ ਠਾਕਿ ਰਹਾਏ॥ ਪੂਰੇ ਗੁਰ ਤੇ ਇਹ ਮਤਿ ਪਾਏ॥੭॥”
ਠਾਕੁਰ ਦੀ ਸੋਝੀ ਪ੍ਰਾਪਤ ਗੁਰਸਬਦ ਦੀ ਵਿਚਾਰ ਰਾਹੀਂ ਹੀ ਹੋਣੀ ਹੈ। ਗੁਰਬਾਣੀ ਨੇ ਕਦੀ ਵਾਰ ਆਖਿਆ ਹੈ ਕੇ ਹਰੇਕ ਘਟ (ਹਿਰਦੇ/ਨਿਜ ਘਰ) ਵਿੱਚ ਹਰਿ ਦਾ, ਜੋਤ ਦਾ, ਰਾਮ ਦਾ, ਠਾਕੁਰ ਦਾ ਵਾਸ ਹੈ। ਇਸ ਗਿਆਨ ਨਾਲ ਹੀ ਦੁਖਾਂ ਤੋਂ, ਵਿਕਾਰਾਂ ਤੋ ਨਿਬੇਰਾ ਹੋਣਾ ਹੈ। “ਗੁਰਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ॥ ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ॥੧॥ ਬਿਨੁ ਗੁਰਸਬਦ ਨ ਛੂਟੀਐ ਦੇਖਹੁ ਵੀਚਾਰਾ॥ ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ॥੧॥”। ਠਾਕੁਰ ਤਾਂ ਸਦਾ ਹੀ ਸੰਗ ਹੈ ਹਦੂਰ ਹੈ ਅਸੀਂ ਉਸਨੂੰ ਦੂਰ ਮੰਨ ਰਹੇ ਹਾਂ ਕਿੱਥੇ ਕਿੱਥੇ ਭਟਕ ਕੇ ਲੱਭ ਰਹੇ ਹਾਂ “ਜੋ ਠਾਕੁਰੁ ਸਦ ਸਦਾ ਹਜੂਰੇ॥ ਤਾ ਕਉ ਅੰਧਾ ਜਾਨਤ ਦੂਰੇ॥”। ਠਾਕੁਰ ਕਿਸ ਤਰੀਕੇ ਨਾਲ ਵਿਖੇ, ਕਿਵੈਂ ਸਮਝ ਆਵੇ। ਜੋ ਨਿਰਾਕਾਰ ਹੈ ਉਹ ਗੁਣਾਂ ਦੀ ਵਿਚਾਰ ਰਾਹੀਂ ਗੁਣਾਂ ਰਾਹੀਂ ਪ੍ਰਾਪਤ ਹੁੰਦਾ ਹੈ। ਜਿਵੇਂ ਹਵਾ ਹੈ ਪਰ ਦਿਸਦੀ ਨਹੀਂ, ਉਸਦੇ ਗੁਣ ਹਨ ਕੇ ਅਸੀਂ ਪੱਤੇ ਹਿੱਲਦੇ ਵੇਖ ਸਕਦੇ ਹਾਂ, ਸਾਹ ਲੈਂਦੇ ਹਾਂ, ਸਾਨੂੰ ਗਰਮੀ ਸਰਦੀ ਦਾ ਇਹਸਾਸ ਹਵਾ ਕਾਰਣ ਹੁੰਦਾ ਹੈ। ਉਸੇ ਤਰੀਕੇ ਨਾਲ ਠਾਕੁਰ ਨੂੰ ਉਸਦੇ ਗੁਣਾਂ ਰਾਹੀਂ ਸਮਝਿਆ, ਵੇਖਿਆ ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਜਿਸਨੂੰ ਬ੍ਰਹਮ ਦਾ ਗਿਆਨ ਹੈ ਗੁਰਮਤਿ ਨੇ ਉਸਨੂੰ ਹੀ ਠਾਕੁਰ ਕਹਿਆ ਹੈ “ਬ੍ਰਹਮ ਗਿਆਨੀ ਸਰਬ ਕਾ ਠਾਕੁਰੁ॥” ਭਾਵ ਗਿਆਨ ਨਾਲ ਹੀ ਸੁੱਤਿਆਂ ਨੂੰ ਜਗਾਉਣ ਦਾ ਕੰਮ ਬ੍ਰਹਮ ਗਿਆਨੀ ਕਰਦਾ ਹੈ ਜਿਵੇਂ ਭਗਤਾਂ ਨੇ ਗੁਰੁਆਂ ਨੇ ਕੀਤਾ ਹੈ। ਪਰ ਮਨੁੱਖ ਮਨਮਤਿ (ਚੇਰੀ/ ਚੇਲੀ।ਦਾਸੀ) ਮਗਰ ਲਗ ਕੇ ਠਾਕੁਰ ਨੂੰ ਨਹੀਂ ਮਹਿਸੂਸ ਕਰਦਾ “ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥੭॥” – ਦੁੱਧ (ਗੁਰਮਤਿ ਗਿਆਨ) ਨੂੰ ਛੱਡ ਕੇ ਪੋਖਰ (ਛੱਪੜੀ) ਵਿੱਚ ਮਧਾਣੀ ਮਾਰ ਕੇ ਮੱਖਣ ਨਹੀਂ ਨਿਕਲ ਸਕਦਾ। ਗੁਰਮਤਿ ਦੁੱਧ ਹੈ ਜਿੱਸ ਵਿੱਚੋਂ ਨਾਮ (ਸੋਝੀ) ਮੱਖਣ ਵਾਂਗ ਹੈ। ਅਸੀਂ ਮਨਮਤਿ ਆਪਣੇ ਬੁੱਧ ਦੇ ਭਾਂਡੇ ਵਿੱਚੋਂ ਸਾਫ ਨਹੀਂ ਕੀਤੀ ਤਾਹੀਂ ਗੁਰਮਤਿ ਦੀ ਸੋਝੀ ਨਹੀਂ ਪ੍ਰਾਪਤਾ ਹੁੰਦੀ। ਗੁਰਮਤਿ ਦਾ ਆਦੇਸ਼ ਹੈ ਕੇ “ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ॥੧॥”
”ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ॥੧॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ॥ ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ॥ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ॥ ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ॥ ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨੑ ਕੁਰਬਾਣਾ॥੨॥” – ਇਹ ਪੰਕਤੀਆਂ ਤਾਂ ਹਰ ਸਿੱਖ ਜਿਸਨੇ ਖੰਡੇ ਦੀ ਪਹੁਲ ਲਈ ਹੈ ਜਿਸਨੂੰ ਅੰਮ੍ਰਿਤ ਕਹਿ ਕੇ ਪ੍ਰਚਾਰਿਆ ਜਾ ਰਹਿਆ ਹੈ, ਰੋਜ ਪੜ੍ਹਦੇ ਹਨ ਪਰ ਇਹਨਾਂ ਬਾਰੇ ਵਿਚਾਰ ਕੌਣ ਕਰ ਰਹਿਆ ਹੈ? ਅੰਮ੍ਰਿਤ ਗੁਰਮਤਿ ਨੇ ਕਿਸ ਨੂੰ ਮੰਨਿਆ ਹੈ? ਜਦੋਂ ਤਕ ਗੁਰਮਤਿ ਦੀ ਵਿਚਾਰ ਨਹੀਂ ਕਰਦੇ ਉਦੋਂ ਤਕ ਕੋਈ ਲਾਭ ਨਹੀਂ “ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥” ਵਾਲੀ ਗਲ ਹੈ। ਗੁਰਮਤਿ ਨੇ ਤਾਂ ਸਪਸ਼ਟ ਹੀ ਕਹਿਆ ਹੈ “ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ॥੧॥”। ਗੁਰਬਾਣੀ ਨੇ ਗੁਰ ਦੀ ਸੇਵਾ ਸ਼ਬਦ ਵਿਚਾਰ ਨੂੰ ਦੱਸਿਆ ਹੈ। ਸੇਵਕ ਉਹ ਹੈ ਜੋ ਤੱਤ ਗਿਆਨ ਲਵੇ। ਦਾਸ ਉਹ ਹੈ ਜੋ ਆਗਿਆ ਮੰਨੇ। “ਸੇਵਕੁ ਦਾਸੁ ਭਗਤੁ ਜਨੁ ਸੋਈ॥ ਠਾਕੁਰ ਕਾ ਦਾਸੁ ਗੁਰਮੁਖਿ ਹੋਈ॥ ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ॥ ਤਿਸੁ ਬਿਨੁ ਦੂਜਾ ਅਵਰੁ ਨ ਕੋਈ॥੧॥”
”ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ॥ ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ॥੧॥ ਮਨ ਮਹਿ ਰਾਮ ਨਾਮਾ ਜਾਪਿ॥ ਕਰਿ ਕਿਰਪਾ ਵਸਹੁ ਮੇਰੈ ਹਿਰਦੈ ਹੋਇ ਸਹਾਈ ਆਪਿ॥੧॥” – ਸਾਧੂ ਸੰਗ ਪੇਖਣ ਲਈ ਸਾਧੂ ਕੌਣ ਹੈ ਇਹ ਪਤਾ ਹੋਣਾ ਜਰੂਰੀ ਹੈ। ਸਾਧ ਬਾਹਰ ਨਹੀਂ ਹੁੰਦਾ। ਮਨ ਅਸਾਧ ਹੈ ਵਿਕਾਰਾਂ ਮਗਰ ਭੱਜਦਾ। ਨਾਮ (ਸੋਝੀ) ਪ੍ਰਾਪਤ ਕਰਕੇ ਮਨ ਨੇ ਹੀ ਸਾਧਿਆ ਜਾਣਾ ਤੇ ਸਾਧ ਹੋਣਾ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥”। ਮਨ ਕਿਵੇੰ ਸਾਧਿਆ ਜਾਂਦਾ ਇਹ ਵੀ ਗੁਰਮਤਿ ਨੇ ਦੱਸਿਆ ਹੈ। ਗੁਣਾਂ ਦੀ ਵਿਚਾਰ ਰਾਹੀਂ ਜੋ ਗੁਰ ਪ੍ਰਸਾਦ ਅਰਥ ਨਾਮ (ਸੋਝੀ) ਮਿਲਦੀ ਹੈ ਮਨ ਉਸ ਨਾਲ ਹੀ ਸਾਧਿਆ ਜਾਂਦਾ। “ਇਹੁ ਮਨੂਆ ਕਿਉ ਕਰਿ ਵਸਿ ਆਵੈ॥ ਗੁਰਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ॥੧॥”, “ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ॥”। ਸੋਝੀ ਦੀ, ਨਾਮ (ਸੋਝੀ) ਦੀ ਅਰਦਾਸ (ਅਰਜੋਈ) ਤਾਂ ਭਗਤਾਂ ਨੇ ਤੇ ਗੁਰੁਆਂ ਨੇ ਵੀ ਕੀਤੀ ਹੈ। “ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ॥ ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ॥”,
“ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ॥ ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ॥ ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ॥ ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ॥ ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ॥੧੦॥”,
“ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ॥ ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ॥ ਰਹਾਉ॥ ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ॥ ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ॥੨॥”
”ਰਾਗੁ ਧਨਾਸਰੀ ਮਹਲਾ ੩॥ ਜੋ ਹਰਿ ਸੇਵਹਿ ਤਿਨ ਬਲਿ ਜਾਉ॥ ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ॥ ਸਾਚੋ ਸਾਚੁ ਸਮਾਲਿਹੁ ਦੁਖੁ ਜਾਇ॥ ਸਾਚੈ ਸਬਦਿ ਵਸੈ ਮਨਿ ਆਇ॥੧॥ ਗੁਰਬਾਣੀ ਸੁਣਿ ਮੈਲੁ ਗਵਾਏ॥ ਸਹਜੇ ਹਰਿ ਨਾਮੁ ਮੰਨਿ ਵਸਾਏ॥੧॥ ਰਹਾਉ॥ ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ॥ ਅੰਤਰਿ ਸਾਂਤਿ ਸਹਜਿ ਸੁਖੁ ਪਾਏ॥ ਗੁਰ ਕੈ ਭਾਣੈ ਚਲੈ ਤਾ ਆਪੁ ਜਾਇ॥ ਸਾਚੁ ਮਹਲੁ ਪਾਏ ਹਰਿ ਗੁਣ ਗਾਇ॥੨॥ ਨ ਸਬਦੁ ਬੂਝੈ ਨ ਜਾਣੈ ਬਾਣੀ॥ ਮਨਮੁਖਿ ਅੰਧੇ ਦੁਖਿ ਵਿਹਾਣੀ॥ ਸਤਿਗੁਰੁ ਭੇਟੇ ਤਾ ਸੁਖੁ ਪਾਏ॥ ਹਉਮੈ ਵਿਚਹੁ ਠਾਕਿ ਰਹਾਏ॥੩॥ਕਿਸ ਨੋ ਕਹੀਐ ਦਾਤਾ ਇਕੁ ਸੋਇ॥ ਕਿਰਪਾ ਕਰੇ ਸਬਦਿ ਮਿਲਾਵਾ ਹੋਇ॥ ਮਿਲਿ ਪ੍ਰੀਤਮ ਸਾਚੇ ਗੁਣ ਗਾਵਾ॥ ਨਾਨਕ ਸਾਚੇ ਸਾਚਾ ਭਾਵਾ॥੪॥੫॥“
”ਅੰਮ੍ਰਿਤੁ ਨਾਮੁ ਤੁਮੑਾਰਾ ਠਾਕੁਰ ਏਹੁ ਮਹਾ ਰਸੁ ਜਨਹਿ ਪੀਓ॥ ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ॥੧॥ ਦਰਸਨੁ ਪੇਖਤ ਮੈ ਜੀਓ॥ ਸੁਨਿ ਕਰਿ ਬਚਨ ਤੁਮੑਾਰੇ ਸਤਿਗੁਰ ਮਨੁ ਤਨੁ ਮੇਰਾ ਠਾਰੁ ਥੀਓ॥੧॥”
ਕੋਈ ਰਾਜ ਮੰਗਦਾ ਕੋਈ ਧਨ। ਭਗਤ ਕੇਵਲ ਠਾਕੁਰ ਨਾਮ (ਠਾਕੁਰ ਦਾ ਗਿਆਨ/ਸੋਝੀ) ਮੰਗਦਾ “ੴ ਸਤਿਗੁਰ ਪ੍ਰਸਾਦਿ॥ ਮਾਗਉ ਦਾਨੁ ਠਾਕੁਰ ਨਾਮ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ॥੧॥ ਰਹਾਉ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ॥੧॥ ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ॥ ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ॥੨॥੧॥੬॥” – ਖਾਮ ਹੁੰਦੀ ਖਾਮੀ। ਰਾਜ ਮਾਲ ਅਨੇਕ ਭੋਗ ਰਸ ਇਹ ਸਾਰੇ ਪੇੜ ਦੀ ਛਾਂ ਵਾਂਗ ਹੁੰਦੇ ਹਨ, ਅੱਜ ਹੈ ਕਲ ਨਹੀਂ। ਇੱਦਾਂ ਹੀ “ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ॥ ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ॥੧॥” – ਬਸੁਧਾ (ਸੰਸਾਰ/ ਧਰਤੀ/ਜਮੀਨ) ਦਾ ਰਾਜ ਬਾਰੂ (ਰੇਤੇ) ਦੀ ਭੀਤਿ (ਢੇਰ/ਕੰਧ) ਵਾਂਗ ਹੁੰਦੀ ਹੈ। ਭਗਤ ਰਾਜ ਨਹੀਂ ਮੰਗਦੇ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ॥੧॥”
ਸੋ ਭਾਈ ਗੁਰਮਤਿ ਗਿਆਨ ਨੂੰ ਪੜ੍ਹੋ ਸਮਝੋ, ਭੇਦ ਜਾਣੋ ਗੁਰਮਤਿ ਵਿੱਚ ਪਾਤਿਸ਼ਾਹ ਨੇ ਸਾਨੂੰ ਕੀ ਸਮਝਾਇਆ ਹੈ। ਅੰਮ੍ਰਿਤ ਕੀ ਹੈ, ਨਾਮ ਕੀ ਹੈ ਕਿਵੇਂ ਮਿਲਦਾ। ਠਾਕੁਰ ਕੌਣ ਹੈ। ਇਹ ਸਬ ਗੁਰਮਤਿ ਨੇ ਸਮਝਾਇਆ ਹੈ। ਸਪਸ਼ਟ ਕੀਤਾ ਹੈ। ਜਦੋਂ ਤਕ ਸਾਡੀ ਮਨਸ਼ਾ ਸੰਸਾਰੀ ਹੈ ਸਾਡਾ ਧਿਆਨ ਸੰਸਾਰੀ ਹੈ ਉਦੋਂ ਤਕ ਤੱਤ ਗਿਆਨ ਦੀ ਸੋਝੀ ਨਹੀਂ ਹੋ ਸਕਦੀ। ਗੁਰਮਤਿ ਗਿਆਨ ਨੂੰ ਪੜ੍ਹਨਾ ਵਿਚਾਰਨਾ ਕਿਵੇਂ ਹੈ “ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ॥ ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ॥੧॥”, “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥ ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ॥”। ਸੋ ਬਾਣੀ ਆਪ ਪੜ੍ਹੋ, ਗੁਰਮਤਿ ਗਿਆਨ ਦੇ ਅਰਥ ਗੁਰਬਾਣੀ ਤੋ ਲਵੋ, ਗੁਣਾਂ ਦੀ ਵਿਚਾਰ ਕਰੋ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥”।