Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੂਰਮਾ ਅਤੇ ਪਹਿਲੀ ਜੰਗ

ਗੁਰਮਤਿ ਸੂਰਮਾ ਕਿਸ ਨੂੰ ਮੰਨਦੀ ਹੈ? ਕੀ ਦੇਸ਼, ਕੌਮ, ਰਾਜ ਲਈ ਮਰਨ ਵਾਲਾ ਗੁਰਮਤਿ ਅਨੁਸਾਰ ਸੂਰਮਾ ਹੈ? ਬਥੇਰੇ ਸੂਰਮੇ ਬਹਾਦਰ, ਯੋਧੇ, ਸੂਰਬੀਰ ਹੋਏ ਨੇ ਜਿਹਨਾਂ ਨੂੰ ਲੋਕ ਸ਼ਹੀਦ ਮੰਨਦੇ ਹਨ। ਪਰ ਗੁਰਮਤਿ ਕਿਸ ਨੂੰ ਸੂਰਮਾ ਮੰਨਦੀ ਹੈ ਇਹ ਵਿਚਾਰਨ ਦਾ ਵਿਸ਼ਾ ਹੈ। ਸਿੱਖ ਨੇ ਕਿਹੜੇ ਰਾਜ ਲਈ ਲੜਨਾ ਹੈ ਸਮਝਣ ਲਈ ਵੇਖੋ “ਅਭਿਨਾਸੀ ਰਾਜ ਤੇ ਦੁਨਿਆਵੀ ਰਾਜ”।

ਗੁਰਮਤਿ ਦਾ ਫੁਰਮਾਨ ਹੈ “ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥” – ਭਾਵ ਸੂਰਾ ਉਹੀ ਹੈ ਜਿਸ ਨੇ ਆਪਣੇ ਅੰਦਰੋਂ ਅਹੰਕਾਰ ਵਰਗੇ ਦੁਸਟ (ਵਿਕਾਰ) ਮਾਰ ਲਏ। ਮਨ ਮਾਰ ਕੇ ਗੁਣਾਂ ਨੂੰ ਮੁੱਖ ਰੱਖਿਆ। “ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ॥”। ਇਹ ਸੂਰਮੇ ਪ੍ਰਭ ਆਪ ਥਾਪਦਾ, ਪ੍ਰਭ ਸੂਰਮਤਈ ਉਸਨੂੰ ਸਾਜਦਾ ਜੋ ਹਰਿ ਨਾਮ ਧਨ (ਸੋਝੀ) ਦਾ ਵਾਪਾਰੀ ਹੋਵੇ। ਨਾਮ ਧਨ ਨੂੰ ਸਮਝਣ ਲਈ ਵੇਖੋ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?”।“ਹਰਿ ਧਨ ਕੋ ਵਾਪਾਰੀ ਪੂਰਾ॥ ਜਿਸਹਿ ਨਿਵਾਜੇ ਸੋ ਜਨੁ ਸੂਰਾ॥੧॥”। ਸਿਰ (ਮੈ) ਗੁਰ (ਗੁਣਾਂ) ਨੂੰ ਭੇਟ ਕਰੇ ਤਾਂ ਇਸਦੇ ਬਦਲੇ ਉਸਨੂੰ ਨਾਮ ਧਨ ਪ੍ਰਾਪਤ ਹੁੰਦਾ। ਗੁਰਮਤਿ ਵਾਲਾ ਸੱਚਾ ਸੌਦਾ ਕੀ ਹੈ ਸਮਝਣ ਲਈ ਵੇਖੋ “ਸੱਚਾ ਸੌਦਾ (ਸਚ ਵਾਪਾਰ)”। ਜੋ ਮਨ ਨੂੰ ਮਾਰ ਦਵੇ ਉਹੀ ਸੂਰਾ ਹੈ, ਸੂਰਤਣ ਵੇਸ ਵਿੱਚ ਉਹੀ ਹੈ “ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ॥” ਅਸੀਂ ਕੇਵਲ ਨੀਲੇ ਬਾਣੇ, ਹਜੂਰੀਏ, ਦੁਮਾਲੇ, ਕੇਸਰੀ ਪੱਗ, ਚਿੱਟੇ ਕੁਰਤੇ ਪਜਾਮੀਆਂ ਨੂੰ, ਬਾਹਰੀ ਭੇਖ ਨੂੰ ਹੀ ਸੂਰਮੇ ਦਾ ਵੇਸ ਮੰਨ ਲਿਆ। ਜਿਤਨੇ ਭਗਤ ਹੋਏ ਹਨ ਉਹਨਾਂ ਮਨ ਜਿੱਤਿਆ ਤੇ ਸੀਸ (ਹਉਮੈ) ਗੁਰ (ਗੁਣਾਂ) ਨੂੰ ਭੇਂਟ ਕੀਤਾ ਹੈ। ਭਗਤਾਂ ਦਾ ਵੇਸ ਕੀ ਸੀ? ਬਾਹਰੀ ਪੋਸ਼ਾਕ ਨਹੀਂ ਗਿਆਨ ਤੇ ਸੋਝੀ ਨੂੰ ਵੇਸ ਮੰਨਿਆ ਹੈ ਗੁਰਮਤਿ ਨੇ। ਉਹੀ ਸੂਰਮਾ ਭਗਤੀ ਸ਼ੁਰੂ ਕਰਦਾ ਹੈ ਜੋ ਮਨ ਦੀ ਹੋਂਦ ਨੂੰ ਖਤਮ ਕਰ ਲਵੇ। “ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ॥ ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ॥” ਭਜਣ ਦਾ ਅਰਥ ਗਾਉਣਾ ਨਹੀਂ ਹੁੰਦਾ, ਭਜ ਦਾ ਅਰਥ ਹੁੰਦਾ ਗਿਆਨ ਦੀ ਪਛਾਣ ਕਰਕੇ ਧਾਰਣ ਕਰ ਲੈਣਾ। ਜਦੋਂ ਮਨ ਦੀ ਹੋਂਦ ਗਿਆਨ ਰਾਹੀਂ ਖਤਮ ਹੋ ਜਾਵੇ, ਪੰਚ (ਉੱਤਮ) ਚੋਰ (ਵਿਕਾਰ) ਕਾਬੂ ਹੋ ਜਾਣ, ਮਨ ਆਪਣੀ ਹੋਂਦ ਨੂੰ ਮੰਨ ਕੇ ਮਨੁ ਹੋ ਜਾਵੇ ਤਾਂ ਉਹੀ ਹਰਿ ਹੈ ਰਾਮ ਹੈ। ਰਾਮ ਤੇ ਹਰ ਬਾਰੇ ਜਾਨਣ ਲਈ ਵੇਖੋ “ਹਰਿ” ਅਤੇ “ਗੁਰਮਤਿ ਵਿੱਚ ਰਾਮ”। ਇਹੁ ਮਨੁ ਰਾਜਾ ਸੂਰ ਸੰਗ੍ਰਾਮਿ॥ ਇਹੁ ਮਨੁ ਨਿਰਭਉ ਗੁਰਮੁਖਿ ਨਾਮਿ॥ ਮਾਰੇ ਪੰਚ ਅਪੁਨੈ ਵਸਿ ਕੀਏ॥ ਹਉਮੈ ਗ੍ਰਾਸਿ ਇਕਤੁ ਥਾਇ ਕੀਏ॥੬॥”। ਮਨ ਕੀ ਹੈ? ਮਨ ਅਸਲ ਵਿੱਚ ਕੁਝ ਨਹੀਂ ਹੈ, ਜੀਵ ਨੇ ਬਸ ਦਲਿੱਦਰ ਦਾ, ਵਿਕਾਰਾਂ ਦਾ ਦੋਸ਼ ਆਪਣੇ ਉੱਤੇ ਨਾ ਲੈਣ ਖਾਤਰ ਅੱਗੇ ਕੀਤਾ ਹੋਇਆ ਹੈ ਮਨ। ਮਨ ਬਾਰੇ ਜਾਨਣ ਲਈ ਵੇਖੋ “ਮਨ, ਪੰਚ ਅਤੇ ਮਨਮੁਖ”। ਅਸਲ ਵਿੱਚ ਘਟ/ਬੁੱਧ/ਹਿਰਦੇ ਅੰਦਰ ਕੋਈ ਫੌਜ ਨਹੀਂ ਬੈਠੀ। ਜੀਵ ਆਪ ਹੀ ਮਨ ਹੈ ਜਦੋਂ ਅਗਿਆਨਤਾ ਵਿੱਚ ਹੈ, ਜਦੋਂ ਗਿਆਨ ਲੈਕੇ ਹਰਿਆ ਹੈ ਤਾਂ ਹਰਿ, ਜਦੋਂ ਗੁਣਾਂ ਵਿੱਚ ਰਮਿਆ ਹੇ ਤਾਂ ਆਪ ਹੀ ਰਾਮ ਹੈ। ਮਨ ਆਪ ਜੋਤ ਸਰੂਪ ਹੈ ਪਰ ਭੁੱਲਿਆ ਬੈਰਾ, ਗੁਰਮਤਿ ਰਾਹੀਂ ਚੇਤੇ ਕਰਨਾ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥” ਜੇ ਸੌਖਾ ਮੰਨ ਜਾਵੇ ਠੀਕ ਨਹੀਂ ਤਾਂ ਮਨ ਨਾਲ ਹੀ ਝਗੜਾ ਹੈ, ਪਹਿਲੀ ਜੰਗ ਹੈ। “ਜੋ ਜਨ ਲੂਝਹਿ ਮਨੈ ਸਿਉ ਸੇ ਸੂਰੇ ਪਰਧਾਨਾ॥ ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ॥”, ਮਨ ਨਾਲ ਲੂਝਣਾ (ਲੜਨਾ) ਕਿਵੇਂ ਹੈ? ਇਹ ਵੀ ਗੁਰਬਾਣੀ ਨੇ ਦੱਸਿਆ ਹੈ “ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ॥ ਤਸਕਰ ਪੰਚ ਸਬਦਿ ਸੰਘਾਰੇ॥ ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥੩॥”। ਲੜਨਾ ਭਗਉਤੀ ਨੇ ਹੈ ਤੇ ਭਗਉਤੀ ਹੈ ਗਿਆਨ ਖੜਗ। ਵਿਸਥਾਰ ਵਿੱਚ ਜਾਨਣ ਲਈ ਵੇਖੋ “ਭਗਉਤੀ ਕੌਣ/ਕੀ ਹੈ ?

ਇਹ ਵੀ ਸਾਰੇ ਹੀ ਸਿੱਖ ਜਾਣਦੇ ਹਨ ਤੇ ਮਾਣ ਨਾਲ ਪੜਦੇ ਹਨ ਕੇ “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” – ਪਰ ਦੀਨ ਕੀ ਹੈ? ਖੇਤ ਕੀ ਹੈ? ਇਹ ਕਿਸੇ ਨੇ ਨਹੀਂ ਸਮਝਾਇਆ ਬਸ ਅੰਦਾਜਾ ਹੈ ਕੇ ਦੀਨ ਭਾਵ ਧਰਮ ਤੇ ਧਰਮ ਕੀ ਹੈ ਪਤਾ ਨਹੀਂ। ਗੁਰਮਤਿ ਧਰਮ ਕਿਸ ਨੂੰ ਮੰਨਦੀ ਹੈ ਸਮਝਣ ਲਈ ਵੇਖੋ “ਧਰਮ”। ਗੁਰਬਾਣੀ ਵਿੱਚ ਦਰਜ ਹੈ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥”। ਦੀਨ ਉਹ ਹੈ ਜੋ ਪਰਮੇਸਰ ਸਰਣ ਵਿੱਚ ਆ ਜਾਵੇ, ਜਿਸਨੂੰ ਸਮਝ ਆ ਜਾਵੇ ਕੇ ਵਿਕਾਰ ਤਿਆਗਣੇ ਹਨ ਤੇ ਪਰਮੇਸਰ ਰਜਾ, ਪਰਮੇਸਰ ਹੁਕਮ, ਪਰਮੇਸਰ ਭਾਣੇ ਨਾਲ ਏਕਾ ਕਰਨਾ ਹੈ ਏਕ ਮਤਿ ਹੋਣਾ ਹੈ। ਜੋ ਕੇਵਲ ਨਾਮ (ਸੋਝੀ) ਦੀ ਆਸ ਰੱਖਦਾ ਹੋਵੇ। ਤੇ ਖੇਤ ਹੈ ਜਿੱਥੇ ਮਨ ਨਾਲ, ਵਿਕਾਰਾਂ ਨਾਲ ਜੰਗ ਹੁੰਦੀ। ਇਹ ਅੰਦਰੂਨੀ ਜੰਗ ਹੈ ਬਾਹਰਲੀ ਜੰਗ ਨਹੀਂ। “ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥” – ਜੀਵ ਨੂੰ ਇਹ ਪਤਾ ਲਗ ਜਾਵੇ ਕੇ ਮਨ ਨਾਲ ਜੰਗ ਕਰਨੀ ਹੈ, ਵਿਕਾਰ ਮਾਰਨੇ ਹਨ।

”ਦੋਵੈ ਤਰਫਾ ਉਪਾਇ ਇਕੁ ਵਰਤਿਆ॥ ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ॥ ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ॥ ਮਨਮੁਖ ਕਚੇ ਕੂੜਿਆਰ ਤਿਨੑੀ ਨਿਹਚਉ ਦਰਗਹ ਹਾਰਿਆ॥ ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨੑੀ ਮਾਰਿਆ॥ ਸਚੈ ਅੰਦਰਿ ਮਹਲਿ ਸਬਦਿ ਸਵਾਰਿਆ॥ ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ॥ ਸਤਿਗੁਰੁ ਸੇਵਨਿ ਆਪਣਾ ਤਿਨੑਾ ਵਿਟਹੁ ਹਉ ਵਾਰਿਆ॥੫॥” – ਗੁਰਮਤੀ ਭਾਵ ਗੁਰਮਤ ਰਾਹੀਂ ਸਬਦ ਨੂੰ ਸਮਝਿਆਂ ਸੂਰਮਾ ਹੈ।

ਇਹ ਤਾਂ ਹਰੇਕ ਸਿੱਖ ਨੇ ਹੀ ਸੁਣਿਆ ਹੈ ਕੇ “ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥ ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ॥੧॥” – ਜਿਸ ਨੂੰ ਹਰਿ ਦਾ ਰੰਗ ਲੱਗੇ ਭਾਵ ਹਰਿ ਦੇ ਗੁਣ ਧਾਰਣ ਹੋ ਜਾਣ “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ॥” ਉਹੀ ਇਸ ਜੁਗ ਵਿੱਚ ਸੂਰਮਾ ਹੈ। ਜੁਗ ਸਮਝਣ ਲਈ ਵੇਖੋ “ਗੁਰਬਾਣੀ ਵਿੱਚ ਜੁਗ”। ਉਹੀ ਸੂਰਮਾ ਹੈ ਜਿਸਨੇ ਆਤਮ ਵੱਸ ਕਰ ਲਿਆ। ਜਿਸਦੀਆਂ ਗਿਆਨ ਇੰਦ੍ਰੀਆਂ ਕਾਬੂ ਵਿੱਚ ਹਨ। ਵਿਕਾਰ ਕਾਬੂ ਵਿੱਚ ਹਨ। ਸਤਿਗੁਰ (ਸੱਚੇ ਦੇ ਗੁਣ) ਪੂਰੇ ਹਨ। “ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ॥ ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ॥੧॥” – ਨਾਮ (ਗੁਰਮਤਿ ਗਿਆਨ ਦੀ ਸੋਝੀ) ਦੁਖ ਵਿੱਚ, ਸੁੱਖ ਵਿੱਚ ਜਪਤ (ਪਛਾਣ) ਕੇ ਸੂਰਮਾ ਆਪਣੇ ਘਟ ਵਿੱਚ ਨਾਮ ਦਾ ਉਜਿਆਰਾ/ਚਾਨਣਾ ਕਰਦਾ ਹੈ ਅਗਿਆਨਤਾ ਦੇ ਹਨੇਰੇ ਨੂੰ ਮਿਟਾਉਂਦਾ ਹੈ। ਇਹੀ ਸੂਰਮਾ ਮੁਕਤ ਹੈ “ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਿਪਾਇ॥”, “ਸਤ ਸੰਤੋਖੀ ਸਤਿਗੁਰੁ ਪੂਰਾ॥ ਗੁਰ ਕਾ ਸਬਦੁ ਮਨੇ ਸੋ ਸੂਰਾ॥ ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ॥

ਨਾਮ ਬਾਰੇ, ਵਾਪਾਰ ਬਾਰੇ, ਰਾਜ ਬਾਰੇ ਲੇਖ ਹਨ। ਬਿਨਤੀ ਹੈ ਕੇ ਉਹਨਾਂ ਨੂੰ ਪੜ੍ਹ ਕੇ ਵਿਚਾਰ ਕੀਤੀ ਜਾਵੇ ਤਾ ਹੀਂ ਅੱਗੇ ਗਲ ਸਮਝ ਲੱਗੇ ਕੇ ਰਾਜ ਜੋਗ ਕੀ ਹੈ ਗੁਰਮਤਿ ਵਿੱਚ। ਪਾਤਿਸ਼ਾਹ ਆਖਦੇ “ਜੋ ਇਸੁ ਮਾਰੇ ਸੋਈ ਸੂਰਾ॥ ਜੋ ਇਸੁ ਮਾਰੇ ਸੋਈ ਪੂਰਾ॥ ਜੋ ਇਸੁ ਮਾਰੇ ਤਿਸਹਿ ਵਡਿਆਈ॥ ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ॥੧॥ ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ॥ ਇਸਹਿ ਮਾਰਿ ਰਾਜ ਜੋਗੁ ਕਮਾਵੈ॥੧॥” – ਇਸ ਭਾਵ ਦੁਬਿਧਾ ਨੂੰ ਜੋ ਗੁਰਮਤਿ ਗਿਆਨ ਤੋਂ ਪ੍ਰਾਪਤ ਨਾਮ (ਸੋਝੀ) ਨਾਲ ਮਾਰ ਦੇਵੇ ਭਾਵ ਮੁਕਾ ਦੇਵੇ ਉਹੀ ਪੂਰਾ ਹੈ, ਉਹੀ ਸੂਰਮਾ ਹੈ, ਉਸੇ ਦਾ ਦੁਖ ਜਾਣਾ ਤੇ ਇਹੀ ਸਹਿਜ ਜੋਗ ਹੈ। “ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ॥ ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ॥੨॥

ਗੁਰਬਾਣੀ ਕਰਮ ਦੀ ਥਾਂ ਹੁਕਮ ਦੀ ਵਿਚਾਰਧਾਰਾ ਹੈ। ਜਿੱਥੇ ਦੁਨਿਆਵੀ ਧਰਮ ਕਰਮ (ਕੰਮ/ਕਿਸੇ ਖਾਸ ਕਾਰਜ ਨੂੰ) ਕੀਤਿਆਂ ਮੁਕਤੀ ਦੀ ਗਲ ਕਰਦੇ ਹਨ, ਉੱਥੇ ਗੁਰਮਤਿ ਹੁਕਮ, ਪਰਮੇਸਰ ਦਯਾ, ਉਸਦਾ ਕਰਮ (ਸੁਹੇਲੀ ਨਜ਼ਰ/ਨਦਰ), ਭਾਣੇ ਦੀ ਵਿਚਾਰਧਾਰਾ ਹੈ। ਗੁਰਮਤਿ ਦਾ ਫੁਰਮਾਨ ਹੈ ਕੇ ਕੋਈ ਹੀਣ, ਕੋਈ ਚਤੁਰ, ਕੋਈ ਮੂਰਖ ਜਾ ਕੋਈ ਸੂਰਮਾ ਨਹੀਂ ਹੈ, ਜੋ ਹੋ ਰਹਿਆ ਹੈ ਉਹ ਸਬ ਭਾਣੇ ਵਿੱਚ ਹੀ ਹੋ ਰਹਿਆ ਹੈ। ਜੋ ਅਕਾਲ ਦਾ ਹੁਕਮ ਹੈ ਉਹੀ ਕਿਸੇ ਕਮਜੋਰ ਦਿਖਣ ਵਾਲੇ ਤੋਂ ਸੂਰਮਿਆਂ ਵਾਲੇ ਕੰਮ ਕਰਾ ਲੈਂਦਾ ਹੈ “ਨਾ ਕੋ ਚਤੁਰੁ ਨਾਹੀ ਕੋ ਮੂੜਾ॥ ਨਾ ਕੋ ਹੀਣੁ ਨਾਹੀ ਕੋ ਸੂਰਾ॥ ਜਿਤੁ ਕੋ ਲਾਇਆ ਤਿਤ ਹੀ ਲਾਗਾ॥ ਸੋ ਸੇਵਕੁ ਨਾਨਕ ਜਿਸੁ ਭਾਗਾ॥“, “ ਨ ਕੋਈ ਸੂਰੁ ਨ ਕੋਈ ਹੀਣਾ ਸਭ ਪ੍ਰਗਟੀ ਜੋਤਿ ਤੁਮੑਾਰੀ॥੫॥

ਹਉਮੈ ਕਾਰਣ ਹੀ ਪਾਪ ਪੁੰਨ ਦੀ, ਸੁਰਗ ਨਰਕ ਦੀ ਤੇ ਮਾਸ ਦੇ ਤਿਆਗੀ ਹੋਣ ਦੀ ਸੋਚ ਰੱਖਦਾ। ਪਾਪ ਪੁੰਨ ਬਾਰੇ ਜਾਨਣ ਲਈ ਵੇਖੋ “ਪਾਪ ਪੁੰਨ (paap/punn)”। ਸੁਰਗ ਤੇ ਨਰਕ ਬਾਰੇ ਗੁਰਬਾਣੀ ਦਾ ਫੁਰਮਾਨ ਵਿਚਾਰਨ ਲਈ ਵੇਖੋ “ਸੁਰਗ ਤੇ ਨਰਕ (Swarg te Narak)”। ਮਾਸ ਬਾਰੇ ਗੁਰਮਤਿ ਵਿਚਾਰ ਸਮਝਣ ਲਈ ਵੇਖੋ “ਮਾਸ ਖਾਣਾ (Eating Meat) ਅਤੇ ਝਟਕਾ (Jhatka)”। ਹਉਮੈ ਦਾ ਭਰਿਆ ਅਹੰਕਾਰ ਵਿੱਚ ਮਨੁੱਖ ਆਪ ਹੀ ਆਪਣੇ ਆਪ ਨੂੰ ਵੱਡਾ ਦਾਨੀ, ਸੂਰਮਾ, ਗਿਆਨੀ, ਪੰਡਤ, ਦੇਵਤਾ (ਦੇਣ ਵਾਲਾ), ਦਾਨੀ ਮੰਨ ਲੈਂਦਾ ਹੈ, ਹਉਮੈ ਕਾਰਣ ਹੀ ਬਿਨਾ ਗਿਆਨ ਦੇ ਹੀ ਪਾਤਿਸ਼ਾਹੀ ਦਾਵੇ ਕਰੀ ਜਾਂਦਾ। ਹਉਮੈ ਕਾਰਣ ਹੀ ਮਾਨ ਅਪਮਾਨ, ਜਸ ਅਪਜਸ ਵਿੱਚ ਫਸਿਆ। ਹਉਮੈ ਕਾਰਣ ਹੀ ਡਰਦਾ ਵੀ ਬੈ ਅੰਦਰੋਂ ਕਿਉਂਕੇ ਵੱਡੇ ਵੱਡੇ ਦਾਵੇ ਤਾ ਕਰ ਲੈਂਦਾ ਪਰ ਫੇਰ ਅਰਦਾਸਾਂ ਕਰ ਕਰ ਪੂਰੇ ਹੋਣ ਦੀ ਆਸ ਕਰਦਾ। ਹਉਮੈ ਹੀ ਸੰਸਾ (ਸ਼ੰਕਾ) ਦਾ ਕਾਰਣ ਹੈ। “ਦੇਵ ਸੰਸੈ ਗਾਂਠਿ ਨ ਛੂਟੈ॥ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ॥੧॥ ਰਹਾਉ॥ ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ॥ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ॥੨॥ ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ॥ ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ॥” – ਤੇ ਭਗਤ ਰਵਿਦਾਸ ਜੀ ਆਖਦੇ ਸਾਰੇ ਬਉਰੇ ਹਨ, ਮੈਂ ਤਾਂ ਹੁਕਮ ਸਮਝ ਕੇ, ਨਾਮ (ਹੁਕਮ ਦੀ ਸੋਝੀ) ਨੂੰ ਆਧਾਰ ਬਣਾ ਲਿਆ ਹੈ।

ਭਾਈ ਸੂਰਮਾ ਤਾਂ ਉਹੀ ਹੈ ਜਿਸਨੇ ਪਹਿਲੀ ਜੰਗ ਘਟ ਅੰਦਰ ਗਿਆਨ ਖੜਗ ਨਾਲ ਮਨ ਨਾਲ ਲੜਦਿਆਂ ਜਿੱਤ ਲਈ “ਸੋਈ ਚਤੁਰੁ ਸਿਆਣਾ ਪੰਡਿਤੁ ਸੋ ਸੂਰਾ ਸੋ ਦਾਨਾਂ॥ ਸਾਧਸੰਗਿ ਜਿਨਿ ਹਰਿ ਹਰਿ ਜਪਿਓ ਨਾਨਕ ਸੋ ਪਰਵਾਨਾ॥”। ਜਿਸਨੇ ਮਨ ਜਿੱਤ ਕਿਆ ਉਹ ਤਾਂ ਜਗ ਜਿੱਤ ਲੈਂਦਾ “ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ॥”। ਜਿਸ ਨੇ ਸੀਸ (ਮੈਂ/ਹਉਮੈ ਤਿਆਗ ਕੇ) ਗੁਰ (ਗੁਣਾਂ) ਨੂੰ ਸਮਰਪਿਤ ਕਰ ਦਿੱਤਾ। ਸਾਧ ਦਾ ਸੰਗ ਕੀਤਾ। ਗੁਰਮਤਿ ਸਾਧ ਕਿਸ ਨੂੰ ਮੰਨਦੀ ਜਾਨਣ ਲਈ ਵੇਖੋ “ਸੰਗਤ, ਸਾਧ ਸੰਗਤ ਅਤੇ ਸਤਿ ਸੰਗਤ”।

ਦਸਮ ਬਾਣੀ ਵਿੱਚ ਵੀ ਦੁਰਗਾ, ਗੁਰਮਤਿ ਦੀ ਧਾਰਣੀ, ਗਿਆਨ ਖੜਗ ਧਾਰਣ ਕੀਤੀ ਹੋਈ ਬੁੱਧ (ਸੁਚੱਜੀ ਗੁਣਵੰਤੀ ਮੀਰਾ) ਦੀ ਪ੍ਰਤੀਕ ਹੈ ਜੋ ਦੁਰਗ (ਕਿਲੇ ਰੂਪੀ ਮਨ) ਵਿੱਚ ਵਾਸ ਕਰਕੇ ਦੈਤਾਂ/ਅਸੁਰਾਂ (ਵਿਕਾਰਾਂ) ਦਾ ਨਾਸ ਕਰਦੀ ਹੈ। “ਉਗਵੈ ਸੂਰੁ ਅਸੁਰ ਸੰਘਾਰੈ॥ ਊਚਉ ਦੇਖਿ ਸਬਦਿ ਬੀਚਾਰੈ॥ ਊਪਰਿ ਆਦਿ ਅੰਤਿ ਤਿਹੁ ਲੋਇ॥ ਆਪੇ ਕਰੈ ਕਥੈ ਸੁਣੈ ਸੋਇ॥” – ਭਾਵ ਦਸਮ ਬਾਣੀ ਵਿੱਚ, ਸੂਰਮਾਂ (ਖਾਲਸਾ/ ਨਾਮ ਤੋਂ ਸੋਝੀ ਪ੍ਰਾਪਤ ਕਰ ਚੁੱਕਾ ਸੂਰਮਾ) ਇਹਨਾਂ ਅਸੁਰਾਂ, ਰਾਕਸ਼ਸ, ਹਰਿਣਾਖਸ ਦੁਸਟ ਜੋ ਭਿੰਨ ਭਿੰਨ ਰੂਪ ਵਿੱਚ ਪ੍ਰਗਟ ਹੁੰਦੇ ਉਹਨਾਂ ਨਾਲ ਦੇਵੀ (ਗੁਰਮਤਿ ਦੀ ਧਾਰਣੀ ਬੁੱਧ) ਦੀ ਲੜਾਈ ਦਾ ਵਰਣਨ ਕਥਾ ਕਹਾਣੀਆਂ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਸਾਡਾ ਦੋਸ਼ ਹੈ ਕੇ ਅਸੀਂ ਆਦਿ ਬਾਣੀ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਹੀ ਦਸਮ ਬਾਣੀ ਨੂੰ ਬਿਨਾਂ ਪੜ੍ਹੇ ਸਮਝੇ ਤੇ ਵਿਚਾਰੇ ਆਪਣੇ ਆਪ ਨੂੰ ਸਿਆਣਾ ਮੰਨ ਕੇ ਬਾਣੀ ਤੇ ਕਿੰਤੂ ਪਰੰਤੂ ਕਰਨ ਲਗ ਪਏ। ਆਪਣਾ ਮਨ ਮਾਰਿਆ ਨਹੀਂ ਤੇ ਦਸਮ ਬਾਣੀ ਦਾ ਵਿਰੋਧ ਕਰਨ ਲਗ ਪਏ।

ਸੋ ਭਾਈ ਬਾਣੀ ਨੂੰ ਪੜ੍ਹੋ ਵਿਚਾਰੋ ਤੇ ਸਮਝੋ। ਪਹਿਲੀ ਜੰਗ ਅੰਦਰਲੀ ਹੈ। ਗੁਰਮਤਿ ਵਾਲਾ ਸੂਰਮਾ ਬਣਨ ਲਈ ਜਗ ਜਿੱਤਣ ਲਈ ਆਪਣੇ ਮਨ ਨੂੰ ਪਹਿਲਾਂ ਜਿੱਤਣਾ ਹੈ। ਗੁਰਮਤਿ ਗਿਆਨ ਤੋਂ ਸੋਝੀ ਲੈਣੀ ਹੈ। ਵਿਕਾਰ ਕਾਬੂ ਕਰਨੇ ਹਨ। ਅਸਲ ਵਿੱਚ ਅਸੀਂ ਆਪ ਕਾਬੂ ਨਹੀਂ ਕਰ ਸਕਦੇ ਨਾਮ (ਸੋਝੀ) ਪ੍ਰਾਪਤੀ ਨਾਲ ਹੋ ਜਾਣੇ। ਇਹੀ ਗੁਰਪ੍ਰਸਾਦ ਹੈ। ਸਰਬਲੋਹ ਦੀ ਖੜਗ ਚੱਕ ਲੈਣਾ ਮਾਇਆ ਨਗਰੀ ਵਿੱਚ ਭਾਵੇਂ ਸੂਰਮਾ ਸਮਝਿਆ ਜਾਵੇ ਪਰ ਦਰਗਾਹ ਵਿੱਚ ਮਨ ਜਿੱਤਣ ਵਾਲੇ ਦੀ ਹਾਜਰੀ ਹੋਣੀ। ਬਾਣੀ ਪੜ੍ਹੋ, ਸਮਝੋ ਅਤੇ ਵਿਚਾਰੋ।

Resize text