Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸ਼ਹੀਦੀ ਦਿਹਾੜੇ

ਵੈਸੇ ਤਾਂ ਸਿੱਖ ਇਤਿਹਾਸ ਵਿੱਚ ਕੋਈ ਵੀ ਦਿਨ ਐਸਾ ਨਹੀਂ ਜਿਸ ਦਿਨ ਸ਼ਹੀਦੀ ਨਾ ਹੋਈ ਹੋਵੇ, ਕਿਸੇ ਗੁਰਮੁਖ ਦਾ ਜਨਮ ਜਾਂ ਅਕਾਲ ਚਲਾਣਾ ਨਾ ਹੋਇਆ ਹੋਵੇ ਪਰ ਖਾਸ ਦਿਸੰਬਰ ਦੇ ਮਹੀਨੇ ਦੇਖਣ ਨੂੰ ਮਿਲਦਾ ਹੈ ਕੇ ਲਗਭਗ ਸਾਰੇ ਹੀ ਪ੍ਰਚਾਰਕ ਤੇ ਕਥਾਵਾਚਕ ਸਾਹਿਬਜ਼ਾਦਿਆਂ ਦੀ ਸ਼ਹੀਦੀ, ਠੰਡੇ ਬੁਰਜ, ਚਮਕੌਰ ਦੀ ਗੜ੍ਹੀ ਬਾਰੇ ਭਿੰਨ ਭਿੰਨ ਤਰੀਕੇ ਦੇ ਬਿਆਨ, ਕਥਾ ਕਹਾਣੀਆਂ, ਸਾਖੀਆਂ ਦੱਸਣ ਲੱਗ ਜਾਂਦੇ ਨੇ। ਕਈ ਸਿੱਖ ਹੋਕੇ ਭਿੰਨ ਭਿੰਨ ਤਰੀਕਿਆਂ ਨਾਲ ਆਪਣੀ ਸ਼ਰਧਾ ਪ੍ਰਕਟ ਕਰਨ ਲੱਗ ਜਾਂਦੇ ਨੇ। ਕਈ ਕਈ ਕਵਿੰਟਲ ਖਾਣ ਦਾ ਸਮਾਨ ਸਰਸੇ ਵਿੱਚ ਬਹਾ ਦਿੱਤਾ ਜਾਦਾ ਹੈ ਸੜਕਾਂ ਤੇ ਰੁਲਦਾ ਹੈ। ਕਈ ਤਾਂ ਹੁਣ ਸਰਸਾ ਪਾਰ ਕਰਨ ਦਾ ਨਾਟਕ ਵੀ ਕਰਦੇ ਹਨ।

ਮਾਤਮ ਮਨਾਉਣਾ ਹੀ ਹੈ ਤਾਂ ਸ਼ਹੀਦੀਆਂ ਦਾ ਮਾਤਮ ਤਾਂ ਸਬ ਤੋਂ ਵਧੀਆ ਮੁਹੱਰਮ ਤੇ ਮੁਸਲਮਾਨ ਮਨਾਉਂਦੇ ਹਨ। ਨਾ ਸਿਰਫ਼ ਰੋਂਦੇ ਕੁਰਲਾਉਂਦੇ, ਭੁੱਖੇ ਰਹਿੰਦੇ ਹਨ, ਆਪਣੇ ਪਿੰਡੇ ਤੋਂ ਖੂਨ ਵੀ ਨਾਲ ਕੱਡਦੇ ਹਨ ਆਪਣੇ ਆਪ ਨੂੰ ਜਖ਼ਮ ਦੇਕੇ, ਕੋੜੇ ਮਾਰ ਕੇ, ਨੁਕੀਲੀ ਵਸਤੂਆਂ ਨਾਲ ਸ਼ਰੀਰ ਖੂਨੋਂ ਖੂਨ ਕਰ ਲੈਂਦੇ ਨੇ, ਇਹ ਵੀ ਆਖਦੇ ਨੇ ਕੇ ਅਸੀਂ ਕਰਬਲਾ ਵਿੱਚ ਕਿਉਂ ਨਹੀਂ ਸੀ। ਇਹ ਸਬ ਪਖੰਡ ਹੈ।

ਕੋਈ ਪੁੱਛੇ ਸਾਡੇ ਪਖੰਡੀਆਂ ਤੋਂ ਕੇ ਜਦੋਂ ਸਾਹਿਬਜਾਦੇ ਸ਼ਹੀਦ ਹੋਏ ਤਾਂ ਪੰਜਾਬ ਦੇ ਪਿੰਡਾਂ ਦੇ ਲੋਕ ਕਿੱਥੇ ਸੀ? ਜਦੋਂ ਚਮਕੌਰ ਦੀ ਗੜੀ ਤੇ ਘੇਰਾ ਪਿਆ ਪੰਜਾਬ ਸੁੱਤਾ ਕਿਉਂ ਰਹਿਆ? ਦੱਸ ਲੱਖ ਦੀ ਫੌਜ ਆਈ ਹੋਵੇ ਤੇ ਕਿਸੇ ਨੂੰ ਪਤਾ ਨਾ ਲੱਗਿਆ? ਅਨੰਦਪੁਰ ਦੇ ਕਿਲੇ ਤੇ ਕਈ ਮਹੀਨੇ ਘੇਰਾ ਪਿਆ ਰਹਿਆ, ਕਿਹੜੇ ਸਿੰਘ ਸੀ ਜੋ ਦਿਵਾਰਾਂ ਟੱਪ ਕੇ ਭੱਜੇ ਸੀ ਕੇ ਮਸਤ ਹਾਥੀ ਜਾਂ ਫੌਜਾਂ ਨਾਲ ਮੁਕਾਬਲਾ ਨਾ ਕਰਨਾ ਪਵੇ, ਕਿਹੜੇ ਪਰਿਵਾਰ ਸੀ ਜਿਹੜੇ ਘਰਾਂ ਤੋਂ ਕੂਚ ਕੀਤੇ ਪਾਤਿਸ਼ਾਹ ਨਾਲ ਖੜ ਕੇ ਲੜਨ ਲਈ। ਚਮਕੌਰ ਦੀ ਗੜੀ ਪੈਸੇ ਦੇ ਕੇ ਖਰੀਦਣੀ ਕਿਉਂ ਪਈ? ਜਦੋਂ ਜੰਗ ਵਿੱਚ ਸ਼ਹੀਦੀਆਂ ਹੋਈਆਂ ਕਿਤਨਿਆਂ ਦੇ ਪਰਿਵਾਰ ਪਰਤੇ ਚਮਕੌਰ ਵੱਲ ਨੂੰ? ਜਦੋਂ ਸਾਹਿਬਜ਼ਾਦੇ ਠੰਡੇ ਬੁਰਜ ਤੇ ਬੰਦੀ ਸਨ ਤਾਂ ਕਿਉਂ ਨਹੀਂ ਉੱਥੇ ਕੂਚ ਕੀਤਾ? ਅੱਜ ਜਦੋਂ ਢਿੱਡ ਭਰੇ ਹੋਏ ਨੇ, ਤੇ ਕੋਈ ਖਤਰਾ ਨਹੀਂ, ਲੋਕਾਂ ਨੂੰ ਗੱਲਾਂ ਆਉਣ ਲੱਗ ਪਾਈਆਂ।

ਸਿੰਘਾਂ ਦੀ ਜੰਗ ਰਾਜ ਤੇ ਸੱਤਾ ਦੀ ਲੜਾਈ ਨਹੀਂ ਸੀ ਸਿਧਾਂਤ ਦੀ ਸੀ। ਗੁਰਮਤਿ ਗਿਆਨ ਤੇ ਗੁਰਮਤਿ ਵਿਚਾਰਧਾਰਾ ਦੇ ਖਿਲਾਫ਼ ਸੀ ਬਾਹਮਣ ਵੀ ਤੇ ਮੁੱਲਾਂ ਵੀ, ਅੱਜ ਵੀ ਹੈ। ਸਿੱਖੀ ਦੇ ਭੇਸ ਵਿੱਚ ਵੀ ਹਨ ਅੱਜ ਜੋ ਗੁਰਮਤਿ ਦਾ ਸਹੀ ਪ੍ਰਚਾਰ ਨਾ ਕਰਦੇ ਨੇ ਤੇ ਦੂਜਿਆਂ ਨੂੰ ਵੀ ਰੋਕਦੇ ਨੇ। ਸਿੱਖਾਂ ਨੂੰ ਝੂਠੀ ਸ਼ਰਧਾ ਵਿੱਚ ਫਸਾ ਕੇ ਰੱਖਦੇ ਨੇ, ਕਰਮ ਕਾਂਡਾਂ ਤੇ ਦੁਨਿਆਵੀ ਗੱਲਾਂ ਵਿੱਚ ਫਸਾ ਕੇ ਰੱਖਦੇ ਨੇ। ਗੁਰਮਤਿ ਵਿਚਾਰਧਾਰਾ ਨੂੰ ਬਚਾਉਣ ਦੀ ਲੜਾਈ ਲੜੀ ਸਾਹਿਬਜ਼ਾਦਿਆਂ ਨੇ, ਪਾਤਿਸ਼ਾਹ ਨੇ, ਭਗਤਾਂ ਨੇ ਤੇ ਸੂਰਬੀਰ ਬਹਾਦਰ ਯੋਧਿਆਂ ਨੇ। ਇਹੀ ਸ਼ਹੀਦੀਆਂ ਧ੍ਰੂ, ਪ੍ਰਹਿਲਾਦ, ਕਬੀਰ ਜੀ ਦੇ ਸਮੇਂ ਵੀ ਹੋਈਆਂ। ਹੱਸਦੇ ਮੁਸਕਰਾਉਂਦੇ ਹੋਏ ਜਿਹਨਾਂ ਨੇ ਸ਼ਹੀਦੀਆਂ ਦਿੱਤੀਆਂ ਹੋਣ ਤੁਸੀਂ ਉਹਨਾਂ ਨੂੰ ਡਰਾਮੇ ਕਰਕੇ ਸ਼ਰਧਾਂਜਲੀ ਦੇਣੀ ਜਾਂ ਜਿਸ ਵਿਚਾਰਧਾਰਾ ਲਈ ਉਹ ਲੜੇ ਤੇ ਮੌਤ ਨੂੰ ਗਲ ਲਾਇਆ ਉਸਦਾ ਪ੍ਰਚਾਰ ਕਰਕੇ? ਕਿਹੜਾ ਪ੍ਰਚਾਰਕ ਗੁਰਮਤਿ ਦੀ ਸਹੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹਿਆ? ਕਿਤਨਿਆਂ ਨੇ ਤੇ ਗੁਰਮਤਿ ਦੀ ਕਿਹੜੀ ਗਲ ਦਾ ਪ੍ਰਚਾਰ ਕੀਤਾ ਪਹਿਲਾਂ ਇਹ ਚੈਕ ਕਰੋ। ਸਾਡੇ ਪ੍ਰਚਾਰਕਾਂ ਕੋਲੋਂ ਲੋਕਾਂ ਨੂੰ ਇਹ ਤਾਂ ਦੱਸਿਆ ਨਹੀਂ ਗਿਆ ਕੇ “ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ॥ ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ॥੧੬॥”। ਮੌਤ ਬਾਰੇ ਗੁਰਬਾਣੀ ਕੀ ਆਖਦੀ ਹੈ ਇਸਦਾ ਸਹੀ ਪ੍ਰਚਾਰ ਕਿਸੇ ਨੇ ਨਹੀਂ ਕੀਤਾ “Death ਮਰਨਾ ਕੀ ਹੈ”। ਜੇ ਗੁਰਬਾਣੀ ਹਾਡ ਮਾਸ ਦੇ ਬਣੇ ਸ਼ਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਦੀ ਫੇਰ ਸ਼ਰੀਰ ਦੀ ਮੌਤ ਸ਼ਹੀਦੀ ਕਿਵੇਂ ਹੋ ਸਕਦੀ ਹੈ? ਇਹ ਬਹੁਤ ਡੂੰਘੀ ਵਿਚਾਰ ਹੈ ਸੋਚ ਕੇ ਵਖੋ।

ਬਸ ਡਰਾਮੇ ਕਰਦੇ ਨੇ ਸਾਰੇ ਵੱਡੀਆਂ ਵੱਡੀਆਂ ਗੱਲਾਂ ਕਰਕੇ। ਕੋਈ ਆਖਦਾ ਇੱਕ ਹਫਤਾ ਗੁਰਦੁਆਰੇ ਜਾਓ, ਕੋਈ ਆਖਦਾ ਖੁਸ਼ੀ ਦੇ ਕਾਰਜ ਨਾ ਕਰੋ, ਕੋਈ ਆਖਦਾ ਠੰਡ ਵਿੱਚ ਭੁੰਜੇ ਸੋਵੋ। ਕੀ ਇਸ ਤਰੀਕੇ ਨਾਲ ਗੁਰਮਤਿ ਦਾ ਪ੍ਰਚਾਰ ਹੋ ਜਾਓ? ਜੇ ਹੋ ਜਾਓ ਤਾਂ ਕਰੋ ਇਹ ਸਾਰੇ ਕੰਮ। ਅੱਧਾ ਪੰਜਾਬ ਸਾਡਾ ਐਵੇਂ ਹੀ ਸਿੱਖੀ ਛੱਡ ਗਿਆ ਸਾਡੇ ਤੋਂ ਬਾਟਾ ਇੱਕ ਹੋਇਆ ਨਹੀਂ। ਜਾਤ ਪਾਤ ਅੱਜ ਵੀ ਉੱਦਾ ਹੀ ਮੰਨ ਰਹੇ ਨੇ ਸਿੱਖ। ਧਿੜੇ ਸਾਡੇ ਹਜਾਰਾਂ ਬਣ ਗਏ ਜਿਹਨਾਂ ਦੀ ਆਪਸ ਵਿੱਚ ਰਾਸ ਰਲਦੀ ਨਹੀਂ। ਹਰ ਰੋਜ ਅਗਿਆਨੀਆਂ ਦੇ ਬਿਆਨ ਸੁਣਨ ਨੂੰ ਮਿਲਦੇ ਨੇ ਸੋਸ਼ਲ ਮੀਡੀਆ ਤੇ। ਕੋਈ ਕੁੱਝ ਵੀ ਬੋਲੀ ਜਾਂਦਾ ਭਾਵੇਂ ਗੁਰਮਤਿ ਸਮਝ ਆਈ ਹੋਵੇ ਨਾ ਹੋਵੇ। ਨਾਨਕ ਦੇ ਨਾਮ ਦੇ ਡੇਰਿਆਂ ਵਿੱਚ ਕੀ ਕੁਝ ਹੋਈ ਜਾਂਦਾ ਅਕਲ ਫੇਰ ਨਹੀਂ ਆ ਰਹੀ। ਲੀਡਰ ਸਾਡੇ ਨਿਰਲੱਜ ਨੇ। ਪੰਜ ਪਿਆਰੇ ਬਣਕੇ ਲੋਕਾ ਨੂੰ ਆਦੇਸ਼ ਦੇ ਦਿੰਦੇ ਨੇ ਭਾਵੇਂ ਗੁਰਮਤਿ ਨਾਲ ਗਲ ਮੇਲ ਖਾਂਦੀ ਹੋਵੇ ਜਾਂ ਨਾ ਤੇ ਭਾਵੇਂ ਗੁਰਮਤਿ ਤੋਂ ਉਲਟ ਹੀ ਕਿਉਂ ਨਾ ਹੋਵੇ ਤੇ ਲੋਕ ਵਿਚਾਰੇ ਸ਼ਰਧਾ ਵਿੱਚ ਫਸੇ ਬਿਨਾਂ ਕੁੱਝ ਬੋਲੇ ਸਮਝੇ ਮੰਨ ਲੈਂਦੇ ਨੇ। ਵੇਖੋ “ਗੁਰੂ ਬਨਾਮ ਪੰਜ ਪਿਆਰਿਆਂ ਦਾ ਆਦੇਸ਼”। ਜਿਵੇਂ ਰਾਮ ਲੀਲਾ ਵਿੱਚ ਨਕਲ ਹੁੰਦੀ, ਸ਼ਹੀਦਾਂ ਨੇ ਜੋ ਹੰਡਾਇਆ ਉਸਦੀ ਨੌਟੰਕੀ ਕਰਕੇ ਬਰਾਬਰੀ ਕਿਵੇਂ ਕਰ ਲੈਣੀ?

ਇਹਨਾਂ ਦਿਨਾਂ ਵਿੱਚ ਫਤਿਹ ਗੜ੍ਹ ਜਾ ਕੇ ਵੇਖੋ ਲੋਕੀ ਧੱਕੇ ਮੁੱਕੀ ਹੋਏ ਹੁੰਦੇ ਨੇ। ਬੀਬੀਆਂ, ਬੱਚੀਆਂ ਤੇ ਨਿੱਕੇ ਜਹਾਕ ਗੁਰੂ ਘਰ ਦੇ ਅੰਦਰ ਪਹੁੰਚਣ ਲਈ ਕਿਸ ਹਾਲਾਤ ਵਿੱਚ ਹੁੰਦੇ ਨੇ। ਲੋਕਾਂ ਨੇ ਵੱਖ ਵੱਖ ਲੰਗਰ ਦੇ ਸਟਾਲ ਲਾਏ ਹੁੰਦੇ ਨੇ। ਉੱਚੀ ਉੱਚੀ ਹਾਂਕ ਮਾਰ ਕੇ ਲੋਕਾ ਨੂੰ ਕੱਠਾ ਕਰਦੇ ਦੇਸੀ ਘਿਓ ਦੇ ਲੰਗਰ ਤੇ ਵੰਨ ਸਵੰਨੀ ਮਿਠਾਈਆਂ ਦਾ ਲਾਲਚ ਦਿੱਤੇ ਜਾਂਦੇ ਨੇ। ਸਾਰੇ ਹੀ ਆਪਣਾ ਲਾਇਆ ਲੰਗਰ ਦੂਜਿਆਂ ਤੋਂ ਬਿਹਤਰ ਦੱਸ ਰਹੇ ਹੁੰਦੇ ਨੇ। ਜਿੰਨਾਂ ਕੰਮ ਝੂਠੀ ਸ਼ਰਧਾ ਨੇ ਸਿੱਖਾਂ ਦਾ ਖਰਾਬ ਕੀਤਾ ਹੈ ਕਿਸੇ ਹੋਰ ਗਲ ਨੇ ਨਹੀਂ ਕੀਤਾ। ਇਸ ਬਾਰੇ ਅਸੀਂ ਪਹਿਲਾ ਵੀ ਵਿਚਾਰ ਪਾਈ ਸੀ “ਸ਼ਰਧਾ, ਕਰਮ, ਤੀਰਥ ਤੇ ਪਰਮੇਸਰ ਪ੍ਰਾਪਤੀ”।

ਜੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਤਾਂ ਜਿਸ ਸਿੱਖੀ ਵਿਚਾਰਧਾਰਾ ਲਈ, ਗੁਰਮਤਿ ਗਿਆਨ ਦੀ ਰਾਖੀ ਲਈ ਕੁਰਬਾਨੀਆਂ ਦਿੱਤੀਆਂ ਉਸ ਗਿਆਨ ਨੂੰ ਜਪ (ਪਛਾਣ) ਕੇ, ਸਮਝ ਕੇ, ਵਿਚਾਰ ਕੇ ਅੱਗੇ ਪ੍ਰਚਾਰ ਕਰੀਏ। ਮੈਨੂੰ ਤਾਂ ਮਾਣ ਹੈ ਸ਼ਹੀਦਾਂ ਤੇ ਅਤੇ ਆਪਣੇ ਸਿੱਖ ਹੋਣ ਤੇ। ਛਾਤੀ ਚੌੜੀ ਹੁੰਦੀ ਹੈ ਸੋਚ ਕੇ, ਕੀ ਸਾਡੇ ਸ਼ਹੀਦਾਂ ਨੇ ਸਿਰ ਦੇ ਕੇ ਵੀ ਸੀ ਨਹੀਂ ਕੀਤੀ। ਮੈਂ ਤਾਂ ਸ਼ਹੀਦਾਂ ਨੂੰ ਸੂਰਮਿਆਂ ਨੂੰ ਸ਼ਰਧਾਂਜਲੀ ਦਿੰਦਾਂ ਹਾਂ ਇਹ ਪ੍ਰਣ ਕਰਕੇ ਕੇ ਜਿਸ ਗੁਰਮਤਿ ਗਿਆਨ, ਗੁਰਬਾਣੀ ਤੇ ਸਿੱਖੀ ਵਿਚਾਰਧਾਰਾ ਲਈ ਉਹ ਲੜੇ, ਉਸਨੂੰ ਸਮਝਣ ਦਾ, ਧਾਰਣ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਝੂਠੀਆ ਸਾਖੀਆਂ, ਝੂਟੀ ਸ਼ਰਧਾ ਤੋਂ ਦੂਰ ਰਹਾਂਗਾ। ਮੈਨੂੰ ਫਰਕ ਨਹੀਂ ਪੈਂਦਾ ਲੋਕ ਕੀ ਕਹਿਣਗੇ ਪਰ ਮੈਂ ਰੋ ਕੇ ਕੁਰਲਾ ਕੇ, ਭੁੱਖੇ ਰਹਿ ਕੇ, ਝੂਠੇ ਟੇਸੂ ਬਹਾ ਕੇ ਮਾਤਮ ਨਹੀਂ ਮਨਾਉਣਾ। ਪਖੰਡੀਆਂ ਦੀ ਗੋਲਕ ਨਹੀਂ ਭਰਾਂਗਾ। ਕੋਈ ਨਾਟਕ ਨਹੀਂ। ਜਿਹੜੇ ਮਾਇਆ ਕਾਰਣ ਵਿਦਿਆ ਵੇਚ ਰਹੇ ਨੇ ਲੋਕਾ ਨੂੰ ਗਲਤ ਅਕਲ ਦੇ ਰਹੇ ਨੇ, ਭਾਵੁਕ ਕਰਕੇ ਜੇਬਾਂ ਭਰ ਰਹੇ ਨੇ, ਵਿਦੇਸ਼ਾ ਦੇ ਵੀਜ਼ੇ ਲਗਵਾ ਰਹੇ ਨੇ ਸ਼ਹੀਦੀ ਦਿਹਾੜਿਆਂ ਦੀ ਯਾਦਗਾਰ ਦੇ ਨਾਮ ਤੇ, ਉਹਨਾਂ ਤੋਂ ਦੂਰ ਰਹਾਂਗਾ। ਸ਼ਹੀਦੀ ਕਿਸੇ ਵੀ ਕੌਮ ਲਈ ਸੋਗ ਦਾ ਕਾਰਣ ਨਹੀਂ ਹੋਣੀ ਚਾਹੀਦੀ। ਲੋਕੀ ਸੋਗ ਮਨਾਉਣ ਇਸ ਲਈ ਨਹੀਂ ਪਾਤਿਸ਼ਾਹ ਨੇ ਪੁੱਤਰ ਵਾਰੇ, ਸਰਬੰਸ ਵਾਰਿਆ, ਸ਼ਹੀਦਾਂ ਨੇ ਲਹੂ ਦੀਆਂ ਨਦੀਆਂ ਵਹਾ ਦਿੱਤੀਆਂ। ਉਹ ਜਾਗੇ ਹੋਏ ਭਗਤ ਸੀ ਜਿਹਨਾਂ ਨਿੱਕੀਆਂ ਉਮਰਾਂ ਵਿੱਚ ਸ਼ਹੀਦੀ ਪਾਈ ਪਰ ਡਰੇ ਨਹੀਂ ਤੇ ਗੁਰਮਤਿ ਲਈ ਹੱਸਦਿਆਂ ਸ਼ਹਾਦਤ ਦਿੱਤੀ। ਜਿਹਨਾਂ ਹੁਕਮ ਬੂਝ ਲਿਆ, ਭਾਣਾ ਮੰਨਿਆ ਉਹਨਾਂ ਨੇ ਸਿਰ ਵਾਰੇ, ਸੀਸ ਭੇਂਟ ਕੀਤੇ। ਇਹੀ ਆਸ ਰੱਖੀ ਕੇ ਅਸੀਂ ਜਾਗਾਂਗੇ ਤੇ ਗੁਰਮਤਿ ਦਾ ਸਹੀ ਪ੍ਰਚਾਰ ਕਰਾਂਗੇ।

ਇਤਿਹਾਸ ਗਵਾਹੀ ਭਰਦਾ ਹੈ ਕੇ ਹਰ ਦਿਨ ਸਾਡੇ ਲਈ ਗੁਰਪੁਰਬ ਹੈ, ਸ਼ਹੀਦੀ ਪੁਰਬ ਹੈ। ਹਰੇਕ ਸ਼ਹੀਦ ਭਾਵੇਂ ਸਾਨੂੰ ਨਾਮ ਚੇਤੇ ਹੋਵੇ ਨਾ ਹੋਵੇ, ਗੁਰੂ ਦਾ ਲਾਲ ਹੈ। ਹਰ ਰੋਜ਼ ਆਪਣੇ ਆਪ ਨੂੰ ਚੇਤੇ ਕਰਾਉਣਾ ਹੈ ਕੇ ਗੁਰਮਤਿ ਦੇ ਧਾਰਣੀ ਬਣ ਕੇ ਅਸੀਂ ਸ਼ਹੀਦਾਂ ਨੂੰ ਨਮਨ ਕਰ ਰਹੇ ਹਾਂ। ਕਿਸੇ ਖਾਸ ਤਰੀਕ ਜਾ ਮਹੀਨੇ ਦੀ ਉਡੀਕ ਵਿੱਚ ਨਹੀਂ ਰਹਿਣਾ।

Resize text