Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸਿੱਖੀ ਵਾਲੇ ਤਿਉਹਾਰ

ਜਦੋਂ ਵੀ ਹੋਲੀ, ਦਿਵਾਲੀ ਤੇ ਹੋਰ ਸਮਾਜਿਕ ਤਿਉਹਾਰ ਆਉਂਦੇ ਹਨ ਤਾਂ ਸਿੱਖਾਂ ਵਿੱਚ ਬਹਿਸ ਹੋਣ ਲੱਗ ਜਾਂਦੀ ਹੈ ਕੇ ਕਿਹੜੇ ਤਿਉਹਾਰ ਸਾਡੇ ਹਨ ਤੇ ਕਿਹੜੇ ਦੂਜੇ ਧਰਮਾਂ ਦੇ। ਕੀ ਮਨਾ ਹੈ ਤੇ ਕੀ ਮਨਾ ਨਹੀਂ ਹੈ। ਦਿਵਾਲੀ ਤੇ ਹੋਣ ਵਾਲੀ ਆਤਿਸ਼ਬਾਜ਼ੀ ਸਿੱਖੀ ਹੈ ਜਾਂ ਨਹੀਂ। ਹੋਲੀ ਤੇ ਰੰਗ ਲਗਾਉਣਾ ਹੈ ਜਾਂ ਨਹੀਂ ਨਹੀਂ। ਇਸ ਮੁੱਦੇ ਦੇ ਦੋ ਪੱਖ ਹਨ। ਇੱਕ ਸਮਾਜਿਕ ਤੇ ਇੱਕ ਹੈ ਧਾਰਮਿਕ। ਗੁਰਬਾਣੀ ਤੋਂ ਧਾਰਮਿਕ ਪੱਖ ਸਮਝਣ ਤੋਂ ਪਹਿਲਾਂ ਸਮਾਜਿਕ ਪੱਖ ਵੇਖਦੇ ਹਾਂ। ਸਮਾਜਿਕ ਤੌਰ ਤੇ ਕਿਸੇ ਵੀ ਧਰਮ ਦੇ ਜਾਂ ਸਭਿਆਚਾਰ ਦੇ ਤਿਉਹਾਰ ਵਿੱਚ ਸ਼ਾਮਿਲ ਹੋਣਾ ਗਲਤ ਨਹੀਂ ਹੈ। ਇਹ ਸਮਾਜਿਕ ਪ੍ਰੇਮ ਭਾਵਨਾ ਵਿੱਚ ਵਾਧਾ ਕਰਦਾ ਹੈ। ਕਿਸੇ ਦੀ ਵੀ ਖੁਸ਼ੀ ਵਿੱਚ ਸ਼ਾਮਿਲ ਹੋਣਾ ਜਿਸ ਵਿੱਚ ਹੁੱਲੜਬਾਜ਼ੀ ਜਾਂ ਸ਼ਰਾਰਤ ਨਾ ਹੋਵੇ ਗਲਤ ਨਹੀਂ ਹੈ। ਇਹ ਇਵੇਂ ਹੀ ਹੈ ਜਿਵੇਂ ਤੁਹਾਡੇ ਘਰ ਕਿਸੇ ਦਾ ਵਿਆਹ ਹੋਵੇ ਤੇ ਪੜੋਸੀ ਤੁਹਾਨੂੰ ਵਧਾਈ ਦੇਵੇ ਸੱਚੇ ਮਨ ਨਾਲ। ਕਿਸੇ ਨੂੰ ਵੀ ਪਿਆਰ ਨਾਲ ਗਲੇ ਲਗਾਉਣਾ, ਉਸਦੀ ਖੁਸ਼ੀ ਵਿੱਚ ਸ਼ਰੀਕ ਹੋਣਾ ਸਾਂਝੀ ਵਾਲਤਾ ਵਿੱਚ ਵਾਧਾ ਕਰਦਾ ਹੈ। ਇਹ ਇੱਕ ਖੁਸ਼ਹਾਲ ਸਮਾਜ ਦੀ ਰਚਨਾ ਕਰਦਾ ਜਿਸ ਵਿੱਚ ਇੱਕ ਤੋਂ ਜਿਆਦਾ ਧਰਮ ਦੇ ਤੇ ਸਭਿਆਚਾਰ ਦੇ ਲੋਕ ਰਹਿੰਦੇ ਹੋਣ।

ਧਾਰਮਿਕ ਪੱਖ

ਧਾਰਮਿਕ ਪੱਖ ਜਾਂ ਅਧਿਆਤਮਿਕ ਪੱਖ ਗਿਆਨ ਤੇ ਸੋਝੀ ਨਾਲ ਜੁੜਦਾ। ਧਰਮ ਬਾਰੇ ਜਾਨਣ ਲਈ ਵੇਖੋ “ਧਰਮ”। ਜਦੋਂ ਗੁਰਬਾਣੀ ਨੇ ਸ੍ਰੇਸਟ ਧਰਮ ਗਿਆਨ/ਸੋਝੀ/ਨਾਮ ਦੱਸਿਆ ਹੈ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” ਤਾਂ ਤਿਉਹਾਰ ਵੀ ਗਿਆਨ ਨਾਲ ਨਾਮ ਨਾਲ ਸੰਬੰਧਿਤ ਹੋਣਗੇ। ਪ੍ਰਮਾਣ ਗੁਰਬਾਣੀ ਦਾ ਫੁਰਮਾਨ ਹੈ

ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥੨॥(ਮ ੫, ਰਾਗੁ ਬਸੰਤੁ ਮਹਲਾ ੫ ਘਰੁ ੧ ਦੁਤੁਕੇ, ੧੧੮੦)” – ਇਹਨਾਂ ਪੰਕਤੀਆਂ ਵਿੱਚ ਪੰਚਮ ਪਾਤਿਸ਼ਾਹ ਕਿਹੜੀ ਅਧਿਆਤਮਿਕ ਹੋਲੀ ਖੇਡ ਰਹੇ ਨੇ? ਕਿਹੜਾ ਲਾਲ ਰੰਗ ਹੈ ਇਹ? ਇਹ ਉਹੀ ਰੰਗ ਹੈ ਜਿਹੜਾ ਨਾਨਕ ਪਾਤਿਸ਼ਾਹ ਨੇ ਦੱਸਿਆ ਸੀ “ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ॥ ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ॥ ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ॥੧॥” – ਇਹ ਲਾਲ ਗੁਲਾਲ ਗਹਬਰਾ, ਗਹਿਰਾ ਰੰਗ ਗਿਆਨ ਦੀ ਗੁਣਾਂ ਦੀ ਲਾਲੀ ਦਾ ਹੈ। ਜਿਸ ਬਾਰੇ ਗੁਰੁ ਅਮਰਦਾਸ ਜੀ ਵੀ ਆਖਦੇ ਹਨ “ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥” – ਇਹ ਗੁਣਾਂ ਨੂੰ ਮੁੱਖ ਰੱਖਣ ਵਾਲੇ ਦਾ ਸੱਚ ਦਾ ਮਜੀਠ ਰੰਗ ਹੈ। ਇਹ ਗੁਰਮੁਖ ਦੀ ਹੋਲੀ ਹੈ ਜੋ ਗੁਣਾਂ ਨੂੰ ਰੱਖਣ ਵਾਲਾ ਰੋਜ ਆਪਣੇ ਘਟ ਅੰਦਰ ਖੇਡਦਾ। ਹੋਰ ਪ੍ਰਮਾਣ

“ਰਾਮ ਰੰਗੁ ਕਦੇ ਉਤਰਿ ਨ ਜਾਇ॥ ਗੁਰੁ ਪੂਰਾ ਜਿਸੁ ਦੇਇ ਬੁਝਾਇ॥੧॥ ਹਰਿ ਰੰਗਿ ਰਾਤਾ ਸੋ ਮਨੁ ਸਾਚਾ॥ ਲਾਲ ਰੰਗ ਪੂਰਨ ਪੁਰਖੁ ਬਿਧਾਤਾ॥੧॥

ਪ੍ਰੀਤਮ ਭਾਨੀ ਤਾਂ ਰੰਗਿ ਗੁਲਾਲ॥ ਕਹੁ ਨਾਨਕ ਸੁਭ ਦ੍ਰਿਸਟਿ ਨਿਹਾਲ॥੪॥

ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ॥ ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ॥੧॥

ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ॥ ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ॥

ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ॥ ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ॥੧॥

ਪ੍ਰਭ ਸਾਚੇ ਸੇਤੀ ਰੰਗਿ ਰੰਗੇਤੀ ਲਾਲ ਭਈ ਮਨੁ ਮਾਰੀ॥ ਨਾਨਕ ਸਾਚਿ ਵਸੀ ਸੋਹਾਗਣਿ ਪਿਰ ਸਿਉ ਪ੍ਰੀਤਿ ਪਿਆਰੀ॥” – ਇਹ ਲਾਲ ਰੰਗ ਨਾਲ ਹੋਲੀ ਬੁੱਧ ਖੇਡ ਰਹੀ ਹੈ ਜਿਸ ਨੂੰ ਸੋਹਾਗਣਿ ਕਹਿਆ ਜੋ ਆਪਣੇ ਪਿਰ (ਮੂਲ/ਘਟ ਅੰਦਰਲੀ ਜੋਤ) ਨਾਲ ਪ੍ਰੀਤ ਵਿੱਚ ਹੈ।

ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ॥੩॥” – ਬੁੱਧ ਨੇ ਗੁਣਾਂ ਦਾ ਹਾਰ ਪਾਇਆ ਤੇ ਰੰਗ ਲਾਲਿ ਬਣਾਇਆ। ਧੰਨ ਹੈ ਉਹ ਬੁਧ ਜਿਸ ਨੇ ਪਿਰ ਨਾਲ ਇਹ ਗੁਣਾਂ ਦੇ ਲਾਲ ਰੰਗ ਦੀ ਹੋਲੀ ਖੇਡੀ ਹੈ।

ਕਿਹੜਾ ਸਿੱਖ ਹੈ ਜਿਹੜਾ ਇਹ ਗੁਣਾਂ ਦੇ ਮਜੀਠ ਰੰਗ ਦੀ ਹੋਲੀ ਅਨਦਿਨ ਹੀ ਘਟ ਵਿੱਚ ਖੇਡ ਰਹਿਆ?

ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ॥ ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ॥ ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੁੋਭਾਇ॥ ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ॥ ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ॥੨॥” – ਰੰਡ ਹੈ ਬੁਧ ਜਿਹੜੀ ਅਵਗੁਣਾਂ ਮਗਰ ਭੱਜਦੀ। ਤੇ ਸੋਹਾਗਣ ਸਬਦ ਵਿੱਚ, ਗੁਣਾਂ ਵਿੱਚ ਰੰਗੀ ਬੁੱਧ।

ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ॥ ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ॥” – ਜਿਸ ਨੈ ਮਨ ਸਾਧ ਲਿਆ, ਵਿਕਾਰ ਕਾਬੂ ਕਰ ਲਏ ਉਹ ਹੈ ਸਾਧ। ਇਹ ਸਾਧ ਦਾ ਗਿਆਨ ਦੇ ਲਾਲ ਰੰਗ ਵਿੱਚ ਸਦਾ ਭਿਜਿਆ ਹੁੰਦਾ। ਇਹ ਅੰਤਰੀਵ ਗਲ ਹੈ। ਇਸ ਨੂੰ ਪੜ੍ਹ ਕੇ ਨਾਸੰਝ ਪਤਾ ਲੱਗੇ ਬਾਹਰੀ ਲੀੜੇ ਪੱਗ ਆਦੀ ਲਾਲ ਪਾਉਣ ਲੱਗ ਜਾਣ।

ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ॥ ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ॥੩॥

ਗੁਰਮਤਿ ਵਿੱਚ ਅਨੇਕਾਂ ਪਾਣ ਹਨ ਇਸ ਗਿਆਨ ਦੀ ਲਾਲੀ ਦੇ। ਰੋਜ਼ ਅਸੀਂ ਪੜਦੇ ਸੁਣਦੇ ਹਾਂ “ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥” – ਇਹ ਹਰਿਆ ਰੰਗ ਵੀ ਅੰਤਰੀਵ ਭਾਵ ਰੱਖਦਾ। ਘਟ ਅੰਦਰ ਦੀ ਹਰਿਆਲੀ।

ਸੋ ਹੋਲੀ ਤਾਂ ਗੁਰਮੁਖ ਰੋਜ ਖੇਡਦਾ ਪਰ ਇਹ ਬਾਹਰੀ ਰੰਗਾਂ ਵਾਲੀ ਨਹੀਂ ਹੈ ਜਿਹੜੇ ਸਨਾਨ ਕਰਨ ਨਾਲ ਉਤਰ ਜਾਂਦੇ ਹਨ। ਗੁਰਮੁਖ ਦੇ ਹਿਰਦੇ ਵਿੱਚ ਨਾਮ/ਸੋਝੀ ਦਾ ਗੂੜਾ ਮਜੀਠ ਰੰਗ ਹੁੰਦਾ ਜੋ ਅਵਗੁਣਾਂ ਨੂੰ ਲੁਕੋ ਦਿੰਦਾ ਤੇ ਗੁਣਾਂ ਦਾ ਰੂਪ ਧਾਰਣ ਕਰਦਾ।

ਇੱਦਾਂ ਹੀ ਦਿਵਾਲੀ ਗੁਰਮੁਖ ਦੇ ਘਟ ਵਿੱਚ ਸਦਾ ਗਿਆਨ ਦਾ ਦੀਵਾ ਬਾਲਣਾ ਹੈ। ਬਸੰਤ ਗੁਰਮੁਖ ਦੇ ਹਿਰਦੇ ਵਿੱਚ ਹਮੇਸ਼ਾ ਗੁਣ ਹਰੇ ਕਰਨਾ ਹੈ। ਹਰਿ ਦਾ ਨਾਮ ਧਿਆ ਕੇ ਨਾਮ ਦਾ ਬੂਟਾ ਹਿਰਦੇ/ਘਟ ਵਿੱਚ ਬੁੱਧ ਰੂਪੀ ਧਰਤੀ ਉੱਤੇ। ਸੰਤੋਖ/ਨਾਮ ਹੈ ਪਾਣੀ ਜੋ ਹਿਰਦੇ ਘਟ ਦੀ ਧਰਤੀ ਤੇ ਪੈਣਾ “ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥

ਗੁਰਮਤਿ ਵਾਲਾ ਦੁਸਹਿਰਾ ਉਹ ਹੈ ਜਦੋਂ ਘਟ ਅੰਦਰ ਰਾਵਣ (ਮਨ – ਮਾਇਆ ਮਗਰ ਭਟਕਦਾ ਧਿਆਨ) ਗਿਆਨ ਦੀ ਲਾਲੀ ਲੈਕੇ ਰਾਮ ਬਣਦਾ “ਨਵ ਰੰਗ ਲਾਲੁ ਸੇਜ ਰਾਵਣ ਆਇਆ॥ ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ॥”, “ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ॥ ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ॥”। ਜਦੋਂ ਮਨ ਰਮ ਜਾਂਦਾ ਗੁਣਾਂ ਵਿਛ, ਰਾਮ ਬਣ ਜਾਂਦਾ ਉਦੋਂ ਗਿਆਨ ਦਾ ਦੀਵਾ ਘਟ ਵਿੱਚ ਬਾਲ ਗੁਰਮੁਖ ਦੀਪਮਾਲਾ ਕਰਦਾ। ਇਹ ਗੁਰਮਤਿ ਰਾਮਾਇਣ ਹੈ। ਰਾਮ ਦਾ ਘਟ/ਹਿਰਦੇ ਵਿੱਚ ਆਗਮਨ। ਇਹ ਸਾਰੇ ਅਲੰਕਾਰ ਬਾਹਰੀ ਉਦਾਹਰਣ ਲੈਕੇ ਗੁਰਬਾਣੀ ਮਨੁੱਖ ਨੂੰ ਗੁਣਾਂ ਦੀ ਸੋਝੀ (ਨਾਮ) ਦੇ ਬਾਰੇ ਸਮਝਾਉਣ ਦਾ ਜਤਨ ਕਰਦੀ ਹੈ।

ਸੋ ਬਾਹਰੀ ਤਿਉਹਾਰ ਮਨਾਉਣ ਨਾ ਮਨਾਉਣ ਨਾਲ ਅਧਿਆਤਮ ਜਾਂ ਧਰਮ ਦਾ ਕੋਈ ਲੈਣਾ ਦੇਣਾ ਨਹੀਂ। ਇਹ ਸਮਾਜ ਵਿੱਚ ਖੁਸ਼ਹਾਲੀ ਪੈਦਾ ਕਰ ਸਕਦੇ ਪਰ ਸਿੱਖ ਨੇ ਤਾਂ ਸਾਰੇ ਤਿਉਹਾਰ ਘਟ ਵਿੱਚ ਵੀ ਮਨਾਉਣੇ ਹਨ। ਅੱਜ ਦੇ ਸਮੇਂ ਵਿੱਚ ਜਦੋਂ ਲੋਕਾਂ ਕੋਲ ਸਮਾਂ ਨਹੀਂ, ਪੜੋਸੀਆਂ ਨਾਲ ਰਿਸ਼ਤੇਦਾਰਾਂ ਨਾਲ ਗਲ ਵੀ ਘਟ ਹੁੰਦੀ, ਇਹ ਸੰਸਾਰੀ ਤਿਉਹਾਰ ਹੀ ਹਨ ਜਿਹੜੇ ਸ਼ੁਗਲ ਮੇਲਾ, ਖੁਸ਼ਹਾਲੀ ਦਾ ਸਾਮਾਜਿਕ ਮਾਹੌਲ ਬਣਾ ਦਿੰਦੇ ਹਨ। ਅਧਿਆਤਮਿਕ ਜਾਂ ਸੱਚ ਧਰਮ ਦੇ ਤਿਉਹਾਰ ਹਿਰਦੇ ਵਿੱਚ ਮਨਾਉਣ ਲਈ ਕੋਈ ਖਾਸ ਦਿਨ, ਵੇਲਾ ਜਾਂ ਵਖਤ ਦੀ ਲੋੜ ਨਹੀਂ ਹੁੰਦੀ। ਬਸ ਬੁੱਧ ਨੇ ਮੂਲ ਜੋਤ ਦੇ ਗਿਆਨ ਨਾਲ ਸੰਗਤ ਕਰਨੀ। ਨਾਮ ਦੀ ਖੁਸ਼ੀ ਦੇ ਖੇੜੇ ਤਾਂ ਮਨੁੱਖ ਦੇ ਹਿਰਦੇ ਵਿੱਚ ਹਮੇਸ਼ਾ ਮੇਲਾ ਲਾ ਕੇ ਰੱਖਦੇ ਨੇ। ਖੁਸ਼ ਰਹੋ ਗਿਆਨ ਲਵੋ, ਗਿਆਨ ਦੀ ਵਿਚਾਰ ਕਰਕੇ ਸਹਿਜ ਪੈਦਾ ਕਰੋ। ਸਾਰੇ ਹੀ ਮਨੁੱਖਾਂ ਵਿੱਚ ਏਕੁ ਪਰਮੇਸਰ ਦੀ ਹੀ ਜੋਤ ਹੈ। ਹੁਕਮ ਨਾਲ ਏਕਾ ਕਰਨਾ ਹੀ ਏਕ ਮਤਿ ਹੋਣਾ ਹੈ। ਏਕੇ ਦੀ ਸੁਰਤ ਹੀ ਨਾਮ ਹੈ।

ਸਮਾਜਿਕ ਪੱਖੋਂ ਸਿੱਖ ਤੇ ਖਾਲਸਾ ਫੌਜ ਕਈ ਕਾਰਣਾਂ ਕਾਰਣ ਸਮਾਜਿਕ ਤਿਉਹਾਰ ਮਨਾਉਂਦੇ ਆਏ ਹਨ ਜਿਵੇਂ ਫੌਜਾਂ ਦਾ ਜੋੜ ਮੇਲਿਆਂ ਵਿੱਚ ਇਕੱਤਰ ਹੋਣਾ, ਲੋਕਾਂ ਵਿੱਚ ਵਿਚਰਨਾ, ਵਿਚਰਨ ਦੌਰਾਨ ਪ੍ਰਚਾਰ ਕਰਨਾ। ਜਿਹੜੇ ਆਖਦੇ ਹਨ ਕੇ ਹੋਲਾ, ਦਿਵਾਲੀ, ਦੁਸਹਿਰਾ ਆਦੀ ਸਾਡੇ ਤਿਉਹਾਰ ਨਹੀਂ ਹਨ ਤੇ ਸਾਨੂੰ ਨਹੀਂ ਮਨਾਉਣੇ ਚਾਹੀਦੇ ਅਸਲ ਵਿੱਚ ਨਾ ਸਮਾਜਿਕ ਸਦਭਾਵਨਾ ਨੂੰ ਮੰਦੇ ਹਨ, ਨਾ ਇਤਿਹਾਸ ਜਾਣਦੇ ਹਨ ਤੇ ਨਾ ਉਹਨਾਂ ਨੂੰ ਸਿੱਖੀ ਬਾਰੇ ਕੁੱਝ ਪਤਾ।

Resize text