Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਕੂੜ

ਕਈ ਵੀਰਾਂ ਤੋਂ ਇਹ ਸ਼ਬਦ ਬਹੁਤ ਵਾਰ ਸੁਣਿਆ ਹੈ। ਜਿਹੜੀ ਵਸਤੂ, ਗ੍ਰੰਥ, ਖਿਆਲ ਜਾਂ ਸੋਚ ਚੰਗੀ ਨਾ ਲੱਗੇ ਉਸਨੂੰ ਕੂੜ ਆਖ ਦਿੱਤਾ ਜਾਂਦਾ ਹੈ। ਟੀਕਿਆਂ ਨੇ ਵੀ ਇਸਦਾ ਸ਼ਬਦੀ ਅਰਥ ਝੂਠ ਜਾਂ ਮੰਦਾ ਕੀਤਾ ਹੈ। ਸੋ ਗੁਰਮਤਿ ਦੀ ਰੋਸ਼ਨੀ ਵਿੱਚ ਝੂਠ ਤਾਂ ਸਾਰੀ ਜਗ ਰਚਨਾ ਨੂੰ ਹੀ ਕਹਿਆ ਹੈ, ਬਿਨਸ ਜਾਣ ਵਾਲੀ ਹਰ ਵਸਤੂ ਹੀ ਝੂਠ ਹੈ। ਸਚ ਕੇਵਲ ਅਕਾਲ, ਕਾਲ ਅਤੇ ਹੁਕਮ ਹੈ। ਸੋ ਅੱਜ ਵਿਚਾਰਦੇ ਹਾਂ ਕੇ ਕੂੜ ਗੁਰਮਤਿ ਨੇ ਕਿਸ ਨੂੰ ਮੰਨਿਆ ਹੈ। ਬਾਣੀ ਦੀਆਂ ਪੰਕਤੀਆਂ ਵਿੱਚ ਨਾਨਕ ਪਾਤਿਸ਼ਾਹ ਫਰਮਾਉਂਦੇ ਹਨ

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ॥ ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ॥ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ॥ ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ॥ ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ॥੧॥ – ਰਾਜਾ ਤੇ ਰਾਜ ਵੀ ਕੂੜ, ਕੂੜ ਸੋਇਨਾ, ਕੂੜ ਕੱਪੜੇ, ਕੂੜ ਪਾਉਣਵਾਲੇ, ਕੂੜ ਕਾਇਆ ਵੀ, ਕੂੜ ਹਰੇਕ ਵਸਤੂ ਜੋ ਚਲਣਹਾਰ ਹੈ, ਇਸ ਦੁਨਿਆਂ ਤੇ temporary ਅਸਥਾਈ ਹੈ, ਬਿਨਸਜਾਣ ਵਾਲੀ ਹੈ। ਕੂੜ ਮਾਇਆ ਨਾਲ ਨੇਹ, ਰਿਸ਼ਤੇ। ਪਰਮੇਸਰ (ਅਕਾਲ) ਉਸਦੇ ਨਾਮ (ਸੋਝੀ) ਹੁਕਮ ਦੇ ਇਲਾਵਾ ਹਰੇਕ ਦਿਸਣਵਾਲੀ ਵਸਤੂ ਹੀ ਕੂੜ ਹੈ। ਜੋ ਅੱਖਰਾਂ ਵਿੱਚ ਦਰਜ ਗੱਲਾਂ ਹਨ ਇਹ ਵੀ ਥਿਰ ਨਹੀਂ ਹਨ “ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ॥” – ਆਖਦੇ ਅੱਖਰ ਖਿੰਡ ਜਾਣਗੇ ਉਹ ਅਖਰ ਜੋ ਕਦੇ ਖਰਦਾ ਨਹੀਂ ਇਹਨਾਂ ਵਿੱਚ ਨਹੀਂ ਹੈ। ਅੱਖਰਾਂ ਰਾਹੀਂ ਕੇਵਲ ਬਿਾਨ ਕੀਤਾ ਜਾ ਸਕਦਾ ਹੈ, ਪਰ ਅੱਖਰਾਂ ਤੋਂ ਗਿਆਨ ਬੁੱਧ ਨੇ ਲੈਕੇ ਘਟ ਅੰਦਰ ਹੀ ਅਖਰ ਨੂੰ ਖੋਜਣਾ ਹੈੱ

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥੧॥ ਬਾਬਾ ਬੋਲੀਐ ਪਤਿ ਹੋਇ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ॥੧॥” – ਨਿੰਦਾ, ਝੂਠ, ਲਾਲਚ ਕ੍ਰੋਧ ਚੰਡਾਲ, ਇਹੁ ਸਾਰੇ ਰਸ ਕਰਮ ਹਨ ਸੰਸਾਰ ਵਿੱਚ ਰਹਿੰਦਿਆਂ।

ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ॥ ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ॥ ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ॥੧॥” – ਕੂੜ (ਝੂਠ) ਭਾਵ ਜੋ ਸਦੀਵ ਰਹਿਣ ਵਾਲਾ ਨਹੀਂ ਹੈ, ਜਗ ਰਚਨਾ ਇਸ ਦਾ ਅਮਲੁ ਗਲੋਲਾ (ਨਸ਼ਾ) ਵੀ ਦੇਣਵਾਲੇ ਨੇ ਆਪ ਹੀ ਦਿੱਤਾ ਹੈ, ਇਹ ਸਦੀਵ ਰਹਿਣ ਵਾਲਾ ਨਹੀਂ ਹੈ ਇਕ ਦਿਨ ਬਿਨਸ ਜਾਣਾ, ਇਸ ਮਰਨ ਨੂੰ ਵਿਸਾਰ ਕੇ ਚਾਰ ਦਿਨ ਦੀ ਖੁਸ਼ੀ ਰੰਗ ਮਾਣਦਾ ਹੈਂ, ਸੱਚ ਉਹਨਾਂ ਸੋਫਿਆਂ ਜਿਹੜੇ ਮਾਇਆ ਦਾ ਨਸ਼ਾ ਨਹੀਂ ਕਰਦੇ ਉਹਨਾਂ ਨੂੰ ਮਿਲਦਾ ਹੈ। ਅੱਗੇ ਆਖਦੇ “ਨਾਨਕ ਸਾਚੇ ਕਉ ਸਚੁ ਜਾਣੁ॥ ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ॥੧॥

ਇੱਕ ਪਾਸੇ ਮੰਨਦੇ ਹਾਂ ਕੇ ਜੋ ਹੋ ਰਹਿਆ ਹੈ ਸਬ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੁੱਝ ਨਹੀਂ, ਦੂਜੇ ਪਾਸੇ ਸਹੀ ਗਲਤ, ਕੂੜ, ਸਹੀ ਗਲਤ ਦੀ ਵਿਚਾਰ ਵਿੱਚ ਫਸੇ ਹੋਏ ਹਾਂ। ਦੋਵੇਂ ਨਾਲ ਨਹੀਂ ਚਲ ਸਕਦੇ। ਜਾਂ ਤਾਂ ਮੰਨ ਲਵੋ ਕੇ ਗਲਤ ਹੋਣ ਵਾਲਾ ਹਰੇਕ ਕੰਮ ਹੁਕਮ ਤੋਂ ਬਾਹਰ ਹੈ ਜਾਂ ਮੰਨ ਲਵੋ ਕੇ ਜੀ ਜਗ ਰਚਨਾ ਹੀ ਕੂੜ (ਝੂਠ) ਹੈ ਤੇ ਸੱਚ ਨੂੰ ਗਿਆਨ ਨਾਲ ਪ੍ਰਾਪਤ ਕਰਨਾ ਹੈ। ਮੰਨ ਲਵੋ ਕੇ “ਜੋ ਹੋਆ ਹੋਵਤ ਸੋ ਜਾਨੈ॥ਪ੍ਰਭ ਅਪਨੇ ਕਾ ਹੁਕਮੁ ਪਛਾਨੈ॥

ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ॥ ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ॥” – ਸੱਚ ਹੈ ਅਕਾਲ, ਕਾਲ ਤੇ ਹੁਕਮ। ਗੁਰਮਤਿ ਸਚਿ ਹੈ ਕਿਉਂਕੇ ਇਹਨਾਂ ਦੇ ਗਿਣਾਂ ਦਾ ਗਿਆਨ ਹੈ। ਗੁਣਾਂ ਦੀ ਵਿਚਾਰ ਸਾਚੇ ਦੀ ਸੇਵਾ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥”। ਸੱਚ (ਅਕਾਲ/ਕਾਲ/ਹੁਕਮ) ਦੇ ਇਲਾਵਾ ਹਰ ਵਸਤੂ, ਸੰਸਾਰ, ਜਗ ਰਚਨਾ ਸਬ ਕੂੜ ਮੰਨੀ ਹੈ ਗੁਰਮਤਿ ਨੇ, ਕੂੜ ਦੀ ਪੰਕਤੀ ਇਹ ਹੈ ਤੇ ਝੂਠ ਵਾਲੀ ਹੈ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥

ਨਾਮ (ਗੁਣਾ ਦੀ ਸੋਝੀ, ਗੁਰਮਤਿ ਗਿਆਨ ਤੋਂ ਪ੍ਰਾਪਤ ਸੁਰਤ) ਤੋਂ ਬਿਨਾਂ ਹਰੇਕ ਵਸਤੂ ਹੀ ਕੂੜ੍ਹ ਹੈ “ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲਿ ਪਿਆਰੁ॥ ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ॥੨॥

ਜੋ ਮਨ ਦੀ ਮਰਜ਼ੀ ਕਰੇ, ਅਗਿਆਨਤਾ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦ੍ਵੇਸ਼, ਝੂਠ, ਨਿੰਦਾ, ਚੁਗਲੀ, ਅਵਗੁਣ ਕਰਦਾ ਉਹ ਮਨਮੁਖ ਹੈ, ਮਨਮੁਖ ਦਾ ਧਿਆਨ ਮਾਇਆ ਵਲ ਹੁੰਦਾ ਹੈ ਤੇ ਕੂੜ ਕਮਾਉਂਦਾ, ਗੁਰਮੁਖ ਨਾਮ (ਗਿਆਨ ਤੋਂ ਸੋਝੀ) ਦੀ ਕਮਾਈ ਕਰਦਾ। ਉਸ ਬਾਰੇ ਗੁਰਮਤਿ ਆਖਦੀ “ਮਨਮੁਖੁ ਲੋਕੁ ਸਮਝਾਈਐ ਕਦਹੁ ਸਮਝਾਇਆ ਜਾਇ॥ ਮਨਮੁਖੁ ਰਲਾਇਆ ਨਾ ਰਲੈ ਪਇਐ ਕਿਰਤਿ ਫਿਰਾਇ॥ ਲਿਵ ਧਾਤੁ ਦੁਇ ਰਾਹ ਹੈ ਹੁਕਮੀ ਕਾਰ ਕਮਾਇ॥ ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ॥ ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ॥ ਮਨੁ ਜੋ ਇਛੇ ਸੋ ਲਹੈ ਸਚੈ ਸਬਦਿ ਸੁਭਾਇ॥ ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ॥ ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ॥ ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ॥ ਗੁਰਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ॥ ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ॥੨॥

ਗੁਰਮੁਖ ਉਹ ਹੈ ਜੋ ਗਿਆਨ, ਗੁਣਾਂ ਦੀ ਵਿਚਾਰ, ਹੁਕਮ ਦੀ ਸੋਝੀ ਵਲ ਧਿਆਨ ਰੱਖਦਾ ਹੈ। ਮਨਮੁੱਖ ਨੂੰ ਕੂੜਿਆਰ ਆਖਦੀ ਗੁਰਬਾਣੀ ਕਿਉਂ ਕੇ ਮਨਮੁਖ ਦਾ ਧਿਆਨ ਗਿਆਨ ਵਲ ਨਹੀਂ ਮਨ ਦੀ ਮਤਿ, ਵਿਕਾਰ, ਸੰਸਾਰੀ ਪਦਾਰਥਾਂ, ਨਿੰਦਾ, ਚੁਗਲੀ, ਝੁਠ ਵਲ ਹੁੰਦਾ ਹੈ “ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ॥ ਗੁਰਮਤੀ ਆਪੁ ਗਵਾਇ ਸਚੁ ਪਛਾਣਿਆ॥ ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ॥ ਸਚਾ ਸਬਦੁ ਵੀਚਾਰਿ ਸਚਿ ਸਮਾਣਿਆ॥ ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ॥ ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ॥ ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ॥ ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ॥

ਦੋਵੈ ਤਰਫਾ ਉਪਾਇ ਇਕੁ ਵਰਤਿਆ॥ ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ॥ ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ॥ ਮਨਮੁਖ ਕਚੇ ਕੂੜਿਆਰ ਤਿਨੑੀ ਨਿਹਚਉ ਦਰਗਹ ਹਾਰਿਆ॥ ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨੑੀ ਮਾਰਿਆ॥ ਸਚੈ ਅੰਦਰਿ ਮਹਲਿ ਸਬਦਿ ਸਵਾਰਿਆ॥ ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ॥ ਸਤਿਗੁਰੁ ਸੇਵਨਿ ਆਪਣਾ ਤਿਨੑਾ ਵਿਟਹੁ ਹਉ ਵਾਰਿਆ॥੫॥

ਸਚਾ ਸਤਿਗੁਰੁ ਸੇਵਿ ਸਚੁ ਸਮੑਾਲਿਆ॥ ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ॥ ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ॥ ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ॥ ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ॥ ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ॥ ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ॥ ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ॥

ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ॥ ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ॥ ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ॥ ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ॥ ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ॥੨॥

ਸੂਰਜੁ ਤਪੈ ਅਗਨਿ ਬਿਖੁ ਝਾਲਾ॥ ਅਪਤੁ ਪਸੂ ਮਨਮੁਖੁ ਬੇਤਾਲਾ॥ ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ॥

ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ॥ ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ॥ ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ॥ ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ॥ ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ॥੨੬॥

ਜੇ ਕੋਈ ਵਸਤੂ ਜਾਂ ਕੋਈ ਗਲ ਕੂੜ ਲਗਦੀ ਵੀ ਹੈ ਤਾਂ ਛੱਡੋ ਉਸਨੂੰ, ਕੇਵਲ ਗੁਰਮਤਿ ਗਿਆਨ ਵਲ ਧਿਆਨ ਦੇਵੋ, “ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ॥ ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ॥”। ਜੇ ਅੰਦਰ ਵਿਕਾਰ ਹਨ ਤਾਂ ਹੀ ਕਾਮ ਕ੍ਰੋਧ ਲੋਭ ਮੋਹ ਨਿੰਦਿਆ ਪ੍ਰਬਲ ਹੈ। “ਕੂੜੁ ਛੋਡਿ ਸਾਚੇ ਕਉ ਧਾਵਹੁ॥ ਜੋ ਇਛਹੁ ਸੋਈ ਫਲੁ ਪਾਵਹੁ॥ ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ॥” – ਜਿਸਦਾ ਧਿਆਨ ਸੱਚ ਵਲ ਹੁੰਦਾ ਉਹ ਸਚ ਦੀ ਗਲ ਹੀ ਕਰਦਾ।

ਧਿਆਨ ਵਿਕਾਰਾਂ ਵਲ ਰੱਖਣਾ ਹੈ, ਨਿੰਦਿਆ ਵਲ ਰੱਖਣਾ ਹੈ, ਸੰਸਾਰੀ ਪਦਾਰਥਾਂ ਵਲ ਜਾਂ ਹੁਕਮ ਨੂੰ ਸਮਝ ਕੇ ਨਾਮ ਪ੍ਰਾਪਤੀ ਵਲ ਰੱਖਣਾ ਹੈ ਇਹ ਸਿੱਖ ਨੇ ਪੜਚੋਲ ਕਰਨੀ ਹੈ। ਗੁਣਾਂ ਦੀ ਵਿਚਾਰ, ਸੱਚ ਦੀ ਖੋਜ, ਦਿਲ ਵਿੱਚ ਪ੍ਰੇਮ ਭਾਵਨਾ ਇਹ ਮਨ ਤੇ ਲੱਗੀ ਕੂੜ (ਵਿਕਾਰ) ਦੀ ਮਲ ਨੂੰ ਧੋ ਦਿੰਦੀ ਹੈ। ਸੋ ਭਾਈ ਸਬ ਛੱਡ ਕੇ ਗੁਰ ਚਰਨੀ ਲੱਗ। ਗੁਣਾਂ ਨੇ ਹੀ ਸਦੀਵ ਰਹਿਣ ਵਾਲੇ ਅਨੰਦ ਦੀ ਪ੍ਰਾਪਤੀ ਕਰਾਉਣੀ ਹੈ। ਜਿਸ ਕੋਲ ਗਿਆਨ ਹੈ ਉਸ ਲਈ ਸਬ ਗੋਬਿੰਦ ਹੈ, ਸਬ ਹੁਕਮ ਹੈ, ਹਰੇਕ ਵਸਤੂ ਲਈ ਸਹਿਜ ਹੈ, ਜੋ ਅਗਿਆਨੀ, ਅੰਧਾ, ਸੁੱਤਾ, ਮਨਮਤੀਆ ਹੈ ਵਿਕਾਰਾਂ ਵਿੱਚ ਫਸਿਆ ਉਸ ਲਈ ਹਰ ਵਸਤੂ ਹੀ ਕੂੜ ਹੈ।

Resize text