Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰੂ ਦੀ ਅਦਬ

ਗੁਰੂ ਦੀ ਅਦਬ ਕੀ ਹੈ ਤੇ ਕਿਵੇਂ ਕੀਤੀ ਜਾਵੇ? ਗੁਰੂ ਕੌਣ ਹੈ ਤੇ ਕਿਸ ਕਿਸ ਨੂੰ ਗੁਰੂ ਦਾ ਪਤਾ ਹੈ? ਗੁਰੂ ਕਿਸਦਾ ਹੈ ਤੇ ਗੁਰੂ ਸਾਡੇ ਤੋਂ ਕੀ ਚਾਹੁੰਦਾ ਹੈ? ਕੀ ਕਰਾਂ ਕੇ ਗੁਰੂ ਖੁਸ਼ ਹੋ ਜਾਵੇ?

ਅਸੀਂ ਬੇਅਦਬੀ ਬਾਰੇ ਸੁਣਦੇ ਹਾਂ ਪਰ ਬੇਅਦਬੀ ਹੈ ਕੀ? ਬੇਅਦਬੀ ਦਾ ਮਸਲਾ ਬਹੁਤ ਘੰਭੀਰ ਤੇ ਨਾਜ਼ੁਕ ਮਸਲਾ ਹੈ। ਕੀ ਪੋਥੀ/ਗ੍ਰੰਥ ਜਾਂ ਬੀੜ ਦੇ ਪੰਨੇ ਪਾੜ ਕੇ ਬੇਅਦਬੀ ਹੁੰਦੀ ਹੈ? ਇਹ ਘਟਨਾਵਾਂ ਨਿਤ ਹੋ ਰਹੀਆਂ ਹਨ। ਇਸਤੇ ਚਰਚਾ ਕਰਨਾ ਬਹੁਤ ਅਹਮ ਹੋ ਜਾਂਦਾ ਹੈ, ਇਹਨਾਂ ਘਟਨਾਵਾਂ ਬਾਰੇ ਸਿੱਖਾਂ ਦੇ ਵੱਖ ਵੱਖ ਨਜ਼ਰੀਏ ਹਨ। ਜੇ ਬੇਅਦਬੀ ਨੂੰ ਹੋਣ ਤੋਂ ਰੋਕਣਾ ਹੈ ਤਾਂ ਸਾਨੂੰ ਗੁਰਮਤਿ ਤੋਂ ਇਹ ਸਮਝਣਾ ਪਵੇਗਾ ਕੇ ਸਾਨੂੰ ਕੀ ਕਰਨਾ ਚਾਹੀਦਾ। ਇਸਤੇ ਚਰਚਾ ਕਰਨ ਤੋਂ ਪਹਿਲਾਂ ਕੁਝ ਗੱਲਾਂ ਸਪਸ਼ਟ ਹੋਣੀਆਂ ਜ਼ਰੂਰੀ ਹਨ ਕੇ ਬੇਅਦਬੀ ਤੇ ਅਦਬ ਹੈ ਕੀ। ਬੇਅਦਬੀ ਕੌਣ ਕਰ ਤੇ ਕਰਵਾ ਰਹਿਆ ਹੈ? ਅਦਬ ਕਿਵੇਂ ਹੋਵੇ?

ਗੁਰਬਾਣੀ ਵਿੱਚ ਪੰਕਤੀਆਂ ਆਉਂਦੀਆਂ ਹਨ “ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ॥੧॥ ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ॥” – ਨਾਨਕ ਪਾਤਿਸ਼ਾਹ ਦੱਸ ਰਹੇ ਨੇ ਕੇ ਕਿਵੇਂ ਨਾਨਕ ਪਾਤਿਸ਼ਾਹ ਦੀਆਂ ਗੱਲਾਂ ਸੁਣ ਕੇ ਲੋਗ ਉਹਨਾਂ ਨੂੰ ਭੂਤਨਾ ਬੇਤਾਲਾ ਆਖ ਰਹੇ ਨੇ। ਸਾਨੂੰ ਸੋਚਣਾ ਇਹ ਹੈ ਕੇ ਨਾਨਕ ਪਾਤਿਸ਼ਾਹ ਨੂੰ ਭੂਤਨਾ ਬੇਤਾਲਾ ਕਹਣ ਵਾਲੇ ਕੌਣ ਸਨ ਤੇ ਨਾਨਕ ਪਾਤਿਸ਼ਾਹ ਨੇ ਕੀ ਕੀਤਾ? ਨਾਨਕ ਪਾਤਿਸ਼ਾਹ ਨੇ ਇਸਨੂੰ ਕਿਵੇਂ ਰੋਕਿਆ? ਭੱਟ ਸੱਤਾ ਬਲਵੰਡ ਜੀ ਬਾਣੀ ਵਿੱਚ ਲਿਖਦੇ ਨੇ “ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥”। ਨਾਨਕ ਪਾਤਿਸ਼ਾਹ ਨੇ ਸੱਚ ਦਾ ਪ੍ਰਚਾਰ ਕੀਤਾ। ਬਿਨਾਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਕੀਤਿਆਂ ਸਚ ਦਾ, ਪ੍ਰੇਮ ਦਾ ਸੰਦੇਸ਼ ਸਾਰੇ ਜਗਤ ਨੂੰ ਦਿੱਤਾ। ਅੱਜ ਲੋਕਾਂ ਦੇ ਸਿਰ ਝੁਕਦੇ ਹਨ ਨਾਨਕ ਪਾਤਿਸ਼ਾਹ ਦੀ ਬਾਣੀ ਪੜ੍ਹ ਕੇ ਸੁਣ ਕੇ।

ਕਬੀਰ ਜੀ ਨੂੰ ਬ੍ਰਹਮ ਦਾ ਗਿਆਨ ਸੀ, ਜਦੋਂ ਉਹ ਗੁਰਮਤਿ ਦਾ ਪ੍ਰਚਾਰ ਕਰਦੇ ਸੀ ਤਾਂ ਪੰਡਤ ਉਹਨਾਂ ਨੂੰ ਕੂਕਰ (ਕੁੱਤਾ) ਆਖਦੇ ਸੀ ਤੇ ਕਹਿੰਦੇ ਸੀ ਇਹ ਭੌਂਕਦਾ ਹੈ। ਕਬੀਰ ਜੀ ਨੇ ਜਵਾਬ ਦਿੱਤਾ ਤੇ ਗੁਰਬਾਣੀ ਵਿੱਚ ਲਿਖਿਆ ਹੈ “ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ॥ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥“ – ਮੈਂ ਰਾਮ (ਨਾਮ ਵਿੱਚ ਰਮੇ ਹੋਏ) ਦਾ ਕੂਕਰ (ਕੁੱਤਾ) ਹਾਂ ਤੇ ਮੇਰਾ ਨਾਮ ਮੋਤੀ ਹੈ। ਮੇਰੇ ਗਲੇ ਵਿੱਚ ਜੇਵਰੀ (ਡੋਰੀ/ਰੱਸੀ/ਚੇਨ) ਹੈ ਜਿੱਥੇ ਉਹ ਖਿੱਚਦਾ ਹੈ ਮੈਂ ਜਾਨਾਂ ਹਾਂ। ਜੋ ਉਹ (ਰਾਮ) ਹੁਕਮ ਕਰਦਾ ਹੈ ਮੈਂ ਉਹ ਕਰਦਾ ਹਾਂ।

ਨਾਨਕ ਪਾਤਿਸ਼ਾਹ ਦੀ ਆਪਣੇ ਪੁੱਤ ਨੇ ਗਲ ਨਾ ਮੰਨੀ ਤੇ ਵੱਖਰਾ ਧਰਮ ਚਲਾ ਲਿਆ ਜਿਸ ਬਾਰੇ ਬਾਣੀ ਵਿੱਚ ਲਿਖਿਆ ਹੈ “ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥ ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ਹ ਮੁਰਟੀਐ॥”। ਸੱਚ ਦਾ ਪ੍ਰਚਾਰ ਕਰਨ ਲਈ ਗੁਰੂਆਂ ਨੇ ਪਰਿਵਾਰ ਦੀ ਲੋਕਾਂ ਦੀ, ਰਿਸ਼ਤਿਆਂ ਦੀ ਪਰਵਾਹ ਨਹੀਂ ਕੀਤੀ। ਪਰਿਵਾਰ ਵਾਰ ਦਿੱਤੇ, ਸਰਬੰਸ ਵਾਰਿਆ ਪਰ ਸੱਚ ਦੇ ਰਾਜ ਦੀ ਰਾਖੀ ਕੀਤੀ।

ਗੁਰੂ ਨੂੰ ਛੱਡ ਕੇ ਜਾਣ ਵਾਲੇ, ਬੇਦਾਵਾ ਦੇ ਕੇ ਜਾਣ ਵਾਲੇ ਕਿਤਨੇ ਸੀ? ਕਿਤਨੇ ਮੁੜੇ ਤੇ ਬਾਕੀਆਂ ਨਾਲ ਕੀ ਹੋਇਆ? ਜੇ ਅੱਜ ਦੇ ਸਮੇ ਕਮੇਟੀ ਮੈਂਬਰ ਦੀ ਇੱਕ ਦੂਜੇ ਨਾਲ ਵਿਚਾਰ ਨਾ ਰਲੇ ਤਾਂ ਗੁਰੂਘਰ ਨੂੰ ਛੱਡ ਗੁਰੁ ਨੂੰ ਛੱਡ ਬੇਦਾਵਾ ਦੇ ਕੇ ਤੁਰ ਪੈਂਦੇ ਨੇ ਤੇ ਨਵਾਂ ਗੁਰੂਘਰ ਥਾਪ ਲੈਂਦੇ ਹਨ। ਪਿੰਡਾਂ ਵਿੱਚ, ਸ਼ਹਿਰਾਂ ਵਿੱਚ, ਵਿਦੇਸ਼ਾਂ ਵਿੱਚ ਵੀ ਥੋੜੀ ਥੋੜੀ ਦੂਰੀ ਤੇ ਕਈ ਕਈ ਗੁਰੂਘਰ ਹਨ। ਝਗੜੇ ਨਿਤ ਹੁੰਦੇ ਨੇ, ਡਾਂਗਾਂ ਵਰਦੀਆਂ ਹਨ, ਪੱਗਾਂ ਵੀ ਲੱਥ ਜਾਂਦੀਆਂ ਹਨ। ਕਿਹੜੀ ਗੱਲ ਅਸੀਂ ਗੁਰੂ ਦੀ ਮੰਨੀ ਕੇ ਬਹ ਕੇ ਗੁਰਮਤਿ ਵਿਚਾਰ ਕਰ ਸਕੀਏ। ਕੀ ਗੁਰੂ ਦੀ ਗਲ ਨਾ ਸੁਣਨਾ, ਨਾ ਸਮਝਣਾ, ਨਾ ਮੰਨਣਾ ਬੇਅਦਬੀ ਨਹੀਂ? ਹੰਕਾਰ ਦੂਰ ਹੋ ਸਕੇ ਤੇ ਆਪਸੀ ਪਿਆਰ ਵਧੇ, ਇਸ ਲਈ ਕੀ ਕੀਤਾ?

ਗੁਰੂ ਘਰ ਦੇ ਪੁੱਤਰਾਂ ਨੇ ਦਗਾ ਕੀਤਾ ਗੁਰੁ ਤੇਗ ਬਹਾਦੁਰ ਸਾਹਿਬ ਜੀ ਤੇ ਗੋਲੀ ਚਲਾਈ, ਨਾਨਕ ਦਾ ਦਸਤਖਤ ਕਰਕੇ ਕੱਚੀ ਬਾਣੀ ਲਿਖੀ ਤੇ ਪ੍ਰਚਾਰੀ। ਸਿੱਖਾਂ ਨੂੰ ਅੱਜ ਵੀ ਅੰਤਰ ਨਹੀਂ ਪਤਾ ਤੇ ਕੱਚੀ ਬਾਣੀ ਵੀ ਪੜ੍ਹੀ ਜਾ ਰਹੇ ਨੇ। ਕੀ ਇਹ ਬੇਅਦਬੀ ਨਹੀਂ? ਜਿਹਨਾਂ ਆਪਣੀ ਫ਼ਤਹ ਬਣਾ ਲਈ ਗੁਰੂ ਦਾ ਹੁਕਮ ਨਹੀਂ ਮੰਨਿਆਂ ਉਹਨਾਂ ਦਾ ਕੀ ਬਣਿਆ। ਗੁਰੂ ਦੇ ਹੁਕਮ ਦੀ ਖਿਲਾਫ਼ਤ ਸ਼ੁਰੂ ਤੋਂ ਹੀ ਹੁੰਦੀ ਆਈ ਹੈ ਤੇ ਗੁਰੂਘਰ ਦੇ ਨਾਲ ਈਰਖਾ ਰੱਖਣ ਵਾਲੇ ਵੀ ਹਮੇਸ਼ਾ ਤੋਂ ਰਹੇ ਹਨ ਤੇ ਗੁਰਮਤਿ ਤੋਂ ਉਲਟ ਜਾ ਕੇ ਬੇਅਦਬੀ ਕਰਦੇ ਰਹੇ ਹਨ। ਜਿਹਨਾਂ ਧਰਮ ਨੂੰ ਧੰਦਾ ਬਣਾ ਲਿਆ ਗੁਰਮਤਿ ਦੇ ਅਰਥ ਗਲਤ ਕੀਤੇ, ਗੁਰਮਤਿ ਦਾ ਪ੍ਰਚਾਰ ਰੋਕਿਆ, ਗੋਲਕ ਲਈ ਸਾਰੇ ਕੰਮ ਗੁਰਮਤਿ ਦੇ ਉਲਟ ਕਰਦੇ ਰਹੇ ਨੇ, ਉਹ ਵੱਡੇ ਅਪਰਾਧੀ ਹਨ ਜਾਂ ਨਹੀਂ? ਕੀ ਉਹ ਬੇਅਦਬੀ ਨਹੀਂ? ਕੋਈ ਮਾਸ ਪਿੱਛੇ ਝਗੜ ਰਹਿਆ ਹੈ, ਕੋਈ ਅੰਮ੍ਰਿਤ ਨੂੰ ਲੈ ਕੇ, ਕੋਈ ਮਰਿਆਦਾ ਨੂੰ, ਕੋਈ ਕੀਰਤਨ ਵਿੱਚ ਰੌਲ ਨਾ ਮਿਲਣ ਕਾਰਣ ਝਗੜ ਰਹਿਆ ਹੈ ਕੋਈ ਜੱਥੇਦਾਰੀ ਮਗਰ। ਕਿਸੇ ਨੇ ਗੁਰੂ ਤੋਂ ਪੁੱਛਿਆ ਕੀ ਗਲਤ ਤੇ ਸਹੀ ਕੀ ਹੈ? ਗੁਰੂ ਨੇ ਸਾਰੇ ਧਰਮਾਂ ਦੇ ਲੋਕਾਂ ਦੀ ਇੱਜ਼ਤ ਕੀਤੀ ਭਾਵੇਂ ਸਾਈਂ ਮੀਆਮੀਰ ਜੀ ਹੋਣ, ਭਾਵੇਂ ਕਾਜੀ ਰੁਕਮੁਦੀਨ ਜੀ ਹੋਣ, ਭਾਵੇਂ ਭਾਈ ਮਰਦਾਨਾ ਜੀ ਹੋਣ ਜਾਂ ਰੰਗਰੇਟਾ ਜੀ ਹੋਣ, ਗੁਰੂ ਨੇ ਸਬ ਨੂੰ ਨਾਲ ਲਿਆ। ਇੱਕ ਸਮਾ ਸੀ ਜਦੋਂ ਹਿੰਦੂ ਵੀਰ, ਮੁਸਲਮਾਨ ਵੀਰ ਗੁਰੂ ਦੀ ਫੌਜ ਵਿੱਚ ਭਰਤੀ ਹੋ ਕੇ ਮੁਗਲਾਂ ਦੇ ਖਿਲਾਫ਼ ਲੜੇ। ਅੱਜ ਦਾ ਸਿੱਖ ਵੰਡਿਆ ਹੋਇਆ ਹੈ ਜਾਤ ਪਾਤ ਊਚ ਨੀਚ ਵਿੱਚ ਫਸਿਆ ਪਿਆ ਕੀ ਇਹ ਗੁਰਮਤਿ ਦੇ ਆਦੇਸ਼ ਦੀ ਖਿਲਾਫਤ ਨਹੀਂ ਹੈ?

ਰਾਜਾ ਜੇ ਤਖਤ ਤੇ ਬੈਠਿਆ ਹੋਵੇ ਤੇ ਉਸਦਾ ਹੁਕਮ ਸਾਰੀ ਪਰਜਾ ਨੂੰ ਮੰਨਣਾ ਹੁੰਦਾ ਹੈ। ਸਾਨੂੰ ਇਹ ਸੋਚਣ ਦੀ ਲੋੜ ਹੈ ਕੇ ਕੀ ਅਸੀਂ ਰਾਜੇ ਦਾ ਹੁਕਮ ਮੰਨ ਰਹੇ ਹਾਂ ਕੇ ਨਹੀਂ? ਅਸੀਂ ਗੁਰਬਾਣੀ ਦੀ ਕਿਤਨੀ ਗੱਲ ਮੰਨੀ? ਰੋਜ ਸਿੱਖ ਹੁਕਮਨਾਮਾ ਲੈਂਦਾ ਹੈ, ਉਸਦੇ ਵਿੱਚ ਦੱਸੇ ਹੁਕਮ ਨੂੰ ਆਦੇਸ਼ ਨੂੰ ਮੰਨਦਾ ਹੈ ਜਾਂ ਨਹੀਂ? ਸਾਨੂੰ ਇੱਕ ਝੰਡੇ ਦੇ ਹੇਠ ਕੱਠੇ ਹੋ ਕੇ ਗੁਰਮਤਿ ਦੀ ਵਿਚਾਰ ਕਰਨੀ ਸੀ ਤੇ ਗੁਰਮਤਿ ਉਪਦੇਸ਼ ਲੋਕਾਂ ਵਿੱਚ ਪ੍ਰਚਾਰ ਕੇ ਗਿਆਨ ਦਾ ਚਾਨਣਾ ਕਰਨਾ ਸੀ। ਕੀ ਅਸੀਂ ਇਹ ਕੀਤਾ? ਅੱਜ ਵੱਖ ਵੱਖ ਧੜੇਬੰਦੀਆਂ ਬਣ ਗਈਆਂ ਨੇ ਤੇ ਸਾਰੇ ਹੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਉੱਪਰ ਦੱਸਦੇ ਹਨ ਕੀ ਇਹ ਹੁਕਮ ਦੀ ਨਾਫ਼ਰਮਾਨੀ/ਬੇਅਦਬੀ ਨਹੀਂ? ਜਦੋਂ ਅਸੀਂ ਏਕੇ ਦਾ ਪ੍ਰਚਾਰ ਨਹੀਂ ਕਰ ਰਹੇ ਤਾਂ ਅਸੀਂ ਕਿੱਦਾਂ ਇਹ ਸੋਚ ਸਕਦੇ ਹਾਂ ਕੇ ਆਮ ਜਨਤਾ ਸਾਡੀ ਸ਼ਰਧਾ ਦੀ ਕਦਰ ਕਰੇ? ਜੇ ਪ੍ਰਚਾਰ ਸਹੀ ਹੋਵੇ ਤਾਂ ਲੋਕਾਂ ਦੇ ਭਰਮ, ਵਿਕਾਰ, ਦੁਖ ਦਰਦ ਦੂਰ ਹੋਣ।

ਗੁਰੂ ਪੋਥੀ ਹੈ ਜਾਂ ਪੋਥੀ ਵਿੱਚਲਾ ਗਿਆਨ? “ਪੋਥੀ ਪਰਮੇਸਰ ਕਾ ਥਾਨੁ॥” ਅਰਥ ਕੀ ਬਣਿਆ ਪੋਥੀ ਪਰਮੇਸਰ ਜਾਂ ਪਰਮੇਸਰ ਦੀ ਥਾਂ? ਫੇਰ ਬਾਣੀ ਆਖਦੀ “ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥” ਫੇਰ ਉਹੀ ਸਵਾਲ ਦੁਬਾਰਾ ਬਣਦਾ ਕੇ ਗਿਆਨ ਗੁਰੂ ਹੈ, ਪੋਥੀ ਵਿਚਲਾ ਗਿਆਨ ਤੇ ਸੋਝੀ ਗੁਰੂ ਹੈ ਜਾਂ ਪੋਥੀ ਗੁਰੂ ਹੈ? ਬਾਣੀ ਗੁਰੂ ਹੈ ਤੇ ਬਾਣੀ ਬਾਰੇ ਲਿਖਿਆ ਹੈ “ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ॥” ਨਿਰੰਕਾਰ ਦਾ ਅਰਥ ਹੁੰਦਾ ਮਾਇਆ ਦਾ ਆਕਾਰ ਨਾ ਹੋਣਾ। ਮਾਇਆ ਤੋਂ ਪਰੇ ਹੋਣਾ। ਜੋ ਮਾਇਆ ਤੋਂ ਪਰੇ ਹੈ ਉਸਦੀ ਬੇਅਦਬੀ ਕੌਣ ਕਰ ਸਕਦਾ ਹੈ?

ਗੁਰਬਾਣੀ ਤਾਂ ਆਖਦੀ “ਜੇ ਸਭਿ ਮਿਲਿ ਕੈ ਆਖਣ ਪਾਹਿ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥“ ਅਰਥ ਕਿਸੇ ਦੇ ਕਹਣ ਮੰਨਣ ਨਾਲ ਨਾ ਉਹ ਵੱਡਾ ਹੋਣਾ, ਵੱਡਾ ਨਾ ਆਖਣ ਨਾਲ ਛੋਟਾ ਨਹੀਂ ਹੋਣਾ ਫੇਰ ਉਸਦੀ ਬੇਅਦਬੀ ਕਿਵੇਂ ਹੁੰਦੀ ਹੈ? ਉਸਦਾ ਹੁਕਮ ਉਸਦੀ ਗੱਲ ਨਾ ਮੰਨ ਕੇ। ਜਦੋਂ ਸਿੱਖ ਵਿਚਾਰ ਨਹੀਂ ਕਰਦਾ ਬਾਣੀ ਦਾ ਆਦੇਸ਼ ਹੈ ਕੇ ਗੁਰਮਤਿ ਦੀ ਵਿਚਾਰ ਕਰੋ? ਜਿਹੜਾ ਨਹੀਂ ਕਰ ਰਹਿਆ ਉਹ ਸਿੱਖ ਕਹਾਉਣ ਦਾ ਹੱਕਦਾਰ ਕਿਵੇਂ ਹੈ? ਉਹ ਕੀ ਸਿੱਖ ਰਹਿਆ ਹੈ ਸਿੱਖ ਅਖੌਣ ਲਈ? ਨਾਮ ਗੁਰਸਿੱਖ ਰੱਖ ਲੈਣ ਨਾਲ ਜਾਂ ਸਿੱਖ ਰੱਖ ਲੈਣ ਨਾਲ ਕੋਈ ਸਿੱਖ ਕਿਵੇਂ ਹੋ ਜਾਂਦਾ? ਜੇ ਬੱਚਾ ਸਕੂਲ ਵਿੱਚ ਦਾਖਲਾ ਲੈ ਲਵੇ, ਵਰਦੀ ਪਾ ਕੇ ਫਿਰੀ ਜਾਵੇ ਤੇ ਸਕੂਲ ਵੀ ਜਾਵੇ ਪਰ ਸਿੱਖੇ ਨਾਂ ਤਾ ਕੀ ਉਹ ਸਕੂਲ ਵਿੱਚ ਰਹਣ ਦਾ ਹੱਕਦਾਰ ਹੁੰਦਾ?

ਪੋਥੀ ਸਾਹਿਬ ਤੇ ਹਮਲੇ ਵੀ ਕਈ ਵਾਰ ਹੋਏ ਨੇ, ਥੰਮ ਸਾਹਿਬ ਤੇ ਬੀੜ ਨੂੰ ਸਾੜਨਾ, ੮੪ ਵਿੱਚ ਕਈ ਬੀੜਾਂ ਸਾੜੀਆਂ ਗਈਆਂ। ਜਦੋਂ ਸਿੰਘ ਘੋੜਿਆਂ ਦੀ ਕਾਠੀਆਂ ਤੇ ਸਨ, ਤਾਂ ਵੀ ਕਈ ਵਾਰ ਪੋਥੀ ਸਾਹਿਬ ਤੇ ਟੱਕ ਵੱਜੇ ਨੇ। ਪਰ ਪੋਥੀ ਵਿੱਚਲਾ ਗਿਆਨ ਨਹੀਂ ਬਦਲਿਆ, ਉਸ ਵਿੱਚ ਕੋਈ ਘਾਟ ਨਹੀਂ ਹੋਈ। ਹਾਂ ਸਿੱਖਾ ਨੇ ਜਰੂਰ ਛਾਪੇ ਦੀਆਂ ਗਲਤੀਆਂ ਕੀਤੀਆਂ। ਕਈ ਮਾਤਰਾ ਭੁਲੇਖੇ ਵੱਸ ਗਲਤੀ ਨਾਲ ਬਦਲੀਆਂ ਗਈਆਂ ਕਈ ਮਾਤਰਾਵਾਂ ਜਾਣ ਕੇ ਹਟਾਉਣੀਆਂ ਪਈਆਂ ਜਿਵੇਂ ਲਟਕਾਨ ਮਾਤ੍ਰਾਵਾਂ ਕੰਮਪਯੂਟਰ ਜਾਂ ਛਾਪੇ ਦੀ ਮਸ਼ੀਨ ਰਾਹੀਂ ਛਾਪਣੀਆਂ ਸੰਭਵ ਨਹੀਂ ਸੀ। ਖਾਰੀ ਬੀੜ ਦੀ ਮੌਜੂਦਗੀ ਇਹ ਦੱਸਦੀ ਹੈ ਕੇ ਗੁਰੂ ਕਾਲ ਦੇ ਸਮੇਂ ਤੋਂ ਹੀ ਕਈ ਇਹੋ ਜਿਹੇ ਸਿੱਖ ਅਖਾਉਣ ਵਾਲੇ ਮੌਜੂਦ ਸੀ ਜੋ ਆਪਣੇ ਆਪ ਨੂੰ ਗੁਰੁਆਂ ਤੋਂ ਜਿਆਦਾ ਸਿਆਣਾ ਸਮਝਦੇ ਸੀ ਤੇ ਉਹਨਾਂ ਬਾਣੀ ਵਿੱਚ ਛੇੜ ਛਾੜ ਕੀਤੀ। ਅੱਜ ਕਈ ਸਿੱਖ ਖਾਰੀ ਬੀੜ ਨੂੰ ਵੀ ਮੱਥੇ ਟੇਕਦੇ ਹਨ ਭਾਵੇਂ ਦਸਮ ਪਾਤਿਸ਼ਾਹ ਨੇ ਆਪ ਰੱਦ ਕੀਤੀ ਸੀ ਇਹ ਬੀੜ।

ਜਦੋਂ ਬਾਣੀ ਨੇ ਕਹਿਆ “ਕੰਚਨ ਸਿਉ ਪਾਈਐ ਨਹੀ ਤੋਲਿ॥” ਅਤੇ “ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ॥ ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ॥ ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ॥੪॥” ਅਸੀਂ ਗੁਰਘਰਾਂ ਵਿੱਚ ਕੰਚਨ (ਸੋਨਾ) ਦਾਨ ਕਰਨ ਵਾਲਿਆਂ ਨੂੰ ਸੋਨਾਂ ਲਗਾਉਣ ਵਾਲਿਆਂ ਨੂੰ ਮਾਣ ਦੇ ਰਹੇ ਹਾਂ। ਗੁਰਬਾਣੀ ਦਾ ਫੁਰਮਾਨ ਸੀ ਕੇ ਕੰਚਨ (ਸੋਨਾ) ਤਾਂ ਮਿੱਟੀ ਬਰਾਬਰ ਸਮਝਣਾ ਹੈ “ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥੧॥ ਰਹਾਉ॥ ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥ ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥੧॥ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥ ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ॥੨॥ ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ॥ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥੩॥੧੧॥”। ਅਸੀਂ ਕਿਸੇ ਨੂੰ ਵੀ ਗੁਰੂਘਰ ਵਿੱਚ ਸਰੋਪੇ ਪਾ ਕੇ ਮਾਣ ਦੇਰੀ ਜਾਂਦੇ, ਸੋਚਣ ਦੀ ਲੋੜ ਹੈ ਕੇ ਸਾਡੇ ਕੰਮ ਗੁਰਮਤਿ ਦੇ ਖਿਲਾਫ਼ ਤਾਂ ਨਹੀਂ? ਅਸੀਂ ਆਪਣੇ ਪ੍ਰਚਾਰ ਨੂੰ ਆਪਣੀਆਂ ਗਲਤੀਆਂ ਸੁਧਾਰ ਲਈਏ ਤਾਂ ਗੁਰਮਤਿ ਦਾ ਪ੍ਰਚਾਰ ਸਹੀ ਹੋਣਾ। ਹਰੇਕ ਸਿੱਖ ਦਾ ਇਹ ਫ਼ਰਜ ਹੈ ਕੇ ਗੁਰਮਤਿ ਦਾ ਚਾਨਣਾ ਗੁਰਮਤਿ ਦਾ ਆਸਰਾ ਲੈਕੇ ਕੰਮ ਕਰੀਏ। “ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ॥੨੧॥ ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ॥ ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ॥੨੨॥

ਗੁਰੂ ਦੀ ਬੇਅਦਬੀ ਉਦੋਂ ਹੁੰਦੀ ਜਦੋਂ ਅਸੀਂ ਹੁਕਮ, ਭਾਣਾ, ਆਦੇਸ਼ ਨਾ ਮੰਨੀਏ। ਬਾਣੀ ਗੁਰੂ ਹੈ “ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥” ਪਰ ਇਸਨੂੰ ਪੜ੍ਹ ਕੇ ਸੰਦੇਸ਼ ਕੌਣ ਮੰਨ ਰਹਿਆ ਹੈ? “ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥੫॥”, “ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ॥ ਗੁਰ ਕੀ ਆਗਿਆ ਮਨ ਮਹਿ ਸਹੈ॥”। ਕ੍ਰੋਧ ਤੇ ਅਹੰਕਾਰ ਕਰਨ ਨੂੰ ਤਾਂ ਗੁਰਮਤਿ ਮਨਾਂ ਕਰਦੀ ਪਰ ਸਾਡੇ ਵਿੱਚ ਭਰਿਆ ਪਿਆ “ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ॥ ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ॥ ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥੯॥“। ਸਾਨੂੰ ਇਹ ਵੀ ਭੁੱਲ ਗਿਆ ਕੇ ਅਸੀਂ ਜਿਸਦੀ ਬੇਅਦਬੀ ਦੀ ਗੱਲ ਕਰਦੇ ਹਾਂ ਉਹ ਤਾਂ ਆਪ ਸਰਵ ਸ਼ਕਤੀਮਾਨ ਹੈ “ਓਪਤਿ ਪਰਲਉ ਖਿਨ ਮਹਿ ਕਰਤਾ॥ ਆਪਿ ਅਲੇਪਾ ਨਿਰਗੁਨੁ ਰਹਤਾ॥੩॥”।

ਬੇਅਦਬੀ ਕਿਵੇਂ ਰੁਕੇ ਤੇ ਅਦਬ ਕਿਵੇਂ ਹੋਵੇ

ਜੇ ਬੇਅਦਬੀ ਰੋਕਣੀ ਹੈ ਤੇ ਸਾਨੂੰ ਕੁਝ ਜਤਨ ਪੁਰਜੋਰ ਤਰੀਕੇ ਨਾਲ ਕਰਨੇ ਪੈਣੇ। ਸਾਨੂੰ ਗੁਰਬਾਣੀ ਦਾ ਆਦੇਸ਼ ਸਮਝਣਾ ਪੈਣਾ। ਸਹੀ ਪ੍ਰਚਾਰ ਹੋਵੇ। ਗੁਰਮਤਿ ਲੋਕਾਂ ਤਕ ਪਹੁੰਚਾਈ ਜਾਵੇ। ਵਿਚਾਰ ਹੋਣ ਬਾਣੀ ਤੇ। ਜਦੋਂ ਸਿੱਖਾਂ ਨੇ ਬਾਣੀ ਪੜ੍ਹ ਕੇ ਵਿਚਾਰਨੀ ਤੇ ਪ੍ਰਚਾਰਨੀ ਸ਼ੁਰੂ ਕਰ ਦਿੱਤੀ ਤਾਂ ਆਪੇ ਲੋਕਾਂ ਨੂੰ ਸਮਝ ਆਵੇਗਾ ਕੇ ਬਾਣੀ ਤਾਂ ਸਾਰਿਆਂ ਨਾਲ ਪ੍ਰੇਮ ਦਾ ਸੰਦੇਸ਼ ਦੇ ਰਹੀ ਹੈ। “ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ॥“ ਜੇ ਇ ਸਮਝ ਆ ਜਾਵੇ ਕੇ ਮੇਰਾ ਵੀ ਤੁਹਾਡਾ ਵੀ ਸਾਰਿਆਂ ਦਾ ਮਾ ਪਿਉ ਉਹ ਆਪ ਹੈ ਫੇਰ ਭੇਦ ਭਾਵ ਕਿੱਥੇ ਰਹ ਜਾਣਾ। ਸਾਨੂੰ ਪਹਿਲਾਂ ਆਪ ਮੰਨਣਾ ਪੈਣਾ ਕੇ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥”। ਅੱਜ ਵੀ ਦੇਸ਼ ਵਿੱਚ ਊਚ ਨੀਚ, ਛੂਆ ਛੂਤ ਵਰਗੇ ਕੋੜ੍ਹ ਸਿੱਖਾਂ ਵਿੱਚ ਵੀ ਮੌਜੂਦ ਨੇ। ਜੱਟਾਂ, ਖੱਤਰੀਆਂ, ਭਾਪਿਆਂ ਦੇ, ਰਾਮਗੜ੍ਹੀਆਂ ਦੇ, ਰੰਗਰੇਟਿਆਂ, ਮਜਹਬੀ ਸਿੱਖਾਂ ਅਤੇ ਹੋਰਾਂ ਵਰਨਾਂ ਦੇ ਗੁਰੂਘਰ ਵੱਖਰੇ ਨੇ। ਇਹ ਗੁਰੂ ਦੀ ਹੁਕਮ ਨਾਫਰਮਾਨੀ ਨਹੀਂ ਹੈ? ਜੇ ਘਰੇ ਬਜ਼ੁਰਗ ਸਿਆਣਾ ਹੋਵੇ, ਅਸੀਂ ਉਸਨੂੰ ਰੋਜ ਨਵੇਂ ਕਪੜੇ ਪੁਵਾ ਦਈਏ, ਉਸਦੇ ਲਈ ਸ਼ਾਨਦਾਰ ਘਰ, ਅੇ ਸੀ, ਗੱਡੀ, ਸਬ ਹੋਵੇ, ਖਾਣ ਨੂੰ ਚੰਗਾ ਖਾਣਾ ਦਈਏ, ਕੋਲ ਵੀ ਬੈਠ ਜਾਈਏ ਪਰ ਉਸਦੀ ਗੱਲ ਨਾ ਸੁਣੀਏ ਨਾ ਮੰਨ ਕੇ ਬਸ ਆਪਣੇ ਮਨ ਦੀ ਕਰੀਏ ਤਾਂ ਕੀ ਬਜ਼ੁਰਗ ਖੁਸ਼ ਹੋਊ? ਉੱਦਾਂ ਹੀ ਗੁਰੂਘਰਾਂ ਵਿੱਚ ਚੌਰ ਕਰ ਲੈਣਾ, ਰੁਮਾਲੇ, ਆਦੀ ਦੀ ਸੇਵਾ ਕਰ ਲੈਣਾ, ਭੋਗ ਲਾਉਣਾ ਕਾਫ਼ੀ ਹੈ ਜਾਂ ਗੁਰੂ ਦੀ ਗੱਲ ਸਮਝ ਕੇ ਮੰਨਣੀ ਵੀ ਚਾਹੀਦੀ?

ਸਾਡੇ ਪ੍ਰਚਾਰ ਵਿੱਚ ਹੀ ਕਮੀਂ ਹੈ ਜੋ ਲੋਕਾਂ ਨੂੰ ਇਹ ਸਮਝ ਨਹੀਂ ਆਇਆ ਕੇ ਬਾਣੀ ਧੁਰ ਕੀ ਬਾਣੀ ਹੈ, ਪ੍ਰੇਮ ਦਾ ਸੰਦੇਸ਼ ਦੇ ਰਹੀ ਹੈ ਏਕੇ ਦਾ ਸੰਦੇਸ਼ ਦੇ ਰਹੀ ਹੈ। ਬਾਣੀ ਸਾਰਿਆਂ ਵਿੱਚ ਏਕ ਜੋਤ ਦੇਖਣ ਨੂੰ ਆਖਦੀ ਹੈ। ਗੁਰੂ ਨੇ ਸਾਰਿਆਂ ਨੂੰ ਗਲ ਲਾਇਆ ਸੀ। ਅੱਜ ਦਾ ਸਿੱਖ ਭੇਦ ਭਾਵ ਕਰਨ ਲੱਗ ਪਿਆ, ਬਾਟੇ ਵੱਖਰੇ ਬਣਾ ਲਏ, ਤਾਂ ਹੀ ਧਰਮ ਦੇ ਠੇਕੇਦਾਰ, ਰਾਜਨੀਤਕ ਲੋਕ ਕਿਸੇ ਨੂੰ ਵੀ ਪੈਸੇ ਦੇ ਕੇ ਬਰਗਲਾ ਕੇ ਜਗਹ ਜਗਹ ਗੁਰੂਘਰਾਂ ਵਿੱਚ ਬੇਅਦਬੀ ਕਰਨ ਨੂੰ ਭੇਜ ਦਿੰਦੇ ਨੇ। ਇਹ ਸਿਲਸਿਲਾ ਰੁਕਣ ਦਾ ਨਾ ਨਹੀੰ ਲੈ ਰਹਿਆ ਭਾਵੇਂ ਕਿਸੇ ਦੇ ਹੱਥ ਵੱਡ ਕੇ ਟੰਗ ਤਾ, ਕਿਸੇ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ, ਜੀੰਦਾ ਸਾੜ ਦਿਤਾ, ਗੋਲੀ ਮਾਰ ਦਿੱਤੀ। ਤਰਹ ਤਰਹ ਦੇ ਤਸੀਹੇ ਤੇ ਦਰਦਨਾਕ ਵੀਡੀਓ ਹੋਣ ਦੇ ਬਾਦ ਵੀ ਕੋਈ ਨਾ ਕੋਈ ਭਾਵਨਾਵਾਂ ਨੂੰ ਠੇਸ ਪਹੁੰਚਾਣ ਲਈ ਤੁਰ ਹੀ ਪੈਂਦਾ ਹੈ। ਇਹ ਸਿਲਸਿਲਾ ਡਰਾ ਕੇ, ਲੜ੍ਹ ਕੇ, ਗੁੱਸੇ ਨਾਲ ਹਲ ਨਹੀਂ ਹੋਣਾ। ਜਿਹੜੇ ਇਹ ਕੰਮ ਕਰਵਾ ਰਹੇ ਨੇ ਉਹ ਸਾਜ਼ਿਸ਼ ਤਹਿਤ ਕਰਵਾ ਰਹੇ ਨੇ। ਉਹਨਾਂ ਨੂੰ ਪਤਾ ਸਿੱਖਾਂ ਦੇ ਮਨ ਨੂੰ ਸ਼ਰਧਾ ਨੂੰ ਠੇਸ ਕਿਵੇਂ ਪਹੁਚਾਣੀ ਹੈ। ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਬੇਅਦਬੀ ਕਰਣ ਵਾਲਾ ਵੀ ਕੋਈ ਪੈਸੇ ਦੇ ਲਾਲਚ ਵਿੱਚ ਗਰੀਬੀ ਕਾਰਣ ਕਰ ਰਹਿਆ ਹੈ ਕਿਸੇ ਨੂੰ ਸ਼ਹਾਦਤ ਦਿਸ ਰਹੀ ਹੈ, ਕੋਈ ਗਲਤ ਭਾਵਨਾਵਾਂ ਵਿੱਚ, ਆਪਣੇ ਧਰਮ ਪ੍ਰਤੀ ਅੰਨੀ ਸ਼ਰਧਾ, ਭਰਮ ਜਾਂ ਆਪਣੇ ਧਰਮ ਨੂੰ ਬਹਿਤਰ ਸਿੱਧ ਕਰਨ ਨੂੰ ਕਰ ਰਹਿਆ ਹੈ। ਜਦੋਂ ਤਕ ਧਾਰਮਿਕ ਵੰਡ ਦੀ ਥਾਂ ਗੁਰਮਤਿ ਉਪਦੇਸ਼ ਦਾ ਸਹੀ ਪ੍ਰਚਾਰ ਨਹੀਂ ਹੁੰਦਾ ਨਾ ਤਾਂ ਲੋਕਾਂ ਨੂੰ ਗੁਰਮਤਿ ਦੀ ਕੀਮਤ ਪਤਾ ਲੱਗਣੀ ਨਾ ਭੁਲੇਖਾ ਦੂਰ ਹੋਣਾ। ਹਰ ਸਿੱਖ ਦਾ ਇਹ ਨਿਰਨਾ ਹੋਣਾ ਚਾਹੀਦਾ ਕੇ ਗੁਰਮਤਿ ਦੀ ਸੋਝੀ ਲਵੇ। ਨਹੀਂ ਤਾਂ ਗੁਰੂ ਵਾਲੀ ਸਿੱਖੀ ਦੀ ਥਾਂ ਹੋ ਰਹੀ ਧਾਰਮਿਕ ਤੇ ਸਮਾਜਿਕ ਵੰਡ ਕਦੇ ਨਹੀਂ ਮੁੱਕਣੀ। ਕੌਡਾ ਰਾਕਸ਼ਸ ਲੋਕਾਂ ਨੂੰ ਸਾੜ ਕੇ ਖਾਂਦਾ ਸੀ, ਗੁਰੂ ਕੋਲ ਇਤਨਾ ਗਿਆਨ ਸੀ, ਪ੍ਰੇਮ ਸੀ ਕੇ ਉਸਨੂੰ ਵੀ ਤਾਰ ਦਿੱਤਾ ਗਿਆਨ ਨਾਲ ਉਸਨੂੰ ਵੀ ਰਾਹੇ ਪਾ ਦਿੱਤਾ। ਲੋਕਾਂ ਦੀ ਸੇਵਾ ਕਰਨ ਲਾ ਦਿੱਤਾ।

ਗੁਰੂਘਰਾਂ ਵਿੱਚ ਸੁਰੱਖਿਆ ਚੰਗੀ ਹੋਵੇ। ਗੁਰੂਘਰ ਜਿਆਦਾ ਬਣਾਉਣ ਨਾਲੋਂ ਸੰਗਤ ਰਲ ਕੇ ਗੁਰੂਘਰਾਂ ਵਿੱਚ ਸੇਵਾ ਕਰੇ। ਧਾਰਮਿਕ ਆਗੂ ਆਪਸੀ ਦ੍ਵੇਸ਼ ਛੱਡ ਕੇ ਗੁਰਮਤਿ ਦਾ ਸਹੀ ਪ੍ਰਚਾਰ ਕਰਨ। “ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥”, “ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ॥” ਕੇਵਲ ਕਹਿਣਾ ਨਹੀਂ ਹੈ ਮੰਨਣਾ ਪੈਣਾ। ਜਦੋਂ ਸਿੱਖ ਦਾ ਸਿੱਖੀ ਗਿਆਨ ਪੱਕਾ ਹੋ ਗਿਆ, ਜਦੋਂ ਸਾਡਾ ਪ੍ਰਚਾਰ ਸਹੀ ਹੋ ਗਿਆ ਗੁਰੂ ਦੀ ਅਦਬ ਵਧੂ ਤੇ ਨਾਲ ਕਿਸੇ ਨੇ ਬੇਅਦਬੀ ਕਰਨ ਦੀ ਸੋਚਣੀ ਵੀ ਨਹੀਂ।

ਬਾਣੀ ਦੀ ਵਿਚਾਰ ਹੋਵੇ, ਲੋਕਾਂ ਵਿੱਚ ਪ੍ਰੇਮ ਭਾਵਨਾ ਏਕਾ ਹੋਵੇ। ਖਾਲੀ ਹੱਥ ਆਏ ਜਾਣਾ ਵੀ ਖਾਲੀ ਹੱਥ ਹੈ। ਜੋ ਸਦੀਵ ਰਹਿਣਾ ਉਹ ਪਰਮੇਸਰ ਹੈ ਸੱਚ ਹੈ। ਸੱਚ ਦਾ ਹੀ ਪ੍ਰਚਾਰ ਕਰੀਏ। ਇਹੀ ਗੁਰੂ ਦੀ ਸਬ ਤੋ ਵੱਡੀ ਅਦਬ ਹੈ।

ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ॥ ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ॥ ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ॥ ਓਨੑਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ॥੯॥