Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਗੁਰ ਕੇ ਚਰਨ

ਗੁਰਬਾਣੀ ਨਿਰਾਕਾਰ ਦੀ ਗਲ ਕਰਦੀ ਹੈ। ਉਹ ਨਿਰਾਕਾਰ ਅਕਾਲ ਮੂਰਤ ਜਿਸਦਾ ਰੂਪ ਰੰਗ ਨਹੀਂ, ਜੋ ਮਾਇਆ ਦੇ ਸਰੀਰ ਵਿੱਚ ਫਸਿਆ ਹੋਇਆ ਨਹੀਂ ਹੈ। ਕਈ ਸ਼ਰਧਾਵਾਨ ਸਿੱਖ ਨਾਸਮਝੀ ਵਿੱਚ ਗੁਰੂਘਰ ਪੋਥੀ ਦੇ ਪੀੜ੍ਹੇ ਘੁੱਟਨ ਲੱਗ ਜਾਂਦੇ ਹਨ ਤੇ ਬਾਰ ਬਾਰ ਪੋਥੀ ਨੂੰ ਮੱਥਾ ਟੇਕ ਕੇ ਹੀ ਖੁਸ਼ ਹੋਈ ਜਾਂਦੇ ਨੇ। ਬਾਣੀ ਪੜ੍ਹਦਿਆਂ ਭਰਮ ਹੁੰਦਾ ਹੈ ਜੇ ਤੱਤ ਗਿਆਨ ਨਾ ਹੋਵੇ, ਗੁਰਬਾਣੀ ਆਖਦੀ “ਗੁਰ ਕੇ ਚਰਨ ਮਨ ਮਹਿ ਧਿਆਇ॥” ਅਤੇ “ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥੩॥” ਪਰ ਭੁੱਲ ਜਾਂਦੇ ਨੇ ਤੇ ਕੋਈ ਦੱਸਣ ਸਮਝਾਉਣ ਵਾਲਾ ਨਹੀਂ ਕੇ ਸਾਡਾ ਗੁਰੂ ਗਿਆਨ ਗੁਰੂ ਹੈ “ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥”, ਤੇ ਸਾਡੇ ਲਈ ਸਮਝਣਾ ਲਾਜ਼ਮੀ ਹੋ ਜਾਂਦਾ ਹੈ ਕੇ ਗਿਆਨ ਗੁਰੂ ਦੇ ਚਰਨ ਕੀ ਹੁੰਦੇ ਹਨ ਤੇ ਗਿਆਨ ਗੁਰੂ ਦੀ ਸੇਵਾ ਕੀ ਹੈ। ਗੁਰਬਾਣੀ ਆਖਦੀ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥

ਚਰਨ ਕੀ ਹੁੰਦੇ ਹਨ ?

ਗੁਰਮਤਿ ਅਨੁਸਾਰ ਚਰਨ ਬਾਹਰ ਸਰੀਰ, ਬਦੇਹੀ ਵਾਲੇ ਪੈਰ ਨਹੀਂ ਹਨ। ਜੇ ਗੁਰ ਦਾ ਅਰਥ ਸਮਝ ਆ ਜਾਵੇ ਤਾਂ ਚਰਨ ਸਮਝਣਾ ਵੀ ਸੌਖਾ ਹੈ। ਗੁਰ ਹੁੰਦਾ ਗੁਣ। ਚਰਨ ਹਨ ਗੁਣਾਂ ਦੀ ਛਾਪ, ਗੁਣਾਂ ਦੀ ਛੋਹ। ਚਰਨ ਧੂੜ ਹੈ ਗੁਣਾਂ ਦੀ ਵਿਚਾਰ ਤੋਂ ਪ੍ਰਾਪਤ ਸੋਝੀ। ਇਸਦਾ ਭੇਦ ਪਤਾ ਲਗਦਾ ਹੈ ਬਾਣੀ ਆਖਦੀ “ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥੪॥”, “ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ॥”, “ਸਗਲ ਭਵਨ ਤੇਰੀ ਮਾਇਆ ਮੋਹ॥ ਮੈ ਅਵਰੁ ਨ ਦੀਸੈ ਸਰਬ ਤੋਹ॥ ਤੂ ਸੁਰਿ ਨਾਥਾ ਦੇਵਾ ਦੇਵ॥ ਹਰਿ ਨਾਮੁ ਮਿਲੈ ਗੁਰ ਚਰਨ ਸੇਵ॥੧॥

ਚਰਨ ਚਲਉ ਮਾਰਗਿ ਗੋਬਿੰਦ॥

ਚਰਨ ਬਧਿਕ ਜਨ ਤੇਊ ਮੁਕਤਿ ਭਏ ॥ (ਪੰਨਾ ੩੪੫) – ਜਿਹੜੇ ਸ਼ਬਦ ਨਾਲ ਜੁੜ ਜਾਣ, ਜਿਹੜੇ ਗੁਰਬਾਣੀ ਦੇ ਗੁਣਾਂ ਨੂੰ ਧਾਰਨ ਕਰ ਲੈਣ। ‘ਚਰਨ’ ਦਾ ਅਰਥ ਹਿੱਸਾ ਹੁੰਦਾ ਹੈ ਛਾਪ ਹੈ। ‘ਬਧਿਕ’ ਜਿਹੜਾ ਇਹਨਾਂ ਨਾਲ ਬੱਝ ਜਾਵੇ, ਧਾਰਨ ਕਰ ਲਵੇ।

ਗੁਰ ਕੇ ਚਰਨ ਰਿਦੈ ਪਰਵੇਸਾ॥ ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ॥੧॥” – ਹੁਣ ਸੋਚਣ ਤੇ ਸਮਝਣ ਵਾਲੀ ਗਲ ਹੈ ਕੇ ਗੁਰ ਕੇ ਚਰਣ ਹਿਰਦੇ ਵਿੱਚ ਕਿਵੇਂ ਪਰਵੇਸ ਕਰਨਗੇ ਜੇ ਸਰੀਰਿਕ ਚਰਨ ਹੋਣ ਤਾਂ? ਚਰਨ ਅਲੰਕਾਰ ਹਨ ਗੁਣਾਂ ਦੀ ਸੋਝੀ ਦੇ। ਆਮ ਭਾਸ਼ਾ ਵਿੱਚ ਲੋਕ ਕਹ ਦਿੰਦੇ ਹਨ ਕੇ ਪੁੱਤਰ ਆਪਣੇ ਪਿਓ ਦੇ ਨਕਸ਼ੇ ਕਦਮਾਂ ਤੇ ਚਲਦਾ ਹੈ ਤਾਂ ਉੱਦਾ ਇਹ ਭਾਵ ਨਹੀਂ ਹੁੰਦਾ ਕੇ ਪੁੱਤਰ ਨੇ ਪਿਓ ਦੇ ਪੈਰ ਕੱਟ ਕੇ ਆਪਣੇ ਪੈਰਾਂ ਥੱਲੇ ਲਾ ਲਏ ਨੇ ਜਾਂ ਪਿਓ ਨੇ ਨਕਸ਼ਾ ਬਣਾ ਦਿੱਤਾ ਤੇ ਪੁੱਤਰ ਬਸ ਉਸ ਨਕਸ਼ੇ ਤੇ ਹੀ ਚਲ ਰਹਿਆ ਹੈ। ਬਲਕੇ ਭਾਵ ਹੁੰਦਾ ਕੇ ਜਿਹੋ ਜਹੀ ਸੋਚ, ਜਿਹੋ ਜਹੇ ਗੁਣ, ਜਿਹੋ ਜਹੇ ਵਿਚਾਰ ਪਿਓ ਦੇ ਹਨ ਉਹੋ ਜਹੇ ਪੁੱਤਰ ਦੇ ਹਨ। ਉਸੇ ਤਰਹ ਗੁਰ (ਗੁਣਾਂ) ਤੋਂ ਪ੍ਰਾਪਤ ਸੋਝੀ ਦੀ ਵਰਤੋ ਹਰ ਵੇਲੇ ਹੋਵੇ। ਉਦਾਹਰਣ ਸੱਚੇ ਦਾ ਗੁਰ (ਗੁਣ) ਹੈ ਨਿਰਵੈਰਤਾ, ਇਸ ਗੁਰ ਦੇ ਚਰਨ ਹਨ ਨਿਰਵੈਰਤਾ ਰੱਖਣਾ। ਸਾਰਿਆਂ ਵਿੱਚ ਏਕ ਜੋਤ ਵੇਖਣਾ। ਨਿਰਵੈਰ ਹੋਣਾ, ਨਿਰਭਉ ਹੋਣਾ, ਗੁਰ ਦੇ ਦੱਸੇ ਮਾਰਗ ਤੇ ਚਲਣਾ ਹੈ। ਚਰਨ ਚਲਣਾ ਦੇ ਕੁੱਝ ਉਦਾਹਰਣ ਗੁਰਮਤਿ ਤੋਂ ਵੇਖਦੇ ਹਾਂ

ਗੁਰ ਕੇ ਚਰਨ ਮਨ ਮਹਿ ਧਿਆਇ॥ ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ॥੧॥” – ਸਿਆਣਪਾਂ ਚਤਿਰਾਈਆਂ ਛੱਡਣਾ ਸੱਚੇ ਦੇ ਹੁਕਮ ਵਿੱਚ ਲਿਵ ਲਾਉਣਾ ਧਿਆਨ ਰੱਖਣਾ ਹੀ ਗੁਰ ਕੇ ਚਰਨੀ ਚੱਲਣਾ ਹੈ।

ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ॥ ਚਰਨ ਕਮਲ ਗੁਰ ਰਿਦੈ ਬਸਾਇਆ॥੧॥” – ਸਿਮਰਨ ਕਰਨਾ ਹੁੰਦਾ ਹੈ ਯਾਦ ਰਖਣਾ। ਗੁਰ ਦੇ ਹੁਕਮ, ਗੁਰਮਤਿ ਨੂੰ ਸਿਮਰਿਆਂ ਚੇਤੇ ਰੱਖਿਆਂ ਹੀ ਗੁਰ (ਗੁਣਾਂ) ਦੀ ਸੋਝੀ ਹਿਰਦੇ ਵਿੱਚ ਬਸ ਜਾਂਦੀ ਹੈ। ਇਸ ਨਾਲ ਹੋਣਾ ਕੀ ਹੈ “ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ॥ ਤਿਸਹਿ ਅਰਾਧਿ ਮੇਰਾ ਮਨੁ ਧੀਰਾ॥” ਮਨ ਵਿੱਚ ਧੀਰਜ ਪੈਦਾ ਹੁੰਦਾ ਹੈ ਸਬ ਪਾਸੇ ਗੋਬਿੰਦ, ਪਰਮੇਸਰ ਦਾ ਬਿੰਦ ਵਿਖਣ ਲੱਗ ਜਾਂਦਾ ਹੈ।

ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖੵਣ ਮੋਹ ਕੀ ਫਾਸ॥ ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ॥੧॥” – ਗੁਰਮਤਿ ਨੇ ਭਾਰ ਦੱਸੇ ਹਨ “ਹਉਮੈ ਮੋਹ ਭਰਮ ਭੈ ਭਾਰ॥ ਦੂਖ ਸੂਖ ਮਾਨ ਅਪਮਾਨ॥” ਤੇ ਮਹਾਰਾਜ ਕਹ ਰਹੇ ਹਨ ਕੇ ਭ੍ਰਮ ਖੂਹ ਵਾਂਗ ਹੈ, ਤ੍ਰਸਨਾ ਦੇ ਰਸ ਦਾ ਲੋਭ ਉਠਦਾ ਮਨੁੱਖ ਨੂੰ ਪਰ ਇਹ ਰਸਤਾ ਬਹੁਤ ਕਠਿਨ ਹੈ ਮੋਹ ਦੇ ਫਾਸ ਵਿੱਚ ਬੰਨ ਲੈਂਦਾ ਹੈ। ਤੇ ਇਸਨੂੰ ਕੱਟਦਾ ਹੈ ਗੋਬਿਦ ਪਰਮੇਸਰ ਦਾ ਗਿਆਨ ਪਰਮੇਸਰ ਦਾ ਗੁਣ। ਪਰਮੇਸਰ ਦੇ ਗੁਣਾਂ ਦੀ ਵਿਚਾਰ ਤੇ ਸੋਝੀ ਹਿਰਦੇ ਵਿੱਚ ਵਸੌਣ ਦਾ ਆਦੇਸ਼ ਕਰ ਰਹੇ ਨੇ।

ਪ੍ਰਭ ਕੇ ਚਰਨ ਮਨ ਮਾਹਿ ਧਿਆਨੁ॥ ਸਗਲ ਤੀਰਥ ਮਜਨ ਇਸਨਾਨੁ॥੧॥” – ਪ੍ਰਭ ਮੂਲ ਦੇ ਗੁਣਾਂ ਦਾ ਮਨ ਵਿੱਚ ਧਿਆਨ ਹੀ ਗੁਰਮਖ ਲਈ ਤੀਰਥ ਇਸਨਾਨ ਵਾਂਗ ਹੈ।

ਚਰਨ ਸਾਧ ਕੇ ਧੋਇ ਧੋਇ ਪੀਉ॥ ਅਰਪਿ ਸਾਧ ਕਉ ਅਪਨਾ ਜੀਉ॥ ਸਾਧ ਕੀ ਧੂਰਿ ਕਰਹੁ ਇਸਨਾਨੁ॥ ਸਾਧ ਊਪਰਿ ਜਾਈਐ ਕੁਰਬਾਨੁ॥ ਸਾਧ ਸੇਵਾ ਵਡਭਾਗੀ ਪਾਈਐ॥ ਸਾਧਸੰਗਿ ਹਰਿ ਕੀਰਤਨੁ ਗਾਈਐ॥ ਅਨਿਕ ਬਿਘਨ ਤੇ ਸਾਧੂ ਰਾਖੈ॥ ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ॥ ਓਟ ਗਹੀ ਸੰਤਹ ਦਰਿ ਆਇਆ॥ ਸਰਬ ਸੂਖ ਨਾਨਕ ਤਿਹ ਪਾਇਆ॥੬॥” – ਇਹਨਾਂ ਪੰਕਤੀਆਂ ਨੂੰ ਪੜ੍ਹ ਕੇ ਲਗਦਾ ਕੇ ਸਾਧ ਦੇ ਚਰਨ ਧੋ ਕੇ ਪੀਣੇ ਹਨ। ਪਰ ਸਾਧ ਹੈ ਕੌਣ? ਕਿਆ ਦੁਕਾਨ ਲਾ ਕੇ ਲੋਕਾਂ ਨੂੰ ਮੁਕਤੀ ਦੇਣ ਦਾ ਦਾਵਾ ਕਰਨ ਵਾਲਾ ਸਾਧ ਹੈ। ਸਾਧ ਦੀ ਪਰਿਭਾਸ਼ਾ ਗੁਰਮਤਿ ਵਿੱਚ ਮਿਲਦੀ ਹੈ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥” ਮਨ ਨੂੰ ਗਿਆਨ ਨਾਲ ਸਾਧ ਲੈਣ ਵਾਲਾ ਹੀ ਸਾਧੂ ਹੈ ਜਿਸਨੇ ਮਨ ਵਿੱਚ ਉਠਣ ਵਾਲੇ ਫੁਰਨੇ ਕਾਬੂ ਕਰ ਲਏ। ਸਾਧ ਬਾਹਰ ਨਹੀਂ ਅੰਦਰ ਹੀ ਹੈ। ਸਾਧਿਆ ਹੋਇਆ ਮਨ। ਜਦੋਂ ਆਪਣਾ ਮਨ ਸਾਧ ਲਿਆ ਗਿਆਨ ਨਾਲ, ਹਰਿ ਦਾ ਨਾਮ ਧਿਆ ਕੇ ਹਰਿਆ ਹੋ ਗਿਆ, ਉਸ ਸਾਧੇ ਹੋਏ ਮਨੁ ਦੇ ਚਰਨਾਂ ਦੀ ਗਲ ਹੋ ਰਹੀ ਹੈ। ਜੇ ਇਹ ਸਮਝ ਆਇਆ ਤਾਂ ਸਮਝ ਲੱਗਣੀ ਕੇ “ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ॥”।

ਕਰਿ ਕਿਰਪਾ ਅਪੁਨੇ ਪਹਿ ਆਇਆ॥ ਧੰਨਿ ਸੁ ਰਿਦਾ ਜਿਹ ਚਰਨ ਬਸਾਇਆ॥ ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ॥ ਭਇਆ ਪ੍ਰਗਾਸੁ ਰਿਦੈ ਉਲਾਸੁ । ਪ੍ਰਭੁ ਲੋੜੀਦਾ ਪਾਇਆ॥ ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ॥ ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ॥” – ਇਹ ਸਾਰੀ ਗੱਲ ਗਿਆਨ ਦੀ ਨਾਮ ਦੀ ਪ੍ਰਾਪਤੀ ਦੀ ਹੋਈ ਹੈ ਕਿਸੇ ਬਾਹਰਲੇ ਸੰਤ ਤੇ ਸੰਗ ਦੀ ਨਹੀਂ ਹੁੰਦੀ।

ਦਸਮ ਬਾਣੀ ਵਿੱਚ ਵੀ ਪਾਤਿਸ਼ਾਹ ਇਹੀ ਸਮਝਾ ਰਹੇ ਨੇ ਕੇ ਦੁਨਿਆਵੀ ਲੋਕਾਂ, ਮੂਰਤੀਆਂ, ਦੇਵੀ ਦੇਵਤੇ ਛੱਡੋ ਤੇ ਅਕਾਲ,ਕਾਲ, ਹੁਕਮ ਦੇ ਗੁਣਾਂ ਵਲ ਧਿਆਨ ਕਰੋ। “ਬਿਨ ਹਰਿ ਨਾਮ ਨ ਬਾਚਨ ਪੈਹੈ॥ ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈ ਹੈ॥੧॥ ਰਹਾਉ॥ ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ॥ ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ॥੧॥ ਬੇਦ ਪੁਰਾਨ ਕੁਰਾਨ ਸਬੈ ਮਤ ਜਾ ਕਹ ਨੇਤ ਕਹੈ ਹੈ॥ ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਨ ਐਹੈ॥੨॥ ਜਾ ਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ॥ ਛੁਟਹੋ ਕਾਲ ਜਾਲ ਤੇ ਤਬ ਹੀ । ਤਾਂਹਿ ਚਰਨ ਲਪਟੈ ਹੈ॥੩॥੨॥੧੦॥” ਬਿਨਾਂ ਹਰਿ ਦੇ ਨਾਮ ਦੀ ਸੋਝੀ ਤੋਂ ਭਵਸਾਗਰ ਤੋਂ ਨਹੀਂ ਛੁੱਟਣਾ। ਆਹ ਜਿਹੜੇ ਦੇਵੀ ਦੇਵਤੇ ਹਨ ਰਾਮ ਰਹੀਮ ਜਿਹਨਾਂ ਦੇ ਨਾਮ ਰੱਟਦੇ ਹੋਂ ਉਬਾਰ ਨਹੀਂ ਸਕਦੇ। ਭਾਵੇਂ ਜਿਤਨਾ ਮਰਜੀ ਬੇਦ ਪੜ੍ਹ ਲਵੋ ਕੁਰਾਨ ਪੜ੍ਹ ਲਵੋ ਬਿਨਾਂ ਸੋਝੀ ਦੇ ਕੋਈ ਉਬਾਰ ਨਹੀਂ ਸਕਦਾ। ਜਿਸਦਾ ਕੋਈ ਰੂਪ ਰੰਗ ਨਹੀਂ ਨੋ ਤ੍ਰ ਗੁਣ ਮਾਇਆ ਤੋਂ ਭਿੰਨ ਹੈ ਉਸਨੂੰ ਸਿਆਮ ਕਹ ਲਵੋ ਜਾਂ ਕੁਝ ਹੋਰ। ਕਾਲ ਦੇ ਜਾਲ ਤੋਂ ਤਾਹੀਂ ਛੁੱਟਿਆ ਜਾਣਾ ਜਦੋਂ ਅਕਾਲ ਦੇ ਚਰਨੀ ਪਏ। ਤੇ ਜੇ ਚਰਨ ਪਤਾ ਹੀ ਨਹੀਂ ਹੈ ਤਾਂ ਫੇਰ ਮੱਥੇ ਹੀ ਟੇਕੇ ਜਾਣੇ ਬਸ ਗੁਣਾਂ ਦੀ ਵਿਚਾਰ ਨਹੀਂ ਹੋਣੀ। “ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ॥ ਮਾਇਆਧਾਰੀ ਛਤ੍ਰਪਤਿ ਤਿਨੑ ਛੋਡਉ ਤਿਆਗਿ॥੧॥” – ਜੇ ਸੰਤ ਬਾਹਰ ਲੱਭਣੇ ਫੇਰ ਗੱਲ ਇਹ ਵੀ ਸਮਝ ਨਹੀਂ ਲੱਗਣੀ।

”ਤਾਪ ਪਾਪ ਤੇ ਰਾਖੇ ਆਪ॥ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ॥੧॥ ਰਹਾਉ॥ ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ॥ ਦੁਖ ਬਿਨਸੇ ਸੁਖ ਅਨਦ ਪ੍ਰਵੇਸਾ । ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ॥੧॥” – ਇੱਥੇ ਰਾਮ ਰਾਮ ਰੱਟਣ ਨੂੰ ਨਹੀਂ ਆਖਿਆ ਜਾ ਰਹਿਆ। ਪਾਤਿਸ਼ਾਹ ਆਖਦੇ ਹਿਰਦੇ ਵਿੱਚ ਰਾਮ ਦਾ ਨਾਮ (ਸੋਝੀ) ਜਾਪ (ਪਛਾਨ ਕਰ)। ਲੋਕ ਰਾਮ ਰਾਮ ਰੱਟਣ ਨੂੰ ਜਾਪ ਆਖਦੇ ਸੀ ਪਾਤਿਸ਼ਾਹ ਆਖਦੇ “ਰਾਮ ਰਹੀਮ ਉਬਾਰ ਨ ਸਕਹੈ ਜਾ ਕਰ ਨਾਮ ਰਟੈ ਹੈ॥” ਅਤੇ “ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥“। ਜਪ (ਪਹਿਚਾਨ) ਤਾਂ ਉਸਦੇ ਗੁਣਾਂ ਨੂੰ ਵਿਚਾਰਨ ਨਾਲ ਹੌ ਹੋਣੀ। ਤਾਹੀਂ ਜਪ ਬਾਣੀ ਵਿੱਚ ਨਾਨਕ ਪਾਤਿਸ਼ਾਹ ਨੇ ਇੱਕੋ ਸ਼ਬਦ ਨਹੀਂ ਬਾਰ ਬਾਰ ਲਿਖਿਆ ਬਲਕੇ ਅਕਾਲ ਦੇ ਗੁਣਾਂ ਤੋਂ ਸ਼ੁਰੂ ਕਰਕੇ ਅਕਾਲ ਦੇ ਗੁਣ ਹੀ ਸਮਝਾਏ ਹਨ।

ਬਾਣੀ ਨੂੰ ਪੜ੍ਹਨ ਲੱਗਿਆ ਜੇ ਅਕਾਲ, ਕਾਲ, ਹੁਕਮ, ਮੂਲ ਦੇ ਗੁਣ ਚੇਤੇ ਰਹਣ ਜੋ ਸਾਨੂੰ ਬਾਣੀ ਦੱਸ ਰਹੀ ਹੈ, ਗੁਣ ਵਿਚਾਰੇ ਜਾਣ ਤਾਂ ਅਸੀਂ ਬਾਣੀ ਦੇ ਸਹੀ ਅਰਥ ਗੁਰਬਾਣੀ ਵਿੱਚੋਂ ਹੀ ਖੋਜ ਸਕਦੇ ਹਾਂ। ਗੁਰਬਾਣੀ ਦਾ ਫੁਰਮਾਨ ਹੈ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥”। ਗੁਣਾਂ ਦੀ ਵਿਚਾਰ ਤੋਂ ਹੀ ਅਵਗੁਣ ਧੋਤੇ ਜਾਣੇ ਨੇ “ਗੁਣ ਵੀਚਾਰੀ ਗੁਣ ਸੰਗ੍ਰਹਾ ਅਵਗੁਣ ਕਢਾ ਧੋਇ॥”। ਧਿਆਨ ਅੰਦਰ ਘਟ ਵਿੱਚ ਵਸਦੇ ਹਰਿ ਦਾ ਰਹੇ ਜੋ ਗਿਆਨ ਤੋਂ ਪ੍ਰਾਪਤ ਸੋਝੀ ਨਾਲ ਹਰਿਆ ਹੋਇਆ ਹੈ, ਰਾਮ ਜੋ ਗੁਰਮਤਿ ਗਿਆਨ ਵਿੱਚ ਰਮਿਆ ਹੋਇਆ ਹੈ, ਕਦੇ ਮਰਦਾ ਨਹੀਂ ਅਕਾਲ ਰੂਪ ਜੋਤ ਹੈ। ਤੁਹਾਨੂੰ ਪਖੰਡੀ ਸਾਧ, ਗੋਲਕ ਤੇ ਪ੍ਰਚਾਰਕਾਂ ਕੋਲ ਜਾਣ ਦੀ ਲੋੜ ਨਹੀਂ ਪੈਣੀ। ਜਿਹੜੇ ਕਥਾ ਕਹਾਣੀਆਂ, ਇਤਿਹਾਸ ਸੁਣਾ ਕੇ, ਦੁਨਿਆਵੀ ਪਦਾਰਥਾਂ ਦੀਆਂ ਅਰਦਾਸਾਂ ਕਰ ਕਰਾ ਕੇ ਤੁਹਾਡਾ ਧਿਆਨ ਗੁਰਮਤਿ ਗਿਆਨ ਤੋਂ ਦੂਰ ਰੱਖਦੇ ਨੇ ਉਹਨਾਂ ਕੋਲੋਂ ਤੁਹਾਨੂੰ ਗੁਰਮਤਿ ਦੀ ਸੋਝੀ ਨਹੀਂ ਪ੍ਰਾਪਤ ਹੋਣੀ। “ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨੑ ਪੜਿਆ ਮੁਕਤਿ ਨ ਹੋਈ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ॥੩॥” ਅਖਰ (ਨਾ ਖਰਨ ਵਾਲਾ ਸਮਝਣਾ ਪੈਣਾ ਕੌਣ ਹੈ। ਪੜ੍ਹੋ “ਅਖਰ ਅਤੇ ਅੱਖਰ”। ਚੇਤੇ ਰਹੇ “ਪੜਿਐ ਨਾਹੀ ਭੇਦੁ ਬੁਝਿਐ ਪਾਵਣਾ॥

Resize text