Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੱਚ ਬੋਲਣਾ

ਸੱਚ ਬੋਲਣਾ ਇੱਕ ਮਹੱਤਵਪੂਰਨ ਗੁਣ ਹੈ ਜੋ ਹਰ ਵਿਅਕਤੀ ਵਿੱਚ ਹੋਣਾ ਚਾਹੀਦਾ ਹੈ। ਇਹ ਸਿਰਫ਼ ਬੋਲਣ ਦੀ ਗੱਲ ਨਹੀਂ, ਸਗੋਂ ਜੀਵਨ ਦੇ ਹਰ ਪਹਲੂ ਵਿੱਚ ਸੱਚਾਈ ਨੂੰ ਅਪਣਾਉਣਾ ਹੈ। ਸੱਚ ਬੋਲਣ ਬਾਰੇ ਗੁਰਬਾਣੀ ਦਾ ਫੁਰਮਾਨ ਹੈ ਕੇ

ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥” – ਭਾਵ ਸੱਚ ਬੋਲਣ ਨਾਲ ਕੂੜਾ (ਲਾਲਚ/ਮੋਹ/ਵਿਕਾਰ) ਜਲ ਜਾਦੇ ਹਨ। “ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥”, “ਕੂੜਾ ਲਾਲਚੁ ਛੋਡੀਐ ਤਉ ਸਾਚੁ ਪਛਾਣੈ ॥” – ਸੱਚ ਬੋਲਣ ਨਾਲ ਸਰਬ ਵਿਆਪੀ ਸੱਚ ਪਰਗਟ ਹੋਣਾ। ਸਚਿਆਰ ਬਣਨ ਲਈ, ਸੱਚ ਦੀ ਖੋਜ ਲਈ ਸ਼ੁਰੁਆਤ ਸੱਚ ਬੋਲਣ ਤੋਂ ਹੋਣੀ ਹੈ।

ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥” – ਸੱਚ ਵੇਖਣ, ਸੁਣਨ, ਬੋਲਣ ਨਾਲ ਹੀ ਤਨ ਮਨ ਸੱਚਾ ਹੋਣਾ।

ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥” – ਜਿਹਨਾਂ ਅਦਰ ਸੱਚ ਦਾ ਗਿਆਨ ਦਾ ਗੁਣਾਂ ਦਾ ਵਾਸ ਹੈ ਉਹਨਾਂ ਸੱਚ ਨੂੰ ਮੁਹਰੇ ਰੱਖਣਾ ਹੈ ਮੁੱਖ ਰੱਖਣਾ ਹੈ। ਉਹਨਾਂ ਦਾ ਸੰਸਾਰ ਵਿੱਚ ਦਰਗਾਹ ਵਿੱਚ ਮੁੱਖ ਉਜਲੇ ਹੁੰਦੇ ਹਨ। ਉਹਨਾਂ ਨੂੰ ਸੱਚੇ ਦਾ ਹੀ ਸੱਚ ਦਾ ਹੀ ਆਸਰਾ ਹੁੰਦਾ ਹੈ।

ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥” – ਸੱਚ ਬੋਲਣਾ ਹੀ ਪਿਰ ਨੂੰ ਭਾਉਂਦਾ ਹੈ। ਸੱਚ ਉਹੀ ਬੋਲ ਸਕਦਾ ਹੈ ਜਿਸਦਾ ਹਿਰਦਾ ਸ਼ੁੱਧ ਹੈ। ਅੰਦੋਰ ਸੰਤੋਖ ਦਾ ਵਾਸਾ ਹੈ। ਮਨ ਤ੍ਰਿਪਤ ਹੈ ਤੇ ਜਿਹਨਾਂ ਨੂੰ ਕਿਸੇ ਤਰਾਂ ਸਾ ਭੈ ਨਹੀਂ। ਮਨ ਵਿੱਚ ਨਿੰਦਿਆ ਨਹੀਂ॥

ਧਨੁ ਧਰਣੀਧਰੁ ਆਪਿ ਅਜੋਨੀ ਤੋਲਿ ਬੋਲਿ ਸਚੁ ਪੂਰਾ ॥

ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥” – ਸਦਾ ਆਨੰਦ ਦੀ ਅਵਸਥਾ ਵਾਲਾ, ਗੁਣਾਂ ਵਿੱਚ ਰਮਿਆ ਹੋਇਆ ਹੀ ਸੱਚ ਬੋਲਦਾ ਹੈ ਕਿਉਂਕੇ ਹਿਦਰੇ ਵਿੱਚ ਵਸਦਾ ਸੱਚ ਉਸਨੂੰ ਸੱਚ ਬੋਲਣ ਲਈ ਪ੍ਰੇਰਿਤ ਕਰਦਾ ਹੈ।

ਸਚੁ ਬੋਲੈ ਬੋਲਾਵੈ ਪਿਆਰੁ ॥” – ਜਿਹਨਾਂ ਕੋਲ ਪੈਮ ਪਦਾਰਥ ਹੈ, ਗੁਣਾਂ ਦਾ ਗਿਆਨ ਪਦਾਰਥ ਹੈ, ਹੁਕਮ ਦੀ ਸੋਝੀ ਹੈ ਉਹਨਾਂ ਨੂੰ ਹਿਰਦੇ ਵਿੱਚ ਵਸਦਾ ਸੱਚ, ਮੂਹੋਂ ਸੱਚ ਹੀ ਬੁਲਵਾਉਂਦਾ ਹੈ।

ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥” – ਜਿਹਨਾਂ ਸੱਚ ਦੀ ਕਮਾਈ ਕੀਤੀ ਉਹ ਸਚ ਬੋਲਦੇ ਹਨ ਤੇ ਸੱਚ ਦੀ ਕਮਾਈ ਭਾਵ ਸੱਚ ਦੀ ਵਿਚਾਰ ਹੀ ਉਹਨਾਂ ਤੋਂ ਸੱਚ ਬੁਲਾਉਂਦੀ ਹੈ।

ਇਹ ਵੀ ਜਾਨਣਾ ਜ਼ਰੂਰੀ ਹੈ ਕੇ ਗੁਰਮਤਿ ਕੀ ਆਖਦੀ ਕੇ ਝੂਠ ਬੋਲਣ ਬਾਰੇ

ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥ ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ॥” – ਜਿਹਨਾਂ ਅੰਦਰ ਕਪਟ ਹੋਵੇ, ਵਿਕਾਰ ਹੋਣ ਉਹ ਝੂਠ ਬੋਲਦੇ ਹਨ। ਸੱਚ ਤੋਂ ਭੱਜਦੇ ਹਨ ਇਸ ਕਰਕੇ ਸੱਚੇ ਨਹੀਂ ਹੁੰਦੇ। ਬਿਨਾਂ ਗੁਰਸਬਦ ਦੀ ਵਿਚਾਰ ਤੋਂ ਮਨ ਨਿਰਮਲ ਨਹੀਂ ਹੁੰਦਾ, ਮਨ ਦੀ ਮਲ ਨਹੀਂ ਉਤਰਦੀ। ਗੁਰਸ਼ਬਦ ਹੀ ਮਨ ਦੀ ਮਲ ਨੂੰ ਜਲਾਉਂਦੀ ਹੈ ਤੇ ਸੱਚ ਉਪਜਦਾ ਹੈ।

ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ॥ ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ॥” – ਜੇ ਅੰਦਰ ਕਪਟ ਹੋਵੇ ਤਾਂ ਰਸਨਾ ਭਾਵ ਸੋਚ ਤੋਂ ਵੀ ਕਪਟ ਹੀ ਉਪਜਦਾ ਹੈ ਤੇ ਜਿਵਹਾ ਝੂਠ ਹੀ ਬੋਲਦੀ ਹੈ। ਕਪਟ ਕਰਨ ਵਾਲਾ ਕਪਟ ਕਰਦਾ ਹੈ ਤਾਂ ਹਰਿ ਨੂੰ ਇਹ ਨਹੀਂ ਭਾਉੰਦਾ ਪਰ ਹਰਿ ਤੋਂ ਝੂਠ ਛੁਪਦਾ ਨਹੀਂ ਹੈ।

ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ॥ ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ॥” – ਝੁਠ ਬੋਲਣ ਵਾਲਾ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ। ਮਨੁੱਖ ਦੂਜੇ ਤੋਂ ਸੱਚ ਦੀ ਅਤਸ ਰਖਦਾ ਹੈ ਪਰ ਆਪ ਸੱਚ ਬੋਲਣ ਤੋਂ ਗਰਦਾ ਹੈ।

ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ॥ ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ॥

ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ॥

ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ॥ ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ॥” – ਪਾਠ ਪੜਝ ਕੇ ਵੀ ਨਿਗੁਰਾ ਭਾਵ ਗੁਣ ਹੀਨ ਝੂਠ ਬੋਲਦਾ ਹੈ ਕਿਉਂਕੇ ਉਸਦੀ ਮਤਿ ਗੁਣ ਹੀਨ ਹੈ॥ ਨਾਮ (ਸੋਝੀ) ਨੂੰ ਨਹੀਂ ਜਪਦਾ (ਪਛਾਣਦਾ) ਫੇਰ ਸੁੱਖ ਕਿਵੇ। ਮਿਲੇ। ਬਿਨਾਂ ਨਾਵੈ/ਨਾਮ ਤੋਂ (ਪ੍ਰੇਮ ਪਦਾਰਥ, ਹੁਕਮ ਪਦਾਰਥ, ਗਿਆਨ ਪਦਾਰਥ ਦੇ ਭਾਵ ਬਿਨਾਂ ਗੁਣਾਂ ਦੀ ਸੋਝੀ) ਸੁੱਖ ਪ੍ਰਾਪਤ ਨਹੀਂ ਹੋ ਸਕਦਾ ਤੇ ਉਹ ਹਰਿ ਨੂੰ ਕਿਵੇਂ ਭਾ ਸਕਦਾ ਹੈ।

ਜਦੋਂ ਮੈਂ ਚਾਹੁੰਦਾ ਹਾਂ ਕੇ ਮੇਰੇ ਬੱਚੇ ਮੈਨੂੰ ਸੱਚ ਬੋਲਣ, ਮੈਂ ਜਿਹਨਾਂ ਨਾਲ ਰੋਜ ਮਿਲਦਾ ਹਾਂ, ਬਿਉਹਾਰ ਕਰਦਾ ਹਾਂ, ਰਿਸ਼ਤੇਦਾਰੀ ਰੱਖਦਾਂ ਹਾਂ, ਨਿਭਦਾ ਹਾਂ ਉਹ ਸਾਰੇ ਮੇਰੇ ਨਾਲ ਸੱਚ ਬੋਲਣ ਫੇਰ ਮੈਂ ਝੂਠ ਕਿਵੇਂ ਤੇ ਕਿਉਂ ਬੋਲਾਂ? ਬੱਚਿਆਂ ਨੂੰ ਸਕੂਲ ਭੇਜਦੇ ਹਾਂ ਜਿੱਥੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕੇ ਸੱਚ ਬੋਲਣਾ ਚੰਗੀ ਗੱਲ ਹੈ ਪਰ ਆਪਣੇ ਆਸਪਾਸ ਆਮ ਹੀ ਲੋਕਾਂ ਨੂੰ ਝੂਠ ਬੋਲਦੇ ਵੇਖ ਕੇ, ਮਾਂ ਬਾਪ ਨੂੰ ਝੂਠ ਬੋਲ ਕੇ ਥੋੜਾ ਲਾਭ ਹੁੰਦੇ ਦੇਖ ਕੇ ਬੱਚੇ ਵੀ ਝੂਠ ਬੋਲਣਾ ਸਿੱਖ ਜਾਂਦੇ ਹਨ। ਫੇਰ ਕਿਰਦਾਰ ਵਿੱਚ ਝੂਠ ਬੋਲਣਾ ਵੱਸ ਜਾਂਦਾ ਹੈ। ਇੱਕ ਝੂਠ ਨੂੰ ਲੁਕਾਉਣ ਲਈ ਹੋਰ ਝੂਠ ਬੋਲਣਾ ਪੈਂਦਾ ਹੈ। ਝੂਠ ਕਾਰਣ ਦੁੱਖਾਂ ਦੀ ਪੰਡ ਵੱਡੀ ਹੁੰਦੀ ਰਹਿੰਦੀ ਹੈ।

ਮਨੁੱਖ ਝੂਠ ਬੋਲਦਾ ਹੈ ਜਦੋਂ ਉਸਨੂੰ ਸੱਚ ਤੋ ਡਰ ਲੱਗੇ। ਮਨ ਵਿੱਚ ਵਿਕਾਰਾਂ ਦੀ ਮਲ ਹੋਵੇ। ਜਿਸਨੂੰ ਹੁਕਮ ਸਮਝ ਲੱਗ ਗਿਆ, ਮਨ ਨਿਰਮਲ ਹੋ ਗਿਆ ਉਹ ਤਾਂ ਬੇਖੌਫ਼ ਸੱਚ ਹੀ ਬੋਲਦਾ। ਉਸਨੂੰ ਸੱਚ ਤੋਂ ਡਰ ਨਹੀਂ ਲਗਦਾ। ਆਪਣੀ ਗਲਤੀ ਮੰਨਣ ਲਈ ਉਸਨੂੰ ਕਿਸੇ ਗੱਲ ਦਾ ਭੈ ਨਹੀਂ ਹੁੰਦਾ।

ਸੱਚ ਬੋਲਣ ਦੇ ਫਾਇਦੇ

  1. ਭਰੋਸਾ ਬਣਾਉਣਾ: ਜਦੋਂ ਅਸੀਂ ਸੱਚ ਬੋਲਦੇ ਹਾਂ, ਤਾਂ ਲੋਕਾਂ ਵਿੱਚ ਸਾਡੇ ਪ੍ਰਤੀ ਭਰੋਸਾ ਬਣਦਾ ਹੈ। ਲੋਕਾਂ ਨੂੰ ਸਾਡੇ ਕਿਰਦਾਰ ਤੇ ਭਰੋਸਾ ਰਹਿੰਦਾ ਹੈ।
  2. ਸਮੱਸਿਆਵਾਂ ਤੋਂ ਬਚਣਾ: ਸੱਚ ਬੋਲਣ ਨਾਲ ਅਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ। ਸਿੱਕ ਝੂਠ ਕਾਰਣ ਕਈ ਹੋਰ ਝੂਠ ਬੋਲਣੇ ਪੈਂਦੇ ਹਨ। ਜੇਕਰ ਅਸੀਂ ਝੂਠ ਬੋਲਦੇ ਹਾਂ, ਤਾਂ ਇਹ ਬਾਅਦ ਵਿੱਚ ਵੱਡੀਆਂ ਸਮੱਸਿਆਵਾਂ ਦਾ ਕਾਰਨ ਬਣ ਜਾਂਦਾ ਹੈ। ਬੇਖੌਫ਼ ਸੱਚ ਬੋਲਣ ਵਾਲਾ ਹੀ ਸੱਚਿਆਰ ਬਣਦਾ ਹੈ ਤੇ ਸਰਬ ਵਿਆਪੀ ਸੱਚ ਨੂੰ ਪਤ ਸਕਦਾ ਹੈ। ਸਾਡਾ ਮੂਲ ਸੱਚ ਹੈ, ਜੋ ਸੱਚ ਬੋਲਣ ਤੋਂ ਹੀ ਉਜਾਗਰ ਹੁੰਦਾ ਹੈ।
  3. ਆਤਮ-ਸਮਰਪਣ: ਸੱਚ ਬੋਲਣਾ ਤੁਹਾਨੂੰ ਆਪਣੇ ਆਪ ਨਾਲ ਸੱਚਾ ਬਣਾਉਂਦਾ ਹੈ ਅਤੇ ਤੁਹਾਡੇ ਮਨ ਨੂੰ ਸ਼ਾਂਤੀ ਦਿੰਦਾ ਹੈ। ਰਾਤ ਨੂੰ ਨੀਂਦ ਵੀ ਚੰਗੀ ਆਉਂਦੀ ਹੈ ਤੇ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਕਿਉਂਕੇਬਸਿਰ ਤੇ ਝੂਠ ਦੀ ਪੰਡ ਦਾ ਬੋਝ ਨਹੀਂ ਹੁੰਦਾ।

ਸੱਚ ਬੋਲਣ ਦੀ ਪ੍ਰੇਰਣਾ

ਸੱਚ ਬੋਲਣਾ ਸਿੱਖਣਾ ਇੱਕ ਪ੍ਰਕਿਰਿਆ ਹੈ। ਇਸ ਵਿੱਚ ਸਾਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸੱਚਾਈ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਨਤੀਜਾ

ਸੱਚ ਬੋਲਣਾ ਸਿਰਫ਼ ਇੱਕ ਗੁਣ ਨਹੀਂ, ਸਗੋਂ ਇੱਕ ਜੀਵਨ ਦਾ ਅਸੂਲ ਹੈ। ਇਸ ਨੂੰ ਅਪਣਾਉਣ ਨਾਲ, ਅਸੀਂ ਆਪਣੇ ਜੀਵਨ ਨੂੰ ਬਿਹਤਰ ਬਣਾ ਸਕਦੇ ਹਾਂ ਅਤੇ ਸਮਾਜ ਵਿੱਚ ਇੱਕ ਚੰਗਾ ਉਦਾਹਰਣ ਪੇਸ਼ ਕਰ ਸਕਦੇ ਹਾਂ।

Resize text