Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਚਰਿਤ੍ਰੋਪਖ੍ਯਾਨ ਇਕਹਤਰੌ ਚਰਿਤ੍ਰ (੭੧) -Charitropakhyan charitra 71

ਚਰਿਤ੍ਰ ਇੱਕਤਰ – ਕਥਾ ਮਨਮੁੱਖ ਦੀ ਪੱਤ … (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)

ਆਦਿ ਬਾਣੀ ਵਿੱਚ ਗੁਣਾਂ ਦੇ ਗਿਆਨ ਰਾਹੀਂ ਅਵਗੁਣਾਂ ਨੂੰ ਖਤਮ ਕਰ ਕਿਰਦਾਰ ਵਿੱਚ ਚੰਗੇ ਬਦਲਾਵ ਦੀ ਗੱਲ ਕੀਤੀ ਗਈ ਹੈ। ਅਗਿਆਨਤਾ ਦੂਰ ਕਰ ਮਨੁੱਖੀ ਗੁਣਾਂ ਦੀ ਸੋਝੀ ਦਿੱਤੀ ਗਈ ਹੈ। ਫੇਰ ਵੀ ਮਨੁੱਖ ਆਪਣੇ ਮਨ ਤੇ ਵਿਕਾਰਾਂ ਤੇ ਕਾਬੂ ਪਾਉਣ ਵਿੱਚ ਚੂਕ ਜਾਂਦਾ ਹੈ। ਨਿੰਦਿਆ, ਕ੍ਰੋਧ, ਬੇਈਮਾਨੀ ਨਹੀਂ ਛੱਡਦਾ। ਦਸਮ ਬਾਣੀ ਵਿੱਚ ਚਰਿੱਤਰਾਂ ਦੇ ਰਾਹੀਂ ਉਦਾਹਰਣਾਂ ਨਾਲ, ਅਲੰਕਾਰ ਰਾਹੀਂ ਦਸਮ ਪਾਤਿਸ਼ਾਹ ਨੇ ਸਮਾਜ ਵਿੱਚ ਹੋ ਰਹੇ ਗਲਤ ਕੰਮਾਂ ਦੇ ਉਦਾਹਰਣ ਦਿੱਤੇ ਹਨ। ਦੱਸਿਆ ਹੈ ਕੇ ਕਿਹੋ ਜਿਹੇ ਕਿਰਦਾਰ ਸਾਡੇ ਸਮਾਜ ਵਿੱਚ ਮਿਲਦੇ ਹਨ ਤੇ ਉਹਨਾਂ ਦਾ ਸਾਡੇ ਸਮਾਜ ਤੇ ਕੀ ਅਸਰ ਹੁੰਦਾ ਹੈ। ਕਿਵੇਂ ਉਹ ਆਪਣੇ ਵਿਕਾਰਾਂ ਕਾਰਨ ਦੂਜਿਆਂ ਨੂੰ ਧੋਖਾ ਦਿੰਦੇ ਹਨ ਅਤੇ ਆਪਣਾ ਤੇ ਦੂਜਿਆਂ ਦਾ ਨੁਕਸਾਨ ਕਰਦੇ ਹਨ। ਇਹ ਸਮਾਜ ਵਿੱਚ ਪ੍ਰਚਲਿਤ ਕਥਾਂ ਕਹਾਣੀਆਂ ਦਾ ਸੰਗ੍ਰਹਿ ਹੈ ਜਿਸਨੂੰ ਪੜ੍ਹ ਕੇ ਵਿਕਾਰਾਂ ਦੀ ਖੇਡ ਸਪਸ਼ਟ ਹੁੰਦੀ ਹੈ। ਕਈ ਦਸਮ ਵਿਰੋਧੀ ਇਹਨਾਂ ਚਰਿੱਤਰਾਂ ਵਿੱਚੋਂ ਚੋਣਵੀਓ ਪੰਕਤੀਆਂ ਚੱਕ ਕੇ ਆਮ ਲੋਕਾਂ ਨੂੰ ਗੁਮਰਾਹ ਕਰਦੇ ਹਨ ਇਸ ਲਈ ਸਾਡਾ ਉਪਰਾਲਾ ਹੈ ਚਰਿਤਰਾਂ ਦੀ ਵਿਆਖਿਆ ਕਰ ਲੋਕਾਂ ਨੂੰ ਪੂਰੀ ਗੱਲ ਪੂਰੀ ਇਮਾਨਦਾਰੀ ਨਾਲ ਸਮਝਾਈ ਜਾਵੇ। ਆਓ ਵੇਖਦੇ ਹਾਂ ਇਸ ਚਰਿੱਤਰ ਵਿੱਚ ਕੀ ਸਿੱਖਿਆ ਹੈ।

ਚਰਿੱਤਰ ੭੧

ਨਗਰ ਪਾਵਟਾ ਬਹੁ ਬਸੈ ਸਾਰਮੌਰ ਕੇ ਦੇਸ॥ ਜਮੁਨਾ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕੇਸ॥੧॥ ਨਦੀ ਜਮੁਨ ਕੇ ਤੀਰ ਮੈ ਤੀਰਥ ਮੁਚਨ ਕਪਾਲ॥ ਨਗਰ ਪਾਵਟਾ ਛੋਰਿ ਹਮ ਆਏ ਤਹਾ ਉਤਾਲ॥੨॥

ਸਿਰਮੌਰ ਦੇਸ ਦੀ ਕਥਾ ਹੈ ਇਹ। ਇਹ ਮੰਤਰੀ ਅਤੇ ਭੂਪ ਵਿੱਚਲਾ ਸਮਵਾਦ ਦੱਸਦੇ ਹਨ ਕੇ ਪਾਵਟਾ/ਪਾਉਂਟਾ ਸ਼ਹਿਰ ਉਸ ਥਾਂ ਤੇ ਬਣਿਆ ਹੈ ਜਿੱਥੇ ਜਮੁਨਾ ਨਦੀ ਵਹਿੰਦੀ ਸੀ ਤੇ ਕਪਾਲ ਮੋਚਨ ਦੀ ਤੀਰਥ ਵਾਲੀ ਥਾਂ ਸੀ ਜੋ ਦੇਖਣ ਨਾਲ ਇੰਝ ਲਗਦੀ ਸੀ ਜਿਵੇਂ ਕੇਸਰ ਨਾਲ ਰੰਗਿਆ ਭੌਰਾ ਮਸਤ ਹੋ ਕੇ ਫਿਰਦਾ ਹੈ। ਆਖਦੇ ਅਸੀਂ ਨਗਰ (ਪਾਉਂਟਾ) ਤੋਂ ਇੱਥੇ ਆਏ ਹਾਂ ਬਹੁਤ ਉਤਸਾਹ ਨਾਲ।

ਖਿਲਤ ਅਖੇਟਕ ਸੂਕਰ ਮਾਰੇ॥ ਬਹੁਤੇ ਮ੍ਰਿਗ ਔਰੈ ਹਨਿ ਡਾਰੇ॥ ਪੁਨਿ ਤਿਹ ਠਾ ਕੌ ਹਮ ਮਗੁ ਲੀਨੌ॥ ਵਾ ਤੀਰਥ ਕੇ ਦਰਸਨ ਕੀਨੌ॥੩॥
ਸ਼ਿਕਾਰ ਖੇਡੇ, ਸੂਰ ਅਤੇ ਹਿਰਨ ਮਾਰੇ। ਤੇ ਇੱਥੇ ਇਸ ਥਾਂ ਨੂੰ ਵੇਖਣ ਲਈ ਮੁੜ ਆਏ।

ਦੋਹਰਾ॥ ਤਹਾ ਹਮਾਰੇ ਸਿਖ੍ਯ ਸਭ ਅਮਿਤ ਪਹੂੰਚੇ ਆਇ॥ ਤਿਨੈ ਦੈਨ ਕੋ ਚਾਹਿਯੈ ਜੋਰਿ ਭਲੋ ਸਿਰਪਾਇ॥੪॥
ਇੱਥੇ ਸਾਡੇ ਹੋਰ ਸਿੱਖਣ ਵਾਲੇ ਭਾਵ ਅਨੁਯਾਈ ਵੀ ਆਏ ਹਨ ਜਿਹਨਾਂ ਨੂੰ ਦੇਣ ਲਈ ਸਿਰ ਪਾਇ (ਸਿਰ ਤੇ ਪਾਉਣ ਵਾਲਾ ਕਪੜਾ) ਚਾਹੀਦਾ ਸੀ। ਭਾਰਤ ਦੇ ਕਈ ਖੇਤਰਾਂ ਵਿੱਚ ਸ਼ਾਲ, ਮਾਲਾ ਅਤੇ ਸਿਰ ਪਾਇ ਜਾਂ ਗਲ-ਪੱਟਾ ਦੇਣਾ ਸਨਮਾਨ ਦੀ ਨਿਸ਼ਾਨੀ ਮੰਨੀ ਜਾਂਦੀ ਰਹੀ ਹੈ।

ਨਗਰ ਪਾਵਟੇ ਬੂਰਿਯੈ ਪਠਏ ਲੋਕ ਬੁਲਾਇ॥ ਏਕ ਪਾਗ ਪਾਈ ਨਹੀ ਨਿਹਫਲ ਪਹੁਚੇ ਆਇ॥੫॥ ਚੌਪਈ॥ ਮੋਲਹਿ ਏਕ ਪਾਗ ਨਹਿ ਪਾਈ॥ ਤਬ ਮਸਲਤਿ ਹਮ ਜਿਯਹਿ ਬਨਾਈ॥ ਜਾਹਿ ਇਹਾ ਮੂਤਤਿ ਲਖਿ ਪਾਵੋ॥ ਤਾ ਕੀ ਛੀਨ ਪਗਰਿਯਾ ਲ੍ਯਾਵੋ॥੬॥
ਪਾਉਂਟੇ ਨੂੰ ਭੇਜੇ ਲੋਕ ਪਰ ਇੱਕ ਵੀ ਪੱਗ ਨਹੀਂ ਮਿਲੀ। ਤਾਂ ਇਹ ਹਲ ਬਣਿਆ ਕੇ ਜਦੋਂ ਕੋਈ ਮਨੁੱਖ ਇੱਥੇ ਕੋਈ ਮਨਮਤਿ, ਮੂਰਖਤਾ ਜਾਂ ਬੇਸਮਝੀ ਵਾਲਾ ਕੰਮ ਕਰਦਾ ਦਿੱਸੇ ਭਾਵ ਜਿਹੜੇ ਲੋਗ ਮੂਤਦੇ ਦਿਸਣ ਉਹਨਾਂ ਦੀਆਂ ਪਗੜੀਆਂ ਖੋਹ ਕੇ ਲੈ ਆਵੋ।

ਜਬ ਪਯਾਦਨ ਐਸੇ ਸੁਨਿ ਪਾਯੋ॥ ਤਿਹੀ ਭਾਤਿ ਮਿਲਿ ਸਭਨ ਕਮਾਯੋ॥ ਜੋ ਮਨਮੁਖ ਤੀਰਥ ਤਿਹ ਆਯੋ॥ ਪਾਗ ਬਿਨਾ ਕਰਿ ਤਾਹਿ ਪਠਾਯੋ॥੭॥
ਜਦੋਂ ਸਿਪਾਹੀਆ ਨੇ ਇਹ ਗੱਲ ਸੁਣੀ ਉਹਨਾਂ ਇੱਦਾਂ ਹੀ ਖੋਜ ਕੀਤੀ। ਜਿਹੜੇ ਮਨਮੁਖ ਤੀਰਥ ਲਈ ਆਏ ਸੀ ਉਹਨਾਂ ਨੂੰ ਬਿਨਾਂ ਪੱਗਾਂ ਦੇ ਵਾਪਸ ਭੇਜਿਆ।

ਦੋਹਰਾ॥ ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ॥ ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ॥੮॥ ਚੌਪਈ॥ ਪ੍ਰਾਤ ਲੇਤ ਸਭ ਧੋਇ ਮਗਾਈ॥ ਸਭ ਹੀ ਸਿਖ੍ਯਨ ਕੋ ਬੰਧਵਾਈ॥ ਬਚੀ ਸੁ ਬੇਚਿ ਤੁਰਤ ਤਹ ਲਈ॥ ਬਾਕੀ ਬਚੀ ਸਿਪਾਹਿਨ ਦਈ॥੯॥
ਰਾਤ ਵਿੱਚ ੮੦੦ ਪੱਗਾਂ ਉਤਾਰ ਲਈਆਂ। ਫੇਵ ਉਹ ਸਿਖਾਂ ਨੂੰ ਬੰਧਵਾ ਦਿਤੀਆ ਪੱਗਾਂ ਕਪੜਾ ਧੁਆ ਕੇ, ਬਾਕੀ ਵੇਚ ਦਿੱਤੀਆਂ ਜਾ ਸਿਪਾਹੀਆਂ ਨੂੰ ਦੇ ਦਿੱਤੀਆਂ।

ਦੋਹਰਾ॥ ਬਟਿ ਕੈ ਪਗਰੀ ਨਗਰ ਕੋ ਜਾਤ ਭਏ ਸੁਖ ਪਾਇ॥ ਭੇਦ ਮੂਰਖਨ ਨ ਲਹਿਯੋ ਕਹਾ ਗਯੋ ਕਰਿ ਰਾਇ॥੧੦॥
ਪੱਗਾਂ ਬੰਨ ਕੇ ਨਗਰ ਨੂੰ ਜਾਂਦੇ ਨੇ ਸਿੰਘ ਤੇ ਸੁੱਖ ਪਾ ਰਹੇ ਨੇ। ਇਹ ਭੇਦ ਮੂਰਖਾਂ ਨੂੰ ਸਮਝ ਨਹੀਂ ਲੱਗਿਆ ਕੇ ਰਾਇ (ਰਾਜਾ) ਕੀ ਕਰ ਗਿਆ ਤੇ ਕਿਉਂ।

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਹਤਰੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੭੧॥੧੨੫੮॥
ਇਸ ਦੇ ਨਾਲ ਹੀ ਪੁਰਖ ਦਾ ਚਰਿਤ੍ਰ, ਮੰਤਰੀ ਅਤੇ ਭੂਪ (ਰਾਜੇ) ਵਿੱਚਲਾ ਸਮਵਾਦ (ਗੱਲਬਾਤ/ਵਾਰਤਾ) ਖਤਮ ਹੁੰਦੀ ਹੈ।

ਹੁਣ ਗਲ ਇਹ ਹੈ ਕੇ ਗੁਰਬਾਣੀ ਵਿੱਚ ਬਹੁਤ ਸਾਰੀਆਂ ਗੱਲਾਂ ਹਨ ਜਿਹਨਾਂ ਨੂੰ ਵਿਚਾਰਨ ਦੀ ਲੋੜ ਹੁੰਦੀ ਹੈ। ਜਿਹਨਾਂ ਬਿਨਾ ਵਿਚਾਰੇ ਲਿਖਤ ਪੜ੍ਹ ਕੇ ਕੇਵਲ ਸ਼ਬਦੀ ਅਰਥ ਕੀਤੇ ਉਹਨਾਂ ਆਦਿ ਬਾਣੀ ਵੀ ਨਹੀਂ ਸਮਝਣੀ। ਜਿਵੇਂ

ਜਿਹ ਸਿਰਿ ਰਚਿ ਰਚਿ ਬਾਧਤ ਪਾਗ॥ ਸੋ ਸਿਰੁ ਚੁੰਚ ਸਵਾਰਹਿ ਕਾਗ॥੧॥” – ਤਾਂ ਕਈ ਇਹ ਸ਼ਬਦੀ ਅਰਥ ਕੲਦੇ ਹਨ ਕੇ ਜਿਸ ਸਿਰ ਤੇ ਤੂੰ ਸਵਾਰ ਸਵਾਰ ਕੇ ਪੱਗ ਬੰਨ ਰਹਿਆ ਹੈ ਉਹ ਤਾਂ ਕਾਗ (ਕੌਵੇ) ਨੇ ਚੁੰਚ ਸਵਾਰ ਸਵਾਰ ਕੇ ਮਾਰਨੀ ਇਸ ਲਈ ਪੱਗ ਸਵਾਰ ਕੇ ਨਹੀਂ ਬੰਨਣੀ। ਕਈ ਦੁਮਾਲੇ ਵਾਲੇ ਵੀਰ ਆਖਦੇ ਇਹ ਸਾਡੇ ਤੇ ਲਾਗੂ ਨਹੀਂ ਹੈ। ਦਸਮ ਵਿਰੋਧੀ ਜਿਵੇਂ ਸਵਾਲ ਪੁੱਛਦੇ ਸੀ ਕੇ ਤੁਸੀਂ ਕਿਸੇ ਨੂੰ ਪੱਗਾਂ ਲਾਹ ਕੇ ਸਰੋਪੇ ਪਾਂਦੇ ਵੇਖਿਆ ਹੈ ਤਾਂ ਮੈਂ ਵੀ ਸਵਾਲ ਪੁੱਛ ਸਕਦਾ ਹਾਂ ਕੇ ਤੁਸੀਂ ਸਵਾਰੀ ਹੋਈ ਪੱਗ ਬੰਨੀ ਹੋਵੇ ਤਾਂ ਕਾਂ ਨੂੰ ਸਵਾਰ ਸਵਾਰ ਕੇ ਚੁੰਚ ਮਾਰਦੇ ਵੇਖਿਆ ਹੈ ਕਿਸੇ ਸਿਰ ਵਿੱਚ? ਤੇ ਫੇਰ ਜੇ ਮੈਂ ਸਵਾਰ ਕੇ ਪੱਗ ਬੰਨਦਾ ਹਾਂ ਤਾਂ ਨਾ ਬੰਨਾਂ ?

ਗਲ ਸਮਝਣ ਵਾਲੀ ਹੈ ਤੇ ਨਾ ਦਸਮ ਸਮਰਥਕ ਸੋਚ ਵਿਚਾਰ ਕੇ ਜਵਾਬ ਦਿੰਦੇ ਹਨ ਤੇ ਨਾ ਵਿਰੋਧੀ ਵਿਚਾਰਨਾ ਚਾਹੁੰਦੇ ਹਨ।

ਕਿਸੇ ਦੇ ਸਿਰ ਤੇ ਵੀ ਪੱਗ ਸਤਕਾਰ ਦਾ ਪ੍ਰਤੀਕ ਹੁੰਦੀ ਹੈ। ਇੱਕ ਸਮਾਂ ਸੀ ਜਦੋਂ ਹਰੇਕ ਮਨੁੱਖ ਸਿਰ ਤੇ ਪੱਗ ਬੰਨਦਾ ਸੀ ਤੇ ਜੇ ਪੱਗ ਲਿਥ ਜਾਵੇ ਤਾਂ ਉਸਨੂੰ ਬੇਸਤੀ ਮੰਨਦੇ ਸੀ। ਪਹਿਲਾਂ ਮੁਗਲਾਂ ਫੇਰ ਗੋਰਿਆਂ ਤੇ ਹੁਣ ਫੈਸ਼ਨ ਨੇ ਲੋਕਾਂ ਦੇ ਸਿਰਾਂ ਤੋਂ ਆਪ ਪੱਗਾਂ ਉਤਰਵਾ ਦਿੱਤੀਆਂ ਹਨ। ਇਹ ਵਿਸਥਾਰ ਨਾਲ ਵਿਚਾਰ ਕਰਨ ਦੀ ਲੋੜ ਹੈ ਕੇ ਚਰਿਤ੍ਰ ਲਿਖੇ ਕਿਉਂ ਗਏ ਨੇ ਤੇ ਇਸਦਾ ਜਵਾਬ ਵੀ ਗੁਰਬਾਣੀ ਤੋਂ ਹੀ ਮਿਲਦਾ।

ਖੈਰ ਚਰਿਤ੍ਰ ਤੇ ਵਾਪਿਸ ਆਈਏ। ਇਸ ਚਰਿਤ੍ਰ ਵਿੱਚ ਭਾਵ ਹੈ ਕੇ ਮਨਮੁਖ ਦੀ ਪੱਗ (ਲਾਜ) ਗੁਰੂ ਲਾਹ ਲੈਂਦਾ ਹੈ। ਕਿਸੇ ਨੂੰ ਵੇਖ ਕੇ ਉਸਦੇ ਗੁਰਮੁਖ ਹੋਣ ਦਾ ਜਾਂ ਮਨਮੁਖ ਹੋਣ ਦਾ ਅੰਦਾਜਾ ਨਹੀਂ ਲਾਇਆ ਜਾ ਸਕਦਾ। ਜਿਹੜੇ ਤੀਰਥਾਂ ਤੇ ਜਾ ਕੇ ਪਖੰਡ ਕਰ ਰਹੇ ਹੁੰਦੇ ਨੇ ਭਾਵ ਮੂਤ ਰਹੇ ਹੰਦੇ ਨੇ ਉਹਨਾਂ ਦੀ ਲਾਜ ਖੋ ਲਈ। ਉਹਨਾਂ ਨੂੰ ਪਾਗ (ਲਾਜ) ਬਿਨਾਂ ਵਾਪਿਸ ਘੱਲ ਦਿਤਾ।

ਵਿਚਾਰਨ ਵਾਲੀ ਹਲ ਹੈ ਕੇ ਧੋਵਨ ਤੋ ਕੀ ਭਾਵ ਹੈ। ਬੰਨ ਕੇ ਪਗਰੀ ਕਿਹੜੇ ਨਗਰ ਨੂੰ ਜਾਣ ਦੀ ਗਲ ਹੋ ਰਹੀ ਹੈ? ਸੁਖ ਮਿਲ ਗਿਆ ਇਸ ਤੋਂ ਕੀ ਭਾਵ ਹੈ।

ਜੇ ਆਦਿ ਬਾਣੀ ਪੜ੍ਹੀ ਵਿਚਾਰੀ ਹੋਵੇ ਤਾਂ ਗੁਰਬਾਣੀ ਵਿੱਚ ਆਏ ਅਲੰਕਾਰ ਸਪਸ਼ਟ ਦਿਸਦੇ ਹਨ। ਕੁਝ ਇਸ਼ਾਰੇ ਹਨ ਇਹਨਾਂ ਅਲੰਕਾਰਾਂ ਨੂੰ ਸਮਝਣ ਲਈ

ਬੂਰਿਯੈ ਪਠਏ ਲੋਕ ਬੁਲਾਇ – ਬੂਰਿਯੈ ਤੋਂ ਕੀ ਭਾਵ? “ਬੂਰਿਯੈ” ਦਾ ਭਾਵ ਇੱਥੇ “ਭੇਜੇ ਹੋਏ ਮਨੁੱਖ / ਦੂਤ / ਸੂਚਨਾ ਲੈ ਕੇ ਜਾਣ ਵਾਲਾ” ਹੈ ਭਾਵ ਜਿਸਨੂੰ ਭੇਜਿਆ ਗਿਆ ਉਸਨੂੰ ਬੁਲਾਇਆ।
ਮੋਲਹਿ ਏਕ ਪਾਗ ਨਹਿ ਪਾਈ॥ – ਮੁੱਲ਼ ਦੇ ਇੱਕ ਵੀ ਪਗ ਨਹੀਂ ਮਿਲੀ।
ਮੂਤਤਿ ਲਖਿ ਪਾਵੋ – ਮਨਮੁਖਾਂ ਨੇ ਹੀ ਆਪਣਾ ਕੱਪੜ ਰੂਪ “ਮੂਤ ਪਲੀਤੀ” ਕੀਤਾ ਹੋਇਆ ਹੈ।
ਪਯਾਦਨ – ਪਯਾਦਨ ਭਾਵ ਪਿਆਦੇ ਕੌਣ। ਜੇ ਬਾਣੀ ਦੀ ਵਿਚਾਰ ਕਰੀਏ ਤਾਂ ਪੰਚ ਪਯਾਦਨ ਲ਼ਫ਼ਜ਼ ਆਇਆ ਹੈ ਬਾਣੀ ਵਿੱਚ ਉਹ ਵਿਚਾਰਨਾ ਪਏਗਾ। ਟੀਕਿਆਂ ਨੇ ਇਸਦੇ ਅਰਥ ਗਲਤ ਕੀਤੇ ਹਨ।
ਸਭਨ ਕਮਾਯੋ – ਕਮਾਈ ਕਿਸ ਦੀ ਕਰਦੀ ਹੈ? ਕਮਾਈ ਕਿਸਦੀ ਤੇ ਕਿੱਦਾਂ ਕਰੀਦੀ ਹੈ?
ਰਾਤਿ ਬੀਚ ਕਰਿ – ਰਾਤਿ ਤੋੰ ਭਾਵ ਅਗਿਆਨਤਾ ਹੁੰਦਾ ਹੈ। ਅਗਿਆਨਤਾ ਵਿੱਚ ਪਏ ਦੀ ਜੋਰ ਨਾਲ ਪੱਗ (ਪਤਿ) ਲਾਹੀ।
ਧੋਵਨਿ ਦਈ ਸੁਧਾਰਿ – ਧੋਵਨ ਦੀ ਲੋੜ ਕੀ ਹੈ? ਮਨਮਤਿ, ਅਗਿਆਨਤਾ ਨਾ ਰਹੇ।
ਬਚੀ ਸੁ ਬੇਚਿ ਤੁਰਤ ਤਹ ਲਈ॥ ਬਾਕੀ ਬਚੀ ਸਿਪਾਹਿਨ ਦਈ॥ – ਜੇ ਬਚੀ ਹੋਈ ਵੇਚ ਦਿੱਤੀ ਤਾਂ ਕਿਹੜੇ ਸਿਪਾਹੀ ਸੀ ਜਿਹਨਾਂ ਨੂੰ ਬਾਕੀ ਬਚੀ ਵੇਚ ਦਿੱਤੀ। ਤਹ ਕਈ ਦਾ ਭਾਵ ਕੀ ਹੁੰਦਾ ਤਹਿ ਦਾ ਭਾਵ ਹੁੰਦਾ “ਤੂੰ”। ਵੇਚਣ ਤੇ ਵੀ ਸ਼ੰਕਾ ਕਰਦੇ ਹਨ ਦਸਮ ਵਿਰੋਧੀ। ਗੁਰਬਾਣੀ ਆਖਦੀ “ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥” ਭਾਵ ਜੇ ਗੁਰੂ ਤੋ ਮਾਣ ਪ੍ਰਾਪਤ ਕਰਨਾ ਹੈ ਤਾਂ ਖਰਾ ਸੌਦਾ ਕਰਨਾ ਪੈਣਾ, ਮਨ ਤਨ ਗੁਰੂ ਨੂੰ ਵੇਚ ਕੇ ਬਦਲੇ ਵਿੱਚ ਗੁਣ ਪ੍ਰਾਪਤ ਕਰਨੇ ਹਨ।
ਨਗਰ ਕੋ ਜਾਤ ਭਏ ਸੁਖ ਪਾਇ – ਨਗਰ ਕੀ ਹੈ? ਨਗਰ ਦਾ ਗੁਰਮਤਿ ਵਿੱਚ ਭਾਵ ਹਿਰਦਾ ਹੁੰਦਾ ਹੈ। ਸੁੱਖ ਤਾਂ ਗੁਰਮੁਖ ਦੇ ਨਹਰ (ਹਿਰਦੇ) ਵਿੱਚ ਹੀ ਹੁੰਦਾ ਹੇ।

ਚਰਿਤ੍ਰ ਦਾ ਭਾਵ: ਪੱਗ ਗੁਰੂ ਦੇ ਦੁਆਰਾ ਗਿਆਨ ਦੇ ਸਤਿਕਾਰ ਦਾ ਪ੍ਰਤੀਕ ਹੈ। ਜਿਸਨੇ ਗੁਰਮਤਿ ਗਿਆਨ ਧਾਰਣ ਕੀਤਾ ਹੈ ਉਸਦੀ ਪੱਗ (ਲਾਜ ਪਤਿ) ਗੁਰੂ ਰੱਖਦਾ ਹੈ। ਇਸ ਪਗ ਦਾ ਮੁੱਲ ਹੁੰਦਾ ਹੇ ਸਿਰ (ਮੈਂ, ਹਉਮੈ, ਅਹੰਕਾਰ ਦੇ ਕੇ ਮਾਣ ਲੈਣਾ)। ਮੁੱਲ ਕੇਵਲ ਮੈਂ ਛੱਡਣਾ ਹੈ ਧਨ ਨਹੀਂ। ਇਸ ਮੁੱਲ ਨੂੰ ਦਿੱਤਿਆਂ ਗਿਆਨ ਲਿਆਂ ਗੁਰੂ ਨੇ ਪੱਗ (ਲਾਜ) ਬਖਸ਼ਣੀ। ਨਹੀਂ ਤਾਂ ਤੀਰਥ (ਹਰਿ ਕਾ ਨਾਮ/ ਗਿਆਨ ਲੈਣ) ਆਏ ਨੇ ਸਮਝੋ ਮੂਤ ਦਿੱਤਾ (ਪਖੰਡ/ ਮਨਮਤਿ/ ਦੁਰਾਚਾਰ / ਵਿਕਾਰਾਂ ਨੂੰ ਵਧਣ ਦਿੱਤਾ) ਉਸ ਦੀ ਪਗ (ਲਾਜ) ਗੁਰੂ ਨੇ ਖੋਹ ਲੈਣੀ। ਇਹ ਗੁਰੂ ਦਾ ਹੀ ਇੱਕ ਚਰੱਤਰ ਹੈ। ਉਹ ਗਿਆਨ ਲੈਣ ਵਾਲੇ ਨੂੰ , ਗੁਣਾਂ ਨੂੰ ਵਿਚਾਰਨ ਵਾਲੇ ਨੂੰ ਗੁਣਾਂ ਨੂੰ ਮੁੱਖ ਰੱਖਣ ਵਾਲੇ ਨੂੰ ਹੀ ਲਾਜ ਬਖਸ਼ਦਾ ਹੈ। ਸੋ ਗਿਆਨ ਗੁਰੂ ਦੀ ਸ਼ਰਣ ਵਿੱਚ ਰਹਿਣਾ ਹੈ। ਇਹ ਗੁਰਬਾਣੀ ਤੋਂ ਸਿੱਧਾ ਸਮਝ ਲਵੋ ਜਾਂ ਅਲੰਕਾਰ ਰੂਪ ਹਿੱਚ ਕਥਾ ਕਹਾਣੀਆਂ ਤੋਂ ਉਦਾਹਰਣ ਲੈਕੇ ਸਮਝ ਲਵੋ।

ਦਸਮ ਬਾਣੀ ਦੇ ਨਿੰਦਕ ਗੁੱਸਾ ਕਰਦੇ ਹਨ ਕੇ ਇਸ ਚਰਿੱਤਰ ਵਿੱਚ ਪਾਤਿਸ਼ਾਹ ਪੱਗ ਲਾਉਣ ਦੀ ਗੱਲ ਕਿਉਂ ਕਰ ਰਹੇ ਹਨ। ਭਾਈ ਮਨਮੁੱਖ ਦੀ ਪੱਤ ਗਵਾਈ ਜਾਂਦੀ ਹੈ ਹਰਿ ਖੋਨਲੈਂਦੲ ਹੈ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਉਦਾਹਰਣ ਮਿਲਦੇ ਹਨ ਜਿਵੇਂ “ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥”, “ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥”। ਜੇ ਕਿਸੇ ਨੂੰ ਲਗਦਾ ਕੇ ਦਸਮ ਪਾਤਿਸ਼ਾਹ ਇਹ ਨਹੀਂਨਕਰ ਸਕਦੇ ਤਾਂ ਸਾਡੇ ਲਈ ਤਾਂ ਗੁਰੂ ਪਾਤਿਸ਼ਾਹ ਹਰਿ ਦਾ ਹੀ ਰੂਪ ਹਨ। ਜੇ ਸਾਡੀ ਲਾਜ ਰੱਖਣ ਲਈ ਸਰਬੰਸ ਵਾਰ ਸਕਦੇ ਹਨ ਤਾਂ ਮੇਰੇ ਮਨਮਤਿ ਕਰਨ ਤੇ ਮੇਰੀ ਪੱਗ ਲਾਹ ਵੀ ਸਕਦੇ ਹਨ। ਅਸੀਂ ਉਹਨਾਂ ਚੋਂ ਨਹੀਂ ਜੋ ਗੁਰੂ ਦੇ ਘੋੜੇ ਦੀ ਲਗਾਮ ਫੜ ਕੇ ਤਨਖਾਹ ਮੰਗਦੇ ਸੀ, ਅਸੀਂ ਉਹਨਾਂ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ ਜੋ ਗੁ੍ਰੂ ਦੇ ਸੀਸ ਮੰਗਣ ਤੇ ਅੱਖ ਵੀ ਨਾ ਝਪਕਣ ਤੇ ਸੀਸ ਭੇਂਟ ਕਰ ਦੇਣ।

ਇਹੋ ਜਿਹੇ ਅਲੰਕਤਰ, ਉਦਾਹਰਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਆਏ ਹਨ। ਜਿਵੇਂ

ਪੰਚਮ ਪਾਤਿਸ਼ਾਹ ਆਦਿ ਬਾਦਿ ਬਾਣੀ ਵਿੱਚ ਆਖਦੇ “ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ॥ ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ॥ ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ॥ ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ॥ ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ॥ ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ॥” ਭਾਵ ਜੋ ਮਨੁੱਖ ਮਲ‑ਮੂਤ ਵਰਗੇ ਹੇਠਲੇ ਸੁਭਾਵ ਵਾਲੇ, ਮੂਰਖ, ਮੁਗਧ, ਅਗਿਆਨੀ ਹੋ ਚੁੱਕੇ ਹਨ, ਉਹ ਵੀ ਸੁਗਿਆਨੀ (ਗਿਆਨਵਾਨ, ਸਿਆਣੇ) ਦਾ ਦਰਸ਼ਨ ਕਰਕੇ ਸੁਧਰ ਜਾਂਦੇ ਹਨ, ਬਦਲ ਜਾਂਦੇ ਹਨ, ਉੱਚੇ ਹੋ ਜਾਂਦੇ ਹਨ।

ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ॥ ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ॥” – ਭਾਵ ਜਿਸ ਮਨੁੱਖ ਦਾ ਮਨ ਮਲ ਮੂਤਰ ਬਿਸਟਾ ਗੰਦੇ ਸੁਭਾਵ ਵਿੱਚ ਡੁੱਬ ਜਾਂਦਾ ਹੈ, ਉਹ ਚੰਦਨ ਕਪੂਰ ਵਰਗਿਆਂ ਉੱਚੀਆਂ ਚੀਜ਼ਾਂ ਭਾਵ ਨਾਮ ਨਾਲ ਪ੍ਰੀਤ ਨਹੀਂ ਕਰਦਾ।

ਜਿਹਨਾਂ ਨੂੰ ਅਲੰਕਾਰ ਸਮਝ ਨਹੀਂ ਲਗਦੇ, ਗੁਰੂ ਨਾਲ ਦਵੇਸ਼ ਪਾਲਦੇ ਹਨ, ਦਸਮ ਬਾਣੀ ਦਾ ਵਿਰੋਧ ਕਰਦੇ ਹਨ, ਉਦਾਹਰਣ ਦਿੰਦੇ ਆਖਦੇ ਹਨ ਕੇ ਦਸਮ ਪਾਤਿਸ਼ਾਹ ਕਦੇ ਵੀ ਪੱਗ ਨਹੀਂ ਲਾਹ ਸਕਦੇ ਉਹਨਾਂ ਨੇ ਚਰਿੱਤਰ ਦੀ ਸਿੱਖਿਆ ਨੂੰ ਨਹੀਂ ਸਮਝਿਆ ਜਾਂ ਚਲਾਕੀ ਕਰਦੇ ਹਨ। ਉਹਨਾਂ ਹੀ ਕੱਲ ਨੂੰ ਆਦਿ ਬਾਣੀ ਤੇ ਵੀ ਕਿੰਤੂ ਪਰੰਤੂ ਕਰਨੀ ਹੈ ਜਿੱਥੇ ਕੇਸਾਂ ਤੋਂ ਪਕੜ ਕੇ ਜਮ ਦੇ ਮਨੁੱਖ ਨੂੰ ਲੈਕੇ ਜਾਣ ਦੇ ਉਦਾਹਰਣ ਹਨ। ਕੇਸਾਂ ਦੇ ਨਾਲ ਚਵਰ/ਚੌਰ ਕਰਨ ਦੀ ਗੱਲ ਆਈ ਹੈ ਜਾ ਕੇਸਾਂ ਨਾਲ ਚਰਨ ਧੂਰ ਝਾੜਨ ਦੀ ਗੱਲ ਆਈ ਹੈ। ਉੱਥੇ ਵੀ ਇਹਨਾਂ ਦੇ ਪਿੱਛੇ ਦੇ ਅਲੰਕਾਰ ਨੂੰ ਸਮਝ ਨਹੀਂ ਸਕਣਾ। ਲੋਕਾ ਨੂੰ ਭਾਵੁਕ ਕਰ ਕੇ ਲੋਕਾਂ ਦੀ ਭਾਵਨਾ ਦਾ ਗਲਤ ਇਸਤੇਮਾਲ ਕਰਕੇ ਆਪਣੇ ਹੀ ਗੁਰੂਆਂ ਨੂੰ ਗੁਰੂਆਂ ਦੀ ਰਚਨਾ ਨੂੰ ਭੰਗਦੇ ਹਨ।

ਬੇਨਤੀ ਹੈ ਕੇ ਦਸਮ ਬਾਣੀ ਹੋਵੇ, ਚਰਿੱਤਰ ਹੋਣ ਜਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੋਵੇ, ਆਪ ਪੜ੍ਹੋ, ਸਮਝੋ ਤੇ ਵਿਚਾਰੋ। ਨਿੰਦਿਆ ਕਿਸੇ ਦੀ ਵੀ ਭਲੀ ਨਹੀਂ ਹੈ। ਇਹ ਗੁਣ ਸਾਨੂੰ ਗੁਰਬਾਣੀ ਨੇ ਦਿੱਤਾ ਹੈ।

ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।

ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।

ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।

Resize text