Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੁਰਗ ਤੇ ਨਰਕ (Swarg te Narak), ਦੋਜਕ

ਗੁਰਮਤਿ ਨੇ ਸੁਰਗ (ਸਵਰਗ Heaven) ਅਤੇ ਨਰਕ (Hell) ਦੋਵੇਂ ਰੱਦ ਕੀਤੇ ਨੇ। ਗੁਰਮਤਿ ਨੇ ਸਬ ਕੁੱਝ ਹੁਕਮ ਵਿੱਚ ਹੈ, ਦੱਸਿਆ ਹੈ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਤੇ ਜੇ ਹੁਕਮ ਤੋਂ ਬਾਹਰ ਕੁੱਝ ਨਹੀਂ ਹੈ ਫੇਰ ਸੁਰਗ ਨਰਕ ਦੀ ਚਿੰਤਾ ਬੇਮਤਲਬ ਹੈ। “ਕਈ ਕੋਟਿ ਨਰਕ ਸੁਰਗ ਨਿਵਾਸੀ॥ ਕਈ ਕੋਟਿ ਜਨਮਹਿ ਜੀਵਹਿ ਮਰਹਿ॥ ਕਈ ਕੋਟਿ ਬਹੁ ਜੋਨੀ ਫਿਰਹਿ॥ ਕਈ ਕੋਟਿ ਬੈਠਤ ਹੀ ਖਾਹਿ॥ ਕਈ ਕੋਟਿ ਘਾਲਹਿ ਥਕਿ ਪਾਹਿ॥ ਕਈ ਕੋਟਿ ਕੀਏ ਧਨਵੰਤ॥ ਕਈ ਕੋਟਿ ਮਾਇਆ ਮਹਿ ਚਿੰਤ॥ ਜਹ ਜਹ ਭਾਣਾ ਤਹ ਤਹ ਰਾਖੇ॥ ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ॥੫॥” – ਜੇ ਸਬ ਕੁੱਝ ਪ੍ਰਭ ਦੇ ਹੱਥ ਹੈ ਤਾਂ ਸੁਰਗ ਨਰਕ ਦੀ ਚਿੰਤਾ ਹੋਣੀ ਹੀ ਨਹੀਂ ਚਾਹੀਦੀ।

ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥” – ਕਬੀਰ ਜੀ ਆਖਦੇ ਕੋਈ ਨਰਕ ਕੋਈ ਸੁਰਗ ਦੀਆਂ ਗੱਲਾਂ ਕਰੀ ਜਾਂਦਾ , ਕਹਿੰਦੇ ਸੰਤਾਂ ਨੇ ਭਾਵ ਗੁਰਮੁਖਾਂ ਨੇ ਦੋਵੇਂ ਰੱਦ ਕਰ ਦਿੱਤੇ ਹਨ। ਇੱਕ ਸਿੱਖ ਵੀਰ ਦੇ ਪਿਤਾ ਜੀ ਚਲਾਣਾ ਕਰ ਗਏ ਤਾਂ ਉਹਨਾਂ ਮੈਸੇਜ ਵਿੱਚ ਲਿਖਿਆ ਸਵਰਗ ਵਾਸੀ ਲਿਖਿਆ, ਗੁਰੂ ਘਰ ਵਿੱਚ ਅਰਦਾਸ ਹੋਈ ਤਾਂ ਅਰਦਾਸ ਵਿੱਚ ਸਵਰਗਵਾਸ ਦੀ ਗਲ ਹੋਈ। ਅਰਦਾਸ ਵਿਛ ਆਖਦੇ ਆਪਣੇ ਚਰਣਾਂ ਵਿੱਚ ਵਾਸ ਨਖਸ਼ਣਾ। ਮੈਂ ਸੋਚਦਾ ਰਹਿਆ ਕੇ ਵੀਰ ਤਾਂ ਬਾਣੀ ਪੜ੍ਹਦਾ ਨਹੀਂ ਪਰ ਅਰਦਾਸ ਕਰਨ ਵਾਲਾ ਤਾਂ ਬਾਣੀ ਪੜ੍ਹਦਾ, ਕਈ ਵਾਰ ਪੜ੍ਹਿਆ ਹੋਣਾ ਬਾਣੀ ਸੁਰਗ ਨਰਕ ਬਾਰੇ ਕੀ ਦੱਸਦੀ ਫੇਰ ਸਮਝ ਕਿਉਂ ਨਾ ਲੱਗੀ।

ਸਭੁ ਕੋਈ ਚਲਨ ਕਹਤ ਹੈ ਊਹਾਂ॥ ਨਾ ਜਾਨਉ ਬੈਕੁੰਠੁ ਹੈ ਕਹਾਂ॥੧॥ ਰਹਾਉ॥ ਆਪ ਆਪ ਕਾ ਮਰਮੁ ਨ ਜਾਨਾਂ॥ ਬਾਤਨ ਹੀ ਬੈਕੁੰਠੁ ਬਖਾਨਾਂ॥੧॥ ਜਬ ਲਗੁ ਮਨ ਬੈਕੁੰਠ ਕੀ ਆਸ॥ ਤਬ ਲਗੁ ਨਾਹੀ ਚਰਨ ਨਿਵਾਸ॥੨॥ ਖਾਈ ਕੋਟੁ ਨ ਪਰਲ ਪਗਾਰਾ॥ ਨਾ ਜਾਨਉ ਬੈਕੁੰਠ ਦੁਆਰਾ॥੩॥ ਕਹਿ ਕਮੀਰ ਅਬ ਕਹੀਐ ਕਾਹਿ॥ ਸਾਧਸੰਗਤਿ ਬੈਕੁੰਠੈ ਆਹਿ॥੪॥੮॥੧੬॥” – ਆਖਦੇ ਸਾਰੇ ਬੈਕੁੰਠ ਦੀ ਆਸ ਲਾਈ ਬੈਠੇ ਨੇ ਪਰ ਪਤਾ ਨਹੀਂ ਕੇ ਬੈਕੁੰਠ ਕਿੱਥੇ ਹੈ ਕਿੱਦਾਂ ਦਾ ਹੈ। ਵੈਸੇ ਹੀ ਪ੍ਰਚਾਰਕਾਂ ਨੇ, ਪੰਡਤਾਂ ਨੇ ਸੁਰਗ ਗੱਲਾਂ ਨਾਲ ਹੀ ਘੜ ਲਿਆ। ਕੋਈ ਆਖਦਾ ਉੱਥੇ ਦੇਵੀਆਂ ਹਨ, ਕੋੲੌ ਆਖਦਾ ਉੱਥੇ ਹੂਰਾਂ ਹਨ, ਕੋਈ ਆਖਦਾ ਉੱਥੇ ਕੀਰਤਨ ਚਲਦਾ। ਐਵੇਂ ਹੀ ਕਹਾਣੀਆਂ ਘੜ ਲਈਆਂ। ਕੋਈ ਜਾਕੇ ਮੁੜਿਆ ਨਹੀਂ, ਜੀਂਦਿਆਂ ਨੇ ਬਸ ਆਪਣੇ ਮਨ ਤੋਂ ਘੜ ਲਿਆ। ਸੁਰਗ ਨਰਕ ਦੀ ਵਿਚਾਰ ਵਿੱਚ ਪਾਪ ਪੁੰਨ ਦੀ ਵਿਚਾਰ ਵਿੱਚ ਫਸ ਗਏ ਤੇ ਹੁਕਮ ਨੂੰ ਭੁੱਲ ਗਏ ਹਨ। ਜਦੋਂ ਤਕ ਬੈਕੁੰਠ ਦੀ ਆਸ ਹੈ ਉਦੋਂ ਤਕ ਗਿਆਨ ਨਹੀਂ ਹੋ ਸਕਦਾ। ਜੇ ਅਰਦਾਸਾਂ ਕਰ ਕੇ ਮਿਲ ਜਾਂਦਾ ਹੈ ਤਾਂ ਗੁਰਮਤਿ ਗਿਆਨ ਦੀ ਕੀ ਲੋੜ੍ਹ? ਪੰਡਤ ਨੂੰ ਅਰਦਾਸੀਏ ਨੂੰ ਪੈਸੇ ਦੇ ਕੇ ਅਰਦਾਸ ਕਰਾ ਲਵੋ। ਇਹੀ ਮਾਇਆ ਦਾ ਲਾਲਚ ਕਰਨ ਵਾਲੇ ਕਰ ਵੀ ਰਹੇ ਨੇ। ਜਦੋਂ ਤਕ ਪਾਪ ਪੁੰਨ ਦੀ ਵਿਚਾਰ ਹੈ ਨਾਮ (ਸੋਝੀ) ਨਹੀਂ ਮਿਲ ਸਕਦੀ। ਸਾਧ ਸੰਗ (ਸਾਧਿਆ ਹੋਇਆ ਮਨ ਹੀ ਸਾਧ ਸੰਗ ਹੈ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥”) ਵਿੱਚ ਹੀ ਬੈਕੁੰਠ ਹੈ। ਪਾਪ ਪੁੰਨ ਬਾਰੇ ਗੁਰਮਤਿ ਦਾ ਕੀ ਫੁਰਮਾਨ ਹੈ ਜਾਨਣ ਲਈ ਵੇਖੋ “ਪਾਪ ਪੁੰਨ (paap/punn)”।

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ॥੧॥ ” – ਮਨੁੱਖ ਸਾਰਾ ਜੀਵਨ ਨਰਕ ਸੁਰਗ ਦੇ ਡਰ ਵਿੱਚ ਗੁਜ਼ਾਰ ਦਿੰਦਾ ਹੈ ਤੇ ਹੁਕਮ ਨੂੰ ਭੁੱਲ ਜਾਂਦਾ ਹੈ। ਪ੍ਰਚਾਰਕ ਵੀ ਸੁਰਗ ਨਰਕ ਦੀਆਂ ਕਥਾ ਕਹਾਣੀਆਂ ਸੁਣਾ ਸੁਣਾ ਕੇ ਲੋਕਾਂ ਨੂੰ ਗੁਰਮਤਿ ਤੋਂ ਦੂਰ ਕਰਦੇ ਹਨ।

ਭਵ ਸਾਗਰ ਸੁਖ ਸਾਗਰ ਮਾਹੀ॥ ਪੀਵਿ ਰਹੇ ਜਲ ਨਿਖੁਟਤ ਨਾਹੀ॥” – ਗੁਰਮਤਿ ਦਾ ਫੁਰਮਾਨ ਹੈ ਕੇ ਭਵਸਾਗਰ (ਦ੍ਰਿਸਟਮਾਨ ਸੰਸਾਰ) ਸੁਖਸਾਗਰ ਵਿੱਚ ਹੀ ਹੈ। ਇਹ ਤਾਂ ਮਨੁਖ ਦੇ ਗਿਆਨ ਦੀ ਅਵਸਥਾ ਤੇ ਨਿਰਭਰ ਕਰਦਾ। ਜਦੋਂ ਮਨੁਖ ਨੇ ਹੁਕਮ ਪਰਵਾਨ ਕਰ ਲਿਆ। ਉਸਨੂੰ ਸੁਖਸਾਗਰ ਦੇ ਦਰਸ਼ਨ ਸਾਰੇ ਪਾਸੇ ਹੀ ਹੋਣ ਲੱਗ ਜਾਣੇ। ਜੋ ਮਨੁੱਖ ਵਿਕਾਰਾਂ ਵਿੱਚ ਭਟਕ ਰਹਿਆ ਉਸ ਲਈ ਇਹ ਜੀਵਨ ਹੀ ਦੁਖਾਂ ਦਾ ਸਾਗਰ ਬਣ ਜਾਂਦਾ “ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ॥

ਐਸਾ ਤੈਂ ਜਗੁ ਭਰਮਿ ਲਾਇਆ॥ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ॥” – ਭਰਮੇ ਹੋਏ ਵੀ ਤੇ ਗਿਆਨ ਲੈਣ ਵਾਲੇ ਵੀ ਪਰਮੇਸਰ ਨੇ ਆਪਣੇ ਹੁਕਮ ਵਿੱਚ ਹੀ ਲਾਏ ਨੇ “ਅਪਨੈ ਰੰਗਿ ਕਰਤਾ ਕੇਲ॥ ਆਪਿ ਬਿਛੋਰੈ ਆਪੇ ਮੇਲ॥ ਇਕਿ ਭਰਮੇ ਇਕਿ ਭਗਤੀ ਲਾਏ॥ ਅਪਣਾ ਕੀਆ ਆਪਿ ਜਣਾਏ॥੩॥” ਇਹ ਖੇਲ ਤਾਂ ਪਰਮੇਸਰ ਦਾ ਆਪਣਾ ਲਾਇਆ ਹੋਇਆ ਹੈ ਸੰਸਾਰ ਨੂੰ ਚਲਾਉਣ ਲਈ। ਜਿਹਨਾਂ ਨੂੰ ਗੁਰਮਤਿ ਗਿਆਨ ਦੀ ਸੋਝੀ ਹੋ ਜਾਂਦੀ ਹੈ ਉਹ ਫੇਰ ਹੁਕਮ ਦਾ ਵਿਰੋਧ ਛੱਡ ਦਿੰਦੇ ਹਨ ਤੇ ਪਰਮੇਸਰ ਦੀ ਖੇਡ ਹੁਕਮ ਵਿੱਚ ਖੇਡਦੇ ਹਨ। ਫੇਰ ਉਹਨਾਂ ਨੂੰ ਦੁੱਖ ਨਹੀਂ ਲਗਦਾ।

ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗਵਾੜਾ ਠਗੀ ਦੇਸੁ॥” – ਮਨੁੱਖ ਦੇ ਹੱਥ ਵਿੱਚ ਕੁੱਝ ਨਹੀਂ ਫੇਰ ਵੀ ਪੰਡਤ, ਡੇਰੇਦਾਰ, ਅਗਿਆਨੀ ਲੋਕਾਂ ਨੂੰ ਭਰਮ ਵਿੱਚ ਪਾਉਂਦੇ ਹਨ। ਕਿੰਨੀ ਵੱਡੀ ਠੱਗੀ ਹੈ , ਸੰਸਾਰ ਸੁਪਨਾ ਸੱਚ ਮੰਨ ਲਿਆ, ਪਾਤਿਸ਼ਾਹ ਕਹਿੰਦੇ ਕਿਉ ਸੁੱਤੇ ਪਾਏ ਹੋ “ਕਿਆ ਤੂ ਸੋਇਆ ਜਾਗੁ ਇਆਨਾ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ॥” ਭਵਸਾਗਰ ਹੀ ਨਰਕ ਹੈ, ਨਰਕ ਦਾ ਨਕਸ਼ਾ ਵੀ ਦਸ ਦਿੱਤਾ ਸਾਨੂੰ, ਕਿਹੋ ਜਿਹਾ ਹੈ। ਮਨੁੱਖ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ ਹੈ। ਅਕਾਲ, ਕਾਲ, ਹੁਕਮ ਦੀ ਸੋਝੀ ਲੈਕੇ ਜਾਗਣਾ ਸੀ, ਗੁਣਾਂ ਦੀ ਵਿਚਾਰ ਕਰਕੇ ਜਾਗਣਾ ਸੀ ਪਰ ਸੰਸਾਰ ਨੂੰ ਸੱਚ ਮੰਨੀ ਬੈਠਾ। ਜੋ ਵੀ ਬਿਨਸ ਜਾਣਾ ਉਸਨੂੰ ਗੁਰਮਤਿ ਸੱਚ ਨਹੀਂ ਮੰਨਦੀ “ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥੪੯॥”। ਇਸ ਅਗਿਆਨਤਾ ਦੇ ਹਨੇਰੇ ਕਾਰਣ ਹੀ ਸੁਰਗ ਨਰਕ ਲੱਭਦਾ ਫਿਰਦਾ।

ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ॥ ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ॥੧॥ ਕਾਜੀ ਤੈ ਕਵਨ ਕਤੇਬ ਬਖਾਨੀ॥ ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨਹੂੰ ਖਬਰਿ ਨ ਜਾਨੀ॥੧॥” – ਪਾਤ ਨਹੀਂ ਕਿੱਥੋਂ ਆਇਆ ਜਾਣਾ ਕਿੱਥੇ ਤੇ ਆਪ ਹੀ ਦਿਲ ਵਿੱਚ ਦੋਜਕ ਦਾ ਡਰ ਥਾਪ ਕੇ ਬੈਠਾ। ਲੋਕਾਂ ਨੂੰ ਡਰ ਵਿੱਚ ਭੈ ਵਿੱਚ ਰੱਖ ਕੇ ਆਪਣੇ ਕੰਮ ਕਰਾਉਂਦਾ। ਸੁਰਗ/ਜੰਨਤ ਵਿੱਚ ਹੂਰਾਂ ਦਾ ਲਾਲਚ ਦਿੰਦਾ ਤੇ ਦੋਜਕ ਦਾ ਭੈ ਦਿੰਦਾ।

ਧਰਮਰਾਜ ਵੀ ਆਪੇ ਹੀ ਹੈ ਜਿਹੜਾ ਅੰਦਰ ਮੂਲ ਹੈ ਉਹੀ ਜਦੋਂ ਗਿਆਨ ਲੈਕੇ, ਗਿਆਨ ਦੇ ਅੰਮ੍ਰਿਤ ਨਾਲ ਹਰਿਆ ਹੋਇਆ, ਪਰਮੇਸਰ ਦੇ ਗੁਣਾਂ ਵਿੱਚ ਰਮਿਆ ਹੋਇਆ ਆਪਣੇ ਆਪ ਨੂੰ ਜੋਤ ਸਰੂਪ ਪਛਾਣ ਲਵੇਗਾ ਤਾਂ ਧਰਮਰਾਜ ਹੀ ਹੋ ਜਾਣਾ। ਧਰਮ ਕਿਹੜਾ “ਸਰਬ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥” ਅਤੇ “ਸਗਲ ਧਰਮ ਮਹਿ ਸ੍ਰੇਸਟ ਧਰਮੁ॥ਹਰਿ ਸਿਮਰਨਿ ਤੇਰਾ ਹੋਇ ਉਧਾਰੁ॥ ਜਨਮ ਜਨਮ ਕਾ ਉਤਰੈ ਭਾਰੁ॥੩॥” ਇਹ ਹੈ ਹਰਿ ਦੇ ਨਾਮ (ਸੋਝੀ) ਦਾ ਰਾਜਾ (ਮਾਲਿਕ)। ਇਹ ਹੋਰ ਕੋਈ ਨਹੀਂ, ਜਿਹੜਾ ਕੁੱਝ ਵੀ ਮੰਨ ਲੈਂਦਾ ਪਾਪ ਪੁੰਨ ਮੰਨ ਲਿਆ ਜੇਕਰ ਤਾਂ ਉਹੀ ਲੇਖਾ ਲਿਖਿਆ ਜਾਂਦਾ, ਲ਼ੇਖਾ ਵੀ ਕੁਝ ਨਹੀਂ, ਭਰਮ ਹੈ,  ਜੇ ਇਹ ਮੰਨ ਲਿਆ ਮੈਂ ਕੀਤਾ, ਮੇਰੀ ਸੰਪਤੀ, ਮੇਰਾ ਪਰਿਵਾਰ, ਵਗੈਰਾ ਵਗੈਰਾ, ਬਸ ਸਰੀਰ ਛੱਡ ਕੇ ਸੁਰਤ ਉੱਥੇ ਹੀ ਫਸੀ ਰਹਿਣੀ ਹੈ, ਅਵਸਥਾ ਜਿੰਨੀ ਪਹਿਲਾਂ ਸੀ ਉਸ ਤੋਂ ਵੀ ਥੱਲੇ ਡਿੱਗ ਜਾਂਦੀ ਹੈ ਜਿਵੇਂ ਜਿਵੇਂ ਨਵੇਂ ਪਖੰਡਾਂ ਦੇ ਧੱਕੇ ਚੜ੍ਹਦਾ। ਤੱਤ ਗਿਆਨ ਦੀ ਅਵਸਥਾ ਹੀ ਪ੍ਰਾਪਤ ਕਰਨੀ ਹੈ,  ਬਾਕੀ ਤਾਂ ਕਹਿੰਦੇ ਸਭ ਸੰਸਾਰੀ ਗਿਆਨ ਜਲ ਜਾਂਦੇ ਹਨ “ਸਭ ਬੁਧਿ ਜਾਲੀਅਹਿ ਇਕੁ ਰਹੈ ਤਤੁ  ਗਿਆਨ॥

ਪਾਤਿਸ਼ਾਹ ਨੇ ਤਾਂ ਇੱਥੇ ਤਕ ਕਹਿਆ ਹੈ ਕੇ “ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਕਿਆ ਘਟਿ ਜਾਈ॥੩॥ ਕਹਤ ਕਬੀਰ ਹਉ ਕਹਉ ਪੁਕਾਰਿ॥ ਸਮਝਿ ਦੇਖੁ ਸਾਕਤ ਗਾਵਾਰ॥ ਦੂਜੈ ਭਾਇ ਬਹੁਤੁ ਘਰ ਗਾਲੇ॥ ਰਾਮ ਭਗਤ ਹੈ ਸਦਾ ਸੁਖਾਲੇ॥” – ਪੰਡਤ ਮੁਰਦੇ ਨੂੰ ਚੰਦਨ ਲਾਉਣ ਨੂੰ ਆਖਦੇ ਸੀ। ਅਸਲ ਗਲ ਸੀ ਕੇ ਬੋ ਨਾ ਆਵੇ ਪਰ ਗਰੀਬ ਤੇ ਨੀਚੀ ਜਾਤ ਨੂੰ ਇਹ ਨਸੀਬ ਨਹੀਂ ਸੀ ਕਿਉਂਕੇ ਚੰਦਨ ਹਮੇਸ਼ਾ ਤੋਂ ਹੀ ਮਹਿੰਗਾ ਵਿਕਦਾ ਰਹਿਆ ਹੈ ਤੇ ਉੱਚ ਜਾਤ ਵਾਲੇ ਹੀ ਖਰੀਦ ਸਕਦੇ ਸੀ। ਪਾਤਿਸ਼ਾਹ ਆਖਦੇ ਜੇ ਮਿਰਤਕ ਨੂੰ ਬਿਸਟਾ (ਗੰਦ) ਵਿੱਚ ਵੀ ਰਲਾ ਦਿੱਤਾ ਜਾਵੇ ਤਾਂ ਕੀ ਫ਼ਰਕ ਪੈਂਦਾ ਜੋਤ ਸਰੂਪ ਤਾਂ ਅਨਾਹਦ ਵਿੱਚ ਜਾ ਰਲੀ ਹੈ ਤੇ ਪਿੱਛੇ ਹੁਣ ਮਿੱਟੀ ਹੀ ਹੈ। ਤੇ ਆਖਦੇ ਰਾਮ ਭਗਤ ਲੈ ਜਿਸ ਨਾਲ ਸੁੱਖ ਮਿਲਦਾ ਹੈ ਦੂਜੇ ਭਾਵ ਨਾਲ ਮਨ ਨੂੰ ਕਿਤੇ ਟਕਾ ਨਹੀਂ ਮਿਲਣਾ।

ਇਸ ਜਮ ਦੇ ਫਾਹੇ (ਅਗਿਆਨਤਾ, ਦੁਖ, ਕਲੇਸ਼, ਵਿਕਾਰ) ਤੋ ਛੁਟਕਾਰਾ ਵੀ ਸਰੀਰ ਦੇ ਹੁੰਦੇ ਹੋਏ ਹੀ ਹੋਣਾ ਹੈ, ਜੀਵਤ ਮਿਰਤਕ ਹੋ ਕੇ, ਮਨ ਮਾਰਕੇ, ਮਰਨ ਕਬੂਲ ਕਰਕੇ, ਹੁਕਮ ਨੂੰ ਸਮਝ ਕੇ। ਫਿਰ ਇੱਥੇ ਹੀ ਇੱਕ ਹੋ ਜਾਣਾ ਜਦੋਂ ਪਰਮੇਸਰ ਦੇ ਹੁਕਮ ਨਾਲ ਤਾਂ ਰਾਮ ਦੀ ਭਾਵ ਮੂਲ ਦੀ ਸ਼ਰਨ ਲੈਂਦਾ ਜਿੱਥੇ ਸਦਾ ਸੁਖ ਹੈ “ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥

ਸਰੀਰ ਸਦਾ ਨਾਲ ਨਹੀਂ ਰਹਿਣਾ, ਇਹ ਗਿਆਨ ਲੈਣ ਲਈ ਮਿਲਿਆ, ਬਹੁਤ ਦੁਰਲੱਭ ਮੌਕਾ ਹੈ, ਨਾ ਗਵਾ, ਸਰਨ ਜਾ ਆਪਣੇ ਮੂਲ ਦੀ ਖੋਜ ਕਰ ਲੈ ਦਿਲ ਵਿੱਚ ਹੀ ਹੈ ਉਹ “ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥” ਭਵਜਲ ਹੀ ਨਰਕ ਹੈ , ਕਾਲਪਨਿਕ ਨਰਕ ਸੁਰਗ ਨਹੀ ਹਨ ਕਿਤੇ ਵੀ, “ਖੋਜ ਬੂਝਿ ਜਉ ਕਰੈ ਬੀਚਾਰਾ ਤਉ ਭਵਜਲ ਤਰਤ ਨ ਲਾਵੈ ਬਾਰਾ॥

ਕਹਿੰਦੇ ਪੂਰੀ ਕਾਇਮ ਆ ਪਾਤਿਸ਼ਾਹੀ (ਦਰਗਾਹ ਦਾ ਰਾਹ) ਹੁਣ “ਊਹਾਂ ਖੈਰਿ ਸਦਾ ਮੇਰੇ ਭਾਈ॥ ਕਾਇਮੁ ਦਾਇਮੁ ਸਦਾ ਪਾਤਿਸਾਹੀ॥

ਭਗਤ ਜੀ ਕਹਿੰਦੇ ਸੁਖਸਾਗਰ ( ਬੇਗਮਪੁਰੇ) ਵਿੱਚ (ਜਦੋਂ ਨਾਮ (ਸੋਝੀ) ਪ੍ਰਾਪਤ ਹੋ ਜਾਵੇ) ਕੋਈ ਰੋਕ ਟੋਕ ਨਹੀਂ, ਜਿੱਥੇ ਜੀ ਕਰਦਾ ਜਾਵੇ, ਕੋਈ ਚਮਾਰ ਨੀ ਕਹਿੰਦਾ ਇੱਥੇ, “ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਹਰਮ ਮਹਲ ਨ ਕੋ ਅਟਕਾਵੈ॥ ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮੀਤੁ ਹਮਾਰਾ॥” ਭਗਤ ਜੀ ਕਹਿੰਦੇ ਇਸ ਸਹਿਰ ਦਾ ਵਾਸੀ ਹੈ ਜੋ ਉਹੀ ਮੀਤ ਹੈ ਸਾਡਾ, ਭਾਵੇਂ ਹਾਲੇ ਬਾਹਰਲੇ ਸਰੀਰ ਕਰਕੇ  ਸੰਸਾਰ ਵਿੱਚ ਹੀ ਹੋਵੇ, ਪਰ ਸੰਸਾਰ ਵਿੱਚ ਹੁੰਦਾ ਹੋਇਆਂ ਵੀ ਸੰਸਾਰ ਵਿੱਚ ਨਹੀ ਹੁੰਦਾ। “ਸਹਜੇ ਆਵੈ ਸਹਜੇ ਜਾਇ॥ ਮਨ ਤੇ ਉਪਜੈ ਮਨ ਮਾਹਿ ਸਮਾਇ॥ ਗੁਰਮੁਖਿ ਮੁਕਤੋ ਬੰਧੁ ਨ ਪਾਇ॥ ਸਬਦੁ ਬੀਚਾਰਿ ਛੁਟੈ ਹਰਿ ਨਾਇ॥੨॥” – ਆਣਾ ਜਾਣਾ ਸਹਜ ਵਿੱਚ ਹੁੰਦਾ, ਗੁਰਮੁਖ (ਗੁਣਾਂ ਨੂੰ ਮੁੱਖ ਰੱਖ ਕੇ ਕੰਮ ਕਰਣ ਵਾਲਾ) ਆਉਣ ਜਾਣ ਤੋਂ ਮੁਕਤ ਹੁੰਦਾ। ਇਹ ਅਵਸਥਾ ਸਬਦ ਵਿਚਾਰ ਤੋਂ ਪੈਦਾ ਹੁੰਦੀ ਹੈ।

ਜਿਸ ਕੈ ਅੰਤਰਿ ਰਾਜ ਅਭਿਮਾਨੁ॥ ਸੋ ਨਰਕਪਾਤੀ ਹੋਵਤ ਸੁਆਨੁ॥” – ਜਿਸ ਪ੍ਰਾਣੀ ਦੇ ਮਨ ਵਿੱਚ ਰਾਜ ਅਭਿਮਾਨ, ਧਨ ਦੌਲਤ ਦਾ ਮਾਨ ਹੈ, ਹੰਕਾਰ ਹੈ ਉਹ ਦੁਖ ਭੋਗਣ ਕਾਰਣ ਸੰਸਾਰ ਵਿੱਚ ਰਹਿੰਦਿਆਂ ਵੀ ਨਰਕ ਵਾਸੀ ਹੈ। ਜਿਸ ਨੇ ਨਾਮ ( ਗਿਆਨ/ਸੋਝੀ) ਬਿਸਾਰ ਦਿੱਤਾ ਉੁਸ ਨੂੰ ਹੀ ਨਰਕ ਤੇ ਆਵਾ ਗਮਨ ਦਾ ਦੁੱਖ ਭੋਗਣਾ ਪੈਂਦਾ ਹੈ “ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ॥ ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ॥੯॥

ਅੱਜ ਦਾ ਸਿੱਖ ਬਾਣੀ ਨੂੰ ਮੰਤਰਾਂ ਵਾਂਗ ਬਿਨਾ ਸਮਝੇ ਤੇ ਵਿਚਾਰੇ ਪੜ੍ਹ ਰਹਿਆ ਹੈ ਇਸ ਕਾਰਣ ਨਰਕ ਸੁਰਗ, ਪਾਪ ਪੁੰਨ ਦੀ ਵਿਚਾਰ ਵਿੱਚ ਫਸਿਆ ਹੋਇਆ ਹੈ। ਪੁਰਾਤਨ ਸਮਿਆਂ ਵਿੱਚ ਸਿੰਘ ਬਾਣੀ ਪੜ੍ਹਦੇ ਵਿਚਾਰਦੇ ਸਮਝਦੇ ਸੀ ਇਸ ਲਈ ਬਿਨਾਂ ਪਾਪ ਪੁੰਨ, ਸੁਰਗ ਨਰਕ ਦੀ ਚਿੰਤਾ ਦੇ ਗਿਆਨ ਵਲ ਧਿਆਨ ਦਿੰਦੇ ਸੀ। ਗੁਣਾਂ ਨੂੰ ਸਮਝ ਕੇ ਧਾਰਣ ਕਰਦੇ ਸੀ। ਉਹਨਾਂ ਨੂੰ ਪਤਾ ਸੀ ਗੁਰਮਤਿ ਉਪਦੇਸ਼ “ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ॥੧॥” ਉਹ ਤਾਂ ਕੇਵਲ ਨਾਮ (ਸੋਝੀ) ਮੰਗਦੇ ਸੀ ਨਾ ਰਾਜ ਨਾ ਮੁਕਤੀ ਤੇ ਨਾ ਹੀ ਸੰਸਾਰੀ ਪਦਾਰਥਾਂ ਦੀ ਇੱਛਾ ਸੀ, ਉਹਨਾਂ ਦਾ ਕਹਿਣਾ ਸੀ “ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥”। ਨਾਮ (ਸੋਝੀ) ਲੈਣ ਤੇ ਨਰਕ ਸੁਰਗ ਦੀ ਚਿੰਤਾ ਨਹੀਂ ਰਹਿੰਦੀ “ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ॥

ਗੁਰਬਾਣੀ ਦਾ ਸਪਸ਼ਟ ਫੁਰਮਾਨ ਹੈ “ਮਨਮੁਖੁ ਜੇ ਸਮਝਾਈਐ ਭੀ ਉਝੜਿ ਜਾਏ॥ ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ॥੫॥ ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ॥ ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ॥੬॥” – ਅੱਜ ਦਾ ਸਿੱਖ ਗੁਰ ਦੀ ਸੇਵਾ ਤੋਂ ਭੱਜਦਾ ਹੈ। ਸਾਰੇ ਕੰਮ ਕਰੂ ਜੂਠੇ ਭਾਂਡੇ ਮਾਂਜੂ, ਗੁਰੂ ਘਰ ਵਿੱਚ ਪੋਚੇ ਲਾ ਲਊ, ਲੰਗਰ ਵਰਤਾ ਲਵੇਗਾ, ਚੰਦੋਏ ਆਦੀ ਦੀ ਸੇਵਾ ਕਰ ਲਊ ਪਰ ਅਸਲੀ ਗੁਰ ਕੀ ਸੇਵਾ ਜੋ ਬਾਣੀ ਨੇ ਦੱਸੀ ਉਹ ਨਹੀਂ ਕਰਦਾ। ਉਹ ਕਿਹੜੀ ਸੇਵਾ ਹੈ? ਉਹ ਹੈ “ਗੁਰ ਕੀ ਸੇਵਾ ਸਬਦੁ ਵੀਚਾਰੁ॥ ਹਉਮੈ ਮਾਰੇ ਕਰਣੀ ਸਾਰੁ॥੭॥”। ਸਬਦ ਵਿਚਾਰ ਕਰਨਾ ਹੀ ਸੇਵਾ ਹੈ। ਇਸ ਸੇਵਾ ਨਾਲ ਕੀ ਹੋਣਾ “ਗੁਰ ਕਾ ਸੇਵਕੁ ਨਰਕਿ ਨ ਜਾਏ॥ ਗੁਰ ਕਾ ਸੇਵਕੁ ਪਾਰਬ੍ਰਹਮੁ ਧਿਆਏ॥ ਗੁਰ ਕਾ ਸੇਵਕੁ ਸਾਧਸੰਗੁ ਪਾਏ ਗੁਰੁ ਕਰਦਾ ਨਿਤ ਜੀਅ ਦਾਨਾ ਹੇ॥੩॥”। ਜਦੋਂ ਤਕ ਗੁਰ (ਗੁਣਾਂ) ਦੀ ਸੇਵਾ ਸਬਦ ਵਿਚਾਰ ਨਹੀਂ ਕਰਦਾ ਪਾਰਬ੍ਰਹਮ ਦੇ ਗਿਆਨ ਦਾ ਧਿਆਨ ਨਹੀਂ ਰੱਖਦਾ, ਇਸਨੂੰ ਗੁਣਾਂ ਦਾ ਗਿਆਨ, ਨਾਮ (ਸੋਝੀ) ਪ੍ਰਾਪਤ ਨਹੀਂ ਹੋਣੀ। “ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ॥ ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ॥੬॥” – ਬ੍ਰਹਮਾ ਕੋਈ ਦੇਵਤਾ ਨਹੀਂ ਹੈ। ਮਨੁ ਹੈ, ਅੰਤਰ ਜੋਤ ਹੈ ਜਿਸਨੂੰ ਬ੍ਰਹਮ ਦਾ ਗਿਆਨ ਲੈਣਾ ਸੀ “ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ॥” ਤੇ ਇਸਨੂੰ ਬੇਦ ਦਿੱਤੇ ਸੀ ਹੁਕਮ ਵਿੱਚ ਗਿਆਨ ਲੈਣ ਲਈ ਪਰ ਇਹ ਪੜ੍ਹ ਕੇ ਸਮਝ ਕੇ ਗਿਆਨ ਲੈਣ ਦੀ ਥਾਂ ਸੰਸਾਰੀ ਵਸਤੂਆਂ ਮਗਰ ਲੱਗ ਗਿਆ ਤੇ ਗਿਆਨ ਤੋਂ ਭੱਜ ਰਹਿਆ। ਜਿਤਨੇ ਵੀ ਪਖੰਡ ਚਲ ਰਹੇ ਨੇ ਬਹੁਤੇ ਸਿਮ੍ਰਤ ਸਾਸਤਰ ਵਿੱਚੋਂ ਆਏ ਨੇ ਤੇ ਇਹਨਾਂ ਵਿੱਚ ਸੋਝੀ, ਤੱਤ ਗਿਆਨ ਨਹੀਂ ਹੈ।

ਤਿਨੑ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ॥ ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ॥ ਨਾਮੁ ਲੈਨਿੑ ਸਿ ਸੋਹਹਿ ਤਿਨੑ ਸੁਖ ਫਲ ਹੋਵਹਿ ਮਾਨਹਿ ਸੇ ਜਿਣਿ ਜਾਹਿ ਜੀਉ॥” – ਹਰਿ ਬਾਰੇ ਅੱਜ ਦਾ ਸਿੱਖ ਜਾਣਦਾ ਨਹੀਂ ਨਾਮ ਬਾਰੇ ਪਤਾ ਨਹੀਂ, ਇੱਕ ਸ਼ਬਦ ਦਾ ਤੋਤਾ ਰੱਟਣ ਕਰਨ ਨੂੰ ਨਾਮ ਸਮਝ ਲਿਆ। ਤੇ ਫੇਰ ਦੁੱਖ ਤਾਂ ਲੱਗਣੇ ਹੀ ਹਨ, ਸੁਰਗ ਤੇ ਨਰਕ ਦੀ ਚਿੰਤਾ ਤਾਂ ਰਹਿਣੀ ਹੀ ਹੈ। ਸਾਰਾ ਜੀਵਨ ਹਉਮੇ ਵਿੱਚ ਗਵਾ ਲੈਂਦਾ। ਗੁਰਬਾਣੀ ਦਾ ਫੁਰਮਾਨ ਹੈ “ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ॥ ਹਉ ਵਿਚਿ ਦਿਤਾ ਹਉ ਵਿਚਿ ਲਇਆ॥ ਹਉ ਵਿਚਿ ਖਟਿਆ ਹਉ ਵਿਚਿ ਗਇਆ॥ ਹਉ ਵਿਚਿ ਸਚਿਆਰੁ ਕੂੜਿਆਰੁ॥ ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ॥ ਹਉ ਵਿਚਿ ਹਸੈ ਹਉ ਵਿਚਿ ਰੋਵੈ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ॥ ਹਉ ਵਿਚਿ ਜਾਤੀ ਜਿਨਸੀ ਖੋਵੈ॥ ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ॥ ਮੋਖ ਮੁਕਤਿ ਕੀ ਸਾਰ ਨ ਜਾਣਾ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥ ਹਉਮੈ ਬੂਝੈ ਤਾ ਦਰੁ ਸੂਝੈ॥ ਗਿਆਨ ਵਿਹੂਣਾ ਕਥਿ ਕਥਿ ਲੂਝੈ॥ ਨਾਨਕ ਹੁਕਮੀ ਲਿਖੀਐ ਲੇਖੁ॥ ਜੇਹਾ ਵੇਖਹਿ ਤੇਹਾ ਵੇਖੁ॥”, ਅਤੇ “ਤ੍ਰੈ ਗੁਣ ਕੀਆ ਪਸਾਰਾ॥ ਨਰਕ ਸੁਰਗ ਅਵਤਾਰਾ॥ ਹਉਮੈ ਆਵੈ ਜਾਈ॥ ਮਨੁ ਟਿਕਣੁ ਨ ਪਾਵੈ ਰਾਈ॥” , ਤ੍ਰੈ ਗੁਣ ਮਾਇਆ ਸਮਝਣ ਲਈ ਪੜ੍ਹੋ “ਤ੍ਰੈ ਗੁਣ ਮਾਇਆ, ਭਰਮ ਅਤੇ ਵਿਕਾਰ

ਇਹੀ ਜੇ ਹਉਮੇ ਛੱਡ ਕੇ ਰਾਮ ਨਾਮ (ਰਾਮ ਦਾ ਗਿਆਨ) ਲੈਂਦਾ ਤਾਂ ਨਰਕ ਦੀ ਚਿੰਤਾ ਨਹੀਂ ਰਹਿੰਦੀ “ਜਨ ਰਵਿਦਾਸ ਰਾਮ ਰੰਗਿ ਰਾਤਾ॥ ਇਉ ਗੁਰ ਪਰਸਾਦਿ ਨਰਕ ਨਹੀ ਜਾਤਾ॥” – ਰਾਮ ਰੰਗ ਰਾਤਾ ਅਰਥ ਰਾਮ ਦੇ ਗਿਆਨ ਦੀ ਸੋਝੀ ਵਿੱਚ ਮਨ ਰੰਗਿਆ ਹੋਇਆ ਹੋਣਾ, ਗੁਣਾਂ ਦੀ ਲਾਲੀ ਹੋਣਾ ਮਨ ਵਿੱਚ। ਰਾਮ ਬਾਰੇ ਜਾਨਣ ਲਈ ਵੇਖੋ “ਗੁਰਮਤਿ ਵਿੱਚ ਰਾਮ”, “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ”, ਤੇ ਲਾਲੋ ਕੌਣ “ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ॥” ਪਰਮੇਸਰ ਦੇ ਗੁਣਾਂ ਨੂੰ ਮੁੱਖ ਰੱਖਣ ਵਾਲਾ ਲਾਲੋ ਹੈ। ਸੱਚ ਖੰਡ ਵਾਸੀ ਮਨੁੱਖ ਨੇ ਗਿਆਨ ਲੈਕੇ ਜੀਂਦਿਆਂ ਹੀ ਹੋਣਾ ਹੈ। ਸੱਚ ਖੰਡ ਸਮਝਣ ਲਈ ਵੇਖੋ “ਖੰਡ, ਭੰਡ ਅਤੇ ਭਾਂਡਾ”।

ਮੇਰੀ ਮੇਰੀ ਧਾਰਿ ਬੰਧਨਿ ਬੰਧਿਆ॥ ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ॥੩॥ ਸੋਧਤ ਸੋਧਤ ਸੋਧਿ ਤਤੁ ਬੀਚਾਰਿਆ॥ ਨਾਮ ਬਿਨਾ ਸੁਖੁ ਨਾਹਿ ਸਰਪਰ ਹਾਰਿਆ॥੪॥

ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ॥ ਬਿਨੁ ਗੁਰਸਬਦ ਨ ਗਤਿ ਪਤਿ ਪਾਵਹਿ ਰਾਮ ਨਾਮ ਬਿਨੁ ਨਰਕਿ ਗਇਆ॥੪॥

ਨਰਕ ਦਾ ਡਰ ਪੰਡਤ ਦਿੰਦਾ ਸੀ ਉਹੀ ਕੰਮ ਕਾਜ਼ੀ ਨੇ ਵੀ ਕੀਤਾ। ਦੋਜਕ (ਨਰਕ) ਦਾ ਚਰ ਦਿੰਦਾ ਸੀ ਲੋਕਾਂ ਨੂੰ। ਮੁਸਲਮਾਨ ਵੀਰਾਂ ਨੂੰ ਵੀ ਬਾਣੀ ਨੇ ਗਿਆਨ ਲੈਣ ਲਈ ਹੀ ਕਹਿਆ। ਗੁਰਬਾਣੀ ਆਖਦੀ “ਜੇ ਕਰੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ॥ ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ॥੨॥”, ਹਰਿ ਦਾ ਗਿਆਨ ਨਾ ਲੈਣਾ ਵੀ ਦੋਜਕ ਹੈ। “ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ॥ ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ॥੨॥” – ਜੇ ਅੱਲਾਹ ਮਿਹਰਵਾਨ ਹੋਵੇ, ਉਸਦਾ ਗਿਆਨ ਮਿਲੇ, ਅੱਲਾਹ ਨੂੰ ਅਰਾਧੀਏ ਫੇਰ ਦੋਜਕ (ਨਰਕ) ਅਦਥ ਦੁੱਖਾਂ ਵਲ ਨਹੀਂ ਜਾਣਾ। ਗੁਰਮਤਿ ਗਿਆਨ ਛੱਡ ਕੇ ਮਾਇਆ ਮੰਗਦਾ, ਆਨ (ਵੱਡਾ ਨਾਮ ਹੋਵੇ) ਅਤਸ ਰੱਖਦਾ ਗੁਰਬਾਣੀ ਆਖਦੀ “ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ॥ ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ॥੨੪੨॥” ਸੰਸਾਰੀ ਵਡਿਆਈ ਮੰਗੇਗਾ ਤਾਂ ਜੀਵਨ ਦੋਜਕ (ਨਰਕ) ਹੀ ਹੋਣਾ।

ਭਗਤ ਫਰੀਦ ਜੀ ਫੁਰਮਾਨ ਕਰਦੇ ਹਨ “ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ॥ ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ॥ ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ॥ ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ॥੯੮॥” – ਆਖਦੇ ਹਨ ਕੇ ਅੱਗੇ ਮਉਤ ਦਿਸਦੀ, ਸੁਣਦੇ ਦੋਜਕ ਵਿੱਚ ਅੱਗ ਬਲਦੀ ਤੇ ਪਾਪੀ ਸਾੜੇ ਜਾਂਦੇ। ਇੱਕ ਪਾਸੇ ਉਹ ਹਨ ਜਿੰਨਾਂ ਨੂੰ ਹੁਕਮ ਦੀ ਸੋਝੀ ਹੋ ਗਈ ਗਿਆਨ ਹੋ ਗਿਆ ਤੇ ਦੂਜੇ ਪਾਸੇ ਉਹ ਹਨ ਜਿਹੜੇ ਵੇਪਰਵਾਹ ਫਿਰਦੇ ਪਏ ਨੇ ਪਤਾ ਹੀ ਨਹੀਂ ਕੇ ਵਿਕਾਰਾਂ ਮਗਰ ਭੱਜਣ ਨਾਲ ਦੋਜਕ ਦੀ ਅੱਗ ਦੁੱਖਾਂ ਨੇ ਚਿੰਤਾ ਨੇ ਘੇਰਾ ਪਾ ਕੇ ਰੱਖਣਾ। ਜਿਹਨਾਂ ਗਿਆਨ ਦਾ ਅਮਲ (ਬਿਨਾਂ ਮਲ ਦੇ, ਮਲ ਰਹਿਤ, ਨਿਰਮਲ) ਕੀਤਾ ਉਹਨਾਂ ਨੂੰ ਦਰਗਾਹ ਇੱਥੇ ਹੀ ਮਿਲਣੀ। ਅਮਲੀ ਕੌਣ “ਰਾਮ ਰਸਾਇਣਿ ਜੋ ਰਤੇ ਨਾਨਕ ਸਚ ਅਮਲੀ॥”।

ਨਰਕ ਸੁਰਗ ਦੀ ਚਿੰਤਾ ਛੱਡੋ, ਗਿਆਨ ਲਵੋ, ਹੁਕਮ/ਭਾਣੇ ਨੂੰ ਸਮਝੋ, ਗੁਰਮਤਿ ਦਾ ਫੁਰਮਾਨ ਹੈ “ਨਾਨਕ ਨਾਮੁ ਧਿਆਈਐ ਗੁਰੁ ਪੂਰਾ ਮਤਿ ਦੇਇ॥ ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ॥ ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ॥ ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ॥ ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ॥ ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ॥ ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ॥ ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ॥੨॥ 

ਕਵਨ ਸੁ ਮੁਕਤੀ ਕਵਨ ਸੁ ਨਰਕਾ॥ ਕਵਨੁ ਸੈਸਾਰੀ ਕਵਨੁ ਸੁ ਭਗਤਾ॥ ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ॥੬॥ ਹੁਕਮੇ ਮੁਕਤੀ ਹੁਕਮੇ ਨਰਕਾ॥ ਹੁਕਮਿ ਸੈਸਾਰੀ ਹੁਕਮੇ ਭਗਤਾ॥ ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ॥੭॥

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ॥੧੨੦॥

ਸੋ ਭਾਈ ਗੁਰਮਤਿ ਗਿਆਨ ਦੀ ਵਿਚਾਰ ਕਰੋ। ਹੁਕਮ ਨੂੰ ਸਮਝੋ ਗੁਰਮਤਿ ਤੋਂ। ਗੁਣਾਂ ਦੀ ਵਿਚਾਰ ਕਰੋ। ਜੇ ਉਸਦੀ ਰਜਾ ਹੈ ਨਾਮ (ਸੋਝੀ) ਮਿਲ ਜਾਣੀ ਤੇ ਮਹਾ ਆਨੰਦ ਸੁਰਗ ਸੰਸਾਰ ਵਿੱਚ ਹੀ ਮਿਲ ਜਾਣਾ ਨਹੀਂ ਤਾਂ ਜੀਵਨ ਦੁੱਖਾ ਵਿੱਚ, ਵਿਕਾਰਾਂ ਵਿੱਚ ਇੱਥੇ ਹੀ ਨਰਕ ਹੈ। “ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ॥ ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ॥

ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ॥ ਹਰਿ ਦਰਸਨ ਕੇ ਜਨ ਮੁਕਤਿ ਨ ਮਾਂਗਹਿ ਮਿਲਿ ਦਰਸਨ ਤ੍ਰਿਪਤਿ ਮਨੁ ਧੀਜੈ॥੧॥ ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲਖ ਦਾਗ ਲਗੀਜੈ॥ ਮੇਰੇ ਠਾਕੁਰ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ॥੨॥” – ਸੁਰਗ, ਮੁਕਤੀ, ਬੈਕੁੰਠ ਸਾਰੇ ਮੰਗਦੇ ਨੇ, ਇੱਛਾ ਰੱਖਦੇ ਨੇ, ਭਰੋਸਾ ਹੈ ਨਹੀਂ, ਹੁਕਮ ਦਾ ਗਿਆਨ ਲੈਣਾ ਨਹੀਂ ਚਾਹੁੰਦੇ, ਮਾਇਆ ਮੋਹ ਵਿਕਾਰ ਸਾਰਿਆਂ ਤੇ ਭਾਰੀ ਹੈ। ਜਿਹੜੇ ਕੰਮ ਪੰਡਤ ਕਰਦੇ ਸੀ ਲੋਕਾਂ ਨੂੰ ਸੁਰਗ ਦਾ ਲਾਲਚ ਦੇ ਕੇ ਨਰਕ ਦਾ ਡਰ ਪੈਦਾ ਕਰਕੇ, ਮੁਕਤੀ ਦਾ ਲਾਲਚ ਦੇ ਕੇ ਆਪਣੇ ਕਮਾਈ ਦੇ ਸਾਧਨ ਲਈ ਉਹਨਾਂ ਤੋ ਭਗਤਾਂ ਨੇ ਗੁਰੁਆਂ ਨੇ ਰੋਕਿਆ ਸੀ ਸਾਨੂੰ। ਗੁਰਬਾਣੀ ਵਿੱਚ ਇਹ ਸਬ ਸਮਝਾਇਆ ਸੀ। ਪਰ ਅਸੀਂ ਗੁਰਮਤਿ ਗਿਆਨ ਨੂੰ ਛੱਡ ਕੇ ਅਸੀਂ ਵੀ ਸੁਰਗ ਨਰਕ ਦੀ ਵਿਚਾਰ ਕਰਨ ਲੱਗ ਪਏ ਤੇ ਪੰਡਤ ਵਾਂਗ ਹੀ ਗੁਰੂ ਘਰ ਦੇ ਸੇਵਾਦਾਰ, ਪ੍ਰਚਾਰਕ ਵੀ ਪੈਸੇ ਖਾਤਰ ਉਹੀ ਕਰਨ ਲਗ ਪਏ। ਮੁਕਤ ਉਹੀ ਹੈ ਜਿਸ ਨੂੰ ਨਾਮ (ਸੋਝੀ) ਪ੍ਰਾਪਤ ਹੋ ਗਈ। ਨਾਮ ਬਾਰੇ ਜਾਨਣ ਲਈ ਪੜੌ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ

Resize text