Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਖਾਲਸਾ (Khalsa), ਖਾਲਸਾ ਫੌਜ ਤੇ ਖਾਲਸਾ ਸਾਜਨਾ

ਖਾਲਸਾ ਸ਼ਬਦ ਦਾ ਅਰਥ ਹੁੰਦਾ ਹੈ ਖਾਲਿਸ ਜੋ ਅਰਬੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਭਾਵ ਹੈ ਵਿਕਾਰ ਰਹਿਤ। ਜਿਸ ਮਨੁਖ ਦੇ ਹਿਰਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਦ੍ਵੇਸ਼, ਝੂਠ, ਨਿੰਦਾ ਚੁਗਲੀ, ਤ੍ਰੈ ਗੁਣ ਮਾਇਆ ਦੇ ਬੰਧਨ ਨਾ ਹੋਣ। ਖਾਲਿਸ ਸਾਰੇ ਭਗਤ ਸਾਹਿਬਾਨ ਹੀ ਹੋਏ ਹਨ। ਆਧੁਨਿਕ ਮਨੁੱਖ (homo sapiens) ਦੀ ਮੌਜੂਦਗੀ 6 ਮਿਲਿਅਨ ਸਾਲ ਦੀ ਹੈ ਧਰਤੀ ਤੇ, ਲਿਖਤ ਇਤਿਹਾਸ ਕੇਵਲ ੬੦੦੦ ਸਾਲ ਦਾ ਹੀ ਮੌਜੂਦ ਹੈ ਤੇ ਜੇ ਕੋਈ ਆਖੇ ਨਾਨਕ ਤੋਂ ਪਹਿਲਾਂ ਕੋਈ ਖਾਲਸਾ ਹੋਇਆ ਹੀ ਨਹੀਂ ਜਾਂ ਕਿਸੇ ਦੇ ਵਿਕਾਰ ਕਾਬੂ ਸਿਗੇ ਹੀ ਨਹੀਂ ਤਾਂ ਇਹ ਝੂਠ ਹੋਵੇਗਾ। ਆਦਿ ਕਾਲ ਤੋਂ ਹੀ ਜਦੋਂ ਤੋਂ ਸ੍ਰਿਸਟੀ ਵਿੱਚ ਅਕਾਲ ਨੇ ਜੀਵ ਤੇ ਜੀਵਨ ਥਾਪਿਆ ਉਦੋਂ ਤੋਂ ਹੀ ਖਾਲਸਾ ਨਾਲ ਨਾਲ ਹੀ ਪ੍ਰਗਟ ਕੀਤਾ। ਜਦੋਂ ਸੰਸਾਰ ਵਿੱਚ ਅਧਰਮ, ਅਗਿਆਨਤਾ, ਹੁਕਮ ਦੀ ਸੋਝੀ ਦੀ ਘਾਟ ਹੋਵੇ, ਪਰਮੇਸਰ/ਅਕਾਲ ਆਪ ਆਪਣੇ ਪ੍ਰਹਲਾਦ ਜਨ (ਪ੍ਰੀਯ ਭਾਵ ਪਿਆਰੇ ਲਾਦ ਪੁੱਤਰ) ਪ੍ਰਕਟ ਕਰਦਾ ਰਹਿਆ ਹੈ। ਇਸ ਗਲ ਦੀ ਗਵਾਹੀ ਗੁਰਬਾਣੀ ਭਰਦੀ ਹੈ “ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ॥ ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ॥੨॥

ਜੇ ਨਾਨਕ ਪਾਤਿਸ਼ਾਹ ਨੂੰ ਪਤਾ ਸੀ ਕੇ ਹੋਰ ਵੀ ਮਨੁੱਖ ਮੌਜੂਦ ਹਨ ਜਿਹਨਾਂ ਦੀ ਪੂਰਨ ਜੋਤ ਘਟ ਵਿੱਚ ਜਗ ਰਹੀ ਹੈ ਤਾ ਹੀ ਉਹ ਲੱਭਣ ਲਈ ਉਦਾਸੀਆਂ ਲਈ ਘਰੋਂ ਤੁਰੇ।

ਪਾਤਿਸ਼ਾਹ ਆਖਦੇ ”ਪੂਰਨ ਜੋਤਿ ਜਗੈ ਘਟ ਮੈ ਤਬ ਖਾਲਸ ਤਾਹਿ ਨ ਖਾਲਸ ਜਾਨੈ ॥੧॥” – ਪੂਰਨ ਜੋਤ ਕੀ ਹੈ? ਕਿਵੇਂ ਜਗਣੀ ਇਹ ਕਿਸ ਨੂੰ ਪਤਾ ਲਗ ਗਿਆ? ਕਿਸਨੂੰ ਗੁਰਮਤਿ ਤੋਂ ਜੋਤ ਦੀ ਸੋਝੀ ਹੋ ਗਈ?

ਖਾਲਸਾ ਇੱਕ ਵਿਚਾਰਧਾਰਾ ਹੈ, ਹਰੇਕ ਮਨੁੱਖ ਪੈਦਾ ਹੁੰਦੇ ਹੀ ਖਾਲਸਾ ਹੁੰਦਾ ਹੈ। ਲੱਖਾਂ ਡਾਲਰ ਅਰਬਾਂ ਕਵਿੰਟਲ ਸੋਨਾ, ਹੀਰੇ ਆਦੀ ਮੁਹਰੇ ਰੱਖ ਦੇਵੋ, ਬਾਚੇ ਨੇ ਹੱਥ ਨਹੀਂ ਲਾਉਣਾ। ਬੱਚਾ ਮੰਗਦਾ ਵੀ ਭੁੱਖ ਲੱਗਣ ਤੇ ਹੈ। ਲੋੜ ਤੋਂ ਜਿਆਦਾ ਨਹੀਂ ਮੰਗਦਾ। ਢਿੱਡ ਭਰਨ ਤੇ ਥਣ ਆਪ ਛੱਡ ਦਿੰਦਾ ਹੈ ਇਹ ਲਾਲਚ ਨਹੀਂ ਕਰਦਾ ਕੇ ਅਗਲੀ ਵਾਰ ਭੁੱਖ ਲਗਣ ਤੇ ਦੁੱਧ ਮਿਲੂ ਕੇ ਨਹੀਂ। ਸੰਸਾਰ ਵਿੱਚ ਵਿਚਰਦਿਆਂ, ਜਿਵੇਂ ਜਿਵੇਂ ਵੱਡਾ ਹੁੰਦਾ ਸਮਾਜ ਨੂੰ ਵੇਖਦੇ ਉਸਦਾ ਬੰਧਨ ਪੈਂਦਾ। ਤ੍ਰੈ ਗੁਣ ਮਾਇਆ ਨਾਲ ਵਿਕਾਰਾਂ ਦੀਆਂ ਬੇੜੀਆਂ ਨਾਲ ਜਕੜਿਆ ਜਾਂਦਾ।

ਕੋਈ ਲੀੜੇ ਪਾ ਕੇ, ਦੁਮਾਲਾ ਪੱਗ ਜਾਂ ਬਾਹਰੀ ਭੇਖ ਨਾਲ ਖਾਲਸਾ ਨਹੀਂ ਬਣਦਾ, ਨਾ ਹੀ ਖਾਲਸਾ ਸਾਜਿਆ ਜਾਂਦਾ। ਨਾ ਹੀ ਗੁਰਬਾਣੀ ਰਟ ਲੈਣ ਨਾਲ ਕੋਈ ਖਾਲਸਾ ਬਣਦਾ। ਇਹ ਪੰਡਤ ਦੀ ਚਾਲ ਹੈ ਲੋਕਾਂ ਨੂੰ ਗਿਆਨ ਤੋਂ ਦੂਰ ਰੱਖਣ ਦੀ। ਜੇ ਕਿਸੇ ਨੂੰ ਇਹ ਪਤਾ ਲੱਗ ਜਾਵੇ ਕੇ ਅੰਮ੍ਰਿਤ ਕੀ ਹੈ ਤਾਂ ਸਮਝ ਆ ਜਾਣੀ ਕੇ ਖਾਲਸਾ ਕੀ ਹੈ। ਸਮਝਣ ਲਈ ਵੇਖੋ “ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)

ਕਬੀਰ ਜੀ ਦਾ ਸਮਾ ਹੋਵੇ, ਨਾਨਕ ਪਾਤਿਸ਼ਾਹ ਦਾ ਸਮਾ, ਪੰਚਮ ਪਾਤਿਸ਼ਾਹ, ਨੌਵੇਂ ਪਾਤਿਸ਼ਾਹ ਦਾ ਸਮੇਂ ਵੀ ਹੁਕਮ ਦੀ ਵਿਚਾਰਧਾਰਾ ਤੇ ਨਿਰੰਤਰ ਲਗਾਤਾਰ ਹਮਲੇ ਹੁੰਦੇ ਰਹੇ ਹਨ। ਪੁੱਤਰ ਬਾਘੀ ਬਣਾਏ ਗਏ, ਘਰ ਅੰਦਰ ਵਿਰੋਧੀ ਸਨ, ਲੋਭ ਵਿੱਚ ਫਸਿਆਂ ਨੇ ਕਈ ਤਰੀਕਿਆਂ ਨਾਲ ਹਮਲੇ ਜਾਰੀ ਰੱਖੇ ਹਨ। ਪੁਜਾਰੀ ਨੂੰ ਸਿੱਧੀ ਚੁਨੌਤੀ ਸੀ। ਇਹਨਾਂ ਹਮਲਿਆਂ ਤੋਂ ਸਾਵਧਾਨ ਰਹਿਣਾ ਹੀ ਕਾਫੀ ਨਹੀਂ ਸੀ। ਜਦੋਂ ਕੋਈ ਸ਼ਸਤਰ ਲੈ ਕੇ ਲੜਨ ਲਈ ਆਵੇ ਤਾਂ ਜੰਗ ਦੇ ਮੈਦਾਨ ਵਿੱਚ ਖੜਨਾ ਲਾਜ਼ਮੀ ਹੋ ਜਾਂਦਾ। ਨਹੀਂ ਤਾਂ ਭੇਡਾਂ ਵਾਂਗ ਕੰਨੋਂ ਫੜ ਕੇ ਕੋਈ ਵੀ ਕਿਤੇ ਵੀ ਲੈਕੇ ਜਾ ਸਕਦਾ। ਇਸ ਲਈ ਗੁਰੂਘਰ ਦੇ ਪ੍ਰੇਮੀਆਂ ਨੂੰ, ਹੁਕਮ ਦੀ ਵਿਚਾਰਧਾਰਾ ਲਈ ਸ਼ਸਤਰਧਾਰੀ ਫੌਜ ਦੀ ਸਥਾਪਨਾ ਕੀਤੀ ਗਈ॥ ਫੌਜ ਦੀ ਸਥਾਪਨਾ ਛੇਵੇਂ ਪਾਤਿਸ਼ਾਹ ਨੇ ਹੀ ਕੀਤੀ ਮੀਰੀ ਪੀਰੀ ਦੇ ਸਿਧਾਂਤ ਨਾਲ। ਗੁਰਮਤਿ ਦੀ ਵਿਚਾਰਧਾਰਾ ਦੀ ਰਾਖੀ ਲਈ। ਇਸ ਨੂੰ ਮੁਕੱਮਲ ਰੂਪ, ਪੂਰੀ ਤਰਹ ਸੰਸਥਾਗਤ ਕੀਤਾ ਦਸਮ ਪਾਤਿਸ਼ਾਹ ਨੇ। ਇਸਦਾ ਬਹੁਤ ਵੱਡਾ ਕਾਰਣ ਸੀ। ਛੇਵੇਂ ਪਾਤਿਸ਼ਾਹ ਦੀ ਫੌਜ ਸੀ, ਨੋਵੇਂ ਪਾਤਿਸ਼ਾਹ ਨੇ ਜੰਗਾ ਵੀ ਲੜੀਆਂ ਪਰ ਸੰਗਠਨ ਮੁਕੱਮਲ ਤੌਰ ਤੇ ਰੂਪ ਰੇਖਾ ਫੌਜਾ ਦੀ ਵਰਦੀ, ਖਾਲਸੇ ਦੀ ਵਿਚਾਰਧਾਰਾ ਦੀ ਰਾਖੀ ਦਾ ਪ੍ਰਣ ਲੈਣਾ ਹੈ ਖੰਡੇ ਦੀ ਪਾਹੁਲ।

ਖੰਡੇ ਦੀ ਪਾਹੁਲ, ਕੜਾ ਤੇ ਬਾਕੀ ਕਕਾਰ ਫੌਜੀ ਸੰਗਠਨ ਦਾ ਹਿੱਸਾ ਹੈ। ਯੁਰੋਪ ਵਿੱਚ ਵਾਈਕਿੰਗ ਆਪਣੇ ਰਾਜੇ ਨਾਲ ਵਫਾਦਾਰੀ ਦਾ ਪ੍ਰਣ ਲੈੰਦੇ ਸੀ ਤੇ ਰਾਜਾ ਉਹਨਾਂ ਨੂੰ ਏਲ ਛਕਾ ਕੇ, ਆਪਣਾ ਕੜਾ ਦੇ ਕੇ ਸਨਮਾਨਿਤ ਕਰਦਾ ਸੀ। ਇਸੇ ਤਰੀਕੇ ਨਾਲ ਚਰਣ ਪਾਹੁਲ ਤੇਵੱਖ ਵੱਖ ਤਰੀਕੇ ਨਾਲ ਵਫਾਦਾਰੀ ਤੇ ਸੰਗਠਨ ਵਿੱਚ ਸ਼ਾਮਿਲ ਹੋਣ ਦੇ ਹਜਾਰੋ ਤਰੀਕੇ ਹਨ ਦੁਨੀਆਂ ਭਰ ਵਿੱਚ। ਦਸਮ ਪਾਤਿਸ਼ਾਹ ਨੇ ਖਾਲਸੇ ਫੌਜ ਨੂੰ ਸੰਗਠਿਤ ਕੀਤਾ। ਖਾਲਸਾ ਫੌਜ ਦਾ ਭਾਵ ਇਹ ਨਹੀਂ ਕੇ ਖੰਡੇ ਦੀ ਪਹੁਲ ਛਕਾ ਕੇ, ਬਾਣਾ ਪਾ ਕੇ ਬਿਨਾਂ ਗਿਆਨ ਦੇ ਕੋਈ ਖਾਲਸਾ ਸਜ ਗਿਆ। ਇਸਦਾ ਭਾਵ ਹੈ ਕੇ ਖਾਲਸੇ ਦੀ ਵਿਚਾਰਧਾਰਾ ਦੀ ਰਾਖੀ ਦੀ ਜਿੰਮੇਵਾਰੀ ਲੈ ਰਹਿਆ ਹੈ ਖਾਲਸੇ ਦਾ ਫੌਜੀ। ਉਸ ਖਾਲਸ ਵਿਚਾਰਧਾਰਾ ਦਾ ਫੌਜੀ ਮਨ ਨਾਲ, ਅਦਿਆਤਮਿਕ ਅਤੇ ਸੰਸਾਰੀ ਜੰਗ ਲਈ। ਸਿਧਾਂਤਿਕ ਹਮਲੇ ਤੇ ਸਮਾਜਿਕ ਹਮਲਿਆਂ ਤੋਂ ਗੁਰਮਤਿ ਵਿਚਾਰਧਾਰਾ ਦੀ ਰਾਖੀ। ਖਾਲਸਾ ਫੌਜ ਦਾ ਫੌਜੀ ਖੰਡੇ ਦੀ ਪਾਹੁਲ ਲੈਂਦਾ ਤੇ ਆਪਣੀ ਪਹਿਲੀ ਜੰਗ ਲੜਦਾ। ਕਿਹੜੀ? ਸਮਝਣ ਲਈ ਵੇਖੋ “ਸੂਰਮਾ ਅਤੇ ਪਹਿਲੀ ਜੰਗ”।

ਸਿੱਖ ਲ਼ਫ਼ਜ਼ ਦੀ ਵਰਤੋ ਭਗਤ ਕਬੀਰ ਪਾਤਿਸ਼ਾਹ ਜੀ ਮਹਾਰਾਜ ਨੇ ਵੀ ਕੀਤੀ ਹੈ ਜੋ ਨਾਨਕ ਪਾਤਿਸ਼ਾਹ ਜੀ ਮਹਾਰਾਜ ਤੋਂ ਵੀ ਪਹਿਲਾਂ ਹੋਏ ਹਨ ੧੩੯੮ ਤੋਂ ੧੪੯੮ ਦੇ ਆਸ ਪਾਸ ਤੇ ਉਹ ਆਖਦੇ ਹਨ

ਬੰਧਚਿ ਬੰਧਨੁ ਪਾਇਆ॥ ਮੁਕਤੈ ਗੁਰਿ ਅਨਲੁ ਬੁਝਾਇਆ॥ ਜਬ ਨਖ ਸਿਖ ਇਹੁ ਮਨੁ ਚੀਨੑਾ॥ ਤਬ ਅੰਤਰਿ ਮਜਨੁ ਕੀਨੑਾ॥੧॥

ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ॥ ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ॥੯੬॥

ਸਿੱਖ ਲ਼ਫ਼ਜ਼ ਦਾ ਸ਼ਬਦੀ ਅਰਥ ਹੈ ਸਿੱਖਣ ਵਾਲਾ। ਧ੍ਰੂ, ਪ੍ਰਹਿਲਾਦ ਕੀ ਇਹ ਸਿੱਖ ਨਹੀਂ ਸਨ? ਨਾਨਕ ਤੋਂ ਪਹਿਲਾਂ ਕੀ ਕਿਸੇ ਨੂੰ ਵੀ ਗੁਰਮਤਿ ਦਾ ਅਕਾਲ ਦਾ ਪਤਾ ਹੀ ਨਹੀਂ ਸੀ?

ਜੇ ਆਖਦੇ ਹਨ “ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥” ਤਾਂ ਕੀ ਬਿਨਾਂ ਸਿੱਖ ਬਣੇ, ਬਿਨਾਂ ਸਿੱਖੇ ਭਗਤ ਬਣ ਸਕਦਾ?

ਅੱਜ ਬਹੁਤ ਘਟ ਹਨ ਜੋ ਇਹ ਸਮਝਦੇ ਹਨ ਜਾਂ ਸਮਝਣਾ ਚਾਹੁੰਦੇ ਹਨ।

ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ॥੪॥੩॥ ਆਦਿ ਗ੍ਰੰਥ, ੬੫੫

ਕਈ ਭੇਖੀ ਅਪਣੇ ਨਾਮ ਨਾਲ਼ ਖਾਲਸਾ ਲਿਖਾਈ ਫਿਰਦੇ ਨੇ? ਕੀ ਓਹਨਾਂ ਨੇ ਪ੍ਰੇਮ ਭਗਤਿ ਜਾਣ ਲਈ? ਖ਼ਾਲਸਾ ਸ਼ਬਦ ਦਾ ਭਾਵ ਹੈ, ਜੋ ਮਨੁੱਖ ਪਰਮੇਸ਼ਰ ਦੇ ਸਿੱਧਾ ਸੰਪਰਕ ਵਿੱਚ ਹੋਵੇ, ਜਾਂ ਇਸ ਤਰ੍ਹਾਂ ਕਹਿ ਲਵੋ ਕਿ ਹੁਕਮ ਬੁਝ ਕੇ ਪਰਮ ਪਦ ਪਾ ਲਿਆ ਹੋਵੇ, ਅਪਣੇ ਮਨ ਦਾ ਹੁਕਮ ਖਤਮ ਕਰ ਕਿ ਪਾਰਬ੍ਰਹਮ ਪਰਮੇਸ਼ਰ ਦੇ ਹੁਕਮ ਨਾਲ ਸਿੱਧਾ ਜੁੜਿਆ ਹੋਵੇ ? ਇਹੋ ਜਿਹਾ ਕੋਈ ਹੁਣ ਹੈ ਜਿਸ ਨੇ ਅਪਣਾ ਮਨ ਜਿਤ ਲਿਆ ਹੋਵੇ?

ਖਾਲਸਾ ਮੇਰੋ ਸਤਿਗੁਰ ਪੂਰਾ” – ਇਹੋ ਜਿਹਾ ਹੈ ਕੋਈ ਜੋ ਸਤਿਗੁਰ (ਸਚ ਦਾ ਗਿਆਨ) ਪੂਰਾ ਹੋਵੇ, ਜਿਨ੍ਹਾਂ ਗੁਰ ਸਾਹਿਬਾਨਾਂ ਭਗਤਾਂ ਦੀ ਗੁਰਬਾਣੀ ਸ੍ਰੀ ਆਦਿ ਗ੍ਰੰਥ ਵਿੱਚ ਦਰਜ਼ ਹੈ, ਉਹ ਸਾਰੇ ਦੇ ਸਾਰੇ ਸਿੱਧੇ ਪਰਮੇਸ਼ਰ ਦੇ ਹੁਕਮ ਨਾਲ ਜੁੜੇ ਹੋਏ, ਹੋਣ ਕਰਕੇ, ਖ਼ਾਲਸਾ ਕਹਾਉਣ ਦੇ ਹੱਕ਼ਦਾਰ ਨੇ, ਕੋਈ ਹੋਵੇ ਤਾ ਦਸੇ ਜਿਸ ਨੇ ਹੁਕਮ ਬੂਝ ਲਿਆ ਹੋਵੇ? ਪਰਮ ਪਦ ਪਾ ਲਿਆ ਹੋਵੇ ਕਿਸੇ ਨੇ ਦਸੇ ? 

ਖਾਲਸਾ ਮੇਰੋ ਬੁਧਿ ਔਰ ਗਿਆਨ॥ – ਬੁਧਿ ਔਰ ਗਿਆਨ ਹੀ ਖਾਲਸਾ ਹੁੰਦਾ, ਬਿਬੇਕ ਬੁਧਿ, ਜੇ ਕਿਸੇ ਨੇ ਗੁਰਬਾਣੀ ਨਾ ਵੀ ਉਚਾਰਨ ਕੀਤੀ ਹੋਵੇ, ਪਰ ਗੁਰਮਤਿ ਗੁਰਬਾਣੀ ਦੀ ਪੂਰੀ ਸਮਝ ਰੱਖਦਾ ਹੋਵੇ, ਉਸਨੂੰ ਵੀ ਖਾਲਸਾ ਮੰਨਿਆ ਜਾ ਸਕਦਾ ਹੈ। ਪਰ ਇਸ ਤੋਂ ਘੱਟ ਅਵਸਥਾ ਵਾਲਾ ਆਦਮੀ, ਜੇ ਆਪਣੇ ਆਪ ਨੂੰ ਖਾਲਸਾ ਕਹਾਉਂਦਾ ਹੈ, ਉਹ ਬਹੁਤ ਵੱਡੇ ਭੁਲੇਖੇ ਵਿੱਚ ਹੈ। ਅਸਲ ਵਿੱਚ ਉਹ ਗੁਰੂ ਘਰ ਦਾ ਵਿਰੋਧੀ ਹੈ।

ਖਾਲਸਾ ਸੋ ਜੋ ਚੜ੍ਹੇ ਤੁਰੰਗ॥ ਖਾਲਸਾ ਸੋ ਜੋ ਕਰੇ ਨਿਤ ਜੰਗ॥ – ਖਾਲਸੇ ਨੇ ਪਹਿਲੀ ਜੰਗ ਅੰਦਰਲੀ ਲੜਣੀ ਹੈ ਮਾਈਆ ਸਰੂਪੀ ਮਨ (ਘੋੜੇ) ਤੇ ਚੜ ਕਿ ਅਭਿਨਾਸੀ ਰਾਜ ਕਰਨਾ ਹੈ ਮਨ ਤ੍ਰਕੁਟੀ ਵਿੱਚ ਬੈਠਾ ਮਵਾਸੀ ਰਾਜੇ (ਮਨ) ਨੂੰ ਹਰਾਉਣਾ ਹੈ ਏਹੀ ਜੁੰਗ ਜਿਤਣੀ ਹੈ ਗਿਆਨ ਖੜਗ(ਪੀਰੀ ਦੀ ਤਰਵਾਰ) ਨਾਲ ,ਗਿਆਨ ਖੜਗ  ਨਾਲ ਹੀ ਨਿਰਾਕਾਰੀ ਜੰਗ ਲੜਣੀ ਆ ਸਾਡੇ ਮਨ ਨਾਲ,ਵਿਕਾਰਾਂ ਨਾਲ,ਦੁਰਜਨਾਂ ਨਾਲ। ਅਭਿਨਾਸੀ ਰਾਜ ਨੂੰ ਸਮਝਣ ਲਈ ਵੇਖੋ “ਅਭਿਨਾਸੀ ਰਾਜ ਤੇ ਦੁਨਿਆਵੀ ਰਾਜ”।

ਦਸਮ ਪਾਤਿਸ਼ਾਹ ਆਪਣੇ ਖਾਲਸੇ ਦਾ ਕਿਰਦਾਰ ਸਮਝਾ ਰਹੇ ਨੇ ਕੇ ਖਾਲਸਾ ਕਿਹੋ ਜਿਹਾ ਹੋਣਾ। ਸੋਚੋ ਕੇ ਜੋ ਆਪਣੇ ਆਪ ਨੂੰ ਖਾਲਸਾ ਅਖਵਾ ਰਹੇ ਹਨ, ਖਾਲਸਾ ਕਹਿ ਰਹੇ ਹਨ, ਨਾਮ ਅੱਗੇ ਖਾਲਸਾ ਲਿਖ ਰਹੇ ਹਨ ਕੀ ਇਸ ਕਸਵੱਟੀ ਤੇ ਖਰੇ ਹਨ?

ਖ਼ਾਲਸਾ ਮੇਰੋ ਰੂਪ ਹੈ ਖ਼ਾਸ॥ ਖ਼ਾਲਸੇ ਮਹਿ ਹੌ ਕਰੌ ਨਿਵਾਸ॥ ਖ਼ਾਲਸਾ ਮੇਰੋ ਮੁਖ ਹੈ ਅੰਗਾ॥  ਖ਼ਾਲਸੇ ਕੇ ਹੌਂ ਸਦ ਸਦ ਸੰਗਾ॥ ਖ਼ਾਲਸਾ ਮੇਰੋ ਸ਼ਟ ਸੁਹਿਰਦ॥ ਖ਼ਾਲਸਾ ਮੇਰੋ ਕਹੀਅਤ ਬਿਰਦ॥ ਖ਼ਾਲਸਾ ਮੇਰੋ ਪਛ ਅਰ ਪਾਤਾ॥ ਖ਼ਾਲਸਾ ਮੇਰੋ ਸੁਖ ਅਹਿਲਾਦਾ॥ ਖ਼ਾਲਸਾ ਮੇਰੋ ਮਿੱਤਰ ਸਖਾਈ॥ ਖ਼ਾਲਸਾ ਮਾਤ ਪਿਤਾ ਸੁਖਦਾਈ॥ ਖ਼ਾਲਸਾ ਮੇਰੀ ਸੋਭਾ ਸੀਲਾ॥ ਖ਼ਾਲਸਾ ਬੰਧ ਸਖਾ ਸਦ ਡੀਲਾ॥ ਖ਼ਾਲਸਾ ਮੇਰੀ ਜਾਤ ਅਰ ਪਤ॥ ਖ਼ਾਲਸਾ ਸੋ ਮਾ ਕੋ ਉਤਪਤ॥ ਖ਼ਾਲਸਾ ਮੇਰੋ ਭਵਨ ਭੰਡਾਰਾ॥ ਖ਼ਾਲਸੇ ਕਰ ਮੇਰੋ ਸਤਿਕਾਰਾ॥ ਖ਼ਾਲਸਾ ਮੇਰੋ ਸ੍ਵਜਨ ਪ੍ਰਵਾਰਾ॥ ਖ਼ਾਲਸਾ ਮੇਰੋ ਕਰਤ ਉਧਾਰਾ॥ ਖ਼ਾਲਸਾ ਮੇਰੋ ਪਿੰਡ ਪਰਾਨ॥ ਖ਼ਾਲਸਾ ਮੇਰੀ ਜਾਨ ਕੀ ਜਾਨ॥ ਮਾਨ ਮਹਤ ਮੇਰੀ ਖ਼ਾਲਸਾ ਸਹੀ॥ ਖ਼ਾਲਸਾ ਮੇਰੋ ਸ੍ਵਾਰਥ ਸਹੀ॥ ਖ਼ਾਲਸਾ ਮੇਰੋ ਕਰੇ ਨਿਰਬਾਹ॥ ਖ਼ਾਲਸਾ ਮੇਰੋ ਦੇਹ ਅਰ ਸਾਹ॥ ਖ਼ਾਲਸਾ ਮੇਰੋ ਧਰਮ ਅਰ ਕਰਮ॥ ਖ਼ਾਲਸਾ ਮੇਰੋ ਭੇਦ ਨਿਜ ਮਰਮ॥ ਖ਼ਾਲਸਾ ਮੇਰੋ ਸਤਿਗੁਰ ਪੂਰਾ॥ ਖ਼ਾਲਸਾ ਮੇਰੋ ਸੱਜਨ ਸੂਰਾ॥ਖ਼ਾਲਸਾ ਮੇਰੋ ਬੁਧ ਅਰ ਗਿਆਨ॥ ਖ਼ਾਲਸੇ ਕਾ ਹੋ ਧਰੋ ਧਿਆਨ॥ ਉਪਮਾ ਖ਼ਾਲਸੇ ਜਾਤ ਨ ਕਹੀ॥ ਜਿਹਵਾ ਏਕ ਪਾਰ ਨਹਿ ਲਹੀ॥ ਸੇਸ ਰਸਨ ਸਾਰਦ ਸੀ ਬੁਧਿ॥ ਤਦਪ ਨ ਉਪਮਾ ਬਰਨਤ ਸੁਧ॥ ਯਾ ਮੈ ਰੰਚ ਨ ਮਿਥਿਆ ਭਾਖੀ॥ ਪਾਰਬ੍ਰਹਮ ਗੁਰ ਨਾਨਕ ਸਾਖੀ॥ ਰੋਮ ਰੋਮ ਜੇ ਰਸਨਾ ਪਾਂਊ॥ ਤਦਪ ਖ਼ਾਲਸਾ ਜਸ ਤਹਿ ਗਾਊਂ॥ ਹੌ ਖ਼ਾਲਸੇ ਕੋ ਖ਼ਾਲਸਾ ਮੇਰੋ॥ ਓਤ ਪੋਤਿ ਸਾਗਰ ਬੂੰਦੇਰੋ॥ ਖ਼ਾਲਸਾ ਕਾਲ ਪੁਰਖ ਕੀ ਫ਼ੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥ ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਕੀਉ ਮੈਂ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈਂ ਨ ਕਰੋਂ ਇਨ ਕੀ ਪ੍ਰਤੀਤ॥

ਸਾਡੇ ਵਿਦਵਾਨ, ਪ੍ਰਚਾਰਕ ਹਜੇ ਇਸ ਗਲ ਤੇ ਹੀ ਸਹਿਮਤ ਨਹੀਂ ਹੋ ਸਕੇ ਕੇ ਖਾਲਸਾ ਪ੍ਰਗਟ ਹੁੰਦਾ ਜਾਂ ਸਾਜਿਆ ਜਾਂਦਾ। ਇਹੀ ਸਪਸ਼ਟ ਨਹੀਂ ਸਮਝ ਸਕੇ ਕੇ ਖਾਲਸਾ ਕਾਲ ਪੁਰਖ ਦੀ ਫੌਜ ਹੈ, ਨਾ ਕਾਲ, ਨਾ ਅਕਾਲ ਤੇ ਨਾ ਹੀ ਹੁਕਮ ਨੂੰ ਸਮਝ ਤੇ ਸਮਝਾ ਪਾ ਰਹੇ ਨੇ। ਇੱਕ ਪਾਸੇ ਆਖਦੇ “ਖ਼ਾਲਸਾ ਕਾਲ ਪੁਰਖ ਕੀ ਫ਼ੌਜ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥” ਤੇ ਨਾਲੇ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਕਹਿ ਕੇ ਲੋਕਾਂ ਨੂੰ ਛਕਾ ਕੇ ਆਖਦੇ ਨੇ ਖਾਲਸਾ ਸਜਾ ਦਿੱਤਾ। ਖਾਲਸਾ ਪ੍ਰਗਟ ਕਿਵੇਂ ਹੋਣਾ ਕਿੱਥੇ ਤੇ ਕਿੱਦਾਂ ਹੋਣਾ ਗੁਰਮਤਿ ਤੋੰ ਸਮਝਾ ਹੀ ਨਹੀਂ ਸਕੇ।

ਜਦੋਂ ਕੋਈ ਹੀਲਾ ਨਾ ਰਹੇ ,ਸਰਬਲੋਹ ਦੀ ਖੜਗ ਚੱਕਣੀ ਜਾਇਜ ਹੋ ਜਿਵੇਂ ਕੱਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਜਫਰਨਾਮਹੇ ਵਿੱਚ ਲਿਖਦੇ ਨੇ

ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥੨੨॥ – ਇਸੇ ਲਈ ਖਾਲਸੇ ਫੌਜ ਨੂੰ ਬਾਹਰੀ ਅਤੇ ਨਿਰਾਕਾਰੀ ਜੰਗ ਲਈ ਤਿਆਰਬਰ ਤਿਆਰ ਰੱਖਣ ਲਈ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕਰਵਾਈਆਂ ਨੇ।

ਜਬ ਇਹ ਗਹੈ ਬਿਪਰਨ ਕੀ ਰੀਤਮੈਂ ਨ ਕਰੋਂ ਇਨ ਕੀ ਪ੍ਰਤੀਤ

ਸਿੱਖਾਂ ਦੇ ਕਈ ਪੂਜਾਰੀ ਪ੍ਰਚਾਰਕਾ ਕੋਲ ੧੦੧% ਬਿਪਰਨ ਵਾਲੀ ਰੀਤ ਹੈ, ਗੁਰਮਤਿ ਦੀ ਸੋਝੀ ਨਹੀ ਹੈ, ਗੁਰਬਾਣੀ ਮਨੋ ਕਾਮਨਾ ਦੇ ਖਿਲਾਫ ਹੈ, ਅੱਜ ਦੇ ਪੂਜਾਰੀ ਘਰ ਘਰ ਜਾ ਕੇ ਮਨ ਦੀਆ ਇੱਛਾਵਾ ਪੂਰਿਆ ਹੋਣ ਦੀਆ ਅਰਦਾਸਾ ਕਰਦੇ ਨੇ। ਗੁਰਬਾਣੀ ਦਾ ਗਿਆਨ ਨਾ ਹੋਵੇ, ਕੇਸ਼ ਦਾੜੀ ਰੱਖ ਕੇ ਸਿੱਧਾ ਨਾਂ ਦੇ ਪਿਛੇ ਖਾਲਸਾ ਲਿਖਾ ਲੈਣਗੇ, ਭੇਖ ਨੂੰ ਖਾਲਸਾ ਮੰਨਦੇ ਨੇ। ਜਦਕਿ ਖ਼ਾਲਸਾ ਸਾਡੀ ਅੰਤਰ ਆਤਮਾ ਹੈ, ਸਰੀਰ ਦੇ ਤਲ ਤੇ ਕੋਈ ਖਾਲਸਾ ਨਹੀ ਹੁੰਦਾ, ਇਸ ਕਰਕੇ ਖਾਲਸਾ ਮੇਰੋ ਬੁਧਿ ਔਰ ਗਿਆਨ ਨੂੰ ਕਿਹਾ ਸੀ। ਖਾਲਸਾ ਗਿਆਨ ਖੜਗ, ਭਗਉਤੀ (ਉੱਤਮ ਭਗਤੀ) ਦੀ ਬੁੱਧ, ਗੁਰਮਤਿ ਦਾ ਧਾਰਣੀ ਹੈ। “ਭਗਉਤੀ ਕੌਣ/ਕੀ ਹੈ ?

ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਆਦਿ ਗ੍ਰੰਥ, ੧੧੫੯

ਜੋ ਗੁਰਮਤਿ ਤੇ ਚਲਦਾ ਓਸ ਦਾ ਕਿਸੇ ਨਾਲ਼ ਵੈਰ ਵਿਰੋਧ ਨਹੀਂ ਹੁੰਦਾ? ਖਾਲਸਾ ਕਹਾਉਣ ਵਾਲਿਆਂ ਦਾ ਆਪਸ ਵਿੱਚ ਵੈਰ ਵਿਰੋਧ ਜਿਆਦਾ ਹੈ, ਸਭ ਨੇ ਚੇਤਨ ਨੂੰ ਛਡ ਕੇ ਅਗਿਆਨਤਾ ਦੀ ਗ਼ਲ ਸੁਰੂ ਕਰਤੀ, ਸਿਖ ਪ੍ਰਚਾਰਕ ਵਿਦਵਾਨ ਵੀ ਪੰਡਿਤ ਹੀ ਬਣ ਗਏ ਨੇ, ਪਹਿਲਾਂ ਵਿਦਵਾਨ ਨੂੰ ਮੁੱਲਾਂ ਪੰਡਿਤ ਆਖਦੇ ਸੀ। ਜਦ ਕਿ ਪ੍ਰਚਾਰਕਾ ਵਿੱਚ ਅਗਿਆਨਤਾ ਕਾਰਨ ਕੁਝ ਕੁ ਜਾਣ-ਬੁੱਝ ਕੇ, ਮਸਲੇ ਅਤੇ ਝਗੜੇ ਖੜ੍ਹੇ ਕਰਕੇ ਉਨ੍ਹਾਂ ਝਗੜਿਆਂ ਨੂੰ ਸੱਤਾ ਵਿੱਚੋਂ ਮਾਈਆ ਦੀ ਬੁਰਕੀ ਦੀ ਪ੍ਰਾਪਤੀ ਕਰਕੇ ਹਥਿਆਰ ਵਜੋਂ ਵਰਤਦੇ ਨੇ । ਵਿਦਵਾਨ ਲੋਕ ਸੰਸਾਰੀ ਆਦਮੀਆਂ ਦੇ ਰਹਿਬਰ ਅਤੇ ਆਗੂ‌ ਹੁੰਦੇ ਨੇ, ਜਿਹੜੇ ਕਿ ਸੰਸਾਰੀ ਸੁੱਖ-ਸੁਵਿਧਾਵਾਂ ਦੇ ਲਾਲਚ ਵਿੱਚ ਉਲਝਾਈ ਰੱਖ ਕੇ ਆਮ ਜਨਤਾ ਦਾ ਬੇਵਕੂਫ ਬਣਾਉਦੈ ਰੇਹਦੇ ਨੇ। ਜੋ ਬਾਹਮਣ ਲਈ ਕਹਿਆ ਸੀ, ਉਹੀ ਅੱਜ ਸਿੱਖ ਅਤਵੂਆਂ ਤੇ ਲਾਗੂ ਹੋ ਰਹਿਆ ਹੈ “ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ॥੨੩੭॥”।

ਜਿਨ੍ਹਾ ਲੋਕਾਂ ਨੇ ਝਮੇਲਾ ਖੜਾ ਕੀਤਾ ਹੈ, ਉਨ੍ਹਾ ਨੂੰ ਚਾਹੀਦਾ ਹੈ ਕਿ ਉਹ ਗੁਰਸਿੱਖਾਂ ਵਿੱਚੋਂ ਪਹਿਲਾਂ ਖਾਲਸੇ ਦੀ ਭਾਲ ਕਰ ਲੈਣ ਅਤੇ ਉਸ ਜਾਂ ਉਨ੍ਹਾਂ ਦੀ ਰਹਿਨੁਮਾਈ ਵਿੱਚ ਅੱਗੇ ਵਧਣ ਕਿਉਂਕਿ ਸਿੱਖੀ ਦਾ ਮਸਲਾ ਸੂਖਮ ਮਸਲਾ ਹੈ ਤੇ ਧਰਮ ਦਾ ਮਸਲਾ ਅਸਲ ਵਿੱਚ ਹੁੰਦਾ ਹੀ ਅਤਿ ਸੂਖਮ ਹੈ।
ਅਜੋਕੇ ਸਿੱਖਾਂ ਕੋਲ ਗੁਰਮਤਿ ਦੀ ਸੋਝੀ ਨਹੀ ਹੈ ਇਸ ਲਈ ਕਿਸੀ ਜਗ੍ਹਾ ਵੀ ਗੁਰਮਤਿ ਵਿਚਾਰਧਾਰਾ ਦੀ ਕੋਈ ਗੱਲ ਕੀਤੀ ਹੀ ਨਹੀ ਜਾ ਰਹੀ ਜਦਕਿ ਖਾਲਸੇ ਦੇ ਮੁਖ ਚੋਂ ਗੁਰਮਤਿ ਤੋਂ ਇਲਾਵਾ ਹੋਰ ਕੁਝ ਨਿਕਲ ਹੀ ਨਹੀ ਸਕਦਾ।

ਗੁਰਬਾਣੀ ਆਖਦੀ ਹੈ “ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਭੈਰਉ (ਭ. ਕਬੀਰ) – ੧੧੫੯

ਪੰਡਿਤ ਤੇ ਮੁੱਲਾ ਦੋਨੋ ਵਿਦਵਾਨ ਤਾਂ ਹੈਂ ਪਰ ਬੁਧਵਾਨ ਨਹੀ ਹਨ ਕਿਉਂਕਿ ਬੁਧਵਾਨ ਹਰ ਮਸਲੇ ਨੂੰ ਵਿਚਾਰ ਵਟਾਂਦਰੇ ਰਾਹੀਂ ਪਹਿਲਾਂ ਹੀ ਸੁਲਝਾ ਲੈਂਦੇ ਹਨ ਜਦਕਿ ਵਿਦਵਾਨ ਜਾਣ ਬੁਝ ਕੇ ਮਸਲੇ (ਝਗੜੇ) ਖੜੇ ਕਰਕੇ ਉਨ੍ਹਾ ਝਗੜਿਆਂ ਨੂੰ ਸੱਤਾ ਪ੍ਰਾਪਤੀ ਦੇ ਹਥਿਆਰ ਵਜੋਂ ਵਰਤਨ ਲਈ ਉਨ੍ਹਾਂ ਦਾ ਹੱਲ ਨਹੀ ਕੁਢਦੇ । ਵਿਦਵਾਨ ਲੋਕ ਸੰਸਾਰੀ ਆਦਮੀਆਂ ਦੇ ਰਹਬਰ (ਆਗੂ) ਹੁੰਦੇ ਹਨ ਜਿਹੜੇ ਕਿ ਸੰਸਾਰੀ ਸੁੱਖ-ਸੁਵਿਧਾਵਾਂ ਦੇ ਲਾਲਚ ਵਿੱਚ ਉਲਝਾਈ ਰੱਖ ਕੇ ਆਮ ਜਨਤਾ ਦਾ ਸ਼ੋਸ਼ਣ ਕਰਦੇ ਰਹੇ ਹਨ ।

ਇਸ ਲਈ ਗੁਰਬਾਣੀ ਦਾ ਫੁਰਮਾਨ ਹੈ “ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ ਮਾਝ ਕੀ ਵਾਰ: (ਮ: ੧) – ੧੪੫”

ਭਾਵ ਭਗਤਾਂ ਦੀ ਵਿਚਾਰਧਾਰਾ ਸੰਸਾਰੀ (ਸਾਕਤਾਂ) ਦੀ ਵਿਚਾਰਧਾਰਾ ਤੋਂ ਉਲਟ ਰਹੀ ਹੈ ਅਤੇ ਰਹੇਗੀ ।

ਉਲਟੀ ਰੇ ਮਨ ਉਲਟੀ ਰੇ॥ ਸਾਕਤ ਸਿਉ ਕਰਿ ਉਲਟੀ ਰੇ॥ ਝੂਠੈ ਕੀ ਰੇ ਝੂਠੁ ਪਰੀਤਿ॥ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ (ਦੇਵਗੰਧਾਰੀ (ਮ: ੫) – ੫੩੫)

ਜੋ ਗੁਰਮਤਿ ਦੇ ਇਸ ਸਾਕਤ ਵਿਰੋਧੀ ਨਿਆਰੇਪਣ ਨੂੰ ਸਮਝਦਾ ਹੈ ਓਹੀ ਗੁਰਸਿੱਖ ਹੈ, ਖਾਲਸਾ ਹੈ । ਇਨ੍ਹਾਂ ਗੁਰਸਿੱਖਾਂ ਵਿੱਚੋਂ ਹੀ ਤਾਂ ੧੬੯੯ ਦੀ ਵਿਸਾਖੀ ਸਮੇਂ ੫ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪ੍ਰਗਟ ਹੋਇਆ ਸੀ ਜਾਂ ਕੀਤਾ ਗਿਆ ਸੀ । ਅਜੇਹੇ ਖਾਲਸੇ ਦੇ ਪ੍ਰਤੀ ਹੀ ਦਸਮ ਪਾਤਸ਼ਾਹ ਨੇ ਉਚਾਰਨ ਕੀਤਾ ਹੈ ।

ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉਂ ਮੈਂ ਸਾਰਾ ਜਬ ਯੇਹ ਗਹੇਂ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪਰਤੀਤ

ਅੱਜ ਜੋ ਝਗੜਾ ਚੱਲ ਰਿਹਾ ਹੈ, ਇਹ ਸਿੱਖ ਗੁਰਦਵਾਰਾ ਐਕਟ ਦੇ ਤਹਿਤ ਵਜੂਦ ਵਿੱਚ ਆਈ SGPC ਨਾਲ ਸਬੰਧਤ ਹੈ ਜਦਕਿ ਗੁਰਦਵਾਰਾ ਐਕਟ ਵਿੱਚ ਖਾਲਸਾ ਸ਼ਬਦ ਦਾ ਕੋਈ ਜਿਕਰ ਨਹੀ ਕਿਉਂਕਿ ਖਾਲਸਾ ਪੰਥ ਗੁਰਦਵਾਰਾ ਐਕਟ ਤੋਂ ਆਜ਼ਾਦ ਹੈ। ਖਾਲਸੇ ਦਾ ਤਖ਼ਤ (ਚਲਦਾ ਵਹੀਰ) ਇਨ੍ਹਾ ਚਾਰਾ ਤਖਤਾਂ ਤੋਂ ਵਖਰਾ ਹੈ। ਹੁਣ ਸਿੱਖਾਂ ਦੇ ਵਿੱਚ ਬਹੁਤ ਸਾਰੇ ਧੜੇ ਇਸ ਲਈ ਪੈਦਾ ਹੋ ਗਏ ਨੇ ਕਿਉਂਕਿ ਸਿੱਖਾਂ ਨੇ ਗੁਰਮਤਿ ਦਾ ਰਾਹ ਛੱਡ ਕੇ ਬਿਪਰ ਵਾਲਾ ਰਾਹ ਫੜ ਲਿਆ ਹੈ। ਗੁਰੂ ਘਰ ਦੀ ਮਾਇਆ ਉੱਤੇ ਕਬਜਾ ਕਰਨ ਦੇ ਸਾਰੇ ਚਾਹਵਾਨ ਨੇ ਜਦਕਿ ਖਾਲਸੇ ਦਾ ਗੁਰੂ ਘਰ ਦੇ ਚੜਾਵੇ ਨਾਲ ਕੋਈ ਲੈਣਾ ਦੇਣਾ ਨਹੀ। ਖਾਲਸੇ ਦਾ ਕੰਮ ਤਾਂ ਇਮਾਨਦਾਰੀ ਨਾਲ ਗੁਰਮਤਿ ਦੀ ਖੋਜ ਕਰਕੇ ਦੁਨਿਆ ਨੂੰ ਗੁਰਮਤਿ ਦੀ ਸੋਝੀ ਦੇਣੀ ਹੈ। ਇਸ ਲਈ ਬੇਨਤੀ ਹੈ ਕਿ ਸਿੱਖ ਆਪਣੀ ਚੋਧਰ ਦੀ ਲੜਾਈ ਜਿਵੇਂ ਮਰਜੀ ਲੜਨ ਉਸ ਨਾਲ ਖਾਲਸੇ ਦਾ ਕੋਈ ਲੈਣਾ ਦੇਣਾ ਨਹੀਂ ਤੇ ਖਾਲਸੇ ਨੂੰ ਇਸ ਲੜਾਈ ਵਿੱਚ ਖਾ-ਮਖਾ ਸ਼ਾਮਲ ਕਰਨ ਦੀ ਕੋਸ਼ਿਸ਼ ਨਾ ਕਰਨ। ਧਰਮ ਸਿੰਘ ਨਿਹੰਗ ਸਿੰਘ ੧੦-੧੧-੨੦੧੫

ਤੱਤ ਖਾਲਸੇ ਦੀ ਵਰਦੀ

ਦਸਮ ਪਾਤਿਸ਼ਾਹ ਨੇ ਅਕਾਲ ਪੁਰਖ ਦਾ ਹੁਕਮ ਪਾਕੇ ਜਦੋਂ ਖਾਲਸਾ ਫੌਜ ਪ੍ਰਗਟ ਕੀਤੀ ਤਾਂ ਸਬ ਤੋਂ ਪਹਿਲਾਂ ਸਿਰ ਮੰਗੇ ਪਰ ਹਜਾਰਾਂ ਦੀ ਭੀੜ ਵਿੱਚ ਕੋਈ ਖੜ੍ਹਾ ਨਾ ਹੋਇਆ ਸਿਵਾਏ ੫ ਸਿੰਘਾਂ ਦੇ, ਦਸਮ ਪਾਤਿਸ਼ਾਹ ਨੇ ਉੱਥੇ ਹੀ ਪਰਖ ਲਿਆ ਤੇ ਸਿਪਾਹੀਆਂ ਦੀ ਯੋਗਤਾ ਪਰਖ ਲਈ। ਜਿਹੜੇ ਮਰਨ ਕਬੂਲ ਕਰਕੇ ਗੁਰੂ ਨੂੰ ਸੀਸ ਦੇਣ ਲਈ ਤਿਆਰ ਨੇ ਓਹੀ ਸੱਚੇ ਸੰਤ ਸਿਪਾਹੀ ਬਨਣਗੇ। ਇਹਨਾਂ ਪੰਜਾਂ ਜਰਨੈਲਾਂ ਨੂੰ ਦਸਮ ਪਾਤਸ਼ਾਹ ਨੇ ਅਕਾਲੀ ਫੌਜ ਦਾ ਨਾਮ ਦਿੱਤਾ ਤੇ ਅਕਾਲੀ ਵਰਦੀ ਵੀ ਪਹਿਨਾਈ ਤੇ ਓਸੇ ਦਿਨ ਤੋਂ ਸਾਰੀ ਜਿੰਮੇਵਾਰੀ ਜਾਂ ਗੁਰਿਆਈ ਇਹਨਾ ਪੰਜਾਂ ਨੂੰ ਸੌਂਪ ਦਿੱਤੀ। ਖਾਲਸਾ ਫੌਜ ਦੀ ਵਰਦੀ ਪੋਣ ਦਾ ਹੱਕ ਸਿਰਫ ਓਹਨਾਂ ਨੂੰ ਸੀ ਜਿੰਨਾਂ ਨੇ ਮਰਨ ਕਬੂਲ ਕੀਤਾ ਸੀ ਤੇ ਸੱਚ ਦਾ ਝੰਡਾ ਬਰਦਾਰ ਸਨ। ਜਿਨਾਂ ਦਾ ਇੱਕੋ ਇੱਕ ਕੰਮ ਸੀ “ਸੱਚ ਦਾ ਪ੍ਰਚਾਰ” ਕਰਨਾ ਅਤੇ ਵੱਖ ਵੱਖ ਮੱਤਾਂ ਵਿੱਚ ਏਕਤਾ ਕਰਾਕੇ ਸੱਚ ਧਰਮ ਲਾਗੂ ਕਰਨਾ। ਸੱਚ ਧਰਮ ਕਿਹੜਾ ਹੈ ਜਾਨਣ ਲਈ ਵੇਖੋ “ਧਰਮ”। ਇਸ ਸੱਚ ਦੇ ਪ੍ਰਚਾਰ ਤੋਂ ਕੁਝ ਲੋਕਾਂ ਨੂੰ ਦਿੱਕਤ ਵੀ ਹੋਈ ਜਿੰਨਾਂ ਦੀ ਹਓਮੈ ਤੇ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਲਿਖ ਕੇ ਚੋਟ ਮਾਰੀ ਸੀ,ਓਸੇ ਦਿਨ ਤੋਂ ਓਹ ਲੋਕ ਦਸਮ ਪਾਤਸ਼ਾਹ ਦੇ ਵਿਰੋਧੀ ਬਣ ਗਏ ਤੇ ਕੋਝੀਆਂ ਚਾਲਾਂ ਚਲਦੇ ਹੀ ਰਹਿੰਦੇ,ਇਸੇ ਕਾਰਨ ਦਸਮ ਪਾਤਸ਼ਾਹ ਨੂੰ ੧੪ ਜੰਗਾਂ ਵੀ ਲੜਨੀਆਂ ਪਈਆਂ। ਪਰ ਹਰੇਕ ਜੰਗ ਵਿੱਚ ਹੁਕਮ ਨੇ ਝੂਠਿਆਂ ਦਾ ਮੂੰਹ ਹੀ ਭੰਨਿਆ।ਇਹ ਖਾਲਸੇ ਫੌਜ ਦਾ ਪ੍ਰਤਾਪ ਹੀ ਏਨਾ ਸੀ ਮਾਨੋ ਦਸਮ ਪਾਤਸ਼ਾਹ ਨੇ ਇੱਕ ਖਾਸ ਸ਼ਕਤੀ ਬਖਸ਼ੀ ਹੋਵੇ ਸਦਾ ਅਜੈ ਰਹਿਣ ਦੀ। ਇਸ ਫੌਜ ਵਿੱਚ ਭੇਖੀਆਂ ਨੂੰ ਕੋਈ ਜਗ੍ਹਾ ਨਹੀਂ ਤੇ ਛਾਂਟੀ ਵੀ ਆਪ ਮਹਾਂਕਾਲ ਕਰਦਾ। ਜਕਰੀਏ ਦਾ ਸਮਾਂ ਐਸਾ ਸੀ ਜਦੋਂ ਨੀਲੇ ਬਾਣੇ ਵਾਲਿਆਂ ਨੂੰ ਦੇਖਦੇ ਹੀ ਸਿਰ ਵੱਢਣ ਦਾ ਹੁਕਮ ਸੀ, ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ ਓਦੋਂ ਸਿਰਾ ਦੇ ਮੁੱਲ ਪੈਂਦੇ ਸੀ, ਫੇਰ ਛੋਟੇ ਵੱਡੇ ਘੱਲੂਘਾਰੇ ਵੀ ਹੋਏ ਪਰਖਨ ਲਈ ਪਰ ਸਿੰਘ ਡੋਲੇ ਨਹੀ ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭੇਆ। ਸਮੇਂ ਸਮੇਂ ਤੇ ਮਹਾਂਕਾਲ ਛਾਨਣਾ ਲਾਉਂਦਾ ਰਹਿੰਦਾ ਤੇ ਹੁਣ ਵੀ ਲੱਗਣਾ ਹੈ। ਅੱਜ ਇਸ ਵਰਦੀ ਵਿੱਚ ਕਈ ਚੌਰ, ਡਾਕੂ, ਲੁਟੇਰੇ ਵੀ ਨੇ ਜੋ ਬਾਹਰੋ ਦਿਖਣ ਨੂੰ ਤੇ ਸਿੰਘ ਕਹਿੰਦੇ ਪਰ ਅੰਦਰੋ ਕੱਚੇ ਨੇ। ਪੁਰਾਣੇ ਸਿੰਘਾਂ ਤੋਂ ਇੱਕ ਗਲ ਸੁਣੀ ਸੀ ਕਿ ਜਦੋਂ ਸਿੰਘਾਂ ਦਾ ਕਿਤੇ ਵੱਡੇ ਥਾਂ ਪੰਜਾ ਵਜਦਾ ਸੀ ਓਦੋਂ ਚੌਰ ਡਾਕੂ ਖਾਲਸਾ ਫੌਜ ਦੀ ਵਰਦੀ ਪਾਕੇ ਬਹੁਤ ਲੁਟਦੇ ਲੋਕਾਂ ਨੂੰ ਕਿਓਕਿ ਆਵਦਾ ਸਵਾਰਥ ਸੀ ਪਰ ਜਦੋਂ ਕਿਤੇ ਅਬਦਾਲੀ ਵਰਗਾ ਮੁਹਰੇਓ ਟਕਰਦਾ ਤਾਂ, ਇਹ ਵਰਦੀ ਲਾਹ ਕੇ ਚੱਡੇਆ ਵਿੱਚ ਪੂਛ ਦੇਕੇ ਦੌੜ ਜਾਂਦੇ ਓਥੇ। ਅਸਲ ਤੱਤ ਖਾਲਸਾ ਹੀ ਅੜਦਾ ਜਿਹੜੇ ਗੁਰਬਾਣੀ ਮੰਨਣ ਵਾਲੇ ਹੁੰਦੇ ਸੀ, ਜਿੰਨਾ ਨੇ ਅੱਦਰਲਾਂ ਸੱਚ ਵਾਲਾ ਬਾਣਾ ਪਹਿਣਿਆ ਸੀ। ਬਾਹਰੀ ਵਰਦੀ ਬਦਲੀ ਜਾ ਸਕਦੀ ਪਰ ਸੱਚ ਵਾਲਾ ਬਾਣਾ ਨੀ ਬਦਲਿਆਜਾ ਸਕਦਾ। ਅੱਜ ਵੀ ਇਸ ਵਰਦੀ ਵਿੱਚ ਬਹੁਤੇ ਚੌਰ ਡਾਕੂ ਹੀ ਵੜੇ ਨੇ ਆਪਣੇ ਸਵਾਰਥ ਲਈ ਪਰ ਮੌਕੇ ਤੇ ਦੌੜ ਜਾਣਗੇ ਜਦੋਂ ਮੁਹਰੇਓ ਹੁਕਮ ਦੀ ਮਾਰ ਪਈ। ਮਹਾਂਕਾਲ ਦਾ ਛਾਨਣਾ ਹੈ ਇਹ ਤਾਂ ਜੋ ਦੁਸ਼ਟਾਂ ਨੂੰ ਦਰੜ ਦਿੰਦਾ ਹੈ। ਛਾਨਣਾ ਲੱਗਣਾ ਸੱਭ ਦੇ ਤੇ ਸਿਰਫ ਤੱਤ ਖਾਲਸਾ ਅੜੇਗਾ ਜਿਹਨਾਂ ਦੇ ਹੱਕ ਵਿੱਚ ਗੁਰਬਾਣੀ ਖੜ੍ਹੀ ਹੈ ।

ਖਾਲਸਾ ਫੌਜ ਵਿੱਚ ਭਰਤੀ

ਖਾਲਸਾ ਫੌਜ ਵਿੱਚ ਭਰਤੀ ਹੋਕੇ ਫੌਜ ਦੀ ਵਰਦੀ ਓਹ ਪਹਿਨਦੇ ਸੀ ਜਿੰਨਾ ਕੋਲ ਸਤਿ ਸੰਤੋਖ ਸੀ ਜਾਂ ਸੰਤੋਖੀ ਹੋ ਰਹੇ ਸੀ। ਜਿੰਨਾਂ ਕੋਲ ਸਤਿ ਸੰਤੋਖ ਸੀ ਓਹਨਾਂ ਕੋਲ ਨਿਹਚਲ ਰਾਜ ਸੀ ਸੱਚ ਵਾਲਾ। ਸਤਿ ਸੰਤਖ ਭਾਵ ਸੱਚ ਦਾ ਗਿਆਨ ਸੀ। ਇੱਕ ਸੰਤੋਖ ਇੱਕਲਾ ਹੁੰਦਾ ਪਰ ਜਦੋਂ ਸਤਿ ਨਾਲ ਲਗ ਗਿਆ ਤਾਂ ਓਹ ਐਦਾਂ ਹੈ ਜਿਵੇਂ ਮਿੱਟੀ ਤੋਂ ਪੱਥਰ ਬਣਗਿਆ। ਬਣਿਆ ਮਿੱਟੀ ਤੋਂ ਹੀ ਹੈ ਪਰ ਮਜਬੂਤ ਹੋ ਗਿਆ ਹੈ। ਸਤਿ ਸੰਤੋਖ ਵਾਲੇ ਹੀ ਸੀ ਖਾਲਸਾ ਫੌਜ ਵਿੱਚ ਜਿੰਨਾਂ ਨੇ ਵਰਦੀ ਸਿਰਫ ਦੁਨੀਆਂ ਨੂੰ ਆਕਰਸ਼ਿਤ ਕਰਨ ਲਈ ਨਹੀਂ ਪਾਈ ਸੀ, ਓਹਨਾਂ ਨੂੰ ਪਤਾ ਸੀ ਵਰਦੀ ਦੀਆਂ ਜਿੰਮੇਵਾਰੀਆਂ ਵੀ ਤਾਂਹੀ ਹਰੇਕ ਨੂੰ ਵਰਦੀ ਨਹੀਂ ਸੀ ਦਿੰਦੇ, ਸਿਰ ਮੰਗ ਕੇ ਵਰਦੀ ਦਿੱਤੀ ਜਾਂਦੀ ਸੀ, ਅੱਜ ਵਾਂਗ ਭੇਡ ਚਾਲ ਨਹੀਂ ਸੀ ਚਲਦੇ ਕੀ ਭੇਡਾਂ ਵਾਂਗ ਪਹੁਲ ਦੇਈ ਚੱਲੋ ਤੇ ਗਿਣਤੀ ਵਧਾਈ ਜਾਓ। quality ਨੂੰ ਛਡਕੇ quantity ਮਗਰ ਪੈ ਗਏ ਤੇ ਚੌਰਾਂ ਨੇ ਵੀ ਵਰਦੀ ਪਾਕੇ ਧਰਮ ਦੇ ਨਾਮ ਤੇ ਲੁੱਟਣਾ ਸ਼ੁਰੂ ਕਰ ਦਿੱਤਾ, ਏਨਾਂ ਨਾਲੋਂ ਤੇ ਚੌਰ ਕਈ ਗੁਣਾ ਚੰਗੇ ਜੋ ਚੌਰ ਕਹਾ ਕੇ ਚੌਰੀ ਕਰਦੇ ਨੇ ਸੱਚ ਦੇ ਪਹਿਰੇਦਾਰਾਂ ਦੀ ਵਰਦੀ ਪਾਕੇ ਲੋਕਾਂ ਨੂੰ ਨਹੀਂ ਲੁਟਦੇ।

ਖਾਲਸਾ ਪੰਥ

ਖਾਲਸਾ ਪੰਥ ਤੋਂ ਭਾਵ ਹੈ, ਉਹ ਰਸਤਾ (ਪੰਥ), ਉਹ ਪਾਤਿ, ਉਹ ਮਾਰਗ ਜੋ ਪਰਮੇਸ਼ਰ ਵੱਲ ਲੈ ਜਾਂਦਾ ਹੋਵੇ ਜਾਂ ਜਾ ਰਿਹਾ ਹੋਵੇ। ਖਾਲਸਾ ਪਾਤਿਸ਼ਾਹੀ ਮਾਰਗ ਹੈ। ਪਾਤਿਸ਼ਾਹ ਕੌਣ ਹੁੰਦਾ? ਸਮਝਣ ਲਈ ਵੇਖੋ “ਹੁਕਮ ਅਤੇ ਪਾਤਿਸ਼ਾਹ”। ਪਰਮੇਸ਼ਰ ਸੱਚ ਹੈ ਤੇ ਇਹ ਦੁਨੀਆ ਝੂਠ ਹੈ। ਝੂਠੇ ਸੰਸਾਰ ਵਿਚੋਂ ਕੱਢ ਕੇ ਆਪਣੇ ਸੱਚ ਨਾਲ ਜੌੜਨ ਦੀ ਵਿਧੀ ਗੁਰਮਤਿ ਵਿਚਾਰਧਾਰਾ ਵਿਚਲੇ ਗਿਆਨ-ਗੁਰੂ ਦੀ ਰੋਸ਼ਨੀ ਤੋਂ ਬਿਨਾ ਸਚਖੰਡ ਤੱਕ ਪਹੁੰਚ ਜਾਣਾ ਅਸੰਭਵ ਹੈ। ਇਹ ਮਾਰਗ ਦੁਨੀਆਂ ਦੀ ਸਾਜਨਾ ਤੋਂ ਲੈ ਕੇ ਹੁਣ ਤੱਕ ਰਿਹਾ ਹੈ ਤੇ ਰਹਿੰਦੀ ਦੁਨੀਆਂ ਤੱਕ ਰਹੇਗਾ। ਭਾਂਵੇ ਇਹ ਮਾਰਗ ਪਰਗਟ ਰੂਪ ਵਿੱਚ ਹਰ ਵੇਲੇ ਦੁਨੀਆ ਵਿੱਚ ਪਰਚਾਰਿਆ ਨਹੀ ਜਾਂਦਾ ਰਿਹਾ ਪਰ ਫਿਰ ਵੀ ਸਮੇਂ-ਸਮੇਂ ਸਿਰ ਪਰਮੇਸ਼ਰ ਵਲੋਂ ਭਗਤ ਪ੍ਰਗਟ ਕੀਤੇ ਜਾਂਦੇ ਰਹੇ ਹਨ ਜਿਹੜੇ ਇਸ ਲੁਪਤ ਹੋ ਚੁੱਕੇ ਮਾਰਗ ਨੂੰ ਦੁਬਾਰਾ ਖੋਜ ਕੇ ਪ੍ਰਗਟ ਕਰਦੇ ਰਹੇ ਹਨ। ਅਜੋਕੇ ਯੁਗ ਵਿੱਚ ਭਗਤ ਕਬੀਰ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਸਾਡੇ ਕੋਲ ਇਸ ਰਸਤੇ ਦੇ ਰਖਵਾਲੇ ਮੋਜੂਦ ਰਹੇ ਹਨ। ਜਿਨ੍ਹਾਂ ਦੇ ਉਪਦੇਸ਼ ਸ੍ਰੀ ਪੋਥੀ ਸਾਹਿਬ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਰੂਪ ਵਿਚ ਮੋਜੂਦ ਹਨ। ਭਗਤ ਕਾਲ ਸਮੇਂ, ਭਗਤਾਂ ਨੇ ਇਸ ਮਾਰਗ ਨੂੰ ਖੋਜ ਕੇ ਪਰਚਲਤ ਕਰ ਦਿੱਤਾ ਸੀ ਪਰ ਭਗਤਾਂ ਤੋਂ ਪਿੱਛੋਂ ਝੱਟ-ਪੱਟ ਹੀ ਗੁਰਮਤਿ ਵਿਰੋਧੀ ਅਨਮਤੀਆਂ ਨੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰ ਕੇ ਇਨ੍ਹੇ ਜੋਰ-ਸ਼ੋਰ ਨਾਲ ਪਰਚਾਰ ਕਰ ਦਿੱਤਾ ਕਿ ਇਸ ਸੱਚ ਦੇ ਮਾਰਗ ਨੂੰ ਕੂੜ੍ਹ ਦਾ ਮਾਰਗ ਬਣਾ ਕੇ ਰੱਖ ਦਿੱਤਾ। ਜੈਸਾ ਕਿ ਪਹਿਲਾਂ ਵੀ ਗੁਰਮਤਿ ਵਿਰੋਧੀ ਅਜਿਹਾ ਹੀ ਕਰਦੇ ਰਹੇ ਨੇ। ਇਸੇ ਲਈ ਦਸਮ ਪਾਤਸ਼ਾਹ ਨੂੰ ਪਰਮੇਸ਼ਰ ਦਾ ਹੁਕਮ ਹੋਇਆ ਕੇ ਤੁਸੀ ਇੱਕ ਪੰਥ ਸਿਰਜੋ ਜੋ ਕਿ ਸੱਚ ਧਰਮ ਦਾ ਝੰਡਾ ਬਰਦਾਰ ਬਣ ਕੇ ਸਦਾ ਲਈ ਕੂੜ੍ਹ ਪਰਚਾਰ ਦੀ ਢਾਹ ਤੋਂ ਇਸ ਵਿਚਾਰਧਾਰਾ ਨੂੰ ਬਚਾਈ ਰਖੇ। ਇਹੀ ਖਾਲਸਾ ਪੰਥ ਦੀ ਸਿਰਜਨਾ ਦਾ ਉਦੇਸ਼ ਸੀ,

ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥੩॥(ਬਚਿਤ੍ਰ ਨਾਟਕ, ਧਿਆਇ ੬)

ਇਸ ਤਰ੍ਹਾਂ ਦਸਮ ਪਾਤਸ਼ਾਹ ਜੀ ਨੇ ਸੱਚੇ ਧਰਮ ਦੇ ਚਲਾਵਣ ਦਾ ਸੰਕੇਤ ਦਿਤਾ। ਜਿਸ ਦੇ ਪ੍ਰਚਾਰ ਦਾ ਮੁੱਢ ਗੁਰ ਨਾਨਕ ਦੇਵ ਜੀ ਬੰਨ੍ਹ ਚੁਕੇ ਸਨ। ਹੋਰ ਫੋਕਟ ਧਰਮਾਂ ਦਾ ਖੰਡਨ ਕਰ ਕੇ ਕੇਵਲ ਇਕ ਅਕਾਲ ਪੁਰਖ ਜੋ ਅੰਤ ਸਮੇਂ ਸਹਾਈ ਹੁੰਦਾ ਹੈ, ਉਸ ਨੂੰ ਹੀ ਜਪਣ ਲਈ ਹੁਕਮ ਕੀਤਾ

ਕਿਉਂ ਨ ਜਪੋ ਤਾਂ ਕੋ ਤੁਮ ਭਾਈ॥ ਅੰਤਿ ਕਾਲ ਜੋ ਹੋਇ ਸਹਾਈ॥ ਫੋਕਟ ਧਰਮ ਲਖੋ ਕਰ ਭਰਮਾ॥ ਇਨ ਤੇ ਸਰਤ ਨ ਕੋਈ ਕਰਮਾ॥੪੯॥ (ਬਚਿਤ੍ਰ ਨਾਟਕ, ਧਿਆਇ ੬)

ਇਸ ਕਾਰਜ ਦੀ ਪੂਰਤੀ ਲਈ ਦਸਮ ਪਾਤਿਸ਼ਾਹ ਨੇ ਪੰਜ ਪਿਆਰੇ ਸਾਜੇ ਉਨ੍ਹਾਂ ਨੂੰ ਖੰਡੇ ਦੀ ਪਾਹੁਲ ਦਿੱਤੀ ਤਦ ਉਪਰੰਤ ਓਨ੍ਹਾਂ ਪੰਜਾਂ ਕੋਲੋ ਪਾਹੁਲ ਤਿਆਰ ਕਰਵਾ ਕੇ ਭਰੇ ਦਰਬਾਰ ਵਿੱਚ ਸਭ ਦੇ ਸਾਹਮਣੇ ਪੰਜਾਂ ਪਿਆਰਿਆਂ ਕੋਲੋ ਆਪ ਪਾਹੁਲ ਪ੍ਰਾਪਤ ਕਰਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਕਹਾਏ। ਇਸ ਤੋਂ ਪਿਛੋਂ ਹਮੇਸ਼ਾਂ ਲਈ ਹੀ ਪੰਜ ਪਿਆਰੇ ਪਾਹੁਲ ਤਿਆਰ ਕਰਦੇ ਤੇ ਸਿੰਘ ਸਜਾਂਦੇ ਰਹੇ। ਪਰ ਅੱਜ ਕਈ ਪੰਜ ਪਿਆਰਿਆ ਦਾ ਨਾਮ ਤੇ ਉਹਨਾਂ ਦੇ ਹੁਕਮ ਨਾਲ ਲੋਕਾਂ ਦੇ ਪ੍ਰੇਮ ਦੀ ਆੜ ਵਿਛ ਆਪਣੀ ਮਨਮਤਿ ਵੀ ਪ੍ਰਚਾਰਨ ਲਗ ਪਏ ਹਨ। ਇਸ ਨੂੰ ਸਮਝਣ ਲਈ ਵੇਖੋ “ਗੁਰੂ ਬਨਾਮ ਪੰਜ ਪਿਆਰਿਆਂ ਦਾ ਆਦੇਸ਼”।

ਪਾਹੁਲ ਪ੍ਰਾਪਤ ਕਰਕੇ ਸਿੰਘ ਸਜ ਜਾਣ ਦਾ ਭਾਵ ਸੀ ਕਿ ਖਾਲਸਾ ਫੋਜ ਵਿੱਚ ਮੈਂ ਭਰਤੀ ਹੋ ਗਿਆਂ ਹਾਂ, ਸੱਚ ਦੇ ਮਾਰਗ ਦਾ ਝੰਡਾ ਬਰਦਾਰ ਹੋ ਗਿਆ ਹਾਂ ਤੇ ਰਹਾਂਗਾ, ਦੁਨੀਆਂ ਦੀ ਕੋਈ ਵੀ ਤਾਕਤ ਮੈਨੂੰ ਇਸ ਸ਼ੁਭ ਕਾਰਜ ਤੋਂ ਰੋਕ ਨਹੀਂ ਸਕਦੀ, ਅੱਜ ਤੋਂ ਮੋਤ ਮੇਰੇ ਵਾਸਤੇ ਕੋਈ ਚੀਜ ਹੀ ਨਹੀ ਰਹਿ ਗਈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਧਰਮਾਂ ਵਿੱਚ ਦਾਖਲਾ ਧਰਮਾਂ ਦੇ ਆਗੂ ਹੀ ਕਰਵਾਇਆ ਕਰਦੇ ਹਨ ਇਵੇਂ ਹੀ ਖਾਲਸਾ ਫੌਜ ਵਿੱਚ ਭਰਤੀ ਪੰਜ ਪਿਆਰੇ ਹੀ ਕਰਿਆ ਕਰਦੇ ਸਨ। ਜਿਸਤੋਂ ਪਤਾ ਲਗਦਾ ਹੈ ਕਿ ਦਸਮ ਪਾਤਸ਼ਾਹ ਜੀ ਨੇ ੧੬੯੯ ਈ: ਦੀ ਵਿਸਾਖੀ ਤੋਂ ਬਾਅਦ ਖਾਲਸਾ ਫੋਜ ਦਾ ਜਿਮਾਂ ਪੰਜ ਪਿਆਰਿਆਂ ਨੂੰ ਸੌਪ ਦਿੱਤਾ ਸੀ ਤੇ ਆਪ ਉਨ੍ਹਾਂ ਦੇ ਆਗੂ ਬਣ ਕੇ ਰਾਜਨੀਤੀ, ਧਰਮਨੀਤੀ ਤੇ ਯੁਧਨਿਤੀ ਦੀ ਸਿਖਲਾਈ ਦਿੰਦੇ ਰਹੇ ਤਾਂ ਕੇ ਉਨ੍ਹਾਂ ਤੋਂ ਪਿੱਛੋਂ ਖਾਲਸਾ ਪੰਥ ਦੀ ਰਹਨੁਮਾਈ ਕਰਨ ਵਾਲੇ ਪੰਜ ਪਿਆਰਿਆਂ ਅੰਦਰ ਕਿਸੀ ਕਿਸਮ ਦੀ ਵੀ ਕੋਈ ਕਮੀ ਨਾ ਰਹਿ ਜਾਵੇ, ਭਾਂਵੇ ਖਾਲਸਾ ਪੰਥ ਨੂੰ ਇਸ ਗੱਲ ਦੀ ਕੋਈ ਸਮਝ ਨਹੀ ਸੀ।

ਉਪਰੋਕਤ ਗੱਲ ਦਾ ਪੰਜ ਪਿਆਰਿਆਂ ਸਾਹਮਣੇ ਭੇਤ ਓਸ ਵਕ਼ਤ ਖੁਲਿਆ ਜਦੋਂ ਚਮਕੋਰ ਦੀ ਗੜ੍ਹੀ ਅੰਦਰੋਂ ਸਾਹਿਬਜਾਦਾ ਜੁਝਾਰ ਸਿੰਘ ਦੇ ਜਥੇ ਸਮੇਤ ਸ਼ਹੀਦ ਹੋ ਜਾਣ ਤੋਂ ਬਾਅਦ ਦਸਮ ਪਾਤਸ਼ਾਹ ਨੇ ਆਪ ਜੰਗ ਵਿੱਚ ਕੁਦ ਜਾਣ ਦੀ ਇੱਛਾ ਪੰਜ ਪਿਆਰਿਆਂ ਸਾਹਮਣੇ ਜਾਹਰ ਕੀਤੀ ਤੇ ਗੜ੍ਹੀ ਵਿੱਚਲੇ ਸਾਰੇ ਸਿੰਘਾਂ ਨੇ ਦਸਮ ਪਾਤਸ਼ਾਹ ਦੀ ਇਸ ਇੱਛਾ ਨਾਲ ਸਹਿਮਤ ਹੋਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਤੇ ਕਿਹਾ, ਕਿ ਆਪ ਜੀ ਨੂੰ ਗੜ੍ਹੀ ਵਿਚੋਂ ਸੁਰਖਿਅਤ ਬਾਹਰ ਨਿਕਲ ਜਾਣਾ ਚਾਹੀਦਾ ਹੈ ਤੇ ਦੁਬਾਰਾ ਖਾਲਸਾ ਫੋਜ ਤਿਆਰ ਕਰਕੇ ਇਸ ਧਰਮ ਯੁਧ ਨੂੰ ਜਾਰੀ ਰਖਣਾ ਚਾਹੀਦਾ ਹੈ।

ਪਰ ਦਸਮ ਪਾਤਸ਼ਾਹ ਦਾ ਕਹਿਣਾ ਸੀ ਕਿ ਖਾਲਸਾ ਫੋਜ ਤਾਂ ਤੁਸੀ ਪੰਜ ਪਿਆਰੇ ਹੀ ਤਿਆਰ ਕਰਦੇ ਰਹਿਉ, ਮੈ ਤਾਂ ਖਾਲਸਾ ਫੋਜ ਦੀ ਭਰਤੀ ਵਿੱਚ ਕਦੀ ਕੋਈ ਦਖਲ ਹੀ ਨਹੀ ਦਿੱਤਾ ਤੇ ਅੱਗੇ ਵਾਸਤੇ ਇਸ ਪਰੰਪਰਾ ਨੂੰ ਚਾਲੂ ਰਖਣ ਲਈ ਜਰੂਰੀ ਹੈ ਕਿ ਤੁਸੀ ਆਪਣੇ ਅਧਿਕਾਰਾਂ ਨੂੰ ਪਹਿਚਾਣੋ ਜਿਹੜੇ ਅਧਿਕਾਰ ਤੁਹਾਨੂੰ ਮੈਂ, ਤੁਹਾਡੇ ਕੋਲੋਂ ਪਾਹੁਲ ਲੈਣ ਤੋਂ ਪਹਿਲਾਂ ਸੌਪ ਦਿੱਤੇ ਸਨ, ਤੁਹਾਡੇ ਇੱਕਲੇ-ਇੱਕਲੇ ਦਾ ਗੁਰਦੇਵ ਭਾਂਵੇ ਮੈਂ ਸੀ ਪਰ ਤੁਹਾਡੇ ਪੰਜਾਂ ਦੀ ਇੱਕਜੁਟਤਾ ਦੇ ਸਾਹਮਣੇ ਮੇਰੀ ਪਦਵੀ ਤੁਹਾਡੇ ਬਰਾਬਰ ਨਹੀਂ ਹੈ ਕਿਉਂਕਿ ਤੁਹਾਨੂੰ ਪੰਜਾਂ ਨੂੰ ਗੁਰਦੇਵ ਮੰਨ ਕੇ ਤੁਹਾਡੇ ਕੋਲੋਂ ਮੈਂ ਪਾਹੁਲ ਲਈ ਹੈ। ਇਸ ਤੋਂ ਬਾਅਦ ਪੰਜ ਪਿਆਰੇ ਕਹਿਣ ਲਗੇ ਕਿ ਆਪ ਜੀ ਦੇ ਸਾਰੇ ਬਚਨ ਸਤ ਕਰਕੇ ਮੰਨਦੇ ਹਾਂ ਪਰ ਸਾਨੂੰ ਥੋੜਾ ਸਮਾਂ ਦਿਉ ਤਾਂ ਕਿ ਅਸੀ ਆਪਣੀ ਸਲਾਹ ਕਰ ਲਈਏ। ਇਹ ਕਹਿ ਕੇ ਪੰਜ ਪਿਆਰੇ ਗੜ੍ਹੀ ਦੇ ਇੱਕ ਕੋਨੇ ਵਿੱਚ ਖੜ੍ਹੇ ਹੋ ਗਏ ਤੇ ਥੋੜ੍ਹੀ ਦੇਰ ਪਿੱਛੋਂ ਆ ਕੇ ਜੋ ਉਨ੍ਹਾਂ ਨੇ ਆਪਣਾ ਫੈਂਸਲਾ ਸੁਣਾਇਆ ਜੋ ਇਹ ਸੀ ਕਿ ਦਇਆ ਸਿੰਘ ਤੇ ਧਰਮ ਸਿੰਘ ਸਮੇਤ ਤੁਸੀ ਚਮਕੋਰ ਦੀ ਗੜ੍ਹੀ ਦੇ ਗੁਪਤ ਰਸਤੇ ਦੁਆਰਾ ਬਾਹਰ ਜਾਉਂਗੇ ਤੇ ਦਇਆ ਸਿੰਘ ਤੇ ਧਰਮ ਸਿੰਘ ਆਪ ਜੀ ਦੇ ਸੱਜੇ-ਖੱਬੇ ਆਪ ਜੀ ਦੇ ਨਾਲ ਚਲਣਗੇ। ਪੰਜ ਪਿਆਰਿਆਂ ਦੇ ਫੈਂਸਲੇ ਅੱਗੇ ਦਸਮ ਪਾਤਸ਼ਾਹ ਨੇ ਸਿਰ ਝੁਕਾ ਦਿੱਤਾ ਤੇ ਧਰਮ ਸਿੰਘ ਤੇ ਦਇਆ ਸਿੰਘ ਦੇ ਨਾਲ ਗੜ੍ਹੀ ਦੇ ਗੁਪਤ ਰਸਤੇ ਦੁਆਰਾ ਤਾੜੀ ਸਾਹਿਬ ਵਾਲੇ ਗੁਰਦੁਆਰੇ ਵਾਲੇ ਥਾਂ ਤੋਂ ਬਾਹਰ ਜਾ ਨਿਕਲੇ।

ਜੋ ਅਵਸਥਾ ਉਸ ਸਮੇਂ ਪੰਜ ਪਿਆਰਿਆਂ ਦੀ ਸੀ, ਕੀ ਅੱਜ ਉਹ ਅਵਸਥਾ ਸਿੰਘਾਂ ਦੀ ਹੈ? ਕੀ ਉਹੀ ਗਿਆਨ, ਪੂਰਨ ਜੋਤ ਘਟ ਵਿੱਚ ਜਗਦੀ ਜੋ ਸਿੰਘ ਪੰਜ ਪਿਆਰੇ ਬਣ ਕੇ ਲੋਕਾਂ ਨੂੰ ਆਦੇਸ਼ ਦੇ ਰਹੇ ਨੇ?

ਖਾਲਸਾ ਫੌਜੀ ਦਾ ਕਿਰਦਾਰ ਭੋਜਨ ਦੇ ਬਿਬੇਕ ਨਾਲ ਨਹੀਂ ਬਣਦਾ “ਗੁਰਮਤਿ ਵਿੱਚ ਬਿਬੇਕ ਦੇ ਅਰਥ ਕੀ ਹਨ?

ਖਾਲਸੇ ਫੌਜ ਦਾ ਕਿਰਦਾਰ ਮਾਸ ਦਾ ਤਿਆਗੀ ਬਣਨ ਨਾਲ ਨਹੀਂ ਬਣਦਾ “ਮਾਸ ਖਾਣਾ (Eating Meat) ਅਤੇ ਝਟਕਾ (Jhatka)

ਖਾਲਸੇ ਫੌਜ ਦਾ ਕਿਰਦਾਰ ਬਣਦਾ ਹੁਕਮ ਦੀ ਸੋਝੀ ਨਾਲ “ਹੁਕਮ ਅਤੇ ਪਾਤਿਸ਼ਾਹ”, “ਅਕਾਲ, ਕਾਲ, ਸਬਦ ਅਤੇ ਹੁਕਮ

ਖਾਲਸੇ ਫੌਜ ਨੇ ਪਾਪ ਪੁੰਨ ਤੋਂ ਮੁਕਤ ਹੋਣਾ। ਪਾਪ ਤੇ ਪੁੰਨ ਨੂੰ ਸਮਝਣ ਲਈ ਵੇਖੋ “ਪਾਪ ਪੁੰਨ (paap/punn)”, ਖਾਲਸੇ ਨੇ “ਡਰ / ਭੈ” ਤੋਂ ਮੁਕਤ ਹੋਣਾ।

ਖਾਲਸੇ ਫੌਜੀ ਨੂੰ “ਸੁਰਗ ਤੇ ਨਰਕ (Swarg te Narak), ਦੋਜਕ” ਦਾ ਡਰ ਨਹੀਂ।

ਖਾਲਸੇ ਫੌਜ ਨੂੰ “ਦੁਨਿਆਵੀ ਉਪਾਧੀਆਂ” ਦਾ ਫਰਕ ਨਹੀਂ ਪੈਂਦਾ। “ਦੁਨਿਆਵੀ ਉਪਾਧੀਆਂ ਬਨਾਮ ਗੁਰਮਤਿ ਉਪਾਧੀਆਂ

ਖਾਲਸਾ ਫੌਜ ਦਾ ਫੌਜੀ ਅੱਖਾ ਬੰਦ ਕਰਕੇ ਭਗਤੀ ਨਹੀਂ ਕਰਦਾ, ਸ਼ਬਦੀ ਨਹੀਂ ਹੈ ਰੱਟਣ ਨਹੀਂ ਕਰਦਾ। ਉਸ ਨੂੰ ਪਤਾ ਹੈ ਕੇ “ਨਾਮ, ਜਪ ਅਤੇ ਨਾਮ ਦ੍ਰਿੜ੍ਹ ਕਿਵੇਂ ਹੁੰਦਾ?

ਸੋ ਜਿਹੜਾ ਮਾਰਗ ਪਾਤਿਸ਼ਾਹ ਨੇ ਬਾਣੀ ਵਿੱਚ ਦੱਸਿਆ ਉਸਦਾ ਗਿਆਨ ਲੇਕੇ ਜੀਵਨ ਮੁਕਤ ਹੋ ਕੇ ਖਾਲਸਾ ਫੌਜ ਨੇ ਖਾਲਸੇ ਦੀ ਵਿਚਾਰਧਾਰਾ ਤੇ ਪਹਿਰਾਂ ਦੇਣ, ਧਾਰਨ ਕਰਨਾ ਹੈ ਤੇ ਗੁਰਬਾਣੀ ਬਣਨਾ ਹੈ। ਤਾਂ ਖਾਲਸਾ ਸਾਜਿਆ ਜਾਣਾ ਜੀਵ ਨੇ। ਖਾਲਸੇ ਦੀ ਵਿਚਾਰਧਾਰਾ ਵਿੱਚ ਆਪਣੀ ਹੋਂਦ ਨੂੰ ਛੱਡ ਕੇ ਸ਼ਾਮਿਲ ਹੋਣਾ।

Resize text