ਸਿੱਖੀ ਅਤੇ ਸਿੱਖਣ ਲਈ ਸਵਾਲ
ਸਿੱਖ ਦਾ ਅਰਥ ਹੁੰਦਾ ਸਿੱਖਣ ਵਾਲਾ, ਗੁਰਸਿੱਖ ਦਾ ਅਰਥ ਗੁਰ (ਗੁਣਾਂ) ਦੀ ਸਿੱਖਿਆ ਲੈਣ ਵਾਲਾ। ਗਿਆਨੀ ਜੋ ਗੁਣਾਂ ਦੀ ਵਿਚਾਰ ਕਰੇ ਗਿਆਨ ਪ੍ਰਾਪਤ ਕਰ ਲਵੇ ਤੇ ਲੋਕਾਂ ਨੂੰ ਗੁਣਾਂ ਬਾਰੇ ਦੱਸ ਸਕੇ “ਗੁਣ ਵੀਚਾਰੇ ਗਿਆਨੀ ਸੋਇ॥ ਗੁਣ ਮਹਿ ਗਿਆਨੁ ਪਰਾਪਤਿ ਹੋਇ॥ ਗੁਣਦਾਤਾ ਵਿਰਲਾ ਸੰਸਾਰਿ॥ ਸਾਚੀ ਕਰਣੀ ਗੁਰ ਵੀਚਾਰਿ॥”। ਗੁਰਬਾਣੀ ਆਖਦੀ “ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥” – ਭਾਵ ਸਿਖ ਲਈ ਸਿੱਖ ਸਿੱਖਿਆ, ਗੁਰ (ਗੁਣਾ) ਦੀ ਵਿਚਾਰ ਜ਼ਰੂਰੀ ਹੈ। ਸਿੱਖ ਦਾ ਸਵਾਲ ਪੁੱਛਣਾ ਗੁਰਮਤਿ ਦੀ ਸਿੱਖਿਆ ਲੈਣਾ ਗੁਰਮਤਿ ਬਾਰੇ ਸਵਾਲ ਪੁੱਛਣਾ ਬਹੁਤ ਜਰੂਰੀ ਹੈ। ਨੀਚੇ ਕੁੱਝ ਸਵਾਲ ਹਨ, ਉਦਾਹਰਣ ਹਨ ਜਿਹਨਾਂ ਦੇ ਜਵਾਬ ਸਾਨੂੰ ਲੱਬਣੇ ਹਨ।
- ਸਿੱਖੀ ਦਾ ਵਿਸ਼ਾ ਕੀ ਹੈ ? ਗੁਰਸਿੱਖ ਦਾ ਅਸਲ ਕਾਰਣ ਸੰਸਾਰ ਵਿੱਚ ਜਨਮ ਲੈਣ ਦਾ ਕੀ ਹੈ?
- ਗੁਰਬਾਣੀ ਕਿਉਂ ਸੰਸਾਰ ਨੂੰ ਸੁਪਨਾ , ਤਮਾਸ਼ਾ ਕਹਿੰਦੀ ਹੈ, ਜਗ ਰਚਨਾ ਸਭ ਝੂਠ ਹੈ ਕਿਉਂ ਕਹਿੰਦੀ ਹੈ ?
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ || ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ || ( ਪੰਨਾ 1429)
ਇਹ ਸਵਾਲ ਵੀ ਗੁਰਬਾਣੀ ਵਿੱਚ ਹਨ ਅਤੇ ਜਵਾਬ ਵੀ ਗੁਰਬਾਣੀ ਵਿੱਚ ਹਨ, ਜੇਕਰ ਇਹ ਪੜ੍ਹ ਕੇ ਵੀ ਸਾਡੇ ਅੰਦਰ ਸਵਾਲ ਨਹੀ ਉੱਠਿਆ, ਕਿ ਅਸੀਂ ਤਾਂ ਇਹ ਸਭ ਸੱਚ ਮੰਨ ਰਹੇ ਹਾਂ, ਗੁਰਬਾਣੀ ਕਿਉਂ ਸੁਪਨਾ ਅਤੇ ਝੂਠ ਕਹਿ ਰਹੀ ਹੈ, ਤਾਂ ਮਤਲਬ ਅਸੀਂ ਸੁੱਤੇ ਪਏ ਪੜ੍ਹੀ ਜਾਨੇਂ ਹਾਂ, ਜਾਂ ਫਿਰ ਇਮਾਨਦਾਰੀ ਨਹੀ ਸਾਡੇ ਵਿੱਚ?
- ਗੁਰਬਾਣੀ ਕਹਿੰਦੀ ਹੈ ਆਤਮ ਖੋਜ ਕੀਤੇ ਬਿਨਾਂ ਭਰਮ ਨਹੀ ਦੂਰ ਹੋਣਾ। ਭਰਮ ਕੀ ਹੈ ? ਕੀ ਅਸੀਂ ਆਪਣੇ ਗਿਆਨੀ ਪਰਚਾਰਕਾਂ ਕੋਲੋ ਪੁੱਛਿਆ ਕਦੇ ਕਿ ਸਾਨੂੰ ਗੁਰਬਾਣੀ ਵਿੱਚੋਂ 5-7 ਪ੍ਰਮਾਣ ਦੇਕੇ ਦੱਸੋ ਭਰਮ ਕੀ ਹੈ?
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ॥( ਪੰਨਾ 684)
4. ਗੁਰਬਾਣੀ ਕਹਿੰਦੀ ਹੈ ਕੱਲੇ ਪੜ੍ਹਨ ਨਾਲ ਨਹੀ ਕੋਈ ਲਾਭ। ਪੜ੍ਹ ਕੇ ਖੋਜ ਕੇ ਬੁੱਝਣਾ ਹੈ, ਜੋ ਤੱਤ ਹੈ ਇਸ ਵਿੱਚ। ਫਿਰ ਤਾਂ ਗਿਣਤੀ ਕਰਕੇ ਕੀਤੇ ਪਾਠਾਂ ਦਾ ਵੀ ਲਾਭ ਨਹੀ। ਗੁਰਬਾਣੀ ਕਹਿ ਰਹੀ ਹੈ ਦੇਖੋ ਅੱਗੇ ਪ੍ਰਮਾਣ,
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥ ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥ ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥(ਪੰਨਾ 148)
ਗੁਰਬਾਣੀ ਕਹਿੰਦੀ ਇਹਨਾ ਅੱਖਰਾਂ ਵਿੱਚੋਂ ਖੋਜ ਕੇ ਬੁੱਝਣਾ ਹੈ।
ਏਨਾ ਅਖਰਾ ਮਹਿ ਜੋ ਗੁਰਮੁਖਿ ਬੂਝੈ ਤਿਸੁ ਸਿਰਿ ਲੇਖੁ ਨ ਹੋਈ ॥( ਪੰਨਾ 432)
ਇਹ ਜੋ ਸਵਾਲ ਹਨ, ਜਿੱਥੇ ਵੀ ਕਥਾਵਾਚਕ ਕਥਾ ਕਰਦੇ ਹਨ , ਉੱਥੇ ਆਪਣੀ ਮਰਜੀ ਦੀ ਕਥਾ ਕਰਨੀ ਛੱਡ ਕੇ ਸੰਗਤ ਨੂੰ ਇਹਨਾ ਸਵਾਲਾਂ ਦੇ ਜਵਾਬ ਦੇਣ ਪਰਚਾਰਕ ਅਤੇ ਗਿਆਨੀ। ਸੰਗਤ ਵੀ ਇਹ ਸਵਾਲ ਕਰੇ, ਇਸ ਤਰਾਂ ਵਿਚਾਰਾਂ ਨਾਲ ਗਿਆਨ ਵਧੇਗਾ। ਹੋਰ ਮੱਤਾਂ ਦੇ ਪਰਚਾਰਕ ਵੀ ਅੱਜ ਕੱਲ ਇਸੇ ਤਰਾਂ ਪਰਚਾਰ ਕਰ ਰਹੇ ਹਨ, ਸੰਗਤ ਵਿੱਚ ਮਾਈਕ ਦੇ ਦਿੰਦੇ ਹਨ, ਸੰਗਤ ਸਵਾਲ ਕਰਦੀ ਹੈ ਪਰਚਾਰਕਾਂ ਨੂੰ?
- ਗੁਰਬਾਣੀ ਨੇ ਸਾਨੂ ਗਿਆਨ ਮਾਰਗ ਦੱਸਿਆ ਹੈ, ਗੁਰਬਾਣੀ ਵਿੱਚ ਬ੍ਰਹਮਗਿਆਨ ਹੈ। ਗੁਰਸਿੱਖ ਤਾਂ ਉਹੀ ਹੈ ਜੋ ਗਿਆਨ ਲੈ ਰਿਹਾ ਹੈ, ਗੁਰ ਕੀ ਮਤਿ ਲੈ ਰਿਹਾ ਹੈ, ਜੇਕਰ ਮੱਥਾ ਟੇਕਣ ਤੱਕ ਸੀਮਿਤ ਹੈ , ਅਤੇ ਗੁਰੂ ਤੋਂ ਗਿਆਨ ਨਹੀ ਲੈ ਰਿਹਾ, ਫਿਰ ਪਾਸ ਵੀ ਨਹੀ ਹੁੰਦਾ। ਕਿਸੇ ਸਕੂਲ ਦਾ student, ਕੱਲੀ ਵਰਦੀ ਪਾਈ ਫਿਰੇ ਅਤੇ ਪੜ੍ਹਾਈ ਕਰੇ ਨਾਂ, ਉਹ ਫੇਲ ਵੀ ਹੋਵੇਗਾ ਅਤੇ ਆਪਣੇ ਆਪ ਨੂੰ ਧੋਖਾ ਦੇ ਰਿਹਾ ਹੈ।
- ਕੀ ਰੱਬ ਨੂੰ ਸਾਡੀ ਭਗਤੀ ਦੀ ਲੋੜ ਹੈ? ਜਿਸਨੇ ਸ੍ਰਿਸਟੀ ਦੀ ਰਚਨਾ ਕੀਤੀ, ਜਿਸ ਸ੍ਰਿਸਟੀ ਵਿੱਚ ਧਰਤੀ ਦੀ ਹੋਂਦ ਇੱਕ ਤਿਲ ਬਰਾਬਰ ਵੀ ਨਹੀਂ, ਉਸ ਸ੍ਰਿਸਟੀ ਵਿੱਚ ਧਰਤੀ ਦੇ ਇੱਕ ਹਿੱਸੇ ਵਿੱਚ ਬੈਠੇ ਮਨੁੱਖ ਦੀ ਭਗਤੀ ਤੋਂ ਪਰਮੇਸਰ ਨੇ ਕੀ ਲੈਣਾ? ਲੋੜ ਸਾਡੀ ਹੈ, ਅਸੀਂ ਆਪਣੇ ਆਪ ਨੂੰ ਸਮਝਣਾ ਸੀ। ਪਰਮੇਸਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਕਿਸੇ ਦੇ ਵੱਸ ਵਿੱਚ ਨਹੀਂ ਹੋ ਸਕਦਾ ਇਹ ਤਾਂ ਗੁਰਬਾਣੀ ਕਹਿ ਰਹੀ ਹੈ। ਫੇਰ ਕੀ ਲੱਭਦੇ ਹਾਂ ਅਸੀਂ। ਜਦੋਂ ਕਬੀਰ ਜੀ ਆਖਦੇ ਹਨ “ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ॥੮੭॥” ਕੌਣ ਮਿਲਿਆ ਕਬੀਰ ਜੀ ਨੂੰ, ਕਿੱਥੇ ਤੇ ਕਿਵੇਂ? ਜੋ ਨਿਰਗੁਣ ਸਰੂਪ ਹੈ, ਨਿਰਾਕਾਰ ਹੈ, ਅਥਾਹ ਹੈ, ਕਿਵੇਂ ਮਿਲਦਾ? ਕਿਹੜੀ ਵਸਤ ਗੁਰ ਬੇ ਕਬੀਰ ਨੂੰ ਦਿੱਤੀ ਜਿਹੜੀ ਉਹਨਾਂ ਅੱਗੇ ਸੰਸਾਰ ਨੂੰ ਦਿੱਤੀ? “ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ॥ ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ॥ ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ॥”
- ਕੀ ਅਸੀਂ ਗੁਰੂ ਨੂੰ ਏ ਟੀ ਐਮ ਤਾਂ ਨਹੀਂ ਸਮਝ ਲਿਆ? ਕੇ ਬਸ ਪੈਸੇ ਪਾਓ ਤੇ ਮਨ ਚਾਹੀ ਵਸਤੂ ਮੰਗ ਲਵੋ। ਕੇਵਲ ਸੰਸਾਰੀ ਵਸਤੂਆਂ ਹੀ ਮੰਗੀ ਜਾਂਦੇ ਹਾਂ। ਗੁਰਬਾਣੀ ਤਾਂ ਮੰਨਦੀ ਹਰੇਕ ਜੀਵ ਰਾਜਾ ਹੈ ਅਗਿਆਨ ਦੀ ਨੀਂਦ ਵਿੱਚ ਸੁੱਤਾ ਭਿਖਾਰੀ ਬਣਿਆ ਹੋਇਆ ਹੈ “ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ॥ ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ॥੨॥”, ਕੀ ਸਾਨੂੰ ਸਮਝ ਹੈ ਕੇ ਮੰਗਣਾ ਕੀ ਹੈ ਤੇ ਮਿਲਣਾ ਕੀ ਹੈ? ਪਖੰਡ ਕੀ ਹੈ? ਭਗਤੀ ਤੇ ਪਖੰਡ ਦੇ ਕਿਹੜੇ ਫ਼ਰਕ ਗੁਰਬਾਣੀ ਨੇ ਦੱਸੇ ਹਨ?
- ਜਿਹੜੇ ਖੰਡੇ ਦੀ ਪਹੁਲ ਨੂੰ ਅੰਮ੍ਰਿਤ ਕਹਿ ਕੇ ਪ੍ਰਚਾਰ ਰਹੇ ਹਨ, ਉਹਨਾਂ ਕਦੇ ਵਿਚਾਰਿਆ ਕੇ ਗੁਰਬਾਣੀ ਆਖਦੀ ਕੇ ਅੰਮ੍ਰਿਤ ਪੀਣ ਵਾਲਾ ਸਦਾ ਰਹਿੰਦਾ ਕਦੇ ਮਰਦਾ ਨਹੀਂ “ਇਹੁ ਹਰਿ ਰਸੁ ਪਾਵੈ ਜਨੁ ਕੋਇ॥ ਅੰਮ੍ਰਿਤੁ ਪੀਵੈ ਅਮਰੁ ਸੋ ਹੋਇ॥ ਉਸੁ ਪੁਰਖ ਕਾ ਨਾਹੀ ਕਦੇ ਬਿਨਾਸ॥” ਉਹ ਕਿਹੜਾ ਅੰਮ੍ਰਿਤ ਹੈ ਜਿਸਦੀ ਗਲ ਗੁਰਬਾਣੀ ਕਰ ਰਹੀ ਹੈ?
- ਕੇਵਲ ਗੁਰਬਾਣੀ ਪੜ੍ਹਨ ਜਾ ਗਾਉਣ ਨਾਲ ਗਿਆਨ ਹੋ ਜਾਣਾ? ਬਾਣੀ ਰੱਟਣ ਨਾਲ ਕੀ ਹੋਣਾ? ਗੁਰਬਾਣੀ ਕਿਉਂ ਆਖਦੀ “ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ॥੧॥”
- ਬਾਣੀ ਰਾਗਾਂ ਵਿੱਚ ਲਿਖੀ ਹੈ। ਗਾਈਣ ਨੂੰ ਕੀਰਤਨ ਆਖਦੇ ਹਾਂ ਤੇ ਫੇਰ ਗੁਰਬਾਣੀ ਕਿਉਂ ਆਖਦੀ “ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ॥”
- ਸਾਨੂੰ ਇੱਕ ਸ਼ਬਦ ਦੇ ਉਚਾਰਨ ਨਾਲ ਕੀ ਲਾਭ? ਬਾਰ ਬਾਰ ਇਕ ਸ਼ਬਦ ਬੋਲਣ ਵਾਲੇ ਨੂੰ ਸਬਦੀ ਆਖਦੇ ਹਨ ਤੇ ਗੁਰਬਾਣੀ ਆਖਦੀ “ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ॥੩॥“, ਨਾਰਦੀ ਭਗਤੀ ਕਿਹੜੀ ਹੁੰਦੀ ਹੈ?
- ਗੁਰਬਾਣੀ ਆਖਦੀ “ਮਨ ਅੰਤਰਿ ਬੋਲੈ ਸਭੁ ਕੋਈ॥ ਮਨ ਮਾਰੇ ਬਿਨੁ ਭਗਤਿ ਨ ਹੋਈ॥੨॥ ਕਹੁ ਕਬੀਰ ਜੋ ਜਾਨੈ ਭੇਉ॥ ਮਨੁ ਮਧੁਸੂਦਨੁ ਤ੍ਰਿਭਵਣ ਦੇਉ॥”, ਮਨ ਕੀ ਹੈ? ਮਨ ਕਿਵੇਂ ਤੇ ਕਿਉਂ ਮਾਰਨਾ? “ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥” – ਗੁਰਮਤਿ ਰੱਬ ਖੋਜ ਮਾਰਗ ਨਹੀਂ ਮਨ ਖੋਜ ਮਾਰਗ ਹੈ। “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥੪॥”
- ਜੇਕਰ ਸੱਚੇ ਗੁਰਸਿੱਖ ਹਾਂ ਅਸੀਂ ਫਿਰ ਸਾਨੂੰ ਪਤਾ ਹੋਣਾ ਚਾਹੀਦਾ ਜੋ ਸਾਨੂੰ ਸਾਡਾ ਟਾਰਗੇਟ ਗੁਰਬਾਣੀ ਦੱਸਦੀ ਹੈ, ਉਹ ਹੈ ਪਰਮਤੱਤ ਦੀ ਪ੍ਰਾਪਤੀ। ਜੇ ਅਸੀਂ ਇਮਾਨਦਾਰ ਹਾਂ, ਤਾਂ ਸਾਡੇ ਅੰਦਰ ਸਵਾਲ ਪੈਦਾ ਹੋਣਗੇ, ਕਿ ਜੋ ਗੁਰਬਾਣੀ ਕਹਿ ਰਹੀ ਹੈ ਸੱਚ ਹੈ, ਲੇਕਿਨ ਸਾਨੂੰ ਇਹ ਪਤਾ ਨਹੀ। ਜੇ ਪਤਾ ਲੱਗੇ ਫਿਰ ਉਸ ਇਮਾਨਦਾਰੀ ਵਿੱਚੋਂ ਇਹਨਾ ਸਭ ਸਵਾਲਾਂ ਦੇ ਉੱਤਰ ਖੋਜਣ ਦੀ ਭੁੱਖ ਪੈਦਾ ਹੋਵੇਗੀ, ਇਸ ਗਿਆਨ ਦੀ ਭੁੱਖ ਪੈਦਾ ਹੋਵੇਗੀ।
- ਜਿਸਨੂੰ ਭੁੱਖ ਨਹੀ ਲਗਦੀ ਉਹ ਅਭਾਗਾ ਹੈ, ਸਾਡੇ ਬਾਹਰਲੇ ਸ਼ਰੀਰ ਨੂੰ ਜੇਕਰ ਰੋਟੀ ਦੀ ਭੁੱਖ ਨਾਂ ਲੱਗੇ ਤਾਂ ਡਾਕਟਰ ਤੋਂ ਭੁੱਖ ਦੀ ਦਵਾਈ ਲੈਣ ਜਾਂਦੇ ਹਾਂ। ਇਸ ਆਤਮਾ ਦੇ ਖਾਣ ਵਾਲੇ ਗਿਆਨ ਰੂਪੀ ਭੋਜਨ ਦੀ ਭੁੱਖ ਬਾਰੇ ਵੀ ਸਾਨੂੰ ਆਪਣੇ ਅੰਦਰ ਦੇਖਣਾ ਚਾਹੀਦਾ। ਗੁਰਬਾਣੀ ਆਖਦੀ “ਭੋਜਨ ਗਿਆਨੁ ਮਹਾ ਰਸੁ ਮੀਠਾ॥ ਜਿਨਿ ਚਾਖਿਆ ਤਿਨਿ ਦਰਸਨੁ ਡੀਠਾ॥ ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ॥੧੬॥” ਕਿਸਦਾ ਦਰਸ਼ਨ ਹੋਣਾ? ਗਿਆਨ ਦੇ ਭੋਜਨ ਦਾ ਲੰਗਰ ਕਿੱਥੇ ਤੇ ਕਿਵੇਂ ਲੱਗਦਾ?
ਇਸ ਆਤਮ ਗਿਆਨ ਦੀ ਭੁੱਖ ਲੱਗਣ ਤੇ ਹੀ ਮਨ ਰਾਗੀ ਤੋਂ ਬੈਰਾਗੀ ਹੁੰਦਾ ਹੈ, ਉਦਾਸ ਹੁੰਦਾ ਹੈ ਸੰਸਾਰ ਤੋ, ਅਤੇ ਅੱਗੇ ਜਾਕੇ ਬੈਰਾਗੀ ਤੋਂ ਅਨੁਰਾਗੀ ਹੁੰਦਾ ਹੈ। ਇੱਥੋਂ ਅਸਲ ਸਫਰ ਸ਼ੁਰੂ ਹੁੰਦਾ ਹੈ ਗੁਰਸਿਖ ਦਾ। ਜੇਕਰ ਇਹਦੇ ਬਾਰੇ ਨਹੀ ਵਿਚਾਰ ਰਹੇ ਅਸੀਂ ਤਾਂ ਗੁਰਮਤਿ ਮਾਰਗ ਉੱਤੇ ਸਫਰ ਸ਼ੁਰੂ ਹੀ ਨਹੀਂ ਕੀਤਾ।
ਸਵਾਲ ਪੁੱਛਣ ਵਾਲੇ ਨੂੰ ਨਾਸਤਿਕ ਆਖ ਦਿੰਦੇ ਹਨ। ਨਾਨਕ ਪਾਤਿਸ਼ਾਹ ਨੇ ਵੀ ਸਵਾਲ ਪੁੱਛੇ ਤੇ ਉਹਨਾਂ ਨੂੰ ਕੋਈ ਭੂਤਨਾ ਕੋਈ ਬੇਤਾਲਾ ਆਖਦਾ ਸੀ। ਜੇ ਸਵਾਲ ਨਹੀਂ ਉੱਠ ਰਹੇ? ਜੇ ਗੁਰਬਾਣੀ ਸੁਣ, ਪੜ੍ਹ, ਗਾ ਅਤੇ ਵਿਚਾਰ ਕੇ ਕੁੱਝ ਗਿਆਨ ਨਹੀਂ ਉਪਜ ਰਹਿਆ ਤਾਂ ਗੁਰਬਾਣੀ ਦਾ ਫੁਰਮਾਨ ਹੈ “ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ॥ ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ॥”। ਸੋ ਭਾਈ ਸਿੱਖ ਲਈ ਤਾਂ ਗਿਆਨ ਅਤੇ ਗਿਆਨ ਦੀ ਵਿਚਾਰ ਤੋਂ ਬਾਹਰ ਕੁੱਝ ਵੀ ਨਹੀਂ ਹੈ। ਸਿੱਖ ਨੇ ਸਵਾਲ ਪੁੱਛਣੇ ਹਨ। ਜਵਾਬ ਵੀ ਲੱਭਣੇ ਹਨ ਗੁਰਬਾਣੀ ਵਿੱਚੋਂ। ਗੁਰਮਤਿ ਲੈਣ ਲਈ ਆਪਣੀ ਕਾਇਆ ਨੂੰ ਨਿਰਮਲ ਕਰਨ ਲਈ।