Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੰਜੋਗ ਅਤੇ ਵਿਜੋਗ 

ਸੰਜੋਗ ਦਾ ਸ਼ਬਦੀ ਅਰਥ ਹੈ ਕਿਸੇ ਘਟਨਾ ਦਾ ਹੋ ਜਾਣਾ, ਮਿਲਾਪ, ਯੋਗਤਾ ਨਾਲ ਬਣਿਆ ਸੰਬੰਧ ਜਾਂ ਕਿਸੇ ਚੀਜ਼ ਦਾ ਸਹੀ ਸਮੇਂ ਤੇ ਮਿਲ ਜਾਣਾ। ਪੰਜਾਬੀ ਵਿੱਚ ਇਹ ਸ਼ਬਦ ਅਕਸਰ ਕਿਸੇ ਅਚਾਨਕ ਪਰ ਅਰਥਪੂਰਨ ਮਿਲਾਪ, ਕਿਸਮਤ ਦੇ ਬਣੇ ਰਾਹ, ਜਾਂ ਜੀਵਨ ਵਿੱਚ ਆਏ ਸੁਖਦਾਈ ਮੌਕੇ ਲਈ ਵਰਤਿਆ ਜਾਂਦਾ ਹੈ। ਕੁੱਝ ਲੋਕ ਇਸਨੂੰ ਵਿਆਹ ਲਈ ਰਿਸ਼ਤਿਆਂ ਲਈ ਟੇਵੇ ਮਿਲਾ ਕੇ ਵੀ ਵੇਖਦੇ ਹਨ। ਵਿਜੋਗ ਦਾ ਅਰਥ ਹੈ ਵਿੱਛੋੜਾ, ਦੂਰ ਹੋ ਜਾਣਾ, ਮਿਲਾਪ ਦਾ ਟੁੱਟ ਜਾਣਾ, ਜਾਂ ਕਿਸੇ ਪਿਆਰੇ ਤੋਂ ਅਲੱਗ ਹੋਣ ਦੀ ਅਵਸਥਾ। ਇਹ ਸ਼ਬਦ ਅਕਸਰ ਮਨੁੱਖੀ ਸੰਬੰਧਾਂ ਵਿੱਚ ਦੁੱਖ, ਖਾਲੀਪਨ ਅਤੇ ਜੁਦਾਈ ਦੀ ਭਾਵਨਾ ਦਰਸਾਉਂਦਾ ਹੈ ਜਿੱਥੇ ਸੰਜੋਗ ਮਿਲਾਪ ਹੈ, ਉੱਥੇ ਵਿਜੋਗ ਵਿੱਛੋੜਾ। ਗੁਰਬਾਣੀ ਵਿੱਚ “ਸੰਜੋਗ” ਅਤੇ “ਵਿਜੋਗ” ਸਿਰਫ਼ ਮਿਲਣ ਅਤੇ ਵਿਛੁੜਣ ਦੇ ਆਮ ਸ਼ਬਦ ਨਹੀਂ ਹਨ। ਇਹ ਮਨੁੱਖੀ ਜੀਵਨ, ਸੰਸਾਰਕ ਸੰਬੰਧਾਂ, ਆਤਮਕ ਅਵਸਥਾ ਅਤੇ ਪਰਮੇਸਰ ਦੇ ਹੁਕਮ ਅਧੀਨ ਚੱਲ ਰਹੀ ਸਾਰੀ ਰਚਨਾ ਦੇ ਡੂੰਘੇ ਭੇਦ ਨੂੰ ਖੋਲ੍ਹਦੇ ਹਨ। ਸੰਜੋਗ ਦਾ ਗੁਰਮਤਿ ਅਰਥ ਬਣਦਾ ਹੈ ਉਸ ਏਕ ਪਰਮੇਸਰ ਨਾਲ ਮਿਲਨ ਜਾਂ ਹੋਰ ਗਹਿਰਾਈ ਨਾਲ ਸੋਚੀਏ ਤਾਂ ਉਸਦੇ ਗੁਣਾਂ ਨੂੰ ਹਾਸਿਲ ਕਰਕੇ ਉਸ ਵਿੱਚ ਹੀ ਰਮ ਜਾਣਾ ਉਸ ਵਿੱਚ ਸਮਾ ਜਾਣਾ ਜਾ ਉਸ ਵਰਗਾ ਹੋ ਜਾਣਾ। ਜਦੋਂ ਗੁਰਮਤਿ ਦੀ ਸਮਝ ਲੱਗਣੀ ਸ਼ੁਰੂ ਹੁੰਦੀ ਹੈ ਤਾਂ ਸਬ ਤੋਂ ਪਹਿਲਾਂ ਇਹ ਮਹਿਸੂਸ ਹੁੰਦਾ ਹੈ ਕੇ ਅਸੀਂ ਉਸ ਤੋਂ ਵਿਛੜੇ ਹੋਏ ਹਾਂ ਜਾਂ ਵਿਛੜ ਗਏ ਹਾਂ, ਜਦੋਂ ਸਮਝ ਲੱਗ ਜਾਂਦੀ ਹੈ ਤਾਂ ਵਿਜੋਗ ਦਾ ਆਭਾਸ ਹੁੰਦਾ ਹੈ। ਲਗਦਾ ਹੈ ਕੇ ਉਸ ਨਾਲ ਫੇਰ ਤੋਂ ਮਿਲਾਪ ਕਿਵੇਂ ਹੋਵੇ। ਗੁਰਬਾਣੀ ਇੱਕ ਬਹੁਤ ਗਹਿਰਾ ਭੇਦ ਸਾਡੇ ਲਈ ਖੋਲਦੀ ਹੈ ਜਿਸ ਨੂੰ ਅਸੀਂ ਇਸ ਲੇਖ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ।

ਗੁਰਬਾਣੀ ਦੀ ਨਜ਼ਰ ਵਿੱਚ ਮਿਲਾਪ, ਵਿਛੋੜਾ ਅਤੇ ਹੁਕਮ ਕੀ ਹਨ ਆਓ ਵੀਚਾਰੀਏ।

ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥ ਆਦੇਸੁ ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ॥ (ਪੰਨਾ ੬, ਜਪੁ, ਗੁਰੂ ਨਾਨਕ ਦੇਵ ਜੀ) – ਇਸ ਪੰਕਤੀ ਵਿੱਚ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਸੰਜੋਗ ਅਤੇ ਵਿਜੋਗ ਦੋਵੇਂ ਹੀ ਜੀਵਨ ਦੇ ਚੱਲਣ ਵਾਲੇ ਨੀਅਮ ਹਨ। ਜੀਵ ਆਪਣੇ ਭਾਗ ਅਤੇ ਲੇਖ ਅਨੁਸਾਰ ਹੀ ਮਿਲਾਪ ਅਤੇ ਵਿਛੋੜੇ ਦੇ ਅਨੁਭਵਾਂ ਵਿੱਚੋਂ ਲੰਘਦਾ ਹੈ। ਜੀਵ ਨੂੰ ਆਦੇਸ ਹੈ ਕੇ ਇਹ ਸਮਝ ਲੈ ਕੇ ਜੋ ਪਿਰ ਹੈ, ਪ੍ਰਭ ਹੈ ਜਿਸ ਵਰਗਾ ਤੂੰ ਗੁਣਾ ਨੂੰ ਪ੍ਰਾਪਤ ਕਰ ਕੇ ਹੋਣਾ ਹੈ ਉਹ ਆਪ ਸਦਾ ਤੋਂ ਹੈ, ਕਦੇ ਬਦਲਦਾ ਨਹੀਂ, ਉਸ ਉਤੇ ਕੋਈ ਦਾਗ ਨਹੀਂ ਹੈ, ਉਸਦੀ ਹੱਦ ਨਹੀਂ ਬੰਨੀ ਜਾ ਸਕਦੀ ਉਹ ਬਿਅੰਤ ਹੈ, ਤੇ ਉਹ ਏਕੇ ਦੇ ਵੇਸ ਵਿੱਚ ਹੈ, ਏਕਾ ਸਮਝਣ ਲਈ ਵੇਖੇ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ” । ਉਸ ਵਿੱਚ ਬਦਲਾਓ ਨਹੀਂ ਹੁੰਦਾ। ਤੂੰ ਇਸ ਸੰਜੋਗ ਕਾਰਣ ਅਤੇ ਤੇਰੇ ਅੰਦਰ ਉਸ ਦੇ ਵਿਜੋਗ ਕਾਰਨ ਹੀ ਸਾਰੇ ਕਾਰੇ/ਕੰਮ/ਕਰਮ ਕਰਦਾ ਹੈਂ। ਤੈਨੂੰ ਹੁਕਮ ਸਮਝ ਕੇ ਥਿਰ ਹੋਣਾ ਹੈ। ਨਾਨਕ ਪਾਤਿਸ਼ਾਹ ਆਖਦੇ ਹਨ ਜੋ ਕੁੱਝ ਵੀ ਅਸੀਂ ਪਾਇਆ ਜਿਵੇਂ ਸਰੀਰ, ਕਾਇਆ, ਵਿਕਾਰ, ਮਾਇਆ ਆਦਿਕ ਇਹ ਸਬ ਅਸੀਂ ਉਹ ਏਕਾ ਵਾਰ ਕੇ ਹੀ ਪਾਇਆ ਹੈ। ਤੇ ਮੁੜ ਉਸ ਵਿਛ ਸਮਾਉਣ ਲਈ ਗੁਣ ਦੱਸੇ ਹਨ ਪੂਰੀ ਹੀ ਗੁਣ ਬਾਣੀ ਵਿੱਚ।

ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ॥ ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ॥ ਮੂਰਖੁ ਭੋਗੇ ਭੋਗੁ ਦੁਖ ਸਬਾਇਆ॥ (ਪੰਨਾ ੧੩੯, ਰਾਗੁ ਮਾਝ, ਗੁਰੂ ਨਾਨਕ ਦੇਵ ਜੀ) – ਹੰਸ ਰੂਪੀ (ਨਿਰ ਮਲ, ਮਲ ਰਹਿਤ, ਸੁੰਦਰ, ਬੇਦਾਗ) ਕਾਇਆ ਪਰਮੇਸਰ ਦੇ ਗੁਣ ਗ੍ਰਹਣ ਕਰਨ ਵਾਲੇ ਸੰਜੋਗ ਦੇ ਕਾਰਣ ਹੀ ਮਿਲਿਆ। ਇੱਥੇ ਵਿਜੋਗੁ ਨੂੰ ਵੀ ਉਸੇ ਕਰਤਾਰ ਦੀ ਰਚਨਾ ਦੱਸਿਆ ਗਿਆ ਹੈ। ਜਿਸ ਨੇ ਜੀਵਨ ਬਣਾਇਆ ਹੈ। ਇਸ ਨਾਲ ਗੁਰਬਾਣੀ ਸਿਖਾਉਂਦੀ ਹੈ ਕਿ ਵਿਛੋੜਾ ਵੀ ਬੇਮਤਲਬ ਨਹੀਂ, ਸਗੋਂ ਹੁਕਮ ਦਾ ਹਿੱਸਾ ਹੈ। ਮੂਰਖ ਭਾਵ ਅਗਿਆਨੀ, ਮਨਮੁੱਖ, ਜਿਸਦਾ ਧਿਆਨ ਗੁਣਾਂ ਨੂੰ ਛੱਡ ਅਗਿਆਨਤਾ ਵੱਲ ਹੈ ਉਹ ਭੋਗ ਦੀਆਂ ਵਸਤੂਆਂ ਭੋਗਦੇ ਹੋਏ ਵੀ ਦੁਖੀ ਰਹਿੰਦਾ ਹੈ ਕਿਉਂਕੀ ਹੁਕਮ ਦੀ ਸੋਝੀ ਨਹੀਂ। ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥– ਇਸ ਪੰਕਤੀ ਵਿੱਚ ਖੁਸ਼ੀ, ਸੋਗ ਅਤੇ ਵਿਜੋਗ ਤਿੰਨਾਂ ਨੂੰ ਇਕੋ ਹੀ ਰਚਨਾ ਦੇ ਅੰਗ ਵਜੋਂ ਵੇਖਿਆ ਗਿਆ ਹੈ ਜੋ ਉਪਾਏ ਤੇ ਖਪਾਏ ਭਾਵ ਮੁੱਕ ਜਾਣਾ ਵੀ ਉਸੇ ਏਕ ਦੇ ਹੁਕਮ ਅਨੁਸਾਰ ਹੁੰਦੇ ਦੱਸਿਆ ਹੈ। ਮਨੁੱਖ ਜਦੋਂ ਇਹ ਸਮਝ ਲੈਂਦਾ ਹੈ, ਤਦੋਂ ਉਹ ਚੱਲ ਰਹੇ ਭਾਣੇ ਵਿੱਚੋਂ ਦੁੱਖ ਸੁੱਖ ਦੀ ਵਿਚਾਰ ਵਿੱਚ ਫਸਣ ਦੀ ਥਾਂ ਉਨ੍ਹਾਂ ਦੇ ਅਰਥ ਨੂੰ ਸਮਝਣ ਲੱਗਦਾ ਹੈ ਤੇ ਭਾਣਾ ਮਿੱਠਾ ਕਰ ਕੇ ਮੰਨਣ ਲੱਗ ਜਾਦਾ ਹੈ। ਗੁਰਬਾਣੀ ਦੱਸਦੀ ਹੈ ਕਿ ਵਿਛੋੜੇ ਦੀ ਅਵਸਥਾ ਵਿੱਚ ਪਿਆ ਜੀਵ ਵੀ ਸੰਜੋਗ ਰਾਹੀਂ ਮੁੜ ਮਿਲਾਪ ਪ੍ਰਾਪਤ ਕਰ ਸਕਦਾ ਹੈ ਅੱਗੇ ਆਖਦੇ ਹਨ ਮੂਰਖ ਗਣਤ ਗਣਾਇ ਝਗੜਾ ਪਾਇਆ॥ ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ॥ ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ॥ – ਇੱਥੇ ਅਸਲ ਮੇਲ ਉਹ ਹੈ ਜੋ ਗੁਰਮਤਿ ਅਤੇ ਪ੍ਰਭੂ ਦੀ ਕਿਰਪਾ ਨਾਲ ਬਣਦਾ ਹੈ। ਮੂਰਖ ਇਹ ਸਮਝਦਾ ਨਹੀਂ ਤਾਂ ਵਿਜੋਗ ਵਿੱਚ ਫਸਿਆ ਝਗੜਾ ਪਾ ਲੈਂਦਾ ਹੈ। ਤੇ ਇਹ ਝਗੜਾ ਸਤਿ (ਸੱਚੇ) ਦੇ ਗੁਰ (ਗੁਣਾਂ) ਨਾਲ ਨਿਬੇੜਿਆ ਜਾਣਾ। ਹੈ ਇਹ ਗੁਰਪ੍ਰਸਾਦ ਦੇ ਅਧੀਨ ਤੇ ਜੋਰ ਨਾ ਮਂਗਣ ਤੇ ਹੋਣਾ ਨਾ ਦੇਣ ਤੇ। ਜੋਰ ਨਾਲ ਸੁਰਤ ਵਿੱਚ ਗਿਆਨ ਵਿਚਾਰ ਵੀ ਨਹੀਂ ਹੁੰਦੀ।

ਸਾਹਾ ਸੰਜੋਗੁ ਵੀਆਹੁ ਵਿਜੋਗੁ ॥ ਸਚੁ ਸੰਤਤਿ ਕਹੁ ਨਾਨਕ ਜੋਗੁ॥ (ਪੰਨਾ ੧੫੨, ਰਾਗੁ ਗਉੜੀ, ਗੁਰੂ ਨਾਨਕ ਦੇਵ ਜੀ) – ਇਸ ਡੂੰਘੀ ਪੰਕਤੀ ਵਿੱਚ ਜੀਵਨ ਦਾ ਸਾਰ ਦਿੱਤਾ ਗਿਆ ਹੈ। ਜਿੱਥੇ ਇੱਕ ਪਾਸੇ ਮਿਲਾਪ ਦਾ ਸਮਾਂ ਧੁਰੋਂ ਲਿਖਿਆ ਹੋਇਆ ਦੱਸਿਆ ਹੈ, ਉੱਥੇ ਹੀ ਵਿਜੋਗ ਨੂੰ ਵਿਛੋੜੇ ਨੂੰ ਹਕੀਕਤ ਵੀ ਨਾਲ-ਨਾਲ ਦੱਸਿਆ ਹੈ। ਗੁਰਬਾਣੀ ਸੰਜੋਗ ਤੇ ਵਿਜੋਗ ਨੂੰ ਦੇਖਣ ਦੀ ਸਾਡੀ ਬਿਰਤੀ ਹੀ ਬਦਲ ਦਿੰਦੀ ਹੈ। ਸੰਸਾਰ ਦਾ ਹਰ ਸੰਬੰਧ ਅਸਥਿਰ ਹੈ। ਸੱਚ ਵਲ ਨਿਰੰਤਰ ਧਿਆਨ ਰੱਖਣਾ ਹੀ ਅਸਲ ਵਿੱਚ ਜੋਗ ਹੈ ਧਿਆਨ ਹੈ। ਜਿਗ ਬਾਰੇ ਹੋਰ ਸਮਝਣ ਲਈ ਵੇਖੋ “ਗੁਰਬਾਣੀ ਵਾਲਾ ਜੋਗ”।

ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥ (ਪੰਨਾ ੪੪੫, ਰਾਗੁ ਆਸਾ, ਗੁਰੂ ਰਾਮਦਾਸ ਜੀ) – ਗੁਰੂ ਸਾਹਿਬ ਆਖਦੇ ਸਾਧੂ ਦੀ ਚਰਨ ਧੂੜ ਮਿਲ ਜਾਵੇ ਤਾਂ ਮਨ ਵਿੱਚ ਕਿਸੇ ਕਿਸਮ ਦੇ ਸੋਗ ਅਤੇ ਵਿਛੋੜੇ ਦੀ ਭਾਵਨਾ ਖਤਮ ਹੋ ਜਾਂਦੀ ਹੈ। ਸਾਧੂ ਹੈ ਸਾਧਿਆ ਹੋਇਆ ਮਨ ਵਾਲੀ ਅਵਸਥਾ ਜਦੋਂ ਮਨ ਦੇ ਵਿਕਾਰ, ਫੁਰਨੇ ਕਾਬੂ ਵਿੱਚ ਹੋਣ “ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ॥”, ਸਾਧੂ ਦੀ ਰੇਣ ਹੈ ਉਸਦੇ ਗੁਣ। ਇਸ ਪੰਕਤੀ ਵਿੱਚ ਨਾਮ (ਸੋਝੀ) ਨਾਲ ਜੁੜਨ ਨੂੰ ਉਹ ਅਵਸਥਾ ਦੱਸਿਆ ਗਿਆ ਹੈ ਜਿੱਥੇ ਮਨ ਦਾ ਸੋਗ ਅਤੇ ਵਿਜੋਗ ਦੂਰ ਹੋ ਜਾਂਦਾ ਹੈ। ਗੁਰਬਾਣੀ ਇੱਥੇ ਵਿਛੋੜੇ ਦੇ ਇਲਾਜ ਵਜੋਂ ਨਿਮਰਤਾ, ਮਨ ਦੇ ਨਿਰਮਲ ਅਤੇ ਗੁਣ ਮੰਗਣ ਦੀ ਭਾਵਨਾ ਰੱਖਦੀ ਹੈ।

ਵਿਸਮਾਦੁ ਪਉਣੁ ਵਿਸਮਾਦੁ ਪਾਣੀ॥ ਵਿਸਮਾਦੁ ਅਗਨੀ ਖੇਡਹਿ ਵਿਡਾਣੀ॥ ਵਿਸਮਾਦੁ ਧਰਤੀ ਵਿਸਮਾਦੁ ਖਾਣੀ॥ ਵਿਸਮਾਦੁ ਸਾਦਿ ਲਗਹਿ ਪਰਾਣੀ॥ ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ॥ਵਿਸਮਾਦੁ ਭੁਖ ਵਿਸਮਾਦੁ ਭੋਗੁ॥ ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ॥ ਵਿਸਮਾਦੁ ਉਝੜ ਵਿਸਮਾਦੁ ਰਾਹ॥ ਵਿਸਮਾਦੁ ਨੇੜੈ ਵਿਸਮਾਦੁ ਦੂਰਿ॥ ਵਿਸਮਾਦੁ ਦੇਖੈ ਹਾਜਰਾ ਹਜੂਰਿ॥ ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ॥ (ਪੰਨਾ ੪੬੪, ਰਾਗੁ ਆਸਾ, ਗੁਰੂ ਨਾਨਕ ਦੇਵ ਜੀ) – ਗੁਰੂ ਸਾਹਿਬ ਉਸ ਅਵਸਥਾ ਵਿੱਚ ਹਨ ਜਿਸ ਵਿਛ ਉਹਨਾਂ ਨੂੰ ਆਪਣੇ ਮੁਹਰੇ ਹੁਕਮ ਵਿੱਚ ਵਰਤ ਰਹਿਆ ਸਾਰਾ ਵਰਤਾਰਾ ਹੀ ਵਿਸਮਾਦਿਤ ਕਰ ਰਹਿਆ ਹੈ। ਭਗਤਾਂ ਦੀ ਇਹੀ ਅਵਸਥਾ ਹੈ ਇਹੀ ਨਿਸ਼ਾਨੀ ਹੈ ਕੇ ਭਗਤੀ ਕਰਦਿਆਂ ਹੁਕਮ ਮੰਨਦਿਆ ਸਬ ਪਰਮੇਸਰ ਦੀ ਖੇਡ ਨਜ਼ਰ ਆਉੰਦੀ ਹੈ। ਇਸ ਪੰਕਤੀ ਵਿੱਚ ਗੁਰੂ ਨਾਨਕ ਦੇਵ ਜੀ ਸੰਜੋਗ ਅਤੇ ਵਿਜੋਗ ਦੋਵੇਂ ਨੂੰ ਅਚਰਜਮਈ ਦਿਵਿਆ ਖੇਡ ਵਜੋਂ ਵੇਖਦੇ ਹਨ। ਮਿਲਾਪ ਵੀ ਅਦਭੁਤ ਹੈ ਅਤੇ ਵਿਛੋੜਾ ਵੀ, ਕਿਉਂਕਿ ਦੋਵੇਂ ਹੀ ਵੱਡੇ ਹੁਕਮ ਦਾ ਹਿੱਸਾ ਹਨ।

ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥ (ਪੰਨਾ ੫੦੯, ਰਾਗੁ ਗੂਜਰੀ, ਗੁਰੂ ਅਮਰਦਾਸ ਜੀ) – ਗੁਰੂ ਅਮਰਦਾਸ ਜੀ ਇੱਥੇ ਸਪਸ਼ਟ ਕਰਦੇ ਹਨ ਕਿ ਸੰਜੋਗ ਅਤੇ ਵਿਜੋਗ ਰਚਨਾ ਦੇ ਮੂਲ ਵਿੱਚ ਹੀ ਰੱਖੇ ਗਏ ਹਨ। ਇਹ ਸੰਸਾਰਕ ਵਿਵਸਥਾ ਦਾ ਹਿੱਸਾ ਹਨ, ਇਸ ਲਈ ਇਨ੍ਹਾਂ ਨੂੰ ਸਮਝਣਾ ਗੁਰਮਤ ਦੀ ਸਮਝ ਵੱਲ ਲੈ ਜਾਂਦਾ ਹੈ। ਜਿਵੇਂ ਸੁੱਖ ਦੁੱਖ, ਮਾਨ ਅਪਮਾਨ, ਪਾਪ ਪੁੰਨ, ਜੰਮਣਾ ਮਰਨਾ, ਦਿਨ ਰਾਤ ਇਹ ਸਬ ਸੰਸਾਰ ਦੀ ਰਚਨਾ ਸੰਸਾਰ ਦੀ ਖੇਡ ਦਾ ਹਿੱਸਾ ਹੈ। ਜੇ ਰਾਤ ਨਾ ਹੋਵੇ ਤਾਂ ਦਿਨ ਦੀ ਅਹਿਮੀਅਤ ਨਾ ਰਹੇ। ਜੇ ਦੁੱਖ ਨਾ ਹੋਵੇ ਸੁੱਖ ਦਾ ਆਭਾਸ ਨਹੀਂ ਰਹਿਣਾ। ਭਗਤ ਨੂੰ ਇਹਨਾਂ ਕਰਕੇ ਸੰਜੋਗ ਵਿਜੋਗ ਵੱਖਰੇ ਨਾ ਦਿਸ ਕੇ ਹੁਕਮ ਦਿਸਦੇ ਹਨ। ਇਸਨੂੰ ਸਮਝਾਉਂਦੇ ਹਨ ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥ (ਪੰਨਾ ੫੧੬, ਰਾਗੁ ਗੂਜਰੀ, ਗੁਰੂ ਅਮਰਦਾਸ ਜੀ) – ਇਸ ਪੰਕਤੀ ਵਿੱਚ ਦੱਸਿਆ ਗਿਆ ਹੈ ਕਿ ਜਿੱਥੇ ਮਨ ਅਡੋਲ ਆਤਮਕ ਅਵਸਥਾ ਵਿੱਚ ਟਿਕ ਜਾਂਦਾ ਹੈ, ਉੱਥੇ ਸੋਗ ਅਤੇ ਵਿਜੋਗ ਦਾ ਅਸਰ ਨਹੀਂ ਰਹਿੰਦਾ ਭਗਤ ਦੇ ਮਨ ਉੱਪਰ। ਅਸਲ ਠਹਿਰਾਉ ਅੰਦਰੂਨੀ ਜੋੜ ਵਿੱਚ ਹੈ, ਬਾਹਰੀ ਹਾਲਾਤਾਂ ਵਿੱਚ ਨਹੀਂ। ਭਗਤ ਨੂੰ ਇਹ ਪਤਾ ਹੁੰਦਾ ਹੈ ਹੈ ਕੇ ਅਸਥਿਰਤਾ ਵੀ ਹੁਕਮ ਵਿੱਚ ਹੀ ਚਲਦੇ ਰਹਿਣ ਦਾ ਨਾਮ ਹੈ ਜਿਵੇਂ ਉੱਪਰ ਆਪਾਂ ਗੱਲ ਕੀਤੀ।

ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥ (ਪੰਨਾ ੬੪੧, ਰਾਗੁ ਸੋਰਠਿ, ਗੁਰੂ ਅਰਜਨ ਦੇਵ ਜੀ) – ਇੱਥੇ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਸਿਰਫ਼ ਭੋਗਾਂ ਵਿੱਚ ਫਸੇ ਰਹਿਣ ਨਾਲ ਵਿਜੋਗੁ ਨਹੀਂ ਮੁੱਕਦਾ। ਇੱਦਾਂ ਵੀ ਸਮਝ ਲਵੋ ਕੇ ਪਰਮੇਸਰ ਨੂੰ ਭੋਗ ਲਵਾ ਕੇ ਵੀ ਵਿਜੋਗ ਨਹੀਂ ਉਤਰਨਾ। ਬਾਹਰੀ ਸੁਖ, ਪਦਾਰਥਾਂ ਦੀਬਪ੍ਰਾਪਤੀ ਮਨ ਦੇ ਅੰਦਰਲੇ ਵਿਛੋੜੇ ਨੂੰ ਖਤਮ ਨਹੀਂ ਕਰ ਸਕਦੇ। ਕੇਵਲ ਨਾਮ (ਸੋਝੀ) ਹੀ ਅਨੰਦ ਦੀ ਸਹਿਜ ਦੀ ਅਵਸਥਾ ਵਲ਼ ਜਾਣ ਦਾ ਮਾਰਗ ਹੈ। ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ॥੩॥ – ਆਖਦੇ ਜੋ ਗੁਰ (ਗੁਣ) ਨੂੰ ਪ੍ਰਾਪਤ ਕਰਦਿਆਂ ਉਧਾਰ ਹੋਣਾ ਹੈ ਉਸਨੂੰ ਹੀ ਧੁਰੋਂ ਪ੍ਰਾਪਤ ਸੰਜੋਗ ਪ੍ਰਾਪਤ ਹੋਣੇ।

ਸੰਜੋਗੁ ਵਿਜੋਗੁ ਧੁਰਹੁ ਹੀ ਹੂਆ॥ ਪੰਚ ਧਾਤੁ ਕਰਿ ਪੁਤਲਾ ਕੀਆ॥ ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ॥(ਪੰਨਾ ੧੦੦੭, ਰਾਗੁ ਮਾਰੂ, ਗੁਰੂ ਅਰਜਨ ਦੇਵ ਜੀ)– ਇਸ ਪੰਕਤੀ ਵਿੱਚ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਸੰਜੋਗ ਅਤੇ ਵਿਜੋਗ ਦੀ ਜੜ੍ਹ ਧੁਰ ਤੋਂ ਹੈ। ਪਰਮੇਸਰ ਨੇ ਅਕਾਲ ਨੇ ਇਹ ਧੁਰੋਂ ਕਿੱਖ ਕੇ ਮਨੁੱਖ ਦੀ ਬਣਤਰ ਬਣਾਈ ਹੈ। ਪੰਚ ਧਾਤ ਦੀ ਕਾਇਆ ਰੂਪੀ ਪੁਤਲਾ ਬਣਾ ਕੇ ਉਸ ਵਿੱਚ ਸੰਜੋਗ ਵਿਜੋਗ ਦੋਵੇਂ ਪਾਏ ਹਨ। ਇਸ ਲਈ ਮਨੁੱਖ ਨੂੰ ਅਹੰਕਾਰ ਛੱਡ ਕੇ ਇਸ ਵਿਵਸਥਾ ਨੂੰ ਸਮਝਣ ਦੀ ਲੋੜ ਹੈ। ਅਕਾਲ ਦੀ ਖੇਡ ਨੂੰ ਸਮਝਣ ਦੀ ਲੋੜ ਹੈ।

ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥ (ਪੰਨਾ ੧੦੧੦, ਰਾਗੁ ਮਾਰੂ, ਗੁਰੂ ਨਾਨਕ ਦੇਵ ਜੀ) – ਇਸ ਪੰਕਤੀ ਵਿੱਚ ਸੱਚ ਨਾਲ ਜੁੜਨ ਨੂੰ ਸੋਗ ਅਤੇ ਵਿਜੋਗ ਤੋਂ ਛੁਟਕਾਰਾ ਦੱਸਿਆ ਗਿਆ ਹੈ। ਜਦੋਂ ਮਨ ਸੱਚੇ ਭਾਵ ਵਿੱਚ ਟਿਕਦਾ ਹੈ, ਤਦੋਂ ਅੰਦਰਲਾ ਵਿਛੋੜਾ ਘਟਦਾ ਹੈ।

ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ॥ ਸ੍ਰਿਸਟਿ ਉਪਾਇ ਦੁਖਾ ਸੁਖ ਦੀਏ॥ ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ॥ (ਪੰਨਾ ੧੦੩੨, ਰਾਗੁ ਮਾਰੂ, ਗੁਰੂ ਨਾਨਕ ਦੇਵ ਜੀ) – ਇੱਥੇ ਗੁਰੂ ਨਾਨਕ ਦੇਵ ਜੀ ਸਿੱਧਾ ਨਿਸਚਾ ਦਿੰਦੇ ਹਨ ਕਿ ਮਿਲਾਪ ਅਤੇ ਵਿਛੋੜਾ ਪ੍ਰਭੂ ਦੇ ਕੀਤੇ ਹੋਏ ਹਨ। ਸੁੱਖ ਦੁੱਖ ਉਸਦੇ ਆਪਣੇ ਦਿੱਤੇ ਹੋਏ ਹਨ। ਇਹ ਸਮਝ ਮਨੁੱਖ ਨੂੰ ਸ਼ਿਕਵਾ ਛੱਡ ਕੇ ਭਾਣੇ ਵਿੱਚ ਰਹਿਣ ਦੀ ਸਿੱਖਿਆ ਦਿੰਦੀ ਹੈ। ਗੁਰਮੁਖ ਇਹ ਸਮਝ ਲੈਂਦੇ ਹਨ ਤੇ ਭਾਣੇ ਵਿੱਚ ਖੁਸ਼ ਰਹਿੰਦੇ ਹਨ।

ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥੮॥ (ਪੰਨਾ ੧੦੫੮, ਰਾਗੁ ਮਾਰੂ, ਗੁਰੂ ਅਮਰਦਾਸ ਜੀ) – ਇਸ ਪੰਕਤੀ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਸੰਜੋਗ ਅਤੇ ਵਿਜੋਗ ਕਰਤਾਰ ਦੇ ਲਿਖੇ ਹੋਏ ਹਨ ਅਤੇ ਮਨੁੱਖੀ ਚਲਾਕੀ ਇੱਥੇ ਨਹੀਂ ਚਲਦੀ। ਇਹ ਗੁਰਮਤ ਨੂੰ ਭਾਣੇ ਦੀ ਸਵੀਕਾਰਤਾ ਵੱਲ ਲੈ ਜਾਂਦੀ ਹੈ।

ਓਥੈ ਸੋਗੁ ਵਿਜੋਗੁ ਨ ਵਿਆਪੈ ਸਹਜੇ ਸਹਜਿ ਸਮਾਇਆ ॥੧੦॥ (ਪੰਨਾ ੧੦੬੮, ਰਾਗੁ ਮਾਰੂ, ਗੁਰੂ ਅਮਰਦਾਸ ਜੀ) – ਇੱਥੇ ਉਹ ਆਤਮਕ ਅਵਸਥਾ ਦਰਸਾਈ ਗਈ ਹੈ ਜਿੱਥੇ ਮਨ ਸਹਜ ਵਿੱਚ ਟਿਕ ਕੇ ਸੋਗ ਅਤੇ ਵਿਜੋਗ ਤੋਂ ਪਰੇ ਹੋ ਜਾਂਦਾ ਹੈ। ਅਸਲ ਮੁਕਤੀ ਅੰਦਰਲੇ ਸੰਤੁਲਨ ਅਤੇ ਸਹਜ ਵਿੱਚ ਹੈ। ਗੁਰਮਤਿ ਹੁਕਮ ਦੀ ਸੋਝੀ ਬਖਸ਼ ਕੇ ਮਨੁਖ ਨੂੰ ਸਹਿਜ ਵੀ ਲੈ ਜਾਂਦੀ ਹੈ ਫੇਰ ਸੰਜੋਗ ਵਿਜੋਗ ਦੀ ਫਿਕਰ ਮੁੱਕ ਜਾਂਦੀ ਹੈ।

ਇਹ ਵਿਚਾਰਨ ਵਾਲੀ ਗੱਲ ਹੈ ਕੇ ਸੰਜੋਗ ਵਿਜੋਗ ਤਾਂ ਚਲਦੇ ਹੀ ਰਹਿਣੇ ਹਨ ਜਿਵੇਂ ਗੁਰਬਾਣੀ ਦੀਆਂ ਪੰਕਤੀਆਂ ਅਸੀਂਬਉੱਪਰ ਵਿਚਾਰੀਆਂ ਹਨ। ਗੁਰਬਾਣੀ ਵਿੱਚ ਨਾਨਕ ਪਾਤਿਸਾਹ ਆਖਦੇ ਹਨ ਅਖਰਾ ਸਿਰਿ ਸੰਜੋਗੁ ਵਖਾਣਿ ॥ (ਪੰਨਾ ੪, ਜਪੁ, ਗੁਰੂ ਨਾਨਕ ਦੇਵ ਜੀ) – ਇਸ ਪੰਕਤੀ ਵਿੱਚ ਸੰਜੋਗੁ ਨੂੰ ਅਖਰ ਕਹਿਆ ਹੈ। ਅਖਰ ਤੋਂ ਭਾਵ ਕਦੇ ਨਾ ਖਰਨ ਵਾਲਾ ਭਾਵ ਕਦੇ ਮਿਟਾਇਆ ਨਾ ਜਾਣ ਵਾਲਾ। ਜੀਵਨ ਦੀ ਬਣਤਰ ਅਤੇ ਮਿਲਾਪ ਵੀ ਕਿਸੇ ਡੂੰਘੇ ਲਿਖੇ ਹੋਏ ਨਿਯਮ ਅਧੀਨ ਹਨ। ਬਸ ਇਹ ਸਮਝ ਲਵੋ ਕੇ ਅਸੀਂ ਹੁਕਮ ਵਿੱਚ ਚਲਣਾ ਹੈ ਤੇ ਚਲਾਉਣਾ ਕਿਸ ਨੇ ਹੈ? ਹੁਕਮੀ ਹੁਕਮੁ ਚਲਾਏ ਰਾਹੁ॥ ਨਾਨਕ ਵਿਗਸੈ ਵੇਪਰਵਾਹੁ॥ ਭਾਵ ਹੁਕਮੀ ਹੁਕਮ ਵਿੱਚ ਸਾਨੂੰ ਚਲਾ ਰਹਿਆ ਹੈ ਤੇ ਵਿਗਸੈ ਭਾਵ ਵਿਗਾਸ ਵਿੱਚ ਉਹ ਰਹਿੰਦਾ ਹੈ ਜੋ ਬੇਪਰਵਾਹ ਹੋਵੇ। ਸੰਜੋਗ ਵਿਜੋਗ ਦੀ ਪਰਵਾਹ ਨਾ ਕਰੇ ਜਾਣ ਲਵੇ ਕੇ ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ॥ ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ॥ – ਹੁਕਮ ਉਹੀ ਹੈ ਜੋ ਉਸਨੂੰ ਭਾ ਜਾਵੇ। ਉਹ ਜੋ ਕਿਸੇ ਨੂੰ ਪੁੱਛ ਵਿਚਾਰ ਕੇ ਕਿਸੇ ਦੀ ਸਲਾਹ ਲੈਕੇ ਹੁਕਮ ਨਹੀਂ ਕਰਦਾ। ਉਸਨੇ ਜੋ ਕੁਝ ਕਰਨਾ ਹੈ ਕਰੀ ਜਾਣਾ।

ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ॥ ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ॥ ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ॥ (ਪੰਨਾ ੬੩, ਸਿਰੀ ਰਾਗੁ, ਗੁਰੂ ਨਾਨਕ ਦੇਵ ਜੀ) – ਇੱਥੇ ਗੁਰਬਾਣੀ ਮਨਮੁਖ ਅਵਸਥਾ ਦੀ ਸੀਮਾ ਦੱਸਦੀ ਹੈ, ਜਿੱਥੇ ਮਨੁੱਖ ਸੰਜੋਗ ਨੂੰ ਸਿਰਫ਼ ਆਪਣੇ ਘਰ-ਪਰਿਵਾਰ ਅਤੇ ਸੰਸਾਰਕ ਰਿਸ਼ਤਿਆਂ ਤੱਕ ਹੀ ਸਮਝਦਾ ਹੈ। ਫੇਰ ਸੰਸਾਰੀ ਵਸਤੂਆਂ ਦੇਖ ਕੇ ਵਿਗਾਸ ਵੀ ਕਰਦਾ ਹੈ ਤੇ ਨਾਲੇ ਫੇਰ ਸੁਣਖ ਦੁੱਖ ਵੀ ਮੰਨੀ ਜਾਂਦਾ। ਗੁਰਮਤਿ ਇਸ ਤੋਂ ਉੱਚਾ ਆਤਮਕ ਅਰਥ ਖੋਲ੍ਹਦੀ ਹੈ। ਗੁਰਮੁੱਖ ਤਾਂ ਸ਼ਬਦ ਦੇ ਰੰਗ ਵਿੱਚ ਰੰਗੇ ਹੁੰਦੇ ਹਨ ਤੇ ਹਰਿ ਰੱਸ ਭਾਵ ਨਾਮ ਭਾਵ ਹੁਕਮ ਦੀ ਸੋਝੀ ਵਿੱਚ ਹਰਿ ਰੱਸ ਮਾਣਦੇ ਹਨ।

ਤੂੰ ਦਰੀਆਉ ਸਭ ਤੁਝ ਹੀ ਮਾਹਿ॥ ਤੁਝ ਬਿਨੁ ਦੂਜਾ ਕੋਈ ਨਾਹਿ॥ ਜੀਅ ਜੰਤ ਸਭਿ ਤੇਰਾ ਖੇਲੁ॥ ਵਿਜੋਗਿ ਮਿਲਿ ਵਿਛੁੜਿਆ ਸੰਜੋਗੀ ਮੇਲੁ॥ (ਪੰਨਾ ੩੬੫, ਰਾਗੁ ਆਸਾ, ਗੁਰੂ ਰਾਮਦਾਸ ਜੀ) – ਗੁਰਬਾਣੀ ਆਖਦੀ ਹੈ ਕੇ ਉਹ ਜੋਤ ਸਰੂਪ ਆਪ ਦਰੀਆ ਵਾਂਗ ਹੈ ਤੇ ਸਬ ਕੁੱਝ ਉਸਦੇ ਵਿੱਚ ਹੀ ਹੈ। ਸਾਡਾ ਜੀਵਨ ਵੀ ਸਮੁੰਦਰ ਦੀ ਹੀ ਬੂੰਦ ਵਾਂਗ ਹੈ ਇਹ ਅਸੀਂ ਪਹਿਲਾਂ ਦੂਜੇ ਲੇਖ ਵਿੱਚ ਵਿਚਾਰ ਚੁੱਕੇ ਹਾਂ। ਗੁਰਬਾਣੀ ਆਖਦੀ ਹੈ ਕੇ ਸਬ ਕੁੱਝ ਤੂੰ ਹੀ ਹੈ ਤੇ ਤੇਰੇ ਬਿਨਾਂ ਕੁੱਝ ਹੋਰ ਨਹੀਂ। ਸਬ ਗੋਬਿੰਦ ਹੈ। ਗੁਰਬਾਣੀ ਦੱਸਦੀ ਹੈ ਕਿ ਵਿਛੋੜੇ ਦੀ ਅਵਸਥਾ ਵਿੱਚ ਪਿਆ ਜੀਵ ਵੀ ਸੰਜੋਗ ਰਾਹੀਂ ਮੁੜ ਮਿਲਾਪ ਪ੍ਰਾਪਤ ਕਰ ਸਕਦਾ ਹੈ। ਅਸਲ ਮੇਲ ਉਹ ਹੈ ਜੋ ਗੁਰਮਤਿ ਅਤੇ ਪ੍ਰਭ ਦੀ ਕਿਰਪਾ ਨਾਲ ਬਣਦਾ ਹੈ। ਪ੍ਰੰਭ ਕੌਣ ਹੈ ਜਾਨਣ ਲਈ ਵੇਖੋ “ਠਾਕੁਰ ਅਤੇ ਪ੍ਰਭ”।

ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ॥ ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ॥ (ਪੰਨਾ ੨੧, ਸਿਰੀ ਰਾਗੁ, ਗੁਰੂ ਨਾਨਕ ਦੇਵ ਜੀ) – ਇਸ ਪੰਕਤੀ ਵਿੱਚ ਸੰਜੋਗ ਦਾ ਅਰਥ ਸਿਰਫ਼ ਬਾਹਰੀ ਮਿਲਾਪ ਨਹੀਂ, ਸਗੋਂ ਚੇਤਨਾ ਦਾ ਉੱਚਾ ਆਤਮਕ ਮੇਲ ਹੈ। ਜਦੋਂ ਸੁਰਤਿ ਉੱਚੀ ਹੋ ਕੇ ਜੋਤ ਨਾਲ ਜੁੜਦੀ ਹੈ, ਤਦੋਂ ਅਸਲ ਸੰਜੋਗ ਹੁੰਦਾ ਹੈ। ਅੱਗੇ ਆਖਦੇ ਹਨ ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥ (ਪੰਨਾ ੨੧, ਸਿਰੀ ਰਾਗੁ, ਗੁਰੂ ਨਾਨਕ ਦੇਵ ਜੀ) – ਇੱਥੇ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਜਿਸ ਦੇ ਮਨ ਵਿੱਚ ਹਰਿ ਵੱਸਦਾ ਹੈ, ਉਸ ਨੂੰ ਗੁਰੂ ਸੱਚੇ ਸੰਜੋਗ ਨਾਲ ਜੋੜਦਾ ਹੈ। ਇਹ ਮਿਲਾਪ ਮਨੁੱਖੀ ਜਤਨ ਨਾਲ ਨਹੀਂ, ਗੁਰਮੁਖਤਾ ਨਾਲ ਪ੍ਰਾਪਤ ਹੁੰਦਾ ਹੈ ਭਾਵ ਗੁਣਾਂ ਨੂੰ ਮੁੱਖ ਰਖਦਿਆਂ ਮਿਲਦਾ ਹੈ। ਗੁਰ ਮੁੱਖ ਜਾਂ ਗੁਣਾਂ ਨੂੰ ਮੁੱਖ ਰੱਖਣ ਤੋਂ ਭਾਵ ਹੈ ਗੁਣਾਂ ਨੂੰ ਹਰ ਵੇਲੇ ਚੇਤੇ ਰੱਖਣਾ ਧਿਆਨ ਵਿਛ ਰੱਖਣਾ।

ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥ (ਪੰਨਾ ੫੦੯, ਰਾਗੁ ਗੂਜਰੀ, ਗੁਰੂ ਅਮਰਦਾਸ ਜੀ) – ਗੁਰੂ ਅਮਰਦਾਸ ਜੀ ਇੱਥੇ ਸਪਸ਼ਟ ਕਰਦੇ ਹਨ ਕਿ ਸੰਜੋਗ ਅਤੇ ਵਿਜੋਗ ਰਚਨਾ ਦੇ ਮੂਲ ਵਿੱਚ ਹੀ ਰੱਖੇ ਗਏ ਹਨ। ਇਹ ਸੰਸਾਰਕ ਵਿਵਸਥਾ ਦਾ ਹਿੱਸਾ ਹਨ, ਇਸ ਲਈ ਇਨ੍ਹਾਂ ਨੂੰ ਸਮਝਣਾ ਗੁਰਮਤ ਦੀ ਸਮਝ ਵੱਲ ਲੈ ਜਾਂਦਾ ਹੈ।

ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ॥ ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥੮੦॥ (ਪੰਨਾ ੧੩੬੮, ਸਲੋਕੁ ਭਗਤ ਕਬੀਰ ਜੀਉ ਕੇ, ਭਗਤ ਕਬੀਰ ਜੀ) – ਭਗਤ ਕਬੀਰ ਜੀ ਇਸ ਪੰਕਤੀ ਵਿੱਚ ਸੰਸਾਰਕ ਮਿਲਾਪ ਦੀ ਅਸਥਿਰਤਾ ਦੱਸਦੇ ਹਨ। ਜਿਵੇਂ ਨਦੀ ਵਿੱਚ ਨਾਵਾਂ ਦਾ ਮਿਲਾਪ ਥੋੜ੍ਹੇ ਵੇਲੇ ਲਈ ਹੁੰਦਾ ਹੈ, ਤਿਵੇਂ ਸੰਸਾਰ ਦੇ ਰਿਸ਼ਤੇ ਵੀ ਸਦਾ ਲਈ ਨਹੀਂ ਰਹਿੰਦੇ।

ਦਸਮ ਬਾਣੀ ਵਿੱਚ ਦਸਮ ਪਾਤਿਸ਼ਾਹ ਆਖਦੇ ਹਨ

 ਸੰਜੋਗ ਨਾਮ ਸੂਰਮਾ ਅਖੰਡ ਏਕ ਜਾਨੀਐ॥ ਸੁ ਧਾਮਿ ਧਾਮਿ ਜਾਸ ਕੋ ਪ੍ਰਤਾਪ ਆਜ ਮਾਨੀਐ॥ ਅਡੰਡ ਔ ਅਛੇਦ ਹੈ ਅਭੰਗ ਤਾਸੁ ਭਾਖੀਐ॥ ਬਿਚਾਰ ਆਜ ਤਉਨ ਸੋ ਜੁਝਾਰ ਕਉਨ ਰਾਖੀਐ॥ (ਪੰਨਾ ੭੦੦, ਰੁਦ੍ਰ ਅਵਤਾਰ, ਗੁਰੂ ਗੋਬਿੰਦ ਸਿੰਘ ਜੀ) – ਦਸਮ ਬਾਣੀ ਦੀਆਂ ਇਹਨਾਂ ਪੰਕਤੀਆਂ ਵਿੱਚ “ਸੰਜੋਗ” ਨੂੰ ਇੱਕ ਅਖੰਡ, ਅਟੱਲ ਅਤੇ ਅਭੇਦ ਸ਼ਕਤੀ ਵਜੋਂ ਦਰਸਾਇਆ ਗਿਆ ਹੈ। ਇੱਕ ਐਸੀ ਰੂਹਾਨੀ ਤਾਕਤ ਜੋ ਸੂਰਮੇ ਦੀ ਤਰ੍ਹਾਂ ਅਡੋਲ ਰਹਿੰਦੀ ਹੈ ਅਤੇ ਜਿਸਦਾ ਪ੍ਰਭਾਵ ਹਰ ਧਾਮ, ਹਰ ਥਾਂ ਮਹਿਸੂਸ ਹੁੰਦਾ ਹੈ। ਦਸਮ ਪਾਤਿਸ਼ਾਹ ਫਰਮਾਉਂਦੇ ਹਨ ਕਿ ਸੰਜੋਗ ਨਾ ਟੁੱਟਣ ਵਾਲਾ ਹੈ, ਨਾ ਕੱਟਿਆ ਜਾ ਸਕਦਾ ਹੈ, ਨਾ ਹੀ ਕਦੇ ਖਤਮ ਹੁੰਦਾ ਹੈ, ਇਹ ਅਭੰਗ ਹੈ, ਸਦਾ ਕਾਇਮ ਰਹਿਣ ਵਾਲਾ। ਇਸ ਅਡੋਲ ਸੰਜੋਗ ਦੀ ਮਹਿਮਾ ਨੂੰ ਸਮਝਣ ਲਈ ਅੱਜ ਮਨਨ ਦੀ ਲੋੜ ਹੈ। ਸਮਝਣ ਦੀ ਲੋੜ ਹੈ ਇਹ ਅਕਾਲ ਦੇ ਹੁਕਮ ਵਾਂਗ ਹੈ ਭਾਵ ਅਕਾਲ ਦਾ ਹੁਕਮ ਹੀ ਹੈ ਧੁਰੋਂ ਲਿਖਿਆ ਕਿਉਂਕਿ ਜੇ ਮਨੁੱਖ ਵਿਚਾਰ ਨਾ ਕਰੇ, ਤਾਂ ਉਹ ਅਸਲ ਜੁਝਾਰੂਪਣ, ਅਸਲ ਹਿੰਮਤ ਅਤੇ ਅਸਲ ਰੱਖਿਆ ਕਰਨ ਵਾਲੀ ਤਾਕਤ ਨੂੰ ਕਿਵੇਂ ਪਛਾਣੇਗਾ। ਇਹ ਪੰਕਤੀਆਂ ਮਨੁੱਖ ਨੂੰ ਅੰਦਰਲੇ ਸੂਰਮੇ ਨੂੰ ਜਗਾਉਣ, ਸੰਜੋਗ ਦੀ ਅਟੱਲਤਾ ਨੂੰ ਸਮਝਣ ਅਤੇ ਜੀਵਨ ਦੇ ਸੰਘਰਸ਼ਾਂ ਵਿੱਚ ਅਡੋਲ ਰਹਿਣ ਦੀ ਪ੍ਰੇਰਣਾ ਦਿੰਦੀਆਂ ਹਨ। ਅਤਮ ਮਨੁੱਖ ਨੂੰ ਸੰਜੋਗ ਹੁਕਮ ਵਜੋ ਸਮਝਾ ਕੇ ਨਿਡਰ ਅਤੇ ਸੂਰਮਾ ਬਣਾਉਂਦੀਆਂ ਹਨ।

ਅਨੂਪ ਰੂਪ ਭਾਨ ਸੋ ਅਭੂਤ ਰੂਪ ਮਾਨੀਐ॥ ਸੰਜੋਗ ਨਾਮ ਸਤ੍ਰੁਹਾ ਸੁ ਬੀਰ ਤਾਸੁ ਜਾਨੀਐ॥ ਸੁ ਸਾਤਿ ਨਾਮ ਸੂਰਮਾ ਸੁ ਅਉਰ ਏਕ ਬੋਲੀਐ॥ ਪ੍ਰਤਾਪ ਜਾਸ ਕੋ ਸਦਾ ਸੁ ਸਰਬ ਲੋਗ ਤੋਲੀਐ॥ (ਪੰਨਾ ੭੦੧, ਰੁਦ੍ਰ ਅਵਤਾਰ, ਗੁਰੂ ਗੋਬਿੰਦ ਸਿੰਘ ਜੀ) – ਇੱਥੇ ਵੀ “ਸੰਜੋਗ” ਇੱਕ ਅਜਿਹੇ ਸੰਦਰਭ ਵਿੱਚ ਆਉਂਦਾ ਹੈ ਜੋ ਸਧਾਰਣ ਮਿਲਾਪ-ਵਿਛੋੜੇ ਵਾਲੇ ਭਾਵ ਤੋਂ ਵੱਖਰਾ ਹੈ। ਅਕਾਲ ਦਾ ਰੂਪ ਅਨੂਪ ਹੈ ਸੂਰਜ ਵਾਂਗ ਚਮਕਦਾਰ, ਪਰ ਫਿਰ ਵੀ ਅਭੂਤ, ਅਰਥਾਤ ਮਨੁੱਖੀ ਸਮਝ ਤੋਂ ਪਰੇ। “ਸੰਜੋਗ” ਇੱਥੇ ਇੱਕ ਐਸੀ ਰੂਹਾਨੀ ਤਾਕਤ ਵਜੋਂ ਦਰਸਾਇਆ ਗਿਆ ਹੈ ਜੋ ਸਤ੍ਰੁਹਾ ਹੈ ਭਾਵ ਦੁਸ਼ਮਨਾਂ ਨੂੰ ਮਿਟਾਉਣ ਵਾਲੀ, ਅਨਿਆਇ ਨੂੰ ਖਤਮ ਕਰਨ ਵਾਲੀ, ਵਿਕਾਰਾਂ ਨੂੰ ਖਤਮ ਕਰਨ ਵਾਲੀ ਤਾਕਤ ਦੇਵਰੂਪ ਵਿੱਚ ਦਰਸਾ ਰਹੇ ਹਨ। ਇਹੀ ਸੰਜੋਗ ਇੱਕ ਬੀਰ ਵਾਂਗ ਹੈ, ਜੋ ਸਦਾ ਜਾਗਦਾ ਹੈ, ਸਦਾ ਰੱਖਿਆ ਕਰਦਾ ਹੈ। “ਸਾਤਿ ਨਾਮ” ਨੂੰ ਸੂਰਮਾ ਕਿਹਾ ਗਿਆ ਹੈ ਇਹ ਸੱਚ ਦੀ ਉਹ ਤਾਕਤ ਹੈ ਜੋ ਕਦੇ ਡੋਲਦੀ ਨਹੀਂ, ਕਦੇ ਬਦਲਦੀ ਨਹੀਂ। ਦਸਮ ਪਾਤਿਸ਼ਾਹ ਅਖੀਰ ਵਿੱਚ ਕਹਿੰਦੇ ਹਨ ਕਿ ਜਿਸਦਾ ਪ੍ਰਭਾਵ ਸਦਾ ਕਾਇਮ ਰਹੇ, ਜਿਸਦੀ ਮਹਿਮਾ ਨੂੰ ਸਾਰੇ ਲੋਕ ਮੰਨਣ ਉਹੀ ਅਸਲ ਤਾਕਤ, ਅਸਲ ਸੂਰਮਾ, ਅਸਲ ਰੂਹਾਨੀ ਜੋਧਾ ਹੈ। ਇਹ ਪੰਕਤੀਆਂ ਵੀ ਸੰਜੋਗ ਨੂੰ ਸਮਝਾ ਕੇ ਮਨੁੱਖ ਨੂੰ ਸੱਚ, ਹਿੰਮਤ ਅਤੇ ਰੂਹਾਨੀ ਅਡੋਲਤਾ ਦੀ ਪਛਾਣ ਕਰਾਉਂਦੀਆਂ ਹਨ।

ਸੁ ਬਿਚਾਰ ਹੈ ਭਟ ਏਕ॥ ਗੁਨ ਬੀਚ ਜਾਸੁ ਅਨੇਕ॥ ਸੰਜੋਗ ਹੈ ਇਕ ਅਉਰ॥ਜਿਨਿ ਜੀਤਿਆ ਪਤਿ ਗਉਰ॥ (ਪੰਨਾ ੭੦੧, ਰੁਦ੍ਰ ਅਵਤਾਰ, ਗੁਰੂ ਗੋਬਿੰਦ ਸਿੰਘ ਜੀ) – ਦਸਮ ਪਾਤਿਸ਼ਾਹ ਆਖਦੇ ਸਿੱਕ ਚੰਗਾ ਵਿਚਾਰ ਹੋਰ ਹੈ। ਇਸਦੇ ਵਿੱਚ ਅਨੇਕ ਗੁਣ ਵੀ ਹਨ। ਆਖਦੇ ਸੰਜੋਗ ਹੈ ਇੱਕ ਹੋਰ। ਤੇ ਸਮਝਣਾ ਉਸਨੇ ਹੈ ਜਿਸ ਨੇ ਗੌਰ ਕੀਤਾ। ਭਾਵ ਸੰਜੋਗ ਕੀ ਹਨ ਇਹ ਤਾਂ ਉਸ ਨੂੰ ਸਮਝ ਲੱਗਣਾ ਜਿਸ ਨੇ ਵਿਚਾਰਨਾ।

ਹੁਣ ਜਦੋਂ ਪੰਕਤੀਆਂ ਨੂੰ ਵੱਖ-ਵੱਖ ਤੌਰ ਤੇ “ਸੰਜੋਗ” ਅਤੇ “ਵਿਜੋਗ” ਦੇ ਸਿਰਲੇਖਾਂ ਹੇਠ ਵੇਖਿਆ ਜਾਂਦਾ ਹੈ, ਤਾਂ ਇੱਕ ਸਾਫ਼ ਰੂਪਰੇਖਾ ਸਾਹਮਣੇ ਆਉਂਦੀ ਹੈ। “ਸੰਜੋਗ” ਵਾਲੀਆਂ ਪੰਕਤੀਆਂ ਵਿੱਚ ਮਿਲਾਪ, ਜੋੜ, ਸੁਰਤਿ ਦਾ ਮੇਲ, ਗੁਰੂ ਨਾਲ ਸੰਬੰਧ ਅਤੇ ਸੰਸਾਰਕ ਮਿਲਾਪ ਦੀ ਅਸਥਿਰਤਾ ਵਰਗੇ ਭਾਵ ਵੱਧ ਸਪਸ਼ਟ ਹੋ ਕੇ ਉਭਰਦੇ ਹਨ। ਪਤਾ ਲੱਗਦਾ ਹੈ ਸੰਜੋਗ ਵਿਜੋਗ ਦੋਵੇਂ ਹੀ ਅਰਲ ਹੁਕਮ ਹੀ ਹਨ। “ਵਿਜੋਗ” ਵਾਲੀਆਂ ਪੰਕਤੀਆਂ ਵਿੱਚ ਵਿਛੋੜਾ ਸਿਰਫ਼ ਦੁਖ ਨਹੀਂ ਰਹਿੰਦਾ, ਸਗੋਂ ਹੁਕਮ, ਲੇਖ, ਧੁਰ, ਅਤੇ ਅੰਦਰੂਨੀ ਅਵਸਥਾ ਨਾਲ ਜੁੜਿਆ ਹੋਇਆ ਅਨੁਭਵ ਬਣ ਜਾਂਦਾ ਹੈ। ਕਈ ਥਾਵਾਂ ਤੇ ਗੁਰਬਾਣੀ ਇਹ ਵੀ ਦੱਸਦੀ ਹੈ ਕਿ ਜਿੱਥੇ ਸਹਜ, ਸੱਚ ਅਤੇ ਸਾਧਸੰਗਤ ਦਾ ਜੋੜ ਬਣਦਾ ਹੈ, ਉੱਥੇ ਸੋਗ ਅਤੇ ਵਿਜੋਗ ਦਾ ਪ੍ਰਭਾਵ ਮੁੱਕ ਜਾਂਦਾ ਹੈ।

ਸੰਜੋਗ ਵਿਜੋਗ ਦੋਵੇਂ ਇਕੱਠੇ ਮਿਲ ਕੇ ਇਹ ਸਿੱਖਿਆ ਦਿੰਦੇ ਹਨ ਕਿ ਮਿਲਾਪ ਅਤੇ ਵਿਛੋੜਾ ਵਿਰੋਧੀ ਤਜਰਬੇ ਹੋਣ ਦੇ ਬਾਵਜੂਦ ਇਕ ਦੇ ਆਦੇਸ਼ ਦੇ ਹੀ ਰੂਪ ਹਨ। ਇਸ ਲਈ ਗੁਰਬਾਣੀ ਮਨੁੱਖ ਨੂੰ ਨਾ ਤਾਂ ਸੰਜੋਗ ਵਿੱਚ ਮੋਹੀ ਹੋਣ ਦਿੰਦੀ ਹੈ ਅਤੇ ਨਾ ਹੀ ਵਿਜੋਗ ਵਿੱਚ ਟੁੱਟਣ ਦਿੰਦੀ ਹੈ। ਉਹ ਉਸ ਨੂੰ ਅੰਦਰਲੇ ਸੱਚੇ ਜੋੜ ਵੱਲ ਮੋੜਦੀ ਹੈ। ਦਸਮ ਬਾਣੀ ਤੋਂ ਮਿਲੇ “ਸੰਜੋਗ” ਪਰਿਵਾਰ ਦੇ ਰੂਪ ਇਸ ਗੱਲ ਨੂੰ ਹੋਰ ਮਜ਼ਬੂਤ ਕਰਦੇ ਹਨ।

ਅਮਲੀ ਜੀਵਨ ਲਈ ਸਿੱਖਿਆ

“ਸੰਜੋਗ” ਅਤੇ “ਵਿਜੋਗ” ਦੇ ਵਿਚਾਰ ਸਾਨੂੰ ਜੀਵਨ ਦੀ ਅਸਥਿਰਤਾ ਨੂੰ ਸਵੀਕਾਰਨਾ ਸਿਖਾਉਂਦੇ ਹਨ। ਜੋ ਮਿਲਿਆ ਹੈ, ਉਹ ਵੀ ਕਿਰਪਾ ਹੈ; ਜੋ ਵਿਛੁੜਿਆ ਹੈ, ਉਸ ਵਿੱਚ ਵੀ ਕੋਈ ਡੂੰਘੀ ਸਿੱਖਿਆ ਹੈ। ਇਨ੍ਹਾਂ ਪੰਕਤੀਆਂ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਮਨੁੱਖ ਨੂੰ ਹਰ ਮਿਲਾਪ ਨੂੰ ਅਹੰਕਾਰ ਦਾ ਕਾਰਨ ਨਹੀਂ ਬਣਾਉਣਾ ਚਾਹੀਦਾ ਅਤੇ ਹਰ ਵਿਛੋੜੇ ਨੂੰ ਅੰਤਿਮ ਹਾਰ ਨਹੀਂ ਸਮਝਣਾ ਚਾਹੀਦਾ। ਗੁਰਮਤਿ ਦੀ ਦ੍ਰਿਸ਼ਟੀ ਇਹ ਹੈ ਕਿ ਅਸਲ ਜੋੜ ਗੁਰੂ, ਨਾਮ-ਚੇਤਨਾ ਅਤੇ ਸੱਚੀ ਸੁਰਤਿ ਨਾਲ ਬਣਦਾ ਹੈ। ਜਦੋਂ ਮਨੁੱਖ ਭਾਣੇ ਵਿੱਚ ਰਹਿਣਾ, ਗੁਰਬਾਣੀ ਨੂੰ ਅੰਦਰ ਵਸਾਉਣਾ ਅਤੇ ਸਾਧਸੰਗਤ ਨਾਲ ਜੁੜਨਾ ਸਿੱਖ ਲੈਂਦਾ ਹੈ, ਨਾਮ (ਸੋਝੀ) ਪ੍ਰਾਪਤ ਕਰ ਲੈਦਾ ਹੈ ਤਦੋਂ ਜੀਵਨ ਦੇ ਸੰਜੋਗ ਵੀ ਸੁਹਾਵੇ ਹੋ ਜਾਂਦੇ ਹਨ ਅਤੇ ਵਿਜੋਗ ਵੀ ਅੰਦਰੂਨੀ ਟੁੱਟਣ ਦੀ ਥਾਂ ਸਮਝ ਅਤੇ ਸਹਿਜ ਦਾ ਕਾਰਨ ਬਣਦੇ ਹਨ।

ਗੁਰਬਾਣੀ ਨੂੰ ਰਲ ਮਿਲ ਕੇ ਪ੍ਰੇਮ ਨਾਲ ਵੀਚਾਰਦੇ ਰਹੀਏ। ਸੁਹਿਰਦ ਵਧਣ ਨਾਲ ਸਾਰਿਆਂ ਨਾਲ ਏਕਾ ਬਣਨ ਦੀ ਆਸ ਰੱਖਦੇ ਹਾਂ। ਤੁਸੀਂ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਰਹੋ ਜੀ। ਧੰਨਵਾਦ।

Resize text