Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰਾਇ, ਦੇਵ ਅਤੇ ਗੁਰਦੇਵ (ਗੁਰਮਤਿ ਵਾਲੇ)

ਗੁਰਬਾਣੀ ਵਿੱਚ ਰਾਇ ਤੇ ਦੇਵ ਦੀ ਵਰਤੋ ਵੇਖ ਕੇ ਕਈ ਅਖੌਤੀ ਵਿਦਵਾਨ ਨਾਸਮਝੀ ਵਿੱਚ ਦੇਵ ਅਤੇ ਰਾਇ ਬਾਰੇ ਟਿੱਪਣੀਆਂ ਕਰਦੇ ਹਨ ਕੇ ਗੁਰਮਤਿ ਨੇ ਤਾਂ ਦੇਵੀ ਦੇਵਤੇ ਰੱਦ ਕੀਤੇ ਹਨ ਫੇਰ ਇਹਨਾਂ ਸ਼ਬਦਾਂ ਦੀ ਵਰਤੋ ਕੇਵਲ ਭੱਟ ਸਾਹਿਬਾਨ ਦੀ ਭਾਵਨਾ ਕਾਰਣ ਵਰਤੇ ਗਏ ਹਨ ਜਾਂ ਸਨਾਤਨ ਮਤਿ ਤੋਂ ਆਉਣ ਕਾਰਣ ਭੱਟ ਸਾਹਿਬਾਨ ਨੇ ਹੀ ਵਰਤੇ ਹਨ। ਦੇਵੀ ਦੇਵਤਿਆਂ ਬਾਰੇ ਅਸੀਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ “ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?” ਪਰ ਅੱਜ ਇੱਕ ਹੋਰ ਪੱਖ ਵਿਚਾਰਾਂਗੇ।

ਰਾਇ ਵਰਤਿਆ ਜਾਂਦਾ ਸੀ ਰਾਜੇ ਲਈ , ਮੁਖੀ ਲਈ। ਦਸਮ ਗ੍ਰੰਥ ਅਤੇ ਆਦਿ ਗਥ ਵਿੱਚ ਰਾਇ ਦੀ ਵਰਤੋ ਹੋਈ ਹੈ। “ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥”, “ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥”। “ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥”। “ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ॥ ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ॥

ਸਾਰੇ ਭਗਤ ਜਨ, ਗੁਰੂ ਸਾਹਿਬਾਨ, ਭੱਟ ਸਾਹਿਬਾਨ, ਖਾਲਸਾ। ਸਾਰੇ ਹੀ ਰਾਇ ਹਨ। ਅਬਿਨਾਸੀ ਰਾਜ ਦੇ ਰਾਜੇ। ਜਿਸ ਦਿਨ ਗੁਰਮਤਿ ਸਮਝ ਲੱਗਣ ਲੱਗ ਜਾਵੇਗੀ, ਸਾਰੇ ਹੀ ਰਾਇ (ਰਾਜੇ) ਹੀ ਦਿਸਣਗੇ। ਦੇਵ (ਦੇਣ ਵਾਲੇ) ਹੀ ਦਿਸਣਗੇ। ਅਸਲ ਨਿਰਾਕਾਰੀ ਰਾਜ ਅਬਿਨਾਸੀ ਰਾਜ ਵਾਲੇ ਰਾਜੇ, ਦੇਵਤੇ। ਨਾ ਕੇ ਸੰਸਾਰੀ ਤਮਗੇ ਤੇ ਉਪਾਧੀ। ਨਿਰਪੱਖ ਹੋ ਕੇ ਨਿਰਵੈਰ ਹੋ ਕੇ ਗੁਰਮਤਿ ਵਿਚਾਰ ਕਰਨ ਨਾਲ ਅਬਿਨਾਸੀ ਰਾਜ ਦਾ ਪਤਾ ਲਗਦਾ ਹੈ। ਅਬਿਨਾਸੀ ਰਾਜ ਬਾਰੇ ਵਿਚਾਰ ਪੜ੍ਹਨ ਲਈ ਵੇਖੋ “ਅਭਿਨਾਸੀ ਰਾਜ ਤੇ ਦੁਨਿਆਵੀ ਰਾਜ

“ਗੁਰ ਜੈਸਾ ਨਾਹੀ ਕੋ ਦੇਵ” ਦੀ ਵਰਤੋ ਕਰਕੇ ਇੱਕ ਦਸਮ ਵਿਰੋਧੀ ਵੀਰ ਨੇ ਕਹਿਆ ਕੇ ਗੁਰਮਤਿ ਨੇ ਦੇਵ ਰੱਦ ਕਰ ਦਿੱਤੇ ਹਨ। ਜੇ ਮੈਂ ਕਹਾ ਮੇਰੇ ਪਿਤਾ ਵਰਗਾ ਹੋਰ ਕੋਈ ਪਿਓ ਨਹੀਂ ਹੈ ਤਾਂ ਸਾਰੇ ਬਾਕੀ ਪਿਓ ਰੱਦ ਹੋ ਜਾਦੇ ਹਨ? ਇਸ ਪੰਕਤੀ ਵਿੱਚ ਵੀ ਇਹੀ ਕਹਿਆ ਜਾ ਰਹਿਆ ਹੈ ਕੇ ਗੁਰ ਦੇ ਬਰਾਬਰ ਹੋਰ ਕੋਈ ਦੇਵ (ਦੇਣ ਵਾਲਾ) ਨਹੀਂ ਹੈ। ਕਿਉਂ – ਕਿਉਂਕੇ ਗੁਰ ਤਾ ਗੁਣਾਂ ਦਾ ਦਾਤਾ ਹੇ।

ਗੁਰ ਹੀ ਦੇਵ ਹੈ (ਦੇਣ ਵਾਲਾ) ਹੈ ਇਹ ਤਾਂ ਬਿਲਕੁਲ ਸਹੀ ਹੈ। ਜਿਸ ਕੋਲ ਜੋ ਹੁੰਦਾ ਹੈ ਉਹੀ ਉਹ ਦਿੰਦਾ ਹੈ। ਕਬੀਰ ਕੋਲ ਜਿਹੜੀ ਬਸਤ ਸੀ ਉਸਨੀ ਸੰਸਾਰ ਨੂੰ ਦਿੱਤੀ। “ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ॥ ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ॥ ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ॥“। ਗੁਰੂ ਨਾਨਕ ਦੇਵ ਕੋਲ ਨਾਮ ਸੀ, ਨਾਨਕ ਨਾਮ ਦੇ ਰਹਿਆ ਹੈ ਗੁਰਬਾਣੀ ਰਾਹੀਂ।

ਦੇਵ ਤੋਂ ਭਾਵ ਹੁੰਦਾ ਹੇ ਦੇਣ ਵਾਲਾ। ਜੋ ਕਿਸੇ ਨੂੰ ਕੁੱਝ ਦੇਵੇ। ਜੋ ਜਿਸ ਕੋਲ ਹੁੰਦਾ ਹੈ ਉਹੀ ਉਹ ਦੂਜੇ ਨੂੰ ਦੇ ਸਕਦਾ ਹੈ। ਜਿਵੇਂ ਸੂਰਜ ਕੋਲ ਤਪਸ਼ ਹੈ, ਰੋਸ਼ਨੀ ਹੈ। ਇਸ ਤੇ ਸੰਸਾਰ ਨੂੰ ਉਹ ਜਦੋਂ ਊਰਜਾ ਦਿੰਦਾ ਹੈ ਤਾ ਭੋਲੇ ਭਾਏ ਲੋਕ ਉਸਨੂੰ ਸੂਰਜ ਦੇਵ ਕਹਿ ਦਿੰਦੇ ਹਨ। ਇੱਦਾਂ ਹੀ ਜਦੋਂ ਧਰਤੀ ਫਲ ਆਹਾਰ ਦੇਵੇ ਤਾਂ ਧਰਤੀ ਦੇਵੀ ਹੈ। ਜਦੋਂ ਮਾਂ ਬੱਚੇ ਨੂੰ ਜੀਵਨ ਦੇਵੇ ਤਾਂ ਮਾਂ ਦੇਵੀ ਹੈ। ਸਾਰੇ ਸੰਸਾਰ ਵਿੱਚ ਲੋਕ ਸ਼ੁਕਰਾਨੇ ਵੱਜੋਂ ਦੇਣ ਵਾਕੇ ਨੂੰ ਦੇਵ ਆਖ ਦਿੰਦੇ ਹਨ।

ਗੁਰਮਤਿ ਨੇ ਦੇਵ ਦੇਵੀ ਮੰਨੇ ਹਨ ਪਰ ਮੂਰਤੀ ਬਣਾ ਕੇ ਪੂਜਣ ਨੂੰ ਮਨਾ ਕੀਤਾ ਹੈ। ਅਕਾਲ ਦਾ ਨੀਅਮ ਹੈ ਕੇ ਉਸਨੇ ਦੇਣ ਵਾਕੇ (ਦੇਵ) ਸਾਜੇ ਹਨ ਜੋ ਸੰਸਾਰ ਦੀ ਕਾਰ ਸਾਂਭਦੇ ਹਨ। ਸੂਰਜ ਨੂੰ ਸੂਰਜ ਵਿੱਚ ਅਕਾਲ ਆਪ ਵਰਤ ਕੇ ਊਰਜਾ ਦਿੰਦਾ ਹੈ। ਦੇਣ ਵਾਲੇ ਨੇ ਵੀ ਦੇਣਾ ਅਕਾਲ ਦੇ ਹੁਕਮ ਵਿੱਚ ਹੀ ਹੈ ਤੇ ਲੈਣ ਵਾਲੇ ਨੇ ਵੀ ਅਕਾਲ ਦੇ ਹੁਕਮ ਵਿੱਚ ਹੀ ਲੈਣਾ ਹੈ ਪਰ ਜੇ ਸੂਰਜ ਦੀ ਮੂਰਤੀ ਬਣਾ ਕੇ ਕੋਰੀ ਪੂਜੇ ਤਾਂ ਉਸ ਮੂਰਤੀ ਨੇ ਊਰਜਾ ਜਾਂ ਰੋਸ਼ਨੀ ਨਹੀਂ ਦੇਣੀ। ਇਹੀ ਗੱਲ ਆਖੀ ਹੈ “ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ॥ ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ॥”। ਜਦੋਂ ਕਹਿਆ ਕੇ ਮਾਟੀ ਦੇ ਦੇਵੀ ਦੇਵਤਾ ਕੁੱਝ ਨਹੀਂ ਦੇ ਸਕਦੇ ਇਹ ਠੀਕ ਹੈ। ਪਰ ਦੇਵ ਕਿਸਨੂੰ ਮੰਨਿਆ ਇਹ ਵੀ ਪੜ੍ਹਨਾ ਜ਼ਰੂਰੀ ਹੈ। ਇਹ ਪੱਖ ਵਿਚਾਰਨ ਜੋਗ ਹੈ। ਵੇਖਦੇ ਹਾਂ

ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ॥” – ਭਗਤ ਜਨ ਜਦੋਂ ਨਾਮ ਧਿਆ ਕੇ ਨਾਮ ਪ੍ਰਾਪਤ ਕਰ ਦੂਜਿਆਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਚਾਨਣ ਵੱਲ ਲੈਕੇ ਜਾਣ ਤਾਂ ਉਹ ਮਾਣਸ ਤੋਂ ਦੇਵਤੇ ਹੋ ਜਾਦੇ ਹਨ। ਨਾਮ ਦੂਜੇ ਨੂੰ ਵੀ ਦਿੰਦੇ ਹਨ। ਜਿਵੇਂ ਕਬੀਰ ਜੀ ਆਖਦੇ ਹਨ “ਗੁਰਿ ਦੀਨੀ ਬਸਤੁ ਕਬੀਰ ਕਉ ਲੇਵਹੁ ਬਸਤੁ ਸਮੑਾਰਿ॥੪॥ ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ॥

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥(ਮ ੧, ਰਾਗੁ ਆਸਾ, ੪੬੨)” – ਭਾਵ ਆਪਣੇ ਗੁਰ (ਗੁਣ) ਨੂੰ ਬਲਿਹਾਰ ਜਾਂਦਾ ਹਾਂ ਜਿਸਨੂੰ ਮਾਣਸ ਤੋਂ ਦੇਵਤੇ ਬਣਾਉਣ ਨੂੰ ਸਮਾਂ ਨਹੀਂ ਲੱਗਿਆ

ਇਸਦਾ ਉਦਾਹਰਣ ਗੁ੍ਰੂ ਅਰਜੁਨ ਦੇਵ ਸਾਹਿਬ ਜੀ ਪਾਤਿਸ਼ਾਹ ਮਹਾਰਾਜ ਦੇ ਰਹੇ ਹਨ “ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥੭॥(ਰਾਗੁ ਗਉੜੀ, ੩੧੯)” – ਤਾਂ ਹੀ ਪੰਚਮ ਪਾਤਿਸ਼ਾਹ ਨਾਨਕ ਪਾਤਿਸ਼ਾਹ ਨੂੰ ਦੇਵ ਆਖ ਰਹੇ ਹਨ “ਕਬੀਰਿ ਧਿਆਇਓ ਏਕ ਰੰਗ॥ ਨਾਮਦੇਵ ਹਰਿ ਜੀਉ ਬਸਹਿ ਸੰਗਿ॥ ਰਵਿਦਾਸ ਧਿਆਏ ਪ੍ਰਭ ਅਨੂਪ॥ ਗੁਰ ਨਾਨਕ ਦੇਵ ਗੋਵਿੰਦ ਰੂਪ॥(ਰਾਗੁ ਬਸੰਤ, ਮ ੫, ੧੧੯੨)” ਅਤੇ “ਬਰਨਿ ਨ ਸਾਕਉ ਏਕ ਟੁਲੇਰੈ॥ ਦਰਸਨ ਪਿਆਸ ਬਹੁਤੁ ਮਨਿ ਮੇਰੈ॥ ਮਿਲੁ ਨਾਨਕ ਦੇਵ ਜਗਤ ਗੁਰ ਕੇਰੈ॥(ਮ ੫, ਰਾਗੁ ਕਾਨੜਾ, ੧੩੦੪)

ਮਹਾ ਮੁਗਧ ਤੇ ਕੀਆ ਗਿਆਨੀ॥ ਗੁਰ ਪੂਰੇ ਕੀ ਅਕਥ ਕਹਾਨੀ॥ ਪਾਰਬ੍ਰਹਮ ਨਾਨਕ ਗੁਰਦੇਵ॥ ਵਡੈ ਭਾਗਿ ਪਾਈਐ ਹਰਿ ਸੇਵ॥

ਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ॥ ਆਤਮੰ ਸ੍ਰੀ ਬਾਸ੍ਵਦੇਵਸੵ ਜੇ ਕੋਈ ਜਾਨਸਿ ਭੇਵ॥ ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ॥(ਮ ੯, ਰਾਗੁ ਜੈਜਾਵੰਤੀ, ੧੩੫੩

ਜਿਸਨੂੰ ਗਿਆਨ ਗੁਰੂ, ਭਗਤ, ਭੱਟ ਸਾਹਿਬਾਨ, ਗੁਰੂ ਪਾਤਿਸ਼ਾਹ ਦੇਵਤੇ ਨਹੀਂ ਦਿਸੇ, ਦੇਣ ਵਾਲੇ ਨਹੀਂ ਦਿਸੇ ਉਹ, ਦੇਣ ਵਾਲੇ ਤੋਂ ਕੁੱਝ ਗਿਆਨ ਲੈ ਵੀ ਨਹੀਂ ਸਕਦਾ।

ਭੱਟ ਸਾਹਿਬਾਨ ਨੇ ਗੁਰੂ ਅਰਜੁਨ ਦੇਵ ਨੂੰ ਦੇਵਤਾ ਮੰਨ ਲਿਆ “ਜਬ ਲਉ ਨਹੀ ਭਾਗ ਲਿਲਾਰ ਉਦੈ ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ॥ ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ॥ ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ॥ ਜਪੵਉ ਜਿਨੑ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ॥੬॥” ਉਹਨਾਂ ਤੋਂ ਗਿਆਨ ਲੈਕੇ ਆਪ ਮਾਣਸ ਤੋਂ ਦੇਵਤੇ ਹੋ ਗਏ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਰਹਿੰਦੀ ਦੁਨੀਆਂ ਤੱਕ ਸਥਾਨ ਪ੍ਰਾਪਤ ਕਰ ਗਏ।

ਗੁਰਦੇਵ ਤੋਂ ਭਾਵ ਹੈ ਗੁਣ ਦੇਣ ਵਾਲਾ। ਜਿਸ ਤੋਂ ਵੀ ਗੁਰਮਤਿ ਗਿਆਨ, ਗੁਣਾਂ ਦਾ ਗਿਆਨ ਮਿਲ ਰਹਿਆ ਹੈ ਉਹ ਗੁਰਦੇਵ ਹੈ, ਗੁਣ ਦੇਣ ਵਾਲਾ। ਗੁਰਦੇਵ ਬਾਰੇ ਬੇਅੰਤ ਉਦਾਹਰਣ ਹਨ ਗੁਰਮਤਿ ਵਿੱਚ। ਗੁਰਮਤਿ ਨੂੰ ਨਿਰਪੱਖ ਨਿਰਵੈਰ ਹੋ ਕੇ ਪੜ੍ਹੀਏ ਤਾਂ ਗੁਣ ਲੈ ਸਕਦੇ ਹਾਂ। ਜੇ ਮਨ ਵਿੱਚ ਦਵੇਸ਼ ਦੀ ਭਾਵਨਾ ਹੈ, ਹਰੇਕ ਲਿਖਤ ਪੜ੍ਹਤ ਵਿੱਚ ਵੈਰ, ਵਿਰੋਧ, ਦਵੇਸ਼ ਦੀ ਭਾਵਨਾ ਹੋਵੇਗੀ? ਸਨਾਤਨ ਮਤਿ ਜਾਂ ਇਸਲਾਮ ਮਤਿ ਨਾਲ ਬੈਰ ਹੋਵੇਗਾ ਤਾਂ ਗੁਰਮਤਿ ਦੀ ਗੱਲ ਵੀ ਸਮਝ ਨਹੀਂ ਲੱਗਣੀ। ਪਰ ਜੇ ਇਹ ਪਤਾ ਹੋਵੇ ਕੇ ਕੇਵਲ ਅਗਿਆਨਤਾ ਕਾਰਨ ਲੋਕ ਹਰੇਕ ਧਰਮ ਵਿੱਚ ਚੰਗੇ ਮਾੜੇ ਹੋ ਸਕਦੇ ਹਨ ਤਾਂ ਗੁਣਾਂ ਦੀ ਸਾਂਝ ਕਰਨ ਦੀ ਇੱਛਾ ਜਾਗੇਗੀ। ਗੁਰਮਤਿ ਕੱਟਦੀ ਨਹੀਂ ਸਮਝਾਉਣ ਦਾ ਕੰਮ ਕਰਦੀ ਹੈ। ਪ੍ਰੇਮ ਭਾਵਨਾ ਨਾਲ ਨਿਰਮਲ (ਮਲ ੲਹਿਤ) ਮਨ ਨਾਲ ਗੁਰਮਤਿ ਨੂੰ ਵਿਚਾਰੋ ਤਾਂ ਇਸਦਾ ਭਾਵ ਮਨ ਵਿੱਚ ਵੱਸ ਜਾਣਾ। ਜਿਸ ਨੇ ਪ੍ਰੇਮ ਕੀਤਾ ਪ੍ਰਭ ਉਸਨੂੰ ਹੀ ਮਿਲਣਾ। ਜਿਸਦੇ ਮਨ ਵਿੱਚ ਵਿਕਾਰ ਹੋਣ ਉਹ ਵਿਦਵਾਨ ਤਾਂ ਹੋ ਸਕਦਾ ਹੈ ਗੁਰਮੁੱਖ (ਗੁਣਾਂ ਨੂੰ ਮੁੱਖ ਰੱਖਣ ਵਾਲਾ) ਨਹੀਂ ਹੋ ਸਕਦਾ।

Resize text