Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਰੱਬ ਕੌਣ ਹੈ? ਕੀ ਹੈ ਰੱਬ?

ਕੁੱਝ ਧਰਮਾਂ ਵਿੱਚ ਰੱਬ ਨੂੰ ਸੱਤਵੇਂ ਆਕਾਸ਼ ਤੇ ਰਹਿੰਦਾ ਦੱਸਦੇ ਹਨ, ਜੀਵ ਜਾਂ ਮਨੁੱਖ ਤੋਂ ਵੱਖਰਾ ਦੱਸਦੇ ਹਨ। ਉਹਨਾਂ ਦਾ ਮੰਨਣਾ ਹੈ ਕੇ ਮਨੁੱਖ ਨੇ ਮਰ ਕੇ ਸੁਰਗ/heaven/ਜੱਨਤ ਵਿੱਚ ਜਾਣਾ ਹੈ। ਮਨੁੱਖ ਦੇ ਚੰਗੇ ਕਰਮਾਂ ਤੇ ਮਾੜੇ ਕਰਮਾਂ ਦਾ ਫੈਸਲਾ judgement day (ਫੈਸਲੇ ਦਾ ਦਿਨ) ਜਾ ਕਯਾਮਤ ਦੇ ਦਿਨ ਹੋਵੇਗਾ ਜਿਸ ਤੋਂ ਬਾਦ ਉਸਦੇ ਕਰਮਾਂ ਦੇ ਹਿਸਾਬ ਕਰਨ ਉਪਰੰਤ ਜੰਨਤ ਜਾਂ ਦੋਜਖ (hell) ਵਿੱਚ ਭੇਜਿਆ ਜਾਣਾ। ਇਸ ਗਲ ਦਾ ਇਤਨਾ ਪ੍ਰਚਾਰ ਹੋਇਆ ਹੈ ਕੇ ਇਹ ਗਲ ਸਾਡੇ ਦਿਲਾਂ ਵਿੱਚ ਬੈਠ ਗਈ ਹੈ ਤੇ ਅੱਜ ਦਾ ਸਿੱਖ ਵੀ ਰੱਬ ਨੂੰ ਕਿਤੇ ਬਾਹਰ ਹੀ ਆਪਣੇ ਤੋਂ ਵੱਖਰਾ ਮੰਨਦਾ ਹੈ, ਗੁਰਬਾਣੀ ਨਹੀਂ ਵਿਚਾਰਦਾ।

ਕੁੱਝ ਮੱਤਾਂ ਹਨ ਜੋ ਰੱਬ ਨੂੰ ਇੱਕ ਹਸਤੀ ਨਹੀਂ ਮੰਨਦੀ ਪਰ ਪ੍ਰਕ੍ਰਿਤੀ ਵਿੱਚ ਮੌਜੂਦ ਵਸਤੂਆਂ ਜੋ ਜੀਵ ਨੂੰ ਕੁੱਝ ਪ੍ਰਦਾਨ ਕਰਦੀਆਂ ਹਨ, ਕੁੱਝ ਦਾਤ ਦਿੰਦੀਆਂ ਹਨ ਉਹਨਾਂ ਨੂੰ ਦੇਵਤਾ ਮੰਨਦੀ ਹੈ। ਦੇਵਤਾ ਭਾਵ ਦੇਣ ਵਾਲਾ। ਜਿਵੇਂ ਸੂਰਜ ਰੋਸ਼ਨੀ ਤੇ ਗਰਮੀ ਦਿੰਦਾ ਹੈ, ਸੂਰਜ ਨੂੰ ਦੇਵਤਾ ਮੰਨ ਲਿਆ। ਧਰਤੀ ਵਿੱਚੋਂ ਪੇੜ ਸਬਜੀ ਫਲ ਮਿਲਦੇ ਹਨ ਇਸ ਲਈ ਧਰਤੀ ਨੂੰ ਦੇਵੀ ਮੰਨ ਲਿਆ। ਗਾਂ ਦਾ ਦੁੱਧ ਪੀਂਦੇ ਹਾਂ ਇਸ ਲਈ ਦੇਵੀ ਮੰਨ ਲਿਆ। ਐਦਾਂ ਹੀ ਅਨੇਕਾਂ ਅਣਗਿਣਤ ਦੇਵੀ ਦੇਵਤੇ ਮੰਨ ਲਏ। ਮਨ ਨੂੰ ਤਸੱਲੀ ਦੇਣ ਲਈ ਇਹਨਾਂ ਦੀ ਮੂਰਤੀ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ। ਇਹ ਨਹੀਂ ਵੀਚਾਰਿਆ ਕੇ ਜੋ ਦੇਵਤੇ ਬਣਾਏ ਹਨ ਉਹਨਾਂ ਦੀ ਸਿਰਜਣਾ ਕਰਨ ਵਾਲਾ ਕੌਣ ਹੈ। ਅੱਜ ਦਾ ਸਿੱਖ ਗੁਰਬਾਣੀ ਤੋਂ ਇਹ ਨਹੀਂ ਖੋਜਦਾ।

ਕੁੱਝ ਧਰਮ ਇਹਨਾਂ ਦੋਹਾਂ ਵਿਚਾਰਧਾਰਾ ਤੋਂ ਵੱਖਰੀ ਗਲ ਕਰਦੇ ਹਨ। ਪਰਮੇਸਰ ਨੂੰ ਸਿਰੇ ਤੋਂ ਨਕਾਰਦੇ ਹਨ ਅਤੇ ਊਰਜਾ ਨੂੰ ਹੀ ਰੱਬ ਮੰਨ ਲਿਆ। ਕਿਉਂਕਿ ਵਿਗਿਆਨ ਦਾ ਮੰਨਣਾ ਹੈ ਕੇ ਊਰਜਾ (energy) ਪੈਦਾ ਨਹੀਂ ਹੁੰਦੀ ਨਾ ਨਾਸ ਹੁੰਦਾ ਹੈ। ਕੁੱਝ ਮਿਸ਼ਨਰੀ ਤੇ ਹੋਰ ਸਿੱਖ ਵਿਦਵਾਨਾਂ ਨੇ ਵੀ ਇਸ ਗਲ ਨੂੰ ਮੰਨ ਲਿਆ। ਊਰਜਾ ਭਾਵੇਂ ਨਸ਼ਟ ਨਾ ਹੋ ਸਕਦੀ ਹੋਵੇ ਪਰ ਇਹ ਬਹੁਤ ਸਾਰੇ ਵਿਚਾਰਨ ਜੋਗ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਮਰਥ ਹੈ। ਜਿਵੇਂ ਊਰਜਾ ਲੱਕੜ ਦੇ ਡੱਕਰੇ ਵਿੱਚ ਵੀ ਹੈ, ਕੋਇਲੇ ਵਿੱਚ ਵੀ ਹੈ ਜੋ ਜਲਣ ਤੇ ਅੱਗ (ਗਰਮੀ/ਊਰਜਾ) ਵੀ ਪੈਦਾ ਕਰਦੀ ਹੈ, ਭਾਵ ਡੱਕਰੇ ਵਿੱਚ ਉਰਜਾ ਹੈ ਪਰ ਉਹ ਸੁਰਤ ਨਹੀਂ ਜਿਸ ਨਾਲ ਲੱਕੜ ਤੋਂ ਪੇੜ ਉੱਗ ਸਕੇ। ਉਹ ਸੁਰਤ ਜੋ ਪੇੜ ਵਿੱਚ ਸੀ ਜਿਸਨੂੰ ਇਹ ਪਤਾ ਸੀ ਕੇ ਪਾਣੀ ਰੋਸ਼ਨੀ, ਜਮੀਨ ਤੋਂ ਖਾਦ ਲੈਕੇ ਕਿਵੇਂ ਵਧਣਾ ਹੈ। ਇੰਝ ਹੀ ਊਰਜਾ ਤਾਂ ਮੁਰਦੇ ਵਿੱਚ ਵੀ ਹੈ ਸਾੜਨ ਤੇ ਊਰਜਾ ਪੈਦਾ ਹੋਣੀ ਪਰ ਹੁਣ ਸੁਰਤ ਨਹੀਂ ਹੈ। ਉਹਨਾਂ ਨੂੰ ਗੁਰਬਾਣੀ ਪੁੱਛਦੀ ਹੈ ਕੇ ਸੁਰਤ ਕਿੱਥੋਂ ਆਈ, ਕਿੱਥੇ ਜਾਣੀ। ਊਰਜਾ ਬੈਟਰੀ ਵਿੱਚ ਸਮਾ ਕੇ ਚਾਰਜ ਬਣਦੀ ਹੈ, ਜੇ ਸੁਰਤ ਹੀ ਊਰਜਾ ਹੈ ਤਾਂ ਫੜ ਕੇ ਜਾਂ ਬੰਨ ਕੇ ਵਿਖਾਓ।

ਇਹੋ ਜਿਹੀਆਂ ਬਹੁਤ ਸਾਰੀਆਂ ਮੱਤਾਂ ਹਨ ਜਿਹਨਾਂ ਦੇ ਦਰਸ਼ਨ (philosophy) ਵੱਖ ਵੱਖ ਹੈ। ਕੋਈ ਕਰਮ ਪ੍ਰਧਾਨ ਮੱਤ ਹੈ ਤੇ ਕੋਈ ਨਾਸਤਿਕ। ਪਰ ਇਹ ਬਹੁਤ ਸਾਰੇ ਭੇਦ, ਬਹੁਤ ਸਾਰੇ ਸਵਾਲਾਂ ਦੇ ਵਾਜ਼ਿਬ ਜਵਾਬ ਦੇਣ ਵਿੱਚ ਅਸਮਰਥ ਹੈ। ਜਿੱਥੇ ਅੱਗੇ ਤਰਕ ਨਹੀਂ ਦੇ ਸਕਦੇ ਉੱਥੇ ਧੱਕੇ ਨਾਲ ਆਪਣੀ ਮਤ ਨੂੰ ਸਹੀ ਸਿੱਧ ਕਰਨ ਲੱਗ ਜਾਂਦੇ ਹਨ ਜਾਂ ਟਾਲ ਦਿੰਦੇ ਹਨ। ਕਈ ਵਾਰ ਤਾਂ ਮਨਸ਼ਾ ਕੇਵਲ ਦੂਜੇ ਦੀ ਮਤ ਨੂੰ ਗਲਤ ਠਹਿਰਾਣ ਦੀ ਹੀ ਹੁੰਦੀ ਹੈ। ਵਿਚਾਰਨ ਤੋਂ ਭੱਜਦੇ ਹਨ।

ਅੱਗੇ ਦੀ ਵਿਚਾਰ ਤੋਂ ਪਹਿਲਾਂ ਆਸ ਰੱਖਦੇ ਹਾਂ ਕੇ ਤੁਸੀਂ ਆਹ ਨੀਚੇ ਦਿੱਤੇ ਲੇਖ ਪੜ੍ਹੇ ਹੋਣਗੇ

ਗੁਰਮਤਿ ਦਾ ਸੁਰਗ ਨਰਕ ਬਾਰੇ ਗੁਰਮਤਿ ਦੇ ਕੀ ਫੁਰਮਾਨ ਹਨ ਸਮਝਣ ਲਈ ਵੇਖੋ “ਸੁਰਗ ਤੇ ਨਰਕ (Swarg te Narak), ਦੋਜਕ

ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ” ਪੜ੍ਹ ਲਵੋ।

ਬ੍ਰਹਮ, ਬ੍ਰਹਮਾ, ਪਾਰਬ੍ਰਹਮ, ਪੂਰਨਬ੍ਰਹਮ” ਬਾਰੇ ਗੁਰਬਾਣੀ ਦੀ ਵਿਚਾਰ ਵੇਖ ਲਵੋ।

ਧਰਮ ਦਾ ਵਿਸ਼ਾ ਕੀ ਹੈ? ਵੇਖੋ “ਧਰਮ

ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਕਦੋਂ ਹੋਈ, ਕੀ ਇਹ ਧਰਮ ਦਾ ਵਿਸ਼ਾ ਹੈ? ਵਿਗਿਆਨ ਨੇ ਬਿਗ ਬੈਂਗ ਨਾਲ ਸ੍ਰਿਸਟੀ ਸਾਜੀ ਜਾਣ ਦਾ ਦਾਅਵਾ ਕੀਤਾ ਹੈ ਪਰ ਜੇ ਕੋਈ ਵਿਚਾਰ ਕਰੇ, ਸੋਚੇ, ਖੋਜ ਕਰੇ ਤਾਂ ਇਹ ਸਵਾਲ ਬਣਦਾ ਹੈ ਕੇ ਬਿਗ ਬੈਂਗ ਲਈ ਜੋ ਵਿਸਫੋਟ ਹੋਇਆ ਉਸਦੀ ਊਰਜਾ ਕਿੱਥੋਂ ਆਈ ਉਸਦੇ ਪਦਾਰਥ ਕਿੱਥੋਂ ਆਏ। ਜੇ ਬਿਗ ਬੈਂਗ ਹੋਇਆ, ਉਹ ਖਾਲੀ ਸਥਾਨ ਵਿੱਚ ਕੁਝ ਨਹੀਂ ਸੀ ਤਾਂ ਪਦਾਰਥ ਕਿੱਥੋਂ ਆਏ, ਤੇ ਕਿਸ ਘਟਨਾ ਜਾਂ ਕਿਸ ਕਾਰਣ ਨਾਲ ਵਿਸਫੋਟ ਹੋਇਆ। ਇੱਕ ਚੈਨਲ ਤੇ ਕਿਸੇ ਨੂੰ ਆਪਣੇ ਨਾਸਤਿਕ ਧਰਮ ਦੀ ਪਰਿਭਾਸ਼ਾ ਨੂੰ ਸਹੀ ਸਿੱਧ ਕਰਨ ਲਈ ਬਿਗ ਬੈਂਗ ਦਾ ਵਰਣਨ ਕਰਦੇ ਸੁਣਿਆ, ਆਖਦੇ ਜਿਵੇਂ ਪੇੜ ਪਹਿਲਾਂ ਬੀਜ ਸੀ, ਬੀਜ ਤੋ ਪਹਿਲਾਂ ਕੁੱਝ ਨਹੀਂ ਸੀ ਤੇ ਉੱਦਾਂ ਹੀ ਕੁੱਝ ਨਹੀਂ ਤੋਂ ਸਬ ਕੁੱਝ ਬਣ ਜਾਂਦਾ। ਸਵਾਲ ਇਹ ਹੈ ਕੇ ਉਸਤੋਂ ਕੋਈ ਪੁੱਛੇ ਬਿਨਾਂ ਪਾਣੀ, ਧਰਤੀ, ਸੂਰਜ ਦੀ ਰੋਸ਼ਨੀ ਤੋਂ ਬੀਜ ਤੋਂ ਪੇੜ ਨਹੀਂ ਬਣਦਾ ਤੇ ਪੇੜ ਤੋਂ ਬਿਨਾਂ ਬੀਜ ਨਹੀਂ ਬਣਦਾ। ਇਹੋ ਜਹੇ ਕਈ ਸਵਾਲ ਹਮੇਸ਼ਾ ਤੋਂ ਅਨ ਸੁਲਝੇ ਰਹਿਣੇ। ਮੁਰਗੀ ਪਹਿਲਾਂ ਆਈ ਜਾਂ ਆਂਡਾ? ਧਰਤੀ ਜਾਂ ਸਾਡਾ ਸੂਰਜ ਵੀ ਪੂਰੇ ਬ੍ਰਹਿਮੰਡ ਵਿੱਚ ਇੱਕ ਬਿੰਦੂ ਤੋਂ ਵੀ ਛੋਟੀ ਹੈ। ਸੰਸਾਰੀ ਧਰਮ, ਵਿਗਿਆਨ ਕੇਵਲ ਅੰਦਾਜ਼ੇ ਹੀ ਲਾ ਸਕਦੇ ਹਨ ਪਰ ਇਹਨਾਂ ਸਵਾਲਾਂ ਦੇ ਜਵਾਬ ਨਾ ਸਾਡੇ ਕੋਲ ਅੱਜ ਹਨ ਨਾਂ ਕਲ ਹੋਣੇ। ਜਿਸਨੂੰ ਬੀਤੇ ਕਈ ਅਰਬ ਸਾਲ ਹੋ ਗਏ, ਉਸ ਬਿਗ ਬੈਂਗ ਬਾਰੇ ਜਾਣ ਵੀ ਲਿਆ ਤੇ ਹੋਰ ਸਵਾਲ ਖੜੇ ਹੋ ਜਾਣੇ। ਜਿਵੇਂ ਅਗਰ ਵਿਗਿਆਨ ਦੀ ਗਲ ਮੰਨ ਲਈਏ ਕੇ ਬ੍ਰਹਿਮੰਡ ੧੩.੮ ਬਿਲਿਅਨ ਸਾਲ ਪੁਰਾਣਾ ਹੈ ਤਾਂ ਉਸਤੋਂ ਪਹਿਲਾਂ ਕੀ ਸੀ? ਜੇ ਵਿਗਿਆਨ ਦੀ ਗਲ ਮੰਨ ਲਈਏ ਕੇ ਪ੍ਰਯੋਗਸ਼ੀਲ ਬ੍ਰਹਿਮੰਡ ਲਗਭਗ ੯੩ ਅਰਬ ਪ੍ਰਕਾਸ਼-ਸਾਲ ਚੌੜਾ ਹੈ। ਇਹ ਮਤਲਬ ਹੈ ਕਿ ਸਭ ਤੋਂ ਦੂਰ ਦੀ ਰੋਸ਼ਨੀ ਜੋ ਅਸੀਂ ਦੇਖ ਸਕਦੇ ਹਾਂ, ੧੩.੮ ਅਰਬ ਸਾਲਾਂ ਲਈ ਯਾਤਰਾ ਕਰ ਚੁੱਕੀ ਹੈ। ਉਸ ਤੋਂ ਪਰੇ ਕੀ ਹੈ? ਸੋ ਇਹ ਵਿਸ਼ਾ ਸਾਡੀ ਪਕੜ ਤੋਂ ਬਾਹਰ ਹੈ। ਵਿਗਿਆਨ ਵੀ ਕੇਵਲ ਜੋ ਡਾਟਾ ਉਸ ਕੋਲ ਹੈ ਉਸ ਤੇ ਆਧਾਰਿਤ ਅੰਦਾਜ਼ੇ ਹੀ ਲਾ ਸਕਦਾ ਹੈ। ਪਰ ਸਮਝਣ ਵਾਲੀ ਗਲ ਹੈ ਕੇ ਇਹ ਧਰਮ ਦਾ ਵਿਸ਼ਾ ਹੈ ਹੀ ਨਹੀਂ। ਧਰਤੀ ਬਲਦ ਦੇ ਸਿੰਘਾਂ ਤੇ ਟਿਕੀ ਹੈ ਜਾਂ ਸ਼ੇਸ਼ਨਾਗ ਦੇ ਸਿਰ ਤੇ, ਧਰਤੀ ਚਪਟੀ ਹੈ ਜਾਂ ਗੋਲ ਇਸ ਨਾਲ ਧਰਮ ਦਾ ਕੋਈ ਲੈਣਾ ਦੇਣਾ ਨਹੀਂ ਹੈ। ਅਧਿਆਤਮ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਹੈ। ਅਧਿਆਤਮ spirituality ਦਾ ਵਿਸ਼ਾ ਹੁੰਦਾ ਹੈ ਆਤਮ ਖੋਜ, ਸਵੈ ਪੜਚੋਲ। ਉਹ ਗੁਣ ਅਵਗੁਣ ਦੀ ਵਿਚਾਰ ਜਿਸ ਨਾਲ ਮਨੁੱਖ ਨੂੰ ਸ਼ਾਂਤੀ ਮਿਲੇ, ਸਦਭਾਵ, ਸੁਹਿਰਦ ਪ੍ਰਾਪਤ ਹੋਵੇ।

ਧਰਮ ਦਾ ਵਿਸ਼ਾ ਹੈ ਮਨੁੱਖ ਦਾ ਇਸ ਧਰਤੀ ਤੇ ਜੀਣ ਦਾ ਢੰਗ ਕਿਹੋ ਜਿਹਾ ਹੋਵੇ। ਜਿਤਨਾ ਸਮਾਂ ਮਨੁੱਖ ਜੀਵਿਤ ਹੈ ਉਹ ਆਪਣਾ ਜੀਵਨ ਕਿਹੋ ਜਿਹਾ ਰੱਖੇ। ਆਪਸੀ ਮਤ ਭੇਦ, ਦੁਖ ਤਕਲ਼ੀਫ, ਡਰ, ਲਾਲਚ, ਪੀੜਾ ਤੋਂ ਬਿਨਾਂ, ਸੁਹਿਰਦ ਭਾਵਨਾ ਨਾਲ ਕਿਵੇ ਜੀਵਨ ਬਤੀਤ ਕਰੇ। ਸਾਰਿਆਂ ਨਾਲ ਸਦਭਾਵਨਾ ਨਾਲ ਜੀਵਨ ਕਿਵੇਂ ਹੋਵੇ। ਇਸ ਲਈ ਲਗ ਭਗ ਹਰੇਕ ਧਰਮ ਨੇ ਹੀ ਮਨੁੱਖ ਨੂੰ ਚੰਗੇ ਮਾੜੇ ਕੰਮ ਦੱਸੇ ਹਨ। ਕਿਵੇਂ ਈਰਖਾ, ਦ੍ਵੇਸ਼, ਝੂਠ, ਨਿੰਦਾ, ਚੁਗਲੀ, ਕਾਮ / ਕਾਮਨਾ, ਵਾਸ਼ਨਾ, ਕ੍ਰੋਧ, ਲੋਭ, ਮੋਹ, ਅਹੰਕਾਰ, ਜਾਤ ਪਾਤ ਮਨੁੱਖ ਕਾਬੂ ਵਿੱਚ ਰੱਖੇ। ਪਰ ਆਪਣੇ ਧਰਮ ਨੂੰ ਹੀ ਸਹੀ ਪੰਥ/ਰਾਹ/ਮਾਰਗ ਦੱਸਣ ਵੇਲੇ ਦੂਜੇ ਨੂੰ ਗਲਤ ਜਾਂ ਨੀਚਾ ਸਮਝਣ ਲਗ ਪਏ। ਤਿਰਸਕਾਰ ਕਰਨ ਲਗ ਪਏ। ਆਪਣੇ ਪਖੰਡ ਬਣਾ ਲਏ, ਆਪਣੀਆਂ ਮਾਨਤਾਵਾਂ ਬਣਾ ਲਈਆਂ। ਵਿਗਿਆਨ ਦਾ ਵਿਸ਼ਾ ਹੈ ਮੈਟਰ ਜਾਂ ਪਦਾਰਥਾਂ ਦੀ ਪੜਚੋਲ, ਭੁਗੋਲ ਦਾ ਵਿਸ਼ਾ ਵੱਖਰਾ ਹੈ, ਅੰਤ੍ਰਿਕਸ਼ ਵਿਗਿਆਨ ਦਾ ਵਿਸ਼ਾ ਵਖਰਾ ਹੈ। ਧਰਮ ਦਾ ਵਿਸ਼ਾ ਹੈ ਗੁਣ ਅਵਗੁਣ ਦੀ ਵਿਚਾਰ।

ਗੁਰਮਤਿ ਨੇ ਹਰੇਕ ਜੀਵ ਵਿੱਚ ਪਰਮੇਸਰ ਦੀ ਜੋਤ ਨੂੰ ਵੇਖਣ ਦਾ ਉਪਦੇਸ਼ ਦਿੱਤਾ ਹੈ, ਸਾਰਿਆਂ ਨੂੰ ਬਰਾਬਰ ਸਨਮਾਨ। ਮਨੁੱਖਾਂ ਵਿੱਚ ਰੰਗ, ਜਾਤ, ਪੈਸਾ, ਉਪਾਧੀਆਂ ਕਾਰਣ ਫਰਕ ਨਾ ਕਰਨ ਦਾ ਸੰਦੇਸ਼ ਦਿੱਤਾ ਹੈ।

ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ॥ ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ॥

ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ॥

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥

ਜਿਸਦੀ ਜਿਤਨੀ ਸੋਚ ਹੈ, ਜਿਤਨਾ ਗਿਆਨ ਹੈ, ਜਿਸਨੇ ਜਿਤਨਾ ਰੱਬ/ਪਰਮੇਸਰ ਦੀ ਵਿਚਾਰ ਕੀਤੀ ਹੈ ਉਹ ਉਤਨਾ ਤੇ ਓਦਾਂ ਦੀ ਵਿਚਾਰ ਹੀ ਕਰਦਾ ਹੈ ਕਰ ਸਕਦਾ ਹੈ “ਆਪੁ ਆਪਨੀ ਬੁਧਿ ਹੈ ਜੇਤੀ॥ ਬਰਨਤ ਭਿੰਨ ਭਿੰਨ ਤੁਹਿ ਤੇਤੀ॥ ਤੁਮਰਾ ਲਖਾ ਨ ਜਾਇ ਪਸਾਰਾ॥ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ॥੩੯੩॥”। ਕੋਈ ਉਸਨੂੰ ਇਸਤ੍ਰੀ ਰੂਪ ਵਿੱਚ ਵੇਖਦਾ, ਕੋਈ ਪੁਰਖ ਰੂਪ ਵਿੱਚ, ਕੋਈ ਉਸਨੂੰ ਊਰਜਾ ਸਮਝਦਾ ਤੇ ਕੋਈ ਉਸਦੀ ਹੋਂਦ ਤੋਂ ਹੀ ਮੁਨਕਰ ਹੈ।

ਰੱਬ ਹੈ ਕੀ?

ਰੱਬ ਕੋਈ ਇਸਤ੍ਰੀ ਜਾਂ ਪੁਰਖ ਨਹੀਂ ਜੋ ਕਿਤੇ ਦੂਰ, ਦਰਗਾਹ, ਅਰਸ਼, ਸੁਰਗ, ਸੱਚਖੰਡ, ਜਾਂ ਸੱਤਵੇਂ ਆਕਾਸ਼ ਤੇ ਬੈਠਾ ਹੋਵੇ। ਊਰਜਾ ਰੱਬ ਨਹੀਂ, ਊਰਜਾ ਨੂੰ ਕਾਬੂ ਕਰਨ ਵਾਲਾ, ਪ੍ਰਵਾਹ ਕਰਨ ਵਾਲਾ ਰੱਬ ਹੈ ਤਾਂ ਰੱਬ ਕੀ ਹੈ? ਰੱਬ ਹੈ ਸੁਰਤ (consciousness/ awareness)। ਮੰਨ ਲਵੋ ਇੱਕ consciousness/awareness ਦਾ ਸਮੁੰਦਰ ਹੈ ਪੂਰੀ ਸ੍ਰਿਸਟੀ ਵਿੱਚ ਜਿਸ ਵਿੱਚੋਂ ਜੀਵ ਦੀ ਜੋਤ ਭਾਵ consciousness ਨਿਕਲਦੀ ਹੈ ਕੱਡੀ ਜਾਂਦੀ ਹੈ। ਕਦੇ ਉਹ ਬੀਜ ਰੂਪ ਵਿੱਚ ਆਪਣੀ ਪ੍ਰੋਗਰਾਮਿੰਗ ਲੈਕੇ, ਪੇੜ ਬਣਕੇ ਜੀਵਨ ਬਤੀਤ ਕਰਨ ਦਾ ਹੁਕਮ ਲੈਕੇ, ਕਦੇ ਮਨੁੱਖ ਦੀ ਸੁਰਤ ਦਾ ਰੂਪ ਲੈਕੇ ਉਸ ਸੁਰਤ ਦੇ ਸਮੁੰਦਰ ਵਿੱਚੋਂ ਨਿਕਲਦੀ ਹੈ। ਆਪਣੀ ਮਨੁੱਖ ਹੋਣ ਦੀ ਪ੍ਰੋਗਰਾਮਿੰਗ ਲੈਕੇ। ਇਸ ਪ੍ਰੋਗਰਾਮਿੰਗ ਵਿੱਚ ਜੋਤ/ਜੀਵ ਨੂੰ ਪਹਿਲਾਂ ਹੀ ਨਿਰਧਾਰਿਤ ਹੈ ਕੇ ਉਸਨੇ ਕਿਵੇਂ ਵਧਣਾ, ਦੂਜੀਆਂ ਸੰਸਾਰੀ ਵਸਤੂਆਂ ਨੂੰ ਕਿਵੇਂ ਗ੍ਰਹਿਣ ਕਰਨਾ, ਊਰਜਾ ਲੈਣੀ, ਕਿਵੇਂ ਤੇ ਕਿਤਨਾ ਵਧਣਾ। ਸਾਹ ਕਿਵੇਂ ਲੈਣੇ। ਜਦੋਂ ਜੀਵਨ ਸਮਾਪਤ ਜੀਵ ਦੀ ਦੇਹੀ, ਕਾਯਾ ਭਾਵ ਸੁਰਤ ਉਸ ਸੁਰਤ ਦੇ ਅਥਾਹ ਸਮੁੰਦਰ ਵਿੱਚ ਜਾ ਰਲਦੀ ਹੈ। ਬਦੇਹੀ ਭਾਵ ਹਾਡ ਮਾਸ, ਲੱਕੜ ਜਾਂ ਪੰਜ ਤੱਤਾਂ ਦਾ ਬਣਿਆ ਸਰੀਰ ਤੱਤਾਂ ਵਿੱਚ ਜਾ ਰਲਦਾ ਹੈ। ਫੇਰ ਇਹੀ ਸੰਸਾਰੀ ਤੱਤ ਕਿਸੇ ਹੋਰ ਜੋਵ ਦੀ ਬਦੇਹੀ ਭਾਵ ਸਰੀਰ ਸਿਰਜਣ ਵਿੱਚ ਲਗ ਜਾਂਦੀ ਹੈ, ਰੀਸਾਇਕਲ ਹੋ ਜਾਂਦੀ ਹੈ। ਸੁਰਤ ਨੇ ਫੇਰ ਇੱਕ ਨਹੀਂ ਸੁਰਤ ਦੀ ਦੇਹੀ ਬਣਨਾ ਨਹੀਂ ਬਣਨਾ ਇਸਦਾ ਨਿਰਣਾ ਵੀ ਸਾਨੂੰ ਨਹੀਂ ਪਤਾ। ਸਾਡੀ ਅਕਲ ਦੀ ਪਕੜ ਤੋਂ ਇਹ ਬਾਹਰ ਹੈ। ਸਾਡੀ ਸੋਚ ਤੋਂ ਪਰੇ ਦੀ ਗਲ ਹੈ ਕਿਉਂਕੇ ਅਸੀਂ ਸਰੀਰ ਦੀਆਂ ਅੱਖਾਂ ਨਾਲ ਹੀ ਵੇਖਦੇ ਹਾਂ ਸੁਰਤ/ਗਿਆਨ/ਸੋਝੀ ਦੇ ਨੇਤ੍ਰਾਂ ਦੀ ਥਾਂ “ਦੇਹੀ ਗੁਪਤ ਬਿਦੇਹੀ ਦੀਸੈ॥ ਸਗਲੇ ਸਾਜਿ ਕਰਤ ਜਗਦੀਸੈ॥”। ਇਹ ਸਾਰਾ ਕਾਰਜ ਉਸ ਸੁਰਤ ਦੇ ਅਥਾਹ ਸਮੁੰਦਰ ਦੇ ਵੱਸ ਹੈ। ਇਸ ਤੇ ਸਾਡਾ ਕੋਈ ਵੱਸ ਨਹੀਂ। ਇਸਨੂੰ ਗੁਰਬਾਣੀ ਨੇ ਇੰਝ ਸਮਝਾਇਆ ਹੈ

ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥

ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ॥ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥੬੦॥

ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉਠੇ ਨਿਆਰੇ ਨਿਆਰੇ ਹੁਇ ਕੈ ਫੇਰਿ ਆਗ ਮੈ ਮਿਲਾਹਿਂਗੇ॥ ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੂਕਾ ਫੇਰ ਧੂਰ ਹੀ ਸਮਾਹਿਂਗੇ॥ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈਂ ਪਾਨ ਕੇ ਤਰੰਗ ਸਬੈ ਪਾਨ ਹੀ ਕਹਾਹਿਂਗੇ॥ ਤੈਸੇ ਬਿਸ੍ਵ ਰੂਪ ਤੇ ਅਭੂਤ ਭੂਤ ਪ੍ਰਗਟ ਹੁਇ ਤਾਹੀ ਤੇ ਉਪਜ ਸਬੈ ਤਾਹੀ ਮੈ ਸਮਾਹਿਂਗੇ॥

ਜਿਹੜਾ ਹਰੇਕ ਘਟ ਵਿੱਚ ਮੌਜੂਦ ਹੋਵੇ ਉਸਨੂੰ ਇੱਕ ਥਾਂ ਤੇ ਨਹੀਂ ਭਾਲ ਸਕਦੇ। ਉਹ ਸਰਬ ਵਿਆਪੀ ਹੁੰਦਾ। ਗਿਆਨ, ਸੁਰਤ, ਗੁਣ, ਅਵਗੁਣ ਸਰਵ ਵਿਆਪੀ ਹਨ। “ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ ॥” ਜਿਸਨੇ ਹਰੇਕ ਘਟ ਵਿੱਚ ਜੋਤ ਪ੍ਰਕਾਸ਼ੀ ਹੈ ਉਹ ਪ੍ਰਭ ਉਹ ਰੱਬ ਸਮਝਣਾ ਸੀ। ਕਈ ਇਹੋ ਜਿਹੇ ਵੀ ਹਨ ਜਿਹਨਾ ਨੇ ਕੇਵਲ ਇਹੀ ਪੜ੍ਹ ਕੇ ਆਪਣੇ ਆਪ ਨੂੰ ਹੀ ਰੱਬ ਮੰਨ ਲਿਆ। ਭਾਈ ਗੁਰਬਾਣੀ ਨੇ ਘਟ ਵਿੱਚ ਵਸਦੀ ਜੋਤ ਨੂੰ ਅਕਾਲ ਮੂਰਤ ਭਾਵ ਅਕਾਲ ਰੂਪ ਮੰਨਿਆ ਹੈ। ਆਪਣੇ ਆਪ ਨੂੰ ਹੀ ਰੱਬ ਮੰਨ ਲੈਣਾ ਉਸੇ ਤਰਹ ਹੈ ਜਿਵੇਂ ਸਾਗਰ ਦੀ ਬੂੰਦ ਆਪਣੇ ਆਪ ਨੂੰ ਸਾਗਰ ਕਹਣ ਲਗ ਜਾਵੇ। ਭਾਵੇਂ ਸਾਰੇ ਗੁਣ ਸਾਗਰ ਵਾਲੇ ਹੀ ਹਨ, ਪਰ ਸਾਗਰ ਦੀ ਅਥਾਹ ਸ਼ਕਦੀ ਉਸ ਕੋਲ ਨਹੀਂ ਹੈ। ਸਾਗਰ ਵਿੱਚ ਰਲ ਕੇ ਹੀ ਬੂੰਦ ਸਾਗਰ ਦੀ ਸ਼ਕਤੀ ਬਣ ਜਾਂਦੀ ਹੈ। ਇਹ ਇੱਕ ਨਿਕੇ ਜਿਹੇ ਬੱਚੇ ਨੇ ਹੀ ਵਿਚਾਰ ਕਰਦਿਆਂ ਸਿੱਧ ਕਰਤਾ ਸੀ ਕੇ ਜੇ ਮੈਂ ਹੀ ਰੱਬ ਹਾਂ ਤਾਂ ਮੈਂ ਨਵਾਂ ਸੂਰਜ ਨਹੀਂ ਪੈਦਾ ਕਰ ਸਕਦੀ ਬਣਾ ਸਕਦੀ। ਜੋਤ ਅਕਾਲ ਰੂਪ ਹੈ। ਜੋਤ ਹੀ ਸੁਰਤ ਹੈ ਤੇ ਜੋਤਾਂ ਦਾ ਏਕਾ ਹੀ ਅਕਾਲ ਹੈ। ਜੋਤਾਂ ਦਾ ਸਮੂਹ ਭਾਵ ਬੂੰਦਾਂ ਦਾ ਸਮੂਹ ਸਾਗਰ ਭਾਵ ਸੁਰਤ ਦਾ ਸਗਲ ਪਸਾਰਾ, ਜੋਤਾਂ ਦਾ ਏਕਾ (oneness) ਹੀ ਗੁਰਮਤਿ ਵਿੱਚ collective ਇਕ ਹੈ। ਸੋ ਗੁਰਮਤਿ ਵਿੱਚ one god ਨਹੀਂ oneness god ਹੈ।

ਆਪਣੇ ਜੀਵਨ ਕਾਲ ਵਿੱਚ ਤਿੰਨ ਭਾਗ ਹਨ ਜੀਵ ਨੂੰ ਸਮਝਣ ਲਈ ਪਹਿਲਾ ਸੁਰਤ (ਜੋਤ/awareness/consciousness), ਦੂਜਾ ਉਸਦਾ ਗਿਆਨ (knowledge) ਤੇ ਤੀਜਾ ਧਿਆਨ (focus)। ਜੀਵ ਦੀ ਸੁਰਤ ਦੇ ਦੋ ਹਿੱਸੇ ਹਨ ਇੱਕ ਉਹ ਜੋ ਉਸਦੇ ਸ਼ਰੀਰ ਦੇ ਸਾਰੇ ਕਾਰਜ ਆਪੇ ਕਰਦਾ ਹੈ, ਭੋਜਨ ਤੋਂ ਊਰਜਾ ਲੈਣਾ, ਸਾਹ ਚਲਦੇ ਰੱਖਣਾ, ਦਿਲ ਦੀ ਧੜਕਣ ਆਦੀ ਚਲਦੀ ਰੱਖਦਾ। ਇਹੀ ਸਾਡੀ ਸੁਰਤ ਵਿੱਚ ਗਿਆਨ ਦਾ ਰੱਸ ਵੀ ਪੈਦਾ ਕਰਦਾ, ਜੋ ਪੜਿਆ, ਵੇਖਿਆ, ਸੁਣਿਆ, ਸਮਝਿਆ ਉਸਨੂੰ ਸਾਡੇ ਕਿਰਦਾਰ ਸਾਡੀ ਕਾਇਆ ਦਾ ਹਿੱਸਾ ਬਣਾ ਲੈਂਦਾ ਹੈ। ਸਾਡੀ ਯਾਦਦਾਸ਼ਤ ਵਿੱਚ ਕਿਸੇ ਗਲ ਨੂੰ ਪੱਕਾ ਕਰਨਾ। ਸਾਡੀ ਬੁੱਧ ਗਿਆਨ ਦਾ ਭੰਡਾਰ ਹੈ, ਇਸ ਵਿੱਚ ਨਿਤ ਨਵਾਂ ਗਿਆਨ, ਖੋਜ ਪਾ ਕੇ ਸੁਰਤ ਨਾਲ ਰਲਾ ਕੇ ਹੀ ਜੀਵ ਦੇ ਗੁਣਾਂ ਵਿੱਚ ਵਾਧਾ ਹੁੰਦਾ ਹੈ। ਜਿਵੇਂ ਬੱਚਾ ਪੈਦਾ ਹੋਵੇ, ਉਸਦੇ ਕੋਲ ਸੁਰਤ ਹੈ ਪਰ ਗਿਆਨ ਚੇਤੇ ਨਹੀਂ ਹੈ ਜੇ ਗੁਣਾਂ ਦਾ ਗਿਆਨ ਲਵੇ ਤਾਂ ਗੁਣੀ, ਜੇ ਗਿਆਨ ਲਵੇ ਚੋਰੀ, ਈਰਖਾ, ਲਾਲਚ ਆਦੀ ਦਾ ਤਾਂ ਅਵਗੁਣੀ। ਧਿਆਨ ਤੋਂ ਭਾਵ ਹੈ ਕੇ ਜੀਵ ਆਪਣੀ ਸੁਰਤ ਦਾ ਇਸਤੇਮਾਲ ਵਿਕਾਰਾਂ ਲਈ ਕਰਦਾ ਪਿਆ ਹੈ ਜਾਂ ਗੁਣ ਲੈਣ ਵਿੱਚ। ਜਦੋਂ ਮਨੁੱਖ ਦਾ ਸੰਸਾਰੀ ਸਫਰ ਖਤਮ ਹੋ ਜਾਂਦਾ ਹੈ ਤਾਂ ਉਹੀ ਸੁਰਤ ਜਾਂ consciousness ਦੇ ਸਮੁੰਦਰ ਵਿੱਚ ਜਾ ਸਮਾਉਂਦੀ ਹੈ। ਇਹ ਓਦਾਂ ਹੀ ਹੈ ਜਿਵੇਂ ਸੰਸਾਰੀ ਸਮਗਰੀ, ਵਸਤੂਆਂ ਰੀਸਾਈਕਲ ਹੁੰਦੀਆਂ ਹਨ। ਫਰਕ ਇਤਨਾ ਹੈ ਕੇ ਸੁਰਤ ਨੂੰ ਉਰਜਾ ਵਾਂਗ ਫੜਿਆ ਜਾਂ ਸਟੋਰ ਨਹੀਂ ਕੀਤਾ ਜਾ ਸਕਦਾ। ਨਾ ਇਸ ਸੁਰਤ ਨੂੰ ਨਿਚੋੜ ਕੇ ਮਟੀਰੀਅਲ ਵਿੱਚੋਂ ਕੱਡਿਆ ਜਾ ਪਾਇਆ ਜਾ ਸਕਦਾ ਹੈ।

ਜਿਹੜੀ ਸੁਰਤ ਜਿਹੜੀ ਜੋਤ ਬਾਕੀ ਜੀਵਾਂ ਵਿੱਚ ਹੈ, ਗੁਰਮਤਿ ਉਹਨਾਂ ਨਾਲ ਏਕ ਮਤਿ ਹੋਣ ਦੀ ਹਲ ਕਰਦੀ ਹੈ। ਇਹੀ ਏਕਾ ਮਨੁੱਖ ਲਈ ਸੁਹਿਰਦ ਦੀ ਰਾਹ ਬਣਦਾ ਹੈ। ਇੱਕ ਤੇ ਏਕ ਦੀ ਸਮਝ ਵੀ ਇੱਝ ਹੀ ਹੈ। ਰੱਬ ਇੱਕ ਨਹੀਂ ਏਕ ਹੈ। ਸਾਰੀਆਂ ਜੋਤਾਂ ਦਾ ਸੁਰਤ ਦਾ ਇੱਕੋ ਹੋਣਾ ਹੀ ਏਕਾ ਹੈ। ਇਸ ਏਕੇ ਨੇ ਹੀ ਸਮੁਹਿਕ ਤੌਰ ਤੇ ਇੱਕ ਕਹਿਲਾਣਾ ਜਾਂ ਕਹਿ ਲਵੋ ਬਣਨਾ। ਸੋ ਰੱਬ ਨੂੰ ਏਕਾ ਰੂਪ ਸਮਝ ਸਕਦੇ ਹਾਂ। ਪੂਰੀ ਸ੍ਰਿਸਟੀ ਵਿੱਚ ਇਸ ਸੁਰਤ ਦਾ ਪਸਾਰਾ ਹੈ। ਤਾਹੀਂ ਸਬ ਗੋਬਿੰਦ ਹੈ ਸਮਝ ਲਗਣਾ। ਇਹੀ ਗੁਰਮਤਿ ਦਾ ਵਿਸ਼ਾ ਹੈ। ਰੱਬ ਤੇਰੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ। ਜਿਹਨਾਂ ਭਗਤਾਂ ਨੇ ਵਿਚਾਰਿਆ, ਸਮਝਿਆ ਤੇ ਸਮਝ ਕੇ ਗਿਆਨ ਅੰਜਨ ਨਾਲ ਪੇਖਿਆ (ਮਹਿਸੂਸ ਕੀਤਾ), ਉਹ ਆਖਦੇ ਹਨ “ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ॥ ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ॥੮੭॥

ਫੇਰ ਇਹ ਗਲ ਸਮਝ ਕੇ ਮੰਨ ਕੇ ਕਿਤੇ ਉਹਨਾਂ ਨੂੰ ਆਪਣੇ ਰੱਬ ਹੋਣ ਦਾ ਹੰਕਾਰ ਨਾ ਹੋ ਜਾਵੇ ਇਹ ਵੀ ਆਖਦੇ ਹਨ ਕੇ

ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ॥੧॥

ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥ ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥੩੨॥ ਮੈ ਹੋ ਪਰਮ ਪੁਰਖ ਕੋ ਦਾਸਾ॥ ਦੇਖਨ ਆਯੋ ਜਗਤ ਤਮਾਸਾ॥ ਜੋ ਪ੍ਰਭ ਜਗਤਿ ਕਹਾ ਸੋ ਕਹਿਹੋਂ॥ ਮ੍ਰਿਤ ਲੋਕ ਤੇ ਮੋਨ ਨ ਰਹਿਹੋਂ॥੩੩॥

ਰੱਬ, ਪਰਮੇਸਰ, ਠਾਕੁਰ, ਅਕਾਲ, ਬੀਠਲ, ਹਰਿ, ਰਾਮ ਆਦੀ ਸਾਰੇ ਹੀ ਉਸਦੇ ਨਾਮ ਹਨ ਜੋ ਸੁਰਤ ਭਾਵ consciousness/awareness ਦੇ ਰੂਪ ਵਿੱਚ ਪੂਰੀ ਸ੍ਰਿਸਟੀ ਵਿੱਚ ਪਸਰਿਆ ਹੋਇਆ ਹੈ। ਪੂਰਾ ਸੰਸਾਰ, ਊਰਜਾ, ਗੁਣ ਅਵਗੁਣ ਸਬ ਉਸਦੇ ਹੀ ਵਸ ਵਿੱਚ ਹਨ। ਨਾ ਉਹ ਕਿਸੇ ਦਾ ਬੈਰੀ ਹੈ, ਨਾ ਮਿੱਤਰ, ਉਹ ਕਿਸੇ ਦੀ ਪਕੜ ਵਿੱਚ ਨਹੀਂ ਆਉਂਦਾ। ਉਹ ਇਸਤ੍ਰੀ ਪੁਰਖ ਵਿੱਚ ਫਰਕ ਨਹੀਂ ਕਰਦਾ, ਕਾਲੇ ਗੋਰੇ, ਅਮੀਰ ਗਰੀਬ, ਜਾਤ ਪਾਤ ਦਾ ਫਰਕ ਨਹੀਂ ਕਰਦਾ। ਉਹ ਜੋ ਕਰਦਾ ਕਿਸੇ ਤੋਂ ਪੁੱਛ ਕੇ ਨਹੀਂ ਕਰਦਾ। ਉਹ ਦਿਆਲੂ ਵੀ ਆਪਣੀ ਮਰਜ਼ੀ ਨਾਲ ਹੈ ਤੇ ਕ੍ਰੂਰ ਕਰਮੇ ਵੀ ਹੈ, ਉਸਦੀ ਮਰਜ਼ੀ ਹੁੰਦੀ ਹੈ ਤਾਂ ਹਜਾਰਾਂ ਲੱਖਾਂ ਜੀਵ ਜੰਗਲ ਦੀ ਅੱਗ ਵਿੱਚ ਸਾੜ ਦਿੰਦਾ ਹੈ। ਨਾ ਉਸਨੇ ਕਿਸੇ ਨੂੰ ਲੇਖਾ ਦੇਣਾ ਹੈ ਨਾਂ ਕੋਈ ਉਸਤੇ ਦੋਸ਼ ਹੈ। ਉਹ ਆਪ ਕਾਲ, ਹੁਕਮ, ਊਰਜਾ, ਸੰਸਾਰ ਤੋਂ ਉਪਰ ਹੈ। ਉਹ ਬਸ ਹੈ, ਤੇ ਹਮੇਸ਼ਾ ਰਹਿਣਾ। ਅਸੀਂ ਉਸਦੇ ਗੁਣਾਂ ਦੀ ਵਿਚਾਰ ਕਰਨੀ ਹੈ, ਉਸਦੇ ਹੁਕਮ ਦੀ ਵਿਚਾਰ ਕਰਨੀ ਹੈ। ਉਹ ਬਾਪ ਵੀ ਹੈ ਜਿਸ ਤੋਂ ਕੁਝ ਛੁਪਿਆ ਨਹੀਂ ਹੈ। ਉਹ ਗਿਆਨ ਤੇ ਬੁੱਧ ਰੂਪ ਵਿੱਚ ਆਪ ਹੀ ਮਾਂ ਹੈ। ਉਸਨੇ ਹੀ ਦਾਨਵ (ਅਵਗੁਣ) ਅਤੇ ਦੇਵਤੇ (ਗੁਣ) ਆਪ ਪੈਦੇ ਕੀਤੇ ਹਨ ਤੇ ਉਹਨਾਂ ਵਿੱਚ ਬਾਦ ਵੀ ਆਪ ਰਚਾਇਆ ਹੈ “ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ॥”। ਇਹਨਾਂ ਦੀ ਮਤਿ, ਮਨ (ਦੁਰਗ) ਤੇ ਜਿੱਤ ਹਾਸਿਲ ਕਰਨ ਦੀ ਮੱਤ ਦੁਰਗਾ, ਭਗਉਤੀ ਭਾਵ ਉੱਤਮ ਭਗਤੀ ਜਾਂ ਗੁਰਮਤਿ (ਗੁਣਾਂ) ਦੀ ਮੱਤ ਵੀ ਉਸਨੇ ਆਪ ਸਾਜੀ ਹੈ, ਵੇਖੋ “ਭਗਉਤੀ ਕੌਣ/ਕੀ ਹੈ ?” ਵੇਖੋ “ਆਦਿ ਅਤੇ ਦਸਮ ਬਾਣੀ ਵਿੱਚ ਦੇਵੀ ਦੇਵਤਿਆਂ ਦੀ ਅਤੇ ਮੂਰਤੀ ਪੂਜਾ ਹੈ?” । ਉਹ ਪਖੰਡ ਪੂਜਾ, ਜਾਂ ਤੀਰਥ, ਵਰਤ, ਕਰਮ ਕਾਂਡ ਨਾਲ, ਮਾਸ ਖਾਣ ਜਾ ਨਾ ਖਾਣ ਨਾਲ ਕਿਸੇ ਦੇ ਵੱਸ ਵਿੱਚ ਨਹੀਂ ਹੋ ਜਾਂਦਾ। ਉਹ ਭੋਜਨ ਦੇ ਬਿਬੇਕ ਨਾਲ ਨਹੀਂ ਬੁੱਧ ਦੇ ਬਿਬੇਕ ਨਾਲ ਸਮਝ ਆਉਂਦਾ। ਵੇਖੋ ਗੁਰਮਤਿ ਵਿੱਚ ਬਿਬੇਕ ਦੇ ਅਰਥ ਕੀ ਹਨ?, ਵੇਖੋ ਉਸਦੀ ਭਗਤੀ ਕਿਵੇਂ ਕਰਨੀ ਹੈ “ਭਗਤੀ ਅਤੇ ਪੂਜਾ”। ਖਾਲਸਾ ਬਣਨਾ ਹੈ ਸਾਰਿਆਂ ਨੇ, ਸੋਚ ਤੋਂ ਖਾਲਿਸ। ਕੋਈ ਕੇਵਲ ਲੀੜੇ ਪਾ ਕੇ ਖਾਲਸ ਨਹੀਂ ਹੁੰਦਾ “ਖਾਲਸਾ (Khalsa), ਖਾਲਸਾ ਫੌਜ ਤੇ ਖਾਲਸਾ ਸਾਜਨਾ”। ਉਸਦਾ ਗਿਆਨ, ਉਸਦੀ ਸੋਝੀ ਹੀ ਅੰਮ੍ਰਿਤ ਹੈ ਜੋ ਹਰੇਕ ਜੀਵ ਨੇ ਛਕਣਾ “ਅੰਮ੍ਰਿਤ ਅਤੇ ਖੰਡੇ ਦੀ ਪਹੁਲ (Amrit vs Khandey di Pahul)”। ਜਦੋਂ ਉਸਦੇ ਗਿਆਨ ਦਾ ਚਾਨਣਾ ਹੋਵੇ ਉਹੀ ਭਲਕਾ ਹੈ, ਜਦੋਂ ਉਸਦੇ ਗਿਆਨ ਦੀ ਵਿਚਾਰ ਹੋਵੇ ਅੰਮ੍ਰਿਤ ਵੇਲਾ ਹੈ, ਵੇਖੋ “ਭਲਕਾ, ਅੰਮ੍ਰਿਤ ਵੇਲਾ, ਰਹਿਰਾਸ ਅਤੇ ਗੁਰਬਾਣੀ ਪੜ੍ਹਨ ਦਾ ਸਹੀ ਸਮਾ”। ਗੁਰਮਤਿ ਨੇ ਸਮਝਾਇਆ ਹੈ ਕੇ ਧਰਮ ਕੀ ਹੈ, ਵੇਖੋ “ਧਰਮ”।

ਸੰਸਾਰੀ ਪਦਾਰਥਾਂ ਤੇ ਗ੍ਰਿਹਾਂ ਦੀ ਬ੍ਰਹਮਾਂਡ ਦੀ ਖੋਜ ਵਿਗਿਆਨ ਤੇ ਛੱਡ ਦੇਵੋ ਤੇ ਜੋ ਖੋਜ ਗੁਰਮਤਿ ਕਰਨ ਨੂੰ ਆਖਦੀ ਹੈ ਉਹ ਕਰੋ

ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ॥੧॥

ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥੨॥

ਸੋ ਭਾਈ ਉਸਦਾ ਗਿਆਨ ਲਵੋਂ ਤਾ ਉਸਦੀ ਸੋਝੀ ਹੋਣੀ। ਬਾਕੀ ਦਸਮ ਬਾਣੀ ਆਖਦੇ ਉਸਨੂੰ ਸਮਝਣ ਦੀ ਕੋਸ਼ਿਸ਼ ਵਿੱਚ, ਉਸ ਉੱਪਰ ਪਕੜ ਬਣਾਉਣ ਦੀ ਕੋਸ਼ਿਸ਼ ਵਿੱਚ ਕੀ ਕੀ ਹੋਇਆ ਹੈ

ਕੂਕਤ ਫਿਰਤ ਕੇਤੇ ਰੋਵਤ ਮਰਤ ਕੇਤੇ ਜਲ ਮੈਂ ਡੁਬਤ ਕੇਤੇ ਆਗ ਮੈਂ ਜਰਤ ਹੈਂ॥ ਕੇਤੇ ਗੰਗ ਬਾਸੀ ਕੇਤੇ ਮਦੀਨਾ ਮਕਾ ਨਿਵਾਸੀ ਕੇਤਕ ਉਦਾਸੀ ਕੇ ਭ੍ਰਮਾਏ ਈ ਫਿਰਤ ਹੈਂ॥ ਕਰਵਤ ਸਹਤ ਕੇਤੇ ਭੂਮਿ ਮੈ ਗਡਤ ਕੇਤੇ ਸੂਆ ਪੈ ਚੜ੍ਹਤ ਕੇਤੇ ਦੂਖ ਕਉ ਭਰਤ ਹੈਂ॥ ਗੈਨ ਮੈਂ ਉਡਤ ਕੇਤੇ ਜਲ ਮੈਂ ਰਹਤ ਕੇਤੇ ਗਿਆਨ ਕੇ ਬਿਹੀਨ ਜਕ ਜਾਰੇ ਈ ਮਰਤ ਹੈਂ॥੧੯॥੮੯॥ ਸੋਧ ਹਾਰੇ ਦੇਵਤਾ ਬਿਰੋਧ ਹਾਰੇ ਦਾਨੋ ਬਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ॥ ਘਸ ਹਾਰੇ ਚੰਦਨ ਲਗਾਇ ਹਾਰੇ ਚੋਆ ਚਾਰੁ ਪੂਜ ਹਾਰੇ ਪਾਹਨ ਚਢਾਇ ਹਾਰੇ ਲਾਪਸੀ॥ ਗਾਹ ਹਾਰੇ ਗੋਰਨ ਮਨਾਇ ਹਾਰੇ ਮੜ੍ਹੀ ਮਟ ਲੀਪ ਹਾਰੇ ਭੀਤਨ ਲਗਾਇ ਹਾਰੇ ਛਾਪਸੀ॥ ਗਾਇ ਹਾਰੇ ਗੰਧ੍ਰਬ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ॥੨੦॥

Resize text