Loading…

ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ

ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ

ਸੰਸਾਰ ਕਿਵੇਂ ਬਣਿਆ?

ਇਹ ਸਵਾਲ ਕਈ ਵਾਰ ਪੁੱਛਿਆ ਜਾਂਦਾ ਹੈ ਕੇ ਰੱਬ ਕੌਣ ਹੈ? ਕੀ ਹੈ? ਉਸਨੇ ਸੰਸਾਰ ਕਿਵੇਂ ਬਣਾਇਆ। ਰੱਬ ਬਾਰੇ ਅਸੀਂ ਵਿਚਾਰ ਕੀਤੀ “ਰੱਬ ਕੌਣ ਹੈ? ਕੀ ਹੈ ਰੱਬ?”।

ਇਕ ਵੀਰ ਨੇ ਸਵਾਲ ਪੁੱਛਿਆ ਕੇ “ਕੁਦਰਤ ਅੱਖਰ ਨੂੰ ਤੋੜ ਕੇ ਸਮਜਾਇਓ ਕਿਵੇਂ ਬਣਿਆ?”। ‘ਕੁਦਰਤ’ ਸ਼ਬਦ ਫਾਰਸੀ (Persian) ਭਾਸ਼ਾ ਤੋਂ ਆਇਆ ਹੈ, ਜਿੱਥੇ ਇਸਦਾ ਅਸਲ ਅਰਥ “ਤਬੀਅਤ” ਜਾਂ “Nature” ਹੈ ਸ੍ਰਿਸਟੀ ਨਹੀਂ। ਅਰਬੀ ਵਿੱਚ ਇਹ “ਕ਼ੁਦ੍ਰਤ” (قدرت) ਵਜੋਂ ਆਉਂਦਾ ਹੈ, ਜਿੱਥੇ ਅਰਥ “power”, “ability”, “creation”, “nature” ਹੁੰਦਾ ਹੈ।

ਉਹਨਾਂ ਦੇ ਸਵਾਲ ਵਿੱਚ ਕੁਦਰਤ ਦਾ ਭਾਵ ਸ੍ਰਿਸਟੀ ਜਾਪ ਰਹਿਆ ਸੀ। ਕਈ ਵੀਰ ਭੈਣ ਵੀ ਗੁਰਬਾਣੀ ਵਿੱਚ ਆਏ ਕੁਦਰਤ ਸ਼ਬਦ ਨੂੰ ਸੰਸਾਰ ਜਾਂ ਸ੍ਰਿਸ਼ਟੀ ਹੀ ਸਮਝਦੇ ਹਨ। ਸਵਾਲ ਵਿੱਚ ਅੱਖਰ ਵੀ ਵਰਤਿਆ ਸੀ ਉਹਨਾਂ ਨੇ। ਦੋ ਸ਼ਬਦ ਹਨ ਜੋ ਗੁਰਬਾਣੀ ਵਿੱਚ ਇੱਕੋ ਤਰੀਕੇ ਨਾਲ ਲਿਖੇ ਗਏ ਹਨ। ਅਖਰ (ਅ-ਖਰ ਭਾਵ ਜੋ ਖਰੇ ਨਾ) ਜਿਸ ਵਿੱਚ ਬਦਲਾਵ ਨਾ ਆਵੇ, ਜੋ ਸਦਾ ਸੱਚ ਹੈ), ਅਤੇ ਦੂਜਾ ਹੈ ਅਖਰ (ਅੱਖਰ – ਸ਼ਬਦਾ ਨੂੰ ਲਿਖਣ ਦਾ ਤਰੀਕਾ, ਲਿਪੀ ਜਾਂ ਬੋਲ), ਕਿਉਂਕੇ ਗੁਰਬਾਣੀ ਲਿਖਣ ਸਮੇਂ ਅੱਧਕ ਨਹੀਂ ਵਰਤੀ ਗਰੀ, ਇਸ ਲਈ ਭੁਲੇਖਾ ਪੈਂਦਾ ਹੈ ਜਿੱਥੇ ਵੀ ਅੱਖਰ ਵਰਤਿਆ ਗਿਆ ਹੈ ਗੁਰਬਾਣੀ ਵਿੱਚ, ਉੱਥੇ ਹਰ ਥਾਂ ਅੱਖਰ ਹੀ ਅਰਥ ਹਨ। ਅਸਲ ਵਿੱਚ ਅਖਰ ਤੇ ਅੱਖਰ ਦੋਵੇਂ ਅਰਥਾਂ ਨਾਲ ਅਖਰ ਵਰਤਿਆ ਗਿਆ ਹੈ ਗੁਰਬਾਣੀ ਵਿੱਚ। ਇਸਦੀ ਸਮਝ ਸਾਨੂੰ ਲਿਖਤ ਵਿੱਚ ਸੰਧਰਬ ਜਾਂ ਪ੍ਰਾਕਰਣ ਤੋਂ ਪਤਾ ਲਗਦਾ ਹੈ। ਸੋ ਜੋ ਕੁਦਰਤ ਹੈ ਇਹ ਅਖਰ (ਅ-ਖਰ) ਤੋਂ ਜਾਂ ਅਖਰ (ਸੱਚ) ਦੁਆਰਾ ਸਾਜੀ ਗਈ ਹੈ। ਜਿਵੇਂ “ਅਖਰੀ ਨਾਮੁ ਅਖਰੀ ਸਾਲਾਹ॥” ਅਤੇ “ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥”, ਇਹਨਾਂ ਉਦਾਹਰਣਾ ਵਿੱਚ ਅਖਰ ਤੋਂ ਭਾਵ ਹੈ ਸੱਚ ਜੋ ਖਰੇ ਨਹੀਂ। ਜੋ ਸਦੀਵ ਸੱਚ ਹੈ ਉਸਦੇ ਗੁਣਾਂ ਦੀ ਵਿਚਾਰ ਤੋਂ ਗਲ ਸਪਸ਼ਟ ਹੁੰਦੀ ਹੈ। ਇਸ ਸੱਚ ਨੇ ਹੀ ਕੁਦਰਤ ਸਾਜੀ ਹੈ “ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ॥ ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ॥ ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ॥”। ਇਹ ਸਚ ਨਾਮ ਭਾਵ ਸਚ ਦੀ ਸੋਝੀ ਹੀ ਅਸੀਂ ਸਾਰਿਆਂ ਨੇ ਜਪਣੀ ਭਾਵ ਸਮਝਣੀ ਹੈ। ਸਾਡਾ ਧਿਆਨ ਕੇਵਲ ਸਚ ਦੇ ਗੁਣਾਂ ਨੂੰ ਜਪਣ (ਸਮਝਣ) ਵਿੱਚ ਹੋਣਾ ਚਾਹੀਦਾ ਹੈ।

ਸ੍ਰਿਸਟੀ ਕਿਉਂ ਅਤੇ ਕਿਵੇਂ ਬਣੀ ਇਹ ਗੁਰਮਤਿ ਦਾ ਵਿਸ਼ਾ ਹੈ ਹੀ ਨਹੀਂ। ਸਾਡੀ ਧਰਤੀ ਕੁਲ ਕਾਇਨਾਤ ਦਾ ਇੱਕ ਰੱਤੀ ਤੋਂ ਵੀ ਛੋਟਾ ਹਿੱਸਾ ਹੈ। ਕਦੋਂ ਬਣਿਆ, ਕਿਵੇਂ ਬਣਿਆ ਇਸ ਬਾਰੇ ਗੁਰਮਤਿ ਨੇ ਕਹਿ ਦਿੱਤਾ ਹੈ ਕੇ ਅੰਤ ਨਹੀਂ ਪਾਇਆ ਜਾ ਸਕਦਾ। ਸਾਰੇ ਹੀ ਅੰਦਾਜੇ ਅੰਦੇਸ਼ੇ ਲਾ ਕੇ ਥੱਕ ਗਏ ਪਰ ਉੱਥੇ ਤਕ ਕੋਈ ਪਹੁੰਚ ਨਹੀਂ ਸਕਿਆ। ਨਾਸਾ ਦੀ ਇੱਕ ਫੋਟੋ ਹੈ ਵੇਖੋ

ਨਿਰੀਖਣ ਯੋਗ ਬ੍ਰਹਮੰਡ ਦੀ ਅੰਦਾਜ਼ਨ ਉਮਰ 13.799 ਅਰਬ ਸਾਲ ਹੈ। ਨਿਰੀਖਣ ਯੋਗ ਬ੍ਰਹਮੰਡ ਲਗਭਗ 93 ਅਰਬ ਪ੍ਰਕਾਸ਼ ਵਰ੍ਹੇ (93 billion light-years) ਵਿਸ਼ਾਲ ਹੈ। ਇਸਤੋਂ ਭਾਵ ਹੈ ਕਿ ਅਸੀਂ ਹਰ ਦਿਸ਼ਾ ਵਿੱਚ ਲਗਭਗ 46.5 ਅਰਬ ਪ੍ਰਕਾਸ਼ ਵਰ੍ਹੇ ਤੱਕ ਦੀ ਦੂਰੀ ਤੱਕ ਦੀ ਚੀਜ਼ਾਂ ਨੂੰ ਜੰਤਰਾਂ ਨਾਲ ਦੇਖ ਸਕਦੇ ਹਾਂ। ਇਹ ਗਿਣਤੀ ਸਿਰਫ਼ ਉਨ੍ਹਾਂ ਚੀਜ਼ਾਂ ਦੀ ਹੈ ਜਿਨ੍ਹਾਂ ਦੀ ਰੋਸ਼ਨੀ ਸਾਨੂੰ ਅਜੇ ਤੱਕ ਪਹੁੰਚੀ ਹੈ। ਬ੍ਰਹਮੰਡ ਦਾ ਅਸਲ ਆਕਾਰ ਇਸ ਤੋਂ ਵੀ ਕਈ ਗੁਣਾ ਵੱਡਾ ਹੋ ਸਕਦਾ ਹੈ—ਪਰ ਉਹ ਸਾਡੀ ਨਿਗਾਹ ਤੋਂ ਬਾਹਰ ਹੈ। ਜੋ ਰੋਸ਼ਨੀ ਸਾਨੂੰ ਅੱਜ ਦਿਸ ਰਹੀ ਹੈ ਉਹ ਕਈ ਅਰਬ ਸਾਲ ਪਹਿਲਾਂ ਦੀ ਛਵੀ ਹੈ, ਸੋ ਅੱਜ ਦੀ ਸਥਿਤੀ ਕੀ ਹੈ ਗ੍ਰਿਹਾਂ ਦੀ ਉਹ ਸਾਨੂੰ ਨਹੀਂ ਪਤਾ। ਜਿਤਨੀ ਜਗ ਰਚਨਾ ਨੂੰ ਸਮਝਣ ਦੀ ਲੋੜ ਸੀ ਉਤਨੀ ਜਿਹੀ ਗਲ ਗੁਰਬਾਣੀ ਨੇ ਸਮਝਾਈ ਹੈ।

ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ॥ ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ॥੧॥

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ॥ ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ॥੨੫॥

ਮਨੁੱਖ ਆਪ ਕਦੇ ਧਰਤੀ ਤੋਂ ੪੦੧,੧੭੧ ਕਿਲੋ ਮੀਟਰ ਤੋਂ ਜਿਆਦਾ ਦੂਰ ਨਹੀਂ ਗਿਆ। ਦੂਰਬੀਨਾਂ, ਜੰਤ੍ਰਾ ਨਾਲ ਸ੍ਰਿਸਟੀ ਨੂੰ ਵੇਖ ਕੇ ਸ੍ਰਿਸਟੀ ਦੀ ਹੋੰਦ, ਗ੍ਰਿਹਾਂ ਆਦੀ ਦੇ ਅੰਦਾਜੇ ਲਾ ਰਹਿਆ ਹੈ। ਸੋਚਣ ਵਾਲੀ ਗਲ ਹੈ ਕੇ ਜੇ ਸਾਨੂੰ ਪਤਾ ਲੱਗ ਵੀ ਜਾਵੇ ਕੇ ਸ੍ਰਿਸਟੀ ਬਣੀ ਕਿਵੇਂ, ਕਿੱਥੋਂ ਆਈ, ਕਿੱਥੇ ਜਾਣੀ ਤਾਂ ਇਸ ਨਾਲ ਸਾਡੇ ਵਿੱਚ ਕੀ ਬਦਲਾਵ ਆਉਣਾ? ਗੁਰਮਤਿ ਗੁਣਾਂ ਦੀ ਮਤਿ ਹੈ, ਗੁਰਬਾਣੀ ਗੁਣਾਂ ਨੂੰ ਸਮਝਣ ਦਾ ਜ਼ਰੀਆ ਹੈ। ਬਾਹਰ ਵੱਲ ਵੇਖਣ ਨਾਲ ਸਾਡੇ ਗੁਣਾਂ, ਸਾਡੇ ਕਿਰਦਾਰ ਜਾਂ ਸਾਡੇ ਜੀਵਨ ਵਿੱਚ ਕੀ ਬਦਲਾਵ ਆਉਣਾ? ਸਮਾਜ ਵਿੱਚ ਸੁਧਾਰ ਕਿਵੇਂ ਆਉਣਾ? ਇਹ ਵਿਚਾਰਨ ਦੇ ਵਿਸ਼ੇ ਹਨ।

ਗੁਰਮਤਿ ਨੇ ਸੰਸਾਰ ਨੂੰ ਸੰਸਾ (ਸ਼ੰਕਾ) ਆਖਿਆ ਹੈ। ਇੱਕ ਬੁਝਾਰਤ ਹੈ ਇਹ ਸੰਸਾਰ ਅਤੇ ਮਨੁੱਖ ਅਗਿਆਨਤਾ ਦੀ ਨੀਂਦ ਵਿੱਚ ਹੀ ਸਾਰਾ ਜੀਵਨ ਬਤੀਤ ਕਰ ਦਿੰਦਾ ਹੈ “ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ॥

ਗੁਰਮਤਿ ਆਤਮ ਖੋਜ ਮਾਰਗ ਹੈ। ਆਪਣੇ ਆਪ ਦੀ ਪਛਾਣ ਕਰਾਉੰਦੀ ਹੈ ਗੁਰਬਾਣੀ। ਅੰਦਰ ਝਾਂਕ ਕੇ ਆਪਣੇ ਕਿਰਦਾਰ ਆਪਣੀ ਕਾਇਆ ਤੇ ਕੰਮ ਕਰਨ ਨੂੰ ਆਖਦੀ ਹੈ। ਅੰਦਰ ਖੋਜਣ ਨੂੰ ਆਖਦੀ ਹੈ। ਜਦੋਂ ਮਨ ਨੂੰ ਆਪਣੀ ਹੋਂਦਾ ਦਾ ਚੇਤਾ ਕਰਾਇਆ ਜਾਵੇ ਇਹ ਬਾਹਰ ਨੂੰ ਭੱਜਦਾ ਅਤੇ ਧਿਆਨ ਬਾਹਰ ਨੂੰ ਲੈ ਜਾਂਦਾ ਕਿਉਂ ਕੇ ਉਸਨੂੰ ਪਤਾ ਗਿਆਨ ਨੇ ਉਸਨੂੰ ਬੰਨ ਲੈਣਾ। ਜਦੋਂ ਮਨ ਵਿੱਚ ਇਹੋ ਜਿਹੇ ਸਵਾਲ ਉਠਣ ਉਸਨੂੰ ਵਾਪਸ ਸਮਝਾਉਣਾ ਹੈ ਕੇ ਅੰਦਰ ਵੇਖ। ਮਨ ਦੀ ਕੋਸ਼ਿਸ਼ ਰਹਿੰਦੀ ਹੈ ਕੇ ਬਾਹਰ ਮਾਇਆ ਵਲ ਧਿਆਨ ਰਹੇ। ਗੁਰਬਾਣੀ ਅੰਦਰ ਖੋਜਣ ਦੀ ਗਲ ਕਰਦੀ ਹੈ। ਜਦੋਂ ਤਕ ਧਿਆਨ ਬਾਹਰ ਮੁਖੀ ਹੈ ਤੱਤ ਖੋਜ ਜੋ ਗੁਰਮਤਿ ਦਸ ਰਹੀ ਹੈ ਉਹ ਅਸੀਂ ਨਹੀਂ ਕਰ ਸਕਦੇ ਨਾ ਹੀ ਗੁਣ ਆਪਣੇ ਤੇ ਲਾਗੂ ਕਰ ਸਕਦੇ ਹਾਂ। ਸੰਸਾਰ ਨੇ ਬਹੁਤ ਕੁੱਝ ਪਰਵਾਨ ਕੀਤਾ ਹੋਇਆ ਹੈ ਪਰ ਜਿਸਨੇ ਇਹ ਨਹੀਂ ਸਮਝਿਆ ਕੇ ਖੋਜ ਕਰਨੀ ਕੀ ਹੈ ਉਸਨੂੰ ਤੱਤ ਗਿਆਨ ਬਾਰੇ ਪਤਾ ਨਹੀਂ ਲੱਗਣਾ

“ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ॥”
“ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥”
“ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥”
ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ॥
“ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ॥”
“ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ॥”
“ਗੁਰਮਤਿ ਖੋਜਹਿ ਸਬਦਿ ਬੀਚਾਰਾ ॥”
“ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ॥੧॥”
“ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ॥”
“ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ॥”
“ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥”
“ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥”
“ਏਕਾ ਖੋਜੈ ਏਕ ਪ੍ਰੀਤਿ॥ ਦਰਸਨ ਪਰਸਨ ਹੀਤ ਚੀਤਿ॥ ਹਰਿ ਰੰਗ ਰੰਗਾ ਸਹਜਿ ਮਾਣੁ॥ ਨਾਨਕ ਦਾਸ ਤਿਸੁ ਜਨ ਕੁਰਬਾਣੁ॥”
“ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥”
“ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ॥”
“ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ॥”
“ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥੧॥ ਰਹਾਉ॥ ਧਿਆਨੀ ਧਿਆਨੁ ਲਾਵਹਿ॥ ਜਾਨਉ ਨਹੀ ਭਾਵੈ ਕਵਨ ਬਾਤਾ॥ ਮਨ ਖੋਜਿ ਮਾਰਗੁ॥੧॥ ਰਹਾਉ॥ ਧਿਆਨੀ ਧਿਆਨੁ ਲਾਵਹਿ॥ ਗਿਆਨੀ ਗਿਆਨੁ ਕਮਾਵਹਿ॥ ਪ੍ਰਭੁ ਕਿਨ ਹੀ ਜਾਤਾ॥੧॥”
“ਜਾ ਕਉ ਖੋਜਹਿ ਸਰਬ ਉਪਾਏ॥ ਵਡਭਾਗੀ ਦਰਸਨੁ ਕੋ ਵਿਰਲਾ ਪਾਏ॥ ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ॥੩॥”
“ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ॥”
“ਤਨੁ ਮਨੁ ਖੋਜੇ ਤਾ ਨਾਉ ਪਾਏ॥”
“ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥੩॥”
“ਖੋਜਤ ਖੋਜਤ ਨਿਜ ਘਰੁ ਪਾਇਆ॥ ਅਮੋਲ ਰਤਨੁ ਸਾਚੁ ਦਿਖਲਾਇਆ॥ ਕਰਿ ਕਿਰਪਾ ਜਬ ਮੇਲੇ ਸਾਹਿ॥ ਕਹੁ ਨਾਨਕ ਗੁਰ ਕੈ ਵੇਸਾਹਿ॥”
“ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥”
“ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ॥੪॥”
“ਖਖਾ ਖੋਜਿ ਪਰੈ ਜਉ ਕੋਈ॥ ਜੋ ਖੋਜੈ ਸੋ ਬਹੁਰਿ ਨ ਹੋਈ॥ ਖੋਜ ਬੂਝਿ ਜਉ ਕਰੈ ਬੀਚਾਰਾ॥ ਤਉ ਭਵਜਲ ਤਰਤ ਨ ਲਾਵੈ ਬਾਰਾ॥੪੦॥”
“ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥”
“ਗੁਰਮੁਖਿ ਖੋਜਿ ਲਹੈ ਘਰੁ ਆਪੇ ॥੧॥”
“ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ॥ ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ॥”
“ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥”
“ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥”
“ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥”
“ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ॥ ਖੋਜਤ ਖੋਜਤ ਭਇਆ ਸਾਧਸੰਗੁ ਤਿਨੑ ਸਰਣਾਈ ਪਾਇਆ॥੧॥”
“ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥”
“ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥”
“ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ॥”
“ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥”
“ਖੋਜਤ ਖੋਜਤ ਘਟਿ ਘਟਿ ਦੇਖਿਆ ॥”
“ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥”
“ਜਾ ਮਹਿ ਸਭਿ ਨਿਧਾਨ ਸੋ ਹਰਿ ਜਪਿ ਮਨ ਮੇਰੇ ਗੁਰਮੁਖਿ ਖੋਜਿ ਲਹਹੁ ਹਰਿ ਰਤਨਾ ॥”
“ਖੋਜਤ ਖੋਜਤ ਦੁਆਰੇ ਆਇਆ॥ ਤਾ ਨਾਨਕ ਜੋਗੀ ਮਹਲੁ ਘਰੁ ਪਾਇਆ॥”
“ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥”
“ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥”
“ਖੋਜਤ ਖੋਜਤ ਅੰਮ੍ਰਿਤੁ ਪੀਆ ॥”
“ਗੁਰਮੁਖਿ ਖੋਜਤ ਭਏ ਉਦਾਸੀ॥”
“ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥”
“ਮੈ ਮਨੁ ਤਨੁ ਖੋਜਿ ਢੰਢੋਲਿਆ ਕਿਉ ਪਾਈਐ ਅਕਥ ਕਹਾਣੀ ॥”
“ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥”
“ਗ੍ਰਿਹਿ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਏ ॥੮॥”
“ਗੁਰਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥”
“ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥੬॥”
“ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥੨॥”
“ਜਹਾ ਜਾਈਐ ਤਹ ਜਲ ਪਖਾਨ॥ ਤੂ ਪੂਰਿ ਰਹਿਓ ਹੈ ਸਭ ਸਮਾਨ॥ ਬੇਦ ਪੁਰਾਨ ਸਭ ਦੇਖੇ ਜੋਇ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ॥੨॥”
“ਦਖਨ ਦੇਸਿ ਹਰੀ ਕਾ ਬਾਸਾ ਪਛਿਮਿ ਅਲਹ ਮੁਕਾਮਾ॥ ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ॥੨॥”

ਜੇ ਫੇਰ ਵੀ ਸ੍ਰਿਸਟੀ ਕਿਵੇਂ ਬਣੀ ਸਮਝਣਾ ਹੋਵੇ ਤਾਂ ਪਹਿਲਾਂ ਅਕਾਲ ਦੇ ਗਣ ਵਿਚਾਰ ਲਵੋ। ਸਮਝ ਲਵੋ ਕੇ ਰੱਬ ਕੀ ਹੈ? ਕੌਣ ਹੈ? ਇਹ ਸਮਝ ਲੱਗੂ ਕੇ ਸੁਰਤ (awareness) ਦਾ ਅਥਾਹ ਸਮੁੰਦਰ ਹੈ, ਪੂਰੀ ਸ੍ਰਿਸਟੀ ਵਿੱਚ, ਜਿਸ ਵਿੱਚੋਂ ਜੀਵ ਦੀ ਸੁਰਤ ਬੂੰਦ ਵਾਂਗ ਨਿਕਲਦੀ ਹੈ, ਮਾਇਆ ਦਾ ਸਰੀਰ ਉਸ ਸਮੁੰਦਰ ਦੇ ਹੀ ਗੁਣਾਂ, ਬਿੰਦ ਰੂਪ ਵਿੱਚੋਂ ਬਣਦੀ ਹੈ, ਅਤੇ ਆਪਣੇ ਜੀਵਨ ਨੂੰ ਭੋਗ ਕੇ ਉਸ ਸਮੁੰਦਰ ਵਿੱਚ ਹੀ ਸਮਾ ਜਾਂਦੀ ਹੈ। ਅਤੇ ਜੋ ਮਾਇਆ ਦਾ ਸਰੀਰ ਸੀ ਉਹ ਵਾਪਸ ਬਿੰਦ ਰੂਪ ਵਿੱਚ ਵਿਲੀਨ ਹੋ ਜਾਂਦਾ ਹੈ। ਦਸਮ ਬਾਣੀ ਅਤੇ ਆਦਿ ਬਾਣੀ ਦੋਹਾਂ ਵਿੱਚ ਇਸਦੇ ਅਨੇਕ ਉਦਾਹਰਣ ਹਨ

ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥੮॥

ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ॥ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ॥੬੦॥

ਅਸਲ ਵਿੱਚ ਇਹ ਜੀਵਨ, ਸਾਨੂੰ ਜੋ ਦਿੱਖ ਰਹਿਆ ਹੈ, ਸਮਾਂ ਇਹ ਸਬ ਛਲਾਵਾ ਹੈ, ਇੱਕ ਸੁਪਨੇ ਵਾਂਗ। ਇੱਕ ਰੰਗ ਮੰਚ ਹੈ, ਉਸ ਅਥਾਹ ਸਮੁੰਦਰ ਦਾ ਹੀ ਰਚਿਆ ਹੋਇਆ ਚਲਚਿਤ੍ਰ ਹੈ। ਆਪਣੇ ਜੀਵਨ ਨੂੰ ਗੁਣ ਧਾਰ ਕੇ ਸੁਹੇਲਾ ਕਰਨਾ ਸੀ, ਸੰਸਾਰ ਵਿੱਚ ਬਾਕੀ ਮਨੁੱਖਾਂ ਨਾਲ ਸੁਹਿਰਦ ਪੈਦਾ ਕਰਨਾ ਸੀ। ਇਸ ਸੰਸਾਰ ਵਿੱਚ ਲੜਾਈ ਝਗੜੇ ਮੁਕਾ ਕੇ ਇੱਕ ਇਹੋ ਜਿਹਾ ਸਮਾਜ ਰਚਨਾ ਸੀ ਜਿਸ ਵਿੱਚ ਸਾਰੇ ਆਨੰਦ ਵਿੱਚ ਹੋਣ। ਪਰ ਅਸੀਂ ਦ੍ਵੇਸ਼ ਨਹੀਂ ਮੁਕਾ ਰਹੇ। ਲਾਲਚ ਦਿਨ ਪਰ ਦਿਨ ਵਧ ਰਹਿਆ ਹੈ। ਵਿਕਾਰਾਂ ਦਾ ਪਸਾਰਾ ਮਨੁੱਖਾਂ ਦੇ ਵਿੱਚ ਵਧ ਹੀ ਰਹਿਆਂ ਹੈ ਘਟ ਨਹੀਂ ਰਹਿਆ। ਇਹ ਇਸੇ ਲਈ ਹੋ ਰਹਿਆ ਹੈ ਕਿਉਂ ਕੇ ਅਸੀਂ ਅੰਦਰ ਵੇਖਣ ਦੀ ਪ੍ਰਵਿਰਤੀ ਨਹੀਂ ਬਣਾਈ। ਬਾਹਰ ਵੇਖ ਕੇ ਕਮੀਆਂ ਲੱਬਦੇ। ਦੂਜਿਆਂ ਦੇ ਕੰਮ ਅਸੀਂ ਵੇਖ ਕੇ ਉਹਨਾਂ ਵਿੱਚ ਕਮੀਆਂ ਲੱਭਦੇ ਹਾਂ। ਅਵਗੁਣਾਂ ਦਾ ਵਪਾਰ ਕਰਨ ਲਗ ਪਏ। ਸਾਰਿਆਂ ਵਿੱਚ ਏਕਾ ਬਣਾਉਣ ਦੀ ਥਾਂ ਸਾਰਿਆਂ ਨੂੰ ਵੱਖ ਕਰ ਕੇ ਜਾਂ ਵੱਖ ਸਮਝ ਕੇ ਵੱਡਾ ਛੋਟਾ ਮੰਨ ਰਹੇ ਹਾਂ। ਮਾਇਆ ਦੀਆਂ ਸਾਰੀਆਂ ਪਰਤਾਂ ਥੱਲੇ ਅੰਦਰ ਜੋ ਸੁਰਤ ਬੈਠੀ ਹੈ, ਜਿਸਨੂੰ ਗਲਤ ਸਹੀ ਸਮਝ ਆਉਂਦਾ ਹੈ, ਜੋ ਸਬੈ ਘਟ ਰਾਮ ਵਾਲਾ ਰਾਮ ਹੈ, ਜੋ ਗਿਆਨ ਨਾਲ ਹਰਿਆ ਹਰਿ ਹੈ, ਉਸਨੂੰ ਸਾਰਿਆਂ ਅੰਦਰ ਏਕ ਸਮਾਨ ਸਮਝੇ ਬਿਨਾਂ ਸੁਹਿਰਦ ਨਹੀਂ ਪੈਦਾ ਕੀਤਾ ਜਾ ਸਕਦਾ। ਏਕਾ ਅਸੀਂ ਸਮਝਦੇ ਨਹੀਂ ਤਾਂ ਏਕਾ ਹੋਵੇਗਾ ਕਿਵੇਂ? ਵੇਖੋ “ਏਕ, ਏਕੁ, ਇਕ, ਇਕੁ ਅਤੇ ਅਨੇਕ ਦਾ ਅੰਤਰ

ਕੁਦਰਤ ਦੇ ਫ਼ਾਰਸੀ ਅਰਥ ਜੋ ਉੱਪਰ ਦੱਸੇ ਹਨ, ਲੈ ਕੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹਨ ਨਾਲ ਅਰਥ ਬਿਹਤਰ ਸਮਝ ਲੱਗਣੇ।

ਸੋ ਗੁਰਬਾਣੀ ਦੀ ਵਿਚਾਰ ਕਰੋ ਤੇ ਗੁਣ ਧਾਰਣ ਕਰੋ ਜੋ ਗੁਰਮਤਿ ਨੇ ਦੱਸੇ ਹਨ। ਸ੍ਰਿਸਟੀ ਸਾਡੀ ਪਕੜ ਅਤੇ ਸਮਝ ਤੋਂ ਬਾਹਰ ਹੈ। ਗੁਣ ਸਾਡੀ ਪਕੜ ਵਿੱਚ ਆ ਸਕਦੇ ਹਨ, ਗੁਰਮਤਿ ਵਿਚਾਰ ਰਾਹੀਂ। ਗੁਰਮਤਿ ਦਾ ਵਿਸ਼ਾ ਸੰਸਾਰ ਤੇ ਮਾਇਆ ਨਹੀਂ ਹੈ। ਗੁਰਮਤਿ ਆਤਮ ਖੋਜ ਮਾਰਗ ਹੈ, ਆਪਣੇ ਅਵਗੁਣ ਸਮਝ ਕੇ ਗੁਣ ਧਾਰਣ ਹੋਣੇ ਹਨ। ਝਗੜੇ ਮੁਕਾ ਕੇ ਸਾਡੇ ਜੀਵਨ ਵਿੱਚ ਸਦਾ ਰਹਿਣ ਵਾਲਾ ਆਨੰਦ ਪੈਦਾ ਕਰਨਾ ਹੀ ਗੁਰਮਤਿ ਦਾ ਵਿਸ਼ਾ ਹੈ।

Resize text