ਚਰਿਤ੍ਰੋਪਖ੍ਯਾਨ ਚਰਿਤ੍ਰ ਤੀਨ ਸੌ ਪਚੀਸ (੩੨੫) – Charitropakhyan charitra 325
ਚਰਿਤ੍ਰ ਤੀਨ ਸੌ ਪਚੀਸ – ਕਥਾ ਕਾਮ ਵਾਸਨਾ ਵਿੱਚ ਲਿਪਤ ਰਾਜਕੁਮਾਰੀ ਜੋ ਧੋਖੇ ਨਾਲ ਆਪਣੇ ਪਤੀ ਨੂੰ ਮਾਰ ਕੇ ਆਪਣੇ ਪ੍ਰੇਮੀ ਨੂੰ ਲੋਕਾਂ ਮੁਹਰੇ … (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)
ਆਦਿ ਬਾਣੀ ਵਿੱਚ ਗੁਣਾਂ ਦੇ ਗਿਆਨ ਰਾਹੀਂ ਅਵਗੁਣਾਂ ਨੂੰ ਖਤਮ ਕਰ ਕਿਰਦਾਰ ਵਿੱਚ ਚੰਗੇ ਬਦਲਾਵ ਦੀ ਗੱਲ ਕੀਤੀ ਗਈ ਹੈ। ਅਗਿਆਨਤਾ ਦੂਰ ਕਰ ਮਨੁੱਖੀ ਗੁਣਾਂ ਦੀ ਸੋਝੀ ਦਿੱਤੀ ਗਈ ਹੈ। ਫੇਰ ਵੀ ਮਨੁੱਖ ਆਪਣੇ ਮਨ ਤੇ ਵਿਕਾਰਆ ਤੇ ਕਾਬੂ ਪਾਉਣ ਵਿੱਚ ਚੂਕ ਜਾਂਦਾ ਹੈ। ਦਸਮ ਬਾਣੀ ਵਿੱਚ ਚਰਿੱਤਰਾਂ ਦੇ ਵਖਿਆਨ ਰਾਹੀ ਦਸਮ ਪਾਤਿਸ਼ਾਹ ਨੇ ਸਮਾਜ ਵਿੱਚ ਹੋ ਰਹੇ ਗਲਤ ਕੰਮਾਂ ਦੇ ਉਦਾਹਰਣ ਦਿੱਤੇ ਹਨ। ਦੱਸਿਆ ਹੈ ਕੇ ਕਿਹੋ ਜਿਹੇ ਕਿਰਦਾਰ ਸਾਡੇ ਸਮਾਜ ਵਿੱਚ ਮਿਲਦੇ ਹਨ ਤੇ ਉਹਨਾਂ ਦਾ ਸਾਡੇ ਸਮਾਜ ਤੇ ਕੀ ਅਸਰ ਹੁੰਦਾ ਹੈ। ਕਿਵੇਂ ਉਹ ਆਪਣੇ ਵਿਕਾਰਾਂ ਕਾਰਨ ਦੂਜਿਆਂ ਨੂੰ ਧੋਖਾ ਦਿੰਦੇ ਹਨ ਅਤੇ ਆਪਣਾ ਤੇ ਦੂਜਿਆਂ ਦਾ ਨੁਕਸਾਨ ਕਰਦੇ ਹਨ। ਇਹ ਸਮਾਜ ਵਿੱਚ ਪ੍ਰਚਲਿਤ ਕਥਾਂ ਕਹਾਣੀਆਂ ਦਾ ਸੰਗ੍ਰਹਿ ਹੈ ਜਿਸਨੂੰ ਪੜ੍ਹ ਕੇ ਵਿਕਾਰਾਂ ਦੀ ਖੇਡ ਸਪਸ਼ਟ ਹੁੰਦੀ ਹੈ। ਆਓ ਵੇਖਦੇ ਹਾਂ ਇਸ ਚਰਿੱਤਰ ਵਿੱਚ ਕੀ ਸਿੱਖਿਆ ਹੈ।
ਅਫਜੂੰ॥ ਚੌਪਈ॥ ਸ੍ਰੀ ਸੁਲਤਾਨ ਸੈਨ ਇਕ ਰਾਜਾ॥ ਜਾ ਸਮ ਦੁਤਿਯ ਨ ਬਿਧਨਾ ਸਾਜਾ॥ ਸ੍ਰੀ ਸੁਲਤਾਨ ਦੇਇ ਤਿਹ ਨਾਰੀ॥ ਰੂਪਵਾਨ ਗੁਨਵਾਨ ਉਜਿਯਾਰੀ॥੧॥ – ਇੱਕ ਰਾਜਾ ਸੀ ਜਿਸਦਾ ਨਾਮ ਸ੍ਰੀ ਸੁਲਤਾਨ ਸੈਨ ਸੀ। ਉਸ ਵਰਗਾ ਦੂਜਾ ਕੋਈ ਨਹੀਂ ਸੀ। ਉਸ ਸ੍ਰੀ ਸੁਲਤਾਨ ਨੂੰ ਇੱਕ ਸੁੰਦਰ, ਚੰਗੀਆਂ ਖੂਬੀਆਂ ਵਾਲੀ ਤੇ ਸੋਹਣੀ ਰਾਣੀ ਮਿਲੀ ਸੀ।
ਤਾ ਕੇ ਭਵਨ ਭਈ ਇਕ ਬਾਲਾ॥ ਜਾਨੁਕ ਸਿਥਰ ਅਗਨਿ ਕੀ ਜ੍ਵਾਲਾ॥ ਸ੍ਰੀ ਸੁਲਤਾਨ ਕੁਅਰਿ ਉਜਿਯਾਰੀ॥ ਕਨਕ ਅਵਟਿ ਸਾਚੇ ਜਨ ਢਾਰੀ॥੨॥ – ਉਹਨਾਂ ਦੇ ਘਰ ਪਰਮੇਸਰ ਕਿਰਪਾ ਨਾਲ ਇੱਕ ਬਹੁਤ ਸੁੰਦਰ ਬੇਟੀ ਜਨਮੀ ਜਿਸਦੀ ਖੂਬਸੂਰਤੀ ਜਵਾਲਾ ਵਾਂਗ ਸੀ।
ਜੋਬਨੰਗ ਤਾ ਕੇ ਜਬ ਭਯੋ॥ ਬਾਲਾਪਨ ਤਬ ਹੀ ਸਭ ਗਯੋ॥ ਅੰਗ ਅੰਗ ਦਯੋ ਅਨੰਗ ਦਮਾਮਾ॥ ਜਾਹਿਰ ਭਈ ਜਗਤ ਮਹਿ ਬਾਮਾ॥੩॥ – ਜਦੋਂ ਉਸ ਰਾਜਕੁਮਾਰੀ ਦੇ ਜੋਬਨ ਆਇਆ, ਉਸਦਾ ਬਚਪਨ ਚਲਿਆ ਗਿਆ ਫਿਰ ਉਸਦੇ ਸਰੀਰ ਵਿੱਚ ਕਾਮ ਦੀ ਤੀਵਰ ਇੱਛਾ ਉਤਪੰਨ ਹੋ ਗਈ। ਦੁਨੀਆਂ ਵਿਚ ਉਸਦੀ ਸੁੰਦਰਤਾ ਦੀ ਸੋਭਾ ਵੀ ਜਾਹਿਰ ਹੋ ਗਈ।
ਸੁਨਿ ਸੁਨਿ ਪ੍ਰਭਾ ਕੁਅਰ ਤਹ ਆਵੈ॥ ਦ੍ਵਾਰੈ ਭੀਰ ਬਾਰ ਨਹਿ ਪਾਵੈ॥ ਏਕ ਤਰੁਨ ਤਰੁਨੀ ਕੌ ਭਾਯੋ॥ ਜਾਨੁਕ ਮਦਨ ਰੂਪ ਧਰਿ ਆਯੋ॥੪॥ – ਸੁਣ ਸੁਣ ਕੇ ਕੁਵਰ (ਯੁਵਰਾਜ) ਉਥੇ ਆਉਂਦੇ ਹਨ। ‘ਦ੍ਵਾਰੈ ਭੀਰ ਬਾਰ ਨਹਿ ਪਾਵੈ’ – ਦਰਵਾਜੇ ਤੇ ਭੀੜ ਹੈ, ਪਰ ਕੋਈ ਉਸਨੂੰ ਪ੍ਰਭਾਵਿਤ ਨਹੀਂ ਕਰ ਪਾਉਂਦਾ। ‘ਏਕ ਤਰੁਨ ਤਰੁਨੀ ਕੌ ਭਾਯੋ’ – ਇਕ ਨੌਜਵਾਨ ਉਸਨੂੰ ਭਾ ਗਿਆ। ‘ਜਾਨੁਕ ਮਦਨ ਰੂਪ ਧਰਿ ਆਯੋ’ – ਉਸ ਨੂੰ ਲੱਗਿਆ ਕੇ ਪ੍ਰੇਮ ਦਾ ਦੇਵਤਾ (ਕਾਮਦੇਵ) ਦਾ ਰੂਪ ਧਾਰ ਕੇ ਆਇਆ ਹੈ।
ਸੋਇ ਕੁਅਰ ਤਰੁਨੀ ਕੌ ਭਾਯੋ॥ ਪਠੈ ਸਹਚਰੀ ਬੋਲਿ ਪਠਾਯੋ॥ ਕ੍ਰੀੜਾ ਕਰੀ ਬਹੁਤ ਬਿਧਿ ਵਾ ਸੋ॥ ਕੀਨੋ ਪ੍ਰਾਤ ਸੁਯੰਬਰ ਤਾ ਸੋ॥੫॥ – ਉਹ ਕੰਵਾਰੀ ਕੁੜੀ ਉਸ ਨੌਜਵਾਨ ਨੂੰ ਪਸੰਦ ਕਰਦੀ ਸੀ। ਉਸ ਨੇ ਆਪਣੀ ਸਹੇਲੀ ਰਾਹੀਂ ਸੁਨੇਹਾ ਭੇਜਿਆ। ਦੋਹਾਂ ਨੇ ਵੱਖ ਵੱਖ ਢੰਗ ਨਾਲ ਰਲ ਮਿਲ ਕੇ ਕਾਮ ਦੀ ਖੇਡਾਂ ਖੇਡੀਆਂ। ਫੇਰ ਸੁਯੰਬਰ ਦੁਆਰਾ ਰਾਜਕੁਮਾਰੀ ਨੇ ਉਸ ਮੁੰਡੇ ਨਾਲ ਹੀ ਵਿਆਹ ਕਰ ਲਿਆ।
ਜਬ ਹੀ ਬ੍ਯਾਹ ਤਵਨ ਸੌ ਕੀਯੋ॥ ਬਹੁਤਿਕ ਬਰਿਸ ਨ ਜਾਨੇ ਦੀਯੋ॥ ਕ੍ਰੀੜਾ ਕਰੈ ਭਾਤਿ ਭਾਤਿਨ ਤਨ॥ ਹਰਖ ਬਢਾਇ ਬਢਾਇ ਅਧਿਕ ਮਨ॥੬॥
– ਜਦੋਂ ਵਿਆਹ ਕਰ ਲਿਆ, ਤਾਂ ਉਹਨਾਂ ਬਹੁਤਾ ਇੰਤਜ਼ਾਰ ਨਹੀਂ ਕੀਤਾ। ਵੱਖ-ਵੱਖ ਤਰੀਕਿਆਂ ਨਾਲ ਕਾਮ ਦੀ ਖੇਡ ਖੇਡਦੇ ਰਹੇ ਤੇ ਮਨ ਵਿੱਚ ਖੁਸ਼ੀਆਂ ਨੂੰ ਵਧਾਉਂਦਾ ਰਹੇ।
ਭੋਗ ਬਹੁਤ ਦਿਨ ਤਾ ਸੰਗ ਕਯੋ॥ ਤਾ ਕੋ ਬਲ ਸਭ ਹੀ ਹਰਿ ਲਯੋ॥ ਜਬੈ ਨ੍ਰਿਧਾਤ ਕੁਅਰ ਵਹ ਭਯੋ॥ ਤਬ ਹੀ ਡਾਰਿ ਹ੍ਰਿਦੈ ਤੇ ਦਯੋ॥੭॥ – ਬਹੁਤ ਦਿਨ ਤੱਕ ਲਗਾਤਾਰ ਤੇ ਬਹੁਤ ਜਿਆਦਾ ਭੋਗ ਕਰਦੇ ਰਹੇ। ਜਿਆਦਾ ਭੋਗ ਕਾਰਣ ਮੁੰਡੇ ਦੀ ਸਰੀਰਕ ਤਾਕਤ ਪ੍ਰਭੂ ਨੇ ਉਸ ਤੋਂ ਖੋਹ ਲਈ। ਜਦੋਂ ਉਸਦੀ ਸਰੀਰਕ ਤਾਕਤ ਘਟ ਗਈ ਤਾਂ ਰਾਜਕੁਮਾਰੀ ਨੇ ਉਸਨੂੰ ਆਪਣੇ ਦਿਲ ਤੋਂ ਤਿਆਗ ਦਿੱਤਾ।
ਔਰਨ ਸਾਥ ਕਰੈ ਤਬ ਪ੍ਰੀਤਾ॥ ਨਿਸੁ ਦਿਨ ਕਰੈ ਕਾਮ ਕੀ ਰੀਤਾ॥ ਪਤਿਹਿ ਤੋਰਿ ਖੋਜਾ ਕਰਿ ਡਾਰਾ॥ ਆਪੁ ਅਵਰ ਸੋ ਕੇਲ ਮਚਾਰਾ॥੮॥ – ਰਾਜਕੁਮਾਰੀ ਜੇ ਭੋਗ ਲਈ ਗੈਰ ਮਰਦ ਨਾਲ ਰਿਸ਼ਤਾ ਬਣਾ ਲਿਆ। ਦਿਨ-ਰਾਤ ਉਹ ਉਸ ਦੇ ਨਾਲ ਕਾਮ ਦੀ ਰੀਤ ਅਦਾ ਕਰਦੀ ਹੈ। ਪਤੀ ਨੂੰ ਤਿਆਗ ਕੇ, ਉਹ ਗੈਰ ਮਰਦ ਨਾਲ ਕਾਮ ਦੀ ਖੇਡਾਂ ਮਚਾਉਂਦੀ ਰਹਿੰਦੀ ਹੈ।
ਬਿਰਹ ਰਾਇ ਤਾ ਕੋ ਥੋ ਯਾਰਾ॥ ਜਾ ਸੋ ਬਧਿਯੋ ਕੁਅਰਿ ਕੇ ਪ੍ਯਾਰਾ॥ ਤਾ ਪਰ ਰਹੀ ਹੋਇ ਸੋ ਲਟਕਨ॥ ਤਿਹ ਹਿਤ ਮਰਤ ਪ੍ਯਾਸ ਅਰੁ ਭੂਖਨ॥੯॥ – ‘ਬਿਰਹ (ਵਿਛੋੜਾ) ਕਾਰਣ ਉਸ ਨੇ ਗੈਰ ਮਰਦ ਨਾਲ ਪ੍ਰੇਮ ਦੀ ਰੱਸੀ ਬੰਨ ਲਈ। ਜਿਸ ‘ਤੇ ਇਹ ਰੱਸਾ ਪੈਂਦਾ ਹੈ, ਉਹ ਉਸ ਵਿਚ ਇਤਨਾ ਲਟਕਦਾ ਹੈ ਕਿ ਉਸ ਨੂੰ ਭੁੱਖ ਤੇ ਪਿਆਸ ਵੀ ਨਹੀਂ ਰਹਿੰਦੀ।’
ਇਕ ਦਿਨ ਭਾਗ ਮਿਤ੍ਰ ਤਿਹ ਲਈ॥ ਪੋਸਤ ਸਹਿਤ ਅਫੀਮ ਚੜਈ॥ ਬਹੁ ਰਤਿ ਕਰੀ ਨ ਬੀਰਜ ਗਿਰਾਈ॥ ਆਠ ਪਹਿਰ ਲਗਿ ਕੁਅਰਿ ਬਜਾਈ॥੧੦॥ – ਗੈਰ ਮਰਦ ਵੀ ਆਪਣੇ ਮਿੱਤਰ ਤੋਂ ਭਂਗ ਲੈ ਆਇਆ। ਪੋਸਤ ਨਾਲ ਰਲਾ ਕੇ ਅਫੀਮ ਚੜਾ ਲਈ। ਉਸ ਨੇ ਬਹੁਤ ਵਾਰ ਸੰਗ ਕੀਤਾ ਪਰ ਵੀਰਜ ਨਹੀਂ ਡਿੱਗਿਆ। ਸਾਰੀ ਰਾਤ ਰਾਜਕੁਮਾਰੀ ਨਾਲ ਸੰਭੋਗ ਕੀਤਾ।”
ਸਭ ਨਿਸਿ ਨਾਰਿ ਭੋਗ ਜਬ ਪਾਯੋ॥ ਬਹੁ ਆਸਨ ਕਰਿ ਹਰਖ ਬਢਾਯੋ॥ ਤਾ ਪਰ ਤਰੁਨਿ ਚਿਤ ਤੇ ਅਟਕੀ॥ ਭੂਲਿ ਗਈ ਸਭ ਹੀ ਸੁਧਿ ਘਟ ਕੀ॥੧੧॥ – ਜਦੋਂ ਸਾਰੀ ਰਾਤ ਇਸਤ੍ਰੀ ਦਾ ਭੋਗ ਪ੍ਰਾਪਤ ਹੋਇਆ, ਤਦ ਬਹੁਤ ਪ੍ਰਕਾਰ ਦੇ ਆਸਨ ਲਾ ਕੇ ਖੁਸ਼ ਹੋਇਆ। ਉਸ ਵੇਲੇ ਮਨ ਯੁਵਤੀ ਉੱਤੇ ਅਟਕ ਗਿਆ। ਆਪਣੇ ਘਰ ਦੀ ਸੁਧ ਭੁੱਲ ਗਿਆ।
ਦ੍ਵੈ ਘਟਿਕਾ ਜੋ ਭੋਗ ਕਰਤ ਨਰ॥ ਤਾ ਪਰ ਰੀਝਤ ਨਾਰਿ ਬਹੁਤ ਕਰਿ॥ ਚਾਰਿ ਪਹਰ ਜੋ ਕੇਲ ਕਮਾਵੈ॥ ਸੋ ਕ੍ਯੋਨ ਨ ਤ੍ਰਿਯ ਕੌ ਚਿਤ ਚੁਰਾਵੈ॥੧੨॥ – ਜਦੋਂ ਉਹ ਮਰਦ ਦੋ ਘੜੀਆਂ ਇਸ ਤਰ੍ਹਾਂ ਭੋਗ ਰਾਜਕੁਮਾਰੀ ਨਾਲ ਕਰਦਾ ਹੈ, ਉਸ ‘ਤੇ ਉਹ ਬਹੁਤ ਰੀਝ ਜਾਂਦੀ ਹੈ। ਜੋ ਚਾਰ ਪਹਰ ਕਾਮ ਵਿੱਚ ਗ੍ਰਸਤ ਰਹਿਆ, ਉਹ ਉਸ ਦਾ ਮਨ ਮੋਹ ਲੈਂਦਾ ਹੈ।
ਰੈਨਿ ਸਕਲ ਤਿਨ ਤਰੁਨਿ ਬਜਾਈ॥ ਭਾਤਿ ਭਾਤਿ ਕੇ ਸਾਥ ਹੰਢਾਈ॥ ਆਸਨ ਕਰੇ ਤਰੁਨਿ ਬਹੁ ਬਾਰਾ॥ ਚੁੰਬਨਾਦਿ ਨਖ ਘਾਤ ਅਪਾਰਾ॥੧੩॥ – ਰਾਤ ਦੌਰਾਨ ਵੱਖ-ਵੱਖ ਤਰੀਕਿਆਂ ਨਾਲ ਭੋਗ ਕਰਦੇ ਰਹੇ। ਭਿੰਨ ਭਿੰਨ ਆਸਨ ਕਰਦੇ ਰਹੇ। ਚੁੰਬਨ ਤੇ ਨਖਾਂ ਨਾਲ ਇੱਕ ਦੂਜੇ ਤੇ ਘਾਤ ਕਰਦੇ ਰਹੇ।
ਭਾਤਿ ਭਾਤਿ ਕੇ ਚਤੁਰਾਸਨ ਕਰਿ॥ ਭਜ੍ਯੋ ਤਾਹਿ ਤਰ ਦਾਬਿ ਭੁਜਨ ਭਰਿ॥ ਚੁੰਬਨ ਆਸਨ ਕਰਤ ਬਿਚਛਨ॥ ਕੋਕ ਕਲਾ ਕੋਬਿਦ ਸਭ ਲਛਨ॥੧੪॥ – ਵੱਖ-ਵੱਖ ਕਿਸਮ ਦੇ ਚਤੁਰ ਆਸਨ ਬਣਾ ਕੇ, ਉਸ ਨੂੰ ਆਲਿੰਗਨ ਕਰਕੇ, ਚੁੰਬਨ ਦੇ ਆਸਨ ਕਰਕੇ, ਪਿਆਰ ਅਤੇ ਦਾਂਤ ਨਾਲ ਕਟਕੇ, ਹੋਰ ਵਾਧੂ ਕਲ਼ਾਵਾਂ ਨੂੰ ਵਿਹਾਰ ਕਰਦੇ ਰਹੇ।
ਦੋਹਰਾ॥ ਪੋਸਤ ਸ੍ਰਾਬ ਅਫੀਮ ਬਹੁ ਘੋਟਿ ਚੜਾਵਤ ਭੰਗ॥ ਚਾਰਿ ਪਹਰ ਭਾਮਹਿ ਭਜਾ ਤਊ ਨ ਮੁਚਾ ਅਨੰਗ॥੧੫॥ – ਪੋਸਤ, ਸ੍ਰਾਬ (ਸ਼ਰਾਬ), ਅਫੀਮ ਅਤੇ ਭੰਗ ਵਰਗੀਆਂ ਨਸ਼ੀਲੀ ਚੀਜ਼ਾਂ ਬਹੁਤ ਮਾਤਰਾ ਵਿੱਚ ਪੀ ਕੇ ਚੌਵੀ ਘੰਟੇ ਆਪਣੇ ਮਨ ਵਿਚ ਕਾਮ ਵਾਸਨਾ ਦੀ ਲਹਿਰ ਚਲਾਈ ਰੱਖੀ, ਤਾਂ ਵੀ ਉਹਨਾਂ ਦੀ ਕਾਮ ਵਾਸਨਾ (ਮਨ ਦੀ ਤ੍ਰਿਸ਼ਨਾ) ਨਹੀਂ ਮੁੱਕਦੀ ਸੀ।
ਚੌਪਈ॥ ਭੋਗ ਕਰਤ ਸਭ ਰੈਨਿ ਬਿਤਾਵਤ॥ ਦਲਿਮਲਿ ਸੇਜ ਮਿਲਿਨ ਹ੍ਵੈ ਜਾਵਤ॥ ਹੋਤ ਦਿਵਾਕਰ ਕੀ ਅਨੁਰਾਈ॥ ਛੈਲ ਸੇਜ ਮਿਲਿ ਬਹੁਰਿ ਬਿਛਾਈ॥੧੬॥ – ਉਹ ਰਾਤ ਭਰ ਭੋਗ ਵਿਅਤੀਤ ਕਰਦੇ ਸੀ। ਹੁਣ ਰਾਜਕੁਮਾਰੀ ਪੂਰੀ ਤਰਾਂ ਗੈਰ ਮਰਦ ਦੀ ਦਿਵਾਨੀ ਸੀ।
ਪੌਢਿ ਪ੍ਰਜੰਕ ਅੰਕ ਭਰਿ ਸੋਊ॥ ਭਾਗ ਅਫੀਮ ਪਿਯਤ ਮਿਲਿ ਦੋਊ॥ ਬਹੁਰਿ ਕਾਮ ਕੀ ਕੇਲ ਮਚਾਵੈ॥ ਕੋਕ ਸਾਰ ਮਤ ਪ੍ਰਗਟ ਦਿਖਾਵੈ॥੧੭॥ ਕੈਫਨ ਸਾਥ ਰਸ ਮਸੇ ਹ੍ਵੈ ਕਰਿ॥ ਪ੍ਰੋਢਿ ਪ੍ਰਜੰਕ ਰਹਤ ਦੋਊ ਸ੍ਵੈ ਕਰਿ॥ ਬਹੁਰਿ ਜਗੈ ਰਸ ਰੀਤਿ ਮਚਾਵੈ॥ ਕਵਿਤ ਉਚਾਰਹਿ ਧੁਰਪਦ ਗਾਵੈ॥੧੮॥ – ਫੇਰ ਉਹ ਕਾਮ (ਜਿਸਮਾਨੀ ਸੰਬੰਧ) ਦੀ ਖੇਡ ਕਰਦੇ ਰਹੇ। ‘ਕੋਕ ਸਾਰ ਮਤ ਪ੍ਰਗਟ ਦਿਖਾਵੈ’ – ਇਸ ਵਿਚ ‘ਕੋਕ’ (ਕਾਮ ਸ਼ਾਸਤਰ) ਦੀ ਕਰਮ-ਵਿਧੀ ਕਰਦੇ ਰਹੇ।
ਤਬ ਲਗਿ ਬਿਰਹ ਨਟਾ ਤਾ ਕੋ ਪਤਿ॥ ਨਿਕਸਿਯੋ ਆਇ ਤਹਾ ਮੂਰਖ ਮਤਿ॥ ਤਬ ਤ੍ਰਿਯ ਚਤੁਰ ਚਰਿਤ੍ਰ ਬਿਚਰਿ ਕੈ॥ ਹਨ੍ਯੋ ਤਾਹਿ ਫਾਸੀ ਗਰ ਡਰਿ ਕੈ॥੧੯॥ – ਰਾਜਕੁਮਾਰੀ ਦਾ ਪਤੀ ਵੀ ਬਿਰਹਾ ਦੀ ਅਗਨ ਵਿੱਚ ਉਸਨੂੰ ਮਿਲਣ ਆਇਆ। ਉਹ ਮੂਰਖ ਨਹੀਂ ਜਾਣਦਾ ਸੀ ਕੇ ਉਸਦੀ ਪਤਨੀ (ਰਾਜਕੁਮਾਰੀ) ਕਿਤਨੀ ਚਤੁਰ ਹੈ ਤੇ ਕੀ ਕਰ ਰਹੀ ਹੈ। ਰਾਜਕੁਮਾਰੀ ਨੇ ਉਸਨੂੰ ਧੋਖੇ ਨਾਲ ਗਲੇ ਵਿੱਚ ਫਾਹਾ ਪਾ ਕੇ ਮਾਰ ਦਿੱਤਾ।
ਏਕ ਕੋਠਰੀ ਮਿਤ੍ਰ ਛਪਾਯੋ॥ ਪਤਿਹਿ ਮਾਰਿ ਸੁਰ ਊਚ ਉਘਾਯੋ॥ ਰਾਜਾ ਪ੍ਰਜਾ ਸਬਦ ਸੁਨਿ ਧਾਏ॥ ਦੁਹਿਤਾ ਕੇ ਮੰਦਰਿ ਚਲਿ ਆਏ॥੨੦॥ – ਇੱਕ ਕੋਠਰੀ ਵਿੱਚ ਆਪਣੇ ਮਿਤ੍ਰ ਗੈਰ ਮਰਦ ਨੂੰ ਲੁਕੋ ਦਿੱਤਾ। ਉਸਨੇ ਆਪਣੇ ਪਤੀ ਦੇ ਮਰਨ ਦਾ ਰੌਲਾ ਪਾ ਦਿੱਤਾ। ਰਾਜਾ ਤੇ ਪ੍ਰਜਾ ਇਹ ਗੱਲ ਸੁਣ ਕੇ ਦੌੜੇ ਆਏ। ਧੀ ਦੇ ਘਰ ਵਿਚ ਆ ਗਏ।
ਮ੍ਰਿਤਕ ਪਰਿਯੋ ਤਾ ਕੌ ਭਰਤਾਰਾ॥ ਰਾਵ ਰੰਕ ਸਭਹੂੰਨ ਨਿਹਾਰਾ॥ ਪੂਛਤ ਭਯੋ ਤਿਸੀ ਕਹ ਰਾਜਨ॥ ਕਹਾ ਭਈ ਯਾ ਕੀ ਗਤਿ ਕਾਮਨਿ॥੨੧॥
– ਵੇਖਿਆ ਕੇ ਉਸਦਾ ਪਤੀ ਮਰਿਆ ਹੋਇਆ ਹੈ। ਰਾਜੇ ਨੇ ਉਸਤੋਂ ਪੁਛਿਆ ਕਿ ਹੁਣ ਇਸਦੇ ਇਹ ਹਾਲਤ ਕਿਵੇਂ ਹੋਈ।
ਸੁਨਹੁ ਪਿਤਾ ਮੈ ਕਛੂ ਨ ਜਾਨੋ॥ ਰੋਗ ਯਾਹਿ ਜੋ ਤੁਮੈ ਬਖਾਨੋ॥ ਅਕਸਮਾਤ੍ਰ ਯਾ ਕਹ ਕਛੁ ਭਯੋ॥ ਜੀਵਤ ਹੁਤੋ ਮ੍ਰਿਤਕ ਹ੍ਵੈ ਗਯੋ॥੨੨॥ – ਰਾਜਕੁਮਾਰੀ ਆਖਦੀ ਸੁਣੋ ਪਿਤਾ ਜੀ, ਮੈਨੂੰ ਕੁਝ ਨਹੀਂ ਪਤਾ। ਉਹ ਤਾਂ ਅਚਾਨਕ ਹੀ ਮਰ ਗਿਆ, ਜੋ ਰੋਗ ਤੁਸੀਂ ਬਖਿਆਨ ਕਰ ਰਹੇ ਹੋਂ ਉਹ ਤਾਂ ਅਕਸਮਾਤ ਹੀ ਆ ਗਿਆ। ਇਸ ਕਰਕੇ ਇਹ ਅਚਾਨਕ ਹੀ ਮਰ ਗਿਆ।
ਅਰੁ ਜੌ ਅਬ ਮੋ ਮੈ ਕਛੁ ਸਤ ਹੈ॥ ਅਰੁ ਜੌ ਸਤ੍ਯ ਬੇਦ ਕੌ ਮਤ ਹੈ॥ ਅਬ ਮੈ ਰੁਦ੍ਰ ਤਪਸ੍ਯਾ ਕਰਿ ਹੌ॥ ਯਾਹਿ ਜਿਯਾਊ ਕੈ ਜਰਿ ਮਰਿ ਹੌ॥੨੩॥ – ਫੇਰ ਆਖਦੀ ਕੇ ਜੇ ਮੇਰੇ ਵਿੱਚ ਕੁਝ ਸਚ ਹੈ ਅਤੇ ਜੇ ਵੇਦਾਂ ਦੀ ਮਤ ਸੱਚੀ ਹੈ, ਤਾਂ ਹੁਣ ਮੈਂ ਰੁਦ੍ਰ ਦੀ ਤਪੱਸਿਆ ਕਰਾਂਗੀ ਅਤੇ ਇਸ ਨੂੰ ਫੇਰ ਜਿਉਂਦਾ ਕਰ ਦਿਆਂਗੀ। (ਉਸਦੇ ਮਨ ਵਿੱਚ ਗਹਿਰੀ ਚਾਲ ਸੀ ਪਰ ਉਹ ਸਤੀ ਸਾਵਿਤ੍ਰੀ ਹੋਣ ਦਾ ਨਾਟਕ ਕਰ ਰਹੀ ਸੀ)
ਤੁਮਹੂੰ ਬੈਠ ਯਾਹਿ ਅੰਗਨਾ ਅਬ॥ ਪੂਜਾ ਕਰਹੁ ਸਦਾ ਸਿਵ ਕੀ ਸਬ॥ ਮੈ ਯਾ ਕੌ ਇਹ ਘਰ ਲੈ ਜੈ ਹੈ॥ ਪੂਜਿ ਸਦਾ ਸਿਵ ਬਹੁਰਿ ਜਿਵੈ ਹੌ॥੨੪॥
– ਤੁਸੀਂ ਹੁਣ ਇਸ ਅੰਗਣੇ ਵਿੱਚ ਹੀ ਬੈਠੋ, ਸ਼ਿਵ ਜੀ ਦੀ ਪੂਜਾ ਕਰੋ। ਮੈਂ ਇਸਨੂੰ ਘਰ ਲੈ ਜਾਂਦੀ ਹਾਂ, ਜੇ ਸੀਂ ਸਾਰੇ ਸਦਾ ਸ਼ਿਵ ਦੀ ਪੂਜਾ ਕਰੋਗੇ ਤਾਂ ਇਹ ਮੁੜ ਜਿਊਂਦਾ ਹੋ ਜਾਵੇਗਾ।
ਮਾਤ ਪਿਤਾ ਅੰਗਨਾ ਬੈਠਾਏ॥ ਨੈਬੀ ਮਹਤਾ ਸਗਲ ਬੁਲਾਏ॥ ਲੈ ਸੰਗ ਗਈ ਮ੍ਰਿਤਕ ਕਹ ਤਿਹ ਘਰ॥ ਰਾਖਿਯੋ ਥੋ ਜਹਾ ਜਾਰ ਛਪਾ ਕਰਿ॥੨੫॥ – ਰਾਜਕੁਮਾਰੀ ਨੇ ਮਾਂ-ਪਿਉ ਨੇ ਅੰਗਣੇ ਵਿੱਚ ਬਿਠਾਇਆ, ਮਹਤਾ (ਰਿਸ਼ਤੇਦਾਰ) ਤੇ ਹੋਰ ਸਾਰੇ ਬੁਲਾਏ; ਫਿਰ ਮਰਨ ਵਾਲੇ ਨੂੰ ਆਪਣੇ ਘਰ ਲੈ ਗਈ ਜਿਥੇ ਪਹਿਲਾਂ ਉਸਨੇ ਆਪਣੇ ਮਿੱਤਰ (ਗੈਰ ਮਰਦ) ਨੂੰ ਲੁਕੋ ਕੇ ਰੱਖਿਆ ਸੀ।
ਦ੍ਰਿੜ ਦੈ ਕਰਿ॥ ਰਮੀ ਜਾਰ ਕੇ ਸਾਥ ਬਿਹਸਿ ਕਰਿ॥ ਨ੍ਰਿਪ ਜੁਤ ਬੈਠ ਲੋਗ ਦ੍ਵਾਰਾ ਪਰਿ॥ ਭੇਦ ਅਭੇਦ ਨ ਸਕਤ ਬਿਚਰਿ ਕਰਿ॥੨੬॥
– ਉਸ ਘਰ ਜਾ ਕੇ ਪੱਕਾ ਦਰਵਾਜਾ ਬੰਦ ਕਰ ਲਿਆ ਜਿੱਥੇ ਬਾਹਰ ਸਾਰੇ ਲੋਗ ਬੈਠੇ ਸੀ। ਰਾਜਾ ਬੈਠ ਕੇ ਲੋਕਾਂ ਨਾਲ ਗਲ ਕਰਦਾ ਰਹਿਆ ਪਰ ਉਸਨੂੰ ਅੰਦਰ ਕੀ ਚਲਦਾ ਹੈ ਭੇਦ ਨਹੀਂ ਸੀ ਪਤਾ।
ਤੇ ਸਭ ਹੀ ਜਿਯ ਮੈ ਅਸ ਜਾਨੈ॥ ਸੁਤਾ ਸਿਵਹਿ ਪੂਜਤ ਅਨੁਮਾਨੈ॥ ਯਾ ਕੀ ਆਜੁ ਸਤਤਾ ਲਹਿ ਹੈ॥ ਭਲੀ ਬੁਰੀ ਬਤਿਯਾ ਤਬ ਕਹਿ ਹੈ॥੨੭॥ – ਹਰੇਕ ਮਨੁੱਖ ਆਪਣੇ ਆਪ ਨੂੰ ਸਭ ਤੋਂ ਗਿਆਨੀ ਸਮਝਦਾ ਹੈ, ਕੋਈ ਸ਼ਿਵ ਨੂੰ ਮੰਨ ਕੇ ਪੂਜਦਾ ਹੈ। ਕੋਈ ਚੰਗੀ ਕੋਈ ਮੰਦੀ ਗਲ ਕਰ ਰਹਿਆ ਸੀ।
ਜੋ ਯਹ ਕੁਅਰਿ ਰੁਦ੍ਰ ਸੋ ਰਤ ਹੈ॥ ਜੌ ਯਹ ਤਿਹ ਚਰਨਨ ਮੈ ਮਤ ਹੈ॥ ਤੌ ਪਤਿ ਜੀਵਤ ਬਾਰ ਨ ਲਗਿ ਹੈ॥ ਸਿਵ ਸਿਵ ਭਾਖਿ ਮ੍ਰਿਤਕ ਪੁਨਿ ਜਗਿ ਹੈ॥੨੮॥ – ਲੋਕਾਂ ਦਾ ਕਹਿਣਾ ਸੀ ਕੇ ਜੇ ਇਹ ਰਾਜਕੁਮਾਰੀ ਰੁਦ੍ਰ (ਸ਼ਿਵ) ਨਾਲ ਪ੍ਰੇਮ ਕਰਦੀ ਹੈ ਅਤੇ ਉਸਦੇ ਚਰਨਾਂ ਵਿੱਚ ਮਨ ਲਾ ਚੁੱਕੀ ਹੈ, ਤਾਂ ਇਸਦੀ ਇੱਜ਼ਤ ਕਦੇ ਨਾਸ ਨਹੀਂ ਹੋਣੀ; “ਸਿਵ ਸਿਵ” ਜਪ ਕੇ ਮਰਨ ਤੋਂ ਬਾਅਦ ਵੀ ਦੁਬਾਰਾ ਜੀਵੰਤ ਕਰ ਸਕਦੀ ਹੈ।
ਇਤ ਤੇ ਦ੍ਵਾਰ ਬਿਚਾਰ ਬਿਚਾਰਤ॥ ਉਤ ਤ੍ਰਿਯ ਸੰਗ ਭੀ ਜਾਰ ਮਹਾ ਰਤ॥ ਜ੍ਯੋਂ ਜ੍ਯੋਂ ਲਪਟਿ ਚੋਟ ਚਟਕਾਵੈ॥ ਤੇ ਜਾਨੇ ਵਹ ਗਾਲ੍ਰਹ ਬਜਾਵੈ॥੨੯॥ – ਉੱਥੇ ਉਹ ਦਰਵਾਜ਼ੇ ’ਤੇ ਖੜਾ ਸੋਚਦਾ ਰਹਿੰਦਾ ਹੈ, ਤੇ ਇੱਥੇ ਉਹ ਰਾਜਕੁਮਾਰੀ ਕਿਸੇ ਹੋਰ ਨਾਲ ਕਾਮ-ਰਸ ਵਿੱਚ ਡੁੱਬੀ ਹੁੰਦੀ ਹੈ। ਜਿਵੇਂ‑ਜਿਵੇਂ ਉਹ ਉਸ ਨਾਲ ਲਪਟਦੀ ਤੇ ਚਟਕਾਂ ਮਾਰਦੀ ਹੈ, ਉਹ ਸਮਝਦੇ ਹਨ ਕਿ ਇਹ ਗੱਲਾਂ ਆਪਣੇ ਪਤੀ ਹੀ ਨਾਮ ’ਤੇ ਕਰ ਰਹੀ ਹੈ।
ਤਹਾ ਖੋਦਿ ਭੂ ਤਾ ਕੋ ਗਾਡਾ॥ ਬਾਹਰ ਹਾਡ ਗੋਡ ਨਹਿ ਛਾਡਾ॥ ਅਪਨੇ ਸਾਥ ਜਾਰ ਕਹ ਧਰਿ ਕੈ॥ ਲੈ ਆਈ ਇਹ ਭਾਤਿ ਉਚਰਿ ਕੈ॥੩੦॥ – ਉਸਨੇ ਓਥੇ ਹੀ ਜ਼ਮੀਨ ਖੋਦ ਕੇ ਆਪਣੇ ਮਰੇ ਹੋਏ ਪਤੀ ਨੂੰ ਗੱਡ ਦਿੱਤਾ, ਬਾਹਰ ਉਸਦੇ ਹੱਡ‑ਗੋਡ ਵੀ ਨਹੀਂ ਛੱਡੇ। ਆਪਣੇ ਸਾਥੀ ਗੈਰ ਮਰਦ ਨੂੰ ਫੜ ਕੇ ਬਾਹਰ ਲਿਆਉਂਦੀ ਹੈ ਤੇ ਕਹਿੰਦੀ ਹੈ “ਮੈਂ ਇਸਨੂੰ ਇਸ ਤਰ੍ਹਾਂ ਜਿਉਂਦਾ ਕਰ ਕੇ ਲਿਆਈ ਹਾਂ।”
ਜਬ ਮੈ ਧ੍ਯਾਨ ਰੁਦ੍ਰ ਕੋ ਧਰਿਯੋ॥ ਤਬ ਸਿਵ ਅਸ ਮੁਰ ਸਾਥ ਉਚਰਿਯੋ॥ ਬਰੰਬ੍ਰੂਹ ਪੁਤ੍ਰੀ ਮਨ ਭਾਵਤ॥ ਜੋ ਇਹ ਸਮੈ ਹ੍ਰਿਦੈ ਮਹਿ ਆਵਤ॥੩੧॥ – ਜਦੋਂ ਮੈਂ ਰੁਦ੍ਰ (ਸ਼ਿਵ) ਦਾ ਧਿਆਨ ਧਰਿਆ, ਤਦੋਂ ਸ਼ਿਵ ਨੇ ਆਪ ਮੇਨੂੰ ਕਹਿਆ “ਹੇ ਬ੍ਰਹਮਾ ਦੀ ਪੁਤਰੀ, ਜੋ ਇਸ ਵੇਲੇ ਤੇਰੇ ਹਿਰਦੇ ਵਿੱਚ ਆ ਰਿਹਾ ਹੈ, ਉਹੀ ਤੈਨੂੰ ਪਿਆਰਾ ਲੱਗਦਾ ਹੈ।”। ਇਹਨਾਂ ਗੱਲਾਂ ਨਾਲ ਉਹ ਆਪਣੇ ਪਿਤਾ ਰਾਜੇ ਨੂੰ ਬ੍ਰਹਮਾ ਕਹਿ ਚਾਪਲੂਸੀ ਕਰ ਰਹੀ ਸੀ।
ਤਬ ਮੈ ਕਹਿਯੋ ਜਿਯਾਇ ਦੇਹੁ ਪਤਿ॥ ਜੋ ਤੁਮਰੇ ਚਰਨਨ ਮਹਿ ਮੁਰ ਮਤਿ॥ ਤਬ ਇਹ ਭਾਤਿ ਬਖਾਨਿਯੋ ਸਿਵ ਬਚ॥ ਸੋ ਤੁਮ ਸਮਝਿ ਲੇਹੁ ਭੂਪਤਿ ਸਚੁ॥੩੨॥ – ਮੈਂ ਸ਼ਿਵ ਨੂੰ ਕਿਹਾ “ਮੈਨੂੰ ਮੇਰਾ ਪਤੀ ਜੀਉਂਦਾ ਦੇ ਦਿਓ, ਕਿਉਂਕਿ ਮੇਰਾ ਮਨ ਤੁਹਾਡੇ ਚਰਨਾਂ ਵਿੱਚ ਟਿਕਿਆ ਹੈ।” ਤਦ ਸ਼ਿਵ ਨੇ ਜੋ ਇਹ ਬਚਨ ਕਹੇ, ਉਹੀ ਮੈਂ ਹੁਣ ਤੁਹਾਨੂੰ ਸੱਚ‑ਸੱਚ ਸੁਣਾ ਰਹੀ ਹਾਂ, ਹੇ ਰਾਜਨ।
ਦੋਹਰਾ॥ ਤਾ ਤੇ ਅਤਿ ਸੁੰਦਰ ਕਰੋ ਵਾ ਤੇ ਬੈਸ ਕਿਸੋਰ॥ ਨਾਥ ਜੀਯੋ ਸ੍ਰੀ ਸੰਭੁ ਕੀ ਕ੍ਰਿਪਾ ਦ੍ਰਿਸਟਿ ਕੀ ਕੋਰ॥੩੩॥ – ਇਸ ਕਰਕੇ ਉਹ ਬਹੁਤ ਹੀ ਸੁੰਦਰ ਹੋ ਗਿਆ, ਨਵਾਂ ਰੂਪ ਹੋਰ ਵੀ ਮਨਮੋਹਕ ਲੱਗਣ ਲੱਗਾ; ਹੇ ਨਾਥ, ਇਹ ਸਭ ਸ਼੍ਰੀ ਸੰਭੂ (ਸ਼ਿਵ) ਦੀ ਕਿਰਪਾ ਭਰੀ ਨਿਗਾਹ ਦਾ ਪ੍ਰਭਾਵ ਹੈ।
ਚੌਪਈ॥ ਸਭਹਿਨ ਬਚਨ ਸਤ ਕਰਿ ਜਾਨਾ॥ ਸਿਵ ਕੋ ਸਤ ਬਚਨ ਅਨੁਮਾਨਾ॥ ਤਬ ਤੇ ਤਜਿ ਸੁੰਦਰ ਜਿਯ ਤ੍ਰਾਸਾ॥ ਨਿਤ ਪ੍ਰਤਿ ਤਾ ਸੌ ਕਰਤ ਬਿਲਾਸਾ॥੩੪॥ – ਸਭ ਨੇ ਉਸਦੀ ਗੱਲ ਨੂੰ ਸੱਚ ਮੰਨ ਲਿਆ ਅਤੇ ਸ਼ਿਵ ਦੇ ਬਚਨ ਵੀ ਸੱਚ ਹੀ ਸਮਝੇ। ਉਸ ਦਿਨ ਤੋਂ ਆਪਣੇ ਮਿੱਤਰ ਨਾਲ ਹੀ ਰਸ‑ਵਿਲਾਸ ਕਰਨ ਲੱਗ ਪਈ ਰਹਿਣ ਲੱਗ ਪਈ।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪਚੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੩੨੫॥੬੧੪੨॥ – ਇਸ ਤਰ੍ਹਾਂ ੩੨੫ ਤ੍ਰਿਯਾ ਚਰਿਤ੍ਰ (ਤ੍ਰੀਆ ਚਰਿਤ੍ਰ) ਸਮਾਪਤ ਹੁੰਦਾ ਹੈ।
ਇਸ ਚਰਿਤ੍ਰ ਦਾ ਨੈਤਿਕ ਸਾਰ
ਇਸ ਚਰਿੱਤਰ ਵਿੱਚ ਕਾਮ ਵਾਸਨਾ ਦੀ ਅੱਗ ਕਿਸੇ ਮਨੁੱਖ (ਇਸਤਰੀ ਜਾਂ ਪੁਰਖ) ਨੂੰ ਕਿਸ ਹਦ ਤਕ ਕਿਰਦਾਰ ਦੇ ਪੱਧਰ ਤੱਕ ਗਿਰਾ ਸਕਤੀ ਹੈ ਇਹ ਦੱਸਿਆ ਜਾ ਰਹਿਆ ਹੈ। ਰਾਜਕੁਮਾਰੀ ਨੇ ਆਪਣੇ ਪਤੀ ਨੂੰ ਧੋਖਾ ਦਿੱਤਾ, ਗੈਰ ਮਰਦ ਨਾਲ ਭੋਗ ਕਿੱਤਾ, ਪਤੀ ਦੀ ਜਾਨ ਲਈ, ਰਾਜੇ ਨੂੰ ਝੂਠ ਬੋਲਿਆ, ਚਾਪਲੂਸੀ ਕੀਤੀ। ਲੋਕਾਂ ਦੇ ਵਿਸ਼ਵਾਸ ਉਹਨਾਂ ਦੀ ਪਰਮੇਸਰ ਵਲ ਭਾਵਨਾ ਦਾ ਫਾਇਦਾ ਚੱਕਿਆ। ਇਸ ਚਰਿੱਤਰ ਨਾਲ ਇਹ ਵੀ ਪਤਾ ਲਗਦਾ ਹੈ ਕੇ ਕਾਮ ਨਸ਼ੇ ਵਾਂਗ ਹੈ। ਜਿਵੇਂ ਜਿਵੇਂ ਭਾਂਗ, ਪੋਸਤ, ਅਫ਼ੀਮ, ਸ਼ਰਾਬ ਦਾ ਨਸ਼ਾ ਵੱਧ ਜਾਂਦਾ ਹੈ ਉਸੇ ਤਰਾਂ ਕਾਮ ਦਾ ਨਸ਼ਾ ਵੀ ਇਨਸਾਨ ਦੀ ਕਾਇਆ ਨੂੰ ਖਤਮ ਕਰਦਾ ਹੈ। ਸਮਾਜ ਵਿੱਚ ਇਹੋ ਜਿਹੇ ਚਰਿੱਤਰ ਵਾਲੇ ਮਨੁੱਖ ਵੀ ਹਨ ਜੋ ਕਾਮ ਦੇ ਨਸ਼ੇ ਵਿੱਚ ਆਪਣੇ ਪਤੀ ਜਾਂ ਪਤਨੀ ਦੀ ਜਾਨ ਲੈ ਲੈਂਦੇ ਹਨ। ਇਹ ਸਿੱਖਿਆ ਹੈ ਕੇ ਜਦੋਂ ਕਾਮ ਇਤਨਾ ਜਿਆਦਾ ਪ੍ਰਬਲ ਹੋ ਜਾਵੇ ਤਾਂ ਉਹ ਚਿੰਤਾ ਦਾ ਵਿਸ਼ਾ ਹੈ। ਨਸ਼ਾ ਮਾੜਾ ਹੈ। ਇਸ ਨਾਲ ਮਨੁੱਖ ਦੇ ਕਿਰਦਾਰ ਤੇ ਗਹਿਰਾ ਅਸਰ ਹੁੰਦਾ ਹੈ। ਨਾਲ ਹੀ ਇਹ ਭਾਵਨਾ ਤੇ ਸਵਾਲ ਹੈ। ਮਰ ਕੇ ਕੋਈ ਜੀਵਤ ਨਹੀਂ ਹੁੰਦਾ, ਸਮਾਜ ਨੂੰ ਭਾਵਨਾ ਵਿੱਚ ਬਹ ਕੇ ਇਹ ਨਹੀਂ ਭੁੱਲਣਾ ਚਾਹੀਦਾ। ਅੱਜ ਵੀ ਇਸ ਭਾਵਨਾ ਦੇ ਚਲਦੇ ਕਈ ਲੋਕ ਮੂਰਖ ਬਣਦੇ ਹਨ। ਖਬਰਾਂ ਵਿੱਚ ਵੇਖਦੇ ਹਾਂ ਕੇ ਲੋਕ ਮਰਿਆਂ ਨੂੰ ਜੀਉਂਦਾ ਕਰਨ ਲਈ ਬਲੀ ਤਕ ਦਿੰਦੇ ਹਨ। ਗਿਆਨ ਸੁਰਤ ਦੀਆਂ ਅੱਖਾਂ ਖੋਲਦਾ ਹੈ।
ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।
ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।
ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।
