ਚਰਿਤ੍ਰੋਪਖ੍ਯਾਨ ਚਰਿਤ੍ਰ ਇਕ ਸੌ ਬਹਤਰ (੧੭੨) – Charitropakhyan charitra 172
ਚਰਿਤ੍ਰ ਇਕ ਸੌ ਬਹਤਰਵੋ – ਧੋਖਾ, ਨਸ਼ਾ ਤੇ ਅੰਨ੍ਹਾ ਭਰੋਸੇ ਦੀ ਕਥਾ (ਗੁਰੂ ਗੋਬਿੰਦ ਸਿੰਘ ਜੀ॥ ਚਰਿਤ੍ਰੋਪਖ੍ਯਾਨ ॥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ)
ਅਫਜੂੰ॥ ਚੌਪਈ॥ ਐਂਡੇ ਰਾਇਕ ਭਾਟ ਭਣਿਜੈ॥ ਗੀਤ ਕਲਾ ਤਿਹ ਤ੍ਰਿਯਾ ਕਹਿਜੈ॥ ਬੀਰਮ ਦੇ ਤਿਨ ਬੀਰ ਨਿਹਾਰਿਯੋ॥ਤਬੈ ਚਿਤ ਤੇ ਭਾਟ ਬਿਸਾਰਿਯੋ॥੧॥ – ਇੱਕ ਭਾਟ ਸੀ ਜਿਸਦਾ ਨਾਮ ਐਂਡੇ ਰਾਇ ਸੀ, ਉਸਦੀ ਇਸਤ੍ਰੀ ਗੀਤ ਕਲਾ ਵਿੱਚ ਮਾਹਰ ਸੀ। ਇਸਤ੍ਰੀ ਨੇ ਇੱਕ ਮਨੁੱਖ ਨੂੰ ਵੇਖਿਆ ਤਾਂ ਉਸਨੇ ਭਾਟ ਨੂੰ ਦਿਲੋਂ ਵਿਸਾਰ ਦਿੱਤਾ।
ਜਾਰ ਬਾਚ॥ ਦੋਹਰਾ॥ ਬਾਧਿ ਖਾਟੁ ਤਰ ਨਿਜੁ ਪਤਿਹਿ ਹਮ ਸੌ ਭੋਗ ਕਮਾਇ॥ ਤੌ ਮੈ ਜਾਨੌ ਸਾਚੁ ਤੂ ਹਿਤੂ ਹਮਾਰੀ ਆਇ॥੨॥ – ਜਾਰ ਨੇ ਬਚਨ ਕੀਤੇ ਕੇ ਜੇ ਤੂੰ ਭਾਟ ਨੂੰ ਖਾਟ ਨਾਲ ਬੰਨ੍ਹ ਕੇ ਮੇਰੇ ਨਾਲ ਭੋਗ ਕਰੇਂ। ਤਾਂ ਮੈਂ ਸਮਝਾਂਗੀ ਕਿ ਤੂੰ ਮੇਰੇ ਨਾਲ ਸੱਚ ਵਿੱਚ ਪ੍ਰੇਮ ਕਰਦੀ ਹੈਂ।
ਚੌਪਈ॥ ਐਂਡੇ ਰਾਇ ਏਕ ਦਿਨ ਆਯੋ॥ ਦੁਖਿਤ ਨਾਰਿ ਹ੍ਵੈ ਬਚਨ ਸੁਨਾਯੋ॥ ਤੁਮ ਕੌ ਰੋਗ ਨਾਥ ਇਕ ਭਾਰੋ॥ ਤਾ ਤੇ ਖੀਝਤ ਚਿਤ ਹਮਾਰੋ॥੩॥ – ਇੱਕ ਦਿਨ ਐਂਡੇ ਰਾਇ ਆਇਆ। ਉਸਦੀ ਪਤਨੀ ਦੁਖੀ ਬਣ ਕੇ ਕਹਿਣ ਲੱਗੀ , “ਨਾਥ, ਤੁਹਾਨੂੰ ਇੱਕ ਭਾਰੀ ਰੋਗ ਲੱਗਿਆ ਹੋਇਆ ਹੈ, ਇਸ ਕਰਕੇ ਮੇਰਾ ਮਨ ਬਹੁਤ ਖਿਝਿਆ ਰਹਿੰਦਾ ਹੈ।
ਦੋਹਰਾ॥ ਏਕ ਬੈਦ ਮੈ ਤਵ ਨਿਮਿਤ ਰਾਖ੍ਯੋ ਧਾਮ ਬੁਲਾਇ॥ ਤਾ ਤੇ ਤੁਰਤ ਕਰਾਇਯੈ ਅਪਨ ਇਲਾਜ ਬਨਾਇ॥੪॥ – ਮੈਂ ਤੇਰੇ ਲਈ ਇੱਕ ਵੈਦ (ਡਾਕਟਰ) ਬੁਲਾਇਆ ਹੈ। ਉਹ ਕਹਿੰਦਾ ਹੈ ਕਿ ਤੇਰਾ ਇਲਾਜ ਤੁਰੰਤ ਕਰਨਾ ਚਾਹੀਦਾ ਹੈ (ਇਹ ਵੀ ਉਸੇ ਧੋਖੇਬਾਜ਼ੀ ਵਾਲੇ ਨਾਟਕ ਦਾ ਹਿੱਸਾ ਸੀ, ਤਾਂ ਜੋ ਭਾਟ ਨੂੰ ਯਕੀਨ ਆ ਜਾਵੇ ਕਿ ਇਹ ਸਭ ਉਸਦੀ ਭਲਾਈ ਲਈ ਕੀਤਾ ਜਾ ਰਿਹਾ ਹੈ)
ਚੌਪਈ॥ ਐਂਡੇ ਰਾਇ ਤਬੈ ਯੌ ਕਯੋ॥ ਬੀਰਮ ਦੇਵ ਬੋਲਿ ਕਰਿ ਲਯੋ॥ ਯਾ ਗਦ ਕੌ ਗਦਹਾ ਕ੍ਯਾ ਕਰਿਯੈ॥ ਜਾ ਤੇ ਰੋਗ ਬਡੋ ਪਰਹਰਿਯੈ॥੫॥ – ਐਂਡੇ ਰਾਇ ਨੇ ਕਿਹਾ, “ਬੀਰਮ ਦੇਵ ਜੋ ਕਹੇ, ਉਹੀ ਕਰ ਲਓ।” ਅਰਥਾਤ, ਉਹ ਵੈਦ ਦੇ ਅਜੀਬ ਇਲਾਜ ਨੂੰ ਸਹਿਮਤੀ ਦੇ ਰਿਹਾ ਹੈ, ਜਿਵੇਂ ਕੋਈ ਹੋਰ ਚਾਰਾ ਨਾ ਹੋਵੇ।
ਬੈਦ ਤਬੈ ਯੌ ਬਚਨ ਉਚਾਰੇ॥ ਬਡੋ ਰੋਗ ਇਹ ਭਯੋ ਤਿਹਾਰੇ॥ ਯਾ ਕੌ ਜੰਤ੍ਰ ਮੰਤ੍ਰ ਨਹਿ ਕੋਈ॥ ਏਕ ਤੰਤ੍ਰ ਹੋਵੈ ਤੌ ਹੋਈ॥੬॥ – ਵੈਦ ਨੇ ਕਿਹਾ- “ਤੈਨੂੰ ਬਹੁਤ ਭਾਰੀ ਰੋਗ ਹੋ ਗਿਆ ਹੈ। ਇਸ ਦਾ ਕੋਈ ਜੰਤ੍ਰ‑ਮੰਤ੍ਰ ਇਲਾਜ ਨਹੀਂ। ਇੱਕ ਹੀ ਤਰੀਕਾ ਹੈ, ਤਾਂ ਹੀ ਇਹ ਰੋਗ ਦੂਰ ਹੋ ਸਕਦਾ ਹੈ।” ਅਰਥਾਤ, ਵੈਦ ਜਾਨਬੁੱਝ ਕੇ ਅਜੀਬ ਤੇ ਧੋਖੇ ਵਾਲਾ ਇਲਾਜ ਦੀ ਬੁਨਿਆਦ ਰੱਖ ਰਿਹਾ ਹੈ।
ਮਦਰਾ ਅਧਿਕ ਆਪੁ ਲੈ ਪੀਜੈ॥ ਔਰ ਆਪਨੀ ਤਿਯ ਕਹ ਦੀਜੈ॥ ਖਾਟ ਤਰੇ ਬਾਧ ਤੁਮ ਰਹੋ॥ ਮੁਖ ਤੇ ਪਰੇ ਕਬਿਤਨ ਕਹੋ॥੭॥ – “ਤੂੰ ਪਹਿਲਾਂ ਬਹੁਤ ਮਦਰਾ ਪੀ ਲੈ, ਫਿਰ ਆਪਣੀ ਪਤਨੀ ਨੂੰ ਵੀ ਪੀਣ ਲਈ ਕਹਿ। ਫਿਰ ਤੈਨੂੰ ਖਾਟ ਨਾਲ ਬੰਨ੍ਹ ਦਿੱਤਾ ਜਾਵੇ, ਅਤੇ ਤੂੰ ਮੂੰਹ ਨਾਲ ਕਵਿਤਾਵਾਂ ਬੋਲਦਾ ਰਹੀਂ।” ਅਰਥਾਤ, ਵੈਦ ਇੱਕ ਨਕਲੀ ਤੇ ਧੋਖੇਬਾਜ਼ੀ ਵਾਲਾ ਇਲਾਜ ਦੀ ਤਿਆਰੀ ਕਰਵਾ ਰਿਹਾ ਹੈ, ਜਿਸਦਾ ਮਕਸਦ ਭਾਟ ਨੂੰ ਫਸਾਉਣਾ ਹੈ।
ਏਕ ਬੀਰ ਇਕ ਠੌਰ ਬੁਲੈਹੌ॥ ਇਸੀ ਖਾਟ ਊਪਰ ਬਠੈਹੌ॥ ਮਲ ਜੁਧ ਤਵ ਤ੍ਰਿਯ ਤਨ ਕਰਿਹੈ॥ ਤੋ ਤਵ ਰੋਗ ਬਡੋ ਪਰਹਰਿ ਹੈ॥੮॥ – ਇਕ ਵਿਰਲਾ ਬੀਰੋ (ਬਹਾਦਰ) ਨੂੰ ਇੱਕ ਥਾਂ ਉੱਤੇ ਬੁਲਾਓ। ‘ਇਸੀ ਖਾਟ ਊਪਰ ਬਠੈਹੌ’ ਮਤਲਬ, ਉਸ ਨੂੰ ਇਸ ਖਟ ਤੇ ਬਿਠਾਓ। ‘ਮਲ ਜੁਧ ਤਵ ਤ੍ਰਿਯ ਤਨ ਕਰਿਹੈ’ ਦਾ ਅਰਥ, ਜੇ ਉਹ ਤੇਰੀ ਪਤਨੀ ਨਾਲ ਮਲ ਜੁੱਧ ਕਰੇ। ‘ਤੋ ਤਵ ਰੋਗ ਬਡੋ ਪਰਹਰਿ ਹੈ’ ਮਤਲਬ, ਤਾ ਤੇਰਾ ਵੱਡਾ ਰੋਗ ਦੂਰ ਹੋ ਜਾਵੇਗਾ।
ਮੂੜ ਬਾਤ ਇਹ ਕਛੂ ਨ ਜਾਨੀ॥ ਦੇਹ ਅਰੋਗ ਸਰੋਗ ਪਛਾਨੀ॥ ਆਪੁ ਮੰਗਾਇ ਮਦ੍ਰਯ ਤਬ ਪਿਯੋ॥ ਜਾਰ ਸਹਿਤ ਅਬਲਾ ਕੋ ਦਿਯੋ॥੯॥ – ਮੂਰਖ ਵਿਅਕਤੀ ਕੁਝ ਸਮਝ ਨਾ ਆਈ। ਉਹ ਆਪਣੇ ਆਪ ਨੂੰ ਬਿਮਾਰ ਹੀ ਸਮਝਦਾ ਹੈ। ਪਹਿਲਾਂ ਆਪਣੇ ਲਈ ਸੁੱਤ ਜਾਂ ਸ਼ਰਾਬ ਮੰਗਾਉਂਦਾ ਹੈ ਤੇ ਫਿਰ ਪੀ ਲੈਂਦਾ ਹੈ। ਜਾਰ (ਪਰਾਏ ਮਰਦ) ਨੂੰ ਆਪਣੀ ਇਸਤਰੀ ਦੇ ਦਿੰਦਾ ਹੈ। ਮੂਰਖ ਭਾਟ ਨੂੰ ਕੁਝ ਸਮਝ ਨਾ ਆਈ; ਉਸਨੇ ਆਪਣੇ ਆਪ ਵੀ ਮਦਰਾ ਪੀਤੀ ਅਤੇ ਔਰਤ ਨੂੰ ਵੀ ਜਾਰ ਸਮੇਤ ਪਿਲਾ ਦਿੱਤੀ।
ਨਿਜੁ ਕਰ ਮੈ ਤਿਯ ਜਾਰ ਪਿਵਾਯੋ॥ ਬਪੁ ਔਧੋ ਤਰ ਖਾਟ ਬੰਧਾਯੋ॥ ਆਖੈ ਦੋਊ ਮੂੰਦਿ ਕਰ ਲਈ॥ ਜਾਰ ਤ੍ਰਿਯਾ ਆਰੂੜਿਤ ਭਈ॥੧੦॥ – ਭਾਟ ਨੇ ਆਪਣੀ ਪਤਨੀ ਨੂੰ ਜਾਰ ਦੇ ਹੱਥੀਂ ਮਦਰਾ ਪਿਲਾਈ, ਖੁਦ ਖਾਟ ਨਾਲ ਉਲਟਾ ਬੰਨ੍ਹ ਗਿਆ, ਦੋਵੇਂ ਅੱਖਾਂ ਮੂੰਦ ਲਈਆਂ ਅਤੇ ਜਾਰ ਉਸ ਔਰਤ ਨਾਲ ਮਿਲਾਪ ਕਰਨ ਲੱਗਾ।
ਭਾਟ ਪਰਿਯੋ ਤਰ ਕਬਿਤ ਉਚਾਰੈ॥ ਭੇਦ ਅਭੇਦ ਕਛੂ ਨ ਬਿਚਾਰੈ॥ ਵਹੈ ਤੰਤ੍ਰ ਜੌ ਬੈਦ ਬਨਾਯੋ॥ ਤਾ ਤੇ ਦੇਵ ਹਮਾਰੈ ਆਯੋ॥੧੧॥ – ਭਾਟ ਖਾਟ ਉੱਤੇ ਤੁਲਟਾ ਲੇਟਿਆ ਕਵਿਤਾਵਾਂ ਬੋਲਦਾ ਰਿਹਾ, ਕੁਝ ਸਮਝ ਨਾ ਸਕਿਆ, ਅਤੇ ਵੈਦ ਦਾ ਬਣਾਇਆ ਧੋਖੇਬਾਜ਼ ਤੰਤ੍ਰ ਚੱਲ ਪਿਆ ਜਿਸ ਨਾਲ ਉਹਨਾਂ ਨੇ ਆਪਣਾ ਮਨਚਾਹਾ ਕੰਮ ਕਰ ਲਿਆ।
ਭੋਗੁ ਜਾਰ ਅਬਲਾ ਸੌ ਕਿਯੋ॥ ਭਾਤਿ ਭਾਤਿ ਤਾ ਕੋ ਸੁਖ ਦਿਯੋ॥ ਉਛਲ ਉਛਲ ਰਤਿ ਅਧਿਕ ਕਮਾਈ॥ ਮੂਰਖ ਭਾਟ ਬਾਤ ਨਹਿ ਪਾਈ॥੧੨॥ – ਜਾਰ ਨੇ ਉਸ ਔਰਤ ਨਾਲ ਹਰ ਤਰ੍ਹਾਂ ਭੋਗ ਕੀਤਾ, ਉਹਨੂੰ ਵੱਖ‑ਵੱਖ ਤਰੀਕਿਆਂ ਨਾਲ ਸੁਖ ਦਿੱਤਾ, ਪਰ ਮੂਰਖ ਭਾਟ ਨੂੰ ਕੁਝ ਵੀ ਪਤਾ ਨਾ ਲੱਗਿਆ।
ਦੋਹਰਾ॥ ਉਤਰਿ ਖਾਟਿ ਤੇ ਖੋਲਿ ਦ੍ਰਿਗ ਦਿਯੇ ਨ ਕੀਨੋ ਸੋਗੁ॥ ਭਾਟ ਪਛਾਨ੍ਯੋ ਸਾਚੁ ਜਿਯ ਅਬ ਮੈ ਭਯੋ ਅਰੋਗ॥੧੩॥ – ਖਾਟ ਤੋਂ ਉਤਰ ਕੇ ਅੱਖਾਂ ਖੋਲ੍ਹੀਆਂ, ਨਸ਼ੇ ਵਿੱਚ ਬੇਸੁੱਧ ਹੋਣ ਕਾਰਣ ਉਸਨੂੰ ਕੁਝ ਪਤਾ ਨਾ ਲੱਗਿਆ, ਉਸਨੇ ਕੋਈ ਦੁੱਖ ਨਾ ਕੀਤਾ। ਭਾਟ ਨੇ ਮੰਨ ਲਿਆ ਕਿ ਹੁਣ ਉਹ ਸੱਚਮੁੱਚ ਰੋਗ ਤੋਂ ਠੀਕ ਹੋ ਗਿਆ ਹੈ।
ਬਾਧਿ ਖਾਟ ਤਰ ਭਾਟ ਕੌ ਤਾ ਕਰ ਤੇ ਮਦ ਪੀਯ॥ ਰਤਿ ਮਾਨੀ ਤ੍ਰਿਯ ਜਾਰ ਸੌ ਭੇਦ ਨ ਪਾਯੋ ਪੀਯ॥੧੪॥ – ਭਾਟ ਖਾਟ ਨਾਲ ਬੰਨ੍ਹਿਆ ਮਦਰਾ ਪੀ ਕੇ ਪਿਆ ਰਿਹਾ, ਜਦਕਿ ਉਸਦੀ ਪਤਨੀ ਨੇ ਜਾਰ ਨਾਲ ਭੋਗ ਕੀਤਾ ਅਤੇ ਮੂਰਖ ਭਾਟ ਨੂੰ ਇਸ ਧੋਖੇ ਦੀ ਕੋਈ ਖ਼ਬਰ ਨਾ ਹੋਈ।
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਹਤਰਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥੧੭੨॥੩੩੮੧॥ – ਇਸ ਨਾਲ ਇਹ ਚਰਿਤ੍ਰ ਖਤਮ ਹੁੰਦਾ ਹੈ – ਮੰਤਰੀ ਤੇ ਰਾਜੇ ਦੇ ਸੰਬਾਦ ਵਿੱਚ ਦਰਸਾਇਆ ਗਿਆ 172ਵਾਂ ਤ੍ਰਿਯਾ ਚਰਿਤ੍ਰ ਸਮਾਪਤ ਹੋਇਆ।
ਇਸ ਚਰਿਤ੍ਰ ਦਾ ਨੈਤਿਕ ਸਾਰ
ਇਹ ਕਹਾਣੀ ਦਿਖਾਉਂਦੀ ਹੈ ਕਿ ਕਿਵੇਂ ਧੋਖਾ, ਨਸ਼ਾ ਅਤੇ ਮੋਹ ਮਨੁੱਖ ਨੂੰ ਅੰਨ੍ਹਾ ਕਰ ਦਿੰਦੇ ਹਨ। ਭਾਟ ਨੂੰ ਮਦਰਾ ਪਿਲਾ ਕੇ ਉਸਦੀ ਸਮਝ ਖੋਹ ਲਈ ਗਈ, ਅਤੇ ਉਸਦੀ ਅਗਿਆਨਤਾ ਦਾ ਫਾਇਦਾ ਚੁੱਕ ਕੇ ਜਾਰ ਤੇ ਔਰਤ ਨੇ ਆਪਣੀ ਕਾਮਨਾ ਪੂਰੀ ਕੀਤੀ। ਧੋਖੇ ਦੀ ਜੜ੍ਹ ‘ਭਰੋਸੇ’ ਦਾ ਗਲਤ ਫਾਇਦਾ ਚੁੱਕਣਾ ਹੈ। ਜਿੱਥੇ ਮਨੁੱਖ ਸੱਚ ਤੇ ਝੂਠ ਦੀ ਪਰਖ ਗੁਆ ਬੈਠਦਾ ਹੈ। ਇਹ ਚਰਿਤ੍ਰ ਸਿਖਾਉਂਦਾ ਹੈ ਕਿ ਨਸ਼ਾ, ਮੋਹ ਅਤੇ ਅੰਧ-ਭਰੋਸਾ ਮਨੁੱਖ ਨੂੰ ਸਭ ਤੋਂ ਵੱਡੇ ਪਤਨ ਵੱਲ ਲੈ ਜਾਂਦੇ ਹਨ। ਗੁਰਬਾਣੀ ਦਾ ਫੁਰਮਾਨ ਹੈ “ਬਾਬਾ ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥” – ਹਰੇਕ ਉਹ ਵਸਤੂ ਜਿਸ ਨੂੰ ਖਾ ਕੇ ਆਸ ਪਾਸ ਕੀ ਹੁੰਦਾ ਪਤਾ ਨਾ ਲੱਗੇ। ਆਪਣੇ ਸਰੀਰ ਆਪਣੀ ਕਾਇਆ ਆਪਣੇ ਹਾਲਾਤ ਆਪਣੇ ਵੱਸ ਵਿੱਚ ਨਾ ਰਹਿਣ ਉਸ ਨਾਲ ਖੁਆਰੀ ਹੀ ਹੁੰਦੀ ਹੈ। ਇਸੇ ਲਈ ਗੁਰਬਾਣੀ ਨਸ਼ੇ ਤੋਂ ਰੋਕਦੀ ਹੈ। ਕਾਮ ਮਨੁੱਖ ਤੋਂ ਗਲਤ ਕੰਮ ਵੀ ਕਰਵਾਉਂਦਾ ਹੈ। ਭਾਟ ਦੀ ਪਤਨੀ ਤੇ ਕਾਮ ਭਾਰੂ ਹੋ ਗਿਆ। ਗੈਰ ਮਰਦ ਨਾਲ ਭੋਗ ਕੀਤਾ ਤੇ ਆਪਣੇ ਪਤੀ ਨੂੰ ਵੀ ਧੋਖਾ ਦਿੱਤਾ। ਚਰਿੱਤਰ ਕੇਵਲ ਇਸਤ੍ਰੀ ਦੇ ਹੀ ਨਹੀਂ ਪੁਰਖ ਦੇ ਵੀ ਦੱਸੇ ਹਨ ਚਰਿਤ੍ਰੋਪਖ੍ਯਾਨ ਵਿੱਚ। ਇਹ ਸਿੱਖਾਂ ਨੂੰ ਆਗਾਹ ਕਰਦੇ ਹਨ ਕੇ ਕਾਮ, ਨਸ਼ਾ ਤੇ ਅਗਿਆਨਤਾ ਕਿਵੇਂ ਮਨੁੱਖ ਨੂੰ ਬੇਗੈਰਤ ਬਣਾ ਦਿੰਦੇ ਹਨ। ਸਿੱਖ ਨੇ ਨਾ ਧੋਖਾ ਕਰਨਾ ਹੈ, ਨਾ ਵੇਖਣਾ ਹੈ ਨਾ ਕਿਸੇ ਨਾਲ ਹੋਣ ਦੇਣਾ ਹੈ।
ਚਰਿੱਤਰ ਬਣਦਾ ਹੈ ਗੁਣਾਂ ਦੇ ਨਾਲ। ਗੁਣ ਹਾਸਲ ਹੁੰਦੇ ਹਨ ਮਨੁੱਖ ਦੇ ਹਾਲਾਤ, ਉਸਦੀ ਸੰਗਤ, ਉਸਦੇ ਨਿੱਜੀ ਤਜਰਬਿਆਂ ਨਾਲ, ਉਸਦੇ ਗਿਆਨ ਨਾਲ।
ਗੁਣਾਂ ਦੀ ਮਤਿ ਹੈ ਗੁਰਮਤਿ। ਗੁਣਾਂ ਦੇ ਗਿਆਨ ਨਾਲ ਚਰਿੱਤਰ ਸਵਾਰਿਆ ਜਾਂਦਾ ਹੈ। ਜਿਵੇਂ ਗੁਰਬਾਣੀ ਆਖਦੀ ਹੈ ਕੇ “ਬਿਨੁ ਦੇਖੇ ਉਪਜੈ ਨਹੀ ਆਸਾ ॥” ਜਦੋਂ ਅਗਿਆਨਤਾ ਹੋ ਜਾਵੇ ਆਸ ਜਾਗ ਜਾਵੇ ਉਸਨੂੰ ਕਾਬੂ ਕਰਨ ਦਾ ਮਾਰਗ ਹੈ ਗਿਆਨ। ਚਰਿੱਤਰ ਦੁਆਰਾ ਪਾਤਿਸ਼ਾਹ ਨੇ ਸਪਸ਼ਟ ਕੀਤਾ ਹੈ, ਸਮਝਾਇਆ ਹੈ ਕੇ ਵੇਖੋ ਭਾਈ ਇਹ ਸਬ ਤੁਹਾਡੇ ਨਾਲ ਵੀ ਹੋ ਸਕਦਾ ਹੈ। ਧਿਆਨ ਰਹੇ। ਬਚ ਕੇ ਰਹੋ।
ਆਪਣਾ ਚਰਿੱਤਰ ਦੇਖਣ ਲਈ ਕੋਈ ਸ਼ੀਸ਼ਾ ਨਹੀਂ ਹੁੰਦਾ। ਤੁਸੀਂ ਕੀ ਕਰਦੇ ਹੋਂ ਕਿਵੇਂ ਸੋਚਦੇ ਹੋਂ ਜਦੋਂ ਕੋਈ ਦੇਖ ਨਹੀਂ ਰਹਿਆ ਹੁੰਦਾ ਉਸ ਨਾਲ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਤੁਹਾਡੇ ਅੰਦਰ ਕੀ ਹੈ, ਤੁਸੀਂ ਗੱਲ ਕਿਤਨੀ ਸਪਸ਼ਟ ਕਰਦੇਵਹੋਂ, ਝੂਠ ਤਾਂ ਨਹੀਂ ਬੋਲਦੇ, ਪ੍ਰਧਾਨਗੀ ਦੀ, ਮਸ਼ਹੂਰ ਹੋਣ ਦੀ ਕਿਤਨੀ ਲਾਲਸਾ ਹੈ ਇਸ ਨਾਲ ਵੀ ਤੁਹਾਡਾ ਚਰਿੱਤਰ ਪਤਾ ਲਗਦਾ ਹੈ। ਇਮਾਨਦਾਰੀ, ਨਿਰਪੱਖਦਾ, ਕਿਰਦਾਰ ਤੇ ਚਰਿੱਤਰ ਦੀ ਨੀਂਹ ਹੁੰਦੀ ਹੈ। ਆਚਰਣ ਕੇਵਲ ਬਾਹਰੀ ਦਿਖਾਵਾ ਹੁੰਦਾ ਹੈ ਸੋਝੀ ਤੁਹਾਡੀ ਕਾਇਆ ਦਾ ਪ੍ਰਤਿਬਿੰਬ।
